ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਵੇਂ ਘੱਟ ਗਿਣਤੀਆਂ ਨਾਲ ਮਾੜੇ ਵਿਹਾਰ ਦੇ ਮੁੱਦੇ ਉਤੇ ਕਾਂਗਰਸ ਦੀ ਤਿੱਖੀ ਨੁਕਤਾਚੀਨੀ ਕਰਦੇ ਰਹਿੰਦੇ ਹਨ, ਪਰ ਘੱਟ ਗਿਣਤੀਆਂ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਭਾਜਪਾ ਆਗੂ ਨਰੇਂਦਰ ਮੋਦੀ ਬਾਰੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਸ੍ਰੀ ਮੋਦੀ ਦੀ ਮਾਧੋਪੁਰ ਰੈਲੀ ਵਿਚ ਸ਼ਾਮਲ ਹੋਣ ਲਈ ਉਹ ਉਚੇਚੇ ਤੌਰ ਤੋਂ ਵਿਦੇਸ਼ ਤੋਂ ਵਾਪਸ ਪਰਤ ਆਏ। ਯਾਦ ਰਹੇ ਕਿ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਤੋਂ ਬਾਅਦ ਧਰਮ ਨਿਰਪੱਖਤਾ ਦਾ ਨਾਅਰਾ ਲਾਉਣ ਵਾਲੀਆਂ ਬਹੁਤੀਆਂ ਸਿਆਸੀ ਪਾਰਟੀਆਂ ਐਨæਡੀæਏæ ਨਾਲੋਂ ਵੱਖ ਹੋ ਚੁੱਕੀਆਂ ਹਨ, ਪਰ ਸ਼੍ਰੋਮਣੀ ਅਕਾਲੀ ਦਲ ਅਜੇ ਵੀ ਭਾਜਪਾ ਦਾ ਸਾਥ ਛੱਡਣ ਲਈ ਤਿਆਰ ਨਹੀਂ।
ਸਾਰੇ ਹਥਿਆਰ ਠੁੱਸ ਹੋਣ ਤੋਂ ਬਾਅਦ ਭਾਜਪਾ ਨੇ ਅਗਲੀਆਂ ਲੋਕ ਸਭਾ ਚੋਣਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ‘ਬ੍ਰਹਮ ਅਸਤਰ’ ਵਜੋਂ ਵਰਤਣ ਦਾ ਫੈਸਲਾ ਕੀਤਾ ਹੋਇਆ ਹੈ। ਸ੍ਰੀ ਮੋਦੀ ਭਾਜਪਾ ਦਾ ਕੱਟੜ ਹਿੰਦੂਵਾਦੀ ਚਿਹਰਾ ਹੈ ਜਿਸ ਨੂੰ ਘੱਟ ਗਿਣਤੀਆਂ ਆਪਣੇ ਲਈ ਖ਼ਤਰਾ ਮੰਨਦੀਆਂ ਹਨ। ਭਾਜਪਾ ਅੰਦਰ ਵੀ ਇਕ ਧੜੇ ਨੂੰ ਇਸ ਗੱਲ ਦਾ ਖ਼ਤਰਾ ਹੈ ਕਿ ਨਰੇਂਦਰ ਮੋਦੀ ਦਾ ਉਭਾਰ ਘੱਟ ਗਿਣਤੀਆਂ ਦੇ ਵੋਟਰਾਂ ਨੂੰ ਪਾਰਟੀ ਤੋਂ ਦੂਰ ਲੈ ਜਾਵੇਗਾ। ਇਸੇ ਕਰਕੇ ਪਿਛਲੇ ਦਿਨੀਂ ਸ੍ਰੀ ਮੋਦੀ ਨੂੰ ਪ੍ਰਚਾਰ ਮੁਹਿੰਮ ਦਾ ਮੁਖੀ ਬਣਾਉਣ ਦੇ ਵਿਰੋਧ ਵਿਚ ਸੀਨੀਅਰ ਭਾਜਪਾ ਆਗੂ ਐਲ਼ਕੇæ ਅਡਵਾਨੀ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਬਾਅਦ ਵਿਚ ਸੰਘ ਪਰਿਵਾਰ ਦੇ ਦਬਾਅ ਕਰ ਕੇ ਉਹ ਮੰਨ ਗਏ ਸਨ।
ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਕਾਂਗਰਸ ਨੂੰ ਘੱਟ ਗਿਣਤੀਆਂ ਦੀ ਵਿਰੋਧੀ ਪਾਰਟੀ ਗਰਦਾਨ ਕੇ ਸਿਆਸਤ ਕਰਦਾ ਆਇਆ ਹੈ ਪਰ ਭਾਜਪਾ ਆਗੂ ਮੋਦੀ ਦਾ ਵੀ ਘੱਟ ਗਿਣਤੀਆਂ ਦੇ ਦੁਸ਼ਮਣ ਵਾਲਾ ਅਕਸ ਹੈ। ਇਸ ਸੂਰਤ ਵਿਚ ਸ਼੍ਰੋਮਣੀ ਅਕਾਲੀ ਦਲ ਕਸੂਤੀ ਹਾਲਤ ਵਿਚ ਘਿਰਦਾ ਜਾ ਰਿਹਾ ਹੈ ਤੇ ਸਿਆਸਤ ਵਿਚ ਉਸ ਦੇ ਦੋਹਰੇ ਕਿਰਦਾਰ ਦਾ ਸਵਾਲ ਤਿੱਖਾ ਹੁੰਦਾ ਜਾ ਰਿਹਾ ਹੈ। ਦਲ ਦੇ ਆਪਣੇ ਆਗੂ ਹੀ ਇਸ ਫੈਸਲੇ ਤੋਂ ਔਖੇ ਜਾਪਦੇ ਹਨ ਤੇ ਅਕਸਰ ਹੀ ਭਾਜਪਾ ਦੇ ਪ੍ਰੋਗਰਾਮਾਂ ਤੋਂ ਅਕਾਲੀ ਆਗੂ ਤੇ ਵਰਕਰ ਦੂਰ ਰਹਿੰਦੇ ਹਨ। ਲੰਘੇ ਦਿਨੀਂ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੇ ਪੰਜਾਬ ਵਿਚੋਂ ਹੀ ਚੋਣ ਮੁਹਿੰਮ ਦਾ ਆਗ਼ਾਜ਼ ਕੀਤਾ ਜਿਸ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਕਾਫੀ ਚਰਚਾ ਹੈ।
ਇਸ ਬਾਰੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੇਸ਼ ਵਿਚ ਫਿਰਕੂ ਨਫ਼ਰਤ ਦਾ ਪ੍ਰਚਾਰ ਕਰਦੇ ਹੋਏ ਘੱਟ ਗਿਣਤੀਆਂ ਦੇ ਹਿਤਾਂ ਦੇ ਖਿਲਾਫ ਲਹਿਰ ਖੜ੍ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੋਦੀ ਵੱਲੋਂ ਜਾਣਬੁੱਝ ਕੇ ਪੰਜਾਬ ਅਤੇ ਜੰਮੂ ਤੇ ਕਸ਼ਮੀਰ ਦੇ ਬਾਰਡਰ ‘ਤੇ ਮਾਧੋਪੁਰ ਵਿਚ ਰੈਲੀ ਕੀਤੀ ਗਈ ਜਿਸ ਦਾ ਮੰਤਵ ਘੱਟ ਗਿਣਤੀਆਂ ਦੇ ਖਿਲਾਫ ਸੰਦੇਸ਼ ਦੇਣਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਫਿਰਕਾਪ੍ਰਸਤੀ ਨੂੰ ਪੂਰਾ ਦੇਸ਼ ਜਾਣਦਾ ਹੈ।
ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦੇ ਮੁਖੀ ਵਜੋਂ ਆਪਣੀ ਪਹਿਲੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਹ ਸੰਕਲਪ ਰੈਲੀ ਭਾਰਤੀ ਜਨਸੰਘ ਦੇ ਸੰਸਥਾਪਕ ਡਾæ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ 60ਵੇਂ ‘ਬਲੀਦਾਨ ਦਿਵਸ’ ਨੂੰ ਸਮਰਪਿਤ ਸੀ। ਸ੍ਰੀ ਮੋਦੀ ਨੇ ਕਾਂਗਰਸ ਮੁਕਤ ਦੇਸ਼ ਦੇ ਨਿਰਮਾਣ ਦੀ ਲੋੜ ਦਾ ਹੋਕਾ ਦਿੰਦਿਆਂ ਕਿਹਾ ਕਿ ਇਸ ਪਾਰਟੀ ਦੇ ਹੱਥਾਂ ਵਿਚ ਦੇਸ਼ ਸੁਰੱਖਿਅਤ ਨਹੀਂ। ਉਨ੍ਹਾਂ ਪੰਜਾਬ ਨਾਲ ਸਨੇਹ ਪ੍ਰਗਟ ਕਰਦਿਆਂ ਕਿਹਾ ਕਿ ਗੁਜਰਾਤ ਦਾ ਪੰਜਾਬ ਨਾਲ ਖੂਨ ਦਾ ਰਿਸ਼ਤਾ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰਿਆਂ ਵਿਚੋਂ ਇਕ ਪਿਆਰਾ ਗੁਜਰਾਤ ਤੋਂ ਸੀ।
