ਦਿੱਲੀ ਦੀਆਂ ਹੱਦਾਂ ਉਤੇ ਖੇਤੀ ਕਾਨੂੰਨਾਂ ਖਿਲਾਫ ਲਾਮਿਸਾਲ ਲਾਮਬੰਦੀ

ਸਿੰਘੂ ਬਾਰਡਰ: ਖੇਤੀ ਕਾਨੂੰਨ ਖਿਲਾਫ ਉਠੀ ਲਹਿਰ ਨੇ ਦਿੱਲੀ ਨੂੰ ਚੁਫੇਰਿਉਂ ਘੇਰਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਵਲੋਂ ਕਾਨੂੰਨਾਂ ਦਾ ਵਿਰੋਧ ਲਾਮਿਸਾਲ ਬਣ ਚੁੱਕਿਆ ਹੈ। ਜਥੇਬੰਦੀਆਂ ਤੇ ਸਰਕਾਰ ਵਿਚਕਾਰ ਛੇ ਬੈਠਕਾਂ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ।

ਸਿੱਟੇ ਵਜੋਂ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਦਿੱਲੀ ਜਾਣ ਵਾਲੇ ਪ੍ਰਵੇਸ਼ ਦੁਆਰ ਸਿੰਘੂ ਬਾਰਡਰ ਉਤੇ ਕੁੰਭ ਦੇ ਮੇਲੇ ਨਾਲੋਂ ਵਡੇਰਾ ਇਕੱਠ ਜਮ੍ਹਾਂ ਹੋ ਚੁੱਕਿਆ ਹੈ, ਜਿਥੇ ਇਸ ਪਾਸੇ ਦੇ ਕਿਸਾਨ ਔਰਤਾਂ ਤੇ ਬੱਚਿਆਂ ਸਮੇਤ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨਾਂ ਉਤੇ ਏਨਾ ਰਸਦ ਪਾਣੀ ਰੱਖ ਕੇ ਪਹੁੰਚ ਚੁੱਕੇ ਹਨ ਕਿ ਉਹ ਅੰਤਾਂ ਦੀ ਠੰਢ ਦੇ ਬਾਵਜੂਦ ਲੰਮਾ ਡੇਰਾ ਲਾਈ ਰੱਖਣ ਦੇ ਸਮਰੱਥ ਹਨ। ਸਿੰਘੂ ਤੇ ਟਿਕਰੀ ਬਾਰਡਰਾਂ ਉਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਰੋਜ਼ਾਨਾ ਇਕ ਕਿਲੋਮੀਟਰ ਤੱਕ ਲੰਬੀਆਂ ਹੋ ਰਹੀਆਂ ਹਨ। ਸਿੰਘੂ ਬਾਰਡਰ ਉਤੇ ਹਰ ਰੋਜ਼ 700 ਤੋਂ ਲੈ ਕੇ 800 ਤੱਕ ਵਾਹਨ ਵਧ ਰਹੇ ਹਨ। ਇਸੇ ਤਰ੍ਹਾਂ ਟਿਕਰੀ ਬਾਰਡਰ ਉਤੇ 300 ਤੋਂ ਲੈ ਕੇ 400 ਤੱਕ ਵਾਹਨ ਰੋਜ਼ਾਨਾ ਆ ਰਹੇ ਹਨ। ਟਿਕਰੀ ਤੋਂ ਰੋਹਤਕ ਵੱਲ ਜਾਂਦੀ ਸੜਕ ਤੋਂ ਇਲਾਵਾ ਬਹਾਦਰਗੜ੍ਹ ਵਾਲੀ ਸੜਕ ਵੀ ਪੂਰੀ ਭਰ ਗਈ ਹੈ। ਜੇਕਰ ਦੋ ਵਾਹਨ ਵਾਪਸ ਜਾਂਦੇ ਹਨ ਤਾਂ 10 ਆ ਰਹੇ ਹਨ, ਨੇੜਲੀਆਂ ਲਿੰਕ ਸੜਕਾਂ ਸਮੇਤ ਖੁੱਲ੍ਹੀਆਂ ਗਲੀਆਂ ‘ਚ ਵਾਹਨ ਖੜ੍ਹੇ ਹਨ। ਲੋਕ ਪਿੰਡਾਂ ਤੋਂ ਤੁਰਨ ਲੱਗੇ ਗੁਰੂ ਘਰਾਂ ‘ਚੋ ਇਹ ਅਰਦਾਸ ਕਰਕੇ ਚਲ ਰਹੇ ਹਨ ਕਿ ਕਾਨੂੰਨ ਵਾਪਸੀ ਤੋਂ ਬਿਨਾਂ ਉਹ ਘਰਾਂ ਨੂੰ ਵਾਪਸ ਨਹੀਂ ਆਉਣਗੇ। ਇਸੇ ਕਾਰਨ ਵੀ ਲੋਕਾਂ ਦੀ ਵਾਪਸੀ ਘੱਟ ਅਤੇ ਦਿੱਲੀ ਵੱਲ ਆਮਦ ਜ਼ਿਆਦਾ ਹੋ ਰਹੀ ਹੈ।
ਸਿੰਘੂ ਬਾਰਡਰ ਉਪਰ ਲੱਗੇ ਕਿਸਾਨ ਮੋਰਚੇ ਵਿਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਵਧਣ ਨਾਲ ਇਹ ਅੰਦੋਲਨ ਵਿਸ਼ਾਲ ਮੇਲੇ ਦਾ ਰੂਪ ਧਾਰ ਗਿਆ ਹੈ ਤੇ ਲੋਕਾਂ ਦਾ ਇਕੱਠ ਦਿਨੋ-ਦਿਨ ਵਧ ਰਿਹਾ ਹੈ। ਤਾਜ਼ਾ ਹਾਲਾਤ ਇਹ ਹਨ ਕਿ ਤਕਰੀਬਨ 15 ਕਿੱਲੋਮੀਟਰ ਦੇ ਘੇਰੇ ‘ਚ ਕਿਧਰੇ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਮਿਲ ਰਹੀ। ਕਿਧਰੇ ਟਰੈਕਟਰਾਂ ਉਪਰ ਖੇਤੀ ਕਾਨੂੰਨਾਂ ਤੇ ਕਿਸਾਨ ਸੰਘਰਸ਼ ਬਾਰੇ ਗਾਇਕਾਂ ਵਲੋਂ ਗਾਏ ਗੀਤ ਵੱਜ ਰਹੇ ਸਨ, ਕਿਧਰੇ ਲੰਗਰ ਚੱਲ ਰਹੇ ਸਨ, ਕਿਧਰੇ ਜੋਸ਼ੀਲੇ ਕਿਸਾਨਾਂ ਦੇ ਗਰਜਦੇ ਬੋਲ ਠੰਢੇ ਮਾਹੌਲ ‘ਚ ਗਰਮਜੋਸ਼ੀ ਭਰ ਰਹੇ ਸਨ।
ਨਿਹੰਗ ਸਿੰਘਾਂ ਦੇ ਗਤਕੇ ਦੇ ਜੌਹਰ ਲੋਕਾਂ ਦਾ ਵੱਖਰਾ ਧਿਆਨ ਖਿੱਚ ਰਹੇ ਸਨ। ਪਰਿਵਾਰਾਂ ਸਮੇਤ ਮੋਰਚੇ ‘ਚ ਹਾਜ਼ਰੀ ਲਗਾਉਣ ਤੇ ਸੰਘਰਸ਼ਸ਼ੀਲ ਕਿਸਾਨਾਂ ਨਾਲ ਗੂੜ੍ਹੀ ਸਾਂਝ ਦਾ ਪ੍ਰਗਟਾਵਾ ਕਰਨ ਲਈ ਲੋਕ ਪੁੱਜੇ ਹੋਏ ਸਨ। ਟਰੈਕਟਰ-ਟਰਾਲੀਆਂ, ਬੱਸਾਂ-ਟਰੱਕਾਂ ਰਾਹੀਂ ਕਿਸਾਨਾਂ ਦੇ ਕਾਫਲੇ ਲਗਾਤਾਰ ਸਿੰਘੂ ਬਾਰਡਰ ਉਪਰ ਪੁੱਜ ਰਹੇ ਸਨ। ਮੋਰਚੇ ਦੇ ਸਾਰੇ ਥਾਈਂ ਫਲਾਂ, ਖਾਣੇ, ਚਾਹ ਤੇ ਮਠਿਆਈਆਂ ਦੇ ਅਤੁੱਟ ਲੰਗਰ ਵਰਤ ਰਹੇ ਹਨ। ਇਉਂ ਲੱਗ ਰਿਹਾ ਸੀ ਜਿਵੇਂ ਹਰ ਪੰਜਾਬੀ ਪਰਿਵਾਰ ਸਿੰਘੂ ਬਾਰਡਰ ਦੇ ਮੋਰਚੇ ‘ਚ ਸ਼ਮੂਲੀਅਤ ਕਰਨ ਲਈ ਉਤਾਵਲਾ ਹੋਇਆ ਬੈਠਾ ਹੈ। ਕਿਸਾਨ ਆਗੂ ਮੋਰਚੇ ਵਿਚ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਦਖਲਅੰਦਾਜ਼ੀ ਨਹੀਂ ਹੋਣ ਦੇ ਰਹੇ।
___________________________________________
ਸਿੰਘੂ ਸਰਹੱਦ ‘ਤੇ ਚਿੱਤਰ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ
ਨਵੀਂ ਦਿੱਲੀ: ਸਿੰਘੂ ਬਾਰਡਰ ਉਤੇ ਧਰਨੇ ਵਿਚ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਲਾਈ ਜਾ ਰਹੀ ਚਿੱਤਰਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਕਿਸਾਨੀ ਮੁੱਦਿਆਂ ਨਾਲ ਜੁੜੇ ਵਿਸ਼ਿਆਂ ਦੇ ਇਹ ਚਿੱਤਰ ਜਿਥੇ ਕਲਾ ਸਿੱਖ ਰਹੇ ਵਿਦਿਆਰਥੀਆਂ ਵੱਲੋਂ ਬਣਾਏ ਜਾ ਰਹੇ ਹਨ, ਉਥੇ ਹੀ ਧਰਨੇ ਵਿਚ ਸ਼ਾਮਲ ਲੋਕਾਂ ਵੱਲੋਂ ਵੀ ਬਣਾਏ ਜਾ ਰਹੇ ਹਨ। ਧਰਨੇ ਵਿਚ ਸ਼ਮੂਲੀਅਤ ਕਰਦੇ ਲੋਕਾਂ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਲਈ ਸਿਖਾਂਦਰੂ ਚਿੱਤਰਕਾਰਾਂ ਤੋਂ ਪੋਸਟਰ ਬਣਵਾ ਕੇ ਹਵਾ ਵਿਚ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ। ਇਹ ਸਭ ਵਿਦਿਆਰਥੀ ਦਿੱਲੀ ਯੂਨੀਵਰਸਿਟੀ ਦੀ ਜਥੇਬੰਦੀ ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਨਾਲ ਜੁੜੇ ਹੋਏ ਹਨ।
____________________________________________
ਕੰਬਾਈਨਾਂ ਲੈ ਕੇ ਧਰਨਿਆਂ ਵਿਚ ਪਹੁੰਚਣ ਲੱਗੇ ਕਿਸਾਨ
ਨਵੀਂ ਦਿੱਲੀ: ਸਿੰਘੂ ਬਾਰਡਰ ਉਪਰ ਜਿਥੇ ਟਰੈਕਟਰਾਂ ਟਰਾਲੀਆਂ, ਕਾਰਾਂ, ਜੀਪਾਂ, ਬੱਸਾਂ ਤੇ ਹੋਰ ਗੱਡੀਆਂ ਨੇ ਕੌਮੀ ਸ਼ਾਹ ਰਾਹ ਘੇਰਿਆ ਹੋਇਆ ਹੈ, ਉਥੇ ਹੁਣ ਕਿਸਾਨ ਕੰਬਾਈਨਾਂ ਲੈ ਕੇ ਵੀ ਪਹੁੰਚਣ ਲੱਗੇ ਹਨ। ਅੰਬਾਲਾ ਦੇ ਪਿੰਡ ਲੰਗਰ ਛੰਨੀ ਦਾ ਹਰਪ੍ਰੀਤ ਸਿੰਘ ਆਪਣੀ ਕੰਬਾਈਨ ਲੈ ਕੇ ਪਹੁੰਚਿਆ ਤੇ ਉਸ ਨੇ ਇਹ ਕੰਬਾਈਨ ਸਿੰਘੂ ਬਾਰਡਰ ਨੇੜੇ ਕਰਕੇ ਖੜ੍ਹੀ ਕੀਤੀ ਹੈ। ਉਹ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦਾ ਸਰਗਰਮ ਕਾਰਕੁਨ ਹੈ ਜਿਸ ਨੇ ਸਿੰਘੂ ਬਾਰਡਰ ਦੇ ਬੈਰੀਕੇਡ ਤੋੜੇ ਸਨ ਤੇ ਕੌਮੀ ਰਾਜਧਾਨੀ ਤੱਕ ਪਹੁੰਚਣ ਲਈ ਰੋਕਾਂ ਹਟਾਈਆਂ ਹਨ।
