ਪੁਰਾਣੀਆਂ ਚਿੱਠੀਆਂ

ਅਮਰੀਕਾ ਵੱਸਦੇ ਕਹਾਣੀਕਾਰ ਜਗਜੀਤ ਬਰਾੜ ਨੇ ਕਈ ਕਣਦਾਰ ਕਹਾਣੀਆਂ ਲਿਖੀਆਂ ਹਨ। ਇਸ ਕਹਾਣੀ (ਪੁਰਾਣੀਆਂ ਚਿੱਠੀਆਂ) ਵਿਚ ਉਨ੍ਹਾਂ ਨੇ ਮੁਹੱਬਤਾਂ ਦੀ ਬਾਤ ਪਾਈ ਹੈ। ਇਸ ਕਹਾਣੀ ਅੰਦਰ ਸਮੋਇਆ ਸਬਰ ਪਾਠਕ ‘ਤੇ ਇਉਂ ਅਸਰ ਛੱਡਦਾ ਹੈ, ਜਿਵੇਂ ਤ੍ਰਿਕਾਲਾਂ ਵੇਲੇ ਰੁਮਕਦੀ ਪੌਣ ਉਂਗਲ ਫੜ ਕੇ ਤੁਹਾਨੂੰ ਖੇਤਾਂ-ਬੰਨਿਆਂ ‘ਤੇ ਲਈ ਫਿਰਦੀ ਹੈ ਅਤੇ ਕੁਦਰਤ ਦੀ ਅਨੰਤ ਕਹਾਣੀ ਸੁਣਾਈ ਜਾਂਦੀ ਹੈ।

-ਸੰਪਾਦਕ

ਜਗਜੀਤ ਬਰਾੜ
ਫੋਨ: 708-207-5683
ਈਮੇਲ: ਗਕਅਰਮਅ1400@ਗਮਅਲਿ।ਚੋਮ

ਥੁਹਾਡੀਆਂ ਸਭ ਚਿੱਠੀਆਂ ਦੇ ਅੰਤਿਮ ਸ਼ਬਦ ਹੁੰਦੇ ਸੀ ਕਿ ਇਹ ਚਿੱਠੀ ਪੜ੍ਹ ਕੇ ਸਾੜ ਦੇਣਾ। ਜੋ ਤੁਸੀਂ ਅਖੀਰ ਵਿਚ ਲਿਖਦੇ ਸੀ, ਉਸ ਦਾ ਬਿਆਨ ਮੈਂ ਇਥੇ ਸ਼ੁਰੂ ਵਿਚ ਕਰ ਰਿਹਾ ਹਾਂ। ਇਹ ਕੁਝ ਪਿਆਰੇ ਖਤ ਨਾ ਸਾੜੇ ਗਏ, ਨਾ ਸੁੱਟ ਸਕਿਆ, ਨਾ ਹੀ ਗੁੰਮ ਹੋਏ।
ਅੱਜ ਜਦੋਂ ਮੈਂ ਆਪਣੇ ਇਨਕਮ ਟੈਕਸ ਦੇ ਪੁਰਾਣੇ ਕਾਗਜ਼ ਸੁੱਟ ਰਿਹਾ ਸੀ, ਇੱਕ ਲਫਾਫੇ ਵਿਚ ਇਹ ਚਿੱਠੀਆਂ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖੀਆਂ ਪਈਆਂ ਸਨ।
ਪੁਰਾਣੇ ਨੀਲੇ ਲਾਈਨ ਵਾਲੇ ਪੈਡ ‘ਤੇ ਲਿਖੀਆਂ ਹੋਈਆਂ ਇਹ ਚਿਠੀਆਂ ਪੜ੍ਹ ਕੇ ਪੁਰਾਣੀਆਂ ਯਾਦਾਂ ਫਿਰ ਮਨ ਵਿਚ ਤਾਜ਼ਾ ਹੋ ਗਈਆਂ। ਤੁਹਾਡੀ ਸ਼ਕਲ ਯਾਦ ਆਈ। ਇਹ ਚਿੱਠੀਆਂ ਪੜ੍ਹ ਕੇ ਤੁਹਾਡੀ ਸ਼ਖਸੀਅਤ ਸਪਸ਼ਟ ਹੋਣ ਲੱਗ ਪਈ।
ਪਿਛਲੇ 50 ਸਾਲਾਂ ਤੋਂ ਵਧ ਸਮਾਂ ਟੱਪ ਗਿਆ ਹੋਣਾ ਹੈ, ਪਰ ਗੱਲ ਇਹ ਕੱਲ੍ਹ ਦੀ ਲਗਦੀ ਹੈ। ਸਮਾਂ ਬਹੁਤ ਜਲਦੀ ਗੁਜ਼ਰ ਗਿਆ। ਕਿੰਨਾ ਪਾਣੀ ਪੁਲਾਂ ਹੇਠੋਂ ਗੁਜ਼ਰ ਗਿਆ ਹੋਵੇਗਾ ਇਸ ਸਮੇਂ ਵਿਚ।
ਆਪਾਂ ਦੋਨੋਂ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਵਿਚ ਪਹਿਲੀ ਦਫਾ ਮਿਲੇ ਸਾਂ। ਮੈਂ ਕਾਲਜ ਦੀ ਪੜ੍ਹਾਈ ਖਤਮ ਕਰ ਕੇ ਇਸ ਪਿੰਡ ਵਿਚ ਨਵਾਂ-ਨਵਾਂ ਵੈਟਰਨਰੀ ਡਾਕਟਰ ਲੱਗ ਕੇ ਆਇਆ ਸਾਂ। ਮੇਰੀ ਪਹਿਲੀ ਨੌਕਰੀ ਸੀ। ਤੁਸੀਂ ਮੈਡੀਕਲ ਹਸਪਤਾਲ ਵਿਚ ਕੰਮ ਕਰਦੇ ਸੀ। ਇਥੋਂ ਦੇ ਡਾਕਟਰ ਨਾਲ ਮੇਰੀ ਮਿੱਤਰਤਾ ਹੋਣ ਕਰ ਕੇ ਮੇਰਾ ਚੱਕਰ ਹਸਪਤਾਲ ਵਿਚ ਰੋਜ਼ ਲੱਗ ਜਾਂਦਾ ਸੀ।
ਜਦੋਂ ਮੈਂ ਤੁਹਾਨੂੰ ਪਹਿਲੀ ਦਫਾ ਦੇਖਿਆ ਸੀ ਤਾਂ ਤੁਹਾਡੀ ਸਾਦਗੀ, ਤੁਹਾਡੀ ਉਦਾਸੀ ਤੇ ਉਸ ਉਦਾਸੀ ਪਿਛੇ ਛੁਪੀ ਕਹਾਣੀ ਮੈਨੂੰ ਤੁਹਾਡੇ ਵਲ ਖਿੱਚ ਲਿਆਈ। ਜੀਵਨ ਵਿਚ ਕਦੇ-ਕਦੇ ਕਈ ਸ਼ਖਸ ਮਿਲਦੇ ਹਨ, ਉਹ ਇੰਨੇ ਚੰਗੇ ਲਗਦੇ ਹਨ ਕਿ ਦਿਲ ਕਰਦਾ ਹੈ, ਉਨ੍ਹਾਂ ਨੂੰ ਘੁੱਟ ਕੇ ਗਲਵੱਕੜੀ ਪਾ ਲਈਏ! ਜਾਣ-ਪਛਾਣ ਬੇਸ਼ਕ ਨਾ ਹੋਏ; ਲਗਦਾ ਹੈ, ਦਿਲਾਂ ਦਾ ਰਿਸ਼ਤਾ ਇਨ੍ਹਾਂ ਨਾਲ ਕਈ ਸਾਲਾਂ ਦਾ ਹੈ।
“ਪਿਆਰ ਪਛਾਣ ਹੈ, ਕਬਜ਼ਾ ਨਹੀਂ।” ਇਹ ਸ਼ਬਦ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਮੈਨੂੰ ਹਮੇਸ਼ਾ ਯਾਦ ਰਹਿੰਦੇ ਹਨ। ਪਿਆਰ ਦੇ ਜਜ਼ਬਾਤ ਕਿੰਨੇ ਡੂੰਘੇ ਹੁੰਦੇ ਹਨ!
