ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਕਾਰਨ ਵਾਪਰੇ ਘਾਤਕ ਪ੍ਰਭਾਵ

ਡਾ. ਦੇਵਿੰਦਰ ਪਾਲ ਸਿੰਘ
ਵਿਸ਼ਵ ਮੌਸਮ ਵਿਗਿਆਨ ਸੰਸਥਾ ਦੁਆਰਾ ਸਾਲ 2020 ਵਿਚ ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਬਾਰੇ ਤਿਆਰ ਕੀਤੇ ਗਏ ਮਸੌਦੇ ਵਿਚ ਸਾਰੇ ਹੀ ਦਿਸਹੱਦਿਆਂ ਵਿਖੇ ਹਾਲਾਤਾਂ ਦੇ ਲਗਾਤਾਰ ਖਰਾਬ ਹੋਣ ਬਾਰੇ ਦੱਸ ਪਾਈ ਗਈ ਹੈ। ਵਿਸ਼ਵ ਮੌਸਮ ਵਿਭਾਗ ਸਾਲ 1993 ਤੋਂ ਹੀ ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਬਾਰੇ ਸਾਲਾਨਾ ਰਿਪੋਰਟ ਜਾਰੀ ਕਰਦਾ ਆ ਰਿਹਾ ਹੈ।

ਮੌਜੂਦਾ ਸਾਲ ਦੌਰਾਨ ਵਾਪਰੀਆਂ ਵਿਸ਼ਵ ਵਿਆਪੀ ਤਬਦੀਲੀਆਂ ਬਾਰੇ ਦਸੰਬਰ ਮਹੀਨੇ ਦੇ ਪਹਿਲੇ ਹਫਤੇ ਵਿਚ ਵਿਚਾਰ-ਵਟਾਂਦਰੇ ਤੇ ਰਿਵਿਊ ਲਈ ਜਾਰੀ ਕੀਤੇ ਗਏ ਖਰੜੇ ਤੋਂ ਸਪਸ਼ਟ ਹੋ ਰਿਹਾ ਹੈ ਕਿ ਘਾਤਕ ਮੌਸਮੀ ਤਬਦੀਲੀਆਂ ਵਿਚ ਵਾਧਾ ਪਹਿਲਾਂ ਵਾਂਗ ਹੀ ਕਾਇਮ ਹੈ। ਇਸ ਦੇ ਨਤੀਜੇ ਵਜੋਂ 2020 ਦਾ ਸ਼ੁਮਾਰ ਹੁਣ ਤਕ ਰਿਕਾਰਡ ਕੀਤੇ ਗਏ ਸਭ ਤੋਂ ਗਰਮ ਤਿੰਨ ਸਾਲਾਂ ਵਿਚ ਕੀਤਾ ਜਾ ਸਕਦਾ ਹੈ। ਇਸੇ ਮਸੌਦੇ ਤੋਂ ਜਾਹਰ ਹੋ ਰਿਹਾ ਹੈ ਕਿ 2011 ਤੋਂ ਸੰਨ 2020 ਦਾ ਦਹਾਕਾ ਰਿਕਾਰਡ ਕੀਤੇ ਗਏ ਸਾਰੇ ਦਹਾਕਿਆਂ ਵਿਚੋਂ ਸਭ ਤੋਂ ਗਰਮ ਦਹਾਕਾ ਰਿਹਾ ਹੈ। ਇਸ ਦਹਾਕੇ ਵਿਚ 2015 ਤੋਂ 2020 ਤਕ ਦਾ ਅਰਸਾ ਸਭ ਤੋਂ ਵਧੇਰੇ ਗਰਮ ਰਿਹਾ ਹੈ।
