‘ਜਪੁਜੀ’ ਅਤੇ ਅੱਜ ਦੇ ਸਿੱਖ

ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ
ਡਾ. ਗੋਬਿੰਦਰ ਸਿੰਘ ਸਮਰਾਓ ਦੇ ‘ਜਪੁਜੀ’ ਬਾਰੇ ਗਿਆਨ ਤੋਂ ਉਪਰ ਵਿਗਿਆਨ ਦੀ ਰੌਸ਼ਨੀ ਵਿਚ ਲੜੀਵਾਰ ਛਪੇ ਲੇਖ ਉਨ੍ਹਾਂ ਦੀ ਗੁਰੂ ਨਾਨਕ ਅਤੇ ਉਨ੍ਹਾਂ ਦੀ ਬਾਣੀ ਪ੍ਰਤੀ ਅਟੁੱਟ ਆਸਥਾ ਬਿਆਨ ਕਰਦੇ ਹਨ। ਉਨ੍ਹਾਂ ਇਸ ਕਾਰਜ ਲਈ ਕਾਫੀ ਮਿਹਨਤ ਕੀਤੀ, ਉਹ ਵੀ ਪ੍ਰਤੱਖ ਨਜ਼ਰ ਆਉਂਦੀ ਹੈ, ਪਰ ਵਿਚਾਰਨ ਵਾਲੀ ਗੱਲ ਇਹ ਹੈ: ਕੀ ਸਿੱਖ ਇੰਨੀਆਂ ਡੂੰਘਾਈਆਂ ਵਿਚ ਉਤਰਨਗੇ? ਜੱਗ ਜਾਹਰ ਹੈ ਕਿ ਸਿੱਖਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਬਹੁਤ ਘੱਟ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਪੰਜਾਬੀਆਂ ਦਾ ਆਪਣਾ, ਪੰਜਾਬੀ ਭਾਸ਼ਾ ਦਾ ਕੋਈ ਵੀ ਮਾਸਿਕ, ਪੰਦਰਵਾੜਾ ਜਾਂ ਹਫਤਾਵਾਰੀ ਰਸਾਲਾ ਨਹੀਂ ਹੈ, ਜੋ ਦੂਜੀਆਂ ਭਾਰਤੀ ਸਮਕਾਲੀ ਭਾਸ਼ਾਵਾਂ ਦੇ ਮੁਕਾਬਲੇ ਖਲੋ ਸਕੇ।

ਸਿੱਖਾਂ ਵਿਚ ਸਮਾਜਕ ਤੇ ਧਾਰਮਕ ਜਾਗ੍ਰਿਤੀ ਦੀ ਅਣਹੋਂਦ ਪਿੱਛੇ ਸਿੱਖਾਂ ਦਾ ਪੁਸਤਕਾਂ ਨਾ ਪੜ੍ਹਨ ਦੀ ਆਦਤ ਸਭ ਤੋਂ ਵੱਡਾ ਕਾਰਨ ਹੈ। ਪੁਸਤਕਾਂ ਪੜ੍ਹਨ ਨਾਲ ਬੰਦੇ ਅੰਦਰ ਗਿਆਨ ਦੀ ਲੋਅ ਜਗਦੀ ਹੈ, ਜੋ ਉਸ ਅੰਦਰ ਪੈਦਾ ਹੋਈ ਸਮਾਜਕ ਅਤੇ ਧਾਰਮਕ ਅਗਿਆਨਤਾ ਨੂੰ ਦੂਰ ਕਰਦੀ ਹੈ ਅਤੇ ਬੰਦਾ ਗਿਆਨੀ ਬਣ ਕੇ ਸਮਾਜ ਵਿਚ ਫੈਲੀਆਂ ਬੁਰਾਈਆਂ ਵਿਰੁੱਧ ਡਟ ਕੇ ਖਲੋਂਦਾ ਹੈ। ਪੁਸਤਕਾਂ ਨਾ ਪੜ੍ਹਨ ਕਾਰਨ ਹੀ ਸਿੱਖਾਂ ਵਿਚ ਆਪਣੇ ਧਰਮ ਅਤੇ ਸਮਾਜ ਪ੍ਰਤੀ ਸਵੈਮਾਣ ਦੀ ਭਾਵਨਾ ਹੌਲੀ-ਹੌਲੀ ਮੱਧਮ ਪੈ ਜਾਂਦੀ ਹੈ। ਜੇ ਸਿੱਖਾਂ ਅੰਦਰ ਆਪਣੇ ਆਪ ਅਤੇ ਸਿੱਖ ਧਰਮ ਪ੍ਰਤੀ ਮਾਣ ਦਾ ਜਜ਼ਬਾ ਸਦੈਵ ਜਾਗ੍ਰਿਤ ਰਹਿੰਦਾ ਤਾਂ ਸਿੱਖ ਧਰਮ ਦੇ ਮੰਨਣ ਵਾਲਿਆਂ ਦੀ ਗਿਣਤੀ ਅੱਜ ਦੇਸ਼ ਦੀ ਆਬਾਦੀ ਦੇ ਦੋ ਪ੍ਰਤੀਸ਼ਤ ਤੱਕ ਹੀ ਨਾ ਅਟਕੀ ਹੁੰਦੀ। ਫਿਰ ਵੀ ਡਾ. ਸਮਰਾਓ ਦੇ ਇਸ ਯਤਨ ਲਈ ਉਨ੍ਹਾਂ ਦੀ ਭਰਪੂਰ ਸਰਾਹਨਾ ਕਰਨੀ ਚਾਹੀਦੀ ਹੈ। ਭਵਿੱਖ ਵਿਚ ਜੇ ਕੋਈ ਸਿੱਖ ਡਾ. ਸਮਰਾਓ ਦੇ ਵਿਗਿਆਨਕ ਨਜ਼ਰੀਏ ਨਾਲ ‘ਜਪੁਜੀ’ ਦੇ ਅਰਥ ਪੜ੍ਹਨੇ ਚਾਹੇਗਾ ਤਾਂ ਉਸ ਨੂੰ ਨਿਰਾਸ਼ ਨਹੀਂ ਹੋਣਾ ਪਵੇਗਾ। ਉਸ ਦੀ ਜਿਗਿਆਸਾ ਦੀ ਪੂਰਤੀ ਲਈ ਇਹ ਸਾਰੇ ਲੇਖ ਪੁਸਤਕ ਦੇ ਰੂਪ ਵਿਚ ਜ਼ਰੂਰ ਮਿਲਣਗੇ।
ਮੁੱਢ ਤੋਂ ਹੀ ‘ਜਪੁਜੀ’ ਸਮੇਤ ਸਾਰੀ ਬਾਣੀ ਦੇ ਟੀਕੇ ਹੁੰਦੇ ਆਏ ਹਨ, ਜੋ ਸਾਧਾਰਨ ਸਿੱਖ ਦੀ ਸਮਝ ਤੋਂ ਬਾਹਰ ਹੀ ਰਹੇ ਹਨ। ਇਹ ਇੰਨੇ ਵਲ-ਵਲੇਂਵਿਆਂ ਵਾਲੇ ਹੁੰਦੇ ਹਨ ਕਿ ਸਹੀ ਅਰਥ ਸਮਝਣਾ ਔਖਾ ਲੱਗਦਾ ਹੈ। ਟੀਕਾਕਾਰ ਇਕ ਤੁਕ ਦੇ ਅਰਥ ਕਰਨ ਲੱਗਿਆਂ ਆਪਣੀ ਸਾਰੀ ਵਿਦਵਤਾ ਦਾ ਵਿਖਿਆਨ ਕਰਨ ਲੱਗ ਪੈਂਦੇ ਹਨ। ਦੋ ਲਾਈਨਾਂ ਦੀ ਤੁਕ ਦਾ ਸਰਲ ਅਰਥ ਵੱਧ ਤੋਂ ਵੱਧ ਚਾਰ ਲਾਈਨਾਂ ਵਿਚ ਹੋ ਸਕਦਾ ਹੈ, ਪਰ ਟੀਕਾਕਾਰ ਚਾਰ ਲਾਈਨਾਂ ਨਹੀਂ, ਪੂਰਾ ਸਫਾ ਵੀ ਨਹੀਂ, ਉਸ ਤੋਂ ਵੀ ਅੱਗੇ ਜਾਵੇਗਾ, ਜਿਸ ਵਿਚ ਉਹ ਵੱਧ ਤੋਂ ਵੱਧ ਮਿਸਾਲਾਂ ਦੇ ਕੇ ਇੰਜ ਪ੍ਰਭਾਵ ਦੇਣ ਦਾ ਯਤਨ ਕਰੇਗਾ ਕਿ ਉਹ ਪੂਰਨ ਗਿਆਨੀ ਹੈ। ਲੱਗਦਾ ਹੈ, ਜਿਵੇਂ ਤੁਸੀਂ ਕਿਸੇ ਨੂੰ ਕਿਸੇ ਗਲੀ ਬਾਰੇ ਪੁੱਛੋ ਅਤੇ ਉਹ ਤੁਹਾਨੂੰ ਉਸ ਗਲੀ ਬਾਰੇ ਸਪਸ਼ਟ ਦੱਸਣ ਤੋਂ ਪਹਿਲਾਂ ਪਿੰਡ ਦੀ, ਫਿਰ ਬਲਾਕ ਦੀ, ਫਿਰ ਤਹਿਸੀਲ ਤੇ ਸਾਰੇ ਜਿਲੇ ਬਾਰੇ ਵੇਰਵੇ ਸਹਿਤ ਦੱਸਣ ਲੱਗ ਪਵੇ ਅਤੇ ਫਿਰ ਅਖੀਰ ਵਿਚ ਗਲੀ ਦੀ ਦਿਸ਼ਾ ਵੱਲ ਇਸ਼ਾਰਾ ਮਾਤਰ ਕਰ ਦੇਵੇ!
ਆਮ ਤੌਰ ‘ਤੇ ਅਸੀਂ ਦੇਖਦੇ ਹਾਂ ਕਿ ਗੁਰਦੁਆਰਿਆਂ ਵਿਚ ਕਥਾ ਕਰਨ ਦਾ ਰੁਝਾਨ ਹੁਣ ਆਮ ਹੋ ਗਿਆ ਹੈ। ਅੱਜ ਕੱਲ੍ਹ ਕਥਾਕਾਰ ਆਪਣੀ ਯੋਗਤਾ ਵਜੋਂ ਕਿਸੇ ਟਕਸਾਲ ਦਾ ਨਾਮ ਆਪਣੇ ਨਾਮ ਨਾਲ ਜ਼ਰੂਰ ਜੋੜਦੇ ਹਨ। ਜੱਗ ਜਾਹਰ ਹੈ ਕਿ ਟਕਸਾਲਾਂ ਵੱਖ-ਵੱਖ ਵਿਚਾਰਧਾਰਾਵਾਂ ਵਿਚ ਵੰਡੀਆਂ ਹੋਈਆਂ ਹਨ। ਉਹ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕਦੀਆਂ ਹਨ, ਪਰ ਨਾਲ ਹੀ ਦਸਮ ਗ੍ਰੰਥ ਨੂੰ ਵੀ ਪੂਜਦੀਆਂ ਹਨ। ਹੁਣ ਜੇ ਕੋਈ ਟਕਸਾਲੀ ਕਥਾਵਾਚਕ ਕਥਾ ਕਰੇਗਾ ਤਾਂ ਉਸ ਦੇ ਵਿਚਾਰਾਂ ‘ਤੇ ਦਸਮ ਗ੍ਰੰਥ ਦੀ ਛਾਪ ਵੀ ਸਪਸ਼ਟ ਨਜ਼ਰ ਆਵੇਗੀ। ਇਹੋ ਕਥਾਵਾਚਕ ਜੇ ਮਿਸ਼ਨਰੀ ਕਾਲਜ ਤੋਂ ਹੋਏਗਾ ਤਾਂ ਉਸ ਦਾ ਅਰਥ ਕਰਨ ਦਾ ਨਜ਼ਰੀਆ ਵੱਖਰਾ ਹੋਏਗਾ। ਹੁਣ ਸੰਗਤ ਕਿਸ ਅਰਥ ਨੂੰ ਸਹੀ ਮੰਨੇ? ਅਜਿਹੀਆਂ ਦੁਬਿਧਾਵਾਂ ਦਾ ਹੀ ਅਸਰ ਹੈ ਕਿ ਸਿੱਖ ਧਾਰਮਕ ਪੱਖੋਂ ਅਸੁਰੱਖਿਅਤ ਅਤੇ ਕਮਜ਼ੋਰ ਹੋ ਕੇ ਹੋਰ ਪਾਸਿਆਂ ਵੱਲ ਝਾਕਣ ਲੱਗ ਪਏ ਹਨ।
ਪਹਿਲੀ ਤੇ ਸਭ ਤੋਂ ਅਹਿਮ ਗੱਲ ਸਾਨੂੰ ਇਹ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਗੁਰੂ ਨਾਨਕ ਰਚਿਤ ‘ਜਪੁਜੀ’ ਅਜਿਹੀ ਬਾਣੀ ਹੈ, ਜਿਸ ਦਾ ਕੋਈ ਸਾਨੀ ਨਹੀਂ। ਜਦੋਂ ਕੋਈ ਟੀਕਾਕਾਰ ਗੁਰੂ ਨਾਨਕ ਦੀ ਬਾਣੀ ਦਾ ਅਰਥ ਕਰਨ ਲੱਗਿਆਂ ਪ੍ਰਚਲਿਤ ਹਿੰਦੂ ਦੇਵਤਿਆਂ ਤੇ ਦੇਵੀਆਂ ਦੇ ਪੁਜਾਰੀ ਭਗਤਾਂ ਦੀਆਂ ਮਿਸਾਲਾਂ ਦਿੰਦੇ ਹਨ ਤਾਂ ਉਹ ਗੁਰੂ ਨਾਨਕ ਨੂੰ ਅਰਸ਼ ਤੋਂ ਫਰਸ਼ ‘ਤੇ ਲੈ ਆਉਂਦੇ ਹਨ। ਗੁਰੂ ਨਾਨਕ ਪ੍ਰਮਾਣਿਤ ਸੱਚ ਦੀਆਂ ਗੱਲਾਂ ਕਰਦੇ ਹਨ, ਜਦੋਂ ਕਿ ਤਮਾਮ ਦੇਵਤੇ, ਦੇਵੀਆਂ, ਪੀਰ, ਪੈਗੰਬਰ ਦੁਨੀਆਵੀ ਮਿਥਿਹਾਸ ‘ਤੇ ਆਧਾਰਿਤ ਬਾਤਾਂ ਪਾਉਂਦੇ ਹਨ, ਜੋ ਹਕੀਕਤ ਵਿਚ ਖਰੀਆਂ ਨਹੀਂ ਹੁੰਦੀਆਂ; ਪਰ ਧਰਮ ਦੇ ਅੰਨ੍ਹੇ ਕੀਤੇ, ਪੜ੍ਹੇ-ਲਿਖੇ ਸੁਜਾਖੇ ਲੋਕ ਇਨ੍ਹਾਂ ਕਹਾਣੀਆਂ ਨੂੰ ਜਦੋਂ ਸਤਿ ਬਚਨ ਕਰਕੇ ਮੰਨਦੇ ਹਨ ਤਾਂ ਅਕਲ ਦਾ ਇਸ ਤੋਂ ਵੱਡਾ ਤਮਾਸ਼ਾ ਹੋਰ ਕੀ ਹੋ ਸਕਦਾ ਹੈ?