ਤੁਹਾਡੀਆਂ ਮਜਬੂਰੀਆਂ ਤੁਹਾਡੇ ਜੀਵਨ ਦਾ ਹਿੱਸਾ, ਇਕ ਭਾਰ ਬਣਿਆ ਰਿਹਾ। ਇਕ ਪਾਸੇ ਦੁਨੀਆਂਦਾਰੀ, ਇਕ ਪਾਸੇ ਪਿਆਰ। ਇਨ੍ਹਾਂ ਦੋਹਾਂ ਪੱਧਰਾਂ ਦਾ ਸਮਝੌਤਾ ਕਦੇ ਨਾ ਹੋ ਸਕਿਆ। ਨਾ ਹੀ ਕੋਈ ਦਰਮਿਆਨ ਦਾ ਵਸੀਲਾ ਬਣ ਸਕਿਆ।
ਇਨ੍ਹਾਂ ਕਠਿਨ ਹਾਲਤਾਂ ਵਿਚ ਪਿਆਰ ਦੇ ਜਜ਼ਬੇ ਨੂੰ ਸਪਸ਼ਟ ਕਰਨਾ ਕਿੰਨਾ ਮੁਸ਼ਕਿਲ ਬਣਿਆ ਰਿਹਾ। ਇਕ ਦੂਜੇ ਨੂੰ ਆਪਾਂ ਦੇਖ ਸਕਦੇ ਸਾਂ, ਇਸ ਤੋਂ ਜ਼ਿਆਦਾ ਨੇੜੇ ਹੋਣ ਦੀ ਆਗਿਆ ਨਹੀਂ ਮਿਲੀ। ਪਿੰਡ ਦਾ ਮਾਹੌਲ, ਕਰਮਚਾਰੀਆਂ ਦੀਆਂ ਨਜ਼ਰਾਂ, ਕਠੋਰ ਜੀਵਨ ਦਾ ਹਿੱਸਾ ਬਣਿਆ ਰਿਹਾ। ਕਈ ਦਫਾ ਆਪਾਂ ਸਿਰਫ ਅੱਖਾਂ ਮਿਲਾ ਕੇ ਗੱਲਬਾਤ ਕਰ ਲੈਂਦੇ ਸਾਂ। ਇਹ ਵੀ ਤਸੱਲੀ ਹੁੰਦੀ ਸੀ ਕਿ ਤੁਹਾਨੂੰ ਦੇਖ ਲਿਆ। ਤੁਹਾਡੀ ਅਵਾਜ਼ ਸੁਣ ਲਈ। ਤੁਹਾਡੇ ਖਿਆਲਾਂ ਦਾ ਪਤਾ ਲੱਗ ਗਿਆ।
ਮੈਂ ਕਾਲਜ ਤੋਂ ਇਥੇ ਨਵਾਂ-ਨਵਾਂ ਆਇਆ ਸਾਂ। ਪਿੰਡ ਦਾ ਵਾਤਾਵਰਨ ਮੈਨੂੰ ਇੰਨਾ ਮੁਆਫਕ ਨਹੀਂ ਸੀ ਆਇਆ। ਸ਼ਹਿਰਾਂ ਵਿਚ ਜੰਮਿਆ-ਪਲਿਆ ਤੇ ਵੱਡਾ ਹੋਇਆ। ਹੁਣ ਇਕ ਕੱਚੇ ਘਰ ਦੇ ਇਕ ਕਮਰੇ ਵਿਚ ਜਿਥੇ ਨਾ ਬਿਜਲੀ, ਨਾ ਵਗਦਾ ਪਾਣੀ, ਇਹ ਮੇਰਾ ਮਹਿਲ ਸੀ। ਇਹ ਘਰ ਪਿੰਡ ਦੇ ਦਰਮਿਆਨ ਸੀ।
ਮੈਂ ਪਹਿਲਾ ਵੈਟਰਨਰੀ ਡਾਕਟਰ ਇਸ ਪਿੰਡ ਵਿਚ ਆਇਆ ਸਾਂ। ਇਸ ਡਿਸਪੈਂਸਰੀ ਨੂੰ ਵੱਡਾ ਕੀਤਾ ਗਿਆ ਸੀ। ਮੈਨੂੰ ਕਈ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ। ਉਮਰ ਜੁਆਨ ਹੋਣ ਕਰ ਕੇ ਇਹ ਘਟਨਾਵਾਂ ਇੰਨੀਆਂ ਮੁਸ਼ਕਿਲ ਨਹੀਂ ਲੱਗੀਆਂ।
ਰੇਲ ਦਾ ਸਟੇਸ਼ਨ ਜਾਂ ਕੋਈ ਵੱਡਾ ਸ਼ਹਿਰ ਇਸ ਪਿੰਡ ਤੋਂ 13-14 ਮੀਲ ਦੇ ਫਾਸਲੇ `ਤੇ ਹੋਏਗਾ। ਸ਼ਹਿਰ ਜਾਣ ਲਈ ਕਦੇ-ਕਦੇ ਆਉਂਦੀ ਬੱਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਹਸਪਤਾਲ ਦੀਆਂ ਦਵਾਈਆਂ ਦੀ ਸ਼ਿਪਮੈਂਟ ਲਈ ਸ਼ਹਿਰ ਜਾਂਦੇ ਜਾਂ ਧੋਬੀ ਨੂੰ ਕੱਪੜੇ ਦੇਣ ਲਈ; ਬੱਸ ਇਹ ਹੀ ਇਕ ਚਾਰਾ ਸੀ।
ਤੁਹਾਡੀ ਦੂਰ ਦੀ ਮਿੱਤਰਤਾ ਦੀ ਨਿੱਘ ਕਰਕੇ ਇਹ ਘਟਨਾਵਾਂ ਇੰਨੀਆਂ ਮੁਸ਼ਕਿਲ ਨਹੀਂ ਲੱਗੀਆਂ। ਸ਼ਾਮ ਨੂੰ ਜਦੋਂ ਘਰੇ ਇਕੱਲਾ ਹੁੰਦਾ, ਕੁਝ ਕਿਤਾਬਾਂ ਮਿੱਟੀ ਦੇ ਤੇਲ ਦੇ ਲੈਂਪ ਦੇ ਚਾਨਣ ਵਿਚ ਪੜ੍ਹਦਾ ਰਹਿੰਦਾ। ਤੇਲ ਬਲਣ ਕਰਕੇ ਉਸ ਦਾ ਮੁਸ਼ਕ ਸਾਰੇ ਕਮਰੇ ਵਿਚ ਫੈਲ ਜਾਂਦਾ। ਤੁਹਾਡੇ ਬਾਰੇ ਸੋਚਦਾ ਰਹਿੰਦਾ ਕਿ ਹੁਣ ਤੁਸੀਂ ਕੀ ਕਰਦੇ ਹੋਵੋਗੇ!
ਜਿੰਨੀ ਦੇਰ ਪਿੰਡ ਵਿਚ ਰਿਹਾ ਨਾ ਜਾਏ, ਇਸ ਦੀ ਸਿਆਸਤ ਤੇ ਵਾਤਾਵਰਨ ਦਾ ਪਤਾ ਨਹੀਂ ਲਗਦਾ। ਪਿੰਡਾਂ ਵਿਚ ਸਰਪੰਚ, ਪੰਚ ਤੇ ਹੋਰ ਅਮੀਰ ਜ਼ਿਮੀਦਾਰਾਂ ਦਾ ਜ਼ਿਆਦਾ ਰਸੂਖ ਹੁੰਦਾ ਹੈ। ਜਦੋਂ ਸਰਕਾਰੀ ਕਰਮਚਾਰੀ ਪਿੰਡ ਵਿਚ ਨੌਕਰੀ ਕਰਨ ਆਉਂਦੇ ਹਨ, ਉਨ੍ਹਾਂ ਨੂੰ ਉਥੇ ਦੇ ਅਹਿਲਕਾਰਾਂ ਦਾ ਕਹਿਣਾ, ਉਨ੍ਹਾਂ ਦਾ ਹੁਕਮ ਮੰਨਣਾ ਪੈਂਦਾ ਹੈ; ਤੇ ਮੇਰੀ ਜੁਆਨੀ ਦੇ ਚਾਰ ਦਿਨਾਂ ਦਾ ਸਾਥ, ਇਕ ਦੂਜੇ ਦਾ ਸਾਥ ਨਹੀਂ ਦੇ ਸਕੇ।
ਗਰੀਬ ਜ਼ਿਮੀਦਾਰਾਂ ਦੀ ਮਦਦ ਕਰਕੇ ਮੈਨੂੰ ਜ਼ਿਆਦਾ ਤਸੱਲੀ ਹੁੰਦੀ ਸੀ। ਜੇ ਕਿਸੇ ਨੇ ਅੱਧੀ ਰਾਤ ਆ ਕੇ ਮੇਰਾ ਬੂਹਾ ਖੜਕਾਇਆ ਕਿ ਉਸ ਦਾ ਪਸੂ ਬਿਮਾਰ ਹੈ, ਮੈਂ ਆਪਣਾ ਸਮਾਨ ਲੈ ਕੇ ਉਸ ਨਾਲ ਦੂਜੇ ਪਿੰਡ ਤੁਰ ਪੈਂਦਾ ਸਾਂ।
