ਕੁਲਵੰਤ ਬੁਢਲਾਡੇ ਦੀ ਕੁਮੈਂਟਰੀ ਤੇ ਕਲਮਕਾਰੀ

ਪ੍ਰਿੰ. ਸਰਵਣ ਸਿੰਘ
ਕੁਲਵੰਤ ਸਿੰਘ ਬੁਡਲਾਢਾ ਕਬੱਡੀ ਦੀ ਕੁਮੈਂਟਰੀ ਦਾ ਕਲਹਿਰੀ ਮੋਰ ਹੈ। ਉਹ ਖੇਡ ਲੇਖਕ ਵੀ ਹੈ, ਜਿਸ ਨੇ ਜਿਲਾ ਮਾਨਸਾ ਤੇ ਬਠਿੰਡੇ ਦੇ ਦਰਜਨਾਂ ਖਿਡਾਰੀਆਂ ਦੇ ਰੇਖਾ ਚਿਤਰ ਉਲੀਕੇ ਹਨ। ਉਨ੍ਹਾਂ ਵਿਚ ਨੈਸ਼ਨਲ ਚੈਂਪੀਅਨ ਵੀ ਹਨ ਅਤੇ ਏਸ਼ੀਆਈ ਖੇਡਾਂ ਦੇ ਮੈਡਲਿਸਟ ਤੇ ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੇ ਵੀ ਹਨ। ਲਿਖਣ ਦੇ ਨਾਲ-ਨਾਲ ਉਹ ਕਬੱਡੀ ਦੀ ਦਿਲਚਸਪ ਕੁਮੈਂਟਰੀ ਵੀ ਕਰਦਾ ਹੈ। ਮਲਵਈ ਲਹਿਜੇ `ਚ ਬੋਲਦਾ ਜਦੋਂ ਬਾਗੜੀ ਬੋਲੀ ਦੀਆਂ ਗਰਾਰੀਆਂ ਘੁੰਮਾਉਂਦਾ ਹੈ ਤਾਂ ਉਹਦੀ ਕੁਮੈਂਟਰੀ ਰੰਗ-ਬਰੰਗੇ ਲਹਿਰੀਏ ਵਰਗੀ ਹੋ ਜਾਂਦੀ ਹੈ।

ਦੁਪੱਟਾ ਸੱਤ ਰੰਗ ਦਾ ਬਣ ਜਾਂਦੈ। ਉਹਦੇ ਫਿਕਰਿਆਂ `ਚ ਅਨਾਰ ਚਲਦੇ ਤੇ ਫੁੱਲਝੜੀਆਂ ਝੜਦੀਆਂ ਹਨ। ਉਸ ਨੂੰ ਹਾਸੇ-ਖੇਡੇ ਦੇ ਭੂੰਡ-ਪਟਾਕੇ ਵੀ ਚਲਾਉਣੇ ਆਉਂਦੇ ਹਨ। ਉਹ ਛੁਰਲੀਆਂ ਛੱਡਣ ਤੇ ਚੱਕਰੀਆਂ ਚਲਾਉਣ ਦਾ ਵੀ ਮਾਹਿਰ ਹੈ। ਜਦੋਂ ਕੁਮੈਂਟਰੀ ਕਰ ਰਿਹਾ ਹੁੰਦੈ ਤਾਂ ਉਹਦਾ ਚਿਹਰਾ ਮਤਾਬੀ ਵਾਂਗ ਜਗ ਰਿਹਾ ਹੁੰਦੈ। ਗੇੜੇ `ਤੇ ਗੇੜਾ ਬੰਨ੍ਹੀ ਫਿਰਦੈ। ਕਿਸੇ ਧਾਵੀ ਨੂੰ ਗਹਿਗੱਡਵਾਂ ਜੱਫਾ ਲੱਗ`ਜੇ ਤਾਂ ਕਹਿੰਦੈ, “ਕਰਤਾ ਗੱਡਾ ਡਹੀਏਂ। ਗੱਡ`ਤਾ ਅਰਲਾਕੋਟ। ਲਾ`ਤੇ ਜਿੰਦੇ…।”
1993 ਵਿਚ ਮੈਂ ਕਿਲਾ ਰਾਇਪੁਰ ਦੀਆਂ ਖੇਡਾਂ ਦੀ ਹਾਜ਼ਰੀ ਭਰ ਕੇ ਬੋਹੇ ਦੇ ਟੂਰਨਾਮੈਂਟ `ਚ ਗਿਆ ਤਾਂ ਦੂਰੋਂ ਹੀ ਕੁਮੈਂਟਰੀ ਦੇ ਮਾਰੋ-ਮਾਰ ਕਰਦੇ ਬੋਲ ਕੰਨੀਂ ਪਏ ਜਿਵੇਂ ਏ. ਕੇ. ਸੰਤਾਲੀ ਚਲਦੀ ਹੋਵੇ। ਅੱਗੇ ਜਾ ਕੇ ਵੇਖਿਆ ਤਾਂ ਸਮੱਧਰ ਕੱਦ ਤੇ ਵਿਰਲੀ ਦਾੜ੍ਹੀ ਵਾਲਾ ਛੀਂਟਕਾ ਜਿਹਾ ਨੌਜੁਆਨ ਮਾਈਕ ਫੜੀ ਮੇਲ੍ਹ ਰਿਹਾ ਸੀ। ਪਹਿਲੀ ਨਜ਼ਰੇ ਇਉਂ ਲੱਗਾ ਜਿਵੇਂ ਕਲਹਿਰੀ ਮੋਰ ਪੈਲਾਂ ਪਾ ਰਿਹਾ ਹੋਵੇ। ਬਾਅਦ ਵਿਚ ਮੈਂ ਉਹਦਾ ਨਾਂ ਹੀ ‘ਕਲਹਿਰੀ ਮੋਰ’ ਰੱਖ ਲਿਆ। ਉਹਦੇ ਪੈਰੀਂ ਤਿੱਲੇਦਾਰ ਜੁੱਤੀ ਸੀ ਤੇ ਅੱਖਾਂ ਉਤੇ ਫੈਸ਼ਨਦਾਰ ਕਾਲੀਆਂ ਐਨਕਾਂ। ਜੁੱਸਾ ਉਹਦਾ ਭਾਵੇਂ ਮਣ ਕੁ ਦਾ ਸੀ, ਪਰ ਗੱਲਾਂ ਕੁਇੰਟਲ-ਕੁਇੰਟਲ ਦੀਆਂ ਕਰ ਰਿਹਾ ਸੀ। ਬੋਲਾਂ ਵਿਚ ਗੜ੍ਹਕ ਸੀ ਤੇ ਪੈਰਾਂ ਵਿਚ ਫੁਰਤੀ। ਉਦੋਂ ਉਹ ਬੁਢਲਾਡੇ ਦੇ ਕੋਆਪ੍ਰੇਟਿਵ ਬੈਂਕ ਵਿਚ ਕਲਰਕ ਸੀ, ਜਿਥੋਂ ਫਿਰ ਮੈਨੇਜਰ ਬਣ ਕੇ ਰਿਟਾਇਰ ਹੋਇਆ। ਹੁਣ ਕਦੇ ਵੱਡੇ ਲੜਕੇ ਪਾਸ ਆਸਟ੍ਰੇਲੀਆ ਵਿਚ ਹੁੰਦਾ, ਕਦੇ ਛੋਟੇ ਲੜਕੇ ਪਾਸ ਬੁਢਲਾਡੇ। ਵੈਸੇ ਉਸ ਦਾ ਜੱਦੀ ਪਿੰਡ ਧਲੇਵਾਂ ਹੈ। ਨਾਨਕੇ ਬਾਹਮਣ ਵਾਲੇ ਹਨ, ਜੋ ਬਾਗੜੀ ਬੋਲਣ ਵਾਲੇ ਪਿੰਡਾਂ ਵਿਚਕਾਰ ਹੈ। ਦਸਵੀਂ ਤਕ ਉਹ ਉਥੇ ਹੀ ਪੜ੍ਹਿਆ। ਮਾਨਸਾ ਕਾਲਜ ਵਿਚ ਅਜਮੇਰ ਔਲਖ ਦਾ ਵਿਦਿਆਰਥੀ ਰਿਹਾ ਹੋਣ ਕਰਕੇ ਨਾਟਕਾਂ ਚੇਟਕਾਂ ਵਿਚ ਭਾਗ ਲੈਂਦਾ ਰਿਹਾ। ਸੱਦਾ ਮਿਲਣ ’ਤੇ ਇਲਾਕੇ ਵਿਚ ਮਾਈਕ ਤੋਂ ਸਟੇਜ ਸਕੱਤਰੀ ਕਰਦਾ ਰਿਹਾ। ਫਿਰ ਉਹਦਾ ਮਾਈਕ ਅੱਗੇ ਬੋਲਣ ਦਾ ਸ਼ੌਕ ਕਬੱਡੀ ਦੀ ਕੁਮੈਂਟਰੀ ਕਰਨ ਵਿਚ ਬਦਲ ਗਿਆ। ਜਦੋਂ ਮੇਰੇ ਸੰਪਰਕ ਵਿਚ ਆਇਆ ਤਾਂ ਖਿਡਾਰੀਆਂ ਬਾਰੇ ਲਿਖਣ ਲੱਗ ਪਿਆ।
ਉਹਦੀਆਂ ਲਿਖਤਾਂ ਵਿਚੋਂ ਓਲੰਪੀਅਨ ਖਿਡਾਰੀ ਸਵਰਨ ਸਿੰਘ ਵਿਰਕ ਬਾਰੇ ਨੇੜਲੀ ਜਾਣਕਾਰੀ ਮਿਲਦੀ ਹੈ। ਇਹ ਇਕ ਓਲੰਪੀਅਨ ਦੀ ਕਰੜੀ ਜੱਦੋ-ਜਹਿਦ ਦੀ ਲੰਮੀ ਕਹਾਣੀ ਹੈ ਕਿ ਕਿਵੇਂ ਇਕ ਨਿਮਨ ਕਿਸਾਨ ਦਾ ਪੁੱਤਰ ਖੇਤੀਬਾੜੀ ’ਚੋਂ ਪੂਰੀ ਨਾ ਪੈਂਦੀ ਵੇਖ ਫੌਜ ਵਿਚ ਭਰਤੀ ਹੁੰਦਾ ਹੈ। ਭਰਤੀ ਹੋ ਕੇ ਪਰਿਵਾਰ ਦੇ ਗੁਜ਼ਾਰੇ ਦਾ ਸਾਧਨ ਬਣਦਾ ਹੈ। ਚੰਗੇ ਕੱਦ ਕਾਠ ਕਰ ਕੇ ਰੋਇੰਗ ਵਰਗੀ ਪਾਣੀ ਦੀ ਖੇਡ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ, ਜਿਸ ਖੇਡ ਦਾ ਉਸ ਨੇ ਪਹਿਲਾਂ ਕਦੇ ਨਾਂ ਵੀ ਨਹੀਂ ਸੀ ਸੁਣਿਆ। ਉਹਦੀ ਕਹਾਣੀ ਮਿਲਖਾ ਸਿੰਘ ਤੇ ਪੰਜਾਬ ਦੇ ਹੋਰ ਕਈ ਫੌਜੀ ਖਿਡਾਰੀਆਂ ਵਰਗੀ ਹੈ, ਜੋ ਮਜਬੂਰੀ ਵੱਸ ਫੌਜ ਵਿਚ ਭਰਤੀ ਹੋਏ ਅਤੇ ਨੈਸ਼ਨਲ ਤੇ ਏਸ਼ੀਆ ਪੱਧਰ ਦੇ ਜਿੱਤ-ਮੰਚਾਂ ਉਤੇ ਚੜ੍ਹੇ।
ਸਵਰਨ ਸਿੰਘ 19ਵੇਂ ਸਾਲ ਦੀ ਉਮਰ ਵਿਚ ਭਰਤੀ ਹੋਇਆ ਅਤੇ 21ਵੇਂ ਸਾਲ ਦੀ ਉਮਰ ਵਿਚ ਮੈਡਲ ਜਿੱਤਣ ਲੱਗ ਪਿਆ। ਕਦੇ ਕੌਮੀ ਖੇਡਾਂ `ਚੋਂ, ਕਦੇ ਏਸ਼ੀਆ ਰੋਇੰਗ ਚੈਂਪੀਅਨਸ਼ਿਪਾਂ `ਚੋਂ ਤੇ ਕਦੇ ਏਸ਼ੀਅਨ ਖੇਡਾਂ ’ਚੋਂ। ਕਿਸੇ ਭਾਰਤੀ ਖਿਡਾਰੀ ਦਾ ਓਲੰਪਿਕ ਖੇਡਾਂ `ਚ ਭਾਗ ਲੈਣ ਲਈ ਕੁਆਲੀਫਾਈ ਕਰਨਾ ਹੀ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ, ਸਵਰਨ ਸਿੰਘ ਵਿਰਕ ਨੇ ਲੰਡਨ ਦੀਆਂ ਓਲੰਪਿਕ ਖੇਡਾਂ ਵਿਚੋਂ 16ਵਾਂ ਸਥਾਨ ਪ੍ਰਾਪਤ ਕੀਤਾ। ਪੇਸ਼ ਹੈ, ਕੁਲਵੰਤ ਬੁਡਲਾਢੇ ਦੇ ਲਿਖੇ ਵਿਸਥਾਰ ਦਾ ਸੰਖੇਪਸਾਰ:
ਜਿਲਾ ਮਾਨਸਾ ਦਾ ਪਹਿਲਾ ਓਲੰਪੀਅਨ ਤੇ ਅਰਜਨਾ ਅਵਾਰਡੀ ਸਵਰਨ ਸਿੰਘ ਵਿਰਕ
1992 ਵਿਚ ਮਾਨਸਾ ਜਿਲਾ ਬਣਨ ਪਿੱਛੋਂ ਏਸ਼ੀਆਈ ਖੇਡਾਂ ਵਿਚੋਂ ਪਹਿਲਾ ਮੈਡਲ ਜਿੱਤਣ ਦਾ ਰਿਕਾਰਡ ਤਾਂ ਭਾਵੇਂ ਰੋਇੰਗ ਵਾਲੇ ਕੈਪਟਨ ਪੱਪੀ ਸਿੰਘ ਰੱਲੀਵਾਲੇ ਦੇ ਨਾਮ ਬੋਲਦੈ, ਪਰ ਓਲੰਪਿਕ ਖੇਡਾਂ ਵਿਚ ਹਿੱਸਾ ਲੈ ਕੇ ਇਤਿਹਾਸ ਰਚਣ ਵਾਲਾ ਦਲੇਲਵਾਲੇ ਪਿੰਡ ਦਾ ਜੰਮਪਲ ਸਵਰਨ ਸਿੰਘ ਵਿਰਕ ਹੈ। ਏਸ਼ੀਅਨ ਗੇਮਾਂ ਵਿਚੋਂ ਦੋ ਵਾਰ ਮੈਡਲ ਜਿੱਤ ਕੇ ਭਾਰਤ ਦਾ ਨਾਮ ਚਮਕਾਉਣ ਵਾਲੇ ਇਸ ਜੋਧੇ ਖਿਡਾਰੀ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ `ਤੇ ਦਰਜਨ ਤੋਂ ਵਧ ਮੈਡਲ ਜਿੱਤੇ ਹਨ। ਮਾਨਸਾ ਜਿਲੇ ਦਾ ਪਹਿਲਾ ਅਰਜਨਾ ਅਵਾਰਡ ਜੇਤੂ ਬਣਨਾ ਵੀ ਸਵਰਨ ਦੇ ਹਿੱਸੇ ਆਇਆ ਹੈ।
ਸਮੁੱਚੇ ਭਾਰਤ ਅਤੇ ਏਸ਼ੀਆ ਪੱਧਰ `ਤੇ ਮੈਡਲ ਤੇ ਮਾਨ ਸਨਮਾਨ ਪ੍ਰਾਪਤ ਕਰਨ ਵਾਲੇ ਇਸ ਖਿਡਾਰੀ ਦੇ ਖੇਡ ਜੀਵਨ ਦੀਆਂ ਪਰਤਾਂ ਫਰੋਲਣ `ਤੇ ਪਤਾ ਲਗਦੈ ਕਿ ਮੈਡਲ ਜਿੱਤਣੇ ਤੇ ਮਾਨ ਸਨਮਾਨ ਹਾਸਲ ਕਰਨੇ ਸੌਖੇ ਨਹੀਂ ਹੁੰਦੇ। ਏਡੀ ਕਾਮਯਾਬੀ ਹਾਸਲ ਕਰਨ ਲਈ ਬਚਪਨ ਤੇ ਜੁਆਨੀ ਦੇ ਸਾਰੇ ਸੁਖ ਆਰਾਮ ਤਿਆਗ ਕੇ ਮਿਹਨਤਾਂ, ਮੁਸ਼ੱਕਤਾਂ ਨਾਲ ਯਾਰੀ ਗੰਢਣੀ ਪੈਂਦੀ ਐ। ਸਿਆਣਿਆਂ ਦੇ ਕਥਨ ਨੇ ਕਿ ਸਫਲਤਾ ਕਦੇ ਸੌਖੀ ਨਹੀਂ ਹੱਥ ਆਉਂਦੀ। ਹਰ ਸਫਲਤਾ ਦੇ ਪਿੱਛੇ ਅਸਫਲਤਾ ਦੀਆਂ ਅਣਗਿਣਤ ਕਹਾਣੀਆਂ ਹੁੰਦੀਆਂ ਹਨ। ਸਫਲ ਵਿਅਕਤੀ ਦੀ ਚਮਕ ਦਮਕ ਵੇਖ ਕੇ ਤਾਂ ਲੋਕ ਚਕਾਚੌਂਧ ਹੁੰਦੇ ਹੀ ਨੇ, ਪਰ ਉਸ ਦੁਆਰਾ ਦੇਖੇ ਕਾਲੇ ਹਨੇਰਿਆਂ ਤੋਂ ਵਧੇਰੇ ਲੋਕ ਅਣਜਾਣ ਹੀ ਰਹਿੰਦੇ ਨੇ।
20 ਫਰਵਰੀ 1990 ਨੂੰ ਪਿੰਡ ਦਲੇਲਵਾਲੇ ਵਿਚ ਪਹਿਲੀ ਕਿਲਕਾਰੀ ਮਾਰਨ ਵਾਲੇ ਸਵਰਨ ਦੇ ਪਰਿਵਾਰ ਦਾ ਸੰਘਰਸ਼ ਵੀ ਮੈਡਲ ਜਿੱਤਣ ਵਰਗਾ ਹੀ ਹੈ। ਦੇਸ਼ ਵੰਡ ਦਾ ਸੰਤਾਪ ਭੋਗ ਕੇ, ਸਭ ਕੁਝ ਲੁਟਾ-ਪੁਟਾ ਕੇ ਖਾਲੀ ਹੱਥ ਆਉਣ ਵਾਲੇ ਅਨੇਕਾਂ ਪਰਿਵਾਰਾਂ ਵਿਚ ਇਹਦੇ ਦਾਦਾ ਜੈਮਲ ਸਿੰਘ ਵਿਰਕ ਵੀ ਸਨ। ਦਲੇਲਵਾਲੇ ਪਿੰਡ ਵਿਚ ਏਸ ਪਰਿਵਾਰ ਨੂੰ ਟਿਬਿਆਂ ਵਾਲੀ ਉੱਚੀ ਨੀਵੀਂ ਤੇ ਰੇਤਲੀ ਜ਼ਮੀਨ ਮਿਲੀ ਸੀ। ਸਵਰਨ ਅਜੇ ਪੰਜ ਸੱਤ ਦਿਨਾਂ ਦਾ ਹੀ ਸੀ, ਜਦੋਂ ਜ਼ਮੀਨ ਦੀ ਪਰਿਵਾਰਕ ਵੰਡ ਹੋ ਗਈ। ਪੈਂਦੀ ਸੱਟੇ ਇਹਦੀ ਮਾਤਾ ਸੁਰਜੀਤ ਕੌਰ ਤੇ ਪਿਤਾ ਗੁਰਮੁਖ ਸਿਉਂ ਨੂੰ ਆਪਣੇ ਬੋਟਾਂ ਦੀ ਸੰਭਾਲ ਲਈ ਨਵਾਂ ਆਲ੍ਹਣਾ ਬਣਾਉਣਾ ਪੈ ਗਿਆ। ਸਵਰਨ ਦਾ ਵੱਡਾ ਭਰਾ ਲਖਵਿੰਦਰ ਓਸ ਵੇਲੇ ਸਾਲ ਕੁ ਦਾ ਸੀ। ਕੱਚਾ ਪਿੱਲਾ ਮਕਾਨ ਬਣਾਏ ਨੂੰ ਅਜੇ ਦੋ ਸਾਲ ਹੀ ਹੋਏ ਸਨ ਕਿ 1992 ਵਿਚ ਘੱਗਰ ਦਰਿਆ ਦਾ ਹਰਿਆਣੇ ਦੇ ਪਿੰਡ ਚਾਂਦਪੁਰੇ ਵਾਲਾ ਬੰਨ੍ਹ ਟੁੱਟਣ ਕਾਰਨ ਇਨ੍ਹਾਂ ਦਾ ਪਿੰਡ ਵੀ ਪਾਣੀ ਦੀ ਲਪੇਟ ਵਿਚ ਆ ਗਿਆ। ਘਰ ਦੁਆਲੇ ਬੰਨ੍ਹ ਮਾਰ ਕੇ ਉਹ ਤਾਂ ਬਚਾਅ ਲਿਆ ਗਿਆ, ਪਰ ਪੰਜਾਬ ਤੇ ਹਰਿਆਣੇ ਦੇ ਪੱਚੀ ਤੀਹ ਪਿੰਡਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ। ਸੰਕਟ ਦਾ ਇਹ ਓਹੋ ਜਿਹਾ ਸਮਾਂ ਸੀ, ਜਦੋਂ ਪੰਜਾਬੀ ਭਾਈਚਾਰੇ ਦੀ ਪਰਖ ਹੁੰਦੀ ਰਹੀ ਐ ਕਿ ਕੌਣ ਮਦਦ ਲਈ ਬਹੁੜਦੈ? ਸਮਾਜ ਸੇਵੀ ਲੰਗਰ ਤੋਂ ਲੈ ਕੇ ਕੱਪੜੇ ਲੀੜੇ ਤੇ ਮੱਛਰਦਾਨੀਆਂ ਤਕ ਵੀ ਲੋੜਵੰਦਾਂ ਲਈ ਪਹੁੰਚਦੀਆਂ ਕਰ ਦਿੰਦੇ ਨੇ। ਦੋ-ਢਾਈ ਸਾਲਾਂ ਦੇ ਸਵਰਨ ਨੂੰ ਉਹ ਹਾਲਾਤ ਅੱਜ ਵੀ ਯਾਦ ਨੇ। ਆਖਰ ਮਿਹਨਤੀ ਪਰਿਵਾਰ ਹਿੰਮਤ ਨਾਲ ਨਿਕਲ ਹੀ ਜਾਂਦੇ ਨੇ ਅਜਿਹੀਆਂ ਆਫਤਾਂ ਵਿਚੋਂ,
