ਜੀਵਨ-ਮਾਰਗ ਦੇ ਚਿਰਾਗ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਸੀ ਕਿ ਅਰਦਾਸ ਕਰੋ ਕਿ ਖੇਤਾਂ ਵਿਚ ਖੁਸ਼ਹਾਲੀ ਮੌਲਦੀ ਰਹੇ। ਖੇਤਾਂ ਵਿਚ ਵੱਸਦੇ ਰੱਬ ਨੂੰ ਅੰਨਦਾਤੇ ਅਤੇ ਲੋਕਾਈ ਦੇ ਦੁੱਖ-ਦਰਦ, ਅਮੀਰਤਾ ਅਤੇ ਅੰਤਰੀਵਤਾ ਬਖਸ਼ਣ ਦੀ ਸੋਝੀ ਤੇ ਸਮਰੱਥਾ ਪ੍ਰਾਪਤ ਹੁੰਦੀ ਰਹੇ।…

ਅਰਦਾਸ ਕਰੀਏ ਕਿ ਹਰ ਮਨ ਨੂੰ ਸ਼ੁਭ-ਚਿੰਤਨ ਦੀ ਗੁੜਤੀ ਮਿਲੇ, ਹਰ ਸੋਚ ਵਿਚ ਸੂਰਜਾਂ ਦੀ ਦਸਤਕ ਹੋਵੇ, ਹਰ ਸੁਹਜ ਵਿਚ ਸਬਰ, ਸੰਤੋਖ ਅਤੇ ਸਕੂਨ ਦੀ ਸੁਗਮਤਾ ਸਰਸਰਾਵੇ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਜੀਵਨ-ਮਾਰਗ ਨੂੰ ਰੁਸ਼ਨਾਉਣ ਵਾਲੇ ਚਿਰਾਗਾਂ ਦਾ ਜਿ਼ਕਰ ਛੇੜਦਿਆਂ ਨਸੀਹਤ ਕੀਤੀ ਹੈ ਕਿ ਦੀਵਿਆਂ ਦਾ ਸਾਥ ਮਾਣਦੇ ਮਾਣਦੇ ਕਦੇ ਕਦਾਈਂ ਆਪ ਵੀ ਰੌਸ਼ਨੀ ਵੰਡਣ ਦਾ ਉਪਕਾਰ ਕਰਨ ਲਈ ਕਰਮਯੋਗ ਜਰੂਰ ਕਮਾਉਣਾ, ਕਿਉਂਕਿ ਕਰਮਯੋਗਤਾ ਹੀ ਜੀਵਨ ਦੀ ਸੁੱਚਮਤਾ ਅਤੇ ਉਚਤਮਾ ਹੁੰਦੀ। ਡਾ. ਭੰਡਾਲ ਕਹਿੰਦੇ ਹਨ, “ਜੀਵਨ ਦੀਆਂ ਮੱਸਿਆ ਵਰਗੀਆਂ ਕਾਲੀਆਂ ਸਿਆਹ ਰਾਹਾਂ ਨੂੰ ਜਗਮਗਾਉਣ ਅਤੇ ਝੱਖੜ-ਝਾਂਜਿਆਂ ਵਿਚ ਵੀ ਤੋਰ ਨੂੰ ਬਰਕਰਾਰ ਤੇ ਸਾਵਾਂ ਰੱਖਣ ਲਈ, ਜੀਵਨ-ਰਾਹ ਦੇ ਚਿਰਾਗਾਂ ਦਾ ਅਹਿਮ ਯੋਗਦਾਨ। ਇਨ੍ਹਾਂ ਚਿਰਾਗਾਂ ਦਾ ਧਰਮ ਹੀ ਰੌਸ਼ਨੀ ਵੰਡਣਾ ਅਤੇ ਆਪ ਬਲ ਕੇ ਪਸਰੇ ਹਨੇਰ ਨੂੰ ਦੂਰ ਕਰਨਾ ਹੁੰਦਾ।…ਅਜਿਹੇ ਚਿਰਾਗ ਬਹੁਤ ਵਿਰਲੇ ਹੀ ਥਿਆਉਂਦੇ, ਜਿਨ੍ਹਾਂ ਦੀ ਲੋਅ ਵਿਚ, ਆਪਣੇ ਅਚੇਤ ਵਿਚ ਬੈਠੇ ਸੁਪਨਿਆਂ ਨੂੰ ਨਵੀਂ ਪਰਵਾਜ਼ ਮਿਲਦੀ ਅਤੇ ਤੁਸੀਂ ਅੰਬਰ ਨੂੰ ਕਲਾਵੇ ਵਿਚ ਲੈਣ ਦੇ ਸਮਰਥ ਹੁੰਦੇ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਜਿ਼ੰਦਗੀ ਇਕ ਲੰਮਾ ਪੈਂਡਾ। ਬਿਖੜੇ ਰਾਹਾਂ ਦੀ ਦਾਸਤਾਨ। ਮੁਸ਼ਕਿਲਾਂ, ਤੰਗੀਆਂ-ਤੁਰਸ਼ੀਆਂ ਦੀ ਗਾਥਾ। ਸੁਪਨੇ ਲੈਣ, ਦੀਦਿਆਂ ਵਿਚ ਉਤਾਰਨ ਅਤੇ ਇਨ੍ਹਾਂ ਨੂੰ ਪੂਰੇ ਕਰਨ ਦੀ ਚਾਹਤ ਤੇ ਜਰੂਰਤ। ਇਨ੍ਹਾਂ ਦੀ ਪੂਰਤੀ ਵਿਚ ਆਉਂਦੀਆਂ ਔਕੜਾਂ ਨੂੰ ਸਰ ਕਰਕੇ, ਨਵੇਂ ਦਿੱਸਹੱਦਿਆਂ ਨੂੰ ਸਿਰਜਣਾ।
ਜਿ਼ੰਦਗੀ ਕਦੇ ਵੀ ਸਿੱਧੀ ਪੱਧਰੀ ਨਹੀਂ। ਉਚੀ, ਨੀਵੀਂ। ਕਦੇ ਅੰਬਰ ਦੀ ਝਾਤ, ਕਦੇ ਰਸਾਤਲ ਵੰਨੀਂ ਤੱਕਣਾ। ਕਦੇ ਆਪਣੇ ‘ਤੇ ਭਰੋਸਾ, ਕਦੇ ਬੇਵਿਸ਼ਵਾਸ਼ੀ। ਕਦੇ ਆਪਣਿਆਂ ਤੇ ਯਕੀਨ ਤੇ ਕਦੇ ਬੇਯਕੀਨੀ। ਇਸ ਵਿਚੋਂ ਬਹੁਤ ਕੁਝ ਮਨੁੱਖੀ ਸੋਚ ਵਿਚ ਧਰਿਆ ਜਾਂਦਾ, ਜਿਸ ਨੇ ਮਨੁੱਖ, ਮਨੁੱਖੀ ਸ਼ਖਸੀਅਤ, ਪ੍ਰਾਪਤੀਆਂ, ਹਾਸਲ ਹੋਂਦ ਅਤੇ ਅਸਤਿਤਵਤਾ ਨੂੰ ਪਰਿਭਾਸ਼ਤ ਕਰਨਾ ਹੁੰਦਾ।
ਹਰੇਕ ਲਈ ਜਿ਼ੰਦਗੀ ਦੇ ਅਰਥ ਸਮਾਨੰਤਰ ਨਹੀਂ। ਕੁਝ ਲਈ ਜਿ਼ੰਦਗੀ ਇਕ ਹੁਸੀਨ ਸੁਪਨਾ, ਜੋ ਉਨ੍ਹਾਂ ਨੂੰ ਵਿਰਸੇ ਵਿਚ ਹੀ ਮਿਲ ਜਾਂਦਾ। ਬਿਨਾ ਕਿਸੇ ਮਿਹਨਤ-ਮੁਸ਼ੱਕਤ ਤੋਂ ਇਸ ਨੂੰ ਮਾਣਦੇ। ਜੀਵਨ-ਯਾਤਰਾ ਇਕ ਮੇਲੇ ਵਰਗੀ, ਪਰ ਬਹੁਤਿਆਂ ਦੀ ਕਿਸਮਤ ਅਜਿਹੀ ਨਹੀਂ ਹੁੰਦੀ। ਕਈ ਵਾਰ ਤਾਂ ਉਨ੍ਹਾਂ ਲਈ ਸੁਪਨਾ ਲੈਣਾ ਵੀ ਗੁਨਾਹ। ਬਹੁਤੀ ਵਾਰ ਤਾਂ ਸੁਪਨੇ ਦੇ ਅਰਥ ਵੀ ਪਤਾ ਨਹੀਂ ਹੁੰਦੇ, ਕਿਉਂਕਿ ਪੇਟ ਦੀ ਭੁੱਖ ਹੀ ਉਨ੍ਹਾਂ ਦੀਆਂ ਸੁਪਨ-ਉਡਾਣਾਂ ਨੂੰ ਸੰਤਾਪੀ ਰੱਖਦੀ। ਉਹ ਜਿ਼ੰਦਗੀ ਦੀਆਂ ਹੋਰ ਉਚਮਤਾਵਾਂ ਅਤੇ ਵਿਲੱਖਣਤਾਵਾਂ ਨੂੰ ਆਪਣਾ ਹਾਣੀ ਬਣਾਉਣ ਬਾਰੇ ਸੋਚ ਵੀ ਨਹੀਂ ਸਕਦੇ, ਪਰ ਕਦੇ ਕਦੇ ਗੋਦੜੀਆਂ ਵਿਚ ਲਾਲ ਚਮਕ ਪੈਂਦੇ, ਜੇ ਕੋਈ ਉਨ੍ਹਾਂ ਦੀ ਉਂਗਲੀ ਫੜਨ, ਸੱਖਣੇ ਦੀਦਿਆਂ ਵਿਚ ਸੁਪਨਾ ਧਰਨ ਅਤੇ ਪੂਰਨਤਾ ਦਾ ਖਾਬ ਉਪਜਾਉਣ ਲਈ, ਚਿਰਾਗ ਬਣ ਕੇ ਉਸ ਦੇ ਰਾਹਾਂ ਨੂੰ ਰੁਸ਼ਨਾਉਂਦਾ, ਤਦ ਮੰਜਿ਼ਲਾਂ ਦੀ ਪੈੜ ਨੱਪਣੀ ਅਸਾਨ ਹੋ ਜਾਂਦੀ।
ਜੀਵਨ ਦੀਆਂ ਮੱਸਿਆ ਵਰਗੀਆਂ ਕਾਲੀਆਂ ਸਿਆਹ ਰਾਹਾਂ ਨੂੰ ਜਗਮਗਾਉਣ ਅਤੇ ਝੱਖੜ-ਝਾਂਜਿਆਂ ਵਿਚ ਵੀ ਤੋਰ ਨੂੰ ਬਰਕਰਾਰ ਤੇ ਸਾਵਾਂ ਰੱਖਣ ਲਈ, ਜੀਵਨ-ਰਾਹ ਦੇ ਚਿਰਾਗਾਂ ਦਾ ਅਹਿਮ ਯੋਗਦਾਨ। ਇਨ੍ਹਾਂ ਚਿਰਾਗਾਂ ਦਾ ਧਰਮ ਹੀ ਰੌਸ਼ਨੀ ਵੰਡਣਾ ਅਤੇ ਆਪ ਬਲ ਕੇ ਪਸਰੇ ਹਨੇਰ ਨੂੰ ਦੂਰ ਕਰਨਾ ਹੁੰਦਾ। ਇਹ ਉਚੇਚ ਰੂਪ ਵਿਚ ਵੀ ਕਰਦੇ ਤੇ ਅਚੇਤ ਰੂਪ ਵਿਚ ਵੀ, ਪਰ ਉਨ੍ਹਾਂ ਦੀ ਸੁੱਚੀ, ਸੱਚੀ ਅਤੇ ਸਾਦੀ ਭਾਵਨਾ ਹੀ ਉਨ੍ਹਾਂ ਦਾ ਮੀਰੀ ਗੁਣ। ਇਸ ਕਰਕੇ ਉਹ ਬਾਕੀਆਂ ਨਾਲੋਂ ਵੱਖਰੇ ਅਤੇ ਨਿਰਾਲੇ। ਇਸ ਨਿਆਰੇਪਣ ਕਾਰਨ ਹੀ ਉਹ ਜੀਵਨ ਨੂੰ ਸਾਰਥਕ ਕਰਦੇ, ਸਮਾਜ ਨੂੰ ਚੰਗੇਰੀ ਸੇਧ ਦੇਣ ਲਈ ਆਪਣਾ ਵੱਡਾ ਯੋਗਦਾਨ ਪਾਉਂਦੇ।
