ਸਾਧ ਲਾਣਾ ਕਿਹੜੇ ਭੌਰੇ ‘ਚ ਜਾ ਲੁਕਿਆ?

ਰਵਿੰਦਰ ਸਿੰਘ ਸੋਢੀ
ਪੰਜਾਬ ਵਿਚ ਜਿੰਨੇ ਪਿੰਡ ਹਨ, ਉਸ ਨਾਲੋਂ ਜਿ਼ਆਦਾ ਬਾਬਿਆਂ, ਸਾਧਾਂ, ਸੰਤਾਂ, ਮਹੰਤਾਂ ਦੇ ਡੇਰੇ ਹਨ। ਕਈ ਪਿੰਡਾਂ `ਤੇ ਤਾਂ ਇਕ ਤੋਂ ਵਧੇਰੇ ਮਹਾਂਪੁਰਸ਼ਾਂ ਦੀ ਕ੍ਰਿਪਾ ਦ੍ਰਿਸ਼ਟੀ ਬਣੀ ਹੋਈ ਹੈ। ਸ਼ਹਿਰਾਂ ਵਿਚਲੇ ਡੇਰੇ ਇਨ੍ਹਾਂ ਤੋਂ ਵੱਖਰੇ ਹਨ। ਕਈ ਬਾਬਿਆਂ ਨੇ ਆਪਣੀ ਮਾਨਤਾ ਨੂੰ ਦੇਖਦਿਆਂ ਆਪਣੇ ਡੇਰਿਆਂ ਨੂੰ ਮਲਟੀ ਨੈਸ਼ਨਲ ਕੰਪਨੀਆਂ ਦੀਆਂ ਲੀਹਾਂ `ਤੇ ਚਲਾਉਂਦੇ ਹੋਏ ਇਕ ਤੋਂ ਵੱਧ ਸ਼ਹਿਰਾਂ/ਪਿੰਡਾਂ ਵਿਚ ਡੇਰੇ ਬਣਾਏ ਹੋਏ ਹਨ। ਇਨ੍ਹਾਂ ਡੇਰਿਆਂ ਦੀ ਮਾਨਤਾ ਅਨੁਸਾਰ ਅਮੀਰ, ਵਜੀਰ, ਵੱਡੇ ਵੱਡੇ ਅਫਸਰ, ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਖਿਡਾਰੀ ਤੱਕ ਇਨ੍ਹਾਂ ਦੇ ਚੇਲੇ-ਚਪਟੇ ਹਨ। ਇਹੋ ਨਹੀਂ, ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵੀ ਇਨ੍ਹਾਂ ਦੀ ਮਾਰ ਤੋਂ ਨਹੀਂ ਬਚੇ ਹੋਏ। ਪਿੰਡਾਂ ਵਿਚ ਤਾਂ ਬਾਬਿਆਂ ਨੂੰ ਅੱਵਲ ਤਾਂ ਜੁਆਕ ਵੰਡਣ, ਆਦਮੀ ਨੂੰ ਵੱਸ ਵਿਚ ਕਰਨ ਦੇ ਉਪਾਅ, ਦਰਾਣੀ-ਜੇਠਾਣੀ ਤੋਂ ਬਚਣ ਲਈ, ਮੁੰਡੇ-ਕੁੜੀ ਦੇ ਰਿਸ਼ਤੇ ਨਾ ਹੋਣ ਕਰਕੇ ਧਾਗੇ-ਤਬੀਤ ਦੇਣ, ਓਪਰੀ ਕਸਰ ਲਈ ਹਥੌਲਾ ਕਰਨ ਤੋਂ ਹੀ ਵਿਹਲ ਨਹੀਂ ਮਿਲਦਾ।

ਜੇ ਕੁਝ ਵਿਹਲੇ ਹੋਣ ਤਾਂ ਜਵਾਕ ਨੂੰ ਭੁੱਖ ਨਾ ਲੱਗਣੀ, ਨਜ਼ਰ ਲੱਗੀ ਹੋਣੀ ਦੀ ਪੁੜੀ ਵੀ ਦੇਣੀ ਪੈਂਦੀ ਹੈ। ਕੰਮ ਇਥੇ ਹੀ ਖਤਮ ਨਹੀਂ ਹੁੰਦਾ! ਅੰਤਰਜਾਮੀ ਬਾਬਿਆਂ ਨੂੰ ਤਾਂ ਗਊ-ਮੱਝ ਦੇ ਦੁੱਧ ਨਾ ਦੇਣ ਤੋਂ ਲੈ ਕੇ ਨਵੇਂ ਦੁੱਧ ਨਾ ਹੋਣ ਦੇ ਟੋਟਕੇ ਵੀ ਦੱਸਣੇ ਪੈਂਦੇ ਹਨ।
ਸਾਡੀ ਆਸਥਾ ਇਨ੍ਹਾਂ ਬਾਬਿਆਂ ਪ੍ਰਤੀ ਕਿੰਨੀ ਪੱਕੀ ਹੋ ਚੁੱਕੀ ਹੈ, ਉਸ ਸਬੰਧੀ ਕਿਸੇ ਵਿਸ਼ਵਾਸੀ ਮਿੱਤਰ ਦੀ ਸੁਣਾਈ ਸੱਚੀ ਘਟਨਾ ਯਾਦ ਆ ਰਹੀ ਹੈ। ਗੱਲ ਕਾਫੀ ਪੁਰਾਣੀ ਹੈ। ਮਾਰੂਤੀ ਕਾਰਾਂ ਨਵੀਆਂ ਨਵੀਆਂ ਹੀ ਆਈਆਂ ਸਨ। ਲੋਕਾਂ ਵਿਚ ਇਨ੍ਹਾਂ ਜਪਾਨੀ ਕਾਰਾਂ ਦੀ ਕਾਫੀ ਚਰਚਾ ਸੀ। ਕਾਰਾਂ ਦੀ ਬਲੈਕ ਵੀ ਸੀ ਅਤੇ ਕਈ ਕਈ ਮਹੀਨੇ ਉਡੀਕ ਵੀ ਕਰਨੀ ਪੈਂਦੀ ਸੀ। ਇਕ ਵਾਰ ਸਾਧੇ ਰੰਗਾ ਕੁੜਤਾ ਪਾਈ ਅਤੇ ਉਸੇ ਰੰਗ ਦੀ ਧੋਤੀ ਲਾਈ ਤੇ ਸਿਰ `ਤੇ ਫਿਡੀ ਜਿਹੀ ਪੱਗ ਬੰਨੀ ਇਕ ਸਾਧ ਨੁਮਾ ਬਾਬਾ, ਲੁਧਿਆਣ ਸ਼ਹਿਰ ਦੇ ਬਾਹਰ ਬਣੇ ਮਾਰੂਤੀ ਕਾਰ ਦੇ ਸ਼ੋਅ ਰੂਮ ਵਿਚ ਜਾ ਵੜਿਆ। ਉਹ ਮੈਨੇਜਰ ਤੋਂ ਕਾਰ ਸਬੰਧੀ ਪੁਛ ਪੜਤਾਲ ਕਰਨ ਲੱਗਾ। ਮੈਨੇਜਰ ਨੇ ਉਸ ਦਾ ਹੁਲੀਆ ਦੇਖ ਕੇ ਅੰਦਾਜ਼ਾ ਲਾਇਆ ਕਿ ਇਸ ਨੇ ਕਾਰ ਕਿਥੋਂ ਲੈਣੀ ਹੈ, ਸਮਾਂ ਹੀ ਬਰਬਾਦ ਕਰ ਰਿਹਾ ਹੈ। ਮੈਨੇਜਰ ਰੁੱਖਾ ਜਿਹਾ ਬੋਲਿਆ। ਬਾਬੇ ਨੂੰ ਗੁੱਸਾ ਆ ਗਿਆ। ਉਹ ਮੈਨੇਜਰ ਨੂੰ ਕਹਿਣ ਲੱਗਾ ਕਿ ਇਹ ਦੱਸ ਤੇਰੇ ਸ਼ੋਅ ਰੂਮ ਵਿਚ ਇਸ ਸਮੇਂ ਕਿੰਨੀਆਂ ਕਾਰਾਂ ਖੜ੍ਹੀਆਂ ਹਨ? ਦੋ ਘੰਟੇ ਵਿਚ ਤੇਰਾ ਸ਼ੋਅ ਰੂਮ ਖਾਲੀ ਕਰਵਾ ਸਕਦਾ ਹਾਂ। ਇਸ ਤੋਂ ਪਹਿਲਾਂ ਕਿ ਮੈਨੇਜਰ ਕੁਝ ਬੋਲਦਾ, ਬਾਬਾ ਕਹਿਣ ਲੱਗਾ, “ਤੇਰਾ ਟੈਲੀਫੋਨ ਵਰਤ ਲਵਾਂ?” ਬਾਬੇ ਨੇ ਛੇ-ਸੱਤ ਬੰਦਿਆਂ ਨੂੰ ਫੋਨ `ਤੇ ਇਕੋ ਗੱਲ ਕਹੀ, “ਤੁਸੀਂ ਕਦੋਂ ਦੇ ਪੁੱਛਦੇ ਸੀ ਕਿ ਕਾਰ ਕਦੋਂ ਲਈਏ। ਅੱਜ ਕਾਰ ਖਰੀਦਣ ਲਈ ਦਿਨ ਬਹੁਤ ਸ਼ੁਭ ਹੈ। ਜਲਦੀ ਤੋਂ ਜਲਦੀ ਲੁਧਿਆਣੇ ਪਹੁੰਚ ਜਾਓ, ਪਰ ਤਿੰਨ ਵਜੇ ਤੋਂ ਪਹਿਲਾਂ।” ਫੋਨ ਕਰਕੇ ਬਾਬਾ ਬੈਠ ਗਿਆ। ਮੈਨੇਜਰ ਨੂੰ ਕਹਿਣ ਲੱਗਾ ਕਿ ਹੁਣ ਉਸ ਨੂੰ ਕੁਝ ਸਮਾਂ ਸ਼ੋਅ ਰੂਮ ਵਿਚ ਹੀ ਬੈਠਣਾ ਪਵੇਗਾ। ਮੈਨੇਜਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਦੋ ਕੁ ਘੰਟਿਆਂ ਵਿਚ ਹੀ ਪੰਜ ਬੰਦੇ ਪਹੁੰਚ ਗਏ। ਆਉਂਦਿਆਂ ਹੀ ਉਨ੍ਹਾਂ ਨੇ ਬਾਬਾ ਜੀ ਦੇ ਪੈਰੀ ਹੱਥ ਲਾਏ। ਬਾਬਾ ਜੀ ਗਰਦਨ ਅਕੜਾ ਕੇ ਮੈਨੇਜਰ ਨੂੰ ਕਹਿਣ ਲੱਗੇ ਕਿ ਸਾਰਿਆਂ ਨੂੰ ਕਾਰਾਂ ਦੇ ਦੇ। ਸਾਰੇ ਹੀ ਬਾਬਾ ਜੀ ਨੂੰ ਬੇਨਤੀ ਕਰ ਰਹੇ ਸਨ ਕਿ ਉਹ ਆਪ ਜਾ ਕੇ ਕਾਰ `ਤੇ ਹੱਥ ਰੱਖਣ ਕਿ ਕਿਹੜੀ ਕਾਰ ਲੈਣ ਅਤੇ ਕਾਰ ਵਿਚ ਚਰਨ ਪਾਉਣ। ਉਨ੍ਹਾਂ ਦੇ ਗੱਲਾਂ ਕਰਦੇ ਹੀ ਦੋ ਚੇਲੇ ਹੋਰ ਆ ਗਏ। ਕਾਰਾਂ ਦੇ ਕਾਗਜ਼ ਤਿਆਰ ਕਰਦੇ ਸਮਾਂ ਲੱਗਣਾ ਸੀ, ਇਸ ਲਈ ਬਾਬਾ ਜੀ ਸਾਰੀਆਂ ਕਾਰਾਂ ਵਿਚ ਇਕ ਇਕ ਵਾਰ ਬੈਠ ਕੇ ਆਪਣੀ ਅੰਬੈਸਡਰ ਕਾਰ ਵਿਚ ਜਾ ਬਿਰਾਜੇ ਅਤੇ ਤੁਰਦੇ ਹੋਏ ਮੈਨੇਜਰ ਨੂੰ ਚੇਲਿਆਂ ਤੋਂ ਪਤਾ ਲੱਗਾ ਕਿ ਬਾਬਾ ਜੀ ਤਾਂ ਕਿਸੇ ਡੇਰੇ ਦੇ ਮੁਖੀ ਹਨ। ਦੋ ਦਿਨਾਂ ਬਾਅਦ ਹੀ ਸ਼ੋਅ ਰੂਮ ਦਾ ਮੈਨੇਜਰ ਬਾਬਾ ਜੀ ਦੇ ਡੇਰੇ ਪਹੁੰਚ ਕੇ ਉਨ੍ਹਾਂ ਦਾ ਚੇਲਾ ਬਣ ਗਿਆ। ਇਸ ਸੱਚੀ ਘਟਨਾ ਤੋਂ ਪਤਾ ਲਗਦਾ ਹੈ ਕਿ ਬਾਬਿਆਂ ਪ੍ਰਤੀ ਸਾਡੀ ਸ਼ਰਧਾ ਅੰਨ੍ਹੀ ਹੈ।
ਪਿੰਡਾਂ ਵਿਚ ਜਿੰਨੇ ਵੀ ਡੇਰੇ ਹਨ ਬਿਨਾ ਸ਼ਕ ਕਿਸਾਨਾਂ ਦੇ ਸਿਰ `ਤੇ ਹੀ ਚੱਲਦੇ ਹਨ। ਹਾੜੀ-ਸੌਣੀ ਬਾਬਿਆਂ ਦੇ ਚੇਲੇ ਖੇਤਾਂ ਵਿਚੋਂ ਹੀ ਟਰਾਲੀਆਂ ਭਰ ਲਿਆਉਂਦੇ ਹਨ। ਸਾਲਾਨਾ ਭੰਡਾਰਿਆਂ, ਗੁਰਪੁਰਬ, ਡੇਰੇ ਦੇ ਪਹਿਲੇ ਹੋ ਚੁਕੇ ਬਾਬਿਆਂ ਦੇ ਅਵਤਾਰ ਧਾਰਨ, ਸਮਾਧੀ ਲੈਣ ਦਿਹਾੜੇ, ਗਰੀਬ ਕੁੜੀਆਂ ਦੇ ਵਿਆਹ ਆਦਿ ਦੇ ਮੌਕਿਆਂ `ਤੇ ਫਿਰ ਕਿਸਾਨਾਂ ਨੂੰ ਤਿਲ-ਫੁਲ ਭੇਟ ਕਰਨ ਲਈ ਹੋਕਾ ਲਗਦਾ ਹੈ। ਬਾਕੀ ਸਾਰਾ ਸਾਲ ਵੀ ਜਨਮ, ਮਰਨ, ਵਿਆਹ ਸ਼ਾਦੀਆਂ ਦੇ ਕੰਮ ਤਾਂ ਚਲਦੇ ਹੀ ਰਹਿੰਦੇ ਹਨ। ਸੋ ਬਾਬਿਆਂ ਦੇ ਖਜਾਨੇ ਤੇਲੀ ਦੇ ਕੁੱਪੇ ਦੀ ਤਰ੍ਹਾਂ ਭਰਪੂਰ ਹੀ ਰਹਿੰਦੇ ਹਨ। ਇਸ ਤੋਂ ਇਲਾਵਾ ਸੰਗਰਾਂਦ, ਮੱਸਿਆ ਦੇ ਦੀਵਾਨਾਂ ਦਾ ਚੜ੍ਹਾਵਾ ਅਲੱਗ। ਹਾਂ ਸੱਚ, ਜੇ ਪਿੰਡ ਦਾ ਕੋਈ ਮੁੰਡਾ, ਕੁੜੀ ਵਿਦੇਸ਼ ਤੋਂ ਘਰ ਦਿਆਂ ਨੂੰ ਮਿਲਣ ਆਵੇ ਤਾਂ ਬਾਬਿਆਂ ਦੀ ਹਾਜਰੀ ਤਾਂ ਲਵਾਉਣੀ ਹੀ ਪੈਂਦੀ ਹੈ ਅਤੇ ਡੇਰੇ ਦੀ ਹਮੇਸ਼ਾ ਚਲਦੀ ਕਾਰ ਸੇਵਾ ਲਈ ਮੋਟਾ ਚੜ੍ਹਾਵਾ ਵੀ ਚੜ੍ਹਾਉਣਾ ਪੈਂਦਾ ਹੈ। ਜੇ ਕਿਸੇ ਭਗਤ ਨੇ ਬਾਬਾ ਜੀ ਦੇ ਚਰਨ ਆਪਣੇ ਗਰੀਬਖਾਨੇ ਪੁਆਉਣੇ ਹੋਣ, ਤਾਂ ਮਹਾਰਾਜ ਨੂੰ ਮੋਟਾ ਮੱਥਾ ਟੇਕਣਾ ਉਨ੍ਹਾਂ ਦੇ ਆਦਰ ਸਤਿਕਾਰ ਲਈ ਜਰੂਰੀ ਹੀ ਹੁੰਦਾ ਹੈ। ਮੁੱਕਦੀ ਗੱਲ ਇਹ ਕਿ ਬਾਬਿਆਂ ਦੇ ਡੇਰੇ ਕਮਾਊ ਪੁੱਤਰ ਦੀ ਤਰ੍ਹਾਂ ਖੱਟੀ ਕਰਦੇ ਹੀ ਰਹਿੰਦੇ ਹਨ। ਕਈ ਵੱਡੇ ਭਗਤ ਬਾਬਾ ਜੀ ਦੀ ਕ੍ਰਿਪਾ ਨਾਲ ਕੀਤੀ ਮੋਟੀ ਕਮਾਈ ‘ਚੋਂ ਏ. ਸੀ. ਕਾਰ ਵੀ ਭੇਟ ਕਰ ਜਾਂਦੇ ਹਨ। ਰਹਿੰਦੀ ਖੁਹੰਦੀ ਕਸਰ ਕਿਸੇ ਐਮ. ਐਲ. ਏ. ਜਾਂ ਮੰਤਰੀ ਵੱਲੋਂ ਚੋਣਾਂ ਵੇਲੇ ਕੀਤੀ ਸੇਵਾ ਦੇ ਨਜ਼ਰਾਨੇ ਦੇ ਤੌਰ `ਤੇ ਪੁਲਿਸ ਸਿਕਿਉਰਿਟੀ ਮਿਲਣ ਨਾਲ ਪੂਰੀ ਹੋ ਜਾਂਦੀ ਹੈ। ਸੋ ਬਾਬਿਆਂ ਦੇ ਇਕਬਾਲ ਬੁਲੰਦ ਹੀ ਰਹਿੰਦੇ ਹਨ।
ਸੰਗਤਾਂ ਦੇ ਚੜ੍ਹਾਵੇ ਕਰਕੇ ਡੇਰਾ ਆਲੀਸ਼ਾਨ ਇਮਾਰਤ ਵਿਚ ਬਦਲ ਜਾਂਦਾ ਹੈ। ਡੇਰੇ ਦੇ ਨਾਲ ਲਗਦੀ ਜ਼ਮੀਨ `ਤੇ ਹੀ ਬਾਬਾ ਜੀ ਦੀ ਕੁਟੀਆ ਦਾ ਨਿਰਮਾਣ ਹੋ ਜਾਂਦਾ ਹੈ। ਕੋਈ ਭਗਤ ਮਕਰਾਨੇ ਦੇ ਵਧੀਆ ਮਾਰਬਲ ਦਾ ਟੱਰਕ ਭੇਜ ਦਿੰਦਾ ਹੈ, ਕੋਈ ਵਧੀਆ ਲੱਕੜ ਪਹੁੰਚਾ ਦਿੰਦਾ ਹੈ, ਕੋਈ ਕੁਝ। ਕੁਟੀਆ ਤਿਆਰ ਹੋਣ ਤੋਂ ਬਾਅਦ ਮਹਿੰਗੇ ਤੋਂ ਮਹਿੰਗੇ ਫਰਨੀਚਰ ਨਾਲ ਸਜਾਵਟ ਵੀ ਹੋ ਜਾਂਦੀ ਹੈ, ਪਰ ਮਜਾਲ ਹੈ ਆਮ ਸੇਵਕ ਅੰਦਰ ਝਾਤ ਵੀ ਪਾ ਸਕਣ। ਕੁਝ ਖਾਸ ਚੇਲੇ ਜਾਂ ਬਾਬਾ ਜੀ ਦੇ ਨਜ਼ਦੀਕੀਆਂ ਦੀ ਹੀ ਅੰਦਰ ਤੱਕ ਰਸਾਈ ਹੁੰਦੀ ਹੈ, ਬਾਕੀ ਤਾਂ ਗੇਟ ਨੂੰ ਹੀ ਮੱਥਾ ਟੇਕ ਕੇ ਵਾਪਸ ਪਰਤ ਆਉਂਦੇ ਹਨ। ਕੀ ਕੋਈ ਬਾਬਾ ਜਾਂ ਸੰਤ-ਮਹੰਤ ਹਿੱਕ ਥਾਪੜ ਕੇ ਇਹ ਕਹਿ ਸਕਦਾ ਹੈ ਕਿ ਡੇਰੇ ਦੀ ਜਾਂ ਉਸ ਦੀ ਰਿਹਾਇਸ਼ ਵਾਲੀ ਜ਼ਮੀਨ ਉਨ੍ਹਾਂ ਦੇ ਖਾਨਦਾਨ ਦੀ ਜੱਦੀ ਜ਼ਮੀਨ ਹੈ? ਇਹ ਸਾਰੀਆਂ ਜਾਇਦਾਦਾਂ ਸ਼ਰਧਾਲੂਆਂ ਦੀ ਸੇਵਾ ਭਾਵਨਾ ਨਾਲ ਹੀ ਬਣਦੀਆਂ ਹਨ।
ਦੇਖਣ ਵਾਲੀ ਗੱਲ ਹੈ ਕਿ ਇਸ ਦੇ ਬਦਲੇ ਗਰੀਬ ਜਿਮੀਂਦਾਰਾਂ, ਕਿਸਾਨਾਂ, ਪਿੰਡ ਵਾਲਿਆਂ ਨੂੰ ਮਿਲਦਾ ਕੀ ਹੈ? ਬਾਬਿਆਂ ਦਾ ਫੋਕਾ ਆਸ਼ੀਰਵਾਦ ਜਾਂ ਆਪਣੇ ਮਨ ਨੂੰ ਕੁਝ ਧਰਵਾਸ ਕਿ ਅਸੀਂ ਧਰਮ-ਕਰਮ ਕਰ ਰਹੇ ਹਾਂ, ਮਹਾਂਪੁਰਸ਼ਾਂ ਦੀ ਸੇਵਾ ਕਰ ਰਹੇ ਹਾਂ। ਜੇ ਅਸੀਂ ਆਪਣੀ ਅਕਲ ਨੂੰ ਕੁਝ ਹੱਥ ਮਾਰੀਏ ਤਾਂ ਪਤਾ ਲੱਗੇਗਾ ਕਿ ਜੇ ਕਿਸੇ ਗਰੀਬ ਨੂੰ ਕੁਝ ਪੈਸੇ ਦੇ ਕੇ ਕੋਈ ਛੋਟਾ ਜਿਹਾ ਕੰਮ ਕਰਵਾ ਦਿਓ ਤਾਂ ਸਾਰੀ ਉਮਰ ਲਈ ਉਸ ਦੀ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਹੋ ਜਾਵੇਗਾ। ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦਾ ਖਰਚਾ ਓਟ ਲਉ, ਉਸ ਦੀ ਜਿ਼ੰਦਗੀ ਸੰਵਰ ਜਾਵੇਗੀ। ਕਿਸੇ ਗਰੀਬ ਦੀ ਕੁੜੀ ਦੇ ਵਿਆਹ ਲਈ ਉਸ ਦੇ ਮਾਂ ਪਿਉ ਦੀ ਮਦਦ ਕਰ ਦਿਉ, ਉਹ ਸਾਰੀ ਉਮਰ ਤੁਹਾਡੇ ਗੁਣ ਗਾਉਣਗੇ। ਲੋੜ ਪੈਣ `ਤੇ ਤੁਹਾਡੀ ਮਦਦ ਲਈ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਗੇ।
ਹੁਣ ਇਹ ਸੋਚੋ ਕੇ ਇਸ ਸਾਧ ਲਾਣੇ, ਬਾਬਿਆਂ ਦੀ ਮੰਡਲੀ, ਮਹਾਂਪੁਰਸ਼ਾਂ ਦੇ ਇੱਜੜ ਨੇ ਤੁਹਾਡੇ ਲਈ ਕੀ ਕੀਤਾ? ਸ਼ਾਇਦ ਜਿ਼ੰਦਗੀ ਵਿਚ ਤੁਹਾਨੂੰ ਪਹਿਲੀ ਵਾਰ ਲੋੜ ਪਈ ਕਿ ਦੂਜੇ ਵੀ ਤੁਹਾਡੀ ਹਾਂ ਦੇ ਵਿਚ ਹਾਂ ਮਿਲਾਉਣ, ਤੁਹਾਡੇ ਨਾਲ ਖੜ੍ਹਨ, ਤੁਹਾਨੂੰ ਹੌਸਲਾ ਦੇਣ ਕਿ ਘਬਰਾਉਣ ਦੀ ਲੋੜ ਨਹੀਂ, ਸਾਡੇ ਹੁੰਦੇ ਕੋਈ ਤੁਹਾਡੇ ਵੱਲ ਕੈਰੀ ਅੱਖ ਨਾਲ ਝਾਕ ਵੀ ਨਹੀਂ ਸਕਦਾ। ਕਿਸਾਨ ਤਾਂ ਆਪਣੇ ਬੁਲੰਦ ਹੌਸਲੇ ਕਰਕੇ ਹੀ ਹਰ ਮੁਸੀਬਤ ਦਾ ਟਾਕਰਾ ਕਰਨ ਦੇ ਯੋਗ ਹਨ, ਪਰ ਜਦੋਂ ਕੋਈ ਮੁਸੀਬਤ ਪੈਂਦੀ ਹੈ ਤਾਂ ਇਹ ਇਕ ਮਨੋਵਿਗਿਆਨਕ ਵਰਤਾਰਾ ਹੈ ਕਿ ਹੌਸਲਾ ਮਿਲਣ ਨਾਲ ਇਨਸਾਨ ਦੀ ਜੁਝਾਰੂ ਬਿਰਤੀ ਹੋਰ ਤੇਜ ਹੁੰਦੀ ਹੈ।
ਕਿਸਾਨਾਂ ਦੇ ਮੌਜੂਦਾ ਸੰਘਰਸ਼ ਸਮੇਂ ਸਿਰਫ ਭਾਜਪਾ ਦੇ ਕੱਟੜ ਹਮਾਇਤੀਆਂ ਨੂੰ ਛੱਡ ਕੇ ਹਰ ਫਿਰਕੇ ਨੇ ਹੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕੀਤਾ ਹੈ। ਜੇ ਕਿਸਾਨ ਅਜਿਹੀ ਬਹਾਦਰੀ ਨਾਲ ਹੈਂਕੜਬਾਜ ਸਰਕਾਰ ਨਾਲ ਮੱਥਾ ਲਾ ਰਹੇ ਹਨ ਤਾਂ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਆਮ ਜਨਤਾ ਉਨ੍ਹਾਂ ਦੇ ਨਾਲ ਖੜ੍ਹੀ ਹੈ। ਆਮ ਲੋਕਾਂ ਨੂੰ ਪ੍ਰੇਸ਼ਾਨੀ ਤਾਂ ਜਰੂਰ ਝੱਲਣੀ ਪੈ ਰਹੀ ਹੈ, ਪਰ ਕਿਉਂ ਜੋ ਆਮ ਲੋਕ ਸਚਾਈ ਤੋਂ ਭਲੀਭਾਂਤ ਜਾਣੂ ਹਨ ਕਿ ਕਿਸਾਨ ਆਪਣੀ ਹੋਂਦ ਬਣਾਈ ਰੱਖਣ ਲਈ ਸੰਘਰਸ਼ ਦੇ ਰਾਹ ਪਏ ਹਨ, ਇਸ ਲਈ ਉਹ ਆਪਣੀਆਂ ਮੁਸੀਬਤਾਂ ਭੁਲਾ ਕੇ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹਨ। ਦੂਜੇ ਪਾਸੇ ਇਹ ਸਾਧ ਲਾਣੇ ਨੂੰ ਦੇਖ ਲਓ, ਅਜੇ ਤੱਕ ਕਿਸੇ ਬਾਬੇ ਸਾਧ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ। ਇਹ ਮਰੀ ਜ਼ਮੀਰ ਵਾਲਿਆਂ ਨੇ ਇਹ ਨਹੀਂ ਕਿਹਾ ਕਿ ਅਸੀਂ ਇਨ੍ਹਾਂ ਦੇ ਲੰਗਰ ਦੇ ਇੰਤਜਾਮ ਲਈ ਆਪਣੇ ਡੇਰਿਆਂ ਵਿਚ ਇਕੱਠੀ ਕੀਤੀ ਰਸਦ ਭੇਜਦੇ ਹਾਂ, ਜੋ ਇਨ੍ਹਾਂ ਨੇ ਕਿਸਾਨਾਂ ਤੋਂ ਹੀ ਲਈ ਹੋਈ ਹੈ। ਆਪਣੇ ਡੇਰਿਆਂ ਵਿਚ ਬੈਠੀ ਵਿਹਲੜਾਂ ਦੀ ਫੌਜ ਨੂੰ ਭੇਜ ਦਿੰਦੇ ਹਾਂ, ਕਿਸਾਨਾਂ ਤੋਂ ਇਕੱਠੀ ਕੀਤੀ ਬੇਸ਼ੁਮਾਰ ਦੌਲਤ ਨਾਲ ਸਰਦੀ ਵਿਚ ਠਿਠਰ ਰਿਹਾਂ ਲਈ ਕੰਬਲ, ਗਰਮ ਕੱਪੜੇ ਭੇਜ ਦਿੰਦੇ ਹਾਂ। ਇਨ੍ਹਾਂ ਨਕਲੀ ਬਾਬਿਆਂ ਨਾਲੋਂ ਤਾਂ ਦਿੱਲੀ ਦੇ ਲੋਕ ਹੀ ਚੰਗੇ ਹਨ, ਜਿਨ੍ਹਾਂ ਨੇ ਕੰਬਲ ਵੰਡ ਦਿੱਤੇ। ਕਿਸਾਨਾਂ ਨੇ ਅਜੇ ਤੱਕ ਖਾਲਸਾ ਏਡ ਵਾਲਿਆਂ ਜਾਂ ਐਸ. ਪੀ. ਓਬਰਾਏ ਦੀ ਸਰਬੱਤ ਦਾ ਭਲਾ ਚੈਰੀਟੇਬਲ ਸੰਸਥਾ ਨੂੰ ਤਾਂ ਕੁਝ ਨਹੀਂ ਦਿੱਤਾ, ਪਰ ਉਹ ਤਾਂ ਕਰੋੜਾਂ ਰੁਪਏ ਦੀ ਸਹਾਇਤਾ ਕਰ ਰਹੇ ਹਨ। ਹਰਿਆਣਾ ਦੇ ਲੋਕਾਂ ਜਾਂ ਕਿਸਾਨਾਂ ਦੀ ਤਾਂ ਪੰਜਾਬ ਦੇ ਕਿਸਾਨਾਂ ਨੇ ਕੋਈ ਮਦਦ ਨਹੀਂ ਕੀਤੀ, ਪਰ ਉਹ ਤਾਂ ਖੁੱਲ੍ਹੇ ਦਿਲ ਨਾਲ ਪੰਜਾਬ ਦੇ ਕਿਸਾਨਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ। ਹਰਿਆਣਾ, ਦਿੱਲੀ ਦੇ ਨੇੜੇ-ਤੇੜੇ ਦੀਆਂ ਮੁਟਿਆਰਾਂ, ਬਜੁਰਗ ਔਰਤਾਂ ਲੰਗਰ ਤਿਆਰ ਕਰਨ ਦੀ ਸੇਵਾ ਕਰ ਰਹੀਆਂ ਹਨ। ਲੋਕਾਂ ਨੇ ਧਰਨੇ `ਤੇ ਬੈਠੇ ਲੋਕਾਂ ਨੂੰ ਇਸ਼ਨਾਨ ਕਰਨ, ਜੰਗਲ ਪਾਣੀ ਦੀ ਸਹੂਲਤ ਲਈ ਆਪਣੇ ਘਰਾਂ ਦੇ ਦਰਵਾਜੇ ਖੋਲ੍ਹ ਰੱਖੇ ਹਨ, ਲੱਕੜਾਂ ਦੀਆਂ ਟਰਾਲੀਆਂ ਆ ਰਹੀਆਂ ਹਨ। ਕਿਸ ਲਈ? ਇਨਸਾਨੀਅਤ ਦੇ ਨਾਤੇ; ਪਰ ਲੋਕਾਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਵਾਲੇ ਆਪ ਇਸ ਤੋਂ ਕੋਰੇ ਹੀ ਹਨ।