ਮਹਾਂਸਾਗਰਾਂ ਦਾ ਤਾਪਮਾਨ ਸਿਖਰ ਤਕ ਪਹੁੰਚ ਰਿਹਾ ਹੈ। ਇਸੇ ਸਾਲ ਵਿਸ਼ਵ ਵਿਆਪੀ ਸਮੁੰਦਰੀ ਪਾਣੀਆਂ ਦੇ 80 ਪ੍ਰਤੀਸ਼ਤ ਤੋਂ ਵਧੇਰੇ ਹਿੱਸੇ ਵਿਚ ਸਮੁੰਦਰੀ ਤਾਪ-ਲਹਿਰਾਂ ਦੀ ਹੋਂਦ ਦੇਖੀ ਗਈ ਹੈ। ਇਸ ਦਾ ਸਮੁੰਦਰੀ ਵਾਤਾਵਰਣੀ ਪ੍ਰਣਾਲੀ ਉੱਤੇ ਵੱਡੇ ਪੱਧਰ ਉੱਤੇ ਮਾਰੂ ਪ੍ਰਭਾਵ ਪੈਣ ਦਾ ਅੰਦਾਜ਼ਾ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਸਮੁੰਦਰੀ ਜੀਵ ਤੇ ਬਨਸਪਤੀ ਪਹਿਲਾਂ ਹੀ ਸਮੁੰਦਰੀ ਪਾਣੀਆਂ ਦੁਆਰਾ ਸੋਖੀ ਗਈ ਕਾਰਬਨ ਡਾਇਆਕਸਾਈਡ ਗੈਸ ਕਾਰਨ ਪੈਦਾ ਹੋਏ ਤੇਜਾਬੀਪਣ ਦੇ ਭੈੜੇ ਪ੍ਰਭਾਵਾਂ ਨਾਲ ਜੂਝ ਰਹੀ ਹੈ।
ਇਹ ਰਿਪੋਰਟ, ਜੋ ਦਰਜਨਾਂ ਕੌਮਾਂਤਰੀ ਸੰਗਠਨਾਂ ਅਤੇ ਮਾਹਿਰਾਂ ਦੇ ਯੋਗਦਾਨ `ਤੇ ਆਧਾਰਿਤ ਹੈ, ਤੋਂ ਸਪਸ਼ਟ ਹੋ ਰਿਹਾ ਹੈ ਕਿ ਅਤਿ ਦੀ ਗਰਮੀ, ਜੰਗਲਾਂ ਦੀ ਅੱਗ, ਹੜ੍ਹਾਂ ਤੇ ਐਟਲਾਂਟਿਕ ਸਾਗਰੀ ਖੇਤਰ ਵਿਚ ਵਾਪਰ ਰਹੇ ਤੂਫਾਨਾਂ ਵਿਚ ਹੋਏ ਬੇਸ਼ੁਮਾਰ ਵਾਧੇ ਵਰਗੇ ਘਾਤਕ ਵਰਤਾਰਿਆਂ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਇਸ ਦੇ ਫਲਸਰੂਪ ਮਨੁੱਖੀ ਸਿਹਤ, ਸੁਰੱਖਿਆ ਅਤੇ ਆਰਥਕ ਸਥਿਰਤਾ ਉੱਤੇ ਬਹੁਤ ਭੈੜਾ ਪ੍ਰਭਾਵ ਪਿਆ ਹੈ। ਅਜੋਕੇ ਸਮੇਂ ਦੌਰਾਨ ਜਦੋਂ ਸਾਰਾ ਸੰਸਾਰ ਕੋਵਿਡ-19 ਮਹਾਂਮਾਰੀ ਦੇ ਮਾਰੂ ਪ੍ਰਭਾਵਾਂ ਦਾ ਸਾਹਮਣਾ ਕਰ ਰਿਹਾ ਹੈ, ਇਨ੍ਹਾਂ ਵਿਸ਼ਵ ਵਿਆਪੀ ਤਬਦੀਲੀਆਂ ਨੇ ਮਨੁੱਖੀ ਬਿਪਤਾਵਾਂ ਵਿਚ ਅਣਚਾਹਿਆ ਵਾਧਾ ਕੀਤਾ ਹੈ। ਬੇਸ਼ਕ ਸਾਲ 2020 ਦੀ ਅੰਤਿਮ ਰਿਪੋਰਟ ਮਾਰਚ 2021 ਵਿਚ ਜਾਰੀ ਕੀਤੀ ਜਾਏਗੀ, ਪਰ ਇਹ ਆਰਜ਼ੀ ਰਿਪੋਰਟ ਬਾਰਾਂ ਮੁੱਖ ਸੂਚਨਾਵਾਂ ਨਾਲ ਸ਼ੁਰੂ ਹੁੰਦੀ ਹੈ:
