ਕੀਹਦੇ ਕੀਹਦੇ ਪੈਰੀਂ ਹੱਥ ਲਾਈਏ…

ਗੁਲਜ਼ਾਰ ਸਿੰਘ ਸੰਧੂ
ਇਸ ਮਹੀਨੇ ਦੇ ਸ਼ੁਰੂ ਵਿਚ ਭਾਸ਼ਾ ਵਿਭਾਗ, ਪੰਜਾਬ ਵਲੋਂ ਲਾਈ ਪੁਰਸਕਾਰਾਂ ਦੀ ਝੜੀ ਕਿਸਾਨ ਅੰਦੋਲਨ ਵਰਗੇ ਹਰਮਨ ਪਿਆਰੇ ਤੇ ਵੱਡੇ ਮੇਲੇ ਵਿਚ ਗਵਾਚ ਗਈ। ਇਸ ਵਿਭਾਗ ਦੇ ਹੋਂਦ ਵਿਚ ਆਉਣ ਤੋਂ ਪਿੱਛੋਂ ਇਹ ਪਹਿਲੀ ਵਾਰ ਹੈ ਕਿ ਛੇ ਸਾਲਾਂ ਦੇ ਸਨਮਾਨ ਇੱਕਠੇ ਐਲਾਨੇ ਗਏ ਹਨ। ਇਨ੍ਹਾਂ ਵਿਚ ਛੇ ਸਾਹਿਤ ਰਤਨਾਂ ਤੋਂ ਬਿਨਾ ਇਕੋਤਰ ਸੌ ਤੋਂ ਉੱਤੇ ਸਾਹਿਤ ਸ਼੍ਰੋਮਣੀ ਪੁਰਸਕਾਰ ਸ਼ਾਮਲ ਹਨ। ਸਾਹਿਤ ਰਤਨ ਪੁਰਸਕਾਰ ਲਈ ਚੁਣੇ ਗਏ ਮਹਾਰਥੀਆਂ ਵਿਚ ਹੋਰਨਾਂ ਤੋਂ ਇਲਾਵਾ ਪਾਕਿਸਤਾਨ ਤੋਂ ਫਖਰ ਜਮਾਂ ਤੇ ਹਿੰਦੋਸਤਾਨ ਤੋਂ ਬਰਜਿੰਦਰ ਸਿੰਘ ਹਮਦਰਦ ਹਨ। ਜੇ ਇਨ੍ਹਾਂ ਵਿਚ ਨਵੀਂ ਦਿੱਲੀ ਵਾਲੀ ਅਜੀਤ ਕੌਰ ਵੀ ਰਲਾ ਦਿੱਤੀ ਜਾਂਦੀ ਤਾਂ ਇਸ ਸ਼੍ਰੇਣੀ ਦਾ ਮਾਣ ਹੋਰ ਵਧ ਜਾਣਾ ਸੀ।

ਹਿੰਦੀ ਤੇ ਸੰਸਕ੍ਰਿਤ ਸ਼੍ਰੋਮਣੀਆਂ ਵਿਚ ਕੀਰਤੀ ਕੇਸਰ, ਰਾਜੀ ਸੇਠ, ਸੁਖਵਿੰਦਰ ਕੌਰ ਬਾਠ ਤੇ ਸ਼ਰਨ ਕੌਰ ਪੰਜਾਬੀ ਮਹਿਲਾਵਾਂ ਦੀ ਹੋਂਦ ਇਨ੍ਹਾਂ ਨੂੰ ਚਾਰ ਚੰਨ ਲਾਉਦੀ ਹੈ; ਕੁਝ ਏਸ ਤਰ੍ਹਾਂ ਜਿਵੇਂ ਸ਼੍ਰੋਮਣੀ ਨਾਟਕ/ਥੀਏਟਰ ਸ਼੍ਰੇਣੀ ਵਿਚ ਕੈਲਾਸ਼ ਕੌਰ, ਨਵਨਿੰਦਰਾ ਬਹਿਲ ਤੇ ਜਸਵੰਤ ਕੌਰ ਆਪਣੇ ਮਰਦ ਭਰਾਵਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਤੁਰਦੀਆਂ ਹਨ। ਸ਼੍ਰੋਮਣੀ ਉਰਦੂ ਸਾਹਿਤਕਾਰਾਂ ਵਿਚ ਮੁਹੰਮਦ ਫਯਾਜ਼ ਫਾਰੂਕੀ, ਨਦੀਮ ਅਹਿਮਦ ਨਦੀਮ, ਮੁਹੰਮਦ ਬਸ਼ੀਰ ਤੇ ਰਹਿਮਾਨ ਅਖਤਰ ਦੀ ਚੌਕੜੀ ਪੰਜਾਬੀ ਵਿਚ ਉਰਦੂ ਸ਼ਾਇਰੀ ਪ੍ਰਚਾਰਨ ਵਾਲੇ ਦੀ ਐਨ. ਰਾਜ਼ ਨੂੰ ਮਧੋਲਦੀ ਹੈ, ਹਾਲਾਂਕਿ ਉਸ ਨੇ ਮਿਰਜ਼ਾ ਗਾਲਿਬ ਅਤੇ ਭਾਰਤ-ਪਾਕਿ ਹਾਸਵਿੰਗ ਸ਼ਾਈਰੀ ਨੂੰ ਭਾਰਤ ਤੇ ਪਾਕਿਸਤਾਨ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਪਹੰੁਚਾਉਣ ਦਾ ਬੀੜਾ ਚੁੱਕ ਰੱਖਿਆ ਹੈ। ਇਹ ਵੀ ਪਤਾ ਲੱਗਿਆ ਕਿ ਹੁਣ ਇਸ ਭਾਸ਼ਾ ਨੂੰ ਅਪਨਾਉਣ ਵਾਲੇ ਰਾਜਿੰਦਰ ਸਿੰਘ ਬੇਦੀ, ਕਨੱਈਆ ਲਾਲ ਤੇ ਕ੍ਰਿਸ਼ਨ ਚੰਦਰ ਵਰਗੇ ਗੈਰ-ਮੁਸਲਿਮ ਖਤਮ ਹੋ ਗਏ ਹਨ। ਮੈਂ ਆਪਣੀ ਜਾਂ ਆਪਣੇ ਤੋਂ ਵਧ ਉਮਰ ਦੇ ਮਹਾਰਥੀਆਂ ਦੀ ਸੂਚੀ ਤਿਆਰ ਕਰਨ ਲੱਗਾ ਤਾਂ ਓਮ ਪ੍ਰਕਾਸ਼ ਗਾਸੋ, ਤਾਰਨ ਗੁਜਰਾਲ ਤੋਂ ਅੱਗੇ ਨਾਂ ਕੋਈ ਹਾਣੀ ਲਭਿਆ, ਨਾ ਹਾਣਨ। ਥੱਕ ਹਾਰ ਕੇ ਗੁਰਬਚਨ ਭੱੁਲਰ ਨੂੰ ਆਪਣੇ ਨਾਲ ਖੜ੍ਹਾ ਕੀਤਾ ਤੇ ਕੰਮ ਸਾਰਿਆ।
ਬੀਬੀਆਂ ਵਲ ਨਜ਼ਰ ਮਾਰੀ ਤਾਂ ਮਨਜੀਤ ਇੰਦਰਾ, ਧਨਵੰਤ ਕੌਰ, ਜਸਬੀਰ ਕੌਰ ਤੇ ਕੁਲਵਿੰਦਰ ਬੁੱਟਰ ਦਿਖਾਈ ਦਿੱਤੀਆਂ, ਪਰ ਇਹ ਸੋਚ ਕੇ ਝਿਜਕ ਗਿਆ ਕਿ ਉਹ ਮੇਰੇ ਵਰਗੇ ਅਠਾਸੀਆਂ ਨੂੰ ਢੁਕੇ ਬਾਬੇ ਨਾਲ ਤੁਰਨਾ ਵੀ ਚਾਹੁਣਗੀਆਂ ਜਾਂ ਨਹੀਂ! ਹੁਣ ਤਾਂ ਮੇਰੀ ‘ਵਿਹੜੇ ਵੜਦਾ ਬਿੜਕ ਨਹੀਂ ਕਰਦਾ, ਬਾਬੇ ਗਲ ਟੱਲ ਪਾ ਦਿਓ’ ਵਾਲੀ ਅਵਸਥਾ ਹੈ। ਗੌਰ ਨਾਲ ਵੇਖਿਆ ਤਾਂ ਬਾਕੀ ਨਾਂਵਾਂ ਦਾ ਵੀ ਕੋਈ ਅੰਤ ਨਹੀਂ। ਸਭਨਾਂ ਨੂੰ ਜਾਣਦੇ ਹੋਣ ਦਾ ਵੀ ਸਵਾਲ ਨਹੀਂ। ਉਹ ਵੀ ਕਈ ਹਨ, ਜਿਹੜੇ ਜਗਾੜੂ ਸ਼੍ਰੇਣੀ ਵਿਚ ਪੈਂਦੇ ਹਨ। ਹੇਠ ਲਿਖੀ ਲੋਕ ਬੋਲੀ ਵਿਚ ‘ਸੰਤਾਂ’ ਦੀ ਥਾਂ ‘ਲੇਖਕ’ ਸ਼ਬਦ ਪਾ ਕੇ ਭੋਗ ਪਾਉਣਾ ਚਾਹਾਂਗਾ:
ਕੀਹਦੇ ਕੀਹਦੇ ਪੈਰੀਂ ਹੱਥ ਲਾਈਏ?
ਸੰਤਾਂ ਦੇ ਵੱਗ ਫਿਰਦੇ।
ਏਥੇ ਤਾਂ ਸੰਤਾਂ ਨਾਲ ਸੰਤਣੀਆਂ ਵੀ ਹਨ।
ਜਾਂਦੇ ਜਾਂਦੇ ਇਹ ਕਹਿਣ ਨੂੰ ਦਿਲ ਕਰਦਾ ਹੈ ਕਿ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਨਹੀਂ ਤਾਂ ਅਗਲੇ ਸਾਲ ਜ਼ਰੂਰ ਹੋਣਾ ਚਾਹੀਦਾ ਹੈ। ਪਤਾ ਲੱਗਾ ਹੈ ਕਿ ਅਜਿਹੇ ਡਾਇਰੈਕਟਰ ਦੇ ਕਾਰਜ ਕਾਲ ਵਿਚ, ਜੋ ਕੇਵਲ ਪੰਜ ਮਹੀਨੇ ਉਸ ਕੁਰਸੀ ਉੱਤੇ ਬੈਠਿਆ, ਤਿੰਨ ਵਾਰ ਚੋਣ ਕਮੇਟੀ ਦੀ ਮੀਟਿੰਗ ਰੱਖੀ ਗਈ ਪਰ ਮੰਤਰੀ ਜੀ ਨੂੰ ਹੋਰ ਜ਼ਰੂਰੀ ਕੰਮ ਆ ਪੈਣ ਕਾਰਨ ਰੱਦ ਕਰਨੀ ਪਈ। ਸਰਕਾਰਾਂ ਕੋਲ ਕਲਾਕਾਰਾਂ ਲਈ ਬਜਟ ਤਾਂ ਹੈ, ਪਰ ਸਮਾਂ ਨਹੀਂ। ਸ਼ੁਕਰ ਕਰੋ ਹੋ ਗਈ। ਦੇਰ ਆਇਦ, ਦਰੁਸਤ ਆਇਦ।
ਭੂਪਿੰਦਰ ਉਸਤਾਦ ਦੀ ਸਾਹਿਤ ਫੁਲਵਾੜੀ: ਤਾਲਾਬੰਦੀ ਦੇ ਇਨ੍ਹਾਂ ਦਿਨਾਂ ਵਿਚ ਭੂਪਿੰਦਰ ਉਸਤਾਦ ਰਚਿਤ ‘ਸਾਹਿਤ ਫੁਲਵਾੜੀ ਦੇ ਪੰਜਾਬੀ ਮਾਲੀ’ ਨਾਂ ਦੀ ਪੁਸਤਕ ਪੜ੍ਹਨ ਨੂੰ ਮਿਲੀ। ਇਸ ਵਿਚ ਬਾਬਾ ਸ਼ੇਖ ਫਰੀਦ ਤੋਂ ਲੈ ਬਰਜਿੰਦਰ ਸਿੰਘ ਹਮਦਰਦ ਤੱਕ ਦੋ ਦਰਜਨ ਕਲਮਕਾਰਾਂ ਦੇ ਚਿੱਤਰਾਂ ਵਾਲੇ ਸ਼ਬਦ ਚਿੱਤਰ ਹਨ। ਭਾਈ ਵੀਰ ਸਿੰਘ, ਨਾਨਕ ਸਿੰਘ, ਧਨੀ ਰਾਮ ਚਾਤ੍ਰਿਕ, ਮੋਹਨ ਸਿੰਘ, ਸੰਤ ਸਿੰਘ ਸੇਖੋਂ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ ਰਾਜਿੰਦਰ ਸਿੰਘ ਬੇਦੀ ਤੇ ਬਾਵਾ ਬਲਵੰਤ ਸਮੇਤ। ਇਨ੍ਹਾਂ ਵਿਚ ਅਲਾਮਾ ਇਕਬਾਲ, ਸਆਦਤ ਹਸਨ ਮੰਟੋ, ਸਾਹਿਰ ਲੁਧਿਆਣਵੀ ਤੇ ਹੋਰਨਾਂ ਤੋਂ ਬਿਨਾ ਤਿੰਨ ਸਾਹਿਤਕਾਰ ਉਹ ਵੀ ਹਨ, ਜਿਨ੍ਹਾਂ ਨੂੰ ਲੇਖਕ ਮਿਲਦਾ ਰਿਹਾ ਹੈ ਤੇ ਜਾਣਦਾ ਵੀ ਹੈ-ਬਰਜਿੰਦਰ ਸਿੰਘ ਹਮਦਰਦ, ਬਚਿੰਤ ਕੌਰ ਤੇ ਜਸਵੰਤ ਵਿਰਦੀ ਨੂੰ। ਇਨ੍ਹਾਂ ਸਾਰਿਆਂ ਨੂੰ ਮੈਂ ਵੀ ਘੱਟ ਨਹੀਂ ਜਾਣਦਾ, ਪਰ ਭੂਪਿੰਦਰ ਉਨ੍ਹਾਂ ਦੇ ਜੀਵਨ ਤੇ ਸੁਭਾਅ ਦੀਆਂ ਉਹੀਓ ਗੱਲਾਂ ਅੰਕਿਤ ਕਰਦਾ ਹੈ, ਜਿਨ੍ਹਾਂ ਨੂੰ ਨੇੜਿਓ ਜਾਣਦਾ ਹੈ, ਪ੍ਰਭਾਵਿਤ ਹੈ। ਵਾਕ ਬਣਤਰ ਛੜੱਪੇ ਮਾਰਨ ਦੇ ਬਾਵਜੂਦ ਸ਼ੈਲੀ ਸਰਲ ਤੇ ਲੁਭਾਉਣੀ ਹੈ। ਇਥੋਂ ਤੱਕ ਕਿ ਤੁਸੀਂ ਅੰਤ ਤੱਕ ਬੇਰੋਕ ਪੜ੍ਹਦੇ ਜਾਂਦੇ ਹੋ, ਜਦੋਂ ਤੱਕ ਭੂਪਿੰਦਰ ਵਲੋਂ ਚੁਣੇ ਗਏ ਲੇਖਕ ਦੀਆਂ ਪੁਸਤਕਾਂ ਤੇ ਪੁਰਸਕਾਰਾਂ ਦੀ ਸੂਚੀ ਨਹੀਂ ਆ ਜਾਂਦੀ, ਜੋ ਸਹਿਜੇ ਹੀ ਛੱਡੀ ਜਾ ਸਕਦੀ ਸੀ।