ਸਾਧ ਲਾਣਾ ਤਾਂ ਆਪਣੀ ਵਖਰੀ ਹੀ ਡਫਲੀ ਵਜਾ ਰਿਹਾ ਹੈ। ਇਕ ਬਾਬਾ ਜਾਂ ਭਾਈ ਜਿਸ ਨੂੰ ਸਿਰ ਤੋਂ ਪੈਰਾਂ ਤੱਕ ਇਕੋ ਰੰਗ ਦੇ ਚੋਲੇ ਪਾਉਣ ਦਾ ਝੱਲ ਚੜ੍ਹਿਆ ਹੋਇਆ ਹੈ, ਜੋ ਬਾਬਾ ਘੱਟ, ਮਾਡਲ ਜਿ਼ਆਦਾ ਲੱਗਦਾ ਹੈ, ਇਕ ਦਿਨ ਵੀ ਕਿਸਾਨਾਂ ਦੇ ਕਿਸੇ ਮੋਰਚੇ ਦਾ ਚੱਕਰ ਲਾ ਕੇ ਨਹੀਂ ਆਇਆ। ਸ਼ਰਤ ਇਹ ਰੱਖਦਾ ਹੈ ਕਿ ਪਹਿਲਾਂ ਇਸ ਚੀਜ਼ ਦਾ ਲੰਗਰ ਬੰਦ ਕਰੋ, ਉਸ ਚੀਜ਼ ਜਾ ਬੰਦ ਕਰੋ। ਓ ਭਲੇ ਮਾਣਸਾ! ਧਰਨੇ `ਤੇ ਬੈਠੇ ਕਿਸਾਨ ਤਾਂ ਇਨ੍ਹਾਂ ਚੀਜ਼ਾਂ ਦੀ ਮੰਗ ਨਹੀਂ ਕਰ ਰਹੇ। ਹੁਣ ਜੇ ਹਰਿਆਣਾ, ਪੰਜਾਬ ਦੇ ਪਿੰਡਾਂ ਵਿਚ ਦੁੱਧ ਘਿਓ ਦੀ ਬਹੁਤਾਤ ਹੈ ਤਾਂ ਜੇ ਪਿੰਨੀਆਂ ਬਣ ਕੇ ਆ ਗਈਆਂ ਤਾਂ ਕੀ ਹਰਜ ਹੈ? ਇਹ ਪਿੰਨੀਆਂ ਦਾ ਲੰਗਰ ਤਾਂ ਉਥੇ ਆਉਣ ਜਾਣ ਵਾਲਿਆਂ ਨੂੰ ਵੀ ਵਰਤਾਇਆ ਜਾਂਦਾ ਹੈ। ਜੇ ਕਿਸਾਨਾਂ ਵਰਗੀ ਹਿੰਮਤ ਹੈ ਤਾਂ ਮੋਰਚੇ ਵਿਚ ਜਾ ਕੇ ਉਨ੍ਹਾਂ ਨੂੰ ਦੇ ਹੱਕ ਦੀ ਗੱਲ ਕਰੋ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਗਲਤ ਹੋ ਰਿਹਾ ਹੈ, ਉਸ ਸਬੰਧੀ ਦੱਸ ਵੀ ਆਉ। ਪਰ ਲੱਗਦਾ ਹੈ ਕਿ ਕੇਂਦਰੀ ਸਰਕਾਰ ਦਾ ਪ੍ਰਭਾਵ ਹੈ। ਇਨ੍ਹਾਂ ਦਾ ਤਾਂ ਗੋਦੀ ਮੀਡੀਆ ਵਾਲਾ ਹਾਲ ਹੈ, ਜੋ ਇਕ ਦਿਨ ਪੀਜ਼ੇ ਵਰਤਾਉਣ ਦੀ ਘਟਨਾ ਨੂੰ ਹੀ ਵਾਰ ਵਾਰ ਦੁਹਰਾਈ ਜਾਂਦੇ ਹਨ।
ਇਸੇ ਤਰ੍ਹਾਂ ਹੀ ਇਕ ਅਖੌਤੀ ਪ੍ਰਚਾਰਕ, ਜੋ ਵਿਦੇਸ਼ੀ ਧਰਤੀ `ਤੇ ਬੈਠਾ ਹੈ, ਨੇ ਸਿੱਖ ਧਰਮ ਦੇ ਹਰ ਸਿਧਾਂਤ ਦੀ ਹੀ ਵਿਰੋਧਤਾ ਕਰਨਾ ਆਪਣਾ ਮਕਸਦ ਬਣਾਇਆ ਹੋਇਆ ਹੈ। ਉਹ ਹੁਣ ਕਿਸਾਨੀ ਅੰਦੋਲਨ ਦੇ ਵਿਰੁੱਧ ਵੀ ਕੂੜ ਪ੍ਰਚਾਰ ਕਰ ਰਿਹਾ ਹੈ। ਉਸ ਅਨੁਸਾਰ, ਭੀੜ ਦਿਮਾਗ ਨਾਲ ਨਹੀਂ ਸੋਚਦੀ, ਸਗੋਂ ਸਰੀਰ ਦੇ ਗਰਦਨ ਦੇ ਹੇਠਲੇ ਹਿੱਸੇ ਦੀ ਵਰਤੋਂ ਜਿਆਦਾ ਕਰਦੀ ਹੈ। ਉਸ ਦੇ ਕਹਿਣ ਦਾ ਭਾਵ ਹੈ ਕਿ ਭੀੜ ਹਿੰਸਕ ਹੋ ਜਾਂਦੀ ਹੈ। ਉਸ ਆਪੇ ਥਾਪੇ ਪ੍ਰਚਾਰਕ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਦੋਂ ਦਾ ਇਹ ਸੰਘਰਸ਼ ਵਿਢਿਆ ਗਿਆ ਹੈ, ਪੂਰਾ ਸ਼ਾਂਤਮਈ ਚੱਲ ਰਿਹਾ ਹੈ। ਤੋੜ ਫੋੜ ਦੀ ਇਕ ਵੀ ਘਟਨਾ ਨਹੀਂ ਵਾਪਰੀ। ਇਹ ਵਰਤਾਰਾ ਆਪਣੇ ਆਪ ਵਿਚ ਮਿਸਾਲ ਹੈ। ਇਸ ਪ੍ਰਚਾਰਕ ਨਾਲ ਟੈਲੀਫੋਨ `ਤੇ ਵਾਰਤਾ ਕਰ ਰਿਹਾ ਇਕ ਸੱਜਣ 1984 ਦੇ ਦੁਖਾਂਤ ਦਾ ਹਵਾਲਾ ਦੇ ਕੇ ਕਿਸਾਨਾਂ ਨੂੰ ਖਬਰਦਾਰ ਕਰ ਰਿਹਾ ਸੀ ਕਿ ਉਨ੍ਹਾਂ ਨਾਲ ਵੀ ਉਹੋ ਕੁਝ ਵਾਪਰ ਸਕਦਾ ਹੈ। ਹੁਣ ਇਨ੍ਹਾਂ ਆਪ ਬਣੇ ਵਿਦਵਾਨਾਂ ਨੂੰ ਕੌਣ ਸਮਝਾਏ ਕਿ ਦੋਹਾਂ ਹਾਲਾਤ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹੋ ਨਹੀਂ, ਇਹ ਬੰਦਾ ਕਿਸਾਨਾਂ ਪ੍ਰਤੀ ਅਜਿਹਾ ਕੁਫਰ ਤੋਲ ਰਿਹਾ ਹੈ, ਜੋ ਅਜੇ ਤੱਕ ਗੋਦੀ ਮੀਡੀਆ ਨੇ ਵੀ ਨਹੀਂ ਤੋਲਿਆ।
ਇਹੋ ਹਾਲ ਬਾਕੀ ਡੇਰੇ ਵਾਲਿਆਂ ਦਾ ਹੈ, ਜੋ ਮੂੰਹ ਵਿਚ ਘੁੰਗਣੀਆਂ ਪਾਈ ਬੈਠੇ ਹਨ। ਅਜੇ ਤੱਕ ਜੋ ਕਿਸਾਨਾਂ ਦੇ ਸਿਰ `ਤੇ ਐਸ਼ ਕਰਿੰਦੇ ਰਹੇ ਹਨ, ਉਹ ਕਿਸਾਨਾਂ ਲਈ ਮੂੰਹ ਖੋਲ੍ਹਣ ਤੋਂ ਵੀ ਆਕੀ ਹਨ। ਕਿਸਾਨਾਂ ਨੂੰ ਭਵਿੱਖ ਵਿਚ ਅਜਿਹੇ ਅਕ੍ਰਿਤਘਣਾ ਤੋਂ ਬਚ ਕੇ ਰਹਿਣ ਚਾਹੀਦਾ ਹੈ। ਇਹ ਅਖੌਤੀ ਸਾਧ ਲਾਣਾ ਬੜਾ ਸ਼ਾਤਰ ਹੈ, ਜਿਸ ਥਾਲੀ ਖਾਂਦਾ ਹੈ, ਉਸੇ ਵਿਚ ਛੇਕ ਕਰਦਾ ਹੈ। ਕਿਸਾਨ ਨੂੰ ਇਨ੍ਹਾਂ ਦੀ ਪੁਸ਼ਤ ਪਨਾਹੀ ਬੰਦ ਕਰਨੀ ਚਾਹੀਦੀ ਹੈ। ਜਿਹੜੇ ਦਾਣੇ ਇਨ੍ਹਾਂ ਵਿਹਲੜਾਂ ਦੀਆਂ ਟਰਾਲੀਆਂ ਵਿਚ ਲੱਦ ਦਿੰਦੇ ਸੀ, ਉਹ ਗਰੀਬਾਂ, ਝੁੱਗੀ-ਝੋਂਪੜੀ ਵਾਲਿਆਂ ਨੂੰ ਦਿਓ। ਜਦੋਂ ਮੁੜ ਕੇ ਤੁਹਾਡੇ ਖੇਤਾਂ ਵੱਲ ਮੂੰਹ ਕਰਨ ਤਾਂ ਇਨ੍ਹਾਂ ਨੂੰ ਮੂੰਹ ਨਾ ਲਾਈਓ। ਇਹ ਨਾ ਤੁਹਾਡਾ ਕੁਝ ਸਵਾਰ ਸਕਦੇ ਹਨ, ਨਾ ਵਿਗਾੜ ਸਕਦੇ ਹਨ। ਇਨ੍ਹਾਂ ਦੇ ਮੱਕੜ ਜਾਲ ‘ਚੋਂ ਨਿਕਲਣਾ ਸਮੇਂ ਦੀ ਮੰਗ ਵੀ ਹੈ ਅਤੇ ਲੋੜ ਵੀ। ਇਹ ਤਾਂ ਕੋਈ ਨਾ ਕੋਈ ਬਹਾਨਾ ਲਾ ਰਹੇ ਹਨ, ਪਰ ਕਿਸਾਨਾਂ ਨੂੰ ਇਹ ਪੱਕਾ ਦਾਈਆ ਕਰ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਨੂੰ ਹਰ ਚੀਜ਼ ਲਈ ਦੋ ਟੁੱਕ ਜਵਾਬ ਦਿਉ ਅਤੇ ਇਹ ਪੁੱਛੋ ਕੇ ਤੁਹਾਨੂੰ ਕਿਸ ਨੇ ਆਮ ਲੋਕਾਂ ਉਪਰ ਰੱਬ ਦੀ ਕ੍ਰਿਪਾ ਦ੍ਰਿਸ਼ਟੀ ਕਰਵਾਉਣ ਲਈ ਵਿਚੋਲਾ ਬਣਾਇਆ ਹੈ?