ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ

ਡਾ. ਗੁਰਨਾਮ ਕੌਰ ਕੈਨੇਡਾ
ਰਾਗੁ ਸੋਰਠਿ ਵਿਚ ਗੁਰੂ ਨਾਨਕ ਪਾਤਿਸ਼ਾਹ ਮਨੁੱਖ ਵੱਲੋਂ ਦੁਨਿਆਵੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਮਾਈ ਕਰਨ ਦੇ ਅਪਨਾਏ ਚਾਰ ਪ੍ਰਚੱਲਤ ਕਿੱਤਿਆਂ-ਖੇਤੀ, ਦੁਕਾਨਦਾਰੀ, ਵਾਪਾਰ ਅਤੇ ਨੌਕਰੀ ਦੀਆਂ ਮਿਸਾਲਾਂ ਰਾਹੀਂ ਸਮਝਾਉਂਦੇ ਹਨ ਕਿ ਅਧਿਆਤਮਕ ਜੀਵਨ ਨੂੰ ਸੁਆਰਨ ਲਈ, ਨਾਮ-ਧਨ ਕਮਾਉਣ ਲਈ ਕਿਵੇਂ ਕਮਾਈ ਕਰਨੀ ਹੈ। ਗੁਰੂ ਨਾਨਕ ਸਭ ਤੋਂ ਪਹਿਲਾਂ ਖੇਤੀ ਦੇ ਦ੍ਰਿਸ਼ਟਾਂਤ ਰਾਹੀਂ ਦੱਸਦੇ ਹਨ ਕਿ ਮਨ ਨੂੰ ਹਾਲੀ ਬਣਾਉਣਾ ਪੈਣਾ ਹੈ, ਭਾਵ ਕਿਸਾਨ ਦੀ ਤਰ੍ਹਾਂ ਉੱਦਮੀ ਬਣ ਅਤੇ ਕਿਰਦਾਰ ਦੀ ਉਸਾਰੀ ਨੂੰ ਵਾਹੀ ਦੇ ਕੰਮ ਵਰਗਾ ਹੀ ਸਮਝ।

ਵਾਹੀ ਦਾ ਕੰਮ ਕਰਨ ਲਈ ਬਹੁਤ ਮਿਹਨਤ ਅਤੇ ਉੱਦਮ ਦੀ ਲੋੜ ਪੈਂਦੀ ਹੈ। ਮਨੁੱਖ ਦਾ ਸਰੀਰ ਖੇਤ ਹੈ, ਜਿਸ ਵਿਚ ਨਾਮ ਦੀ ਫਸਲ ਬੀਜੀ ਜਾਣੀ ਹੈ ਅਤੇ ਮਿਹਨਤ ਇਸ ਫਸਲ ਨੂੰ ਲਾਉਣ ਵਾਲਾ ਪਾਣੀ ਹੈ। ਪਹਿਲਾਂ ਸਰੀਰ ਰੂਪੀ ਖੇਤ ਵਿਚ ਨਾਮ ਦਾ ਬੀਜ ਪਾ ਅਤੇ ਜਿਵੇਂ ਫਸਲ ਉਗਾਉਣ ਲਈ ਪਾਣੀ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਨਾਮ ਦੀ ਫਸਲ ਉਗਾਉਣ ਲਈ ਮਿਹਨਤ ਦਾ ਪਾਣੀ ਲਾਉਣਾ ਪੈਂਦਾ ਹੈ। ਕਿਸਾਨ ਖੇਤ ਵਿਚ ਬੀਜ ਪਾ ਕੇ ਉਸ ਨੂੰ ਢਕਣ ਲਈ, ਤਾਂ ਕਿ ਪੰਛੀ ਬੀਜ ਨਾ ਚੁੱਗ ਲੈਣ, ਸੁਹਾਗਾ ਫੇਰਦਾ ਹੈ; ਇਸ ਤਰ੍ਹਾਂ ਇਸ ਨਾਮ ਦੀ ਫਸਲ ਨੂੰ ਮਾਇਆਵੀ ਤ੍ਰਿਸ਼ਨਾਵਾਂ ਦੇ ਚੱਕਰ ਤੋਂ ਬਚਾਉਣ ਲਈ ਸੰਤੋਖ ਦਾ ਸੁਹਾਗਾ ਫੇਰਨ ਲਈ ਕਿਹਾ ਹੈ, ਸੰਤੋਖ ਦਾ ਗੁਣ ਜ਼ਿੰਦਗੀ ਨੂੰ ਸੰਤੁਲਿਤ ਰੱਖਦਾ ਹੈ, ਉਲਾਰ ਨਹੀਂ ਹੋਣ ਦਿੰਦਾ। ਗੁਰਬਾਣੀ ਵਿਚ ਸਤਿ, ਸੰਤੋਖ, ਦਇਆ, ਹਲੀਮੀ ਅਤੇ ਗਿਆਨ ਆਦਿ ਗੁਣਾਂ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਅਗਲਾ ਕਦਮ ਜੀਵਨ ਨੂੰ ਸਾਦਾ ਰੱਖਣਾ ਅਤੇ ਹਲੀਮ ਹੋਣਾ ਹੈ, ਜੋ ਇਸ ਫਸਲ ਦੀ ਰਾਖੀ ਕਰਨ ਵਾਂਗ ਹੈ। ਅਜਿਹੇ ਸਰੀਰ ਰੂਪੀ ਖੇਤ ਵਿਚ ਪਰਮਾਤਮਾ ਦੀ ਮਿਹਰ ਸਦਕਾ ਪ੍ਰੇਮ ਪੈਦਾ ਹੋਵੇਗਾ। ਪ੍ਰੇਮ ਉਸ ਰੱਬ ਨੂੰ ਪਾਉਣ ਦਾ ਰਸਤਾ ਹੈ। ਅਜਿਹੇ ਜੀਵਨ ਵਿਚ ਨਾਮ ਦੀ ਭਰਪੂਰ ਫਸਲ ਨਾਲ ਮਨੁੱਖ ਧਨਾਢ ਬਣਦਾ ਹੈ।
ਇਸੇ ਤਰ੍ਹਾਂ ਦੁਕਾਨਦਾਰੀ ਦੇ ਦ੍ਰਿਸ਼ਟਾਂਤ ਰਾਹੀਂ ਦੱਸਿਆ ਹੈ ਕਿ ਉਮਰ ਦੇ ਹਰ ਸਾਹ ਨੂੰ ਦੁਕਾਨ ਬਣਾ ਅਤੇ ਇਸ ਦੁਕਾਨ ਵਿਚ ਸੌਦਾ ਪਰਮਾਤਮਾ ਦੇ ਨਾਮ ਦਾ ਪਾ। ਆਪਣੀ ਸੁਰਤਿ ਅਤੇ ਵੀਚਾਰ ਨੂੰ ਭਾਂਡਸਾਲ ਬਣਾ, ਇਨ੍ਹਾਂ ਭਾਂਡਿਆਂ ਵਿਚ ਪਰਮਾਤਮ-ਨਾਮ ਦੇ ਸੌਦੇ ਨੂੰ ਸੰਭਾਲ। ਸਤਿਸੰਗੀਆਂ ਨਾਲ ਮਿਲ ਕੇ ਇਸ ਨਾਮ ਦਾ ਵਣਜ ਕਰ ਅਤੇ ਇਸ ਕਮਾਈ ਦਾ ਨਤੀਜਾ ਮਨ ਦੇ ਖੇੜੇ ਦੇ ਰੂਪ ਵਿਚ ਪ੍ਰਾਪਤ ਹੋਵੇਗਾ। ਅੱਗੇ ਸੌਦਾਗਰੀ ਦੀ ਮਿਸਾਲ ਲਈ ਹੈ। ਅਧਿਆਤਮਕ ਜੀਵਨ ਨੂੰ ਸੇਧ ਦੇਣ ਲਈ ਸੌਦਾਗਰੀ ਇਹ ਹੈ ਕਿ ਧਰਮ-ਪੁਸਤਕਾਂ ਵਿਚ ਦਿੱਤੇ ਗਿਆਨ ਨੂੰ ਸੁਣਨਾ ਅਤੇ ਗ੍ਰਹਿਣ ਕਰਨਾ। ਪਿਛਲੇ ਸਮਿਆਂ ਵਿਚ ਸੌਦਾਗਰੀ ਕਰਨ ਲਈ ਘੋੜਿਆਂ ‘ਤੇ ਸਫਰ ਕਰਦੇ ਸੀ ਅਤੇ ਇੱਥੇ ਪਰਮਾਤਮ-ਨਾਮ ਦੀ ਸੌਦਾਗਰੀ ਕਰਨ ਲਈ ਆਪਣੇ ਉੱਚੇ ਕਿਰਦਾਰ ਨੂੰ ਘੋੜੇ ਬਣਾਉਣ ਲਈ ਕਿਹਾ ਹੈ, ਜਿਨ੍ਹਾਂ ‘ਤੇ ਸਫਰ ਕਰਨਾ ਹੈ। ਜੀਵਨ-ਸਫਰ `ਤੇ ਤੁਰਨ ਲਈ ਆਪਣੇ ਕੋਲ ਖਰਚ ਚੰਗੇ ਗੁਣਾਂ ਦਾ ਲੈ ਕੇ ਜਾਣ ਲਈ ਕਿਹਾ ਹੈ।
ਮਨ ਨੂੰ ਇਹ ਵੀ ਸਮਝਾਇਆ ਹੈ ਕਿ ਇਸ ਵਪਾਰ ਨੂੰ ਹੁਣੇ ਸ਼ੁਰੂ ਕਰ ਲੈਣਾ ਚਾਹੀਦਾ ਹੈ, ਕੱਲ੍ਹ `ਤੇ ਨਹੀਂ ਛੱਡਣਾ। ਇਸ ਤਰ੍ਹਾਂ ਜੇ ਮਨ ਪਰਮਾਤਮਾ ਦੇ ਦੇਸ਼ ਵਿਚ ਟਿਕ ਜਾਵੇ ਭਾਵ ਉਸ ਦੇ ਚਰਨਾਂ ਦੀ ਪ੍ਰੀਤ ਵਿਚ ਟਿਕ ਜਾਵੇ ਤਾਂ ਆਤਮਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰ੍ਹਾਂ ਨੌਕਰੀ ਦੀ ਮਿਸਾਲ ਦਿੱਤੀ ਹੈ ਅਤੇ ਆਪਣੇ ਪੂਰੇ ਧਿਆਨ ਅਤੇ ਮਨ ਨਾਲ ਉਸ ਪਰਵਦਗਾਰ ਦੀ ਸੇਵਾ ਕਰਨ ਲਈ ਕਿਹਾ ਹੈ। ਉਸ ਦੀ ਸੇਵਾ ਕੀ ਹੈ? ਉਸ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਉਣਾ ਅਤੇ ਵਿਕਾਰਾਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਤੇ ਇਸ ਪਾਸੇ ਯਤਨ ਕਰਦੇ ਰਹਿਣਾ। ਇਸ ਪਾਸੇ ਲੱਗਿਆਂ ਦੁਨੀਆਂ ਵਿਚ ਸ਼ੋਭਾ ਮਿਲਦੀ ਹੈ ਅਤੇ ਨਾਲ ਹੀ ਆਤਮਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ।
ਉਪਰ ਦਿੱਤੇ ਇਸ ਸੰਖੇਪ ਵਰਣਨ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਧਿਆਤਮਕ ਪ੍ਰਾਪਤੀਆਂ ਲਈ ਉੱਦਮ, ਸਬਰ-ਸੰਤੋਖ, ਸੰਜਮ, ਹਲੀਮੀ ਆਦਿ ਨੈਤਿਕ ਗੁਣ ਅਤੇ ਉੱਚੀ ਸੁਰਤਿ, ਨਾਮ ਸਿਮਰਨ, ਧਾਰਮਿਕ ਪੁਸਤਕਾਂ ਦਾ ਸਹੀ ਗਿਆਨ ਆਦਿ ਬਹੁਤ ਜ਼ਰੂਰੀ ਹਨ। ਇਹ ਗੁਣ ਜ਼ਿੰਦਗੀ ਦੇ ਰਸਤੇ `ਤੇ ਚਲਦਿਆਂ ਸਾਡੀ ਜੀਵਨ-ਤੋਰ ਨੂੰ ਸਹੀ, ਸੰਤੁਲਿਤ ਅਤੇ ਸਚਾਰੂ ਰੱਖਦੇ ਹਨ। ਅਜਿਹੇ ਰਸਤੇ `ਤੇ ਚੱਲਦਿਆਂ ਹੀ ਉਸ ਦੀ ਸਰਵਵਿਆਪਕਤਾ ਨੂੰ ਅਨੁਭਵ ਕਰਦਿਆਂ ਸਰਵਸਾਂਝੀਵਾਲਤਾ ਦਾ ਅਨੁਭਵ ਕਰ ਸਕੀਦਾ ਹੈ; ਇਸੇ ਦੀ ਪ੍ਰੋੜਤਾ ਕਰਦਿਆਂ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਨੇ ਉਸ ਅਕਾਲ ਪੁਰਖ ਨੂੰ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ” ਕਹਿ ਕੇ ਕੀਤੀ ਹੈ ਅਤੇ ਜਦੋਂ ਉਸ ਦੇ “ਸਾਝਾ ਸਾਹਿਬੁ ਬਾਪੁ ਹਮਾਰਾ” ਹੋਣ ਦਾ ਅਨੁਭਵ ਹੋ ਜਾਵੇ, ਤਦ ਹੀ ਫਿਰ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” ਦੇ ਮਹਾਂ ਵਾਕ ਅਨੁਸਾਰ ਸਾਰੀ ਮਨੁੱਖਤਾ ਨਾਲ ਸਾਂਝ ਪੈਂਦੀ ਅਤੇ ਅਨੁਭਵ ਹੁੰਦੀ ਹੈ।
ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਵੱਲੋਂ ਕਿਸ ਤਰ੍ਹਾਂ ਕੋਵਿਡ-19 ਦੌਰਾਨ ਲੌਕ-ਡਾਊਨ ਦਾ ਆਸਰਾ ਲੈਂਦਿਆਂ ਕਾਰਪੋਰੇਟਾਂ ਦੇ ਹਿਤ ਪੂਰੇ ਕਰਨ ਲਈ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ, ਇਹ ਸ਼ਾਇਦ ਹੁਣ ਬੱਚੇ ਬੱਚੇ ਨੂੰ ਪਤਾ ਹੈ। ਜਦੋਂ ਇਹ ਮਹਿਜ ਆਰਡੀਨੈਂਸਾਂ ਦੇ ਰੂਪ ਵਿਚ ਲਿਆਂਦੇ ਗਏ ਸਨ, ਉਦੋਂ ਹੀ ਪੰਜਾਬ ਦੀਆਂ ਅਲੱਗ ਅਲੱਗ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਅਤੇ ਪਿੰਡ ਬਾਦਲ ਵਿਚ ਧਰਨੇ ਲਾ ਕੇ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਸੀ। ਹੌਲੀ ਹੌਲੀ ਇਹ ਅੰਦੋਲਨ ਪੂਰੇ ਪੰਜਾਬ ਵਿਚ ਫੈਲਣ ਲੱਗਾ; ਪਟਿਆਲਾ, ਬਾਦਲ ਜਾਂ ਲੰਬੀ ਤੋਂ ਹੁੰਦਾ ਹੋਇਆ ਟੋਲ ਪਲਾਜ਼ਿਆਂ, ਰਿਲਾਇੰਸ ਮਾਲਾਂ, ਪੈਟਰੋਲ ਪੰਪਾਂ, ਅਡਾਨੀ ਦੇ ਸੈਲੋਜ਼ ਅਤੇ ਰੇਲਵੇ ਟਰੈਕਾਂ ਤੱਕ ਪਹੁੰਚ ਗਿਆ। ਇਹ ਸਭ ਕੁਝ ਹੁਣ ਤੱਕ ਸਾਰੇ ਹੀ ਪੜ੍ਹਦੇ ਸੁਣਦੇ ਆਏ ਹਾਂ।
ਕਿਸਾਨਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਬੇਚੈਨੀ ਅਤੇ ਅਪੀਲਾਂ ਨੂੰ ਸਮਝਦਿਆਂ ਸ਼ਾਇਦ ਇਹ ਆਰਡੀਨੈਂਸ ਸਦਨ ਵਿਚ ਪਾਸ ਨਹੀਂ ਕੀਤੇ ਜਾਣਗੇ, ਪਰ ਜਿਸ ਤਰ੍ਹਾਂ ਭਾਜਪਾ ਦੀ ਕੇਂਦਰੀ ਸਰਕਾਰ ਦਾ ਪਿਛਲੇ ਕਰੀਬ ਸੱਤ ਸਾਲਾਂ ਵਿਚ ਹਰ ਮੁੱਦੇ `ਤੇ ਹਿਟਲਰੀ ਰਵੱਈਆ ਰਿਹਾ ਹੈ, ਉਹੀ ਰਵੱਈਆ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਪਾਸ ਕਰਨ ਵਿਚ ਵੀ ਭਾਰੂ ਰਿਹਾ। ਸੰਸਦ ਵਿਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਨੂੰ ਦਸਤਖਤ ਨਾ ਕਰਨ ਦੀਆਂ ਅਪੀਲਾਂ ਕੀਤੀਆਂ ਗਈਆਂ, ਪਰ ਰਾਸ਼ਟਰਪਤੀ ਤਾਂ ਸਰਕਾਰਾਂ ਅਨੁਸਾਰ ਚੁਣੇ ਜਾਂਦੇ ਹਨ, ਹਾਲਾਂਕਿ ਲੋਕਰਾਜ ਦਾ ਅਰਥ ਹੁੰਦਾ ਹੈ ਕਿ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਬਣੇ, ਬਣਨ ਉਪਰੰਤ ਉਹ ਲੋਕਾਂ ਦੀ ਸਰਕਾਰ ਅਤੇ ਲੋਕਾਂ ਲਈ ਹੁੰਦੀ ਹੈ ਅਤੇ ਰਾਸ਼ਟਰਪਤੀ ਸਾਰੇ ਰਾਸ਼ਟਰ ਦੇ ਹਿਤਾਂ ਨੂੰ ਧਿਆਨ ਵਿਚ ਰੱਖਣ ਵਾਲਾ ਹੁੰਦਾ ਹੈ; ਪਰ ਭਾਰਤ ਵਿਚ ‘ਜਿਸ ਦੀ ਲਾਠੀ ਉਸ ਦੀ ਮੱਝ’ ਵਾਲੀ ਗੱਲ ਹੈ।
ਇਸ ਲਈ ਗੈਰ-ਜਮੂਹਰੀਅਤ ਪਾਰਲੀਮੈਂਟ ਵਿਚ ਬਿਨਾ ਕਿਸਾਨਾਂ ਦੀ ਗੱਲ ਸੁਣਿਆਂ ਜਾਂ ਵਿਰੋਧੀਆਂ ਦੀ ਅਵਾਜ਼ ਨੂੰ ਸੁਣਿਆਂ ਇਹ ਸਾਰਾ ਕੁਝ ਵਾਪਰ ਗਿਆ, ਖਾਸ ਕਰਕੇ ਰਾਜ ਸਭਾ ਵਿਚ ਤਾਂ ਰਾਜਕਰਤਾ ਪਾਰਟੀ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਧੱਕੇ ਨਾਲ ਕਾਨੂੰਨ ਪਾਸ ਕਰ ਦਿੱਤੇ ਗਏ। ਸੰਵਿਧਾਨ ਵਿਚ ਭਾਵੇਂ ਖੇਤੀਬਾੜੀ ਰਾਜਾਂ ਦਾ ਵਿਸ਼ਾ ਮੰਨਿਆ ਹੋਇਆ ਹੈ, ਪਰ ਸੰਵਿਧਾਨ ਨੂੰ ਛਿੱਕੇ `ਤੇ ਟੰਗਦਿਆਂ ਇਹ ਸਭ ਕੁਝ ਕੀਤਾ ਗਿਆ। ਇਹ ਅੰਦੋਲਨ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਪਹਿਲਾਂ ਪੰਜਾਬ ਵਿਚ ਅਤੇ ਹੁਣ ਪਿਛਲੇ ਵੀਹ-ਇੱਕੀ ਦਿਨ ਤੋਂ ਦਿੱਲੀ ਦੀਆਂ ਫਿਰਨੀਆਂ ‘ਤੇ ਬਹੁਤ ਹੀ ਸੰਜਮ, ਸਬਰ, ਸੰਤੋਖ ਅਤੇ ਨਿਮਰਤਾ ਨਾਲ ਚੱਲ ਰਿਹਾ ਹੈ। ਇਸ ਕਿਸਾਨ ਅੰਦੋਲਨ ਨੇ ਇੱਕ ਨਵਾਂ ਬਿਰਤਾਂਤ ਸਿਰਜਿਆ ਹੈ, ਜਿਸ ਵਿਚ ਜੇ ਇੱਕ ਪਾਸੇ ਪੰਜਾਬ ਦੇ ਗੀਤ-ਸੰਗੀਤ ਨੇ ਬਿਲਕੁਲ ਨਵਾਂ ਮੋੜ ਕੱਟਿਆ ਹੈ ਅਤੇ ਬਹੁਤੇ ਗਾਇਕ, ਕਲਾਕਾਰ ਭਾਵੇਂ ਉਹ ਕਿਸੇ ਵੀ ਖੇਤਰ ਨਾਲ ਜੁੜੇ ਹੋਏ ਹਨ, ਦੁਕਾਨਦਾਰ, ਆੜ੍ਹਤੀਏ, ਵਿਦਿਆਰਥੀ, ਬੁੱਧੀਜੀਵੀ, ਲੇਖਕ, ਵਕੀਲ, ਡਾਕਟਰ, ਗੱਲ ਕੀ ਹਰ ਕਿੱਤੇ ਨਾਲ ਜੁੜੇ ਪੰਜਾਬੀ ਇਸ ਮਹਾਂ-ਯੱਗ ਵਿਚ ਆਪਣਾ ਯੋਗਦਾਨ ਪਾਉਣ ਲਈ ਕਿਸਾਨਾਂ ਨਾਲ ਖਲੋ ਗਏ; ਕਿਉਂਕਿ ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ, ਜਿਸ `ਤੇ ਪੰਜਾਬ ਦੀ ਸਾਰੀ ਆਰਥਕਤਾ ਨਿਰਭਰ ਕਰਦੀ ਹੈ। ਸਾਰੇ ਕਿੱਤੇ ਖੇਤੀ ਦੀ ਖੁਸ਼ਹਾਲ ਆਰਥਕਤਾ ਨਾਲ ਜੁੜੇ ਹੋਏ ਹਨ।
ਇਸ ਦੇ ਨਾਲ ਹੀ ਦਿੱਲੀ ਵੱਲ ਤੁਰਦਿਆਂ ਹਰਿਆਣੇ ਦਾ ਕਿਸਾਨ ਵੀ, ਜੋ ਪਹਿਲਾਂ ਹਰਿਆਣੇ ਵਿਚ ਵੀ ਧਰਨੇ ਦੇਣੇ ਸ਼ੁਰੂ ਕਰ ਚੁੱਕਾ ਸੀ, ਹੁੰਮ-ਹੁੰਮਾ ਕੇ ਸ਼ਾਮਲ ਹੋ ਗਿਆ ਅਤੇ ਹਰਿਆਣਾ ਸਰਕਾਰ ਵੱਲੋਂ ਲਾਈਆਂ ਵੱਡੀਆਂ ਰੋਕਾਂ ਨੂੰ ਹਟਾਉਣ ਵਿਚ ਹਰਿਆਣੇ ਦੇ ਕਿਸਾਨਾਂ ਨੇ ਪਹਿਲ ਦੇ ਆਧਾਰ `ਤੇ ਪੰਜਾਬ ਦੇ ਕਿਸਾਨਾਂ ਨਾਲ ਮਿਲ ਕੇ ਕੋਸ਼ਿਸ਼ਾਂ ਕੀਤੀਆਂ ਤੇ ਸਭ ਨੇ ਇਕੱਠੇ ਹੋ ਕੇ ਦਿੱਲੀ ਵੱਲ ਵਹੀਰਾਂ ਘੱਤ ਲਈਆਂ। ਜਿਸ ਪੰਜਾਬ ਤੇ ਹਰਿਆਣੇ ਵਿਚ ਰਾਜਨੀਤਕ ਪੱਧਰ `ਤੇ ਹਮੇਸ਼ਾ ਇੱਕ ਦੂਜੇ ਨੂੰ ਦੁਸ਼ਮਣ ਪ੍ਰਚਾਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ, ਉਹੀ ਅੱਜ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ੍ਹ ਹਨ। ਪੰਜਾਬ ਦੀ ਜਿਹੜੀ ਨੌਜੁਆਨ ਬੇਰੁਜ਼ਗਾਰੀ ਦੀ ਧੱਕੀ ਹੋਈ ਪੀਹੜੀ ਦਾ ਬਹੁਤਾ ਰੁਝਾਨ ਰਾਜਨੀਤਕ ਲੀਡਰਾਂ ਦੀ ਪੁਸ਼ਤਪਨਾਹੀ ਵਿਚ ਚੱਲ ਰਹੇ ਨਸ਼ਿਆਂ ਦੇ ਵਪਾਰ ਕਾਰਨ ਨਸ਼ਿਆਂ ਵੱਲ ਹੋ ਗਿਆ ਸੀ ਅਤੇ ਨਸ਼ੇੜੀ ਕਹਾਉਣ ਲੱਗ ਪਈ ਸੀ, ਉਸ ਨੇ ਆਪਣੇ ਆਪ ਨੂੰ ਖੁਦ ਹੀ ਸੰਜਮ ਵਿਚ ਲੈ ਆਂਦਾ ਹੈ ਅਤੇ ਇਸ ਕਿਸਾਨੀ ਘੋਲ ਵਿਚ ਹਿੱਸਾ ਲੈਣ ਲੱਗ ਪਈ, ਇਹ ਇੱਕ ਬਹੁਤ ਹੀ ਵੱਡਾ ਬਦਲਾਅ ਹੈ।
ਇਸ ਵੇਲੇ ਹਾਲਤ ਇਹ ਹੈ ਕਿ ਹੁਣ ਲੱਖਾਂ ਦੀ ਗਿਣਤੀ ਵਿਚ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਆਦਿ ਸੂਬਿਆਂ ਵਿਚੋਂ ਕਿਸਾਨਾਂ ਨੇ ਦਿੱਲੀ ਦੁਆਲੇ ਘੇਰਾ ਪਾ ਲਿਆ ਹੈ ਅਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਇਸ ਇਕੱਠ ਵਿਚ ਇਜ਼ਾਫਾ ਹੋ ਰਿਹਾ ਹੈ। ਭਾਰਤ ਦੇ ਦੂਰ ਦੁਰਾਡੇ ਖੇਤਰਾਂ ਤੋਂ, ਜਿਨ੍ਹਾਂ ਲਈ ਦਿੱਲੀ ਤੱਕ ਪਹੁੰਚਣਾ ਮੁਸ਼ਕਿਲ ਹੈ, ਕਿਸਾਨ ਆਪਣੇ ਆਪਣੇ ਸੂਬਿਆਂ ਵਿਚ ਕਿਸਾਨ ਜਥੇਬੰਦੀਆਂ ਦੇ ਸੱਦੇ `ਤੇ ਹੜਤਾਲਾਂ, ਬੰਦ ਅਤੇ ਰੋਸ ਦਿਖਾਵੇ ਕਰ ਰਹੇ ਹਨ। ਇਸ ਵੇਲੇ ਭਾਰਤ ਦੇ ਕਰੀਬ 350 ਜਿਲ੍ਹਿਆਂ ਵਿਚ ਇਹ ਅੰਦੋਲਨ ਚੱਲ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਸਾਰੇ ਭਾਰਤ ਦੇ ਕਿਸਾਨ ਇਸ ਅੰਦੋਲਨ ਵਿਚ ਇਸ ਤਰ੍ਹਾਂ ਇੱਕਜੁੱਟ ਹੋਏ ਹਨ।
ਇਹ ਵੀ ਪਹਿਲੀ ਵਾਰ ਹੈ ਕਿ ਕੌਮਾਂਤਰੀ ਪੱਧਰ `ਤੇ ਕਿਸਾਨਾਂ ਦੇ ਅੰਦੋਲਨ ਨੇ ਧਿਆਨ ਆਪਣੇ ਵੱਲ ਖਿੱਚਿਆ ਹੈ; ਇੱਥੋਂ ਤੱਕ ਕਿ ਯੂ. ਐਨ. ਓ. ਅਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਭਾਰਤੀ ਕੇਂਦਰੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ; ਇਹ ਵੀ ਪਹਿਲੀ ਵਾਰ ਹੈ ਕਿ ਦੁਨੀਆਂ ਭਰ ਦੇ ਇਤਿਹਾਸ ਵਿਚ ਇਹ ਪਹਿਲਾ ਸਭ ਤੋਂ ਵੱਡਾ ਅੰਦੋਲਨ ਹੋ ਗਿਆ ਹੈ। ਵੱਖ ਵੱਖ ਮੁਲਕਾਂ ਵਿਚ ਬੈਠਾ ਪੰਜਾਬੀ ਭਾਈਚਾਰਾ ਹੱਥਾਂ ਵਿਚ ਕਿਸਾਨਾਂ ਦੀ ਹਮਾਇਤ ਵਿਚ ਤਖਤੀਆਂ ਫੜੀ ਹਜ਼ਾਰਾਂ ਦੀ ਗਿਣਤੀ ਵਿਚ ਰੋਸ ਦਿਖਾਵਾ ਕਰਦਾ ਨਜ਼ਰ ਆਉਂਦਾ ਹੈ, ਜਿਸ ਵਿਚ ਹੋਰ ਭਾਰਤੀ ਅਤੇ ਸਥਾਨਕ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੁੰਦੇ ਹਨ।
ਆਮ ਤੌਰ `ਤੇ ਅਜਿਹੇ ਸੰਘਰਸ਼ਾਂ ਵਿਚ ਵਿਰੋਧੀ ਰਾਜਨੀਤਕ ਦਲ ਜਾਂ ਰਾਜ ਕਰਦੀਆਂ ਪਾਰਟੀਆਂ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਲ ਹੋ ਜਾਂਦੀਆਂ ਹੁੰਦੀਆਂ ਹਨ ਅਤੇ ਅੰਦੋਲਨਾਂ ਨੂੰ ਵੱਖਰੇ ਵੱਖਰੇ ਰੰਗ ਜਾਂ ਰਾਜਨੀਤਕ ਦਿਸ਼ਾ ਦੇਣ ਦੀ ਆਪਣੇ ਆਪਣੇ ਢੰਗ ਨਾਲ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਇਸ ਅੰਦੋਲਨ ਦੀ ਖਾਸੀਅਤ ਇਹ ਹੈ ਕਿ ਕਿਸਾਨਾਂ ਨੇ ਰਾਜਨੀਤਕ ਆਗੂਆਂ ਨੂੰ ਅੰਦੋਲਨ ਵਿਚ ਘੁਸਪੈਠ ਨਹੀਂ ਕਰਨ ਦਿੱਤੀ। ਵੱਖ ਵੱਖ ਕਿਸਾਨ ਜਥੇਬੰਦੀਆਂ ਹੋਣ ਦੇ ਬਾਵਜੂਦ ਇਸ ਵੇਲੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕੋ ਏਜੰਡੇ `ਤੇ ਸਾਂਝੇ ਰੂਪ ਵਿਚ ਸੰਘਰਸ਼ ਕਰ ਰਹੀਆਂ ਹਨ ਅਤੇ ਭਾਰਤ ਦੇ ਦੂਸਰੇ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਵੀ ਉਨ੍ਹਾਂ ਦਾ ਸਾਥ ਦੇ ਰਹੀਆਂ ਹਨ। ਇਸ ਕਿਸਾਨ ਅੰਦੋਲਨ ਦਾ ਇਹ ਬਹੁਤ ਵੱਡਾ ਹਾਸਲ ਹੈ ਕਿ ਪੰਜਾਬ ਤੋਂ ਸ਼ੁਰੂ ਹੋ ਕੇ ਇਹ ਦੇਸ਼ ਵਿਆਪੀ ਅੰਦੋਲਨ ਹੋ ਗਿਆ ਹੈ, ਜਿਸ ਦੀ ਗੂੰਜ ਕੌਮਾਂਤਰੀ ਪੱਧਰ `ਤੇ ਸੁਣਾਈ ਦੇ ਰਹੀ ਹੈ। ਨੈਸ਼ਨਲ ਮੀਡੀਆ ਨੇ ਇਸ ਵੱਲ ਭਾਵੇਂ ਹਾਂ-ਮੁਖੀ ਧਿਆਨ ਨਹੀਂ ਦਿੱਤਾ, ਪਰ ਕਈ ਸੁਪ੍ਰਸਿੱਧ ਕੌਮਾਂਤਰੀ ਮੀਡੀਆ ਦਾ ਪੂਰਾ ਧਿਆਨ ਇਸ ਸੰਘਰਸ਼ ਵੱਲ ਲੱਗਿਆ ਹੋਇਆ ਹੈ। ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਅਤੇ ਕਾਡਰ ਨੂੰ ਦਾਦ ਦੇਣੀ ਬਣਦੀ ਹੈ, ਜੋ ਆਪਣੀ ਸਿਆਣਪ, ਦੂਰ-ਅੰਦੇਸ਼ੀ, ਤਹੱਮਲ, ਸਬਰ ਅਤੇ ਸੰਤੋਖ ਨਾਲ ਇਸ ਅੰਦੋਲਨ ਨੂੰ ਅੱਗੇ ਤੱਕ ਲੈ ਕੇ ਗਏ ਹਨ ਅਤੇ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੇ ਹਨ।
