ਅਵਤਾਰ ਗੋਂਦਾਰਾ
ਫੋਨ: 559-375-2589
31 ਦਸੰਬਰ ਦੀ ਰਾਤ ਸੰਗੀਤਕ ਤਣਾਓ ਨਾਲ ਭਰੀ ਹੁੰਦੀ ਹੈ। ਕੁਦਰਤ ਲਈ ਇਸ ਦੀ ਅਹਿਮੀਅਤ ਹੋਵੇ ਜਾਂ ਨਾ ਹੋਵੇ, ਪਰ ਬੰਦੇ ਲਈ ਹੈ। ਇਸ ਰਾਤ ਨੇ ਇੱਕ ਹੱਥ ਵਿਚ ਪਿਛਲੇ ਵਰੇ੍ਹ ਦੀ ਕੰਨੀ ਫੜੀ ਹੁੰਦੀ ਹੈ ਅਤੇ ਦੂਜੇ ਵਿਚ ਅਗਲੇ ਦਾ ਲੜ। ਮਾਨਸਿਕ ਤੌਰ `ਤੇ ਦੋਨੋ ਪਲ ਪਲ ਖਿਸਕਦੇ ਜਾਂਦੇ ਲਗਦੇ ਹਨ। ਕਈਆਂ ਨੂੰ ਇਸ ਤਬਦੀਲੀ ਦਾ ਪਤਾ ਹੀ ਨਹੀਂ ਲਗਦਾ, ਉਹ ਉਵੇਂ ਹੀ ਪਿਛਲੇ ਵਰੇ੍ਹ ਦੀ ਤਰ੍ਹਾਂ ਆਦਤਨ ਜਿਉਂਦੇ ਰਹਿੰਦੇ ਹਨ। ਉਨ੍ਹਾਂ ਵਿਚ ਹੋ ਰਹੇ ਨੂੰ ਬਦਲਣ ਦੀ ਨਾ ਕੋਈ ਨਵੀਂ ਉਮੰਗ ਹੁੰਦੀ ਹੈ, ਨਾ ਕੋਈ ਨਵਾਂ ਸੁਫਨਾ। ਪਰ ਥੋੜ੍ਹੇ ਜਿਹੇ ਹਨ, ਜੋ ਇਸ ਕੈਲੰਡਰੀ ਤਬਦੀਲੀ ਨੂੰ ਮਾਣਦੇ ਹਨ, ਜਸ਼ਨ ਮਨਾਉਂਦੇ ਹਨ। ਕਿਸੇ ਲਈ ਇਹ ਬੇਵਾਸਤਗੀ, ਟੁੱਟੇ ਹੋਏ ਸੁਫਨਿਆਂ ਦੀ ਬਸਾਤ ਹੈ, ਤਾਂ ਕਿਸੇ ਲਈ ਮਾਣ ਸਨਮਾਨ, ਨਵੀਆਂ ਉਮੀਦਾਂ ਦਾ ਸਮਾਂ ਹੈ।
ਇਸ ਕੈਲੰਡਰੀ ਤਬਦੀਲੀ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਜੇ ਜਸ਼ਨ ਕਰਨ ਦਾ ਕੋਈ ਚਾਅ ਜਾਂ ਬਹਾਨਾ ਨਹੀਂ ਮਿਲਦਾ ਤਾਂ ਝੁਰਨਾ ਵੀ ਕੋਈ ਅਕਲਮੰਦੀ ਨਹੀਂਂ ਹੈ। ਜਿੰਨਾ ਚਿਰ ਜਿ਼ੰਦਗੀ ਹੈ, ਜਿਉਣਾ ਸਾਡੀ ਜੈਵਿਕ ਲੋੜ ਹੀ ਨਹੀਂ, ਸਮਾਜਕ ਜਿੰਮੇਵਾਰੀ ਵੀ ਹੈ; ਪਰ ਕੀ ਕੈਲੰਡਰੀ ਤਬਦੀਲੀ ਹੀ ਸਾਰਾ ਕੁਝ ਹੈ? ਸਾਡਾ ਆਪਣਾ ਆਪ, ਸਾਡੇ ਆਲੇ-ਦੁਆਲੇ ਦੀ ਤਬਦੀਲੀ ਇਸ ਵਿਚ ਕਿੱਥੇ ਆਉਂਦੇ ਹਨ? ਅਜਿਹੇ ਮੌਕਿਆਂ `ਤੇ, ਮੌਜ ਮੇਲਿਆਂ ਦੇ ਨਾਲ ਨਾਲ, ਅੰਦਰ ਝਾਤ ਦੀ ਵੀ ਲੋੜ ਹੈ। ਭਾਵ, ਜਾਹਰਾ ਤੇ ਲੁਕਵੇਂ ਮਨਸ਼ਿਆਂ, ਲਏ ਗਏ ਸੁਪਨਿਆਂ ਨੂੰ ਨਿਰਲੇਪ ਹੋ ਕੇ ਦੇਖਣਾ ਹੈ। ਅੱਜ ਦੇ ਵਿਸ਼ਵਵਿਆਪੀ ਉਥਲ-ਪੁਥਲ ਦੇ ਸਮਿਆਂ `ਚ ਇਨ੍ਹਾਂ ਸੁਆਲਾਂ ਦੇ ਰੂਬਰੂ ਹੋਣ ਦੀ ਲੋੜ ਹੈ, ਤਾਂ ਜੋ ਘਟਨਾਵਾਂ `ਤੇ ਸਵਾਰ ਹੋਇਆ ਜਾਵੇ, ਇਸ ਤੋਂ ਪਹਿਲਾਂ ਕਿ ਘਟਨਾਵਾਂ ਸਾਨੂੰ ਪੈਰਾਂ ਹੇਠ ਮਧੋਲ ਲੈਣ।
ਬਹੁਤਿਆਂ ਨੂੰ ਪਤਾ ਹੈ ਕਿ ਉਹ ਕੀ ਕਰਦੇ ਹਨ ਤੇ ਕਿਵੇਂ ਕਰਦੇ ਹਨ, ਪਰ ਇਸ ਗੱਲ ਦਾ ਵਿਰਲਿਆਂ ਨੂੰ ਪਤਾ ਹੈ ਕਿ ਉਹ ਕਿਉਂ ਕਰਦੇ ਹਨ। ਕਿਉਂ ਵਾਲੀ ਗੱਲ ਜਿ਼ਆਦਾ ਅਹਿਮ ਹੈ। ਦੇਖਣ ਵਿਚ ਆਉਂਦਾ ਹੈ ਕਿ ਅਸੀਂ ਹਰ ਹੀਲੇ ਕੁਝ ਨਾ ਕੁਝ ਬਣਨਾ ਚਾਹੁੰਦੇ ਹਾਂ ਜਾਂ ਹੋਣਾ ਚਾਹੁੰਦੇ ਹਾਂ, ਇਹ ਮਾੜੀ ਗੱਲ ਨਹੀਂ; ਪਰ ਕਿਉਂ? ਬਹੁਤ ਕੁਝ ਕਮਾ ਕੇ, ਪਾ ਕੇ ਲਗਦਾ ਹੈ ਇਹ ਉਹ ਕੁਝ ਨਹੀਂ, ਜਿਸ ਲਈ ਇੰਨੇ ਜਫਰ ਜਾਲੇ ਸਨ। ਇਹ ਉਹ ਆਗੂ ਨਹੀਂ, ਜਿਨ੍ਹਾਂ ਦੀ ਅਗਵਾਈ `ਚ ਧਰਨੇ ਲਾਏ, ਜੇਲ੍ਹਾਂ ਕੱਟੀਆਂ। ਭੱਤਾ ਭਨਾ ਕੇ ਪਤਾ ਲਗਦਾ ਹੈ ਕਿ ਅਸੀਂ ਵਰਤੇ ਗਏ ਹਾਂ।
ਉਕਤ ਸੁਆਲਾਂ ਨੂੰ ਕਈ ਤਰ੍ਹਾਂ ਨਾਲ ਵੇਖਿਆ ਪਰਖਿਆ ਜਾ ਸਕਦਾ ਹੈ। ਕਿਸੇ ਨੂੰ ਲਗਦਾ ਹੈ ਕਿ ਬੰਦਾ ਕਿਸਮਤ ਦੀਆਂ ਤੰਦਾਂ ਵਿਚ ਬੱਝੀ ਕਠਪੁਤਲੀ ਹੈ, ਦੂਜਾ ਬੰਦੇ ਨੂੰ ਹਾਲਤਾਂ ਦਾ ਸੰਚਾਲਕ ਮੰਨਦਾ ਹੈ। ਆਪਣੇ ਕੀਤੇ ਕਰਾਏ ਲਈ ਖੁਦ ਨੂੰ ਜਿ਼ੰਮੇਵਾਰ ਮੰਨਦਾ ਹੈ।
ਅੱਜ ਦੇ ਦੌਰ ਵਿਚ ‘ਦੂਜੀ’ ਕਿਸਮ ਦੇ ਬੰਦਿਆਂ ਦੀ ਲੋੜ ਹੈ। ਆਲਮੀ ਪੱਧਰ `ਤੇ ਜੇ ਸਿਆਸਤ ਵਿਚ ਅਣਚਾਹੇ ਬੰਦਿਆਂ ਦਾ ਬੋਲ ਬਾਲਾ ਹੈ ਤਾਂ ਆਰਥਕਤਾ ਅੰਨੀ ਗਲੀ ਵਿਚ ਵੜੀ ਹੋਈ ਹੈ, ਤੇ ਫਿਰ ਸਭ ਕਾਸੇ ਨੂੰ ਕਿਸਮਤ ਜਾਂ ‘ਕੁਦਰਤ ਦੇ ਇਨਸਾਫ’ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ। ਸੁਰੱਖਿਅਤਾ, ਸਿਹਤ ਤੇ ਵਾਤਾਵਰਣ ਦਾਅ `ਤੇ ਲੱਗੇ ਹੋਏ ਹਨ, ਮਾਨਵੀ ਰਿਸ਼ਤਿਆਂ `ਚ ‘ਸਮਾਜਕ ਦੂਰੀਆਂ’ ਨੂੰ ਕਾਨੂੰਨੀ ਦਰਜਾ ਮਿਲ ਗਿਆ ਹੈ ਤਾਂ ਹਰ ਕਿਸੇ ਦੀ ਇਹ ਅਣਸਰਦੀ ਲੋੜ ਬਣ ਜਾਂਦੀ ਹੈ ਕਿ ਉਹ ‘ਨਿੱਜੀ ਪ੍ਰਾਪਤੀਆਂ’ ਦੇ ਨਾਲ ਨਾਲ, ‘ਸਮਾਜਕ ਨਿਘਾਰ’ ਉਤੇ ਵੀ ਪੈਨੀ ਨਜ਼ਰ ਰੱਖੇ। ਉਹ ਲਏ ਗਏ ਗਲਤ ਫੈਸਲਿਆਂ ਦੀ ਜਿ਼ੰਮੇਵਾਰੀ ਚੁੱਕੇ ਤੇ ਨਾ ਲਏ ਗਏ ਸਹੀ ਫੈਸਲਿਆਂ ਲਈ ਆਪਾ ਪੜਚੋਲ ਕਰੇ।
ਅੱਜ ਦੀ ਰਾਤ ਇਹ ਗੱਲ ਹੋਰ ਦ੍ਰਿੜਾਉਣ ਵਾਲੀ ਹੈ ਕਿ ਸਾਡੇ ਕੁਝ ਸਰੋਕਾਰ ਸਦੀਵੀ ਹਨ। ਉਹ ਕੈਲੰਡਰ ਬਦਲਣ ਨਾਲ ਨਹੀਂ ਬਦਲਦੇ; ਜਿਵੇਂ ਮਨੁੱਖੀ ਆਜ਼ਾਦੀ, ਵਾਤਾਵਰਣ ਦੀ ਸਾਂਭ ਸੰਭਾਲ, ਬੁਨਿਆਦੀ ਲੋੜਾਂ ਦੀ ਪ੍ਰਾਪਤੀ, ਆਜ਼ਾਦੀ ਤੇ ਇਨਸਾਫ। ਅਸੀਂ ਇਹ ਗੁਰ ਵੀ ਸਿੱਖਣਾ ਹੈ ਕਿ ਪ੍ਰਚਾਰੇ ਜਾ ਰਹੇ ਸੱਚ ਵਿਚ ਕਿੰਨਾ ਝੂਠ ਹੈ ਅਤੇ ਦੁਰਕਾਰੇ ਜਾ ਰਹੇ ਝੂਠ ਵਿਚ ਕਿੰਨਾ ਸੱਚ ਹੈ? ਸਮੇਂ ਦੇ ਹਾਣ ਦਾ ਕਿਹੜਾ ਸੱਚ ਹੈ ਤੇ ਲੱਭੀਆਂ ਜਾ ਚੁੱਕੀਆਂ ਸੱਚਾਈਆਂ ਕਿੰਨੀਆਂ ਕੁ ਪ੍ਰਸੰਗਿਕ ਹਨ। ਇਹ ਗੱਲਾਂ ਲਗਾਤਾਰ ਨਿਰਖ ਪਰਖ ਬਿਨਾ ਨਹੀਂ ਆ ਸਕਦੀਆਂ।
ਸੂਚਨਾਵਾਂ ਦੀ ਗੜ੍ਹੇਮਾਰ ਹੇਠ ਅਸੀਂ ਬੌਂਦਲ ਗਏ ਹਾਂ। ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਨੇ ਇਹ ਸਿੱਧ ਕਰ ਦਿਤਾ ਹੈ ਕਿ ਅਸੀਂ ਸੂਝ ਅਤੇ ਸਿਆਣਪ ਵੱਲ ਕਦਮ ਨਹੀਂ ਪੁੱਟੇ। ਹੁਣ ਤੱਕ ਪ੍ਰਚਾਰਕਾਂ, ਲੇਖਕਾਂ, ਵਿਆਖਿਆਕਾਰਾਂ ਨੇ ਸਾਨੂੰ ਸਿਰਫ ‘ਮੌਤ ਨੂੰ ਮਖੌਲਾਂ ਕਰਨ ਵਾਲੇ’, ‘ਜਾਨਾਂ ਵਾਰਨ ਵਾਲੇ’, ‘ਲੰਗਰ ਲਾਉਣ ਵਾਲੇ’ ਮਰਜੀਵੜਿਆਂ ਅਤੇ ਸਮਾਜਸੇਵੀਆਂ ਤੱਕ ਸੰਗੋੜ ਦਿੱਤਾ ਹੈ। ਅਸੀਂ ਇੱਕ ਹੱਦ ਤੱਕ ਇਸ ਨੂੰ ਸਵੀਕਾਰਿਆ ਵੀ ਹੈ। ਸਾਨੂੰ ‘ਸਿਆਣਿਆਂ’ ਦਾ ਪਿਛਲਗ ਬਣਨ ਲਈ ਉਕਸਾਇਆ ਤਾਂ ਗਿਆ ਹੈ, ‘ਸਿਆਣਾ’ ਬਣਨ ਲਈ ਕਿਸੇ ਨੇ ਪ੍ਰੇਰਿਆ ਨਹੀਂ ਹੈ।
ਸਿਆਣੇ ਹੋਣ ਦਾ ਕੀ ਪ੍ਰਮਾਣ ਹੈ? ਸਿਆਣਾ ਬੰਦਾ ਵਰਤਾਰਿਆਂ ਨੂੰ ਸਮਝਦਾ ਹੀ ਨਹੀਂ, ਉਨ੍ਹਾਂ ਦੀ ਦਿਸ਼ਾ ਅਤੇ ਨਿਕਲਣ ਵਾਲੇ ਸਿੱਟਿਆਂ ਦੀ ਭਵਿਖਵਾਣੀ ਵੀ ਕਰਦਾ ਹੈ। ਉਸ ਨੂੰ ਪਤਾ ਹੁੰਦਾ ਹੈ, ਗੱਲ ਕਿਧਰ ਨੂੰ ਜਾ ਸਕਦੀ ਹੈ। ਇਸ ਲਈ ਉਹ ਪਹਿਲਾਂ ਹੀ ਬੰਨ-ਸੁੱਬ ਕਰ ਲੈਂਦਾ ਹੈ। ‘ਮੌਤ ਨੂੰ ਮਖੌਲਾਂ ਕਰਨਾ ਵਾਲੇ’ ਬੰਦਿਆਂ ਵਿਚ ਵਰਤਾਰਿਆਂ ਨੂੰ ਸਮਝਣ ਦੀ ਰੁਚੀ ਨਹੀਂ ਹੁੰਦੀ। ਇਸ ਲਈ ਚਲਾਕ ਸਿਆਸਤਦਾਨਾਂ ਦੁਆਰਾ ਉਨ੍ਹਾਂ ਦੇ ਵਰਤੇ ਜਾਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਪੰਜਾਬ ਦੇ ਮੁੱਖ ਧਾਰਾ ਦੇ ਸਿਆਸਤਦਾਨਾਂ ਨੇ ਇਸ ਦਾ ਭਰਪੂਰ ਲਾਹਾ ਲਿਆ ਹੈ। ਭਾਰਤ ਦੇ ਖੇਤੀ ਕਾਨੂੰਨਾਂ ਨਾਲ ਜੁੜੇ ਘੋਲ ਦੇ ਹਵਾਲੇ ਨਾਲ ‘ਸੂਝ-ਸਿਆਣਪ’ ਦੀ ਗੈਰਹਾਜ਼ਰੀ ਕਾਫੀ ਰੜਕਵੀਂ ਹੈ। ਜੋ ਸੂਝ ਸਿਆਣਪ ਘੋਲ ਕਰਦਿਆਂ ਦਿਸ ਰਹੀ ਹੈ, ਉਹ ਘੋਲ ਦਾ ਸਬੱਬ ਬਣੇ ਵਰਤਾਰਿਆਂ ਦੀ ਸਿਰੀ ਵੇਲੇ ਸਿਰ ਨੱਪਣ ਤੋਂ ਅਵੇਸਲੀ ਰਹੀ।
ਕਈਆਂ ਨੂੰ ਲਗਦਾ ਹੈ ਕਿ ਮੁੱਦਾ ਕਾਨੂੰਨ ਬਣਨ ਨਾਲ ਹੀ ਸ਼ੁਰੂ ਹੋਇਆ। ਇਸ ਦਾ ਮੁੱਢ ਤਾਂ ਕਈ ਦਹਾਕੇ ਪਹਿਲਾਂ ‘ਆਰਥਕ ਸੁਧਾਰਾਂ’ ਦੇ ਨਾਲ ਹੀ ਬੱਝ ਗਿਆ ਸੀ, ਪਰ ਉਦੋਂ ਕਿਸੇ ਨੇ ਗੌਰ ਨਹੀਂ ਕੀਤਾ। ਉਹੀ ਸਵੈ ਕੇਂਦਰਿਤ ਰੁਚੀ। ਇਸ ਲਈ ਪਹਿਲਾਂ ਵਾਹ ਸੁਆਰ ਕੇ ਜ਼ਮੀਨ ਤਿਆਰ ਕੀਤੀ ਗਈ। ਇਕ ਇਕ ਕਰਕੇ ਜਨਤਕ ਅਦਾਰਿਆਂ ਨੂੰ ਨਿਜੀ ਹੱਥਾਂ ਵਿਚ ਸੌਂਪਿਆ ਗਿਆ। ਖੇਤੀ ਕਾਨੂੰਨਾਂ ਲਈ ਵੱਤਰ ਦੀ ਉਡੀਕ ਹੋ ਰਹੀ ਸੀ। ਜੋ ਮੋਦੀ ਸਰਕਾਰ ਦੇ ਆਉਣ ਨਾਲ ਬਰ ਆਈ। ਦੁਨੀਆਂ ਭਰ ਵਿਚ ਬੈਠੇ ਪੰਜਾਬੀ ਵਿਦਵਾਨਾਂ ਨੂੰ ਇਸ ਆ ਰਹੀ ਆਫਤ ਦੀ ਕਨਸੋਅ ਹੀ ਨਹੀਂ ਲੱਗੀ, ਕਿਸੇ ਨੇ ਓਹੜ ਪੋਹੜ ਕੀ ਕਰਨਾ ਸੀ! ਅਸੀਂ ਨਦੀਨ ਮਾਰਨ ਵਾਂਗ ਮੌਕੇ ਸਿਰ ਕੋਈ ਸਿਆਸੀ ਜਾਂ ਜਥੇਬੰਦਕ ਚਾਰਾ ਨਾ ਕਰ ਸਕੇ ਤੇ ਇਸ ਨੂੰ ਬੇਰੋਕ ਮੌਲਣ ਦਿਤਾ। ਕਿਉਂਕਿ ‘ਸੂਝ-ਸਿਆਣਪ’ ਤੋਂ ਕੰਮ ਲੈਣਾ ਸਾਡਾ ਸੁਭਾਅ ਨਹੀਂ ਹੈ।
ਮੋਦੀ ਦੇ ‘ਭਾਣੇ’ ਨੂੰ ਵਾਪਰਨ ਲਈ ਆਰ. ਐਸ. ਐਸ. ਨੇ ਇੱਕ ਸਦੀ ਪਹਿਲਾਂ ਤਿਆਰੀ ਵਿੱਢੀ ਸੀ, ਪਰ ਸਾਡੇ `ਚੋਂ ਕਿਸੇ ਵੀ ਪ੍ਰਚਾਰਕ, ਗਿਆਨੀ ਧਿਆਨੀ ਨੂੰ ਇਸ ਦੀ ਮਾਰੂ ਸ਼ਕਤੀ ਦਾ ਪਤਾ ਨਾ ਲੱਗਿਆ। ਅਸੀਂ ਉਨ੍ਹਾਂ ਨੂੰ ‘ਖਾਕੀ ਨਿੱਕਰਾਂ’ ਵਾਲੇ ਕਹਿ ਕਹਿ ਕੇ ਛੁਟਿਆਉਂਦੇ ਰਹੇ ਤੇ ਐਵੇਂ ਬੱਦਲਵਾਈ ਜਿਹੀ ਕਹਿ ਕੇ ਨਜ਼ਰਅੰਦਾਜ਼ ਕੀਤਾ। ਪਤਾ ਉਦੋਂ ਲੱਗਿਆ, ਇਹ ਬੱਦਲਵਾਈ ਜਦੋਂ ਘਨਘੋਰ ਘਟਾਵਾਂ ਵਿਚ ਬਦਲ ਕੇ ਗੜ੍ਹੇਮਾਰ ਕਰਨ ਲੱਗੀ। ਚਾਹੀਦਾ ਇਹ ਸੀ ਕਿ ਸੂਝ-ਸਿਆਣਪ ਤੇ ਦੂਰਦਰਸ਼ਤਾ ਨਾਲ ਉਸੇ ਵੇਲੇ ਸਿਆਸੀ, ਸਭਿਆਚਾਰਕ ਤੇ ਜਥੇਬੰਦਕ ਕੋਸ਼ਿਸ਼ਾਂ ਨਾਲ ਨਦੀਨ ਵਾਂਗ ਵੇਲੇ ਸਿਰ ਹੀ ਇਸ ਵਰਤਾਰੇ ਨੂੰ ਨੱਪ ਦਿੱਤਾ ਜਾਂਦਾ; ਪਰ ਇਸ ਤਰ੍ਹਾਂ ਹੋ ਨਾ ਸਕਿਆ। ਚੱਲੋ ਇਸ ਲੜਾਈ `ਚੋਂ ਸੂਝ ਦੀ ਜਾਗ ਲੱਗੇਗੀ। ਉਂਜ ਵੀ ਇਹ ਕੋਈ ਆਖਰੀ ਲੜਾਈ ਨਹੀਂ ਹੈ।