ਨਾਲ ਮਿਹਨਤਾਂ ਸਿੰਜਦੇ, ਜੋ ਵੀ ਆਪਣੇ ਰੁੱਖ।
ਪੈਰ ਚੁੰਮਦੀਆਂ ਖੁਸ਼ੀਆਂ, ਦੂਰ ਹੁੰਦੇ ਸਭ ਦੁੱਖ।
ਆਫਤ ਆਈ ਤੋਂ ਆਦਮੀ, ਜਾਂਦੇ ਜੋ ਘਬਰਾਅ
ਉਹ ਦੂਣੀ ਚੌਣੀ ਹੋ ਕੇ, ਮੱਲ ਲੈਂਦੀ ਹੈ ਰਾਹ।
ਉਹਦੇ ਬਾਪੂ ਨੂੰ ਵੰਡ ਦੇ ਹਿੱਸੇ ਅੱਠ ਏਕੜ ਜ਼ਮੀਨ ਆਈ ਸੀ, ਜਿਸ ਵਿਚੋਂ ਤਿੰਨ ਏਕੜ `ਚ ਹੀ ਫਸਲ ਹੁੰਦੀ ਸੀ, ਜਦੋਂ ਕਿ ਬਾਕੀ ਦੇ ਪੰਜ ਏਕੜ ਟਿੱਬੇ ਸਨ। ਬਲਦ ਵੀ ਇਕੋ ਹਿੱਸੇ ਆਇਆ ਸੀ। ਪਿੰਡ ਵਿਚ ਕਿਸੇ ਮਿੱਤਰ ਪਿਆਰੇ ਨਾਲ ਵਿੜ੍ਹੀ ਕਰ ਲਈ ਸੀ, ਖੇਤੀ ਦੇ ਕੰਮ ਵਾਸਤੇ। ਇਕ ਬਲਦ ਇਨ੍ਹਾਂ ਦਾ ਤੇ ਇਕ ਵਿੜ੍ਹੀ ਵਾਲੇ ਗੁਆਂਢੀਆਂ ਦਾ, ਰਲ-ਮਿਲ ਕੇ ਖੇਤੀ ਕਰਦੇ ਰਹੇ। ਬਾਪੂ ਨੇ ਦੋਹਾਂ ਪੁੱਤਾਂ ਨੂੰ ਬੋਹੇ ਦੇ ਜਨਤਾ ਮਾਡਲ ਪ੍ਰਾਈਵੇਟ ਸਕੂਲ ਵਿਚ ਪੜ੍ਹਨੇ ਪਾ ਦਿੱਤਾ। ਪਿੰਡਾਂ ਦੇ ਕੱਚੇ ਰਸਤਿਆਂ ਤੋਂ ਦੀ ਆਉਂਦੀ ਪ੍ਰਾਈਵੇਟ ਬੱਸ `ਤੇ ਉਹ ਸਕੂਲ ਪੜ੍ਹਨ ਜਾਂਦੇ। ਇਕ ਦਿਨ ਮੀਂਹ ਪੈਣ ਨਾਲ ਕੱਚੇ ਰਸਤੇ ਵਿਚ ਬੱਸ ਪਲਟ ਗਈ। ਸਵਰਨ ਨੂੰ ਤਾਂ ਖਾਸ ਸੱਟ ਨਾ ਲੱਗੀ, ਪਰ ਵੱਡੇ ਭਾਈ ਦਾ ਹੱਸ ਟੁੱਟ ਗਿਆ। ਇਕ ਮਹੀਨਾ ਉਹ ਸਕੂਲ ਨਾ ਜਾ ਸਕਿਆ। ਏਸ ਚੌਧਰੀ ਨੂੰ ਮੌਜਾਂ ਲੱਗ ਗਈਆਂ ਸਕੂਲੋਂ ਟਾਲਾ ਵੱਟਣ ਦੀਆਂ; ਪਰ ਜਦੋਂ ਮਾਪਿਆਂ ਨੂੰ ਪਤਾ ਲੱਗਾ ਤਾਂ ਪਹਿਲੀ ਕੰਡ ਝਾੜ ਨਾਲ ਹੀ ਲੀਹੇ ਪੈ ਗਿਆ।
ਫਿਰ ਦੋਵੇਂ ਭਾਈ ਪੰਜਵੀਂ ਦਾ ਇਮਤਿਹਾਨ ਦੇ ਕੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿਚ ਹੀ ਪੜ੍ਹਨ ਲੱਗ ਗਏ। ਸਕੂਲ ਦੇ ਮਾਸਟਰ ਇਹਦੇ ਘਰ ਵਾਲਿਆਂ ਨੂੰ ਕਹਿੰਦੇ ਵੱਡੇ ਨੂੰ ਤਾਂ ਅਸੀਂ ਦਾਖਲ ਕਰ ਲਵਾਂਗੇ, ਪਰ ਆਹ ਛੋਟਾ ਸਵਰਨਾ ਤਾਂ ਪੂਰਾ ਹੀ ਨਾਲਾਇਕ ਹੈ, ਇਹਨੂੰ ਕਿਸੇ ਪ੍ਰਾਈਵੇਟ ਸਕੂਲ ਵਿਚ ਲਾ ਦਿਓ। ਜਦੋਂ ਪੰਜਵੀਂ ਦਾ ਨਤੀਜਾ ਵੇਖਿਆ ਤਾਂ ਇਹ ਚੌਧਰੀ ਚਾਰੇ ਖਾਨੇ ਚਿੱਤ ਪਾਇਆ ਗਿਆ। ਫਿਰ ਸ਼ੁਕੀਨ ਪੁੱਤ ਨੇ ਝੁਨੀਰ ਵੱਲ ਨੂੰ ਮੋੜਾ ਕੱਟ ਲਿਆ। ਸੱਤਵੀਂ ਤਕ ਝੁਨੀਰ ਪੜ੍ਹਿਆ ਤੇ ਅੱਠਵੀਂ ਵਿਚ ਅੱਕਾਂਵਾਲੀ ਦੇ ਗੁਰੂ ਨਾਨਕ ਦੇਵ ਪ੍ਰਾਈਵੇਟ ਸਕੂਲ ਜਾ ਧਰਿਆ ਕਿਤਾਬਾਂ ਵਾਲਾ ਬੈਗ। ਘਰ ਕੋਈ ਸਾਈਕਲ ਵੀ ਨਹੀਂ ਸੀ ਹੁੰਦਾ, ਮੰਗਵੇਂ ਸਾਈਕਲ `ਤੇ ਸਕੂਲ ਜਾਂਦਾ। ਰੋਜ਼ ਰੋਜ਼ ਭਲਾ ਕੌਣ ਦਿੰਦੈ ਮੰਗਵਾਂ, ਜੱਟਾਂ ਨੇ ਤਾਂ ਟਰਾਲੀ `ਤੇ ਵੀ ਲਿਖਵਾਇਆ ਹੁੰਦੈ, ‘ਨਿੱਤ ਮੰਗਵੀਂ ਨਾ ਮਿਲਦੀ ਟਰਾਲੀ, ਆਪਣੀ ਬਣਾ ਲੈ ਮਿੱਤਰਾ।’ ਸਾਈਕਲ ਨਾ ਮਿਲਦਾ ਤਾਂ ਤੁਰ ਕੇ ਵਾਟਾਂ ਨਿਬੇੜਦਾ। ਅੱਠਾਂ ਦੀ ਕਲਾਸ ਵਿਚੋਂ ਸਾਰਿਆਂ ਤੋਂ ਮਲੂਕੜਾ ਵੀ ਇਹੀ ਹੁੰਦਾ ਸੀ। ਓਦੋਂ ਕਾਲੇ ਧਾਗੇ ਵਿਚ ਪਰੋ ਕੇ ਚਾਂਦੀ ਦਾ ਮੜ੍ਹਿਆ ਤਵੀਤ ਡੌਲੇ ਨਾਲ ਬੰਨ੍ਹ ਕੇ ਰੱਖਦਾ ਸੀ। ਅੱਠਵੀਂ ਕਰ ਕੇ ਇਹ ਝੁਨੀਰ ਵੱਲ ਨੂੰ ਹੋ ਤੁਰਿਆ। ਨੌਂਵੀਂ ਜਮਾਤ ਦਸ਼ਮੇਸ਼ ਸਕੂਲ ਝੁਨੀਰ ਵਿਚ ਪੜ੍ਹਦੇ ਨੇ ਵਾਲੀਬਾਲ ਖੇਡਣੀ ਸ਼ੁਰੂ ਕੀਤੀ। ਵੱਡਾ ਭਾਈ ਪੜ੍ਹਨ ਵਿਚ ਵਾਹਵਾ ਹੁਸਿ਼ਆਰ ਸੀ। ਉਹ ਘਰ ਦੇ ਕੰਮ ਵੀ ਨਿੱਠ ਕੇ ਕਰਦਾ, ਪਰ ਸਵਰਨ ਟਾਲ ਮਟੋਲ ਕਰ ਛੱਡਦਾ। ਮਾਤਾ ਨੇ ਕਹਿਣਾ, ਪੜ੍ਹ ਲਿਆ ਕਰ, ਨਹੀਂ ਤਾਂ ਡੰਗਰ ਵੱਛੇ ਚਾਰਨ ਜੋਗਾ ਹੀ ਰਹਿ ਜਾਵੇਂਗਾ। ਇਹਨੇ ਕਹਿਣਾ, ਮੈਂ ਤਾਂ ਫੌਜੀ ਬਣੂੰ। ਦਸਵੀਂ ਦੇ ਪੇਪਰਾਂ ਵੇਲੇ ਦੱਬ ਕੇ ਮਿਹਨਤ ਕੀਤੀ ਤੇ ਨਲਾਇਕ ਕਹਾਉਣ ਵਾਲਾ ਮੁੰਡਾ 47% ਨੰਬਰ ਲੈ ਕੇ ਪਾਸ ਹੋ ਗਿਆ।
ਫੌਜ ਦੀ ਭਰਤੀ ਹੋਣ ਲਈ ਬਾਰਾਂ ਜਮਾਤਾਂ ਪਾਸ ਕਰਨੀਆਂ ਜ਼ਰੂਰੀ ਸਨ। ਸਵਰਨ ਨੇ 10+2 ਕਰਨ ਲਈ ਝੁਨੀਰ ਦੇ ਸਰਕਾਰੀ ਸਕੂਲ ਦਾਖਲਾ ਲੈ ਲਿਆ। ਬਾਪੂ ਨਾਲ ਰਾਤਾਂ ਨੂੰ ਪਾਣੀ ਦੀਆਂ ਵਾਰੀਆਂ ਵੀ ਲਵਾਈਆਂ। ਸਰਦੀਆਂ ਵਿਚ ਰਾਤ ਨੂੰ ਪਾਣੀ ਦੀ ਵਾਰੀ ਸਮੇਂ ਟੋਕਰਾ ਪਾਥੀਆਂ ਲੈ ਜਾਂਦਾ ਤੇ ਅੱਗ ਨਾ ਬੁਝਣ ਦਿੰਦਾ। ਨੱਕੇ ਤਾਂ ਸਾਰੇ ਬਾਪੂ ਮੋੜਦਾ, ਪਰ ਨਿੱਘ ਇਹ ਦਿੰਦਾ।
10+2 ਦੇ ਪੇਪਰ ਦੇ ਕੇ ਸਵਰਨ ਖੇਤੀ ਵਿਚ ਪੂਰੀ ਜਿ਼ੰਮੇਵਾਰੀ ਨਾਲ ਬਾਪੂ ਦਾ ਸਾਥੀ ਬਣ ਗਿਆ। ਕਣਕ ਦੀ ਸਾਰੀ ਵਾਢੀ ਆਪਣੇ ਹੱਥੀਂ ਕਰਵਾਈ। ਦਾਣਾ ਫੱਕਾ ਨਬੇੜ ਕੇ ਤੇ ਤੂੜੀ ਤੰਦ ਸਾਂਭ ਕੇ ਨਰਮੇ ਦੀ ਬਿਜਾਈ ਵੀ ਕਰਵਾ ਦਿੱਤੀ। ਉਸ ਸਮੇਂ ਘਰ ਵਿਚ ਤਿੰਨ ਖੁਸ਼ੀਆਂ ਨੇ ਅੱਗੜ ਪਿੱਛੜ ਦਸਤਕ ਦਿੱਤੀ। ਪਹਿਲੀ ਖੁਸ਼ੀ ਵੱਡੇ ਭਰਾ ਦਾ ਪੰਜਾਬ ਪੁਲਿਸ ਵਿਚ ਭਰਤੀ ਹੋਣਾ, ਦੂਜੀ ਖੁਸ਼ੀ ਸੀ ਘਰ ਦੀ ਘੋੜੀ ਨੇ ਨੁਕਰੀ ਵਛੇਰੀ ਨੂੰ ਜਨਮ ਦੇਣਾ ਤੇ ਤੀਜੀ ਖੁਸ਼ੀ ਬਣ ਗਈ ਸਵਰਨ ਦਾ ਬਾਰ੍ਹਵੀਂ ਪਾਸ ਹੋਣਾ। ਵੱਡੇ ਭਾਈ ਦੀ ਤਨਖਾਹ ਆਉਣ ਨਾਲ ਘਰ ਦਾ ਗੁਜ਼ਾਰਾ ਤੁਰਨ ਲੱਗ ਪਿਆ। ਸਵਰਨ ਵੀ ਹੁਣ ਫੌਜੀ ਬਣਨ ਲਈ ਤਣੇ ਤੁੜਾਉਣ ਲੱਗ ਪਿਆ। ਪਹਿਲੀ ਭਰਤੀ ਬਠਿੰਡੇ ਦੀ ਆਈ। ਚਾਰ ਸੌ ਮੀਟਰ ਟਰੈਕ ਦੇ ਚਾਰੇ ਚੱਕਰ ਸਭ ਤੋਂ ਪਹਿਲਾਂ ਪੂਰੇ ਕੀਤੇ, ਪਰ ਮੈਡੀਕਲ ਟੈਸਟ ਵਿਚੋਂ ਇਹ ਕਹਿ ਕੇ ਬਾਹਰ ਕਰ ਦਿੱਤਾ ਕਿ ਤੇਰੀਆਂ ਅੱਖਾਂ ਵਿਚ ਤਾਂ ਧੱਬੇ ਨੇ। ਦੂਜੀ ਭਰਤੀ ਲੁਧਿਆਣੇ ਆਈ, ਓਥੇ ਫੇਰ ਸਾਰੇ ਟ੍ਰਾਇਲ ਪਹਿਲੇ ਨੰਬਰ ’ਤੇ ਰਹਿ ਕੇ ਪਾਸ ਕੀਤੇ। ਉਥੇ ਅੱਖੀਆਂ ਦੇ ਵਣਜ ਵੀ ਵਪਾਰੀਆਂ ਨੂੰ ਸੋਹਣੇ ਲੱਗੇ ਤੇ ਸੁੱਖੀਂ ਸਾਂਦੀ ਮੈਡੀਕਲ ਟੈਸਟ ਵਿਚੋਂ ਵੀ ਪਾਸ ਹੋ ਗਿਆ। ਲਿਖਤੀ ਪੇਪਰ ਦੀਆਂ ਤਰੀਕਾਂ ਨੇੜੇ ਆ ਗਈਆਂ, ਪਰ ਨਤੀਜਾ ਆਉਣ ’ਤੇ ਫਿਰ ਮੂਧੇ ਮੂੰਹ ਡਿੱਗ ਪਿਆ। ਤਦ ਪਤਾ ਲੱਗਾ ਮੌਜੀ ਠਾਕੁਰ ਨੂੰ ਕਿ ਪੜ੍ਹਾਈ ਦੀ ਕਿੰਨੀ ਅਹਿਮੀਅਤ ਹੁੰਦੀ ਐ?
ਤੀਜੀ ਭਰਤੀ ਰਾਮਗੜ੍ਹ ਸੈਂਟਰ ਰਾਂਚੀ ਦੀ ਆ ਗਈ। ਘਰ ਦੇ ਕਹਿਣ ਦੂਰ ਐ, ਨਹੀਂ ਜਾਣਾ, ਏਨੀ ਦੂਰ ’ਕੱਲਾ ਕਿਵੇਂ ਜਾਵੇਂਗਾ? ਟੱਪਿਆ ਤਾਂ ਕਦੇ ਜਾਖਲ ਨ੍ਹੀਂ, ਪਰ ਇਹ ਕਿੱਥੇ ਟਲਦਾ ਸੀ? ਜਵਾਨੀ ਦੇ ਜੋਸ਼ ਮੂਹਰੇ ਕੀ ਦਿੱਲੀ ਤੇ ਕੀ ਦੱਖਣ? ਪਿੰਡ ਦੇ ਇਕ ਸਾਥੀ ਨੂੰ ਨਾਲ ਲੈ ਕੇ ਠਿੱਲ੍ਹ ਪਿਆ ਰਾਮਗੜ੍ਹ ਸੈਂਟਰ ਵੱਲ। ਰਾਂਚੀ ਟ੍ਰਾਇਲ ਦਿੱਤੇ, ਤੀਜੀ ਵਾਰੀ ਵੀ ਨੰਬਰ ਇੱਕ ਵਾਲਾ ਝੰਡਾ ਗੱਡ ਦਿੱਤਾ। ਮੈਡੀਕਲ ਟੈਸਟ ਵੀ ਪਾਸ ਕਰ ਲਿਆ, ਲਿਖਤੀ ਪੇਪਰ ਦੇਣ ਦੀ ਤਰੀਕ ਵੀ ਮਿਲ ਗਈ। ਪਿੰਡ ਆ ਕੇ ਪੇਪਰ ਦੀ ਤਿਆਰੀ ਵਿਚ ਜੁੱਟ ਗਿਆ। ਦਿਨ ਰਾਤ ਦੀ ਮਿਹਨਤ ਰੰਗ ਲਿਆਈ। ਪੱਪੂ ਪਾਸ ਹੋ ਗਿਆ। ਹੁਣ ਤਾਂ ਭਰਤੀ ਪੱਤਰ ਹੀ ਆਉਣਾ ਸੀ, ਛਾਉਣੀ ’ਚ ਨਾਂ ਲਿਖਵਾਉਣ ਦਾ।
ਰਾਮਗੜ੍ਹ ਰਾਂਚੀ ਸੈਂਟਰ ਪਹੁੰਚ ਕੇ 21 ਜੁਲਾਈ 2008 ਨੂੰ ਹਾਜ਼ਰੀ ਭਰੀ। ਨਵੇਂ ਰੰਗਰੂਟਾਂ ਵਿਚੋਂ ਮਾਨਸਾ ਦੇ ਛੇ ਜਵਾਨ ਇੱਕੋ ਜਗ੍ਹਾ ’ਕੱਠੇ ਹੋ ਗਏ। ਟ੍ਰੇਨਿੰਗ ਚਾਲੂ ਹੋ ਗਈ। ਫੌਜੀ ਸਿਖਲਾਈ ਬੰਦੇ ਨੂੰ ‘ਬੰਦਾ’ ਬਣਾ ਦਿੰਦੀ ਐ। 21 ਮਈ 2009 ਨੂੰ ਟ੍ਰੇਨਿੰਗ ਪੂਰੀ ਕਰ ਕੇ ਰੰਗਰੂਟ ਤੋਂ ਸਿਪਾਹੀ ਬਣਨ ਦੀ ਸਹੁੰ ਚੁੱਕੀ। ਦਸ ਸਿੱਖ ਰੈਜੀਮੈਂਟ ਵਿਚ ਚੋਣ ਹੋ ਗਈ। ਪਿੰਡ ਪਹਿਲੀ ਛੁੱਟੀ ਕੱਟ ਕੇ ਵਾਪਸ ਰਾਮਗੜ੍ਹ ਪਹੁੰਚਦਿਆਂ ਪੂਨੇ ਤੋਂ ਇੱਕ ਪੱਤਰ ਆਇਆ, ਸਿਪਾਹੀ ਸਵਰਨ ਸਿੰਘ ਵਿਰਕ ਰੋਇੰਗ ਲਈ ਹਾਜ਼ਰ ਹੋ। ਸਤੰਬਰ 2009 ਨੂੰ ਇਸ ਜਵਾਨ ਨੇ ਪੂਨੇ ਜਾ ਹਾਜ਼ਰੀ ਭਰੀ। ਤਿੰਨ ਚਾਰ ਮਹੀਨੇ ਰੋਇੰਗ ਦੀ ਦੱਬ ਕੇ ਪ੍ਰੈਕਟਿਸ ਕੀਤੀ ਤੇ ਸਿੰਗਲ ਸਕੱਲ ਈਵੈਂਟ ਵਿਚ ਜ਼ੋਰ ਅਜ਼ਮਾਈ ਕੀਤੀ। ਖੇਡਾਂ ਵਿਚ ਜ਼ੋਰ ਦੇ ਨਾਲ ਜੁਗਤ ਵੀ ਲੜਾਉਣੀ ਪੈਂਦੀ ਐ। ਇਹਦੇ ਕੋਲ ਜ਼ੋਰ ਤਾਂ ਵਾਧੂ ਸੀ, ਪਰ ਜੁਗਤ ਦੀ ਘਾਟ ਸੀ। ਜ਼ਿਆਦਾ ਜ਼ੋਰ ਲਾਉਣ ’ਤੇ ਕਿਸ਼ਤੀ ਪਲਟੀ ਮਾਰ ਜਾਂਦੀ ਸੀ। ਉਹੀ ਗੱਲ ਹੋਈ। ਇਕ ਦਿਨ ਸੱਟ ਖਾ ਬੈਠਾ। ਪਿੱਠ ਵਿਚ ਦਰਦ ਸ਼ੁਰੂ ਹੋ ਗਿਆ। ਦਰਦ ਏਨਾ ਸੀ ਕਿ ਤੁਰਨ ਵਿਚ ਵੀ ਤਕਲੀਫ ਹੁੰਦੀ ਸੀ। ਮਸੀਂ ਇਲਾਜ ਹੋਇਆ।
2010 ਵਿਚ ਆਰਮੀ ਦੇ ਰੋਇੰਗ ਮੁਕਾਬਲੇ ਸ਼ੁਰੂ ਹੋ ਗਏ। ਨਵੇਂ ਸਿਖਾਂਦਰੂ ਨੂੰ ਚੱਪੂ ਚਲਾਉਣ ਦਾ ਕੁਝ ਕੁ ਵੱਲ ਆ ਗਿਆ ਸੀ। ਬੱਸ ਇੱਕੋ ਵੱਡੀ ਕਮਜ਼ੋਰੀ ਸੀ ਬੈਲੇਂਸ ਨਾ ਰੱਖਣ ਦੀ। ਕਈ ਵਾਰ ਜ਼ਿਆਦਾ ਜ਼ੋਰ ਲਾਉਣ ਕਰਕੇ ਬੋਟ ਪਲਟੀ ਮਾਰ ਜਾਂਦੀ ਸੀ। ਮੁਕਾਬਲਾ ਸ਼ੁਰੂ ਹੋਇਆ ਤਾਂ ਇਹਨੇ ਆਰਮੀ ਰੋਇੰਗ ਨੋਡ ਦਾ ਸਭ ਤੋਂ ਵਧੀਆ ਸਮਾਂ ਕੱਢ ਕੇ ਨਵਾਂ ਰਿਕਾਰਡ ਰੱਖ ਦਿੱਤਾ ਤੇ ਆਪਣੀ ਜ਼ਿੰਦਗੀ ਦਾ ਪਹਿਲਾ ਗੋਲਡ ਮੈਡਲ ਜਿੱਤ ਲਿਆ।
ਸਵਰਨ ਦੀ ਇਸ ਮਾਣਮੱਤੀ ਪ੍ਰਾਪਤੀ ਨੂੰ ਵੇਖਦਿਆਂ ਇਹਨੂੰ ਸੀਨੀਅਰ ਟੀਮ ਵਿਚ ਸ਼ਾਮਲ ਕਰ ਲਿਆ ਗਿਆ। ਇਹ ਡਬਲ ਸਕੱਲ ਯਾਨਿ ਦੋ ਚਾਲਕਾਂ ਵਾਲੀ ਰੇਸ ਦੀ ਤਿਆਰੀ ਕਰਨ ਲੱਗ ਪਿਆ। 2010 ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦਾ ਰੋਇੰਗ ਕੈਂਪ ਹੈਦਰਾਬਾਦ ਲੱਗਾ। ਰੇਸ ਸ਼ੁਰੂ ਹੋਣ `ਤੇ 250 ਕੁ ਮੀਟਰ ਦੇ ਫਾਸਲੇ ’ਤੇ ਜਾ ਕੇ ਇਹਦੀ ਬੋਟ ਲੋਟਣੀ ਖਾ ਗਈ। ਇਹ ਘਬਰਾਇਆ ਨਹੀਂ, ਸਗੋਂ ਓਹਨੂੰ ਸਿੱਧੀ ਕਰਨ ਲਈ ਜ਼ੋਰ ਅਜ਼ਮਾਈ ਕਰਦਾ ਰਿਹਾ। ਮੁਕਾਬਲਾ ਵੇਖਣ ਆਇਆ ਰੋਇੰਗ ਦਾ ਕੌਮੀ ਪ੍ਰਧਾਨ ਇਹਨੂੰ ਜੱਦੋ-ਜਹਿਦ ਕਰਦੇ ਵੇਖ ਕੇ ਕਹਿ ਰਿਹਾ ਸੀ, ਇਹ ਜਵਾਨ ਕਿਸੇ ਦਿਨ ਦੇਸ਼ ਦਾ ਹੀਰੋ ਬਣੇਗਾ।
2011 ਵਿਚ ਸੀਨੀਅਰ ਨੈਸ਼ਨਲ ਦੇ ਮੁਕਾਬਲੇ ਆ ਗਏ। ਸਵਰਨ ਨੇ ਇਥੇ ਸੈਨਾ ਦੇ ਤਿੰਨ ਵਿੰਗਾਂ-ਆਰਮੀ, ਨੇਵੀ ਤੇ ਹਵਾਈ ਸੈਨਾ ਵੱਲੋਂ ਸਰਵਿਸ ਦੀ ਟੀਮ ਦੇ ਖਿਡਾਰੀ ਵਜੋਂ ਭਾਗ ਲਿਆ। ਸਾਰਿਆਂ ਨੂੰ 50 ਮੀਟਰ ਦੀ ਲੀਡ ਦੇ ਕੇ ਪਹਿਲਾ ਨੈਸ਼ਨਲ ਗੋਲਡ ਮੈਡਲ ਜਿੱਤ ਲਿਆ ਤੇ ਦੇਸ਼ ਦਾ ਕੌਮੀ ਰਿਕਾਰਡ ਆਪਣੇ ਨਾਮ ਕਰ ਲਿਆ। ਇੱਕ ਸਾਲ ਚਾਰ ਮਹੀਨਿਆਂ ਦੀ ਤਿਆਰੀ ਕਰ ਕੇ, ਨੈਸ਼ਨਲ ਵਿਚੋਂ ਨਵਾਂ ਰਿਕਾਰਡ ਸਥਾਪਤ ਕਰ ਕੇ, ਸੋਨੇ ਦਾ ਮੈਡਲ ਜਿੱਤਣ ਦਾ ਰਿਕਾਰਡ ਅੱਜ ਵੀ ਸਵਰਨ ਦੇ ਨਾਮ ਬੋਲਦੈ।
2011 ਵਿਚ ਹੀ ਸਵਰਨ ਨੈਸ਼ਨਲ ਟੀਮ ਦੇ ਕੈਂਪ ਵਿਚ ਪਹੁੰਚ ਗਿਆ। ਸਤੰਬਰ 2011 ਵਿਚ ਵਿਸ਼ਵ ਰੋਇੰਗ ਮੁਕਾਬਲਿਆਂ ਦੀ ਤਾਰੀਖ ਆ ਗਈ। ਟਰਾਇਲ ਹੋਏ ਤੇ ਸਵਰਨ ਨੂੰ ਬਜਰੰਗ ਦੇ ਨਾਲ ਸਪੇਅਰ ਵਜੋਂ ਚੁਣ ਲਿਆ। ਮੁਕਾਬਲੇ ਲਈ ਯੂਰਪ ਦੇ ਦੇਸ਼ ਸਲੋਵੀਨੀਆ ਜਾਣਾ ਸੀ। ਜਦੋਂ ਇੰਡੀਆ ਵਾਲੀ ਜਰਸੀ ਪਾ ਕੇ ਪਹਿਲੀ ਵਾਰ ਸ਼ੀਸ਼ੇ ਸਾਹਮਣੇ ਹੋ ਕੇ ਆਪਣੇ ਆਪ ਨੂੰ ਨਿਹਾਰਿਆ ਤਾਂ ਓਹੀ ਖੇਤਾਂ ਵਿਚ ਨਰਮੇ ਦੀ ਗੋਡੀ ਕਰਨ ਤੇ ਤਿਰਫਾਲੀ ਫੇਰਨ ਦਾ ਸਮਾਂ ਯਾਦ ਆ ਗਿਆ। ਸਲੋਵਾਨੀਆ ਵਿਚ ਵਿਸ਼ਵ ਦੇ ਚੋਟੀ ਦੇ ਰੋਅਰਾਂ ਵਿਚੋਂ 17ਵੇਂ ਨੰਬਰ ’ਤੇ ਆਉਣ ਵਾਲਾ ਸਵਰਨ ਪਹਿਲਾ ਭਾਰਤੀ ਬਣਿਆ। ਇਸ ਤੋਂ ਪਹਿਲਾਂ ਭਾਰਤ ਦਾ 27ਵਾਂ ਤੇ 21ਵਾਂ ਨੰਬਰ ਹੀ ਆਇਆ ਸੀ।
ਫਿਰ ਸਵਰਨ ਦੀ ਚੋਣ 2012 ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਲਈ ਹੋ ਗਈ। ਰੋਇੰਗ ਦੇ ਇਤਿਹਾਸ ਵਿਚ 2 ਸਾਲ 11 ਮਹੀਨਿਆਂ ਦੇ ਖੇਡ ਸਫਰ ਵਾਲਾ ਪਹਿਲਾ ਉਲੰਪੀਅਨ ਹੋਣ ਦਾ ਰਿਕਾਰਡ ਵੀ ਸਵਰਨ ਦੇ ਨਾਮ ਬੋਲਦੈ। ਲੰਡਨ ਹੋਏ ਮੁਕਾਬਲਿਆਂ ਵਿਚ ਸਾਰੀ ਦੁਨੀਆਂ ਦੇ ਚੋਣਵੇਂ ਕਿਸ਼ਤੀ ਚਾਲਕਾਂ ਵਿਚੋਂ 16ਵੇਂ ਨੰਬਰ ’ਤੇ ਆਉਣ ਵਾਲਾ ਵੀ ਇਹ ਪਹਿਲਾ ਭਾਰਤੀ ਬਣਿਆ। ਫਿਰ 14ਵੀਂ ਏਸ਼ੀਆ ਚੈਂਪੀਅਨਸਿ਼ਪ ਦੇ ਮੁਕਾਬਲੇ ਸਾਊਥ ਕੋਰੀਆ ਵਿਚ ਹੋਏ, ਜਿਥੇ ਉਸ ਨੇ ਸਿਲਵਰ ਮੈਡਲ ਜਿੱਤਿਆ।
2014 ਵਿਚ ਹੀ ਇਟਲੀ ਨੇ ਇੰਟਰਨੈਸ਼ਨਲ ਰੋਇੰਗ ਰੈਗਾਟਾ ਨਾਮ ਦਾ ਮੁਕਾਬਲਾ ਕਰਵਾਇਆ, ਜਿਥੇ ਉਸ ਦਾ 5ਵਾਂ ਸਥਾਨ ਆਇਆ। ਵਾਪਸ ਹੈਦਰਾਬਾਦ ਪਹੁੰਚ ਕੇ ਏਸ਼ੀਆਈ ਖੇਡਾਂ ਲਈ ਤਿਆਰੀ ਕਰਨ ਲੱਗਾ। 17ਵੀਆਂ ਏਸ਼ੀਆਈ ਖੇਡਾਂ-2014 ਸਾਊਥ ਕੋਰੀਆ ਵਿਚ ਹੋਈਆਂ, ਜਿਥੇ ਉਸ ਨੇ ਕਾਂਸੀ ਦਾ ਮੈਡਲ ਜਿੱਤਿਆ। 2018 ਦੀਆਂ ਏਸ਼ੀਆਈ ਖੇਡਾਂ ਵਿਚੋਂ ਉਸ ਨੇ ਸੋਨੇ ਦਾ ਤਗਮਾ ਜਿੱਤ ਕੇ ਧੰਨ ਧੰਨ ਕਰਾ ਦਿੱਤੀ। ਦੁਨੀਆਂ ਦੀ ਦੋ ਤਿਹਾਈ ਗਿਣਤੀ ਯਾਨਿ 400 ਕਰੋੜ ਤੋਂ ਵੱਧ ਲੋਕਾਂ ’ਚ ਪ੍ਰਥਮ ਆਉਣਾ ਬੜੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।
ਪੰਜਾਬ ਸਰਕਾਰ ਨੇ ਏਸ਼ੀਆ ਦੇ ਮੈਡਲ ਜੇਤੂ ਪੰਜਾਬੀ ਖਿਡਾਰੀਆਂ ਦੇ ਇਨਾਮ ਐਲਾਨੇ, ਪਰ ਪਹਿਲਾਂ ਸਵਰਨ ਦਾ ਨਾਂ ਸ਼ਾਮਲ ਨਾ ਕੀਤਾ ਗਿਆ। ਪੰਜਾਬ ਸਰਕਾਰ ਨੇ ਸਵਰਨ ਨੂੰ ਇਨਾਮ ਦੇਣੋ ਇਸ ਲਈ ਇਨਕਾਰ ਕਰ ਦਿੱਤਾ ਕਿ ਉਹ ਤਾਂ ਫੌਜੀ ਐ। ਮੈਡਲ ਜਿੱਤਣ ਲਈ ਓਨਾ ਜ਼ੋਰ ਨੀ ਲੱਗਿਆ ਜਿੰਨਾ ਫਿਰ ਇਨਾਮ ਲੈਣ ਲਈ ਲੱਗ ਗਿਆ! ਲੰਬੀ ਜੱਦੋ-ਜਹਿਦ ਬਾਅਦ ਗਿਆਰਾਂ ਲੱਖ ਰੁਪਏ ਦਾ ਇਨਾਮ ਮਿਲਿਆ, ਜਿਸ ਨਾਲ ਘਰ ਦੇ ਕਰਜ਼ੇ ਲਾਹੇ ਗਏ। 2015 ਵਿਚ ਅਰਜਨਾ ਅਵਾਰਡ ਤੇ 2019 ਵਿਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਿਆ। 2019 ਵਿਚ ਏਸ਼ੀਆ ਚੈਂਪੀਅਨਸਿ਼ਪ ਸਾਊਥ ਕੋਰੀਆ ਵਿਚ ਹੋਈ, ਜਿਥੇ ਡਬਲ ਸਕੱਲ ਵਿਚ ਸੁਖਮੀਤ ਨਾਲ ਜੋਟੀਦਾਰ ਬਣ ਕੇ ਸਵਰਨ ਨੇ ਕਾਂਸੀ ਦਾ ਮੈਡਲ ਜਿੱਤਿਆ। ਚਾਰਾਂ ਦੀ ਟੀਮ ਵਾਲੇ ਮੁਕਾਬਲੇ ਵਿਚ ਸੁਖਮੀਤ, ਜਾਕਰ ਤੇ ਰੋਹਿਤ ਨਾਲ ਮਿਲ ਕੇ ਚਾਂਦੀ ਦਾ ਮੈਡਲ ਜਿੱਤਿਆ।
2020 ਵਿਚ ਓਲੰਪਿਕ ਕੁਆਲੀਫਾਈ ਤਿਆਰੀ ਕੈਂਪ ਵਿਚੋਂ ਕੋਚਾਂ ਤੋਂ ਮਸਾਂ ਛੇ ਦਿਨਾਂ ਦੀ ਛੁੱਟੀ ਲੈ ਕੇ ਕੈਨੇਡਾ ਤੋਂ ਆਈ ਰਵਿੰਦਰ ਕੌਰ ਨਾਲ ਵਿਆਹ ਕਰਵਾਉਣ ਪਿੰਡ ਆਇਆ। ਵਿਆਹ ਕਰਵਾ ਕੇ ਫੇਰ ਕੈਂਪ ਵਿਚ ਚਲਾ ਗਿਆ। ਓਧਰ ਕਰੋਨਾ ਮਹਾਮਾਰੀ ਸ਼ੁਰੂ ਹੋ ਗਈ ਤੇ ਤਿਆਰੀ ਕੈਂਪ ਰੋਕ ਦਿੱਤਾ ਗਿਆ। ਮੈਰਿਜ ਰਜਿਸਟਰਡ ਕਰਾਉਣ ਲਈ ਪਿੰਡ ਆਇਆ ਤਾਂ ਪੰਜਾਬ ਸਰਕਾਰ ਨੇ ਕਰਫਿਊ ਲਾ ਦਿੱਤਾ। ਲੌਕਡਾਊਨ ਦੌਰਾਨ ਘਰ ਦੇ ਤੇ ਖੇਤੀ ਦੇ ਸਾਰੇ ਕੰਮ ਕਰਵਾਏ। ਵਿਹਲੇ ਬਹਿਣਾ ਸਵਰਨ ਦਾ ਸੁਭਾਅ ਨਹੀਂ। ਹੁਣ ਫਿਰ ਤੋਂ ਉਲੰਪਿਕ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸਵਰਨ ਨੇ ਆਪਣਾ ਹੀ ਨਹੀਂ, ਪਛੜੇ ਕਹੇ ਜਾਂਦੇ ਜਿਲੇ ਮਾਨਸਾ ਦਾ ਨਾਂ ਵੀ ਰੌਸ਼ਨ ਕੀਤਾ ਹੈ।