ਹੁਣ ਤੱਕ ਦੇ ਘੋਲ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਸਰਕਾਰ ਦੇ ਪਿਛਲੇ ਸੱਤ ਸਾਲਾਂ ਦੇ ਕਾਲ ਵਿਚ ਵੱਖ ਵੱਖ ਪਾਸ ਕੀਤੇ ਕਾਨੂੰਨਾਂ ਅਤੇ ਨੀਤੀਆਂ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ, ਭਾਈਚਾਰਿਆਂ, ਵਿਦਿਆਰਥੀਆਂ ਵੱਲੋਂ ਜੋ ਘੋਲ ਕੀਤੇ ਗਏ ਅਤੇ ਉਨ੍ਹਾਂ ਨੂੰ ਜਿਸ ਤਰ੍ਹਾਂ ਭਾਜਪਾ ਲੀਡਰਾਂ, ਰਾਜਤੰਤਰ ਅਤੇ ਗੋਦੀ ਮੀਡੀਆ ਵੱਲੋਂ ਤਾਰਪੀਡੋ ਕੀਤਾ ਗਿਆ, ਉਹ ਸਭ ਵਰਤਾਰਾ ਕਿਸਾਨ ਲੀਡਰਾਂ ਦੇ ਧਿਆਨ ਵਿਚ ਹੈ। ਉਸ ਨੂੰ ਧਿਆਨ ਵਿਚ ਰੱਖ ਕੇ ਹੀ ਉਨ੍ਹਾਂ ਨੂੰ ਕਈ ਅਜਿਹੇ ਫੈਸਲੇ ਲੈਣੇ ਪੈ ਰਹੇ ਹਨ ਜਾਂ ਬਿਆਨ ਦੇਣੇ ਪੈਂਦੇ ਹਨ, ਜਿਸ ਨਾਲ ਕਈ ਲੋਕਾਂ ਨੂੰ ਬੁਰਾ ਵੀ ਲੱਗ ਰਿਹਾ ਹੈ। ਕਿਸਾਨ ਆਗੂ ਏਡੇ ਵੱਡੇ ਅੰਦੋਲਨ ਦੀ ਸਹੀ ਦਿਸ਼ਾ ਨੂੰ ਕਾਇਮ ਰੱਖਣ ਅਤੇ ਸਾਰਥਕ ਨਤੀਜੇ ਤੱਕ ਪਹੁੰਚਣ ਲਈ ਕਿਸ ਮਾਨਸਿਕ ਦਸ਼ਾ, ਹਾਲਾਤ ਜਾਂ ਤਣਾਅ ਵਿਚੋਂ ਗੁਜ਼ਰ ਰਹੇ ਹਨ, ਇਸ ਨੂੰ ਗਲਤ ਰੰਗਣ ਦੇਣ ਵਾਲੇ ਲੋਕ ਮਹਿਸੂਸ ਹੀ ਨਹੀਂ ਕਰਦੇ। ਕਿਸਾਨ ਨੇਤਾ ਅਜਿਹੇ ਤਜ਼ਰਬੇਕਾਰ ਨੇਤਾ ਹਨ, ਜੋ ਵਰ੍ਹਿਆਂ ਤੋਂ ਕਿਸਾਨੀ ਦੇ ਵੱਖ ਵੱਖ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰਦੇ ਆਏ ਹਨ। ਉਹ ਵਾਰ ਵਾਰ ਅਪੀਲ ਕਰ ਰਹੇ ਹਨ ਕਿ ਇਹ ਨਿਰੋਲ ਕਿਸਾਨੀ ਸੰਘਰਸ਼ ਹੈ, ਜਿਸ ਦਾ ਕਿਸੇ ਫਿਰਕੇ ਜਾਂ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਇਸੇ ਲਈ ਰਾਜਨੀਤਕ ਪਾਰਟੀਆਂ ਨੂੰ ਵੀ ਉਨ੍ਹਾਂ ਨੇ ਸਖਤੀ ਨਾਲ ਕਿਹਾ ਹੈ ਕਿ ਉਹ ਕਿਸਾਨੀ ਝੰਡੇ ਹੇਠ ਅੰਦੋਲਨ ਵਿਚ ਆ ਕੇ ਬੈਠ ਸਕਦੇ ਹਨ, ਪਰ ਕਿਸਾਨੀ ਸਟੇਜ ਤੋਂ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਕਿਸਾਨ ਆਗੂਆਂ ਦੇ ਮਾਨਸਿਕ ਤਣਾਅ, ਉਨ੍ਹਾਂ ਦੀ ਚਿੰਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਲੋਕਾਂ ਦੇ ਜੋਸ਼ਮਈ ਸ਼ੁਮਾਰ ਤੋਂ ਬਿਨਾ ਕੋਈ ਵੀ ਅੰਦੋਲਨ ਅੰਦੋਲਨ ਨਹੀਂ ਬਣ ਸਕਦਾ, ਪਰ ਉਸ ਜੋਸ਼ ਨੂੰ ਹੋਸ਼ ਨਾਲ ਸੰਜਮ ਅਤੇ ਅਨੁਸ਼ਾਸਨ ਵਿਚ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇੱਕ ਨਿੱਕੀ ਜਿਹੀ ਕੀਤੀ ਗਲਤੀ ਵੀ ਸਾਰੇ ਅੰਦੋਲਨ ਨੂੰ ਤਾਰਪੀਡੋ ਕਰ ਸਕਦੀ ਹੈ। ਇਹ ਗੱਲ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਰਾਜਨੀਤਕ ਦਲ ਭਾਵੇਂ ਉਹ ਕੋਈ ਵੀ ਹੋਵੇ, ਉਸ ਦਾ ਇੱਕੋ ਇੱਕ ਮਕਸਦ ਆਪਣੇ ਰਾਜਨੀਤਕ ਏਜੰਡੇ ਨੂੰ ਸਾਹਮਣੇ ਰੱਖਣਾ ਹੁੰਦਾ ਹੈ; ਲੋਕਾਂ ਦਾ ਜਾਂ ਅੰਦੋਲਨ ਦਾ ਇਸ ਨਾਲ ਕੀ ਨੁਕਸਾਨ ਹੁੰਦਾ ਹੈ, ਇਸ ਦੀ ਉਸ ਨੂੰ ਕੋਈ ਵੀ ਪਰਵਾਹ ਨਹੀਂ ਹੁੰਦੀ।
