ਡਾ. ਅਜੀਤ ਸਿੰਘ ਕੋਟਕਪੂਰਾ
ਵਾਰਸ ਸ਼ਾਹ ਨੇ ਸਮੇਂ ਦੇ ਚੱਕਰ ਵਿਚ ਦਿਨ ਦੇ ਚੜ੍ਹਾਅ ਨੂੰ ਵਰਣਨ ਕਰਦਿਆਂ ਕਿੰਨਾ ਖੂਬਸੂਰਤ ਬਿਆਨ ਕੀਤਾ ਹੈ ਕਿ ਖਲਕਤ ਦਿਨ ਦੇ ਉਗਣ ਸਮੇਂ ਹੀ ਕਾਰ ਵਿਹਾਰ ਨੂੰ ਲੱਗ ਜਾਂਦੀ ਹੈ। ਉਹ ਲਿਖਦਾ ਹੈ,
ਚਿੜੀ ਚੂਹਕਦੀ ਨਾਲ ਉੱਠ ਤੁਰੇ ਪਾਂਧੀ,
ਪਾਈਆਂ ਦੁੱਧਾਂ ਦੇ ਵਿਚ ਮਧਾਣੀਆਂ ਨੀ।
ਸੁਬਹ ਸਾਦਕ ਹੋਈ ਜਦੋਂ ਆਣ ਰੋਸ਼ਨ,
ਤਦੋਂ ਚਾਲੀਆਂ ਆਣ ਚਿਚਲਾਣੀਆਂ ਨੀ।
ਇਕਨਾ ਉੱਠ ਕੇ ਰਿੜਕਣਾ ਪਾ ਦਿੱਤਾ,
ਕਿ ਇਕ ਧੋਂਦੀਆਂ ਫਿਰਨ ਮਧਾਣੀਆਂ ਨੀ।
ਇਕ ਉੱਠ ਕੇ ਹਲੀਂ ਤਿਆਰ ਹੋਏ,
ਇਕ ਢੂੰਡਦੇ ਫਿਰਨ ਪਰਾਣੀਆਂ ਨੀ।
ਲਈਆਂ ਕੱਢ ਹਾਰਨਾਲੀਆਂ ਹਾਲੀਆਂ ਨੇ,
ਸੀਆਂ ਭੋਏਂ ਨੂੰ ਜਿਨ੍ਹਾਂ ਨੇ ਲਾਣੀਆਂ ਨੀ।
ਘਰ ਬਾਰ ਨਾ ਚੱਕੀਆਂ ਝੌਤੀਆਂ ਨੇ,
ਜਿਨ੍ਹਾਂ ਤੌਣਾਂ ਗੁੰਨ੍ਹ ਪਕਾਣੀਆਂ ਨੀ।
ਕਾਰੋਬਾਰ ਵਿਚ ਹੋਇਆ ਜਹਾਨ ਸਾਰਾ,
ਚਰਖੇ ਡਾਹੁੰਦੀਆਂ ਉੱਠਣ ਸੁਆਣੀਆਂ ਨੀ।
ਇੱਕ ਹੋਰ ਕਵੀ ਮਿਹਨਤ ਕਰਨ ਨੂੰ ਜ਼ਿੰਦਗੀ ਵਿਚ ਢਾਲਣ ਦਾ ਨੁਸਖਾ ਦੱਸਦਿਆਂ ਕਾਵਿ-ਟੋਟੇ ਵਿਚ ਇਸ ਤਰ੍ਹਾਂ ਦਰਜ ਕਰਦਾ ਹੈ,
ਨਾਲ ਮਿਹਨਤਾਂ ਸਿੰਜਦੇ, ਜੋ ਵੀ ਆਪਣੇ ਰੁੱਖ।
ਪੈਰ ਚੁੰਮਦੀਆਂ ਖੁਸ਼ੀਆਂ ਦੂਰ ਹੁੰਦੇ ਸਭ ਦੁੱਖ।
ਆਫਤ ਆਈ ਤੋਂ ਆਦਮੀ ਜਾਂਦੇ ਜੋ ਘਬਰਾ।
ਉਹ ਦੂਣੀ ਚੌਣੀ ਹੋ ਕੇ ਮਲ ਲੈਂਦੀ ਹੈ ਰਾਹ।
