ਮਸ਼ੀਨਾਂ ਬਣਦੇ ਬੰਦੇ ਦੀਆਂ ਬਾਤਾਂ: ਮਾਡਰਨ ਟਾਈਮਜ਼

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਚਾਰਲੀ ਚੈਪਲਿਨ ਦੀ ਫਿਲਮ ‘ਮਾਡਰਨ ਟਾਈਮਜ਼` ਬਾਰੇ ਚਰਚਾ ਕੀਤੀ ਗਈ ਹੈ ਜਿਸ ਵਿਚ ਮਸ਼ੀਨਾਂ ਬਣ ਰਹੇ ਲੋਕਾਂ ਦੀ ਹਾਲਤ ਬਿਆਨ ਕੀਤੀ ਗਈ ਹੈ।

-ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330
ਚਾਰਲੀ ਚੈਪਲਿਨ ਦੀ ਕਲਾਸਿਕ ਫਿਲਮ ‘ਮਾਡਰਨ ਟਾਈਮਜ਼` ਦੀ ਸਭ ਤੋਂ ਵੱਡੀ ਖਾਸੀਅਤ ਇਹ ਕਹੀ ਜਾ ਸਕਦੀ ਹੈ ਕਿ ਇਸ ਵਿਚ ਬਿਆਨ ਕੀਤੀਆਂ ਮਕਾਨਕੀ ਸੱਚਾਈਆਂ ਅਤੇ ਮਨਸੂਈ ਤਰੱਕੀ ਨੂੰ ਅਸੀਂ ਅੱਜ ਵੀ ਆਪਣੀ ਰੋਜ਼-ਮੱਰਾ ਜ਼ਿੰਦਗੀ ਵਿਚ ਦੇਖ ਅਤੇ ਮਹਿਸੂਸ ਕਰ ਸਕਦੇ ਹਾਂ। ਫਿਲਮ ਵਿਚ ਇੱਕ ਫੈਕਟਰੀ ਹੈ, ਇੱਕ ਪੂੰਜੀਪਤੀ ਹੈ, ਮਸ਼ੀਨਾਂ ਵਾਂਗ ਬਿਨਾਂ ਰੁਕੇ ਕੰਮ ਕਰਨ ਵਾਲੇ ਮਜ਼ਦੂਰ ਹਨ, ਇੱਕ ਘੜੀ ਹੈ ਜਿਹੜੀ ਸਾਲਾਂ ਬੱਧੀ ਇਨ੍ਹਾਂ ਮਜ਼ਦੂਰਾਂ ਦੇ ਖਾਣ-ਪੀਣ, ਜਾਗਣ-ਸੌਣ, ਸੋਚਣ-ਸਮਝਣ ਤੇ ਜਿਊਣ-ਮਰਨ ਦੇ ਮਿੰਟ-ਸਕਿੰਟ ਤੈਅ ਕਰਦੀ ਹੈ। ਇਸ ਘੜੀ ਨੂੰ ਪੂੰਜੀਪਤੀ ਦਾ ਗੁਲਾਮ ਆਪਣੇ ਕਾਬੂ ਵਿਚ ਰੱਖਦਾ ਹੈ। ਮਜ਼ਦੂਰ ਭੇਡਾਂ-ਬੱਕਰੀਆਂ ਵਾਂਗ ਅਸੈਂਬਲੀ ਲਾਈਨ ਤੇ ਜੁਟੇ ਰਹਿੰਦੇ ਹਨ। ਇਸ ਅਸੈਂਬਲੀ ਲਾਈਨ ਤੇ ਹੀ ਟਰੈਂਪ (ਚਾਰਲੀ ਚੈਪਲਿਨ) ਕੰਮ ਕਰਦਾ ਹੈ। ਉਸ ਦਾ ਕੰਮ ਲੱਗੇ ਹੋਏ ਪੇਚ ਨੂੰ ਦੁਬਾਰਾ ਕੱਸਣਾ ਹੈ। ਪੂੰਜੀਪਤੀ ਤੇ ਉਸ ਦੇ ਗੁਲਾਮ ਲਈ ਇਨ੍ਹਾਂ ਮਜ਼ਦੂਰਾਂ ਅਤੇ ਮਸ਼ੀਨਾਂ ਵਿਚਕਾਰ ਕੋਈ ਜ਼ਿਆਦਾ ਫਰਕ ਨਹੀਂ। ਪੂੰਜੀਪਤੀ ਨੂੰ ਇਸ ਗੱਲ ਦੀ ਪ੍ਰੇਸ਼ਾਨੀ ਹੈ ਕਿ ਮਜ਼ਦੂਰ ਦੁਪਹਿਰ ਦੇ ਖਾਣੇ ਸਮੇਂ ਇੱਕ-ਦੂਜੇ ਨਾਲ ਗੱਲਾਂ ਵਿਚ ਰੁੱਝ ਜਾਂਦੇ ਹਨ ਤੇ ਆਰਾਮ ਨਾਲ ਸਿਗਰਟ ਦੇ ਸੂਟੇ ਲਾਉਂਦੇ ਹਨ। ਇਸ ‘ਅੱਯਾਸ਼ੀ` ਨੂੰ ਰੋਕਣ ਲਈ ਉਹ ਉਨ੍ਹਾਂ ਦਿਨਾਂ ਵਿਚ ਵਿਕਰੀ ‘ਤੇ ਲੱਗੀ ਅਜਿਹੀ ਮਸ਼ੀਨ ਖਰੀਦਣ ਦੀ ਤਿਆਰੀ ਕਰ ਰਿਹਾ ਹੈ ਜਿਹੜੀ ਕਾਮਿਆਂ ਨੂੰ ਕੰਮ ਕਰਦਿਆਂ ਹੀ ਖਾਣਾ ਖੁਆ ਦੇਵੇਗੀ ਜਿਸ ਨਾਲ ਉਸ ਦਾ ਸਮਾਂ ਹੋਰ ਵੀ ਬਚ ਜਾਵੇਗਾ। ਜਦੋਂ ਇਸ ਮਸ਼ੀਨ ਨੂੰ ਵੇਚਣ ਲਈ ਸੇਲਜ਼ਮੈਨ ਉਸ ਦੀ ਫੈਕਟਰੀ ਵਿਚ ਪਹੁੰਚਦੇ ਹਨ ਤਾਂ ਉਹ ਟਰੈਂਪ ਨੂੰ ਇਸ ਤਜਰਬੇ ਲਈ ਚੁਣਦੇ ਹਨ। ਮਸ਼ੀਨ ਵਿਚ ਐਨ ਮੌਕੇ ‘ਤੇ ਤਕਨੀਕੀ ਖਰਾਬੀ ਆ ਜਾਣ ਕਾਰਨ ਟਰੈਂਪ ਇਸ ਦੀ ਲਗਾਤਾਰ ਚੱਲ ਰਹੀ ਗਤੀਵਿਧੀ ਦਾ ਸੰਦ ਬਣ ਕੇ ਰਹਿ ਜਾਂਦਾ ਹੈ ਜਿਸ ਦਾ ਉਸ ਦੇ ਦਿਮਾਗ ‘ਤੇ ਬਹੁਤ ਬੁਰਾ ਅਸਰ ਹੁੰਦਾ ਹੈ ਅਤੇ ਉਹ ਨਰਵਸ ਬਰੇਕ ਡਾਊਨ ਦਾ ਸ਼ਿਕਾਰ ਹੋ ਜਾਂਦਾ ਹੈ। ਹਾਲਾਤ ਇੱਥੋਂ ਤੱਕ ਪਹੁੰਚ ਜਾਂਦੇ ਹਨ ਕਿ ਉਸ ਨੂੰ ਮਾਨਸਿਕ ਰੋਗਾਂ ਦੇ ਇਲਾਜ ਲਈ ਹਸਪਤਾਲ ਵਿਚ ਦਾਖਲ ਹੋਣਾ ਪੈਂਦਾ ਹੈ।