ਇਕ ਆਦਮੀ ਪਾਸ ਭੇਡਾਂ ਦਾ ਇੱਜੜ ਸੀ। ਕੁਝ ਭੇਡਾਂ ਮਰ ਗਈਆਂ। ਪਸੂ ਜ਼ਿਮੀਦਾਰਾਂ ਕਿਸਾਨਾਂ ਦੀ ਜਾਇਦਾਦ ਹੁੰਦੇ ਹਨ। ਉਸ ਨੇ ਮੇਰੀ ਮਦਦ ਮੰਗੀ। ਮੈਂ ਉਨ੍ਹਾਂ ਦੇ ਘਰ ਜਾ ਕੇ, ਪੀੜ੍ਹੀ `ਤੇ ਬੈਠ ਕੇ ਇਕ ਭੇਡ ਦਾ ਪੋਸਟਮਾਰਟਮ ਕੀਤਾ। ਟੇਪਵਰਮ ਦੀ ਬਿਮਾਰੀ ਕਰਕੇ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਸੀ। ਭੇਡਾਂ ਦਾ ਇਲਾਜ ਕੀਤਾ ਗਿਆ ਤੇ ਭੇਡਾਂ ਮਰਨੀਆਂ ਬੰਦ ਹੋ ਗਈਆਂ।
ਪਿੰਡ ਦਾ ਵਾਤਾਵਰਨ ਅਤੇ ਮੇਰਾ ਸੁਭਾਅ ਇਕ ਦੂਜੇ ਦਾ ਜ਼ਿਆਦਾ ਸਾਥ ਨਹੀਂ ਦੇ ਸਕੇ। ਮੈਂ ਉਥੇ ਕੁਝ ਮਹੀਨੇ ਹੀ ਰਿਹਾ ਹੋਵਾਂਗਾ। ਮੈਨੂੰ ਫੌਜ ਵਿਚ ਆਪਣੀ ਲਾਈਨ ਵਿਚ ਕਮਿਸ਼ਨ ਮਿਲਣ ਕਰਕੇ ਪਿੰਡ ਤੋਂ ਰਵਾਨਗੀ ਲੈਣੀ ਪਈ। ਇਕ ਪਾਸੇ ਪਿਆਰ ਸੀ, ਦੂਜੇ ਪਾਸੇ ਮੇਰਾ ਭਵਿੱਖ! ਮੇਰੇ ਜੀਵਨ ਦੀ ਅਗਲੀ ਪੱਧਰ ਮੇਰੀ ਤਰੱਕੀ ਸੀ। ਇਹ ਵਿਛੋੜਾ ਦੁਖਦਾਈ ਸੀ, ਪਰ ਕਬੂਲ ਕਰਨਾ ਪਿਆ।
ਇਹ ਚਿੱਠੀਆਂ ਉਸ ਸਮੇਂ ਦੀਆਂ ਹਨ, ਜਦੋਂ ਮੈਂ ਪਿੰਡ ਤੋਂ ਆ ਗਿਆ ਸਾਂ। ਚਿੱਠੀਆਂ ਵਿਚ ਜੋ ਕੁਝ ਲਿਖਦੇ ਸੀ, ਬੜੇ ਸੰਕੋਚ ਨਾਲ ਲਿਖਦੇ ਸੀ ਕਿ ਇਹ ਖਤ ਕਿਸੇ ਹੋਰ ਪਾਸ ਨਾ ਆ ਜਾਣ।
ਇਕ ਦਫਾ ਤੁਸੀਂ ਆਖਿਆ ਸੀ ਕਿ ਜਦੋਂ ਮੈਂ ਮਰਾਂਗੀ, ਮੇਰਾ ਨਾਂ ਤੁਹਾਡੇ ਦਿਲ ‘ਤੇ ਹੋਵੇਗਾ। ਇਸ ਬਾਰੇ ਮੈਂ ਹੁਣ ਕੁਝ ਨਹੀਂ ਕਹਿ ਸਕਦਾ, ਪਰ ਤੁਹਾਡਾ ਨਾਂ ਸਦਾ ਮੇਰੇ ਦਿਲ ਦੇ ਨੇੜੇ ਰਿਹਾ ਹੈ। ਆਪਣੇ ਪਿਆਰ ਦਾ ਇਹ ਰਿਸ਼ਤਾ ਬਹੁਤ ਘੱਟ ਸਮੇਂ ਦਾ ਹੀ ਸੀ, ਪਰ ਇਸ ਦੀ ਪਿਆਰੀ ਯਾਦ ਮੇਰੇ ਜੀਵਨ ਦਾ ਹਿੱਸਾ ਬਣੀ ਰਹੀ।
ਇਕ ਦਫਾ ਕਾਫੀ ਦਿਨਾਂ ਤੋਂ ਤੁਹਾਡੀ ਚਿੱਠੀ ਨਹੀਂ ਸੀ ਆਈ। ਕਈ ਕਾਰਨ ਮਨ ਵਿਚ ਆਏ। ਹਰ ਦਿਨ ਫਿਕਰ ਵਧਦਾ ਗਿਆ। ਹੁਣ ਲਿਖਾਂ ਤਾਂ ਕੀ ਲਿਖਾਂ! ਅਖੀਰ ਮੈਂ ਇਕ ਪੰਨੇ ‘ਤੇ ਵੱਡੇ-ਵੱਡੇ ਅੱਖਰਾਂ ਨਾਲ ਇਹ ਲਿਖ ਕੇ ਤੁਹਾਨੂੰ ਭੇਜ ਦਿੱਤਾ ਸੀ, ‘ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ।`
ਕੁਝ ਦਿਨਾਂ ਬਾਅਦ ਮੇਰੀ ਚਿੱਠੀ ਦੇ ਜੁਆਬ ਵਿਚ ਤੁਸੀਂ ਲਿਖ ਭੇਜਿਆ ਸੀ:
‘ਜਉ ਤਉ ਪ੍ਰੇਮ ਖੇਲਨ ਨਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥`
ਆਪਾਂ ਦੋਹਾਂ ਨੇ ਇਨ੍ਹਾਂ ਸ਼ਬਦਾਂ ਨਾਲ ਆਪੋ-ਆਪਣੇ ਖਿਆਲ ਪਰਗਟ ਕਰ ਦਿੱਤੇ, ਆਪਾਂ ਕਿਸੇ ਫਿਲਮ ਦੇ ਗਾਣੇ ਦੀਆਂ ਲਾਈਨਾਂ ਨਹੀਂ ਸੀ ਚੁਣੀਆਂ। ਇਨ੍ਹਾਂ ਸ਼ਬਦਾਂ ਪਿਛੇ ਆਪਣਾ ਰੂਹਾਨੀ ਪਿਆਰ ਅਤੇ ਉਦਾਸੀ ਸਾਂਝ ਕਰਦੇ ਰਹੇ। ਫਾਸਲਾ ਬੇਸ਼ਕ ਕਈ ਮੀਲਾਂ ਦਾ ਸੀ ਉਸ ਵੇਲੇ, ਪਰ ਇਨ੍ਹਾਂ ਕੁਝ ਸ਼ਬਦਾਂ ਨਾਲ ਆਪਾਂ ਇਕ ਦੂਜੇ ਦੇ ਹੋਰ ਨੇੜੇ ਆ ਗਏ।
ਜਦੋਂ ਕਦੇ ਮੈਂ ਉਦਾਸ ਹੁੰਦਾ ਸੀ, ਤੁਹਾਡੇ ਸਾਰੇ ਖਤ ਵਾਰ-ਵਾਰ ਪੜ੍ਹਦਾ ਰਹਿੰਦਾ, ਦਿਲ ਨੂੰ ਤਸੱਲੀ ਦੇਣ ਲਈ। ਕਿਸੇ ਪੱਤਰ ਵਿਚ ਨਾ ਕੋਈ ਲਿਪਸਟਿਕ ਦਾ ਨਿਸ਼ਾਨ ਹੁੰਦਾ ਸੀ ਤੇ ਨਾ ਹੀ ਇਤਰ ਦੀ ਮਹਿਕ ਹੁੰਦੀ ਸੀ।
ਉਸ ਜ਼ਮਾਨੇ ਨੂੰ ਹੁਣ ਮੁੱਦਤਾਂ ਹੋ ਗਈਆਂ ਹਨ। ਹੁਣ ਇੰਟਰਨੈੱਟ ਦਾ ਸਮਾਂ ਹੈ। ਸਭ ਪਾਸ ਸੈੱਲ ਫੋਨ ਹੈ। ਮੈਂ ਕਈ ਦਫਾ ਤੁਹਾਡਾ ਨਾਂ ‘ਗੂਗਲ’ ਕੀਤਾ ਹੈ। ਕੁਝ ਹੋਰ ਵਿਅਕਤੀ ਤੁਹਾਡੇ ਨਾਂ ਦੇ ਮਿਲ ਜਾਂਦੇ ਹਨ, ਤੁਸੀਂ ਨਹੀਂ ਮਿਲੇ।
ਇੰਨੇ ਲੰਮੇ ਸਮੇਂ ਕਰਕੇ ਆਪਾਂ ਦੋਵੇਂ ਹੀ ਕਾਫੀ ਬਦਲ ਗਏ ਹਾਂ ਜਿਸਮਾਨੀ ਤੌਰ ‘ਤੇ। ਇਨ੍ਹਾਂ ਸਮਿਆਂ ਵਿਚ ਤੁਹਾਡੇ ‘ਤੇ ਕੀ-ਕੀ ਬੀਤੀ ਹੋਵੇਗੀ? ਤੁਹਾਡਾ ਜੀਵਨ ਉਸ ਵੇਲੇ ਵੀ ਕਠਿਨ ਹੁੰਦਾ ਸੀ।
ਪਤਾ ਨਹੀਂ ਕਿ ਆਪਾਂ ਕਦੇ ਵੀ ਹੁਣ ਮਿਲ ਸਕੀਏ। ਜੇ ਮਿਲੇ, ਕੀ ਆਪਣੇ ਪਾਸ ਇੰਨਾ ਸਮਾਂ ਹੋਵੇਗਾ ਕਿ ਇਨ੍ਹਾਂ ਬੀਤੇ ਸਾਲਾਂ ਦਾ ਹਿਸਾਬ ਕਿਤਾਬ ਕਰ ਸਕੀਏ? ਕੀ ਮੈਂ ਤੁਹਾਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਜੱਫੀ ਪਾ ਸਕਾਂਗਾ?
ਆਪਣੇ ਸਰੀਰ ਸਮੇਂ ਨਾਲ ਜ਼ਰੂਰ ਬਦਲ ਗਏ ਹਨ, ਪਰ ਆਪਣੀਆਂ ਰੂਹਾਂ ਉਸੇ ਤਰ੍ਹਾਂ ਹੀ ਹਨ, ਜੋ ਉਸ ਪਿੰਡ ਵਿਚ ਸਨ।
ਕਈ ਦਫਾ ਮੈਂ ਆਪਣੇ ਸਾਰੇ ਮਿੱਤਰਾਂ ਨੂੰ ਵੀ ਭਾਲਣ ਦੀ ਕੋਸ਼ਿਸ਼ ਕੀਤੀ ਹੈ, ਨਹੀਂ ਮਿਲ ਸਕੇ।
ਜਦੋਂ ਦਾ ਮੈਂ ਅਮਰੀਕਾ ਆਇਆ ਹਾਂ, ਹਿੰਦੋਸਤਾਨ ਬਹੁਤ ਘੱਟ ਗਿਆ ਹਾਂ; ਖਾਸ ਕਰ ਪੰਜਾਬ ਨਹੀਂ ਪਹੁੰਚ ਸਕਿਆ। ਦਿਲ ਹਮੇਸ਼ਾ ਕੀਤਾ ਹੈ ਕਿ ਉਸ ਪਿੰਡ ਵਿਚ ਇਕ ਦਫਾ ਫਿਰ ਚੱਕਰ ਲੱਗੇ।
ਅੱਜ ਕਾਗਜ਼ਾਂ ਦੀ ਸਫਾਈ ਦਾ ਦਿਨ ਸੀ। ਸਾਰੇ ਕਾਗਜ਼ ਤਿੰਨ ਡੱਬਿਆਂ ਵਿਚ ਰੱਖੇ ਜਾਣਗੇ; ਇਕ ਰੱਦੀ ਦਾ, ਦੂਜਾ ਜਿਨ੍ਹਾਂ ਕਾਗਜ਼ਾਂ ਨੂੰ ਮੈਂ ਸਕੈਨ ਕਰਕੇ ਸ਼ਰੈੱਡ ਕਰਨਾ ਹੈ ਤੇ ਤੀਜਾ ਜਿਨ੍ਹਾਂ ਵਿਚ ਕੀਮਤੀ ਬਹੁ-ਮੁੱਲੇ ਕਾਗਜ਼ ਰੱਖੇ ਜਾਣਗੇ।