ਇਕ ਪੰਜਾਬੀ ਫਿਲਮ ਵਿਚ ਸਮੇਂ ਦੀ ਚਾਲ ਨੂੰ ਦੱਸਦਿਆਂ ਆਖਿਆ ਹੈ, ‘ਚੱਪਾ ਚੱਪਾ ਚਰਖਾ ਚਲੇ…।’
ਸਮਾਂ ਆਪਣੀ ਚਾਲੇ ਚੱਲਦਾ ਹੈ। ਇਹ ਕਿਸੇ ਦੀ ਵੀ ਉਡੀਕ ਨਹੀਂ ਕਰਦਾ। ਰੁੱਤਾਂ ਬਦਲਦੀਆਂ ਰਹਿੰਦੀਆਂ ਹਨ। ਇਹ ਰੁੱਤਾਂ ਗਰਮੀ, ਪਤਝੜ, ਸਰਦੀ ਅਤੇ ਬਸੰਤ ਰੁੱਤ ਸਾਲ ਦੇ ਅੰਦਰ ਵਾਰੋ ਵਾਰ ਆਪਣੀ ਵਾਰੀ ਨਿਭਾ ਰਹੀਆਂ ਹਨ। ਜਿਥੇ ਪਤਝੜ ਅੰਦਰ ਰੁੱਖਾਂ ਤੋਂ ਪੁਰਾਣੇ ਪੱਤੇ ਝੜ ਜਾਂਦੇ ਹਨ ਅਤੇ ਬਾਅਦ ਵਿਚ ਬਸੰਤ ਰੁਤੇ ਨਵੀਆਂ ਕਰੂੰਬਲਾਂ ਫੁੱਟ ਪੈਂਦੀਆਂ ਹਨ; ਫੁੱਲ ਖਿੜਦੇ ਹਨ ਤੇ ਰੰਗ ਬਰੰਗਾ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਜੀਵਨ ਦੇ ਅੰਦਰ ਖੁਸ਼ੀਆਂ ਅਤੇ ਖੇੜੇ ਉਪਜਦੇ ਹਨ। ਉਦਾਸ ਮਨ ਫੁੱਲਾਂ ਨੂੰ ਵੇਖ ਉਦਾਸੀ ਤਿਆਗਣ ਦਾ ਯਤਨ ਕਰਦਾ ਹੈ। ਸਮੇਂ ਦੀ ਨਿਰਾਲੀ ਚਾਲ ਅਨੁਸਾਰ ਅਸੀਂ ਸਾਲ 2020 ਨੂੰ ਅਲਵਿਦਾ ਕਹਿਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇਸ ਸਾਲ ਦੇ ਦੌਰਾਨ ਕੋਵਿਡ-19 ਨੇ ਸਾਰੇ ਸੰਸਾਰ ਨੂੰ ਖੜੋਤ ਦੀ ਸਥਿਤੀ ਵਿਚ ਕਰ ਦਿੱਤਾ। ਅਸੀਂ ਦੇਖ ਰਹੇ ਹਾਂ, ਇਸ ਬਿਮਾਰੀ ਨੇ ਸਿਰਫ ਇਕ ਹਿੱਸੇ ਨੂੰ ਪ੍ਰਭਾਵਿਤ ਨਹੀਂ ਕੀਤਾ, ਸਗੋਂ ਸਾਰੀ ਖਲਕਤ ਹੀ ਇਸ ਤੋਂ ਪ੍ਰਭਾਵਿਤ ਹੋਈ ਹੈ। ਇਸ ਦੇ ਪ੍ਰਭਾਵ ਨੂੰ ਦੂਰ ਕਰਨ ਲਈ ਸੁਹਿਰਦ ਯਤਨ ਜਾਰੀ ਹਨ। ਬਹੁਤ ਸਾਰੀਆਂ ਕੀਮਤੀ ਜਾਨਾਂ ਅਸੀਂ ਗੁਆ ਚੁਕੇ ਹਾਂ। ਇਸ ਵਰ੍ਹੇ ਨੇ ਮਿੱਠੀਆਂ ਘੱਟ ਅਤੇ ਕੌੜੀਆਂ ਯਾਦਾਂ ਵੱਧ ਦਿੱਤੀਆਂ ਹਨ। ਅਸੀਂ ਸਭ ਦਾ ਭਲਾ ਲੋਚਦੇ ਹੋਏ ਅਰਦਾਸ ਕਰਦੇ ਹਾਂ ਕਿ ਸਾਲ 2021 ਖੁਸ਼ੀਆਂ ਨਾਲ ਸਾਡੇ ਦਰਵਾਜਿਆਂ `ਤੇ ਦਸਤਕ ਦੇਵੇ। ਸਾਰੇ ਕੰਮ ਕਾਰ ਆਪਣੀ ਚੰਗੇਰੀ ਹਾਲਤ ਵਲ ਵਧਣ।
ਸਾਲ 2021 ਦੇ ਅੰਦਰ ਕਿਸੇ ਮਿਤੀ ਨੂੰ ਦਿਨ ਦਾ ਪਤਾ ਕਰਨ ਲਈ ਇਕ ਅਸਾਨ ਤਰੀਕਾ ਦਸ ਰਿਹਾ ਹਾਂ ਅਤੇ ਉਮੀਦ ਹੈ, ਮਨੁੱਖ ਇਸ ਦਾ ਫਾਇਦਾ ਉਠਾ ਕੇ ਆਪਣੇ ਸਾਲ ਦੀ ਠੀਕ ਯੋਜਨਾ ਬਣਾ ਸਕੇਗਾ।
ਹਫਤੇ ਦੇ ਦਿਨਾਂ ਨੂੰ ਅੰਕ ਪ੍ਰਦਾਨ ਕੀਤੇ ਗਏ ਹਨ, ਜੋ ਇਸ ਤਰ੍ਹਾਂ ਹਨ:
ਐਤਵਾਰ-0 (ਸਿਫਰ) ਜਾਂ 7, ਸੋਮਵਾਰ-1, ਮੰਗਲਵਾਰ-2, ਬੁੱਧਵਾਰ-3, ਵੀਰਵਾਰ-4, ਸ਼ੁੱਕਰਵਾਰ-5, ਸਨਿਚਰਵਾਰ-6
ਸਾਲ ਦੇ ਬਾਰਾਂ ਮਹੀਨਿਆਂ ਨੂੰ ਅੰਕ ਦਿੱਤੇ ਗਏ ਹਨ, ਜੋ ਇਸ ਤਰ੍ਹਾਂ ਹਨ:
ਜਨਵਰੀ-4, ਫਰਵਰੀ-0 (ਸਿਫਰ), ਮਾਰਚ-0 (ਸਿਫਰ), ਅਪਰੈਲ-3,
ਮਈ-5, ਜੂਨ-1, ਜੁਲਾਈ-3, ਅਗਸਤ-6, ਸਤੰਬਰ-2, ਅਕਤੂਬਰ-4, ਨਵੰਬਰ-0 (ਸਿਫਰ), ਦਸੰਬਰ-2
ਮਹੀਨੇ ਦੀ ਜਿਸ ਮਿਤੀ ਨੂੰ ਦਿਨ ਲੱਭਣਾ ਹੋਵੇ, ਉਸ ਮਿਤੀ ਵਿਚ ਉਸ ਮਹੀਨੇ ਦਾ ਅੰਕ ਜੋੜ ਦੇਵੋ। ਪ੍ਰਾਪਤ ਜੋੜ ਨੂੰ 7 ਉਪਰ ਤਕਸੀਮ ਕਰ ਕੇ ਬਾਕੀ ਦਾ ਪਤਾ ਕਰ ਲਵੋ।
