ਦੇਹਰਾਦੂਨ (ਪੰਜਾਬ ਟਾਈਮਜ਼ ਬਿਊਰੋ): ਉਤਰਾਖੰਡ ਵਿਚ ਆਏ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ। ਇਹ ਹੜ੍ਹ ਉਸ ਵੇਲੇ ਆਏ ਜਦੋਂ ਦੇਸ਼ ਦੇ ਕੋਨੇ-ਕੋਨੇ ਵਿਚੋਂ ਲੱਖਾਂ ਸ਼ਰਧਾਲੂ ਤੀਰਥ ਸਥਾਨਾਂ ਦੀ ਯਾਤਰਾ ਲਈ ਆਏ ਹੋਏ ਸਨ। ਸੂਬੇ ਵਿਚ ਕਈ ਪ੍ਰਾਚੀਨ ਮੰਦਰਾਂ ਦੇ ਦਰਸ਼ਨਾਂ ਲਈ ਗਰਮੀਆਂ ਦੇ ਮੌਸਮ ਵਿਚ ਲੱਖਾਂ ਹਿੰਦੂ ਸ਼ਰਧਾਲੂ ਪੁੱਜਦੇ ਹਨ। ਪਿਛਲੇ ਕਈ ਸਾਲਾਂ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਹਜ਼ਾਰਾਂ ਸਿੱਖ ਸ਼ਰਧਾਲੂ ਵੀ ਇਥੇ ਆਉਂਦੇ ਹਨ। ਆਮ ਤੌਰ ‘ਤੇ ਇਸ ਸੂਬੇ ਵਿਚ ਬਾਰਸ਼ ਜੂਨ ਮਹੀਨੇ ਦੇ ਆਖਰੀ ਹਫ਼ਤੇ ਜਾਂ ਫਿਰ ਜੁਲਾਈ ਵਿਚ ਹੁੰਦੀ ਹੈ ਪਰ ਇਸ ਸਾਲ ਅਚਾਨਕ ਹੋਈ ਬਾਰਸ਼ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ। ਸਰਕਾਰੀ ਰਿਪੋਰਟਾਂ ਅਨੁਸਾਰ ਹੜ੍ਹਾਂ ਨਾਲ ਮੌਤਾਂ ਦੀ ਗਿਣਤੀ 5,000 ਤੋਂ ਵਧਣ ਦੀ ਸੰਭਾਵਨਾ ਹੈ ਪਰ ਮੀਡੀਆ ਰਿਪੋਰਟਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 15 ਤੋਂ 20 ਹਜ਼ਾਰ ਤੱਕ ਹੋ ਸਕਦੀ ਹੈ।
ਇਸੇ ਦੌਰਾਨ ਗੌਰੀਕੁੰਡ ਕੋਲ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗਿਆ ਭਾਰਤੀ ਹਵਾਈ ਫੌਜ ਦਾ ਇਕ ਵੱਡਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਅਮਲੇ ਦੇ ਪੰਜ ਮੈਂਬਰਾਂ ਸਣੇ 20 ਜਣੇ ਮਾਰੇ ਗਏ। ਗੌਰੀਕੁੰਡ ਕੋਲ ਇਹ ਦੂਜਾ ਹਾਦਸਾ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਰੁਦਰਪ੍ਰਯਾਗ ਵਿਚ ਰਾਹਤ ਕਾਰਜਾਂ ਵਿਚ ਲੱਗਿਆ ਪ੍ਰਾਈਵੇਟ ਹੈਲੀਕਾਪਟਰ ਡਿੱਗ ਗਿਆ ਸੀ ਜਿਸ ਕਾਰਨ ਪਾਇਲਟ ਜ਼ਖ਼ਮੀ ਹੋ ਗਿਆ ਸੀ। ਹੁਣ ਤਕ 822 ਲਾਸ਼ਾਂ ਲੱਭ ਲਈਆਂ ਗਈਆਂ ਹਨ। ਉਧਰ, ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੇਮਕੁੰਟ ਸਾਹਿਬ ਵਿਚੋਂ ਸਾਰੇ ਸ਼ਰਧਾਲੂਆਂ ਨੂੰ ਕੱਢ ਲਿਆ ਗਿਆ ਹੈ।
ਸੂਬੇ ਵਿਚ ਮੋਹਲੇਧਾਰ ਮੀਂਹ, ਢਿੱਗਾਂ ਡਿੱਗਣ ਅਤੇ ਬੱਦਲ ਫਟਣ ਕਾਰਨ ਰਾਹਤ ਕਾਰਜਾਂ ਵਿਚ ਔਖ ਆ ਰਹੀ ਹੈ ਪਰ ਸੁਪਰੀਮ ਕੋਰਟ ਨੇ ਕੇਂਦਰ ਤੇ ਉੱਤਰਾਖੰਡ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕਾਰਜ ਹੋਰ ਤੇਜ਼ ਕਰਨ ਦੀ ਹਦਾਇਤ ਦਿੱਤੀ ਹੈ। ਇਸ ਦੇ ਨਾਲ ਹੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਕੇਂਦਰ ਤੇ ਸੂਬਾ ਸਰਕਾਰ ਤੋਂ ਰਾਹਤ ਕਾਰਜਾਂ ਤੇ ਮੁੜ ਵਸੇਬੇ ਲਈ ਚੁੱਕੇ ਕਦਮਾਂ ਬਾਰੇ ਰਿਪੋਰਟ ਤਲਬ ਕੀਤੀ ਹੈ।
ਕੇਂਦਰ ਤੇ ਉਤਰਾਖੰਡ ਸਰਕਾਰ ਨੇ ਸੁਪਰੀਮ ਕੋਰਟ ਵੱਲੋਂ ਦਾਇਰ ਆਪਣੀਆਂ ਕਾਰਵਾਈ ਰਿਪੋਰਟਾਂ ਵਿਚ ਦਾਅਵਾ ਕੀਤਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਸਟਿਸ ਏæਕੇæ ਪਟਨਾਇਕ ਤੇ ਰੰਜਨ ਗੋਗੋਈ ਆਧਾਰਤ ਬੈਂਚ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਕਿ ਪਟੀਸ਼ਨਰ ਵੱਲੋਂ ਦਿੱਤੇ ਗਏ ਸੁਝਾਵਾਂ ‘ਤੇ ਗ਼ੌਰ ਕੀਤੀ ਜਾਵੇ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਗਿਆ ਹੈ।
Leave a Reply