ਹਸਪਤਾਲ ਵਿਚੋਂ ਬਾਹਰ ਆਉਣ ‘ਤੇ ਉਸ ਨੂੰ ਪਤਾ ਲੱਗਦਾ ਹੈ ਕਿ ਬਹੁਤ ਸਾਰੀਆਂ ਫੈਕਟਰੀਆਂ ਤੇ ਕਾਰਖਾਨੇ ਬੰਦ ਹੋਣ ਕਾਰਨ ਮਜ਼ਦੂਰ ਸਰਕਾਰ ਤੇ ਪੂੰਜੀਪਤੀਆਂ ਵਿਰੁਧ ਰੋਸ ਮੁਜ਼ਾਹਰੇ ਅਤੇ ਧਰਨੇ ਲਗਾ ਰਹੇ ਹਨ। ਉਹ ਵੀ ਅਜਿਹੇ ਹੀ ਇੱਕ ਧਰਨੇ ਵਿਚ ਸ਼ਾਮਿਲ ਹੋ ਜਾਂਦਾ ਹੈ ਜਿੱਥੇ ਉਸ ਨੂੰ ਪੁਲਿਸ ਇੱਕ ਸਮਾਜਵਾਦੀ ਨੇਤਾ ਸਮਝ ਕੇ ਗ੍ਰਿਫਤਾਰ ਕਰ ਲੈਂਦੀ ਹੈ। ਉਹ ਜੇਲ੍ਹ ਵਿਚ ਆਪਣੇ ਵਧੀਆ ਵਿਹਾਰ ਕਾਰਨ ਸਮੇਂ ਤੋਂ ਪਹਿਲਾ ਰਿਹਾਅ ਕਰ ਦਿੱਤਾ ਜਾਂਦਾ ਹੈ। ਉਸ ਕੋਲ ਹੁਣ ਨਾ ਤਾਂ ਕੋਈ ਕੰਮ ਹੈ ਅਤੇ ਨਾ ਹੀ ਢਿੱਡ ਭਰਨ ਦਾ ਕੋਈ ਸਾਧਨ। ਇਨ੍ਹਾਂ ਹੀ ਦਿਨਾਂ ਵਿਚ ਉਸ ਦੀ ਮੁਲਾਕਾਤ ਅਜਿਹੀ ਕੁੜੀ ਨਾਲ ਹੁੰਦੀ ਹੈ ਜਿਸ ਦੇ ਪਿਤਾ ਦੀ ਮੌਤ ਧਰਨੇ ਵਿਚ ਪੁਲਿਸ ਦੀ ਚਲਾਈ ਗੋਲੀ ਨਾਲ ਹੋ ਚੁੱਕੀ ਹੈ। ਹੁਣ ਉਹ ਲਾਵਾਰਿਸ ਹੈ। ਉਸ ਕੁੜੀ ਨੂੰ ਪੁਲਿਸ ਵਾਰ-ਵਾਰ ਗ੍ਰਿਫਤਾਰ ਕਰਦੀ ਹੈ ਕਿਉਂਕਿ ਉਹ ਖਾਣ-ਪੀਣ ਵਾਲੀਆਂ ਵਸਤੂਆਂ ਦੀ ਚੋਰੀ ਕਰ ਕੇ ਗਲੀਆਂ ਵਿਚ ਫਿਰਦੇ ਭੁੱਖੇ ਬੱਚਿਆਂ ਵਿਚ ਵੰਡਦੀ ਹੈ। ਅਜਿਹੀ ਇੱਕ ਚੋਰੀ ਸਮੇਂ ਟਰੈਂਪ ਉਸ ਦਾ ਇਲਜ਼ਾਮ ਆਪਣੇ ਸਿਰ ਲੈ ਕੇ ਜੇਲ੍ਹ ਚਲਾ ਜਾਂਦਾ ਹੈ। ਬਾਹਰ ਆਉਣ ‘ਤੇ ਉਹ ਵਿਆਹ ਕਰ ਕੇ ਘਰ ਬਣਾਉਣ ਦਾ ਸੁਪਨਾ ਦੇਖਦੇ ਹਨ। ਉਨ੍ਹਾਂ ਹੀ ਦਿਨਾਂ ਵਿਚ ਫੈਕਟਰੀਆਂ ਦੁਬਾਰਾ ਤੋਂ ਖੁੱਲ੍ਹਣ ਦਾ ਐਲਾਨ ਹੋ ਜਾਂਦਾ ਹੈ ਅਤੇ ਉਹ ਇੱਕ ਫੈਕਟਰੀ ਵਿਚ ਭਰਤੀ ਹੋ ਜਾਂਦਾ ਹੈ। ਉਨ੍ਹਾਂ ਦੋਵਾਂ ਨੂੰ ਕੰਮ ਤਾਂ ਮਿਲਦਾ ਹੈ ਪਰ ਵਾਰ-ਵਾਰ ਛੁੱਟ ਜਾਂਦਾ ਹੈ। ਅੰਤ ਤੱਕ ਉਨ੍ਹਾਂ ਦੇ ਰੁਜ਼ਗਾਰ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ।
