ਪੰਜਾਬ ਦਾ ਬਦਲਦਾ ਮੁਹਾਂਦਰਾ

ਪੰਜਾਬ ਦੇ ਕਿਸਾਨ ਅੰਦੋਲਨ ਨਾਲ ਪੰਜਾਬੀਆਂ ਦੀ ਚੇਤਨਾ ਨੇ ਵੱਡਾ ਅਤੇ ਇਤਿਹਾਸਕ ਮੋੜ ਕੱਟਿਆ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਅੰਦੋਲਨ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉਤੇ ਅਸਰ ਪਾਵੇਗਾ। ਇਨ੍ਹਾਂ ਅਸਰਾਂ ਬਾਰੇ ਚਰਚਾ ਜਗਵਿੰਦਰ ਜੋਧਾ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ
ਜਗਵਿੰਦਰ ਜੋਧਾ
ਫੋਨ: +91-94654-64502
ਸਭਿਆਚਾਰਕ ਬਦਲਾਓ ਦੀ ਪ੍ਰਕਿਰਿਆ ਅੰਦਰੂਨੀ ਤੇ ਬਾਹਰੀ ਕਾਰਨਾਂ ਉਪਰ ਨਿਰਭਰ ਕਰਦੀ ਹੈ। ਇਤਿਹਾਸ ਦੇ ਸਮਵਿੱਥ ਸਭਿਆਚਾਰ ਦਾ ਨਿਰੰਤਰ ਵਹਾਅ ਅੰਤਰ-ਸੰਵਾਦ ਵਾਲੀ ਹਾਲਤ ਪੈਦਾ ਕਰਦਾ ਹੈ ਜੋ ਲੋਕਾਂ ਦੇ ਵਿਹਾਰ ਤੇ ਵਿਚਾਰ ਵਿਚ ਤਬਦੀਲੀ ਦਾ ਕਾਰਨ ਬਣਦੀ ਹੈ। ਇਹ ਕਿਰਿਆ ਬਹੁਤ ਧੀਮੀ ਹੁੰਦੀ ਹੈ। ਬਾਹਰੀ ਹਾਲਤਾਂ ਕਿਸੇ ਸਮਾਜ ਸਭਿਆਚਾਰ ਵਾਲੇ ਲੋਕਾਂ ਵਿਚ ਫੌਰੀ ਤੇ ਵੱਡੇ ਬਦਲਾਵਾਂ ਦਾ ਕਾਰਨ ਬਣ ਸਕਦੀਆਂ ਹਨ। ਸੰਸਾਰ ਪੂੰਜੀ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਵਿਕਾਸਸ਼ੀਲ ਖਿੱਤਿਆਂ ਦੇ ਸਭਿਆਚਾਰ ਨੂੰ ਖਪਤ ਤੇ ਬਾਜ਼ਾਰ ਦੀ ਵਿਆਕਰਨ ਅਨੁਸਾਰ ਢਾਲਣ ਦੀ ਕਵਾਇਦ ਜਾਰੀ ਰੱਖੀ ਹੈ। ਜੇ ਸੰਸਾਰੀਕਰਨ ਦਾ ਸਭਿਆਚਾਰਕ ਮੁਹਾਵਰਾ ਇਕ ਪਾਸੇ ‘ਵਰਤੋ ਤੇ ਸੁੱਟੋ’ ਦੇ ਖਪਤਕਾਰੀ ਉਦੇਸ਼ ਨਾਲ ਜੁੜਿਆ ਰਿਹਾ ਤਾਂ ਇਸ ਦਾ ਇਕ ਸਿਰਾ ਉਨ੍ਹਾਂ ਪਛਾਣਾਂ ਨੂੰ ਉਭਾਰਨ ਵੱਲ ਵੀ ਸੇਧਿਤ ਰਿਹਾ ਜੋ ਸਮਾਜ ਵਿਚ ਨਸਲੀ, ਸੰਪਰਦਾਇਕ, ਰਾਜਸੀ ਤੇ ਧਾਰਮਿਕ ਭੇਦਾਂ ਵਜੋਂ ਸਦਾ ਰਹਿੰਦੀਆਂ ਹਨ ਤੇ ਆਧੁਨਿਕਤਾ ਇਨ੍ਹਾਂ ਪਛਾਣਾਂ ਨੂੰ ਮਿਟਾ ਕੇ ਸਮਾਨ ਮਨੁੱਖੀ ਸਮਾਜ ਸਿਰਜਣ ਦਾ ਸੰਦ ਹੈ। ਸਭਿਆਚਾਰ ਵਿਚ ਇਕੋ ਸਮੇਂ ਕੁਝ ਸਮੂਹਾਂ ਦੇ ਗਲਬੇ ਅਤੇ ਕੁਝ ਸਮੂਹਾਂ ਦੇ ਉਸ ਗਲਬੇ ਤੋਂ ਮੁਕਤੀ ਦੀ ਕਸ਼ਮਕਸ਼ ਦਿਖਾਈ ਦਿੰਦੀ ਹੈ। ਪੰਜਾਬੀ ਸਭਿਆਚਾਰ ਦੀ ਹੁਣ ਤਕ ਦੀ ਵਿਆਖਿਆ ਵਿਚ ਇਸ ਦੇ ਧਾਰਮਿਕ, ਸਿਆਸੀ, ਲਿੰਗਕ, ਆਰਥਿਕ ਅਤੇ ਇਤਿਹਾਸਕ ਅਨੁਭਵ ਪਏ ਹਨ। ਜੇ ਇਸ ਦੀ ਇਕ ਸਤਰੀ ਪਰਿਭਾਸ਼ਾ ਦੇਣੀ ਹੋਵੇ ਤਾਂ ਇਸ ਨੂੰ ਜੱਟ, ਸਿੱਖ ਤੇ ਮਰਦਵਾਚੀ ਗਲਬੇ ਦਾ ਸਭਿਆਚਾਰ ਕਿਹਾ ਜਾਵੇਗਾ।
ਕਿਸਾਨ ਅੰਦੋਲਨ ਜਿਸ ਮੁਕਾਮ ਉਪਰ ਹੈ, ਉਥੇ ਪੰਜਾਬ ਦੇ ਸਭਿਆਚਾਰ ਦਾ ਨਵਾਂ ਮੁਹਾਵਰਾ ਤੇ ਮੁਹਾਂਦਰਾ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਵਿਚ ਰਾਜਸੀ, ਲਿੰਗਕ, ਜਾਤੀਵਾਦੀ, ਸੰਪਰਦਾਇਕ ਵਖਰੇਵਿਆਂ ਦੀ ਰਵਾਇਤੀ ਪਰਿਭਾਸ਼ਾ ਜੇ ਟੁੱਟਦੀ ਨਹੀਂ ਤਾਂ ਦੁਬਾਰਾ ਪਰਿਭਾਸ਼ਿਤ ਜ਼ਰੂਰ ਹੋ ਰਹੀ ਹੈ। ਰਾਜਸੀ ਮੁਹਾਜ਼ ’ਤੇ ਪੰਜਾਬੀ ਹੋਂਦ ਨੂੰ ਕੁਝ ਸਾਲ ਪਹਿਲਾਂ ਤਕ ਸਿੱਧੀ ਦੋ ਧਿਰੀ ਤੇ ਪਿਛਲੀ ਵਿਧਾਨ ਸਭਾ ਚੋਣ ਵੇਲੇ ਤਿੰਨ ਧਿਰੀ ਵੰਡ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਰਿਹਾ। ਪਿਛਲੀ ਪੰਥਕ ਸਰਕਾਰ ਨੇ ਰਾਜਨੀਤਕ ਵਖਰੇਵੇਂ ਨੂੰ ਹੇਠਲੇ ਪੱਧਰ ’ਤੇ ਇੰਨੇ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਕਿ ਪਰਿਵਾਰ ਵੀ ਵੰਡੇ ਗਏ। ਇਸ ਅੰਦੋਲਨ ਨੇ ਉਸ ਵੰਡ ਨੂੰ ਨਕਾਰ ਦਿੱਤਾ ਹੈ। ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਚੋਂ ਸ਼ੁਰੂ ਹੋਏ ਅੰਦੋਲਨ ਤੋਂ ਲੈ ਕੇ ਸਿੰਘੂ/ਟਿਕਰੀ ਬਾਰਡਰਾਂ ’ਤੇ ਚਲਦੇ ਧਰਨਿਆਂ ਵਿਚ ਕਿਸਾਨਾਂ ਨੇ ਆਪਣੇ ਆਪ ਨੂੰ ਰਾਜਸੀ ਧਿਰਾਂ ਤੋਂ ਮੁਕਤ ਰੱਖਿਆ। ਰਾਜਸੀ ਆਗੂਆਂ ਨੂੰ ਆਪਣੇ ਮੰਚ ਨਹੀਂ ਦਿੱਤੇ ਗਏ ਤੇ ਉਨ੍ਹਾਂ ਦੇ ਬਿਆਨਾਂ ਵੱਲ ਪਿੱਠ ਕਰ ਲਈ। ਇਹ ਗੱਲ ਦੱਸਦੀ ਹੈ ਕਿ ਪੰਜਾਬੀ ਬੰਦੇ ਨੇ ਰਵਾਇਤੀ ਰਾਜਨੀਤੀ ਪ੍ਰਤੀ ਬੇਭਰੋਸਗੀ ਦਿਖਾਈ ਹੈ। ਇਸ ਅੰਦੋਲਨ ਤੋਂ ਬਾਅਦ ਦੇ ਰਾਜਸੀ ਸਮੀਕਰਨ ਚਾਹੇ ਬਿਲਕੁਲ ਬਦਲਵੇਂ ਨਾ ਹੋਣ ਪਰ ਪਹਿਲਾਂ ਵਾਲੇ ਰਹਿਣ ਦੀ ਸੰਭਾਵਨਾ ਹਰਗਿਜ਼ ਨਹੀਂ ਹੋਵੇਗੀ।
ਪੰਜਾਬੀ ਸਮਾਜ/ਸਭਿਆਚਾਰ ਨੂੰ ਕਿਸਾਨੀ ਆਧਾਰਿਤ ਕਿਹਾ ਜਾਂਦਾ ਰਿਹਾ ਹੈ ਤੇ ਇਸੇ ਗੱਲ ਨੇ ਜ਼ਮੀਨ ਉਪਰ ਕਾਬਜ਼ ਜਾਤੀਵਾਦੀ ਧਿਰਾਂ ਨੂੰ ਸਮਾਜ ਦਾ ਸਭ ਤੋਂ ਅਹਿਮ ਹਿੱਸਾ ਬਣਾ ਕੇ ਪੇਸ਼ ਕੀਤਾ। ਜੱਟ ਦੇ ਹੀ ਪੰਜਾਬੀ ਹੋਣ ਦੀ ਪਰਿਭਾਸ਼ਾ ਨੂੰ ਜੇ ਸਵੀਕਾਰ ਨਹੀਂ ਕੀਤਾ ਗਿਆ ਤਾਂ ਇਸ ਦਾ ਕੋਈ ਵਿਰੋਧ ਵੀ ਨਹੀਂ ਦਿਸਦਾ। ਵੰਡ ਤੋਂ ਪਹਿਲਾਂ ਦੇ ਪੰਜਾਬੀ ਸਮਾਜ ਵਿਚ ਚਾਰ ਦਰਜਨ ਦੇ ਕਰੀਬ ਜਾਤਾਂ ਸਨ ਜੋ ਵੰਡ ਤੋਂ ਬਾਅਦ ਦੋ ਦਰਜਨ ਤੋਂ ਵਧੇਰੇ ਰਹਿ ਗਈਆਂ। ਉਨ੍ਹਾਂ ਵਿਚ ਸ਼ਿਲਪਕਾਰ ਤੇ ਕਾਰੀਗਰ ਜਾਤਾਂ ਵੀ ਪੰਜਾਬੀ ਸਮਾਜ ਵਿਚ ਹਨ ਜਿਨ੍ਹਾਂ ਨੂੰ ਲਗਭਗ ਨਜ਼ਰਅੰਦਾਜ਼ ਕਰ ਕੇ ਜੱਟ ਰਾਹੀਂ ਸਮਾਜਿਕ ਵਿਆਖਿਆ ਹੁੰਦੀ ਰਹੀ। ਇਸ ਅੰਦੋਲਨ ਨਾਲ ਪਿਛਲੇ ਕਈ ਦਹਾਕਿਆਂ ਵਿਚ ਪਹਿਲੀ ਵਾਰ ਜੱਟ ਦੇ ਮੁਤਬਾਦਲ ਕਿਸਾਨ ਆਇਆ ਹੈ। ਇੱਥੋਂ ਤਕ ਕਿ ਪਗੜੀ ਸੰਭਾਲ ਅੰਦੋਲਨ ਵੀ ਜੱਟ ਨੂੰ ਹੀ ਸੰਬੋਧਿਤ ਸੀ ਪਰ ਇਸ ਵਾਰ ਕਿਸਾਨੀ ਦੇ ਅਰਥ ਵਸੀਹ ਹੋਏ ਹਨ। ਸ਼ਾਇਦ ਇਹੀ ਕਾਰਨ ਹੈ ਕਿ ਇਸ ਅੰਦੋਲਨ ਨੂੰ ਸਮਾਜ ਦੇ ਸਾਰੇ ਫਿਰਕਿਆਂ ਵਿਚੋਂ ਹਮਾਇਤ ਮਿਲੀ ਹੈ।