ਆਉਣ ਵਾਲੇ ਦਿਨਾਂ ਵਿਚ ਅਣਸੁਖਾਵੇਂ ਵਰਤਾਰੇ ਸਾਡੇ ਗਲ ਨਾ ਪੈਣ, ਇਸ ਲਈ ਸੂਝ-ਸਿਆਣਪ ਦਾ ਲੜ ਫੜਨਾ ਪੈਣਾ ਹੈ। ਬਹੁਤ ਸਾਰੇ ਕਾਰਨ ਹਨ, ਜੋ ਸਾਡੀ ਦਾਨਾਈ ਦੇ ਰਾਹ ਵਿਚ ਅੜਿੱਕਾ ਹਨ। ਸਭ ਤੋਂ ਰੜਕਵਾਂ ਹੈ ਸਾਡਾ ‘ਨਿੱਜ-ਮੁਖੀ’ ਜਾਂ ‘ਪਰਿਵਾਰ ਮੁਖੀ’ ਹੋਣਾ। ਅਸੀਂ ਅਕਸਰ ‘ਨਿੱਜੀ’ ਜਾਂ ‘ਪਰਿਵਾਰਕ’ ਪ੍ਰਾਪਤੀਆਂ; ਜਿਵੇਂ ਘਰਾਂ, ਸਟੋਰਾਂ ਅਤੇ ਟਰੱਕਾਂ ਦੀ ਗਿਣਤੀ ਵਿਚਲੇ ਵਾਧੇ ਨਾਲ ਪਰਚਣ ਦੇ ਆਦੀ ਹਾਂ। ਨਿੱਜ ਦੇ ਇਨ੍ਹਾਂ ਕਿਲਿਆਂ `ਚ ਸੁਰਖਿਅਤ ਅਸੀਂ, ਸਮਾਜ ਜਾਂ ਦੁਨੀਆਂ `ਚ ਬੇਘਰਿਆਂ, ਗਰੀਬਾਂ, ਬੇਰੁਜ਼ਗਾਰਾਂ ਅਤੇ ਨਿਆਸਰਿਆਂ ਦੀ ਵਧ ਰਹੀ ਗਿਣਤੀ ਨੂੰ ਭੁੱਲ ਜਾਂਦੇ ਹਾਂ। ਕਾਲੇ ਵਰਤਾਰਿਆਂ ਨੂੰ ਵਧਣ ਫੁਲਣ ਲਈ ਖੁੱਲ੍ਹਾ ਛੱਡ ਦਿੰਦੇ ਹਾਂ ਤੇ ਇਨ੍ਹਾਂ ਦੇ ਤਬਾਹਕੁੰਨ ਸਿੱਟਿਆਂ ਨਾਲ ਭਿੜਨ ਲਈ ਮਜਬੂਰ ਹੁੰਦੇ ਹਾਂ। ਕਿਸਾਨ ਵਿਰੋਧੀ ਕਾਨੂੰਨਾਂ ਵਰਗਾ ਕਿੰਨਾ ਕੁਝ ਭਵਿੱਖ ਦੇ ਗਰਭ ਵਿਚ ਪਲ ਰਿਹਾ ਹੈ, ਜੋ ਸਾਥੋਂ ਦੂਰ-ਦਰਸ਼ੀ ਹੋਣ ਦੀ ਮੰਗ ਕਰ ਰਿਹਾ ਹੈ।
ਦੂਜਾ ਕਾਰਨ ਹੈ, ਹਰ ਔਖੀ ਘੜੀ ਵਿਚ ਕਿਸੇ ‘ਮਹਾਂਪੁਰਸ਼’, ‘ਦੈਵੀ ਪੁਰਸ਼’ ਜਾਂ ‘ਕੁਦਰਤ ਦੇ ਇਨਸਾਫ’ ਉਤੇ ਟੇਕ ਰੱਖਣੀ। ਇਹ ਪਹੁੰਚ ਵਰਤਾਰਿਆਂ ਨੂੰ ਨਾ ਸਮਝਣ ਦੀ ਆਦਤ `ਚੋਂ ਨਿਕਲਦੀ ਹੈ। ਕਿਸੇ ਵੀ ਛੋਟੇ-ਵੱਡੇ ਕੰਮ ਲਈ ਆਪਣੇ ਸਿਰ ਜਿ਼ੰਮੇਵਾਰੀ ਲੈਣ ਤੋਂ ਟਲਣਾ। ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਜਿਵੇਂ ਬੱਚੇ ਦਾ ਨਾਂ ਰੱਖਣ ਵਾਲੇ ਛੋਟੇ ਜਿਹੇ ਕਾਰਜ ਲਈ ਵੀ ਸਾਨੂੰ ‘ਵਾਕ’ ਲੈਣ ਦੀ ਲੋੜ ਪੈਂਦੀ ਹੈ। ਸਾਨੂੰ ਆਪ ਨੂੰ ਕੁਝ ਔੜਦਾ ਹੀ ਨਹੀਂ। ਇਸ ਕਿਸੇ ਰੂਹਾਨੀ ਲੋੜ `ਚੋ ਨਹੀਂ, ਸਿਰਫ ਆਪਣੀ ਮਾਨਸਿਕ ਅਨਿਸ਼ਚਿਤਤਾ ਕਰਕੇ ਹੈ। ਸਾਨੂੰ ਲੱਗਦਾ ਹੈ, ਸਾਡਾ ਲਿਆ ਫੈਸਲਾ ਗਲਤ ਹੋ ਗਿਆ ਤਾਂ ਆਫਤ ਆ ਜਾਵੇਗੀ। ਕੋਈ ਵੀ ਆਫਤ ਮਨੁੱਖੀ ਸੂਝ ਤੇ ਉਦਮ ਤੋਂ ਜਰਵਾਣੀ ਨਹੀਂ ਹੁੰਦੀ।
ਆਓ, ਆਫਤਾਂ ਨੂੰ ਮੂਹਰਿਓਂ ਟੱਕਰੀਏ। ਵਾਪਰਨ ਵਾਲੇ ਕਾਲੇ ਵਰਤਾਰਿਆਂ ਨੂੰ ਅਗਾਊਂ ਬੁੱਝਣ ਦੇ ਗੁਰ ਸਿੱਖੀਏ ਤੇ ਸਿਆਣੇ ਬਣੀਏ। ਹਰ ਦਿਨ ਕੋਈ ਨਵੀਂ ਗੱਲ, ਕੋਈ ਨਵਾਂ ਸ਼ਬਦ ਸਿੱਖੀਏ; ਕੋਈ ਨਵਾਂ ਰਿਸ਼ਤਾ ਬਣਾਈਏ, ਪੁਰਾਣਿਆਂ ਨੂੰ ਨਵਿਆਈਏ, ਨਿੱਕੇ ਮੋਟੇ ਰੋਸਿਆਂ ਨਾਲ ਦੂਰੀਆਂ ਪੈਦਾ ਨਾ ਕਰੀਏ; ਖੁਦ ਨਾਲ, ਕੁਦਰਤ ਨਾਲ ਰਿਸ਼ਤਿਆਂ ਨੂੰ ਸੰਗੀਤਮਈ ਬਣਾਈਏ; ਪਹਿਲਕਦਮੀ ਕਰਨ ਤੋਂ ਨਾ ਡਰੀਏ। ਹਰ ਦਿਨ ਨੂੰ ਵਰ੍ਹੇ ਦਾ ਆਖਰੀ ਦਿਨ ਜਾਣੀਏ ਤੇ ‘ਬਲ’ ਦੇ ਨਾਲ ਨਾਲ ‘ਬੁੱਧੀ’ ਵਰਤਦਿਆਂ ‘ਸਿਆਣੇ’ ਬਣਨ ਦੇ ਰਾਹ ਪਈਏ। ਆਪਾਂ ਕੈਲੰਡਰ ਹੀ ਨਹੀਂ ਬਦਲਨਾ, ਆਪ ਵੀ ਬਦਲਨਾ ਹੈ। ਇਸ ਕਾਇਆਕਲਪ ਨਾਲ ਖੁਦ ਨੂੰ ਹੀ ਨਹੀਂ, ਦੁਨੀਆਂ ਨੂੰ ਹੈਰਾਨ ਕਰੀਏ।