ਜੀਵਨ-ਰਾਹ ਦੇ ਚਿਰਾਗ ਉਹ ਵੀ ਹੁੰਦੇ, ਜਿਸ ਨੇ ਤੁਹਾਨੂੰ ਕਲਮ ਘੜ ਕੇ ਦਿੱਤੀ, ਪੂਰਨੇ ਪਾਏ ਅਤੇ ਕਲਮ ਨੂੰ ਸਹੀ ਤਰੀਕੇ ਨਾਲ ਪਕੜ ਕੇ, ਹਰਫਾਂ ਨੂੰ ਸੁੰਦਰਤਾ ਬਖਸ਼ਣ ਅਤੇ ਵਿਅਕਤੀਤਵ ਦੇ ਉਘਾੜ ਲਈ ਵਰਤਣ ਦੀ ਤਰਕੀਬ ਸਿਖਾਈ; ਜਿਸ ਨੇ ਤੁਹਾਡੀਆਂ ਗਲਤੀਆਂ ਨੂੰ ਦਰੁਸਤ ਕੀਤਾ; ਕਿਸੇ ਬਜੁਰਗ ਨੇ ਮੋਢੇ `ਤੇ ਹੱਥ ਧਰ ਕੇ ਤੁਹਾਡੀਆਂ ਪ੍ਰਾਪਤੀਆਂ ਦੀ ਸਲਾਹੁਤਾ ਕੀਤੀ; ਕਿਸੇ ਮਾਸਟਰ ਨੇ ਚਪੇੜ ਮਾਰੀ ਹੋਵੇ ਜਾਂ ਹੱਥ ‘ਤੇ ਸੋਟੀਆਂ ਮਾਰਦਿਆਂ, ਆਪ ਵੀ ਪੀੜ ਪੀੜ ਹੋਣ ਦਾ ਦਰਦ ਹੰਢਾਇਆ ਹੋਵੇ, ਪਰ ਇਹ ਸਭ ਕੁਝ ਤੁਹਾਡੀ ਬਿਹਤਰੀ ਅਤੇ ਭਲੇ ਲਈ ਹੀ ਸੀ, ਕਿਉਂਕਿ ਜਦ ਬੰਦਾ ਪਿੱਛਲਝਾਤ ਮਾਰਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਮੌਜੂਦਾ ਪ੍ਰਾਪਤੀਆਂ ਵਿਚ, ਬਚਪਨੇ ਦੀਆਂ ਗਲਤੀਆਂ ਵਿਚਲੇ ਸੁਧਾਰ ਦਾ ਪ੍ਰਮੁੱਖ ਰੋਲ ਸੀ।
ਜਿ਼ੰਦਗੀ ਦੀ ਕਿਤਾਬ ਦੇ ਵਰਕੇ ਪਲਟਦਾ ਹਾਂ ਤਾਂ ਬਹੁਤ ਸਾਰੇ ਚਿਰਾਗ ਨਜ਼ਰ ਆਉਂਦੇ, ਜੋ ਜੀਵਨ ਵਿਚ ਸੇਧ ਤੇ ਸਫਲਤਾ ਮਿਲਣ ਵਿਚ ਸਹਾਈ ਹੋਏ। ਇਹ ਮੇਰੇ ਮਾਪੇ, ਪਿੰਡ ਦੇ ਬਜੁਰਗ/ਅਧਿਆਪਕ ਜਾਂ ਆਲੇ-ਦੁਆਲੇ ਵਿਚ ਵਿਚਰਦੇ ਆਲੇ-ਭੋਲੇ ਲੋਕ ਸਨ, ਜਿਨ੍ਹਾਂ ਨੇ ਮਨ ਵਿਚ ਕੁਝ ਕਰਨ ਦਾ ਬੀਜ ਬੀਜਿਆ। ਇਹ ਚਿਰਾਗ, ਵਰਤਮਾਨ ਜਾਂ ਇਤਿਹਾਸ ਵਿਚੋਂ ਵੀ ਮਿਲਦੇ। ਸਾਥੀ-ਸੰਗੀ ਵੀ ਹੁੰਦੇ। ਵਡੇਰਾ ਵੀ, ਜੋ ਤੁਹਾਡਾ ਰੋਲ ਮਾਡਲ ਬਣ ਕੇ ਇਕ ਸੁਪਨ-ਬੀਜ ਮਨ-ਮਸਤਕ ਵਿਚ ਧਰਦਾ। ਮਿਡਲ ਸਕੂਲ ਦੇ ਹੈਡ ਮਾਸਟਰ ਸ. ਹਰਭਜਨ ਸਿੰਘ ਹੁੰਦਲ ਨੇ ਜਿਥੇ ਅੰਗਰੇਜ਼ੀ ਵਿਚ ਪਰਪੱਕ ਕੀਤਾ, ਉਥੇ ਅਚੇਤ ਰੂਪ ਵਿਚ ਪੰਜਾਬੀ ਸਾਹਿਤ ਨਾਲ ਵੀ ਜੋੜਿਆ, ਕਿਉਂਕਿ ਉਹ ਆਪ ਉਘੇ ਕਵੀ ਅਤੇ ਮਾਰਕਸਵਾਦੀ ਯੂਨੀਅਨਨਿਸਟ ਹਨ। ਹੁਣ ਵੀ ਪਿੰਡ ਜਾਵਾਂ ਤਾਂ ਉਨ੍ਹਾਂ ਦੀ ਅਕੀਦਤ ਕਰਨ ਲਈ ਉਨ੍ਹਾਂ ਦੇ ਪਿੰਡ ਜਰੂਰ ਜਾਂਦਾ ਹਾਂ। ਦਸਵੀਂ ਕਰਨ ਤੋਂ ਬਾਅਦ ਪਿੰਡ ਦੇ ਦਿਸ਼ਾਹੀਣ ਅਤੇ ਬਾਹਰੀ ਦੁਨੀਆਂ ਤੋਂ ਅਲੂਫ ਰਹਿਣ ਵਾਲੇ ਪੇਂਡੂ ਲੜਕੇ ਨੂੰ ਉਚੇਰੀ ਪੜ੍ਹਾਈ ਜਾਂ ਕੋਰਸਾਂ ਬਾਰੇ ਕੁਝ ਵੀ ਜਾਣਕਾਰੀ ਨਹੀਂ ਸੀ। ਅਜਿਹੇ ਮੌਕੇ `ਤੇ ਨਵੀਂ ਨਵੀਂ ਐਮ. ਏ. ਕਰਕੇ, ਕੈਨੇਡਾ ਜਾਣ ਲਈ ਤਿਆਰ, ਸ. ਜਰਨੈਲ ਸਿੰਘ ਭੰਡਾਲ (ਜੋ ਅੱਜ ਕੱਲ ਕੈਨੇਡਾ ਵਿਚ ਰਹਿੰਦੇ ਹਨ ਅਤੇ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਉਘੇ ਲੀਡਰ ਹਨ) ਨੇ ਪੱਤੀ ਦੇ ਤਿੰਨ ਜੁਆਕਾਂ (ਬਲਵੰਤ ਸਿੰਘ, ਰਣਜੀਤ ਸਿੰਘ ਤੇ ਲੇਖਕ) ਨੂੰ ਰਣਧੀਰ ਕਾਲਜ, ਕਪੂਰਥਲਾ ਵਿਚ ਨਾਨ-ਮੈਡੀਕਲ ਵਿਚ ਦਾਖਲ ਕਰਵਾ ਦਿਤਾ, ਕਿਉਂਕਿ ਦਸਵੀਂ ਵਿਚ ਸਾਡੇ ਨੰਬਰ ਚੰਗੇ ਸਨ। ਉਨ੍ਹਾਂ ਦੀ ਸੁ਼ਭ-ਸੋਚ ਨੂੰ ਸਲਾਮ ਕਿ ਉਸ ਦੇ ਮਨ ਵਿਚ ਆਇਆ ਕਿ ਮੇਰੇ ਪਿੰਡ ਦੇ ਇਹ ਨੌਜਵਾਨ ਸਾਇੰਸ ਪੜ੍ਹ ਕੇ ਵਧੀਆ ਰਹਿਣਗੇ; ਪਰ ਸਾਇੰਸ ਦਾ ਅੰਗਰੇਜ਼ੀ ਮੀਡੀਅਮ ਅਤੇ ਪਿੰਡ ਦੇ ਪੰਜਾਬੀ ਮੀਡੀਅਮ ਵਿਚ ਪੜ੍ਹੇ ਜੁਆਕ। ਤੇ ਅਸੀਂ ਤਿੰਨਾਂ ਨੇ ਹੀ ਹਫਤੇ ਕੁ ਬਾਅਦ, ਸਾਇੰਸ ਛੱਡ ਕੇ ਆਰਟਸ ਲੈ ਲਿਆ।
ਬਹੁਤ ਖੁਸ਼ ਸਾਂ ਸਾਇੰਸ ਤੋਂ ਖਹਿੜਾ ਛੁਡਾ ਕੇ, ਪਰ ਮੇਰੇ ਚੰਗੇ ਭਾਗਾਂ ਨੂੰ ਕਿ ਇਕ ਦਿਨ ਮੇਰੇ ਮਾਮਾ ਜੀ ਸ. ਪਿਆਰਾ ਸਿੰਘ ਕਾਲਜ ਆ ਕੇ ਪੜ੍ਹਾਈ ਬਾਰੇ ਪੁੱਛਣ ਲੱਗੇ ਤਾਂ ਸੱਚ ਦੱਸ ਦਿੱਤਾ ਕਿ ਮੈਂ ਤਾਂ ਸਾਇੰਸ ਛੱਡ ਕੇ ਆਰਟਸ ਲੈ ਲਈ ਹੈ। ਉਹ ਗੁੱਸੇ ਹੋਏ ਤੇ ਫਿਰ ਸਾਇੰਸ ਵਿਚ ਤਬਦੀਲ ਕਰਵਾ ਦਿਤਾ। ਇਸ ਦੁਚਿੱਤੀ ਅਤੇ ਅੰਗਰੇਜੀ ਮੀਡੀਅਮ ਸਦਕਾ ਕਾਫੀ ਸਮਾਂ ਬਰਬਾਦ ਹੋ ਗਿਆ ਅਤੇ ਮੈਂ ਪ੍ਰੈਪ ਵਿਚ ਫੇਲ੍ਹ ਹੋ ਗਿਆ, ਪਰ ਫੇਲ੍ਹ ਹੋਣ `ਤੇ ਬਾਪ-ਰੂਪੀ ਚਿਰਾਗ ਵਲੋਂ, ਨਮ ਅੱਖਾਂ ਨਾਲ ਦਿੱਤਾ ਹੌਸਲਾ ਅਤੇ ਹੋਰ ਮਿਹਨਤ ਨਾਲ ਪੜ੍ਹਨ ਲਈ ਦਿੱਤੀ ਹੱਲਾਸ਼ੇਰੀ ਨੇ ਮੇਰੀ ਜਿ਼ੰਦਗੀ ਨੂੰ ਨਵੀਂ ਕਰਵਟ ਵੱਲ ਮੋੜ ਦਿੱਤਾ। ਇਸ ਪਿਛੋਂ ਸਾਰੀ ਪੜ੍ਹਾਈ ਵਜ਼ੀਫਾ ਲੈ ਕੇ ਕੀਤੀ। ਇਹ ਬਾਪ ਦੀ ਭਵਿੱਖਮੁਖੀ ਸੋਚ ਸਦਕਾ ਹੀ ਸੰਭਵ ਹੋਇਆ। ਵਰਨਾ ਪਿੰਡਾਂ ਵਿਚ ਅਕਸਰ ਹੀ ਬੱਚੇ ਨੂੰ ਫੇਲ੍ਹ ਹੋਣ `ਤੇ ਸਕੂਲ ਤੋਂ ਹਟਾ ਲਿਆ ਜਾਂਦਾ ਅਤੇ ਹਲ ਦਾ ਮੁੰਨਾ ਫੜਾ ਦਿੱਤਾ ਜਾਂਦਾ।
ਇਸ ਤੋਂ ਬਾਅਦ ਐਮ.ਐਸਸੀ. ਕਰਨਾ ਤਾਂ ਵਚਨਬੱਧਤਾ ਸੀ, ਬਾਪ ਦੀਆਂ ਅੱਖਾਂ ਵਿਚ ਉਤਰੀ ਸਿੱਲ ਨੂੰ ਸੁਕਾਉਣਾ, ਤਿੜਕੇ ਸੁਪਨੇ ਨੂੰ ਸਹਿਲਾਉਣਾ ਅਤੇ ਉਸ ਦੀਆਂ ਰੀਝਾਂ ਨੂੰ ਪੂਰਨ ਕਰਨ ਦੀ ਤਮੰਨਾ, ਪਰ ਜਿ਼ੰਦਗੀ ਦੇ ਬਿੱਖੜੇ ਪੈਂਡੇ ਤੁਹਾਡੇ ਜੀਵਨ ਦਾ ਹਿੱਸਾ ਹੀ ਰਹਿੰਦੇ, ਖਾਸ ਕਰਕੇ ਜੇ ਤੁਸੀਂ ਆਮ ਪੇਂਡੂ ਪਰਿਵਾਰ ਵਿਚੋਂ ਹੋਵੋ। ਕੋਈ ਪਹੁੰਚ ਜਾਂ ਵੱਡੇ ਲੋਕਾਂ ਤੀਕ ਕੋਈ ਰਸਾਈ ਨਾ ਹੋਵੇ ਤਾਂ ਨੌਕਰੀ ਲੈਣਾ ਬਹੁਤ ਔਖਾ। ਮੌਜੂਦਾ ਸਿਸਟਮ ਵਿਚ ਸਿਫਾਰਸ਼, ਰਿਸ਼ਵਤਖੋਰੀ ਜਾਂ ਭਾਈ-ਭਤੀਜਾਵਾਦ ਬਹੁਤ ਹੀ ਭਾਰੂ ਹੈ। ਸੁਧਾਰ ਕਾਲਜ ਵਿਚ ਮੈਰਿਟ `ਤੇ ਹੋਈ ਲੈਕਚਰਾਰ ਵਜੋਂ ਨਿਯੁਕਤੀ ਨਾਲ ਪਰਿਵਾਰ ਤਾਂ ਖੁਸ਼ ਹੋਇਆ, ਪਰ ਇਹ ਖੁਸ਼ੀ ਥੋੜ੍ਹ-ਚਿਰੀ ਹੀ ਸੀ, ਕਿਉਂਕਿ ਕਾਲਜ ਦੇ ਪ੍ਰਧਾਨ ਬਖਤਾਵਰ ਸਿੰਘ, ਨਵੇਂ ਸਟਾਫ ਨੂੰ ਹਰ ਸਾਲ ਕੱਢਣ ਅਤੇ ਫਿਰ ਨਵਾਂ ਸਟਾਫ ਭਰਤੀ ਕਰਨ ਲਈ ਮਸ਼ਹੂਰ ਸੀ। ਉਹ ਕਿਸੇ ਨੂੰ ਵੀ ਪੱਕਾ ਕਰਨ ਦੇ ਹੱਕ ਵਿਚ ਨਹੀਂ ਸੀ। ਅਜਿਹਾ ਹੀ ਮੇਰੇ ਨਾਲ ਵੀ ਵਾਪਰਿਆ, ਜਿਸ ਨੇ ਜਿ਼ੰਦਗੀ ਨੂੰ ਲੀਰਾਂ-ਲੀਰਾਂ ਕਰਨ ਦੀ ਕੋਸਿ਼ਸ਼ ਤਾਂ ਕੀਤੀ, ਪਰ ਬੇਟ ਦੇ ਸਿਰੜੇ ਲੋਕ ਕਦੋਂ ਟੁੱਟਦੇ ਨੇ। ਚੀਹੜੇ ਹੁੰਦੇ ਨੇ ਇਹ ਲੋਕ।
ਅਜਿਹੇ ਮੌਕੇ ਪ੍ਰੋ. ਹਰਭਜਨ ਸਿੰਘ ਦਿਓਲ (ਜੋ ਸੁਧਾਰ ਕਾਲਜ ਵਿਚ ਮੇਰੇ ਕੁਲੀਗ ਤੇ ਮਿੱਤਰ ਸਨ। ਬਾਅਦ ਵਿਚ ਪੀ. ਪੀ. ਐਸ. ਸੀ. ਦੇ ਮੈਂਬਰ, ਭਾਰਤ ਦੇ ਘੱਟ-ਗਿਣਤੀ ਭਾਸ਼ਾਈ ਕਮਿਸ਼ਨ ਦੇ ਮੈਂਬਰ, ਪੰਜਾਬੀ ਯੂਨੀਵਰਸਿਟੀ ਦੇ ਪੋ੍ਰਫੈਸਰ ਅਤੇ ਪੰਜਾਬ ਬਿਜਲੀ ਬੋਰਡ ਦੇ ਐਡਮ ਮੈਂਬਰ ਵੀ ਰਹੇ) ਵਰਗਾ ਮਿੱਤਰ ਤੁਹਾਡਾ ਹਮਦਰਦ ਬਣ ਕੇ ਬਹੁੜੇ ਤਾਂ ਹਨੇਰੇ ਵਿਚ ਕਿਰਨ ਜਰੂਰ ਦਿਖਾਈ ਦੇਣ ਲੱਗੀ। ਉਸ ਦੇ ਰੂਹੇ ਤੇ ਸਕੂਨਮਈ ਬੋਲ ਅੱਜ ਵੀ ਮੇਰੇ ਜਿ਼ਹਨ ਵਿਚ ਗੂੰਜਦੇ ਹਨ। ਜਦ ਮੈਂ ਉਨ੍ਹਾਂ ਨੂੰ ਪਟਿਆਲੇ ਮਿਲਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਭੰਡਾਲ ਤੂੰ ਸੁਧਾਰ ਕਾਲਜ ਲਈ ਨਹੀਂ, ਸਗੋਂ ਸਰਕਾਰੀ ਕਾਲਜ ਵਿਚ ਪੜ੍ਹਾਵੇਂਗਾ, ਕਿਉਂਕਿ ਸੁਧਾਰ ਕਾਲਜ ਨੂੰ ਤੇਰੀ ਪਛਾਣ ਨਹੀਂ। ਉਨ੍ਹਾਂ ਦੇ ਇਨ੍ਹਾਂ ਪਾਕੀਜ਼ ਬੋਲ ਸਦਕਾ ਹੀ ਮੈਂ ਸਰਕਾਰੀ ਕਾਲਜਾਂ ਵਿਚ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ-ਮੁਕਤ ਹੋਇਆ। ਉਹ ਅਜਿਹਾ ਚਿਰਾਗ ਸਨ, ਜਿਨ੍ਹਾਂ ਨਾਲ ਬਾਅਦ ਵਿਚ ਸਾਹਿਤਕ ਸਾਂਝ ਵੀ ਗੂੜ੍ਹੀ ਹੋਈ ਅਤੇ ਜਨਵਰੀ 2020 (ਜਦ ਉਨ੍ਹਾਂ ਦੀ ਮੌਤ ਹੋ ਗਈ) ਤੱਕ ਉਸ ਸਾਂਝ ਦੀ ਮਹਿਕ ਨੂੰ ਮਾਣਦਾ, ਖੁਦ ਨੂੰ ਲਬਰੇਜ਼ ਕਰਦਾ ਰਿਹਾ। ਅਜਿਹੇ ਲੋਕ ਆਪਣੀ ਰੌਸ਼ਨੀ ਨਾਲ ਪਤਾ ਨਹੀਂ ਕਿੰਨਿਆਂ ਦੀਆਂ ਜਿ਼ੰਦਗੀਆਂ ਨੂੰ ਰੁਸ਼ਨਾਉਂਦੇ ਰਹੇ। ਅਜਿਹੀਆਂ ਹਸਤੀਆਂ ਦੇਸੀ ਘਿਓ ਦੇ ਦੀਵੇ ਵਰਗੀਆਂ, ਜੋ ਸਿਰਫ ਰੌਸ਼ਨੀ ਦਿੰਦਾ, ਪਰ ਕੋਈ ਧੂੰਆਂ ਨਹੀਂ ਹੁੰਦਾ। ਹਫਤਾ, ਦੋ ਹਫਤੇ ਬਾਅਦ ਅਕਸਰ ਫੋਨ `ਤੇ ਗੱਲ ਹੋਣੀ। ‘ਕੇਰਾਂ ਤਾਂ ਕਹਿਣ ਲੱਗੇ, “ਗੁਰਬਖਸ਼ ਯਾਰ! ਬਹੁਤ ਲੋਕਾਂ ਦੇ ਸੁਪਨੇ ਪੂਰੇ ਕੀਤੇ। ਵਿੱਤ ਮੁਤਾਬਕ ਉਨ੍ਹਾਂ ਦਾ ਜੀਵਨ ਵੀ ਸੰਵਾਰਿਆ, ਪਰ ਪਤਾ ਨਹੀਂ ਲੋਕ ਅਕ੍ਰਿਤਘਣ ਕਿਉਂ ਹੋ ਜਾਂਦੇ ਨੇ? ਮਾਣ ਹੈ ਤੇਰੇ ਵਰਗੇ ਕੁਝ ਕੁ ਲੋਕਾਂ ‘ਤੇ ਜਿਹੜੇ ਅਕਸਰ ਫੋਨ ਕਰਕੇ, ਆਪਣੇ ਬੀਤੇ ਨੂੰ ਯਾਦ ਰੱਖਦੇ ਨੇ। ਤੇਰੇ ‘ਤੇ ਮਾਣ ਆ।”