ਜੇ ਬਾਕੀ 0 (ਸਿਫਰ) ਹੈ ਤਾਂ ਉਸ ਮਿਤੀ ਨੂੰ ਐਤਵਾਰ ਹੋਵੇਗਾ, ਜੇ ਬਾਕੀ 1 ਹੈ ਤਾਂ ਉਸ ਮਿਤੀ ਨੂੰ ਸੋਮਵਾਰ ਹੋਵੇਗਾ। ਇਸ ਤਰ੍ਹਾਂ ਬਾਕੀ ਵੇਖਣ ਉਪਰੰਤ ਹਫਤੇ ਦੇ ਅੰਕ ਅਨੁਸਾਰ ਦਿਨ ਦਾ ਪਤਾ ਲੱਗ ਜਾਵੇਗਾ।
ਮਿਸਾਲ ਵਜੋਂ ਜੇ 26 ਜਨਵਰੀ 2021 ਨੂੰ ਦਿਨ ਦਾ ਪਤਾ ਕਰਨਾ ਹੈ ਤਾ 26 ਦੇ ਵਿਚ ਜਨਵਰੀ ਦਾ ਅੰਕ 4 ਜੋੜ ਲਵੋ (26+4=30); ਹੁਣ 30 ਨੂੰ 7 `ਤੇ ਵੰਡਦੇ ਹਾਂ ਤਾਂ 2 ਬਾਕੀ ਬਚਦਾ ਹੈ, ਇਸ ਲਈ ਦੂਸਰਾ ਦਿਨ ਮੰਗਲਵਾਰ ਹੋਵੇਗਾ। ਇਸ ਲਈ 26 ਜਨਵਰੀ 2021 ਨੂੰ ਮੰਗਲਵਾਰ ਹੋਵੇਗਾ।
ਜੇ 15 ਅਗਸਤ 2021 ਨੂੰ ਦਿਨ ਪਤਾ ਕਰਨਾ ਹੈ ਤਾਂ 15 ਵਿਚ ਅਗਸਤ ਮਹੀਨੇ ਦਾ ਅੰਕ 6 ਜੋੜ ਦੇਵੋ ਤਾਂ (15+6=21) ਆਵੇਗਾ। ਹੁਣ ਜੋੜ 21 ਨੂੰ 7 `ਤੇ ਵੰਡਦੇ ਹਾਂ ਤਾਂ ਸਿਫਰ ਬਚਦਾ ਹੈ, ਇਸ ਲਈ 15 ਅਗਸਤ 2021 ਨੂੰ ਐਤਵਾਰ ਹੋਵੇਗਾ।
ਜੇ 17 ਅਪਰੈਲ 2021 ਨੂੰ ਦਿਨ ਪਤਾ ਕਰਨਾ ਹੋਵੇ ਤਾਂ ਅਪਰੈਲ ਮਹੀਨੇ ਦੇ ਅੰਕ 3 ਨੂੰ 17 ਵਿਚ ਜੋੜੋ ਅਤੇ (17+3=20) ਜੋੜ 20 ਨੂੰ 7 ਉਪਰ ਵੰਡ ਦੇਵੋ ਤਾਂ ਬਾਕੀ 6 ਬਚਦਾ ਹੈ। ਇਸ ਲਈ 17 ਅਪਰੈਲ 2021 ਨੂੰ ਸਨਿਚਰਵਾਰ ਹੋਵੇਗਾ। ਇਸ ਤਰ੍ਹਾਂ ਜਿਸ ਮਿਤੀ ਨੂੰ ਚਾਹੋ, ਦਿਨ ਪਤਾ ਕਰ ਸਕਦੇ ਹੋ। ਇਸ ਲਈ ਭਵਿੱਖ ਦੇ ਕਾਰਜਾਂ ਨੂੰ ਵਿਉਂਤਣ ਲਈ ਇਸ ਅਸਾਨ ਵਿਧੀ ਰਾਹੀਂ ਅਸੀਂ ਦਿਨ ਬਾਰੇ ਗਿਆਨ ਲੈ ਕੇ ਅੱਗੇ ਵਲ ਵੱਧ ਸਕਦੇ ਹਾਂ।