ਮੇਰੇ ਵਰਗੇ ਘੱਟ ਪੜ੍ਹਨ ਵਾਲੇ ਪਾਠਕ ਲਈ ਇਨ੍ਹਾਂ ਸ਼ਬਦ-ਚਿੱਤਰਾਂ ਵਿਚ ਬਹੁਤ ਕੁਝ ਨਵਾਂ ਹੈ, ਜੋ ਅਬਦੁਲਹੱਈ ਉਰਫ ਸਾਹਿਰ ਲੁਧਿਆਣਵੀ, ਧਨੀ ਰਾਮ ਚਾਤ੍ਰਿਕ, ਬਾਵਾ ਬਲਵੰਤ, ਰਾਜਿੰਦਰ ਸਿੰਘ ਬੇਦੀ ਤੇ ਜਸਵੰਤ ਵਿਰਦੀ ਵਿਚ ਖਾਸ ਨੁਮਾਇਆ ਹੈ। ਲੇਖਕ ਦਾ ਜਨਮ ਜਲੰਧਰ ਦਾ ਹੈ, ਪਰ ਉਹ ਆਪਣੇ ਜੀਵਨ ਦੇ ਕਾਰਜਕਾਲੀ ਭਾਗ ਦੇ ਤਿੰਨ ਦਹਾਕੇ ਓਮਾਨ ਰਿਹਾ ਹੈ। ਆਪਣੀ ਧਰਤੀ ਤੋਂ ਬਹੁਤ ਦੂਰ। ਇਹੋ ਜਿਹੇ ਦੇਸ਼ ਵਿਚ ਰਹਿਣ ਦੇ ਬਾਵਜੂਦ ਜਿਥੇ ਲੇਖਕ ਦੀ ਮਾਤ ਭਾਸ਼ਾ ਬੋਲਣ ਵਾਲਾ ਟਾਵਾਂ ਟਾਵਾਂ ਬੰਦਾ ਹੀ ਸੀ। ਉਥੇ ਵੀ ਭੂਪਿੰਦਰ ਨੇ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਨਾਲ ਜੋੜੀ ਰੱਖਣ ਲਈ ਪੰਜਾਬੀ ਪੁਸਤਕਾਂ ਤੇ ਰਸਾਲਿਆਂ ਦਾ ਪ੍ਰਬੰਧ ਕਰੀ ਰਖਿਆ ਹੈ। ਇਸ ਦਾ ਸਵਾਗਤ ਕਰਨਾ ਬਣਦਾ ਹੈ।
ਉਹ ਭੂਪਿੰਦਰ ਅਨਪੜ੍ਹ ਤੋਂ ਭੂਪਿੰਦਰ ਉਸਤਾਦ ਕਿਵੇਂ ਬਣਿਆ ਤੇ ਉਸ ਨੇ ਆਪਣੇ ਜੀਵਨ ਵਿਚ ਕਿਹੋ ਜਿਹੀ ਜੱਦੋ-ਜਹਿਦ ਕੀਤੀ, ਜਾਣਨ ਲਈ ਪੁਸਤਕ ਦੇ ਅੰਤਲੇ 15 ਪੰਨੇ ਪੜ੍ਹਨ ਵਾਲੇ ਹਨ, ‘ਮੈਂ ਤੇ ਉਹ’ ਸਿਰਲੇਖ ਵਾਲੇ। ਨਿਵੇਕਲੀ ਪੁਸਤਕ ਦਾ ਸਵਾਗਤ ਹੈ।
ਅੰਤਿਕਾ: ਦਰਸ਼ਨ ਗਿੱਲ
ਨਾ ਵਾਰਿਸ ਨੂੰ ਭੁੱਲੇ ਹਾਂ
ਤੇ ਨਾ ਭੁੱਲੇ ਹਾਂ ਬੁੱਲੇ ਨੂੰ,
ਅਸੀਂ ਬੇਗਾਨੀ ਅੱਗ ਵਿਹਾਜੀ
ਬਲਦਾ ਰੱਖਿਆ ਚੁਲੇ ਨੂੰ। (ਸੂਫੀਆ ਦੀਪਿਕਾ ਕੌਸਰ)