ਉਂਗਲਾਂ ਨੇ ਇਉਂ ਬਣਾਇਆ ਮੁੱਕਾ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕਹਿੰਦੇ ਕਿਤੇ ਵਿਹਲ ਦੇ ਪਲਾਂ ’ਚ ਹੱਥ ਦੀ ਵਿਚਕਾਰਲੀ ਉਂਗਲ ਨੇ ਆਪਣੇ ਆਲੇ ਦੁਆਲੇ ਵੱਲ ਝਾਕਿਆ ਤੇ ਫਿਰ ਆਪਣਾ ਕੱਦ ਕਾਠ ਦੇਖ ਕੇ ਉਂਗਲਾਂ ਨੂੰ ਕਹਿੰਦੀ, “ਸੁਣੋ ਨੀ, ਮੈਂ ਤੁਹਾਡੇ ਸਾਰੀਆਂ ਤੋਂ ਵੱਡੀ ਤੇ ਮੋਟੀ ਡਾਢੀ ਵੀ ਆਂ।”

ਉਹਦੀ ਇਹ ਗੱਲ ਸੁਣ ਕੇ ਚੀਚੀ ਵੱਲ ਦੇ ਪਾਸੇ ਵਾਲੀ ਉਹਦੇ ਨਾਲ ਦੀ ਉਂਗਲ ਕਹਿੰਦੀ, “ਹੋਏਂਗੀ ਤੂੰ ਵੱਡੀ, ਪਰ ਮੇਰੇ ਮੋਹਰੇ ਤੇਰਾ ਵਡੱਪਣ ਕਾਹਦਾ? ਤੈਨੂੰ ਪਤਾ ਕਿ ਸਭ ਤੋਂ ਵੱਧ ਕੀਮਤੀ ਧਾਤ ਸੋਨੇ ਦੀ ਮੁੰਦਰੀ ਮੈਨੂੰ ਹੀ ਪਾਈ ਜਾਂਦੀ ਹੈ। ਪਿਆਰ ਦੀ ਨਿਸ਼ਾਨੀ ਮੁੰਦੀ ਪਾਉਣ ਵੇਲੇ ਤੈਨੂੰ ਵੱਡੀ ਨੂੰ ਕੋਈ ਨਹੀਂ ਪੁੱਛਦਾ।”
ਉਸ ਨੂੰ ਆਪਣੀਆਂ ਸਿਫਤਾਂ ਕਰਦੀ ਨੂੰ ਸੁਣ ਕੇ ਅੰਗੂਠੇ ਨਾਲ ਵਾਲੀ ‘ਪੱਕੀ’ ਉਂਗਲ ਖੰਘੂਰਾ ਮਾਰ ਕੇ ਬੋਲੀ, “ਜੇ ਮੈਂ ਤੁਹਾਨੂੰ ਆਪਣੀ ਸਿਫਤ ਦੱਸਾਂ ਤਾਂ ਤੁਸੀਂ ਸਾਰੀਆਂ ਦੰਗ ਰਹਿ ਜਾਉਂ!” ਉਹ ਕਹਿਣ ਲੱਗੀ, “ਜਦ ਵੀ ਕੋਈ ਨਿਆਂਕਾਰ ਗੁਨਾਹਗਾਰਾਂ ਨੂੰ ਸਜ਼ਾਵਾਂ ਸੁਣਾਉਂਦਾ ਐ, ਤਦ ਉਹ ਮੈਨੂੰ ਹੀ ਵਰਤਦਿਆਂ ਬੋਲਦਾ ਹੁੰਦਾ ਹੈ ਕਿ ਜਾਹ ਫਲਾਣਿਆਂ ਤੈਨੂੰ ਬਰੀ ਕੀਤਾ ਜਾਂਦਾ ਹੈ…ਢਿਮਕਿਆ ਤੈਨੂੰ ਫਾਂਸੀ ਦੀ ਸਜ਼ਾ! ਮਤਲਬ ਕਿ ਇਕੱਠ ਜਾਂ ਭੀੜ ਵਿਚ ਖੜ੍ਹਿਆਂ ’ਚੋਂ ਕਿਸੇ ਇੱਕ ਨੂੰ ਬੁਲਾਉਣ ਲਈ ਮੇਰੀ ਹੀ ਵਰਤੋਂ ਕੀਤੀ ਜਾਂਦੀ ਹੈ।”
ਚਹੁੰਆਂ ਨੂੰ ਉਲਝੀਆਂ ਦੇਖ ਕੇ ਚੀਚੀ ਨੂੰ ਵੀ ਹਿਰਖ ਆ ਗਿਆ। ਉਹ ਬੜੇ ਠਰੰਮੇ ਨਾਲ ਬੋਲੀ, “ਤੁਸੀਂ ਮੈਨੂੰ ਸਭ ਤੋਂ ਛੋਟੀ ਸਮਝ ਕੇ ਨਿਗੁਣੀ ਨਾ ਜਾਣਿਉਂ ਭਾਈ! ਭੁੰਜੇ ਡੁੱਲ੍ਹੇ ਹੋਏ ਦਾਣੇ ਹੋਣ ਜਾਂ ਕੋਈ ਹੋਰ ਚੀਜ਼, ਜੇ ਹੂੰਝਣੇ ਹੋਣ ਤਾਂ ਮੈਂ ਹੀ ਕੰਮ ਆਉਂਦੀ ਹਾਂ! ਜੇ ਕਿਤੇ ਵਿਹੜਾ ਲਿੱਪਣਾ ਹੋਵੇ ਫਿਰ ਵੀ ਮੈਥੋਂ ਬਿਨਾ ਨਹੀਂ ਸਰਦਾ!”
ਉਂਗਲੀਆਂ ਦੀ ਲੜਾਈ ਸੁਣ ਕੇ ਅੰਗੂਠੇ ਨੇ ਵੀ ਅੰਗੜਾਈ ਲਈ! ਉਹ ਆਕੜ ਕੇ ਬੋਲਿਆ, “ਤੁਹਾਨੂੰ ਮੇਰੀ ਅਹਿਮੀਅਤ ਦਾ ਤਾਂ ਗਿਆਨ ਹੀ ਨਹੀਂ ਜਾਪਦਾ! ਤੁਸੀਂ ਸਾਰੀਆਂ ਜਣੀਆਂ ਭਾਵੇਂ ਦਸ ਸਫੇ ਲਿਖ ਦਿਉ, ਪਰ ਜਦ ਤੱਕ ਆਖਰ ਵਿਚ ਸਿਆਹੀ ਨਾਲ ਲਬੇੜ ਕੇ ਮੈਨੂੰ ਨਹੀਂ ਲਾਇਆ ਜਾਂਦਾ, ਉਦੋਂ ਤਕ ਤੁਹਾਡੇ ਲਿਖੇ ਹੋਏ ਦੀ ਵੁੱਕਤ ਨਹੀਂ ਬਣਦੀ। ਮੇਰਾ ਵਡੱਪਣ ਤੁਹਾਡੇ ਗੁਣਾਂ ਨਾਲੋਂ ਸਭ ਤੋਂ ਵੱਡਾ ਹੈ!”
ਜਦ ਅੰਗੂਠਾ ਤੇ ਉਂਗਲਾਂ ਆਪੋ ਵਿਚੀਂ ਲੜਨ ਝਗੜਨ ਲੱਗੀਆਂ ਤਾਂ ਹੱਥ ਦੀ ਹਥੇਲੀ ਨੇ ਸਾਰਿਆਂ ਨੂੰ ਚੁੱਪ ਕਰਾ ਕੇ ਕਿਹਾ, “ਆਉ! ਸਾਰੇ ਜਣੇ ਮੇਰੇ ਨਾਲ ਲੱਗੋ, ਤੁਹਾਨੂੰ ਤੁਹਾਡੀ ਅਸਲ ਤਾਕਤ ਦਿਖਾਵਾਂ।”
ਹਥੇਲੀ ਦੀ ਅਵਾਜ਼ ਸੁਣ ਕੇ ਸਭ ਤੋਂ ਪਹਿਲਾਂ ਅੰਗੂਠੇ ਨੇ ਆਪਣਾ ਸਿਰ ਨਿਵਾਇਆ। ਉਸ ਦੇ ਮਗਰ ਹੀ ਚਹੁੰਆਂ ਉਂਗਲਾਂ ਨੇ ਨੀਵੀਆਂ ਹੋ ਕੇ ਆਪੋ ਆਪਣੇ ਪੋਟੇ ਹਥੇਲੀ ਦੇ ਨਾਲ ਲਾ ਦਿੱਤੇ। ਇੰਜ ਬਣੇ ਅਕਾਰ ਨੂੰ ‘ਮੁੱਕਾ’ ਦੱਸਦਿਆਂ ਹਥੇਲੀ ਕਹਿੰਦੀ, “ਨ੍ਹੀ ਭੈਣੋ, ਆਹ ਹੈ ਤੁਹਾਡੀ ਸਭ ਤੋਂ ਵੱਡੀ ਤਾਕਤ, ਜੇ ਇਸੇ ਰੂਪ ’ਚ ਰਹੋਗੀਆਂ ਤਾਂ ਕੋਈ ਤੁਹਾਡੀ ਹਵਾ ਵੱਲ ਵੀ ਨਹੀਂ ਦੇਖ ਸਕੇਗਾ, ਪਰ ਜੇ ਆਪੋ ਆਪਣੇ ਘੁਮੰਡ ਵਿਚ ਫਸ ਕੇ ਲੜੀ ਗਈਆਂ ਤਾਂ ਦੁਸ਼ਮਣ ਤੁਹਾਨੂੰ ਇਕੱਲੀ ਇਕੱਲੀ ਨੂੰ ਮਰੋੜ ਸੁੱਟੇਗਾ!