ਕਈ ਵਾਰ ਜਿ਼ੰਦਗੀ ਦੇ ਇਕ ਪੜਾਅ ‘ਤੇ ਬੰਦਾ ਰੁਕ ਜਾਂਦਾ ਏ। ਉਹ ਆਪਣੇ ਵਿਕਾਸ ਨੂੰ ਰੋਕਣ ਲਈ ਖੁਦ ਹੀ ਜਿ਼ੰਮੇਵਾਰ ਹੁੰਦਾ, ਪਰ ਜਦ ਤੁਹਾਡੇ ਮਨ ਵਿਚ ਅਗਾਂਹ ਵਧਣ ਦੀ ਚਾਹਨਾ ਹੋਵੇ ਅਤੇ ਸੇਧ ਦੇਣ ਵਾਲਾ ਸੁਹਿਰਦ ਮਿਲ ਜਾਵੇ ਤਾਂ ਸੁਪਨਾ ਹੋਰ ਵੀ ਵਡੇਰਾ ਹੋ ਜਾਣ ‘ਤੇ ਇਸ ਦੀ ਪੂਰਨਤਾ ਆਸਾਨ ਹੁੰਦੀ। ਪੀਐਚ.ਡੀ. ਕਰਨ ਦੇ ਸੁਪਨੇ ਦੀ ਪੂਰਤੀ ਵਿਚ ਮੇਰੇ ਮਿੱਤਰ ਤੇ ਗਾਇਡ ਡਾ. ਕੁਲਵੰਤ ਸਿੰਘ ਥਿੰਦ ਦਾ ਵੱਡਾ ਯੋਗਦਾਨ ਹੈ। ਫਿਜਿਕਸ ਦੀ ਪਾਰਟ ਟਾਈਮ ਪੀਐਚ.ਡੀ. ਲਈ ਲੈਬ ਦੀ ਲੋੜ ਸੀ। ਸਨਿਚਰਵਾਰ/ਐਤਵਾਰ ਜਾਂ ਛੁੱਟੀਆਂ ਵਿਚ ਲੈਬ ਨੂੰ ਵਰਤਣ ਅਤੇ ਪੂਰਨ-ਸਹਿਯੋਗ ਦੇਣ ਲਈ ਡਾ. ਥਿੰਦ ਦੀ ਸਮਰਪਿਤਾ ਨੂੰ ਸਲਾਮ। ਸ਼ਾਇਦ ਇਸ ਸਹਿਯੋਗ ਕਰਕੇ ਹੀ ਮੈਂ ਕਾਲਜ ਵਿਚੋਂ ਛੁੱਟੀ ਲਏ ਬਗੈਰ ਹੀ ਪੰਜ ਸਾਲਾਂ ਵਿਚ ਪੀਐਚ.ਡੀ. ਕਰ ਸਕਿਆ। ਅਜਿਹੇ ਚਿਰਾਗ ਬਹੁਤ ਵਿਰਲੇ ਹੀ ਥਿਆਉਂਦੇ, ਜਿਨ੍ਹਾਂ ਦੀ ਲੋਅ ਵਿਚ, ਆਪਣੇ ਅਚੇਤ ਵਿਚ ਬੈਠੇ ਸੁਪਨਿਆਂ ਨੂੰ ਨਵੀਂ ਪਰਵਾਜ਼ ਮਿਲਦੀ ਅਤੇ ਤੁਸੀਂ ਅੰਬਰ ਨੂੰ ਕਲਾਵੇ ਵਿਚ ਲੈਣ ਦੇ ਸਮਰਥ ਹੁੰਦੇ।
ਜੀਵਨ ਇਕ ਸੰਘਰਸ਼। ਇਸ ਨੂੰ ਯੋਧਾ ਬਣ ਕੇ ਹੀ ਜਿੱਤਿਆ ਜਾ ਸਕਦਾ। ਇਸ ਵਿਚ ਸਭ ਤੋਂ ਅਹਿਮ ਯੋਗਦਾਨ ਹੁੰਦਾ ਹੈ ਤੁਹਾਡੇ ਪਰਿਵਾਰ, ਪਤਨੀ ਅਤੇ ਬੱਚਿਆਂ ਦਾ, ਜੋ ਤੁਹਾਡੀ ਤਾਕਤ ਹੁੰਦੇ। ਉਹ ਤੁਹਾਡੀ ਜਦੋਜਹਿਦ ਦੀ ਅਹਿਮੀਅਤ ਸਮਝਦੇ। ਇਸ ਨੂੰ ਜਿੱਤਣ ਲਈ ਸਪੇਸ ਵੀ ਦਿੰਦੇ। ਇਕ ਸਕੂਨਮਈ ਅਤੇ ਸਹਿਜਪੂਰਨ ਵਾਤਾਵਾਰਣ ਵੀ ਮਿਲਦਾ ਹੈ ਤਾਂ ਕਿ ਸ਼ਾਂਤ ਅਤੇ ਸਹਿਜ ਮਨ ਨਾਲ ਉਚੇਰੀ ਵਿਦਿਆ ਜਾਂ ਮਨ ਦੇ ਸ਼ੌਕਾਂ ਨੂੰ ਪੂਰਾ ਕੀਤਾ ਜਾ ਸਕੇ। ਇਹ ਚਿਰਾਗ ਤੁਹਾਡੇ ਸੋਚ-ਵਿਹੜੇ ਵਿਚ ਹਰਦਮ ਜਗਦੇ। ਇਨ੍ਹਾਂ ਦੀਆਂ ਰੌਸ਼ਨ ਕਾਤਰਾਂ ਤੁਹਾਡੇ ਖੂੰਜਿਆਂ ਨੂੰ ਰੁਸ਼ਨਾ, ਤੁਹਾਡੇ ਕਦਮਾਂ ਨੂੰ ਨਵੀਂ ਪੁਲਾਂਘ ਬਖਸ਼ਦੀਆਂ। ਇਹ ਦੀਵੇ ਹੀ ਹੁੰਦੇ, ਜੋ ਚਾਨਣ ਵੰਡਦੇ, ਹੋਰਨਾਂ ਲਈ ਵੀ ਚਿਰਾਗ-ਬਿਰਤੀ ਦਾ ਸਬੱਬ ਬਣਦੇ।
ਜਿ਼ੰਦਗੀ ਕਦੇ ਵੀ ਇਕਪਾਸੜ ਅਤੇ ਜਦ ਇਕ ਵਿਹਾਰੀ ਨਹੀਂ ਹੁੰਦੀ। ਇਸ ਦੀਆਂ ਬਹੁਤ ਪਰਤਾਂ। ਇਸ ਦੀ ਕਲਾਮਈ ਪਰਤ ਨੂੰ ਜਿਉਂਦੀ ਰੱਖਣ ਲਈ, ਮਨ ਵਿਚ ਪਨਪੇ ਸੁਹਜ, ਸਹਿਜ, ਸੰਜੀਦਗੀ ਅਤੇ ਸੁੰਦਰਤਾ ਨਾਲ ਪ੍ਰਣਾਏ ਰਹਿਣਾ ਬਹੁਤ ਕਠਿਨ। ਜਦ ਕੋਈ ਅਜ਼ੀਜ਼ ਤੁਹਾਡੀਆਂ ਭਾਵਨਾਵਾਂ ਨੂੰ ਸਮਝਣ ਅਤੇ ਕਲਾ-ਬਿਰਤੀ ਨੂੰ ਸਹੀ ਪਾਸੇ ਮੋੜਾ ਦੇਣ ਅਤੇ ਇਸ ਨੂੰ ਸੇਧ ਦੇਣ ਲਈ ਕੋਈ ਪ੍ਰੇਰਨਾ ਬਣੇ। ਨਵੀਂ ਪਹਿਲਕਦਮੀ ਲਈ ਜਦ ਕੋਈ ਮਾਰਗ ਦਰਸ਼ਕ ਬਣਦਾ ਤਾਂ ਇਹ ਤੁਹਾਡੀ ਧੰਨਭਾਗਤਾ ਹੁੰਦੀ। ਇਸ ਹੱਲਾਸ਼ੇਰੀ ਵਿਚੋਂ ਹੀ ਇਕ ਨਵਾਂ ਕਲਾਮਈ ਰੂਪ ਉਜਗਾਰ ਹੁੰਦਾ। ਸਾਹਿਤ ਨਾਲ ਮੁੱਢ ਤੋਂ ਜੁੜਿਆ ਸਾਂ। ਪੜ੍ਹਨ ਦਾ ਸ਼ੌਕ ਸੀ। ਚੜ੍ਹਦੀ ਉਮਰੇ ਨੌਕਰੀ ਦੀ ਖੱਜਲ-ਖੁਆਰੀ ਦੌਰਾਨ ਕਦੇ ਕਵਿਤਾ ਆਦਿ ਲਿਖ ਲੈਂਦਾ ਸਾਂ। ਮਨ ਵਿਚ ਪਹਿਲੀ ਕਾਵਿ-ਪੁਸਤਕ ਛਾਪਣ ਦਾ ਖਿਆਲ ਆਇਆ ਤਾਂ ਆਪਣੇ ਅਧਿਆਪਕ ਸ. ਹਰਭਜਨ ਸਿੰਘ ਹੁੰਦਲ ਨੂੰ ਮੁਢਲੇ ਸ਼ਬਦ ਲਿਖਣ ਲਈ ਬੇਨਤੀ ਕੀਤੀ। ਉਨ੍ਹਾਂ ਦੇ ਮੁਢਲੇ ਸ਼ਬਦਾਂ ਵਿਚ ਆਲੋਚਨਾ ਦੀ ਬਹੁਤਾਤ ਸੀ ਅਤੇ ਉਨ੍ਹਾਂ ਦਾ ਖਿਆਲ ਸੀ ਕਿ ਸ਼ਾਇਦ ਇਹ ਮੈਂ ਨਾ ਛਾਂਪਾਂ; ਪਰ ਮੇਰਾ ਇਸ ਨੂੰ ਛਾਪਣਾ, ਦਰਅਸਲ ਖੁਦ ਦੇ ਰੂਬਰੂ ਹੋਣ ਵਰਗਾ ਸੀ ਕਿ ਮੇਰੀ ਕਵਿਤਾ ਕਿਥੇ ਖੜ੍ਹੀ ਹੈ? ਸਾਹਿਤ ਵਿਚ ਕਿਥੇ ਜਾਣਾ ਲੋਚਦਾ ਹਾਂ? ਇਹ ਮੇਰੀ ਲਈ ਇਕ ਚੁਣੌਤੀ ਵਾਂਗ ਸੀ। ਹੁੰਦਲ ਸਾਹਿਬ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਸਾਹਿਤਕ ਸਫਰ ਦਾ ਆਗਾਜ਼ ਹੋਇਆ। ਹੁਣ ਹੁੰਦਲ ਸਾਹਿਬ ਨੂੰ ਮਿਲਣ ‘ਤੇ ਚਾਅ ਚੜ੍ਹਦਾ ਹੈ ਕਿ ਉਸ ਦਾ ਵਿਦਿਆਰਥੀ ਕੁਝ ਤਾਂ ਚੰਗਾ ਲਿਖ ਰਿਹਾ ਹੈ।
ਸਾਹਿਤਕ ਸਾਧਨਾ ਦੌਰਾਨ ਹਰ ਮੋੜ ‘ਤੇ ਅਣਮੁੱਲਾ ਰੋਲ ਹੈ ਅਦਬੀ ਸ਼ਖਸ ਪੋ੍ਰ. ਕੁਲਵੰਤ ਸਿੰਘ ਔਜਲਾ ਦਾ, ਜਿਹੜਾ ਮੇਰਾ ਗਰਾਈਂ, ਜਮਾਤੀ, ਪਿਆਰਾ ਮਿੱਤਰ ਅਤੇ ਕੁਲੀਗ ਵੀ ਰਿਹਾ ਹੈ। ਰਣਧੀਰ ਕਾਲਜ ਵਿਚ ਪੜ੍ਹਾਉਂਦਿਆਂ, ਉਸ ਦੀ ਸੰਗਤ ਵਿਚੋਂ ਬਹੁਤ ਸਾਰੇ ਮਾਣਕ-ਮੋਤੀ ਮੈਂ ਚੁਗਦਾ ਰਿਹਾ। ਇਹ ਮੋਤੀ ਹੀ ਮੇਰਾ ਹਾਸਲ। ਮੈਨੂੰ ਕੁਝ ਚੰਗਾ ਲਿਖਣ ਦੀ ਬਿਰਤੀ ਅਤੇ ਕੁਝ ਵੱਖਰਾ ਕਰਨ ਵੰਨੀਂ ਰੁਚਿਤ ਕਰਦੇ ਹਨ। ਸਾਹਿਤਕ ਸਫਰ ਜਾਰੀ ਰੱਖਣ ਅਤੇ ਇਸ ਨੂੰ ਕੁਝ ਚੰਗੇਰਾ ਕਰਨ ਦਾ ਹੁਨਰ ਤੇ ਹਾਸਲਤਾ ਵਿਚ ਪੋ੍ਰ. ਔਜਲਾ ਦਾ ਸਾਥ ਬਹੁਤ ਹੀ ਪਿਆਰਾ ਅਤੇ ਮੁਹੱਬਤੀ ਹੈ। ਸਾਹਿਤਕ ਕਿਰਤਾਂ ਸਾਂਝੀਆਂ ਕਰਨਾ, ਇਨ੍ਹਾਂ ਦੀ ਦਰੁਸਤੀ ਅਤੇ ਰੰਗਤ ਨੂੰ ਨਿਖਾਰਨਾ, ਨਿੱਤਕਰਮ ਹੁੰਦਾ ਸੀ। ਬੜਾ ਕੁਝ ਮਿਲਿਆ ਹੈ ਅਤੇ ਮਿਲ ਰਿਹਾ ਹੈ, ਪੋ੍ਰ. ਔਜਲਾ ਦੇ ਸੰਗ-ਸਾਥ ਵਿਚੋਂ।