ਗ੍ਰੀਨਹਾਊਸ ਗੈਸਾਂ ਵਿਚ ਲਗਾਤਾਰ ਵਾਧਾ: ਸਾਲ 2019 ਅਤੇ 2020 ਦੌਰਾਨ ਪ੍ਰਮੁੱਖ ਗ੍ਰੀਨਹਾਊਸ ਗੈਸਾਂ, ਖਾਸ ਕਰ ਕਾਰਬਨ ਡਾਇਆਕਸਾਈਡ, ਮੀਥੇਨ, ਨਾਈਟ੍ਰੋਜਨ ਡਾਇਆਕਸਾਈਡ ਦੇ ਵਾਯੂ-ਮੰਡਲੀ ਨਿਕਾਸ ਵਿਚ ਲਗਾਤਾਰ ਵਾਧਾ ਹੋਇਆ ਹੈ।
ਵਿਸ਼ਵ ਵਿਆਪੀ ਤਾਪਮਾਨ ਵਾਧਾ: ਬੇਸ਼ਕ ‘ਲਾ ਨੀਨਾ’ ਵਰਗੀਆਂ ਸਰਦ ਸਮੁੰਦਰੀ ਹਾਲਤਾਂ ਪੈਦਾ ਹੋਈਆਂ, ਪਰ ਅਜਿਹੇ ਹਾਲਾਤ ਦੇ ਬਾਵਜੂਦ 2020 ਦੌਰਾਨ ਵਿਸ਼ਵ ਵਿਆਪੀ ਮੱਧਮਾਨ ਤਾਪਮਾਨ ਦਾ ਸ਼ੁਮਾਰ ਹੁਣ ਤਕ ਰਿਕਾਰਡ ਕੀਤੇ ਗਏ ਸਭ ਤੋਂ ਗਰਮ ਤਿੰਨ ਸਾਲਾਂ ਵਿਚ ਕੀਤਾ ਜਾ ਸਕਦਾ ਹੈ। ਸਾਲ 2020 ਸਮੇਤ ਪਿਛਲੇ ਛੇ ਸਾਲਾਂ ਦਾ ਅਰਸਾ ਹੁਣ ਤਕ ਰਿਕਾਰਡ ਕੀਤੇ ਗਏ ਸਾਰੇ ਸਾਲਾਂ ਨਾਲੋਂ ਵੱਧ ਗਰਮ ਰਿਹਾ ਹੈ।
ਸਮੁੰਦਰੀ ਪਾਣੀਆਂ ਦੀ ਸਤਹਾ ਵਿਚ ਉਭਾਰ: ਬੇਸ਼ਕ ਪੁਰਾਣੇ ਸਮਿਆਂ ਤੋਂ ਹੀ ਸਮੁੰਦਰੀ ਪਾਣੀਆਂ ਦੇ ਸਤਹੀ ਪੱਧਰ ਵਿਚ ਵਾਧਾ ਹੁੰਦਾ ਰਿਹਾ ਹੈ, ਪਰ ਅਜੋਕੇ ਸਮੇਂ ਦੌਰਾਨ ਇਹ ਸਤਹੀ ਪੱਧਰ ਬਹੁਤ ਵੱਧ ਮਾਤਰਾ ਨਾਲ ਵਧਿਆ ਹੈ। ਅਜਿਹਾ ਗ੍ਰੀਨਲੈਂਡ ਤੇ ਐਂਟਾਰਕਟਿਕਾ ਵਿਖੇ ਬਰਫ ਦੀਆਂ ਪਰਤਾਂ ਦੇ ਤੇਜੀ ਨਾਲ ਪਿਘਲਣ ਕਾਰਨ ਵਾਪਰਿਆ ਹੈ। ਸਾਲ 2020 ਵਿਚ ਸਮੁੰਦਰ ਦਾ ਵਿਸ਼ਵ ਵਿਆਪੀ ਮੱਧਮਾਨ ਸਤਹੀ ਪੱਧਰ 2019 ਦੌਰਾਨ ਸਮੁੰਦਰੀ ਪੱਧਰ ਦੇ ਸਮਾਨ ਸੀ ਅਤੇ ਇਹ ਵਾਧੇ ਵਾਲਾ ਰੁਝਾਨ ਲੰਬੇ ਸਮੇਂ ਦੇ ਰਿਕਾਰਡ ਕੀਤੇ ਗਏ ਰੁਝਾਨ ਦੇ ਅਨੁਕੂਲ ਹੀ ਸੀ।
ਸਮੁੰਦਰੀ ਤਾਪ-ਲਹਿਰਾਂ ਵਿਚ ਵਾਧਾ: ਸਾਲ 2020 ਦੌਰਾਨ ਸਮੁੰਦਰਾਂ ਦੇ 80 ਪ੍ਰਤੀਸ਼ਤ ਤੋਂ ਵੀ ਵਧੇਰੇ ਖੇਤਰ ਵਿਚ ਘੱਟੋ ਘੱਟ ਇਕ ਸਮੁੰਦਰੀ ਤਾਪ-ਲਹਿਰ ਦਾ ਅਨੁਭਵ ਹੋਇਆ ਹੈ, ਜਦੋਂ ਕਿ ਸਮੁੰਦਰਾਂ ਦਾ 43 ਪ੍ਰਤੀਸ਼ਤ ਹਿੱਸਾ ਤੀਬਰ ਮਾਤਰਾ ਵਾਲੀਆਂ ਅਤੇ 28 ਪ੍ਰਤੀਸ਼ਤ ਹਿੱਸਾ ਦਰਮਿਆਨੇ ਦਰਜੇ ਦੀਆਂ ਤਾਪ-ਲਹਿਰਾਂ ਦਾ ਸ਼ਿਕਾਰ ਰਿਹਾ ਹੈ।
ਸਮੁੰਦਰੀ ਪਾਣੀਆਂ ਦੇ ਤਾਪਮਾਨ ਵਿਚ ਵਾਧਾ: ਸਾਲ 2019 ਦੌਰਾਨ ਸਮੁੰਦਰੀ ਪਾਣੀਆਂ ਵਿਚ ਤਾਪ ਦੀ ਮਾਤਰਾ ਸਭ ਤੋਂ ਵੱਧ ਰਿਕਾਰਡ ਕੀਤੀ ਗਈ ਸੀ। ਸਾਲ 2020 ਵਿਚ ਇਸ ਤਾਪ-ਮਾਤਰਾ ਦੇ ਵਾਧੇ ਦੀ ਦਰ ਪਿਛਲੇ ਦਸਾਂ ਸਾਲਾ ਦੌਰਾਨ ਰਿਕਾਰਡ ਕੀਤੀ ਮੱਧਮਾਨ ਦਰ ਨਾਲੋਂ ਵੱਧ ਦੇਖੀ ਗਈ ਸੀ। ਇਸ ਤੋਂ ਸਪਸ਼ਟ ਹੈ ਕਿ ਵਾਯੂ ਮੰਡਲ ਵਿਚ ਗ੍ਰੀਨਹਾਊਸ ਗੈਸਾਂ ਦੀ ਬਹੁਤਾਤ ਦੁਆਰਾ ਪੈਦਾ ਹੋਏ ਵਿਕਿਰਣੀ ਅਸੰਤੁਲਨ ਕਾਰਨ ਸਮੁੰਦਰੀ ਤਾਪਮਾਨ ਲਗਾਤਾਰ ਵਧ ਰਿਹਾ ਹੈ।
ਆਰਕਟਿਕ ਸਾਗਰ ਵਿਖੇ ਮੌਜੂਦਾ ਬਰਫ ਦੇ ਹਾਲਾਤ: ਆਰਕਟਿਕ ਖੇਤਰ ਵਿਖੇ ਸਾਲਾਨਾ ਸਮੁੰਦਰੀ-ਬਰਫ ਵਾਲਾ ਖੇਤਰ ਰਿਕਾਰਡ ਮੁਤਾਬਿਕ ਦੂਜੀ ਵਾਰ ਨਿਊਨਤਮ ਪੱਧਰ ਦਾ ਰਿਹਾ। ਅਜਿਹਾ ਜੁਲਾਈ ਅਤੇ ਅਕਤੂਬਰ ਦੇ ਮਹੀਨਿਆਂ ਵਿਚ ਦੇਖਿਆ ਗਿਆ, ਪਰ ਖੁਸ਼ੀ ਦੀ ਗੱਲ ਹੈ ਕਿ ਐਂਟਾਰਕਟਿਕ ਖੇਤਰ ਵਿਖੇ ਸਮੁੰਦਰੀ ਬਰਫ ਦੀ ਮਾਤਰਾ ਇਸ ਮਦ ਦੀ ਲੰਬੇ ਸਮੇਂ ਦੀ ਔਸਤ ਦੇ ਲਗਭਗ ਰਹੀ।