ਦਿੱਲੀ ਦੀਆਂ ਫਿਰਨੀਆਂ `ਤੇ ਚੱਲ ਰਹੇ ਅੰਦੋਲਨ ਦੇ ਮੱਦੇਨਜ਼ਰ ਕਿਸਾਨ ਲੀਡਰਾਂ ਨੂੰ ਹਰ ਰੋਜ਼ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਗੱਲ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੂੰ ਅਨੁਸ਼ਾਸਨ ਵਿਚ ਰੱਖਣਾ ਕੋਈ ਸੁਖਾਲਾ ਕੰਮ ਨਹੀਂ ਹੁੰਦਾ। ਭਾਜਪਾ ਦੇ ਸ਼ਾਸਨ ਕਾਲ ਦੇ ਪਿਛਲੇ ਸੱਤ ਸਾਲਾਂ ਵਿਚ ਚੱਲੇ ਅੰਦੋਲਨਾਂ ਤੋਂ ਕਿਸਾਨ ਲੀਡਰ ਅਤੇ ਲੋਕ ਜਾਣਦੇ ਹਨ ਕਿ ਭਾਜਪਾ ਨੇ ਆਪਣੇ ਪ੍ਰਚਾਰ ਸਾਧਨਾਂ, ਮੀਡੀਆ, ਆਈ. ਟੀ. ਸੈੱਲ ਅਤੇ ਪੁਲਿਸ ਫੋਰਸ ਰਾਹੀਂ ਅੰਦੋਲਨਾਂ ਵਿਚ ਘੁਸਪੈਠ ਕਰਕੇ, ਕਿਸ ਤਰ੍ਹਾਂ ਉਨ੍ਹਾਂ ਅੰਦੋਲਨਾਂ ਨੂੰ ਫੇਲ੍ਹ ਕੀਤਾ ਭਾਵੇਂ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਅੰਦੋਲਨ ਸੀ, ਭੀਮਾ ਕੋਰੇ ਗਾਉਂ ਸੀ, ਸਿਟੀਜਨਸ਼ਿਪ ਐਕਟ ਦੇ ਖਿਲਾਫ ਜਾਮੀਆ ਮਿਲੀਆ ਯੂਨੀਵਰਸਿਟੀ ਜਾਂ ਮੁਲਕ ਭਰ ਵਿਚ ਚੱਲ ਰਹੇ ਅੰਦੋਲਨ ਅਤੇ ਸ਼ਾਹੀਨ ਬਾਗ ਦੀਆਂ ਬੀਬੀਆਂ ਦਾ ਅੰਦੋਲਨ ਸੀ। ਆਪ ਹੀ ਦੰਗੇ ਕਰਾਏ ਅਤੇ ਸਭ ਤੋਂ ਵੱਧ ਜਾਨਾਂ ਵੀ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਗਈਆਂ, ਪਰ ਫਸਾਇਆ ਵੀ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਹੀ।
ਲੋਕਾਂ ਦੇ ਹੱਕ ਵਿਚ ਅਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ, ਪੱਤਰਕਾਰਾਂ, ਸਮਾਜ ਸੇਵੀ ਕਾਰਕੁੰਨਾਂ ਨੂੰ ਅਰਬਨ ਨਕਸਲੀ, ਮਾਉਵਾਦੀ, ਪਾਕਿਸਤਾਨੀ ਏਜੰਟ, ਦੇਸ਼ ਧਰੋਹੀ ਆਦਿ ਕਹਿ ਕੇ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਇਹੀ ਸਾਰੇ ਹੱਥਕੰਡੇ ਇਸ ਕਿਸਾਨ ਅੰਦੋਲਨ ਨੂੰ ਲੀਹ ਤੋਂ ਉਖਾੜਨ ਲਈ ਵੀ ਅਪਨਾਏ ਜਾ ਰਹੇ ਹਨ। ਸਰਕਾਰ ਵੱਲੋਂ ਇਸ ਅੰਦੋਲਨ ਨੂੰ ਪੰਜਾਬੀ ਕਿਸਾਨਾਂ ਦੇ ਅੰਦੋਲਨ ਤੱਕ ਮਹਿਦੂਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਕਿਸਾਨਾਂ ਦੇ ਅੰਦੋਲਨ ਤੱਕ ਮਹਿਦੂਦ ਕਰਨ ਲਈ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਪੰਜਾਬੀ ਨਹੀਂ ਚਾਹੁੰਦੇ ਕਿ ਦੂਜੇ ਸੂਬਿਆਂ ਦੇ ਕਿਸਾਨ ਵੀ ਉਨ੍ਹਾਂ ਦੇ ਬਰਾਬਰ ਆ ਜਾਣ। ਇਸੇ ਤਰ੍ਹਾਂ ‘ਖਾਲਿਸਤਾਨੀ’, ‘ਅਤਿਵਾਦੀ’, ‘ਵੱਖਵਾਦੀ’, ‘ਮਾਉਵਾਦੀ’, ਪਾਕਿਸਤਾਨ ਅਤੇ ਚੀਨ ਦੀ ਹਮਾਇਤ ਨਾਲ ਚਲਾਇਆ ਜਾ ਰਿਹਾ ਅੰਦੋਲਨ, ਅਮੀਰ ਕਿਸਾਨਾਂ ਦਾ ਅੰਦੋਲਨ, ਬਾਹਰਲੇ ਮੁਲਕਾਂ ਤੋਂ ਸਪਾਂਸਰ ਕੀਤਾ ਹੋਇਆ ਅਤੇ ਹੋਰ ਪਤਾ ਨਹੀਂ ਕੀ ਕੀ। ਮੋਰਚਿਆਂ `ਤੇ ਬੈਠੇ ਕਿਸਾਨ ਬਹੁਤ ਸਤਰਕ ਰਹਿਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਰਕੇ ਹਰ ਰੋਜ਼ ਕੋਈ ਨਾ ਕੋਈ ਘੁਸਪੈਠ ਕਰ ਗਿਆ ਗਲਤ ਬੰਦਾ ਫੜਿਆ ਜਾਂਦਾ ਹੈ; ਗੋਦੀ ਮੀਡੀਆ ਆਪਣੀ ਆਈ. ਡੀ. ਛੁਪਾ ਕੇ ਅਜਿਹੀਆਂ ਖਬਰਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਨ੍ਹਾਂ ਨੂੰ ਕਿਸਾਨਾਂ ਦੇ ਖਿਲਾਫ ਵਰਤਿਆ ਜਾ ਸਕੇ।
ਗੋਦੀ ਮੀਡੀਏ ਵੱਲੋਂ ਜਿਸ ਤਰ੍ਹਾਂ ‘ਸ਼ਾਹੀਨ ਬਾਗ’ ਮੋਰਚੇ ਵਿਚੋਂ ‘ਬਰਿਆਨੀ’ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਲੋਕ ਉਥੇ ਬਰਿਆਨੀ ਖਾਣ ਆਉਂਦੇ ਹਨ; ਉਸੇ ਤਰ੍ਹਾਂ ਇਸ ਮੋਰਚੇ ਵਿਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇੱਥੇ ਤਾਂ ਪੀਜ਼ਾ, ਬਦਾਮ ਖਾਧੇ ਜਾ ਰਹੇ ਹਨ ਵਗੈਰਾ ਵਗੈਰਾ। ਇਸ ਮੋਰਚੇ ਨੂੰ ਸਿਰਫ ਪੰਜਾਬੀ ਕਿਸਾਨਾਂ ਦਾ ਮੋਰਚਾ ਸਾਬਤ ਕਰਨ ਲਈ ਯੂ. ਪੀ. ਅਤੇ ਹਰਿਆਣੇ ਦੀ ਪੁਲਿਸ ਵੱਲੋਂ ਮੱਧ ਪ੍ਰਦੇਸ਼, ਯੂ. ਪੀ. ਅਤੇ ਰਾਜਸਥਾਨ ਤੋਂ ਆਉਣ ਵਾਲੇ ਕਿਸਾਨਾਂ `ਤੇ ਚਿੱਲਾ ਬਰਾਡਰ ਅਤੇ ਹੋਰ ਨਾਕਿਆਂ `ਤੇ ਭਾਰੀ ਲਾਠੀਚਾਰਜ ਕੀਤਾ ਗਿਆ, ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਚਿੱਲਾ ਬਰਾਡਰ `ਤੇ ਜਿਸ ਜਥੇ `ਤੇ ਲਾਠੀਚਾਰਜ ਕੀਤਾ ਗਿਆ, ਉਸ ਵਿਚ 350 ਦੇ ਕਰੀਬ ਔਰਤਾਂ ਵੀ ਸ਼ਾਮਲ ਹਨ। ਯੋਗੀ ਅਦਿੱਤਿਆ ਨਾਥ ਅਤੇ ਹੋਰ ਮੰਤਰੀ ਇਸ ਨੂੰ ਧਾਰਮਿਕ ਰੰਗਣ ਦੇਣ ਲਈ ਪੂਰਾ ਜ਼ੋਰ ਲਾ ਰਹੇ ਹਨ। ਯੋਗੀ ਦੇ ਬਿਆਨ ਅਨੁਸਾਰ ਇਹ ਅੰਦੋਲਨ ਪੰਜਾਬ ਦੇ ਕਿਸਾਨਾਂ ਨੇ ਇਸ ਲਈ ਸ਼ੁਰੂ ਕੀਤਾ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਕਰਾਈ ਹੈ; ਇਹ ਵੀ ਕਿਹਾ ਹੈ ਕਿ ਇਸ ਵਿਚ 2500 ਤੋਂ 5000 ਦੇ ਕਰੀਬ ਖਾਲਿਸਤਾਨੀ ਜਾਂ ਪਾਕਿਸਤਾਨੀ ਸ਼ਾਮਲ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਿੰਨ ਕਾਲੇ ਕਾਨੂੰਨਾਂ ਦੇ ਹੱਕ ਵਿਚ ਕਿਸਾਨਾਂ ਵਿਚ ਪ੍ਰਚਾਰ ਕਰਨ ਲਈ ਪੱਛਮੀ ਬੰਗਾਲ ਵੱਲ ਚਾਲੇ ਪਾ ਦਿੱਤੇ ਹਨ; ਖੇਤੀਬਾੜੀ ਮੰਤਰੀ ਤੋਮਰ ਨੇ ਕੇਂਦਰ ਸਰਕਾਰ ਵੱਲੋਂ ਕਾਨੂੰਨਾਂ ਦੇ ਹੱਕ ਵਿਚ ਅਤੇ ਸਰਕਾਰ ਨੇ ਕਿਸਾਨਾਂ ਲਈ ਕੀ ਕੀ ਕੀਤਾ ਜਾਂ ਕਰਨ ਜਾ ਰਹੀ ਹੈ, ‘ਤੇ ਇੱਕ ਕਿਤਾਬਚਾ ਛਾਪਿਆ ਹੈ, ਜਿਸ ਨੂੰ ਬੜੇ ਵੱਡੇ ਪੱਧਰ `ਤੇ ਵੰਡਿਆ ਤੇ ਪ੍ਰਚਾਰਿਆ ਜਾ ਰਿਹਾ ਹੈ। ਇਹ ਕੋਈ ਇੱਕ ਤਰੀਕਾ ਨਹੀਂ, ਬਹੁਤ ਤਰ੍ਹਾਂ ਨਾਲ ਸਰਕਾਰ ਸਰਗਰਮ ਹੋ ਗਈ ਹੈ। ਮੱਧ ਪ੍ਰਦੇਸ਼ ਅਤੇ ਹੋਰ ਭਾਜਪਾਈ ਸ਼ਾਸਤ ਸੂਬਿਆਂ ਵਿਚ ਧਰਨਾ ਦੇ ਰਹੇ ਕਿਸਾਨਾਂ ਪ੍ਰਤੀ ਬਹੁਤ ਕੁੱਝ ਕਿਹਾ ਜਾ ਰਿਹਾ ਹੈ ਅਤੇ ਤਿੰਨ ਕਾਨੂੰਨਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ।
ਮੱਧ ਪ੍ਰਦੇਸ਼ ਵਿਚ ਕਿਸਾਨਾਂ ਦਾ ਜੋ ਬਹੁਤ ਸਾਲ ਪਹਿਲਾਂ ਦਾ ਫਸਲਾਂ ਦਾ ਬਕਾਇਆ ਜਾਂ ਮੁਆਵਜ਼ਾ ਰਹਿੰਦਾ ਸੀ, ਉਹ ਕਰੋੜਾਂ ਦੇ ਹਿਸਾਬ ਨਾਲ ਹੁਣ ਕਿਸਾਨਾਂ ਦੇ ਖਾਤਿਆਂ ਵਿਚ ਭੇਜਿਆ ਜਾ ਰਿਹਾ ਹੈ। ਖੇਤੀ ਮੰਤਰੀ ਦਾ ਇੱਥੋਂ ਤੱਕ ਕਹਿਣਾ ਹੈ ਕਿ ਜੇ ਇਹ ਕਿਸਾਨ ਲੀਡਰ ਨਹੀਂ ਮੰਨਣਗੇ ਤਾਂ ਅਸੀਂ ਲੀਡਰ ਬਦਲ ਸਕਦੇ ਹਾਂ। ਜਿਸ ਦਾ ਅਰਥ ਹੈ ਕਿ ਜਾਅਲੀ ਲੀਡਰ ਵੀ ਖੜ੍ਹੇ ਕੀਤੇ ਜਾਣਗੇ। ਇਸੇ ਲਈ ਖੇਤੀ ਮੰਤਰੀ ਨੇ ਕਾਨੂੰਨਾਂ ਦੇ ਪੱਖ ਵਿਚ ਭੁਗਤਾਉਣ ਲਈ ਦਸ ਰਾਜਾਂ ਦੇ ਕੁਝ ਭਾਜਪਾ ਪੱਖੀਆਂ ਨੂੰ ਕਿਸਾਨ ਆਗੂਆਂ ਦਾ ਖਿਤਾਬ ਦੇ ਕੇ ਉਨ੍ਹਾਂ ਨਾਲ ਮੀਟਿੰਗ ਕੀਤੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਕਿਸੇ ਇੱਕ ਵੀ ਕਿਸਾਨ ਆਗੂ ਨੇ ਇਨ੍ਹਾਂ ਕਾਲੇ ਕਾਨੂੰਨਾਂ ਦੇ ਹੱਕ ਵਿਚ ਇੱਕ ਵੀ ਬਿਆਨ ਨਹੀਂ ਦਿੱਤਾ।
ਪੰਜਾਬ ਦੇ ਰਾਜਨੀਤਕ ਨੇਤਾ ਵੀ ਕੋਈ ਘੱਟ ਨਹੀਂ ਹਨ। ਅੰਦੋਲਨ ‘ਤੇ ਅਸਰ ਪਾਉਣ ਵਾਲੀ ਘਟੀਆ ਬਿਆਨਬਾਜੀ ਕਰਨ ਤੋਂ ਪ੍ਰਹੇਜ਼ ਨਹੀਂ ਕਰਦੇ। ਕਦੇ ਰਵਨੀਤ ਬਿੱਟੂ, ਜੋ ਮੂੰਹ ਆਉਂਦਾ ਹੈ ਉੱਠ ਕੇ ਬੋਲ ਦਿੰਦਾ ਹੈ ਅਤੇ ਕਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਦਿੰਦੇ ਹਨ ਕਿ ਸਰਹੱਦੀ ਸੂਬਾ ਹੈ, ਜੇ ਸਮਝੌਤਾ ਨਾ ਕੀਤਾ ਗੁਆਂਢੀ ਮੁਲਕ ਹਾਲਾਤ ਦਾ ਨਾਜਾਇਜ਼ ਫਾਇਦਾ ਉਠਾ ਕੇ ਮਾਹੌਲ ਖਰਾਬ ਕਰ ਸਕਦਾ ਹੈ। ਇਸ ਕਿਸਮ ਦਾ ਬਿਆਨ ਦੇਣਾ ਸੰਘਰਸ਼ ਕਰ ਰਹੇ ਕਿਸਾਨਾਂ ਦੀ ਬੇਇੱਜਤੀ ਕਰਨ ਵਰਗੀ ਗੱਲ ਹੈ। ਕੈਪਟਨ ਨੇ ਕਰਤਾਰਪੁਰ ਲਾਂਘਾਂ ਖੁਲ੍ਹਣ ਤੋਂ ਪਹਿਲਾਂ ਵੀ ਇਸੇ ਕਿਸਮ ਦਾ ਬਿਆਨ ਦਿੱਤਾ ਸੀ, ਜੋ ਉਸ ਸਮੇਂ ਅਨੁਸਾਰ ਇੱਕ ਬੇਹੂਦਾ ਅਤੇ ਘਟੀਆ ਬਿਆਨ ਸੀ।