ਗੁਰੂ ਨਾਨਕ ਕੋਈ ਅਜਿਹਾ ਕੰਮ ਨਹੀਂ ਕਰਦੇ, ਜੋ ਉਨ੍ਹਾਂ ਨੂੰ ਖੁਦ ਸਹੀ ਨਹੀਂ ਲੱਗਦਾ। ਗੁਰੂ ਨਾਨਕ ਅਜਿਹੀ ਕਿਸੇ ਵੀ ਗੱਲ ‘ਤੇ ਯਕੀਨ ਨਹੀਂ ਕਰਦੇ, ਜੋ ਉਨ੍ਹਾਂ ਨੂੰ ਖੁਦ ਤਸੱਲੀਬਖਸ਼ ਨਹੀਂ ਲਗਦੀ। ਮਿਸਾਲ ਦੇ ਤੌਰ ‘ਤੇ ਜਦੋਂ ਗੁਰੂ ਨਾਨਕ ਨੇ ਆਪਣੇ ਪਿਤਰੀ ਹਿੰਦੂ ਧਰਮ ਦੀ ਰੀਤ ਦੇ ਕਾਰਨ ਵਜੋਂ ਜਨੇਊ ਧਾਰਨ ਕਰਨ ਤੋਂ ਇਨਕਾਰ ਕੀਤਾ ਤਾਂ ਉਹ ਮਾਨਸਿਕ ਤੌਰ ‘ਤੇ ਇਸ ਗੱਲੋਂ ਨਿਸ਼ਚਿਤ ਸਨ ਕਿ ਜਨੇਊ ਦੇ ਧਾਗੇ ਦੀ ਅਹਿਮੀਅਤ ਬਾਰੇ ਜੋ ਦੱਸਿਆ ਗਿਆ ਹੈ, ਉਹ ਜ਼ਰੂਰ ਹੀ ਬੇਬੁਨਿਆਦ ਹੈ। ਜਦੋਂ ਉਹ ਇਨਕਾਰ ਕਰਦੇ ਹਨ ਤਾਂ ਜਨੇਊ ਦੇ ਮੁੱਦਈ ਕੋਈ ਵੀ ਦੇਵਤਾ ਜਾਂ ਦੇਵੀ ਗੁਰੂ ਨਾਨਕ ਦੇ ਇਨਕਾਰ ਕਰਨ ‘ਤੇ ਕ੍ਰੋਧਿਤ ਹੋ ਕੇ ਸਰਾਪ ਨਹੀਂ ਦਿੰਦੇ।
ਗੁਰੂ ਨਾਨਕ ਨੇ ਆਪਣੇ ਸਮੇਂ ਦੇ ਹਿੰਦੋਸਤਾਨ ਵਿਚ ਪ੍ਰਚਲਿਤ ਮੁੱਖ ਦੋ ਧਰਮਾਂ ਬਾਰੇ ਜੋ ਦੇਖਿਆ ਤੇ ਸੁਣਿਆ, ਉਪਰ ਡੂੰਘੀਆਂ ਵਿਚਾਰਾਂ ਕੀਤੀਆਂ ਅਤੇ ਦੋਵਾਂ ਧਰਮਾਂ ਦੀਆਂ ਸਮਾਜਕ ਤੇ ਧਾਰਮਕ ਰੀਤੀ-ਰਿਵਾਜਾਂ ਬਾਰੇ ਖੁਦ ਦੇ ਵਿਚਾਰ ਤੈਅ ਕੀਤੇ। ਉਨ੍ਹਾਂ ਅਨੁਭਵ ਕੀਤਾ ਕਿ ਸਾਰੇ ਹੀ ਧਰਮਾਂ ਦੇ ਪੈਗੰਬਰ, ਜੋ ਆਪਣੇ ਆਪ ਨੂੰ ਰੱਬ ਅਖਵਾਉਂਦੇ ਹਨ ਅਤੇ ਕਿਸੇ ਨਾ ਕਿਸੇ ਰੂਪ ਵਿਚ ਇਸ ਬ੍ਰਹਿਮੰਡ, ਭਾਵ ਸਾਰੀ ਕਾਇਨਾਤ ‘ਤੇ ਆਪਣੀ ਖੁਦਮੁਖਤਾਰੀ ਦੀਆਂ ਗੱਲਾਂ ਕਰਦੇ ਹਨ, ਗਲਤ ਹੈ। ਉਨ੍ਹਾਂ ਦੇਖਿਆ ਕਿ ਬ੍ਰਹਿਮੰਡ ਵਿਚ ਸੂਰਜ, ਚੰਦਰਮਾ, ਹਵਾ, ਪਾਣੀ, ਬਨਸਪਤੀ ਅਤੇ ਹੋਰ ਬਾਕੀ ਸਾਰੀਆਂ ਕੁਦਰਤੀ ਕਿਰਿਆਵਾਂ ਬਿਨਾ ਕਿਸੇ ਧਾਰਮਕ ਜਾਂ ਸਮਾਜਕ ਵਿਤਕਰੇ ਦੇ ਹਰ ਮਨੁੱਖ, ਭਾਵੇਂ ਉਹ ਅਮੀਰ ਹੈ ਜਾਂ ਗਰੀਬ, ਉਤੇ ਇੱਕੋ ਜਿਹੀਆਂ ਮਿਹਰਬਾਨ ਹਨ। ਫਿਰ ਇਹ ਕਿਵੇਂ ਬ੍ਰਹਿਮੰਡ ‘ਤੇ ਆਪਣੀ ਖੁਦਮੁਖਤਾਰੀ ਦੇ ਦਾਅਵੇ ਕਰਦੇ ਹਨ? ਇਹ ਸਭ ਮਿੱਥਿਆ ਹਨ। ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਇਸ ਬ੍ਰਹਿਮੰਡ ਦਾ ਕਰਤਾ ਕੋਈ ਹੋਰ ਹੈ ਅਤੇ ਇਸ ਦੀ ਸੰਰਚਨਾ ਵਿਚ ਜੋ ਇੱਕਰੂਪਤਾ ਹੈ, ਇਸ ਤੋਂ ਸਪਸ਼ਟ ਹੈ ਕਿ ਉਹ ਨਿਸ਼ਚਿਤ ਤੌਰ ‘ਤੇ ਸਿਰਫ ਇੱਕ ਹੈ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਸ ਦੀ ਕੋਈ ਪਛਾਣ ਨਹੀਂ। ਉਹਦਾ ਕੋਈ ਚਿਹਰਾ ਮੁਹਰਾ ਨਹੀਂ, ਇਸ ਲਈ ਉਹ ਅਕਾਲ ਮੂਰਤ ਹੈ। ਉਸ ਦਾ ਨਾਮ ਵੀ ਨਹੀਂ ਪਤਾ। ਉਹ ਅਨਾਮ ਹੈ। ਉਸ ਦੇ ਲਿੰਗ ਦਾ ਵੀ ਪਤਾ ਨਹੀਂ। ਇਸ ਲਈ ਉਹ ਨਿਸ਼ਚਿਤ ਤੌਰ ‘ਤੇ ਯੋਨੀ ਤੋਂ ਮੁਕਤ ਹੈ। ਸਭ ਤੋਂ ਅਹਿਮ ਗੱਲ ਜੋ ਉਨ੍ਹਾਂ ਨੂੰ ਸਹੀ ਲੱਗੀ ਕਿ ਕਰਤੇ ਦੀਆਂ ਕਿਰਤਾਂ ਅਤੇ ਕਾਰਜ ਪ੍ਰਣਾਲੀ ਸੱਚ ਹੈ ਤੇ ਸਿਰਫ ਸੱਚ ਹੈ। ਗੁਰੂ ਨਾਨਕ ਨੇ ਪਾਇਆ ਕਿ ਉਸ ਦੀ ਸੰਰਚਨਾ ਯੁੱਗਾਂ ਤੋਂ ਅਟੱਲ ਸੱਚ ਹੈ। ਇਸੇ ਲਈ ਉਨ੍ਹਾਂ ਨੇ ਸਿਰਫ ਸੱਚ ਅਤੇ ਸੱਚ ਦੀ ਹੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਸੇ ਵੀ ਸਮਕਾਲੀ ਪੈਗੰਬਰ ਜਾਂ ਦੇਵੀ-ਦੇਵਤੇ ਅਤੇ ਉਨ੍ਹਾਂ ਦੇ ਕਿਸੇ ਵੀ ਧਰਮ ਗ੍ਰੰਥ ਦੀ ਕਿਸੇ ਵੀ ਗੱਲ ਨੂੰ ਮਾਨਤਾ ਨਹੀਂ ਦਿੱਤੀ; ਉਲਟਾ ਉਨ੍ਹਾਂ ਦੀਆਂ ਕਾਰਜ ਵਿਧੀਆਂ ‘ਤੇ ਸਵਾਲ ਕੀਤੇ ਅਤੇ ਸਹੀ ਮਾਰਗ ਵੀ ਸੁਝਾਏ ਹਨ।
ਗੁਰੂ ਨਾਨਕ ਨੇ ਜਦੋਂ ਕਰਤੇ ਦੀਆਂ ਅਸੀਮ ਸ਼ਕਤੀਆਂ ਅਤੇ ਬੇਅੰਤ ਵਰਤਾਰੇ ਦੇ ਸੱਚ ਨੂੰ ਪੱਲੇ ਬੰਨ੍ਹ ਲਿਆ ਤਾਂ ਉਨ੍ਹਾਂ ਨੂੰ ਦੋਹਾਂ ਧਰਮਾਂ ਦੇ ਗ੍ਰੰਥਾਂ ਦਾ ਵੀ ਸਹਿਜੇ ਹੀ ਗਿਆਨ ਹੋ ਗਿਆ ਕਿ ਇਨ੍ਹਾਂ ਅੰਦਰਲਾ ਗਿਆਨ ਕਿਹੋ ਜਿਹਾ ਹੋਵੇਗਾ, ਤੇ ਫਿਰ ਉਸ ਗਿਆਨ ਦੀ ਲੋਅ ਵਿਚੋਂ ਨਿਕਲੀਆਂ ਧਾਰਨਾਵਾਂ ਤੇ ਮਾਰਗਾਂ ਬਾਰੇ ਜੋ ਕੁਝ ਵੀ ਦੱਸਿਆ ਗਿਆ ਹੋਵੇਗਾ, ਉਹ ਵੀ ਨਿਸ਼ਚਿਤ ਤੌਰ ‘ਤੇ ਇਨ੍ਹਾਂ ਧਰਮਾਂ ਦੇ ਪੈਗੰਬਰਾਂ ਅਤੇ ਉਨ੍ਹਾਂ ਦੇ ਮੋਢੀ ਪੈਰੋਕਾਰਾਂ ਦੀ ਸੋਚ ਅਨੁਸਾਰ ਘੜੇ ਧਰਮ ਦੀਆਂ ਆਪਣੀਆਂ ਗਿਣਤੀਆਂ-ਮਿਣਤੀਆਂ ਅਨੁਸਾਰ ਹੀ ਹੋਵੇਗਾ। ਇਸੇ ਕਰਕੇ ਗੁਰੂ ਨਾਨਕ ਨੇ ਦੋਹਾਂ ਧਰਮਾਂ ਦੀਆਂ ਗਿਣਤੀਆਂ-ਮਿਣਤੀਆਂ ਨੂੰ ਅੰਤਿਮ ਸੱਚ ਨਾ ਮੰਨਦਿਆਂ ਆਪਣੇ ਵਿਵੇਕ ਅਤੇ ਸਮਝ ਅਨੁਸਾਰ ਸੱਚ ਦੀ ਕਸੌਟੀ ‘ਤੇ ਖਰੀਆਂ ਉਤਰਦੀਆਂ ਗੱਲਾਂ ਕੀਤੀਆਂ।
