ਗੁਰੂ ਨਾਨਕ ਸਾਹਿਬ ਦੀ ਜਨਮ ਤਾਰੀਖ ਬਾਰੇ ਵਿਚਾਰ

ਸਤਿਕਾਰਯੋਗ ਸੰਪਾਦਕ ਜੀਓ,
ਡਾ. ਆਸਾ ਸਿੰਘ ਘੁੰਮਣ ਦੇ ਪੱਤਰ ਵਿਚ ਉਠਾਏ ਗਏ ਨੁਕਤੇ ਸਬੰਧੀ ਬੇਨਤੀ ਇਹ ਹੈ ਕਿ ਉਨ੍ਹਾਂ ਨੇ ਸ. ਪਾਲ ਸਿੰਘ ਪੁਰੇਵਾਲ ਦੇ ਹਵਾਲੇ ਨਾਲ ਲਿਖਿਆ ਹੈ, “ਪਾਲ ਸਿੰਘ ਆਪਣੀ ਲੱਭਤ ਦਾ ਆਧਾਰ ਕਵੀ ਸੰਤੋਖ ਸਿੰਘ ਦੀ ਲਿਖਤ ਨੂੰ ਬਣਾਉਂਦੇ ਹਨ। ਕਵੀ ਜੀ, ਗੁਰੂ ਜੀ ਦੀ ਆਯੂ 90 ਸਾਲ 5 ਮਹੀਨੇ 9 ਦਿਨ ਦੱਸਦੇ ਹਨ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10, ਸੰਮਤ 1596 ਹਨ।” ਪਰ! ਕਵੀ ਜੀ ਤਾਂ ਗੁਰੂ ਜੀ ਦੀ ਉਮਰ 70 ਸਾਲ 5 ਮਹੀਨੇ 7 ਦਿਨ ਲਿਖਦੇ ਹਨ। ਹਾਂ! ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਸਹੀ ਹੈ।

ਸੰਮਤ ਸੱਤ੍ਰ ਪਛਾਨ ਪੰਚ ਮਾਸ ਬੀਤੇ ਬਹੁਤ।
ਸਪਤ ਦਿਨਨ ਪਰਵਾਨ ਪਤਿਸ਼ਾਹੀ ਸ਼੍ਰੀ ਪ੍ਰਭੁ ਕਰੀ॥੯੦॥
ਸੰਮਤ ਪੰਦਰਾਂ ਸੈ ਲਖੋ ਅਧਿਕ ਛਯਾਨਵਾ ਜਾਨਿ।
ਅਸਜੁ ਵਦੀ ਦਸਮੀ ਵਿਖੈ ਸੱਚ ਪੰਡ ਪ੍ਰਸਥਾਨ॥੯੧॥
ਉਪਰੋਕਤ ਪੰਗਤੀਆਂ ਵਿਚ ਕਵੀ ਸੰਤੋਖ ਸਿੰਘ ਵੱਲੋਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਸੰਮਤ 1596 ਬਿਕ੍ਰਮੀ) ਅਤੇ ਕੁਲ ਉਮਰ 70 ਸਾਲ 5 ਮਹੀਨੇ 7 ਦਿਨ ਦਰਜ ਹੈ। ਜਦੋਂ ਸਾਡੇ ਪਾਸ ਦੋ ਜਾਣਕਾਰੀਆਂ ਹੋਣ ਤਾਂ ਅਸੀਂ ਤੀਜੀ ਜਾਣਕਾਰੀ ਭਾਵ ਜਨਮ ਦੀ ਤਾਰੀਖ ਦਾ ਪਤਾ ਕਰ ਸਕਦੇ ਹਾਂ। ਜੇ ਤਿੰਨੋਂ ਜਾਣਕਾਰੀਆਂ ਹੋਣ ਤਾਂ ਉਨ੍ਹਾਂ ਦੇ ਸਹੀ ਹੋਣ ਦੀ ਪੜਤਾਲ ਕਰ ਸਕਦੇ ਹਾਂ।
ਇਥੇ ਇਕ ਹੋਰ ਨੁਕਤਾ ਸਮਝਣ ਵਾਲਾ ਹੈ। ਉਹ ਇਹ ਕਿ ਜੇ ਚੰਦ ਦੇ ਕੈਲੰਡਰ ਦੀਆਂ ਤਾਰੀਖਾਂ ਭਾਵ ਵਦੀ-ਸੁਦੀ ਮੁਤਾਬਕ ਜਮਾ-ਘਟਾਉ ਕਰੀਏ ਤਾਂ ਇਕ ਤੋਂ ਵੱਧ ਦਿਨਾਂ ਦਾ ਵਾਧਾ-ਘਾਟਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ; ਪਰ ਜੇ ਪ੍ਰਵਿਸ਼ਟਿਆਂ ਮੁਤਾਬਿਕ ਹਿਸਾਬ ਕਰੀਏ ਤਾਂ ਗਲਤੀ ਦੀ ਗੁੰਜਾਇਸ਼ ਬਹੁਤ ਹੀ ਘੱਟ ਹੁੰਦੀ ਹੈ, ਜਿਵੇਂ,
ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10, ਸੰਮਤ 1596 ਬਿਕ੍ਰਮੀ (ਦਿਨ ਐਤਵਾਰ, 8 ਅੱਸੂ, 23 ਰਬੀ-ਉਲ-ਸਾਨੀ, 7 ਸਤੰਬਰ ਜੂਲੀਅਨ) ਵਿਚੋਂ ਜੇ ਕੁਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾਈਏ ਤਾਂ, ਇਸ ਮੁਤਾਬਕ ਗੁਰੂ ਜੀ ਦੀ ਜਨਮ ਤਾਰੀਖ ਵੈਸਾਖ ਵਦੀ 3 ਸੰਮਤ 1526 ਬਿਕ੍ਰਮੀ ਬਣਦੀ ਹੈ। ਇਸ ਨੂੰ ਜੇ ਪ੍ਰਵਿਸ਼ਟਿਆਂ `ਚ ਬਦਲੀ ਕਰੀਏ ਤਾਂ ਇਹ 4 ਵੈਸਾਖ ਸੰਮਤ 1526 ਬਿਕ੍ਰਮੀ (30 ਮਾਰਚ 1469 ਈ: ਜੂਲੀਅਨ) ਦਿਨ ਵੀਰਵਾਰ ਬਣਦੀ ਹੈ।
1596 7 10
70 5 7