_____________________________________________________________
ਜੋਸ਼ੀਲੇ ਨਾਅਰਿਆਂ ਨਾਲ ਰੰਗੀਆਂ ਕੁੰਡਲੀ ਦੀਆਂ ਕੰਧਾਂ
ਨਵੀਂ ਦਿੱਲੀ: ਸਿੰਘੂ ਬਾਰਡਰ ਤੇ ਕੁੰਡਲੀ ਵੱਲ ਦੇ ਪਾਸੇ ਦੀਆਂ ਦੁਕਾਨਾਂ ਤੇ ਹੋਰ ਅਦਾਰਿਆਂ ਦੀਆਂ ਕੰਧਾਂ ਜੋਸ਼ੀਲੇ ਤੇ ਪ੍ਰੇਰਨਾਦਾਇਕ ਨਾਅਰਿਆਂ ਨਾਲ ਭਰੀਆਂ ਹੋਈਆਂ ਹਨ। ਇਹ ਨਾਅਰੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੌਜਵਾਨਾਂ ਨੇ ਲਿਖੇ ਹਨ।
‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਤਾਂ ਕੰਧਾਂ ਤੋਂ ਲੈ ਕੇ ਟਰਾਲੀਆਂ, ਟਰੈਕਟਰਾਂ ਤੇ ਜੀਪਾਂ ਤੇ ਕਾਰਾਂ ਉਪਰ ਪ੍ਰਮੁੱਖਤਾ ਨਾਲ ਲਿਖੇ ਹੋਏ ਹਨ। ਇਥੇ ਮੌਜੂਦ ਕੁਝ ਨੌਜਵਾਨਾਂ ਨੇ ਦੱਸਿਆ ਕਿ ‘ਕਿਸਾਨ ਏਕਤਾ’ ਇਸ ਸਮੇਂ ਸਭ ਤੋਂ ਮੁੱਖ ਲੋੜ ਹੈ ਅਤੇ ਹਰੇਕ ਦੇ ਮਨ ਵਿੱਚ ਇਹੀ ਗੱੱਲ ਹੈ ਕਿ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਕਰਵਾਉਣ ਦਾ ਮੁੱਖ ਹਥਿਆਰ ‘ਏਕਾ’ ਹੀ ਹੈ। ਮਰਹੂਮ ਕਵੀ ਪਾਸ਼, ਸੰਤ ਰਾਮ ਉਦਾਸੀ ਦੀਆਂ ਪ੍ਰਸਿੱਧ ਰਚਨਾਵਾਂ ਨਾਅਰਿਆਂ ਦਾ ਸ਼ਿੰਗਾਰ ਬਣੀਆਂ ਹਨ। ਭਗਤ ਸਿੰਘ ਸਮੇਤ ਸਿੱਖ ਯੋਧਿਆਂ ਦੀ ਗੱਲ ਹਰੇਕ ਬੁਲਾਰੇ ਵੱਲੋਂ ਵੱਖ-ਵੱਖ ਪ੍ਰਸੰਗਾਂ ਵਿਚ ਅਕਸਰ ਹੀ ਕੀਤੀ ਜਾਂਦੀ ਹੈ।
ਸਿੰਘੂ ਤੋਂ ਸੋਨੀਪਤ ਵੱਲ ਨੂੰ ਜਾਂਦੀ ਜਰਨੈਲੀ ਸੜਕ ਦੇ ਦੋਵੇਂ ਪਾਸੇ ਦੀਆਂ ਇਮਾਰਤਾਂ ਉਪਰ ਲਿਖੇ ਨਾਅਰੇ ਕਿਸਾਨਾਂ ਨੂੰ ਹਲੂਣਦੇ ਹਨ। ਸੂਹੇ ਅੱਖਰਾਂ ਵਿੱਚ ਹਿੰਦੀ ਤੇ ਅੰਗਰੇਜ਼ੀ ