ਪੰਜਾਬ ਦੇ ਲੋਕ ਅੰਬਾਨੀ ਦੇ ‘ਜੀਓ` ਨੂੰ ਅਲਵਿਦਾ ਕਹਿਣ ਲੱਗੇ

ਚੰਡੀਗੜ੍ਹ: ਪੰਜਾਬੀ ਲੋਕ ਆਪਣੇ ਘਰਾਂ ‘ਚੋਂ ਅੰਬਾਨੀ ਦੇ ‘ਜੀਓ‘ ਨੂੰ ਅਲਵਿਦਾ ਆਖਣ ਲੱਗੇ ਹਨ। ਕਿਸਾਨ ਧਿਰਾਂ ਦੀ ਅੰਬਾਨੀ ਦੇ ਜੀਓ ਮੋਬਾਈਲ ਦੇ ਬਾਈਕਾਟ ਦੀ ਅਪੀਲ ਨੂੰ ਪੰਜਾਬ ਨੇ ਸਿਰ ਮੱਥੇ ਕਬੂਲ ਕੀਤਾ ਹੈ। ਜੀਓ ਮੋਬਾਈਲ ਨੇ ਪੰਜਾਬੀ ਘਰਾਂ ‘ਚ ਏਨੀ ਘੁਸਪੈਠ ਕਰ ਲਈ ਸੀ ਕਿ ਪੰਜਾਬ ਦੇ ਹਰ ਘਰ ‘ਚ ਜੀਓ ਦੇ ਔਸਤਨ ਦੋ ਮੋਬਾਈਲ ਸਨ। ਤੱਥ ਉਭਰੇ ਹਨ ਕਿ ਪੰਜਾਬੀ ਹੁਣ ਜੀਓ ਦੇ ਸਿਮ ਚਲਾਉਣ ਤੋਂ ਪਾਸਾ ਵੱਟਣ ਲੱਗੇ ਹਨ।

ਰਿਲਾਇੰਸ ਜੀਓ ਨੇ ਟੈਲੀਕਾਮ ਅਥਾਰਿਟੀ ਕੋਲ ਸ਼ਿਕਾਇਤ ਦਰਜ ਕਰਾਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੇ 3 ਦਸੰਬਰ, 2020 ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਸਤੰਬਰ ਮਹੀਨੇ ਕੁੱਲ 3.88 ਕਰੋੜ ਮੋਬਾਈਲ ਕੁਨੈਕਸ਼ਨ ਸਨ, ਭਾਵ ਪੰਜਾਬ ਦੇ ਹਰ ਘਰ ‘ਚ ਔਸਤਨ 7 ਕੁਨੈਕਸ਼ਨ ਸਨ। ਇਨ੍ਹਾਂ ਕੁਨੈਕਸ਼ਨਾਂ ‘ਚੋਂ 1.39 ਕਰੋੜ (35.99 ਫੀਸਦੀ) ਜੀਓ ਦੇ ਹਨ। ਦੇਖਿਆ ਜਾਵੇ ਤਾਂ ਪੰਜਾਬ ‘ਚ ਜੰਮਦੇ ਬੱਚੇ ਦੇ ਹਿੱਸੇ ਵੀ ਇਕ ਮੋਬਾਈਲ ਕੁਨੈਕਸ਼ਨ ਆਉਂਦਾ ਹੈ। ਜੀਓ ਦੀ ਸ਼ੁਰੂਆਤੀ ਮੁਫਤ ਆਫਰ ਦੇ ਲਾਲਚ ‘ਚ ਪੰਜਾਬੀ ਸਭ ਤੋਂ ਵੱਧ ਫਸੇ। ‘ਦਿੱਲੀ ਮੋਰਚੇ‘ ਵਿਚ ਕਿਸਾਨ ਧਿਰਾਂ ਨੇ ਇਨ੍ਹਾਂ ਘਰਾਣਿਆਂ ਦੇ ਉਤਪਾਦਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਟੈਲੀਕਾਮ ਅਥਾਰਿਟੀ ਦੇ ਤੱਥਾਂ ਅਨੁਸਾਰ ਰਿਲਾਇੰਸ ਜੀਓ ਦੇ ਚਾਲੂ ਕੁਨੈਕਸ਼ਨਾਂ ਦੀ ਦਰ ਵੀ ਘਟਣ ਲੱਗੀ ਹੈ। ਪੰਜਾਬ ‘ਚ ਚਾਲੂ ਵਰ੍ਹੇ ਦੇ ਸਤੰਬਰ ਮਹੀਨੇ ‘ਚ ਜੀਓ ਦੇ ਡੈੱਡ ਕੁਨੈਕਸ਼ਨਾਂ ਦੀ ਦਰ 33.44 ਫੀਸਦੀ ਹੋ ਗਈ ਹੈ, ਜੋ ਜਨਵਰੀ 2019 ਵਿਚ 20.16 ਫੀਸਦੀ ਸੀ।
ਰਿਲਾਇੰਸ ਜੀਓ ਦੇ ਪੰਜਾਬ ਵਿਚਲੇ 1.39 ਕਰੋੜ ਕੁਨੈਕਸ਼ਨਾਂ ਵਿਚੋਂ ਸਿਰਫ 66.56 ਫੀਸਦੀ ਕੁਨੈਕਸ਼ਨ ਹੀ ਵਰਤੋਂ ਵਿਚ ਹਨ ਜਦਕਿ ਦੇਸ਼ ਭਰ ਵਿਚ ਜੀਓ ਦੇ 78.76 ਫੀਸਦੀ ਕੁਨੈਕਸ਼ਨ ਐਕਟਿਵ ਹਨ। ਪੰਜਾਬ ਵਿਚ ਏਅਰਟੈੱਲ ਕੰਪਨੀ ਦੇ 97.78 ਫੀਸਦੀ, ਆਈਡੀਆ ਦੇ 88.93 ਫੀਸਦੀ ਅਤੇ ਬੀ.ਐਸ.ਐਨ.ਐਲ. ਦੇ 39.24 ਫੀਸਦੀ ਕੁਨੈਕਸ਼ਨ ਐਕਟਿਵ ਹਨ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਆਖਦੇ ਹਨ ਕਿ ਕਿਸਾਨ ਧਿਰਾਂ ਦੀ ਅੰਬਾਨੀ ਅਡਾਨੀ ਦੇ ਬਾਈਕਾਟ ਦੀ ਅਪੀਲ ਨੂੰ ਸਭ ਤੋਂ ਵੱਧ ਬੂਰ ਪੰਜਾਬ ‘ਚ ਪਿਆ ਹੈ।
ਪੰਜਾਬ ਵਿਚ ਇਕੱਲੇ ਸਤੰਬਰ ਮਹੀਨੇ ਸਿਮ ਇਕ ਕੰਪਨੀ ਤੋਂ ਦੂਸਰੀ ਕੰਪਨੀ ਵਿਚ ਤਬਦੀਲ ਕਰਾਉਣ ਲਈ 10 ਹਜ਼ਾਰ ਦਰਖਾਸਤਾਂ ਕੰਪਨੀਆਂ ਕੋਲ ਪੁੱਜੀਆਂ ਹਨ, ਜਿਸ ‘ਚ ਜੀਓ ਵੀ ਸ਼ਾਮਲ ਹੈ। ਰਿਲਾਇੰਸ ਜੀਓ ਨੇ ਟੈਲੀਕਾਮ ਅਥਾਰਿਟੀ ਨੂੰ ਲਿਖੀ ਸ਼ਿਕਾਇਤ ਵਿਚ ਆਖਿਆ ਹੈ ਕਿ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਵੱਲੋਂ ਖਪਤਕਾਰਾਂ ਵਿਚ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਕੰਪਨੀਆਂ ਨੇ ਰਿਲਾਇੰਸ ਜੀਓ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਪੱਖ ਜਾਣਨ ਲਈ ਰਿਲਾਇੰਸ ਜੀਓ ਦੇ ਪੰਜਾਬ ਦੇ ਮੁੱਖ ਕਾਰਜਕਾਰੀ ਅਫਸਰ ਨਾਲ ਸੰਪਰਕ ਕੀਤਾ, ਜਿਨ੍ਹਾਂ ਫੋਨ ਨਹੀਂ ਚੁੱਕਿਆ।