ਖੇਤੀ ਨੂੰ ਮਰਦਾਵਾਂ ਕਿੱਤਾ ਕਹਿ ਕੇ ਮਰਦਾਂ ਦਾ ਵਿਸ਼ੇਸ਼ ਖੇਤਰ ਸਾਬਤ ਕਰਨ ਦੀ ਰੁਚੀ ਪੰਜਾਬੀ ਸਭਿਆਚਾਰ ਦੀ ਭਾਰੂ ਧੁਨੀ ਰਹੀ। ਸਰੀਰਕ ਮੁਸ਼ੱਕਤ ਨਾਲ ਜੋੜ ਕੇ ਖੇਤੀ ਦੀ ਵਿਆਖਿਆ ਕਰਦੇ ਸਮੇਂ ਔਰਤ ਨੂੰ ਉਸ ਦੇ ਫੁਟਕਲ ਸਹਾਇਕ ਵਜੋਂ ਪੇਸ਼ ਕੀਤਾ ਜਾਂਦਾ ਰਿਹਾ। ਇਸ ਲਈ ਜਾਂ ਤਾਂ ਔਰਤਾਂ ਨੂੰ ਸਹਿਯੋਗੀ ਕਿੱਤਿਆਂ ਨਾਲ ਜੋੜ ਕੇ ਦੇਖਿਆ ਜਾਂਦਾ ਸੀ, ਜਾਂ ਫਿਰ ਜੇ ਕਿਤੇ ਕੋਈ ਔਰਤ ਖੇਤੀ ਦਾ ਕੰਮ ਕਰਦੀ ਹੋਵੇ ਤਾਂ ਉਸ ਨੂੰ ਅਚੰਭੇ ਵਾਂਗ ਦਿਖਾਇਆ ਜਾਂਦਾ ਸੀ। ਮੌਜੂਦਾ ਕਿਸਾਨ ਅੰਦੋਲਨ ਨੇ ਇਹ ਧਾਰਨਾ ਵੀ ਤੋੜੀ ਹੈ। ਅੰਦੋਲਨ ਲਈ ਦਿੱਲੀ ਗਏ ਕਿਸਾਨਾਂ ਵਿਚ ਔਰਤਾਂ ਦੀ ਵੱਡੀ ਸ਼ਮੂਲੀਅਤ ਤਾਂ ਸੀ ਹੀ, ਨਾਲ ਹੀ ਪਿੱਛੇ ਰਹਿ ਗਈਆਂ ਔਰਤਾਂ ਨੇ ਖੇਤੀ ਦੇ ਕੰਮ ਸੰਭਾਲ ਲਏ। ਇਸ ਨਾਲ ਖੇਤੀ ਵਿਚ ਔਰਤ ਦੀ ਸਰਗਰਮ ਭਾਗੀਦਾਰੀ ਯਕੀਨਨ ਅਹਿਮ ਹੋਈ ਹੈ। ਆਰਥਿਕ ਤੌਰ ’ਤੇ ਉਤਪਾਦਨੀ ਪ੍ਰਕਿਰਿਆ ਦਾ ਹਿੱਸਾ ਬਣਨ ਨਾਲ ਸਾਧਾਰਨ ਪੇਂਡੂ ਔਰਤ ਵਿਚ ਆਪਣੀ ਅਹਿਮੀਅਤ ਦਾ ਅਹਿਸਾਸ ਵੀ ਵਧੇਗਾ। ਇਸ ਤੋਂ ਵੀ ਅਹਿਮ ਪੱਖ ਅੰਦੋਲਨ ਵਿਚ ਭਵਿੱਖ ਦੀਆਂ ਸੁਆਣੀਆਂ ਦੀ ਭੂਮਿਕਾ ਹੈ।
ਇਸ ਅੰਦੋਲਨ ਨੇ ਪੰਜਾਬ ਦੀਆਂ ਜੁਝਾਰੂ ਧਿਰਾਂ ਨੂੰ ਆਪਣੇ ਬਾਰੇ ਦੁਬਾਰਾ ਸੋਚਣ ਤੇ ਸਾਂਝ ਦੇ ਅਵਸਰ ਵਿਚਾਰਨ ਦਾ ਮੌਕਾ ਦਿੱਤਾ ਹੈ। ਚਿਰਾਂ ਤੋਂ ਅਪ੍ਰਸੰਗਕ ਜਾਪਦੀ ਖੱਬੀ ਰਾਜਨੀਤੀ ਸਹੀ ਮੁੱਦੇ ਨਾਲ ਆਪਣੀ ਜ਼ਮੀਨ ਦੀ ਤਲਾਸ਼ ਕਰ ਰਹੀ ਹੈ। ਖੱਬਿਆਂ ਦੀ ਜਾਣੀ-ਪਛਾਣੀ ਅਸਹਿਮਤੀ ਦੀ ਭਾਵਨਾ ਭਾਵੇਂ ਵਿਵਾਦ ਵਿਚ ਬਦਲਣ ਤੋਂ ਪਿਛਾਂਹ ਨਹੀਂ ਰਹੀ। ਉਤਪਾਦਨੀ ਸਰੋਤਾਂ ਤੇ ਨਿੱਜੀ ਜਾਇਦਾਦ ਦਾ ਵਿਰੋਧ ਕਰਨ ਦੇ ਰਟੇ-ਰਟਾਏ ਸਿਧਾਂਤ ਦੀ ਪੈਰਵੀ ਦੀ ਥਾਂ ਇਸ ਵਾਰ ਖੱਬਿਆਂ ਨੇ ਜ਼ਮੀਨ ਖੁੱਸਣ ਦੇ ਡਰ ਨੂੰ ਅੰਦੋਲਨ ਵਿਚ ਆਪਣੇ ਹਿੱਸੇ ਦੀ ਊਰਜਾ ਬਣਾਇਆ। ਇਹ ਕਹਿਣਾ ਤਾਂ ਜਲਦਬਾਜ਼ੀ ਹੈ ਕਿ ਖੱਬੀਆਂ ਧਿਰਾਂ ਨੂੰ ਇਸ ਅੰਦੋਲਨ ਤੋਂ ਕੋਈ ਰਾਜਸੀ ਲਾਭ ਹੋਵੇਗਾ ਪਰ ਉਨ੍ਹਾਂ ਦੇ ਸਿੱਖਣ ਦੇ ਮੌਕੇ ਜ਼ਰੂਰ ਹਨ। ਉਹ ਇਹ ਕਿ ਪੰਜਾਬ ਵਿਚ ਦਰਾਮਦ ਕੀਤੀ ਖੱਬੀ ਸਿਧਾਂਤਕਾਰੀ ਦੀ ਜਗ੍ਹਾ ਇਥੋਂ ਦੇ ਪ੍ਰਸੰਗ ਅਨੁਸਾਰ ਚੀਜ਼ਾਂ/ਵਰਤਾਰਿਆਂ ਨੂੰ ਸਮਝਣਾ ਹੋਵੇਗਾ, ਨਹੀਂ ਤਾਂ ਖੱਬੇ ਪੱਖ ਦੀ ਰਾਜਨੀਤੀ ਬੰਦ ਕਮਰਿਆਂ ਦੀਆਂ ਬਹਿਸਾਂ ਤੋਂ ਜ਼ਿਆਦਾ ਦੂਰ ਜਾਣ ਦੇ ਮੌਕੇ ਨਹੀਂ ਹੋਣਗੇ। ਦੂਜੀ ਗੱਲ ਕਿਸਾਨ ਨੂੰ ਅ-ਕ੍ਰਾਂਤੀਕਾਰੀ ਤੇ ਜਗੀਰੂ ਕਹਿਣ ਦੀ ਧਾਰਨਾ ਨੂੰ ਫਿਰ ਤੋਂ ਵਿਚਾਰਨ ਦਾ ਸਮਾਂ ਵੀ ਹੈ। ਕਿਸਾਨੀ ਭਾਵੇਂ ਮੂਲ ਰੂਪ ਵਿਚ ਜ਼ਮੀਨ ਦੀ ਮਾਲਕੀ ਦੇ ਮੋਹ ਤੋਂ ਟੁੱਟਦੀ ਨਹੀਂ ਤੇ ਉਸ ਦੇ ਸਰੋਕਾਰ ਵੀ ਜਾਗੀਰਦਾਰੀ ਸਮਾਜ ਵਾਲੇ ਹੀ ਹੁੰਦੇ ਹਨ ਪਰ ਖੱਬੀਆਂ ਧਿਰਾਂ ਨੂੰ ਸੰਵਾਦ ਦੀ ਹਾਲਤ ਵਿਚ ਆਉਣਾ ਪਵੇਗਾ, ਹਿਕਾਰਤ ਨੇ ਪਹਿਲਾਂ ਹੀ ਇਨ੍ਹਾਂ ਨੂੰ ਹਾਸ਼ੀਏ ਉਪਰ ਲਿਜਾ ਸੁੱਟਿਆ ਹੈ। ਪੰਜਾਬੀ ਸਮਾਜ ਦੇ ਕ੍ਰਾਂਤੀਕਾਰੀ ਅੰਸ਼ਾਂ ਦੀ ਤਲਾਸ਼ ਲਈ ਨਵਾਂ ਮੁਹਾਵਰਾ ਵੀ ਇਸ ਅੰਦੋਲਨ ਵਿਚੋਂ ਸਾਹਮਣੇ ਆਉਂਦਾ ਨਜ਼ਰ ਆਇਆ। ਹਰੀ ਸਿੰਘ ਨਲੂਆ, ਬਾਬਾ ਦੀਪ ਸਿੰਘ, ਭਗਤ ਸਿੰਘ, ਚੀ ਗੁਵੇਰਾ, ਲੈਨਿਨ; ਇਹ ਸਭ ਇਕੋ ਸੰਵਾਦ ਦੀਆਂ ਪਰਤਾਂ ਵਜੋਂ ਸੋਸ਼ਲ ਮੀਡੀਆ ’ਤੇ ਵਿਚਰ ਰਹੇ ਵਿਚਾਰ ਬਣੇ।