ਇਸ ਫਿਲਮ ਦੇ ਬਣਨ ਦਾ ਸਮਾਂ 1930 ਦੇ ਆਰਥਿਕ ਮੰਦਵਾੜੇ ਤੋਂ ਬਾਅਦ ਦਾ ਹੈ ਜਦੋਂ ਲੱਖਾਂ ਦੀ ਗਿਣਤੀ ਵਿਚ ਗਰੀਬ ਅਤੇ ਬੇਰੁਜ਼ਗਾਰ ਸੜਕਾਂ ‘ਤੇ ਘੁੰੰਮ ਰਹੇ ਸਨ। ਵੱਡੀ ਗਿਣਤੀ ਵਿਚ ਲੋਕ ਭੁੱਖਮਰੀ ਅਤੇ ਆਰਥਿਕ ਅਸਥਿਰਤਾ ਦਾ ਸ਼ਿਕਾਰ ਸਨ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਯਕੀਨੀ ਬਣਾਉਣ ਦੀ ਥਾਂ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀਆਂ ਸਨ। ਦੈਂਤਾਕਾਰ ਮਸ਼ੀਨਾਂ ਦੇ ਘੜਮੱਸ ਵਿਚ ਮਨੁੱਖਾਂ ਦੇ ਸੁਪਨੇ ਅਤੇ ਖਾਹਿਸ਼ਾਂ ਨਪੀੜੀਆਂ ਜਾ ਰਹੀਆਂ ਸਨ। ਸਰਕਾਰੀ ਮਸ਼ੀਨਰੀ ਦਾ ਕੰਮ ਪੂੰਜੀਪਤੀਆਂ ਅਤੇ ਕੰਪਨੀਆਂ ਦੇ ਮਾਲਕਾਂ ਨਾਲ ਗੱਠਜੋੜ ਕਰ ਕੇ ਆਮ ਲੋਕਾਂ ਦੀ ਰੱਤ ਚੂਸਣਾ ਅਤੇ ਆਪਣਾ ਕਮਿਸ਼ਨ ਖਾਣਾ ਰਹਿ ਗਿਆ ਸੀ। ਇਸ ਦੇ ਨਾਲ-ਨਾਲ ਸਮਾਜਿਕ ਨਿਆਂ ਤੇ ਕਾਨੂੰਨ ਰੁਤਬੇ, ਅਹੁਦੇ ਤੇ ਮੁਲਾਹਜ਼ੇਦਾਰੀ ਦਾ ਸ਼ਿਕਾਰ ਹੋ ਕੇ ਰਹਿ ਗਏ ਸਨ। ਮਸ਼ੀਨਾਂ ਨਾਲ ਮਸ਼ੀਨਾਂ ਬਣਨ ਤੋਂ ਇਨਕਾਰ ਕਰਨ ਦਾ ਮਤਲਬ ਗੋਲੀ ਖਾ ਕੇ ਮਰਨਾ ਜਾਂ ਭੁੱਖੇ ਮਰਨਾ ਹੋ ਚੁੱਕਾ ਸੀ।
