ਖਿਮਾਜਾਚਨਾ ਹੌਸਲੇ ਦਾ ਕੰਮ ਹੈ

ਸੰਨ ਸੰਤਾਲੀ ਦੇ ਗੁਨਾਹਾਂ ਦੀ ਖਿਮਾਜਾਚਨਾ ਦਾ ਅਮਰਜੀਤ ਚੰਦਨ ਦਾ ਖਿਆਲ ਸਚਮੁੱਚ ਬੜਾ ਨੇਕ ਤੇ ਦਿਲ ਝੰਜੋੜਨ ਵਾਲਾ ਹੈ। ਮੇਰਾ ਨਹੀਂ ਖਿਆਲ ਕਿ ਉਦੋਂ ਦੇ ਕੀਤੇ ਪਾਪਾਂ ਵਾਸਤੇ ਮੁਸਲਿਮ ਲੀਗੀ, ਮਹਾਸਭਾਈ ਜਾਂ ਅਕਾਲੀਆਂ ਦਾ ਕੋਈ ਨੁਮਾਇੰਦਾ ਅੱਗੇ ਹੋ ਕੇ ਮੁਆਫੀ ਮੰਗਣ ਦਾ ਹੌਸਲਾ ਕਰੇਗਾ। ਮੈਂ ਇਸ ਕਾਰਜ ਦੀ ਪੂਰੀ ਹਮਾਇਤ ਕਰਦਾ ਹਾਂ ਤੇ ਆਪਣੇ ਸੱਜਣਾਂ-ਮਿੱਤਰਾਂ ਨੂੰ ਵੀ ਪ੍ਰੇਰਾਂਗਾ। ਇਤਿਹਾਸ ਦੇ ਏਨੇ ਵੱਡੇ ਬੋਝ ਨੂੰ ਆਪਣੀ ਆਤਮਾ ਤੋਂ ਉਤਾਰਨਾ ਸੌਖਾ ਕੰਮ ਨਹੀਂ।

ਇਹਦੀ ਆਸ ਆਮ ਲੋਕਾਂ ਤੋਂ ਹੀ ਰੱਖਣੀ ਚਾਹੀਦੀ ਹੈ; ਸੰਸਥਾਵਾਂ ਜੱਥੇਬੰਦੀਆਂ ਤੋਂ ਨਹੀਂ। ਅੱਜ ਵਾਹਗੇ ਬਾਰਡਰ ‘ਤੇ ਹਰ ਸ਼ਾਮ ਜੋ ਤਮਾਸ਼ਾ ਹੁੰਦਾ ਹੈ, ਉਹਨੂੰ ਵੇਖ ਕੇ ਕਿੰਨੀ ਮਾਯੂਸੀ, ਸ਼ਰਮ ਤੇ ਬੇਬਸੀ ਦਾ ਅਹਿਸਾਸ ਹੁੰਦਾ ਹੈ।
ਡਾ. ਮਹਿੰਦਰ ਸਿੰਘ, ਇਤਿਹਾਸਕਾਰ
ਭਾਈ ਵੀਰ ਸਿੰਘ ਸਦਨ, ਨਵੀਂ ਦਿੱਲੀ।
—————–
ਸੰਤਾਲੀ ਦਾ ਕਤਲੇਆਮ ਕੁਰਬਾਨੀ ਨਹੀਂ
ਮੈਂ ਫਿਰ ਕਹਿਨਾਂ ਕਿ ਸੰਨ ਸੰਤਾਲੀ ਦੇ ਕਤਲੇਆਮ ਨੂੰ ਕੁਰਬਾਨੀ ਨਾ ਕਹੋ। ਬਾਬਾ ਜੀ ਆਖਿਆ ਸੀ: “ਜੇ ਰੁਤ ਲਗੈ ਕਪੜੈ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥ ਸਲੋਕ ਮਹਲਾ ੧॥” ਪੰਜਾਬੀਆਂ ਦੀ ਤਾਰੀਖ ਦਾ ਜਾਮਾ ਪਲੀਤ ਕਰਨ ਵਾਲੇ ਵੀ ਖਾਕ ਹੋ ਗਏ। ਆਓ, ਹੁਣ ਆਪਣੇ ਚਿਤ ਨਿਰਮਲ ਕਰਕੇ ਇਸ ਰੱਤ ਦਾ ਦਾਗ ਧੋਈਏ। ਲੱਖਾਂ ਬੇਉਜ਼ਰ, ਬੇਗੁਨਾਹ ਪੰਜਾਬੀਆਂ ਦੇ ਕਤਲੇਆਮ ਦੀ ਮੁਆਫੀ ਮੰਗ ਕੇ ਪਾਰਟੀਸ਼ਨ ਦੇ ਰਿਸਦੇ ਜ਼ਖਮਾਂ ਨੂੰ ਭਰਨ ਦਾ ਚਾਰਾ ਕਰੀਏ। ਪੌਣੀ ਸਦੀ ਮਗਰੋਂ ਅੱਜ ਇਹ ਸਵਾਲ ਸਾਡੇ ਜ਼ਮੀਰ ਦਾ ਸਵਾਲ ਬਣ ਗਿਆ ਹੈ ਕਿ ਪੰਜਾਬੀਆਂ ਬਦਲਾ, ਨਾਦਾਨੀ ਤੇ ਮੂਰਖਤਾ ਦਾ ਇਕਰਾਰ ਕਰਕੇ ਆਪਣੇ ਜ਼ਮੀਰ ਨੂੰ ਹੌਲਾ ਕਰਨਾ ਹੈ ਯਾ ਵੰਡਣ ਵਾਲੀਆਂ ਤਾਕਤਾਂ ਦੇ ਜਨੂੰਨੀ ਫਲਸਫੇ ਦਾ ਭਾਰ ਚੁੱਕੀ ਰੱਖਣਾ ਹੈ।
ਮਜ਼ਹਰ ਤਿਰਮਜ਼ੀ
(ਸ਼ਾਇਰ) ਲਾਹੌਰ/ਲੰਦਨ
—————–
ਮੁਆਫੀਨਾਮਾ
ਪੁਣਛ ਦੇ ਪਿੰਡ ਕਸੱਲੀਆਂ ਵਿਚ ਰਹਿੰਦੇ ਮੇਰੇ ਨਾਨੇ ਨੇ ਆਪਣੀ ਜ਼ਮੀਨ ਵਿਚ ਲੱਗੇ ਜ਼ੈਤੂਨ ਦੇ ਰੁੱਖਾਂ ਹੇਠ ਵੱਡੀਆਂ-ਵੱਡੀਆਂ ਸਿੱਲਾਂ ਲਾ ਕੇ ਨਮਾਜ਼ੀਆਂ ਦੇ ਨਮਾਜ਼ ਪੜ੍ਹਨ ਲਈ ਥਾਂ ਬਣਾਈ ਹੋਈ ਸੀ। ਕੋਲ ਉਜੂ ਵਾਸਤੇ ਪਾਣੀ ਦਾ ਘੜਾ ਵੀ ਰਖਿਆ ਰਹਿੰਦਾ ਸੀ। ਨਾਨਾ ਸਾਫ-ਸਫਾਈ ਕਰਕੇ ਉਸ ਥਾਂ ਨੂੰ ਹਰ ਹਾਲ ਵਿਚ ਸੁਖਾਵੀਂ ਬਣਾਈ ਰੱਖਦਾ। ਜਦੋਂ ਕਿ ਅਸੀਂ ਨਹਾਉਣ ਧੋਣ ਲਈ ਨਾਲ ਹੀ ਵਗਦੇ ਪਹਾੜੀ ਨਾਲੇ ਉੱਤੇ ਚਲੇ ਜਾਂਦੇ, ਪਰ ਨਾਨਾ ਨਮਾਜ਼ੀਆਂ ਦੇ ਉਜੂ ਵਾਸਤੇ ਪੀਣ ਵਾਲਾ ਪਾਣੀ ਜਰੀ ਕੈਨ ਵਿਚ ਘਰ ਤੋਂ ਦੋ ਮੀਲ ਦੀ ਵਿੱਥ ਉੱਤੇ ਮੌਜੂਦ ਨਾੜ ਤੋਂ ਚੁੱਕ ਕੇ ਲੈ ਆਉਂਦਾ। ਰਮਜ਼ਾਨ ਦੇ ਮਹੀਨੇ ਵਿਚ ਤਾਂ ਦਿਨ ਦੇ ਚਾਰ ਚਾਰ ਚੱਕਰ ਵੀ ਲਾ ਲੈਂਦਾ। ਅਖੇ ਨਾਲੇ ਵਾਲਾ ਪਾਣੀ ਸਾਫ ਨਹੀਂ ਹੈ। ਇਬਾਦਤ ਲਈ ਪਾਕੀਜ਼ਗੀ ਜ਼ਰੂਰੀ ਹੈ; ਨਹੀਂ ਤਾਂ ਨਮਾਜ਼ ਨਹੀਂ ਆਵੇਗੀ। ਉਹ ਰਮਜ਼ਾਨ ਵੇਲੇ ਮਾਸ ਵੀ ਨਹੀਂ ਸੀ ਖਾਂਦਾ। ਕੁੱਠਾ ਤਾਂ ਉਹ ਖਾਵੇਗਾ ਨਹੀਂ। ਝਟਕਾ ਖਾ ਕੇ ਪਾਣੀ ਲਿਆ ਕੇ ਉਨ੍ਹਾਂ ਦੀ ਨਮਾਜ਼ ਵੀ ਹਰਾਮ ਨਹੀਂ ਕਰੇਗਾ। ਉਹ ਕੁਰਾਨ ਨੂੰ ਵੀ ਗੁਟਕੇ ਵਾਂਗ ਹੀ ਮੱਥਾ ਟੇਕਦਾ। ਰੱਬ ਦੀਆਂ ਹੀ ਗੱਲਾਂ ਆਖਦਾ ਸੀ।
ਸਾਰੇ ਨਾਨੇ ਨੂੰ ਛੇੜਦੇ ਕਿ ਇਨ੍ਹਾਂ ਮੁਸਲਮਾਨਾਂ ਹੀ ਸੰਤਾਲੀ ਵੇਲੇ ਤੁਹਾਨੂੰ ਤੁਹਾਡੀ ਭੋਇੰ ਪਿੰਡ ਦੋਥਾਨ ਤੋਂ ਭਜਾ ਕੇ ਰਫੂਜੀ ਬਣਾਇਆ ਹੈ। ਫਿਰ ਵੀ ਤੁਸੀਂ…! ਉਹ ਬੜੀ ਹਲੀਮੀ ਨਾਲ ਕਹਿੰਦਾ: ਕੁੱਤੀ ਘੜੀ ਕਿਸੇ ਉਤੇ ਵੀ ਕਾਬਜ਼ ਹੋ ਸਕਦੀ ਹੈ। ਉਂਜ ਆਦਮੀ ਨੇਕੀ ਦਾ ਹੀ ਪਾਲਿਆ ਹੋਇਆ ਹੈ। ਉਹ ਆਪਣੇ ਲਕੀਰੋਂ ਪਾਰ ਦੇ ਦੋਸਤਾਂ ਨੂੰ ਯਾਦ ਕਰਦਾ ਗੱਚ ਗੱਚ ਹੋ ਜਾਂਦਾ। ਉਸ ਕਦੀ ਗੁੱਸਾ ਨਹੀਂ ਕੀਤਾ। ਸ਼ਾਂਤ ਜੀਵਿਆ ਤੇ ਬੇਹੱਦ ਸਕੂਨ ਨਾਲ ਮਰਿਆ ਵੀ। ਉਸ ਨੂੰ ਤਾਂ ਸ਼ਹਿਰ ਸਾਂਝੇ ਸ਼ਮਸ਼ਾਨ ਵਿਚ ਫੂਕ ਦਿੱਤਾ ਗਿਆ ਸੀ, ਪਰ ਉਸ ਦੇ ਮੁਸਲਮਾਨ ਦੋਸਤ ਉਸ ਦੀ ਬੈਠਣ ਦੀ ਥਾਂ ਨੂੰ ਹੀ ਉਸ ਦੀ ਕਬਰ ਮੰਨ ਕੇ ਆਉਂਦੇ-ਜਾਂਦੇ ਰੁਕ ਕੇ ਫਾਤਹਾ ਪੜ੍ਹਦੇ ਰਹੇ। ਫਿਰ ਮਕਾਨ ਦੇ ਪੱਕੇ ਹੋ ਜਾਣ ਨਾਲ ਉਹ ਕਬਰ ਵੀ ਉਜੜ ਗਈ।
ਦੂਜੇ ਪਾਸੇ, ਉਧਰੋਂ ਰਾਵਲਾਕੋਟ ਦੇ ਪਿੰਡ ਮਲਸਾਈਕੋਟ ਤੋਂ ਉਜੜ ਕੇ ਆਏ ਮੇਰੇ ਦਾਦੇ ਨੇ ਕਿਸੇ ਨੂੰ ਮਾਫ ਨਹੀਂ ਸੀ ਕੀਤਾ। ਉਹ ਆਖਰ ਵੇਲੇ ਤਕ ਬਹੁਤ ਗੁੱਸਾ ਕਰਦਾ ਸੀ, ਬਹੁਤ ਗੁੱਸਾ। ਉਸ ਦਾ ਪਿਆਰ ਵੀ ਸਾਨੂੰ ਗੁੱਸੇ ਵਰਗਾ ਹੀ ਲਗਦਾ ਸੀ। ਗਲਤ ਤਾਂ ਉਹ ਵੀ ਨਹੀਂ ਸੀ। ਰੱਜੇ-ਪੁੱਜੇ ਘਰ ਦੇ ਨੂੰ ਸੰਤਾਲੀ ਵੇਲੇ ਇਥੇ ਆ ਕੇ ਹੱਡ ਬਾਲਣੇ ਪਏ ਸਨ। ਮੈਨੂੰ ਬਹੁਤ ਵਾਰ ਲਗਦੈ ਕਿ ਉਹ ਆਪਣੇ ਆਪ ਨੂੰ ਵੀ ਕਦੀ ਮੁਆਫ ਨਹੀਂ ਕਰ ਸਕਿਆ।
ਮੇਰੇ ਕੋਲ ਦੋਹਾਂ ਦਾ ਵਿਰਸਾ ਹੈ।
ਅਮਰਜੀਤ ਚੰਦਨ ਦਾ “ਸੰਨ ਸੰਤਾਲੀ ਦੇ ਗੁਨਾਹਾਂ ਦਾ ਲੇਖਾ” ਪੜ੍ਹਿਆ। ਇਕ ਮਿੱਠੀ ਜਿਹੀ ਪ੍ਰੇਸ਼ਨੀ ਮੇਰੇ ਨਾਲ ਨਾਲ ਤੁਰਨ ਲੱਗ ਪਈ ਹੈ। ਮੈਨੂੰ ਲਗਦਾ, ਅੱਗੇ ਹੀ ਬਹੁਤ ਦੇਰ ਹੋ ਗਈ ਹੈ। ਮੈਂ ਦਾਦੇ ਵੱਲੋਂ ਉਨ੍ਹਾਂ ਸਭਨਾਂ ਤੋਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਨੂੰ ਉਹ ਕਦੀ ਮੁਆਫ ਨਹੀਂ ਕਰ ਸਕਿਆ।
-ਸਵਾਮੀ ਅੰਤਰ ਨੀਰਵ