ਪਾਪੂਲਰ ਅਰਥਾਂ ਵਜੋਂ ਸੰਗੀਤ ਨੂੰ ਵੀ ਸਭਿਆਚਾਰ ਦਾ ਇਕ ਪਸਾਰ ਮੰਨਿਆ ਜਾਂਦਾ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੰਗੀਤ ਦਾ ਜੋ ਸਰੂਪ ਸੀ, ਉਸ ਨੂੰ ਕੁਝ ਲੋਕ ਭਾਵੇਂ ਅਸ਼ਲੀਲ ਜਾਂ ਅਸਮਾਜਿਕ ਵਰਗ ਵਿਚ ਰੱਖ ਕੇ ਦੇਖਦੇ ਰਹੇ; ਨਸ਼ਿਆਂ, ਸੈਕਸ, ਹਿੰਸਾ ਤੇ ਔਰਤ-ਵਿਰੋਧੀ ਵਿਚਾਰਾਂ ਦਾ ਮਾਧਿਅਮ ਕਹਿੰਦੇ ਰਹੇ ਪਰ ਉਹ ਨੌਜਵਾਨ ਪੀੜ੍ਹੀ ਵਿਚ ਇੰਨਾ ਮਕਬੂਲ ਸੀ ਕਿ ਇੰਡਸਟਰੀ ਬਣ ਚੁੱਕਿਆ ਹੈ। ਇਸ ਦਾ ਤਰਕ ਇਹ ਵੀ ਹੈ ਕਿ ਸੰਗੀਤ ਸਮਾਜਿਕ ਪਰ-ਉਸਾਰ ਦੀ ਇਕ ਪਰਤ ਹੈ। ਜੋ ਵਿਚਾਰ ਸਮਾਜ ਵਿਚ ਭਾਰੂ ਹੁੰਦੇ ਹੋਣਗੇ ਤੇ ਸਮਾਜ ਦੀ ਸਥਾਪਤ ਧਿਰ ਦੇ ਹੱਕ ਵਿਚ ਭੁਗਤਦੇ ਹੋਣਗੇ, ਉਹੀ ਵਿਚਾਰ ਮੰਡੀ ਵਿਚ ਵਿਕਣਯੋਗ ਵੀ ਹੋਣਗੇ। ਕਿਸਾਨ ਅੰਦੋਲਨ ਨੇ ਦੋ ਕੰਮ ਕੀਤੇ। ਇਕ ਤਾਂ ਸਾਰੇ ਕਲਾਕਾਰ ਨੈਤਿਕ ਫਰਜ਼ ਵਾਂਗ ਧਰਨੇ ਵਿਚ ਸ਼ਾਮਲ ਹੋਏ, ਦੂਜਾ ਸਾਡੇ ਸੰਗੀਤ ਦੇ ਮੁਹਾਵਰੇ ਵਿਚ ਬਦਲਾਓ ਵੀ ਦੇਖਣ ਨੂੰ ਮਿਲਿਆ, ਚਾਹੇ ਉਹ ਵਕਤੀ ਹੀ ਹੋਵੇ। ਬਹੁਤ ਸਾਰਾ ਸੰਗੀਤ ਐਸਾ ਆਇਆ ਜਿਸ ਵਿਚ ਕਿਸਾਨੀ ਦੀ ਬੁਰੀ ਦਸ਼ਾ ਤੋਂ ਲੈ ਕੇ ਦਿੱਲੀ ਨਾਲ ਟੱਕਰ, ਹੱਕਾਂ ਨੂੰ ਖੋਹਣ ਦੀ ਲਲਕ ਤੇ ਜ਼ੁਲਮਾਂ ਦੇ ਟਾਕਰੇ ਦੀ ਸੁਰ ਭਾਰੂ ਸੀ। ਪਹਿਲਾਂ ਵਾਲਾ ਅਸਲੇ ਵਾਲਾ ਵੈਲੀ ਜੱਟ ਇਕਦਮ ਹੱਕਾਂ ਲਈ ਲੜਾਕੂ ਕਿਸਾਨ ਬਣ ਕੇ ਸਾਹਮਣੇ ਆਇਆ। ਗੀਤ-ਸੰਗੀਤ ਵਿਚ ਇਹ ਬਦਲਾਓ ਇਸ ਅੰਦੋਲਨ ਦੀ ਸਭਿਆਚਾਰਕ ਦੇਣ ਮੰਨੀ ਜਾਵੇਗੀ।