1526 2 3
ਹੁਣ ਜੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10, ਸੰਮਤ 1596 ਬਿਕ੍ਰਮੀ (ਦਿਨ ਐਤਵਾਰ, 8 ਅੱਸੂ, 23 ਰਬੀ-ਉਲ-ਸਾਨੀ, 7 ਸਤੰਬਰ ਜੂਲੀਅਨ) ਨੂੰ ਪ੍ਰਵਿਸ਼ਟਿਆਂ ਵਿਚ ਬਦਲੀ ਕਰਕੇ ਜੋ 8 ਅੱਸੂ ਹੈ, ਤਾਂ ਇਸ ਵਿਚੋਂ ਕੁਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾਈਏ ਤਾਂ ਇਹ ਵੈਸਾਖ 1, ਸੰਮਤ 1526 ਬਿਕ੍ਰਮੀ ਬਣਦੀ ਹੈ। ਇਸ ਦਿਨ ਚੇਤ ਸੁਦੀ 15 ਭਾਵ ਚੇਤ ਦੀ ਪੁੰਨਿਆ, ਦਿਨ ਸੋਮਵਾਰ, 27 ਮਾਰਚ ਜੂਲੀਅਨ ਸੀ।
1596 7 8
70 5 7

1526 2 1
ਡਾ. ਘੁੰਮਣ ਅੱਗੇ ਲਿਖਦੇ ਹਨ, “ਅੱਸੂ ਸੁਦੀ 10, 1596 ਬਿ: ਨੂੰ 8 ਅੱਸੂ ਸੀ।” ਬੇਨਤੀ ਹੈ ਕਿ ਅੱਸੂ ਸੁਦੀ 10 ਨੂੰ 8 ਅੱਸੂ ਨਹੀਂ, 23 ਅੱਸੂ ਸੀ ਅਤੇ 1596 ਵਿਚੋਂ 90 ਘਟਾ ਕੇ 1526 ਨਹੀਂ, ਸਗੋਂ 1506 ਜਵਾਬ ਆਉਂਦਾ ਹੈ। ਲੇਖਕ ਦੀ ਇਸ ਲਿਖਤ ਵਿਚ ਹੋਰ ਵੀ ਕਈ ਤਰੁੱਟੀਆਂ ਹਨ। ਖੈਰ…!
ਬੇਨਤੀ ਹੈ ਕਿ ਜੇ ਡਾ. ਆਸਾ ਸਿੰਘ ਗੁਰੂ ਜੀ ਦੀ ਜਨਮ ਤਾਰੀਖ ਬਾਰੇ ਵਿਚਾਰ ਕਰਨੀ ਚਾਹੁੰਦੇ ਹੋਣ ਤਾਂ ਉਹ ਆਪਣੀ ਖੋਜ (ਜਨਮ ਤਾਰੀਖ, ਜੋਤੀ ਜੋਤ ਸਮਾਉਣ ਦੀ ਤਾਰੀਖ ਅਤੇ ਕੁਲ ਉਮਰ ਆਦਿ) ਸਾਂਝੀ ਕਰਨ। ਤਾਂ ਜੋ ਉਸਾਰੂ ਵਿਚਾਰ ਚਰਚਾ ਕੀਤੀ ਜਾ ਸਕੇ। ਕਿਸੇ ਹੋਰ ਦਾ ਨਾਮ ਵਰਤ ਕੇ ਗਲਤ ਬਿਆਨੀਆਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ।
ਧੰਨਵਾਦ ਸਹਿਤ,
-ਸਰਵਜੀਤ ਸਿੰਘ ਸੈਕਰਾਮੈਂਟੋ