ਅਖੀਰ ਵਿਚ ਉਨ੍ਹਾਂ ਕੁਝ ਚਿੱਠੀਆਂ ਦੀ ਵਾਰੀ ਆਈ। ਛੇਤੀ-ਛੇਤੀ ਫਿਰ ਨਜ਼ਰ ਮਾਰੀ, ਕਿਹੜੀ ਤਾਰੀਖ ਦੀਆਂ ਲਿਖੀਆਂ ਹਨ। ਇਨ੍ਹਾਂ ਨੂੰ ਕਿਸ ਖਾਨੇ ਵਿਚ ਪਾਵਾਂ? ਇਹ ਕਾਗਜ਼ ਹਲਕੇ ਸੀ, ਪਰ ਇਨ੍ਹਾਂ ਦਾ ਭਾਰ ਮੇਰੇ ਦਿਲ ‘ਤੇ ਬਣਿਆ ਹੋਇਆ ਸੀ। ਇਹ ਪੱਤਰ ਹੀ ਸਾਡੇ ਸਬੰਧ ਦਾ ਰਿਸ਼ਤਾ ਸੀ।
ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਤੋਂ ਦਿੱਲੀ, ਤੇ ਦਿੱਲੀ ਤੋਂ 9 ਹਜ਼ਾਰ ਮੀਲ ਅਮਰੀਕਾ ਵਿਚ ਇਹ ਚਿੱਠੀਆਂ ਪਹੁੰਚੀਆਂ। ਮੈਂ ਕਈ ਸ਼ਹਿਰ ਬਦਲੇ, ਕਈ ਘਰਾਂ ਵਿਚ ਰਿਹਾ, ਇਨ੍ਹਾਂ ਚਿੱਠੀਆਂ ਦਾ ਜੋੜ ਮੇਰੇ ਤੋਂ ਦੂਰ ਨਹੀਂ ਹੋਇਆ।
ਅਖੀਰ ਵਿਚ ਇਹ ਚਿੱਠੀਆਂ ਬੜੇ ਆਦਰ ਨਾਲ ਇਕ ਨਵੇਂ ਲਿਫਾਫੇ ਵਿਚ ਪਾ ਦਿੱਤੀਆਂ ਤੇ ਬਾਹਰ ਲਿਖ ਦਿੱਤਾ, ‘ਇਹ ਕਾਗਜ਼ ਸੰਭਾਲੇ ਜਾਣ।’
ਤੁਸੀਂ ਇਨ੍ਹਾਂ ਚਿੱਠੀਆਂ ਨੂੰ ਸਾੜਨ ਦੀ ਮੰਗ ਕੀਤੀ ਸੀ ਤਾਂ ਕਿ ਕਿਸੇ ਨੂੰ ਆਪਣੇ ਸਬੰਧ ਦਾ ਪਤਾ ਨਾ ਲੱਗੇ। ਕਿਸੇ ਨੇ ਇਹ ਕਾਗਜ਼ ਨਹੀਂ ਦੇਖੇ, ਆਪਣਾ ਰਿਸ਼ਤਾ ਗੁਪਤ ਰਿਹਾ। ਜੇ ਇਹ ਪੱਤਰ ਸਾੜ ਦਿੰਦਾ, ਉਸ ਸਮੇਂ ਦੀ ਯਾਦ, ਮੇਰੇ ਬੀਤੇ ਜੀਵਨ ਦਾ ਇਤਿਹਾਸ ਖਤਮ ਹੋ ਜਾਣਾ ਸੀ।
ਇਨ੍ਹਾਂ ਕੁਝ ਕਾਗਜ਼ਾਂ ਨੇ ਇੰਨੀ ਜਗ੍ਹਾ ਤਾਂ ਹੁਣ ਨਹੀਂ ਰੋਕਣੀ, ਪਰ ਇਨ੍ਹਾਂ ਪਿਛੇ ਇਸ ਪਿਅਰ ਦੀ ਕਹਾਣੀ ਨੌਂ ਹਜ਼ਾਰ ਮੀਲ ਤੋਂ ਵੀ ਵੱਧ ਲੰਮੀ ਬਣੀ ਰਹੀ।