ਗੁਰੂ ਨਾਨਕ ਨੇ ‘ਜਪੁਜੀ’ ਵਿਚ ਮਨੁੱਖ ਨੂੰ ਹਰ ਉਹ ਮਾਰਗ ਦਰਸ਼ਨ ਦਿੱਤਾ ਹੈ, ਜੋ ਉਸ ਲਈ ਬਹੁਤ ਲਾਜ਼ਮੀ ਅਤੇ ਸੰਸਾਰ ਵਿਚ ਵਿਚਰਦਿਆਂ ਹਰ ਕਦਮ ‘ਤੇ ਕੰਮ ਆਉਣ ਵਾਲਾ ਹੈ। ਉਨ੍ਹਾਂ ਨੇ ਮਨੁੱਖ ਨੂੰ ਕੁਦਰਤ ਦੇ ਕਰਤੇ ਦੀ ਹੋਂਦ ਦਾ ਵਰਣਨ ਕੀਤਾ ਹੈ। ਫਿਰ ਉਨ੍ਹਾਂ ਕਰਤੇ ਦੇ ਹੁਕਮ ਅੰਦਰ ਚੱਲਣ ਦੀ ਗੱਲ ਕੀਤੀ। ਉਨ੍ਹਾਂ ਮੰਨਣ ਵਾਲੇ ਦੀ ਗਤਿ ਬਾਰੇ ਵੀ ਵਿਸਥਾਰ ਸਹਿਤ ਦੱਸਿਆ ਹੈ। ਉਨ੍ਹਾਂ ਨੇ ਧਰਤ ਦੀ ਵਿਸ਼ਾਲਤਾ ਦਾ ਜ਼ਿਕਰ ਕਰਦਿਆਂ ਇਸ ਗੱਲ ਨੂੰ ਗਲਤ ਕਿਹਾ ਹੈ ਕਿ ਧਰਤ ਕਿਸੇ ਇਕ ਵਸਤੂ ਮਾਤਰ (ਹਿੰਦੂ ਮਿਥਿਹਾਸ ਅਨੁਸਾਰ ਧਰਤ ਸ਼ਿਵ ਜੀ ਦੇ ਬਲਦ ਦੇ ਸਿੰਗ ‘ਤੇ ਟਿਕੀ ਹੋਈ ਹੈ) ਉਤੇ ਟਿਕੀ ਹੈ। ਗੁਰੂ ਜੀ ਨੇ ਵੇਦਾਂ ਦੀ ਗੱਲ ਕੱਟਦਿਆਂ ਅਣਗਿਣਤ ਆਕਾਸ਼ ਅਤੇ ਪਾਤਾਲਾਂ ਦੀ ਗੱਲ ਕੀਤੀ। ਉਨ੍ਹਾਂ ਨੇ ਅਸੰਖ ਮਤਾਂ-ਮਤਾਂਤਰਾਂ ਦੀ ਵੀ ਗੱਲ ਕੀਤੀ। ‘ਜਪੁਜੀ’ ਦੇ ਸਮਾਪਨ ‘ਤੇ ਉਨ੍ਹਾਂ ਨੇ ਬਿਨਾ ਕਿਸੇ ਲਾਗ ਲਪੇਟ ਦੇ ਮਨੁੱਖ ਦੇ ਕਰਮ (ਕੰਮ) ‘ਤੇ ਗੱਲ ਨਿਬੇੜੀ ਹੈ ਕਿ ਮਨੁੱਖ ਦੇ ਕਰਮ ਉਸ ਨੂੰ ਵੱਡਾ ਅਤੇ ਕਰਮ ਹੀ ਉਸ ਨੂੰ ਛੋਟਾ ਬਣਾਉਂਦੇ ਹਨ।