ਕਿਸਾਨ ਅੰਦੋਲਨ ਨੇ ਬੁੱਧੀਜੀਵੀ ਕਹੇ ਜਾਣ ਵਾਲੇ ਵਰਗ ਨੂੰ ਵਿਚਾਰ ਲਈ ਨਵੇਂ ਮੁੱਦੇ ਦਿੱਤੇ। ਹੁਣ ਤਕ ਸੈਮੀਨਾਰੀ ਬਹਿਸਾਂ ਵਿਚੋਂ ਇਨਕਲਾਬ ਲੱਭਦਾ ਬੁੱਧੀਜੀਵੀ ਕਿਸਾਨ ਨਾਲ ਸੜਕ ਉਪਰ ਖੜ੍ਹਾ ਹੈ। ਬਾਕੀ ਸਾਹਿਤਕ ਰੂਪਾਕਾਰ ਬਾਅਦ ਵਿਚ ਵਿਚਾਰੇ ਜਾਣਗੇ ਪਰ ਕਵਿਤਾ ਫੌਰੀ ਪ੍ਰਤੀਕਰਮ ਲੈ ਕੇ ਹਾਜ਼ਰ ਹੋਈ ਹੈ। ਸਥਾਪਤ ਕਵੀਆਂ ਤੋਂ ਲੈ ਕੇ ਨਵੀਆਂ ਕਲਮਾਂ ਤਕ ਸਭ ਨੇ ਆਪਣੀ ਕਵਿਤਾ ਵਿਚ ਕਿਸਾਨ ਅੰਦੋਲਨ ਨੂੰ ਵਿਸ਼ਾ ਬਣਾਇਆ। ਇਕਹਿਰੇ ਰਾਸ਼ਟਰਵਾਦ ਦਾ ਅਸ਼ਵਮੇਧ ਯੱਗ ਰੋਕਣ ਲਈ ਪੰਜਾਬੀ ਵਿਚਾਰ ਖੇਤ, ਦੁਕਾਨ, ਸੱਥ ਤੇ ਕਵਿਤਾ, ਹਰ ਮੰਚ ਉਪਰ ਸਰਗਰਮ ਨਜ਼ਰ ਆਏ ਹਨ। ਚਿਰਾਂ ਤੋਂ ਸਿਥਲ ਹੋਈ ਕਾਵਿ-ਚੇਤਨਾ ਨੂੰ ਹੁਲਾਰਾ ਮਿਲਿਆ ਤੇ ਨਵੀਂ ਵਿਸ਼ਾ ਸਮੱਗਰੀ ਵੀ। ਪੰਜਾਬੀ ਕਵੀ ਕਿਰਤ ਦੇ ਮਾਣ ਤੋਂ ਲੈ ਕੇ ਕਿਰਤ ਦੀ ਲੁੱਟ, ਇਤਿਹਾਸ ਦੇ ਵਿਸ਼ਲੇਸ਼ਣ ਤੇ ਲੜਨ-ਮਰਨ ਦੇ ਜਜ਼ਬੇ ਦਾ ਪ੍ਰਸਾਰਕ ਬਣਿਆ ਹੈ। ਇਹ ਜਜ਼ਬਾ ਲੰਮਾ ਚੱਲਣ ਵਾਲਾ ਤੇ ਵਿਚਾਰ ਦੀਆਂ ਕਈ ਪਰਤਾਂ ਉਪਜਾਉਣ ਵਾਲਾ ਹੋ ਸਕਦਾ ਹੈ।
ਇਸ ਅੰਦੋਲਨ ਨੇ ਪੰਜਾਬੀ ਸਭਿਆਚਾਰਕ ਹੋਂਦ ਵਿਚ ਇਤਿਹਾਸਕ ਵੱਢ ਮਾਰਿਆ ਹੈ। ਆਜ਼ਾਦੀ ਲਈ ਸੰਘਰਸ਼ ਤੋਂ ਬਾਅਦ ਪੰਜਾਬੀ ਸਮਾਜ ਕਦੇ ਵੀ ਇੰਨਾ ਇੱਕਜੁਟ ਨਜ਼ਰ ਨਹੀਂ ਆਇਆ ਜਿੰਨਾ ਇਸ ਅੰਦੋਲਨ ਦੌਰਾਨ ਦਿਖਾਈ ਦਿੱਤਾ ਹੈ। ਪੰਜਾਬੀ ਦੀ ਚੜ੍ਹਦੀ ਕਲਾ ਅਤੇ ਕੁਰਬਾਨੀ ਦੀਆਂ ਕਹਾਣੀਆਂ ਵੀ ਮਿੱਥਾਂ ਹੀ ਲੱਗਦੀਆਂ ਰਹੀਆਂ ਹਨ ਪਰ ਇਸ ਅੰਦੋਲਨ ਦੌਰਾਨ ਸੜਕਾਂ ਉਪਰ ਸੁੱਤੇ, ਠੰਢ ਝਾਖਦੇ ਬਜ਼ੁਰਗ, ਔਰਤਾਂ, ਬੱਚੇ ਜਿਵੇਂ ਲੜਨ ਮਰਨ ਦੇ ਜਜ਼ਬੇ ਨਾਲ ਲਬਰੇਜ਼ ਹਨ। ਸਿਨੇਮਾ ਨੇ ਭਾਰਤੀ ਕੌਮੀਅਤਾਂ ਵਿਚ ਪੰਜਾਬੀਆਂ ਦੀ ਛਬੀ ਜਾਂ ਤਾਂ ਮਸਖਰਿਆਂ ਵਾਲੀ ਬਣਾਈ ਜਾਂ ਪਿਛਲੇ ਕੁਝ ਸਾਲਾਂ ਤੋਂ ਨਸ਼ਾ ਪੰਜਾਬੀ ਸਮਾਜ ਦਾ ਕੇਂਦਰੀ ਬਿੰਦੂ ਸੀ; ਇਸ ਅੰਦੋਲਨ ਨੇ ਇਹ ਸਾਰੀਆਂ ਧਾਰਨਾਵਾਂ ਢਹਿ-ਢੇਰੀ ਕੀਤੀਆਂ ਹਨ। ‘ਦਨਦਨਾਉਂਦੇ ਰਾਸ਼ਟਰਵਾਦ’ ਮੂਹਰੇ ਹਿੱਕ ਡਾਹੀ ਖੜ੍ਹੇ ਪੰਜਾਬੀ ਪੂਰੇ ਦੇਸ਼ ਦੀਆਂ ਡਰੀਆਂ ਸਹਿਮੀਆਂ ਧਿਰਾਂ ਲਈ ਮਿਸਾਲ ਬਣੇ ਹਨ। ਇਹ ਸਾਰੇ ਪੱਖ ਸਭਿਆਚਾਰ ਵਿਚ ਸਿਫਤੀ ਤਬਦੀਲੀ ਦੇ ਸੂਚਕ ਹਨ।
ਇਤਿਹਾਸਕ ਤੌਰ ’ਤੇ ਸਾਬਤ ਹੋਇਆ ਹੈ ਕਿ ਮਨੁੱਖ ਆਪਣੇ ਅਨੁਭਵਾਂ ਤੋਂ ਸਭ ਤੋਂ ਵੱਧ ਸਿੱਖਦਾ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਸੰਸਾਰੀਕਰਨ ਦੇ ਬਿਰਤਾਂਤ ਨੂੰ ਜ਼ੋਰ ਲਾ ਕੇ ਪ੍ਰਚਾਰਦੇ ਵਿਦਵਾਨ ਹੁਣ ਥੱਕ ਹਾਰ ਚੁੱਕੇ ਸਨ; ਜਿਸ ਤਰ੍ਹਾਂ ਇਸ ਨੂੰ ਸੱਚਾਈ ਮੰਨ ਲਿਆ ਹੋਵੇ। ਸੰਸਾਰੀਕਰਨ ਦੇ ਹਾਮੀਆਂ ਵੱਲੋਂ ਇਸ ਚੁੱਪ ਨੂੰ ਜਿੱਤ ਮੰਨ ਕੇ ਲਾਭਕਾਰੀ ਹੋਣ ਦੇ ਦਾਅਵੇ ਠੋਕਿਆਂ ਵੀ ਚਿਰ ਹੋਇਆ ਸੀ। ਹੁਣ ਪੰਜਾਬੀਆਂ ਨੇ ਇਸ ਦੇ ਨਾਂਹ-ਵਾਚੀ ਸਿੱਟੇ ਮਹਿਸੂਸ ਕੀਤੇ ਹਨ। ਇਕ ਖਾਸ ਕੰਪਨੀ ਦੇ ਮਾਲ ਦਾ ਬਾਈਕਾਟ ਕਰਨ ਦਾ ਰੁਝਾਨ ਭਾਵੇਂ ਮਾਅਰਕੇਬਾਜ਼ੀ ਲੱਗਦਾ ਹੋਵੇ ਪਰ ਵਿਚਾਰ ਦੇ ਥੱਲੇ ਤਕ ਪਹੁੰਚਣ ਦਾ ਪ੍ਰਮਾਣ ਤਾਂ ਹੈ। ਪੰਜਾਬੀਆਂ ਨੇ ਕੌਮੀ ਮੀਡੀਆ ਵਿਰੁਧ ਦੱਬਵੀਂ ਜ਼ੁਬਾਨ ਨੂੰ ਉਚੀ ਆਵਾਜ਼ ਦਿੱਤੀ ਹੈ। ਬਹੁਤ ਦੇਰ ਬਾਅਦ ਲੱਗਦਾ ਹੈ ਕਿ ਪੰਜਾਬੀ ਬੰਦਾ ਆਪਣੀ ਹੋਣੀ ਬਾਰੇ ਜਾਨਣ, ਵਿਚਾਰਨ ਦੇ ਰਾਹ ਤੁਰਿਆ ਹੈ।
ਇਸ ਅੰਦੋਲਨ ਦੇ ਸਿੱਟੇ ਜਾਂ ਪ੍ਰਾਪਤੀਆਂ ਕੀ ਹੋਣਗੀਆਂ, ਇਹ ਪੇਸ਼ੀਨਗੋਈ ਕਰਨੀ ਅਜੇ ਬਹੁਤ ਕਾਹਲ ਹੋਵੇਗੀ ਪਰ ਇਕ ਗੱਲ ਪੱਕੀ ਹੈ ਕਿ ਪੰਜਾਬੀ ਸਭਿਆਚਾਰ ਵਿਚ ਇਹ ਅੰਦੋਲਨ ਦੂਰਗਾਮੀ ਪ੍ਰਭਾਵ ਛੱਡਣ ਵਾਲਾ ਸਾਬਤ ਹੋਵੇਗਾ।