ਗ੍ਰੀਨਲੈਂਡ ਖੇਤਰ ਵਿਖੇ ਬਰਫ ਦੇ ਹਾਲਾਤ: ਗ੍ਰੀਨਲੈਂਡ ਵਿਖੇ ਬਰਫ ਦੀ ਪਰਤ ਲਗਾਤਾਰ ਘਟ ਰਹੀ ਹੈ। ਬੇਸ਼ੱਕ ਬਰਫ ਦਾ ਸਤਹੀ-ਪੁੰਜ ਸੰਤੁਲਨ ਲੰਬੇ ਸਮੇਂ ਦੀ ਔਸਤ ਦੇ ਲਗਭਗ ਰਿਹਾ, ਪਰ ਸੈਟੇਲਾਈਟ ਰਿਕਾਰਡ ਅਨੁਸਾਰ ਬਰਫੀਲੇ ਤੋਦਿਆਂ ਦੇ ਖੁਰਨ ਕਾਰਨ ਬਰਫ ਦਾ ਨੁਕਸਾਨ ਪਿਛਲੇ 40 ਸਾਲਾਂ ਦੇ ਰਿਕਾਰਡ ਨੂੰ ਮਾਤ ਪਾਉਂਦਾ ਦੇਖਿਆ ਗਿਆ। ਸਤੰਬਰ 2019 ਤੋਂ ਅਗਸਤ 2020 ਦੇ ਅਰਸੇ ਦੌਰਾਨ ਇਸ ਬਰਫੀਲੀ ਪਰਤ ਵਿਚੋਂ ਲਗਭਗ 152 ਗੀਗਾ ਟਨ ਬਰਫ ਅਲੋਪ ਹੋ ਗਈ।
ਮੀਂਹ ਅਤੇ ਹੜ੍ਹਾਂ ਵਿਚ ਇਜ਼ਾਫਾ: ਸੰਨ 2020 ਵਿਚ ਅਫਰੀਕਾ ਅਤੇ ਏਸ਼ੀਆ ਦੇ ਵੱਡੇ ਹਿੱਸਿਆਂ ਵਿਚ ਭਾਰੀ ਬਾਰਸ਼ ਅਤੇ ਵਿਆਪਕ ਹੜ੍ਹਾਂ ਦਾ ਪ੍ਰਭਾਵ ਦੇਖਿਆ ਗਿਆ। ਭਾਰੀ ਬਾਰਸ਼ ਅਤੇ ਹੜ੍ਹਾਂ ਨੇ ਇਸ ਸਾਲ ਦੌਰਾਨ ਸਹਿਲ, ਅਫਰੀਕਾ ਦੇ ਗ੍ਰੇਟਰ ਹੌਰਨ, ਭਾਰਤੀ ਉਪ-ਮਹਾਂਦੀਪ ਅਤੇ ਨੇੜਲੇ ਖੇਤਰਾਂ-ਚੀਨ, ਕੋਰੀਆ, ਜਾਪਾਨ ਅਤੇ ਦੱਖਣ-ਪੂਰਬੀ ਏਸ਼ੀਆ ਦੇ ਕੁਝ ਹਿੱਸਿਆਂ ਨੂੰ ਸਮੇਂ ਸਮੇਂ ਪ੍ਰਭਾਵਿਤ ਕੀਤਾ।
ਐਟਲਾਂਟਿਕ ਖੇਤਰ ਵਿਖੇ ਸਮੁੰਦਰੀ ਤੂਫਾਨਾਂ ਦੀ ਸੰਖਿਆ ਵਧੀ: ਉੱਤਰੀ ਐਟਲਾਂਟਿਕ ਖਿੱਤੇ ਵਿਚ ਤੂਫਾਨੀ ਮੌਸਮ ਦੌਰਾਨ 17 ਨਵੰਬਰ 2020 ਤਕ 30 ਸਮੁੰਦਰੀ ਤੂਫਾਨ ਆਏ। ਇਨ੍ਹਾਂ ਦਾ ਨਾਮਕਰਣ ਵੀ ਕੀਤਾ ਗਿਆ। ਰਿਕਾਰਡ ਅਨੁਸਾਰ ਸਮੁੰਦਰੀ ਤੂਫਾਨਾਂ ਦੀ ਇਹ ਸੰਖਿਆ ਸਭ ਤੋਂ ਵੱਡੀ ਸੰਖਿਆ ਹੈ। ਇਨ੍ਹਾਂ ਸਮੁੰਦਰੀ ਤੂਫਾਨਾਂ ਦੀ ਵੱਡੀ ਗਿਣਤੀ ਨੇ ਸੰਯੁਕਤ ਰਾਜ ਅਮਰੀਕਾ ਦੇ ਅਨੇਕ ਸ਼ਹਿਰਾਂ ਦਾ ਵੱਡਾ ਨੁਕਸਾਨ ਕੀਤਾ। ਹੁਣ ਤਕ ਇਸ ਮੌਸਮ ਦਾ ਆਖਰੀ ਤੂਫਾਨ ਆਈਓਟਾ ਸੀ, ਜੋ ਸਭ ਤੋਂ ਵਧੇਰੇ ਘਾਤਕ ਤੂਫਾਨ ਰਿਹਾ।
ਗਰਮ ਖੇਤਰਾਂ ਵਿਖੇ ਤੂਫਾਨਾਂ ਦੇ ਹਾਲਾਤ: ਗਰਮ ਖੇਤਰਾਂ ਵਿਖੇ ਤੂਫਾਨਾਂ ਦੀ ਮਾਤਰਾ ਲੰਬੇ ਸਮੇਂ ਦੇ ਮੱਧਮਾਨ ਪੱਧਰ ਦੇ ਨੇੜੇ ਹੀ ਰਹੀ, ਪਰ ਇਨ੍ਹਾਂ ਤੂਫਾਨਾਂ ਦੇ ਪ੍ਰਭਾਵ ਵਧੇਰੇ ਮਾਰੂ ਦੇਖੇ ਗਏ।
ਗੰਭੀਰ ਔੜ: 2020 ਦੌਰਾਨ ਦੱਖਣੀ ਅਮਰੀਕਾ ਦੇ ਕਈ ਅੰਦਰੂਨੀ ਭਾਗ ਗੰਭੀਰ ਔੜ ਵਾਲੇ ਹਾਲਾਤ ਦਾ ਸ਼ਿਕਾਰ ਹੋਏ ਹਨ। ਉੱਤਰੀ ਅਰਜਨਟੀਨਾ, ਪੈਰਾਗੁਏ ਅਤੇ ਬ੍ਰਾਜ਼ੀਲ ਦੇ ਪੱਛਮੀ ਸਰਹੱਦੀ ਖੇਤਰ ਸਭ ਤੋਂ ਵੱਧ ਔੜ ਦਾ ਸ਼ਿਕਾਰ ਰਹੇ ਹਨ। ਬ੍ਰਾਜ਼ੀਲ ਵਿਖੇ ਖੇਤੀਬਾੜੀ ਖੇਤਰ ਨੂੰ ਲਗਭਗ ਤਿੰਨ ਅਰਬ ਅਮਰੀਕੀ ਡਾਲਰ ਦਾ ਘਾਟਾ ਪਿਆ; ਜਦੋਂ ਕਿ ਅਰਜਨਟੀਨਾ, ਉਰੂਗੁਏ ਅਤੇ ਪੈਰਾਗੁਏ ਵਿਖੇ ਵੀ ਖੇਤੀਬਾੜੀ ਖੇਤਰ ਦਾ ਘਾਟਾ ਬਹੁਤ ਵਧੇਰੇ ਰਿਹਾ ਹੈ।
ਮੌਸਮ ਤਬਦੀਲੀਆਂ ਆਧਾਰਿਤ ਪਰਵਾਸ: ਬਦਲਦੇ ਜਲ-ਵਾਯੂ ਅਤੇ ਮੌਸਮੀ ਤਬਦੀਲੀਆਂ ਨੇ ਵੱਡੇ ਪੱਧਰ ਉੱਤੇ ਲੋਕਾਂ ਦਾ ਪਰਵਾਸ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਗਰੀਬ ਲੋਕਾਂ ਉੱਤੇ ਬਹੁਤ ਹੀ ਮਾੜਾ ਅਸਰ ਹੋਇਆ ਹੈ। ਸ਼ਾਂਤ ਮਹਾਂ ਸਾਗਰ ਅਤੇ ਮੱਧ ਅਮਰੀਕਾ ਦੇ ਲੋਕ ਵੀ ਅਜਿਹੇ ਭੈੜੇ ਪ੍ਰਭਾਵਾਂ ਦਾ ਸ਼ਿਕਾਰ ਹੋਏ ਹਨ।