ਮਾਹੌਲ ਕਦੇ ਵੀ ਲੋਕਾਂ ਵੱਲੋਂ ਖਰਾਬ ਨਹੀਂ ਕੀਤੇ ਜਾਂਦੇ, ਸਰਕਾਰਾਂ ਵੱਲੋਂ ਘੁਸਪੈਠ ਕਰਾਏ ਅਨਸਰਾਂ ਵੱਲੋਂ ਕੀਤੇ ਜਾਂਦੇ ਹਨ। ਕਿਸਾਨਾਂ ਨੇ ਅੱਜ ਤੱਕ ਕਿਸੇ ਸਿਆਸੀ ਪਾਰਟੀ ਨੂੰ ਅੰਦੋਲਨ ਵਿਚ ਸੰਬੋਧਨ ਕਰਨ ਦੀ ਆਗਿਆ ਨਹੀਂ ਦਿੱਤੀ। ਕਿਸਾਨ ਅੰਦੋਲਨ ਨੂੰ ਪਾਰਟੀਆਂ ਦੀ ਰਾਜਨੀਤੀ ਤੋਂ ਹਰ ਤਰ੍ਹਾਂ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਭਾਵੇਂ ਭਾਜਪਾ ਸਰਕਾਰ ਨੇ ਸਾਰਾ ਜ਼ੋਰ ਲਾ ਦਿੱਤਾ ਇਸ ਨੂੰ ਵਿਰੋਧੀ ਪਾਰਟੀਆਂ ਦੇ ਸਿਰ ਮੜ੍ਹਨ ਲਈ। ਹੁਣ ਬੀਬੀ ਜਗੀਰ ਕੌਰ ਨੂੰ ਹੀ ਦੇਖ ਲਵੋ। ਅਕਾਲੀ ਲੀਡਰਾਂ ਕੋਲ ਇਹ ਹਿੰਮਤ ਨਹੀਂ ਕਿ ਪੰਜਾਬ ਦੇ ਪਿੰਡਾਂ ਵਿਚ ਵੜ ਕੇ ਲੋਕਾਂ ਦਾ ਸਾਹਮਣਾ ਕਰ ਸਕਣ, ਪਰ ਬੀਬੀ ਜਗੀਰ ਕੌਰ ਪ੍ਰਧਾਨਗੀ ਦੀ ਕੁਰਸੀ `ਤੇ ਪਿੱਛੋਂ ਬੈਠੀ ਹੈ, ਬਿਆਨ ਪਹਿਲਾਂ ਦਾਗ ਦਿੱਤਾ ਕਿ ਕਿਸਾਨਾਂ ਨੂੰ ਧਰਨਿਆਂ ਵਿਚ ਉਹ ਹੀ ਭੇਜ ਰਹੇ ਹਨ। ਇਹ ਸੰਘਰਸ਼ ਨੂੰ ਢਾਹ ਲਾਉਣ ਦੀ ਇੱਕ ਕੋਝੀ ਚਾਲ ਹੈ, ਜਿਸ ਨਾਲ ਹੋ ਸਕਦਾ ਹੈ ਅਕਾਲੀ ਦਲ ਅੰਦਰੋਂ ਅੰਦਰੋਂ ਭਾਜਪਾ ਦੀ ਮਦਦ ਕਰ ਰਿਹਾ ਹੋਵੇ। ਇਸੇ ਲਈ ਕਿਸਾਨ ਲੀਡਰਾਂ ਨੇ ਬੀਬੀ ਦੇ ਝੂਠ ਬੋਲਣ `ਤੇ ਸ਼ਿਕਾਇਤ ਅਕਾਲ ਤਖਤ `ਤੇ ਭੇਜਣ ਦਾ ਫੈਸਲਾ ਕੀਤਾ ਹੈ ਅਤੇ ਬੀਬੀ ਨੂੰ ਚੈਲਿੰਜ ਵੀ ਕੀਤਾ ਹੈ ਕਿ ਇੱਕ ਵਾਰ ਆ ਕੇ ਕਿਸਾਨਾਂ ਦੀ ਸਟੇਜ ਤੋਂ ਸੰਬੋਧਨ ਕਰਕੇ ਦੇਖੇ।
ਜੋ ਵੀ ਕਿਸਾਨ ਦਾ ਪੈਦਾ ਕੀਤਾ ਅੰਨ ਮੂੰਹ ਵਿਚ ਪਾਉਂਦਾ ਹੈ, ਉਸ ਨੂੰ ਕੁਝ ਵੀ ਅਜਿਹਾ ਕਹਿਣਾ ਜਾਂ ਕਰਨਾ ਨਹੀਂ ਚਾਹੀਦਾ, ਜਿਸ ਨਾਲ ਅੰਦੋਲਨ ਦਾ ਨੁਕਸਾਨ ਹੁੰਦਾ ਹੋਵੇ। ਵਾਗਡੋਰ ਸੁਚੱਜੇ ਲੀਡਰਾਂ ਦੇ ਹੱਥ ਵਿਚ ਹੈ, ਉਨ੍ਹਾਂ ਨੂੰ ਆਪਣੀ ਜਿ਼ੰਮੇਵਾਰੀ ਨਿਭਾਉਣ ਦੇਣੀ ਚਾਹੀਦੀ ਹੈ। ਜੇ ਅੱਜ ਕਿਸਾਨ ਹਾਰ ਗਿਆ ਤਾਂ ਲੋਕ ਅਤੇ ਲੋਕਤੰਤਰ ਦੋਵੇਂ ਹਾਰ ਜਾਣਗੇ ਅਤੇ ਭਵਿੱਖ ਵਿਚ ਕੋਈ ਵੀ ਵਧੀਕੀਆਂ ਖਿਲਾਫ ਅਵਾਜ਼ ਨਹੀਂ ਉਠਾਵੇਗਾ। ਹਰ ਰੋਜ਼ ਕਿਸਾਨ ਸ਼ਹਾਦਤਾਂ ਦੇ ਰਹੇ ਹਨ, ਮੌਸਮ ਦੀ ਖਰਾਬੀ, ਐਕਸੀਡੈਂਟ ਅਤੇ ਹੋਰ ਦੁਸ਼ਵਾਰੀਆਂ ਕਾਰਨ। ਜੇ ਇੱਕ ਕਿਸਾਨ ਵੀ ਆਪਣੀ ਜਾਨ ਗੁਆਉਂਦਾ ਹੈ ਤਾਂ ਸਮਝੋ ਪੂਰਾ ਇੱਕ ਪਰਿਵਾਰ ਉੱਜੜ ਜਾਂਦਾ ਹੈ। ਪਿਛਲੇ ਦਿਨਾਂ ਵਿਚ ਕਿੰਨੇ ਨੌਜੁਆਨ ਕਿਸਾਨਾਂ ਦੀਆਂ ਜਾਨਾਂ ਜਾ ਚੁਕੀਆਂ ਹਨ। ਬਾਬਾ ਰਾਮ ਸਿੰਘ ਦੀ ਕਿਸਾਨਾਂ ਦੇ ਹੱਕ ਵਿਚ ਖੁਦਕੁਸ਼ੀ, ਜਿਸ ਦਾ ਕੋਈ ਪਰਿਵਾਰ ਵੀ ਨਹੀਂ ਸੀ, ਇੱਕ ਹੋਰ ਦੁਖਦਾਈ ਘਟਨਾ ਹੈ। ਭਾਵੇਂ ਮੇਰਾ ਮੰਨਣਾ ਹੈ ਕਿ ਬਾਬਾ ਜੀ ਜਿਸ ਤਰ੍ਹਾਂ ਇਸ ਅੰਦੋਲਨ ਵਿਚ ਆਪਣਾ ਯੋਗਦਾਨ ਪਾ ਰਹੇ ਸੀ, ਉਵੇਂ ਜਿੰਦਾ ਰਹਿ ਕੇ ਪਾਉਂਦੇ ਰਹਿਣਾ ਚਾਹੀਦਾ ਸੀ।
ਕਿਸਾਨ ਅੰਦੋਲਨ ਨਾਲ ਕੋਈ ਵੀ ਇਲਜ਼ਾਮ ਨਾ ਚਿਪਕੇ ਜਾਣ ਤੋਂ ਕੇਂਦਰ ਸਰਕਾਰ ਬਹੁਤ ਪ੍ਰੇਸ਼ਾਨ ਹੈ, ਇਸ ਲਈ ਉਹ ਕੋਈ ਵੀ ਛੜਯੰਤਰ ਰਚ ਸਕਦੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਾਦਲ ਸਰਕਾਰ ਸਮੇਂ ਕਿਸਾਨਾਂ ਦਾ ‘ਰੇਲ ਰੋਕੋ’ ਅੰਦੋਲਨ ਸਿਖਰ `ਤੇ ਸੀ, ਜਦੋਂ ਉਸ ਨੂੰ ਤਾਰਪੀਡੋ ਕਰਨ ਲਈ ਬਰਗਾੜੀ ਵਾਲੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ ਤਾਂ ਕਿ ਕਿਸਾਨਾਂ ਦਾ ਧਿਆਨ ਅੰਦੋਲਨ ਵੱਲੋਂ ਹਟਾ ਕੇ ਹੋਰ ਪਾਸੇ ਲਾਇਆ ਜਾ ਸਕੇ। ਇਸ ਵੇਲੇ ਕਿਸਾਨ ਮੋਰਚੇ ਵਿਚ ਦਿੱਲੀ ਵਿਚ ਸਭ ਧਰਮਾਂ, ਜਾਤਾਂ ਅਤੇ ਇਲਾਕਿਆਂ ਦੇ ਸਿਰਫ ਕਿਸਾਨ ਹੀ ਨਹੀਂ, ਹੋਰ ਵਰਗਾਂ ਦੇ ਲੋਕ ਵੀ ਸ਼ਾਮਲ ਹਨ। ਇਸ ਲਈ ਸੰਜਮ, ਸਬਰ, ਸੰਤੋਖ ਅਤੇ ਹਲੀਮੀ ਦੀ ਬਹੁਤ ਜ਼ਿਆਦਾ ਲੋੜ ਹੈ। ਸਾਰੇ ਅਰਦਾਸ ਕਰੀਏ ਕਿ ਕਿਸਾਨ ਆਪਣੇ ਮਿਸ਼ਨ ਵਿਚ ਕਾਮਯਾਬ ਹੋਣ।