ਇਹ ਫਿਲਮ ਆਧੁਨਿਕ ਤਕਨੀਕ ਦੇ ਨਾਲ-ਨਾਲ ਵਿਕਿਸਤ ਹੋਏ ਜਨ-ਸੰਚਾਰ ਦੇ ਸਾਧਨਾਂ ਦੀ ਵਰਤੋਂ ‘ਤੇ ਵੀ ਤਿੱਖਾ ਵਿਅੰਗ ਕਰਦੀ ਹੈ। ਜਨਤਾ ਦੇ ਮਨੋਰੰਜਨ ਲਈ ਈਜਾਦ ਹੋਏ ਟੈਲੀਵਿਜ਼ਨ ਦੀ ਵਰਤੋਂ ਪੂੰਜੀਪਤੀ ਮਜ਼ਦੂਰਾਂ ਨੂੰ ਕੰਮ ਦੀ ਰਫਤਾਰ ਵਧਾਉਣ ਦੀਆਂ ਹਦਾਇਤਾਂ ਦੇਣ ਲਈ ਕਰ ਰਹੇ ਹਨ। ਟੈਲੀਫੋਨ ਦੀ ਸਭ ਤੋਂ ਵੱਧ ਵਰਤੋਂ ਪੁਲਿਸ ਵੱਲੋਂ ਮਜ਼ਦੂਰਾਂ ਦੀਆਂ ਗ੍ਰਿਫਤਾਰੀਆਂ ਦੀਆਂ ਖਬਰਾਂ ਦੇਣ ਲਈ ਕੀਤੀ ਜਾ ਰਹੀ ਹੈ। ਫੈਕਟਰੀਆਂ ਤੇ ਕਾਰਖਾਨਿਆਂ ਵਿਚ ਵੀ ਮਸ਼ੀਨਾਂ ਅੱਗੇ ਮਸ਼ੀਨਾਂ ਦਾ ਹੀ ਉਤਪਾਦਨ ਕਰ ਰਹੀਆਂ ਹਨ। ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਮਸ਼ੀਨੀ ਯੁੱਗ ਦੇ ਇਸ ‘ਵਿਕਾਸ` ਵਿਚ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਮੁੱਢਲੀਆਂ ਸਹੂਲਤਾਂ ਦੇ ਨਿਰਮਾਣ ਤੇ ਉਤਪਾਦਨ ਲਈ ਕੋਈ ਜਗ੍ਹਾ ਹੀ ਨਹੀਂ।
‘ਮਾਡਰਨ ਟਾਈਮਜ਼’ ਦੀ ਇਹ ਦਲੀਲ ਸਿਰਫ 1930 ਤੱਕ ਮਹਿਦੂਦ ਨਹੀਂ ਹੁੰਦੀ ਸਗੋਂ 21ਵੀਂ ਸਦੀ ਦੇ ਮੌਜੂਦਾ ਡਿਜੀਟਲ ਵਰਤਾਰੇ ਤੱਕ ਫੈਲ ਜਾਂਦੀ ਹੈ। ਫਿਲਮ ਦੇਖਦਿਆਂ ਫਿਲਮ ਦੇ ਬਹੁਤ ਸਾਰੇ ਦ੍ਰਿਸ਼ ਹੁਣ ਵੀ ਗਲੀਆਂ-ਬਾਜ਼ਾਰਾਂ ਵਿਚ ਲਗਾਤਾਰ ਜਾਰੀ ਹਨ। ਚਾਰਲੀ ਚੈਪਲਿਨ ਦੀ ਇਹ ਫਿਲਮ ਸੰਵੇਦਨਸ਼ੀਲਤਾ ਦਾ ਸਿਖਰ ਹੈ। ਉਸ ਦੀ ਇਹ ਫਿਲਮ ਨਾਜ਼ੀਆਂ ਨੇ ਜਰਮਨੀ ਵਿਚ ਰਿਲੀਜ਼ ਨਹੀਂ ਸੀ ਹੋਣ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਫਿਲਮ ਤਾਂ ਸਮਾਜਵਾਦੀ ਚੇਤਨਾ ਦੀ ਹੈ। ਉਂਜ, ਚਾਰਲੀ ਚੈਪਲਿਨ ਦੀਆਂ ਮੁੱਛਾਂ ਹੂ-ਬ-ਹੂ ਹਿਟਲਰ ਨਾਲ ਮਿਲਦੀਆਂ ਹਨ।