ਜੀਵਨ ਵਿਚ ਹਰ ਮੋੜ ‘ਤੇ ਤੁਹਾਨੂੰ ਚਿਰਾਗ ਮਿਲਦੇ ਨੇ, ਜੋ ਕਦੇ ਜਗਦੇ ਦੀਵੇ, ਕਦੇ ਮੋਮਬੱਤੀਆਂ। ਇਨ੍ਹਾਂ ਦੀ ਰੌਸ਼ਨੀ ਨੂੰ ਆਪਣੀ ਸੋਚ-ਜਮੀਂ ਵਿਚ ਥਾਂ ਦੇ ਕੇ ਆਪਣੇ ਅੰਤਰੀਵ ਨੂੰ ਚਾਨਣ ਨਾਲ ਭਰਨਾ ਹੈ ਜਾਂ ਇਸ ਨੂੰ ਪੈਰਾਂ ਹੇਠ ਰੌਂਦ ਕੇ ਆਪਣੀ ਹੈਂਕੜਤਾ ਨੂੰ ਪੱਠੇ ਪਾਉਣੇ, ਇਹ ਮਨੁੱਖ `ਤੇ ਨਿਰਭਰ; ਪਰ ਸਭ ਤੋਂ ਜਰੂਰੀ ਹੈ ਕਿ ਹਰ ਰੌਸ਼ਨ ਸਰੋਤ ਤੋਂ ਕੁਝ ਕਿਰਨਾਂ ਹੁਧਾਰੀਆਂ ਲੈਣਾ, ਸੂਰਜਾਂ ਨੂੰ ਆਪਣੇ ਆੜੀ ਬਣਾਉਣਾ ਅਤੇ ਤਾਰਿਆਂ ਦੀ ਖੈਰ, ਅੰਬਰ ਵਰਗੇ ਲੋਕਾਂ ਤੋਂ ਜਰੂਰ ਮੰਗਦੇ ਰਹਿਣਾ, ਕਿਉਂਕਿ ਇਹ ਤਾਰੇ ਹੀ ਹੁੰਦੇ, ਜੋ ਅਸਮਾਨ ਨੂੰ ਮੋਤੀਆਂ ਦੀ ਮਾਲਾ ਨਾਲ ਪਰੋਂਦੇ, ਰੌਸ਼ਨਹੀਣ ਚੰਦਰਮਾ ਨੂੰ ਵੀ ਚਮਕਣ ਲਾਉਂਦੇ ਅਤੇ ਰਾਤ ਨੂੰ ਪੁੰਨਿਆ ਬਣਨ ਵੰਨੀਂ ਪ੍ਰੇਰਿਤ ਕਰਦੇ।
ਹਰ ਸਰਘੀ ਵੇਲੇ ਉਗਦਾ ਸੂਰਜ ਰੌਸ਼ਨੀ ਦਾ ਸੰਦੇਸ਼-ਵਾਹਕ। ਤ੍ਰੇਲ ਤੁਪਕੇ ਪਾਕੀਜ਼ਗੀ ਦਾ ਪੈਗਾਮ, ਤੁਹਾਡੇ ਪੈਰਾਂ ਨੂੰ ਧੋਂਦੇ ਤੇ ਆਪਣੀ ਹੋਂਦ ਗਵਾ ਕੇ ਖੁਸ਼ ਹੁੰਦੇ। ਪੁੰਨਿਆ, ਚੰਦਰਮਾ ਦਾ ਸੰਧਾਰਾ ਲੈ ਕੇ ਆਉਂਦੀ। ਠੰਢ ‘ਚ ਠੁਰਕਦੇ ਜਿਸਮਾਂ ਲਈ ਧੁੱਪ ਦੀ ਆਮਦ, ਜੀਵਨ ਦਾ ਸੁੱਚਾ ਰੰਗ, ਜੀਵਨ-ਦਾਤੀ, ਨਿੱਘ ਦਾ ਲੁਤਫ।
ਦੀਵਿਆਂ ਦਾ ਸਾਥ ਮਾਣਦੇ ਮਾਣਦੇ ਕਦੇ ਕਦਾਈਂ ਆਪ ਵੀ ਰੌਸ਼ਨੀ ਵੰਡਣ ਦਾ ਉਪਕਾਰ ਕਰਨ ਲਈ ਕਰਮਯੋਗ ਜਰੂਰ ਕਮਾਉਣਾ, ਕਿਉਂਕਿ ਕਰਮਯੋਗਤਾ ਹੀ ਜੀਵਨ ਦੀ ਸੁੱਚਮਤਾ ਅਤੇ ਉਚਤਮਾ ਹੁੰਦੀ। ਮਨੁੱਖ ਦੀ ਪਹਿਲ ਇਹ ਹੋਣੀ ਚਾਹੀਦੀ ਹੈ ਕਿ ਉਸ ਨੇ ਕਰਮ-ਕੀਰਤੀ ਵਿਚੋਂ ਕਿਸਮਤ-ਰੇਖਾਵਾਂ ਨੂੰ ਉਘਾੜਨ ਤੇ ਵਿਸਥਾਰਨ ਵਿਚ ਅਹਿਮ ਭੂਮਿਕਾ ਨਿਭਾਉਣੀ ਹੈ।
ਚਿਰਾਗ ਦਾ ਧਰਮ ਹੈ ਚਾਨਣ ਵੰਡਣਾ। ਇਸ ਦੀ ਰਹਿਬਰੀ ਵਿਚ ਹਨੇਰੇ ਵੀ ਚਾਨਣ-ਰੱਤੇ ਹੋ ਜਾਂਦੇ। ਆਓ! ਨਵੇਂ ਸਾਲ ਦੀ ਦਹਿਲੀਜ਼ `ਤੇ ਦੀਵੇ ਜਗਾਉਣ ਦੇ ਨਾਲ-ਨਾਲ, ਆਪਣੇ ਅੰਦਰਲਾ ਚਿਰਾਗ ਵੀ ਜਗਾਈਏ। ਚੌਗਿਰਦੇ ਵਿਚ ਉਨ੍ਹਾਂ ਚਿਰਾਗਾਂ ਨੂੰ ਨਤਮਸਤਕ ਹੋਈਏ, ਜਿਨ੍ਹਾਂ ਨੇ ਤੁਹਾਡੇ ਤੰਗ-ਨਜ਼ਰੀਏ ਅਤੇ ਸੌੜੀਆਂ ਸੋਚਾਂ ਨੂੰ ਅਣਮੋਲ ਤੇ ਵਸੀਹ ਅਰਥ ਬਖਸ਼ੇ ਨੇ।