ਦੇਸ਼ ਭਰ ‘ਚ ਰਿਲਾਇੰਸ ਜੀਓ ਨੇ ਚੰਗੀ ਕਮਾਈ ਕੀਤੀ ਹੈ ਅਤੇ ਇਸ ਵੇਲੇ ਮੋਬਾਈਲ ਕੁਨੈਕਸ਼ਨ ਕਾਰੋਬਾਰ ‘ਚ ਦੇਸ਼ ਭਰ ਵਿਚ ਸਭ ਤੋਂ ਵੱਧ ਮਾਰਕੀਟ ਸ਼ੇਅਰ 35.19 ਫੀਸਦੀ ਰਿਲਾਇੰਸ ਜੀਓ ਦਾ ਹੈ, ਜੋ ਨਵੰਬਰ 2016 ਵਿੱਚ ਸਿਰਫ 4.72 ਫੀਸਦੀ ਸੀ। ਇਸੇ ਤਰ੍ਹਾਂ ਮੁਲਕ ‘ਚ ਵੋਡਾਫੋਨ ਦਾ 25.73 ਫੀਸਦੀ, ਏਅਰਟੈੱਲ ਦਾ 28.44 ਫੀਸਦੀ ਅਤੇ ਬੀ.ਐਸ.ਐਨ.ਐਲ. ਦਾ 10.36 ਫੀਸਦੀ ਮਾਰਕੀਟ ਸ਼ੇਅਰ ਹੈ। ਭਾਵੇਂ ਪੰਜਾਬ ‘ਚ ਹੁਣ ਤਕ ਰਿਲਾਇੰਸ ਜੀਓ ਦੀ ਚਾਂਦੀ ਰਹੀ ਹੈ ਪਰ ਹੁਣ ਬਾਈਕਾਟ ਦਾ ਸੱਦਾ ਜੀਓ ਨੂੰ ਮਹਿੰਗਾ ਪਵੇਗਾ।
________________________________________
ਅਡਾਨੀ ਗਰੁੱਪ ਵੱਲੋਂ ਭੰਡੀ ਪ੍ਰਚਾਰ ਖਿਲਾਫ ਇਸ਼ਤਿਹਾਰ
ਨਵੀਂ ਦਿੱਲੀ: ਕਿਸਾਨ ਅੰਦੋਲਨ ਦੌਰਾਨ ਹੋ ਰਹੀ ਭੰਡੀ ਤੋਂ ਪਰੇਸ਼ਾਨ ਅਡਾਨੀ ਗਰੁੱਪ ਨੇ ਆਪਣੀ ਸਾਖ ਬਚਾਉਣ ਤੇ ਆਪਣਾ ਪੱਖ ਰੱਖਣ ਦੇ ਇਰਾਦੇ ਨਾਲ ਉੱਤਰੀ ਭਾਰਤ ਤੇ ਖਾਸ ਕਰਕੇ ਪੰਜਾਬ ਨਾਲ ਸਬੰਧਤ ਕਈ ਅਖਬਾਰਾਂ ‘ਚ ਇਸ਼ਤਿਹਾਰਾਂ ਦੀ ਲੜੀ ਲਾ ਦਿੱਤੀ ਹੈ। ਪੂਰੇ ਸਫੇ ਦੇ ਇਨ੍ਹਾਂ ਇਸ਼ਤਿਹਾਰਾਂ ‘ਚ ਗਰੁੱਪ ਨੇ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਕੰਪਨੀ ਨੂੰ ਸੌੜੇ ਹਿੱਤਾਂ ਲਈ ਬਦਨਾਮ ਕੀਤੇ ਜਾਣ ਨੂੰ ਮੰਦਭਾਗਾ ਦੱਸਿਆ ਹੈ। ਗਰੁੱਪ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਸੂਚਨਾ ਦੇ ਅਧਾਰ ‘ਤੇ ਚਲਾਈ ਮੁਹਿੰਮ ਖਿਲਾਫ ਆਵਾਜ਼ ਉਠਾਉਣ।