ਉਂਜ, ਇਹ ਗੱਲ ਵੱਖਰੀ ਹੈ ਕਿ ਸ਼੍ਰੀ ਮੋਦੀ ਨੇ ਭਾਵੇਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਪੰਜਾਬ ਤੋਂ ਕੀਤਾ, ਪਰ ਖਾਣੇ ਲਈ ਉਨ੍ਹਾਂ ਨੇ ਗੁਜਰਾਤੀ ਭੋਜਨ ਦੀ ਹੀ ਇੱਛਾ ਜਤਾਈ ਜਿਸ ‘ਤੇ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਨੇ ਆਪਣੀ ਗੁਜਰਾਤੀ ਪਤਨੀ ਤੇ ਸੱਸ ਨੂੰ ਮੁੰਬਈ ਤੋਂ ਪੰਜਾਬ ਬੁਲਾਇਆ ਤਾਂ ਕਿ ਉਹ ਮੋਦੀ ਲਈ ਗੁਜਰਾਤੀ ਖਾਣਾ ਬਣਾ ਸਕਣ। ਸ੍ਰੀ ਖੰਨਾ ਦੀ ਸੱਸ ਸੁਰਾਯੂ ਦਫਤਰੀ ਅਤੇ ਪਤਨੀ ਕਵਿਤਾ ਖੰਨਾ ਚੁਪ-ਚੁਪੀਤੇ ਇਥੇ ਪੁੱਜੀਆਂ ਤੇ ਉਨ੍ਹਾਂ ਨੇ ਗੁਜਰਾਤੀ ਖਾਣਾ ਪਕਾਇਆ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਯੂæਪੀæਏæ ਸਰਕਾਰ ਦੇ ਖਾਤਮੇ ਲਈ ਕੌਮੀ ਪੱਧਰ ‘ਤੇ ਦੂਜੀ ਜੰਗ-ਏ-ਆਜ਼ਾਦੀ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਇਹ ਲੜਾਈ ਨਰੇਂਦਰ ਮੋਦੀ ਦੀ ਅਗਵਾਈ ਵਿਚ ਲੜੀ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਬਿਮਾਰੀਆਂ ਦੀ ਜੜ੍ਹ ਕਾਂਗਰਸ ਪਾਰਟੀ ਹੈ ਤੇ ਇਸ ਦੇ ਰਾਜ ਵਿਚ ਨਾ ਤਾਂ ਅੰਦਰੂਨੀ ਸ਼ਾਂਤੀ ਹੈ ਤੇ ਨਾ ਹੀ ਕੌਮਾਂਤਰੀ ਸਰਹੱਦਾਂ ਉਪਰ ਸ਼ਾਂਤੀ ਹੈ। ਦੇਸ਼ ਦੀ ਆਜ਼ਾਦੀ ਵੇਲੇ 80 ਫੀਸਦੀ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਪਰ ਕਾਂਗਰਸ ਦੀ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਜੇਕਰ ਕੇਂਦਰ ਵਿਚ ਐਨæਡੀæਏæ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਪੰਜਾਬੀਆਂ ਦੀਆਂ ਮੁਸ਼ਕਿਲਾਂ ਘਟ ਜਾਣਗੀਆਂ। ਉਨ੍ਹਾਂ ਭਾਜਪਾ ਨਾਲ ਅਕਾਲੀ ਦਲ ਦਾ ਘਿਓ-ਖਿਚੜੀ ਵਾਲਾ ਰਿਸ਼ਤਾ ਕਰਾਰ ਦਿੱਤਾ।
———————
ਜਦੋਂ ਬਾਦਲ ਨੇ ਜੈ ਸ੍ਰੀਰਾਮ ਕਿਹਾæææ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਦਾ ਕੋਈ ਵੀ ਆਗੂ ਸ੍ਰੀ ਨਰੇਂਦਰ ਮੋਦੀ ਦੀ ਰੈਲੀ ਵਿਚ ਨਹੀਂ ਪੁੱਜਿਆ। ਸ਼ ਬਾਦਲ ਨੇ ਆਪਣਾ ਭਾਸ਼ਨ ਸ਼ੁਰੂ ਕਰਨ ਵੇਲੇ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ’ ਤੋਂ ਬਾਅਦ ਜਦ ‘ਜੈ ਸ੍ਰੀਰਾਮ’ ਦਾ ਨਾਅਰਾ ਲਾਇਆ ਤਾਂ ਪੰਡਾਲ ਵਿਚ ਬੈਠੇ ਲੋਕ ਹੱਸ ਪਏ। ਬਾਅਦ ਵਿਚ ਜਦੋਂ ਪੱਤਰਕਾਰਾਂ ਨੇ ਇਸ ਬਾਰੇ ਉਨ੍ਹਾਂ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਉਨ੍ਹਾਂ ਸਗੋਂ ਪੱਤਰਕਾਰਾਂ ਨੂੰ ਉਲਾਂਭਾ ਦੇ ਦਿੱਤਾ ਕਿ “ਤੁਸੀਂ ਲੋਕ ਤਾਂ ਐਵੇਂ ਬਾਤ ਦਾ ਬਤੰਗੜ ਬਣਾ ਧਰਦੇ ਹੋ।”
Leave a Reply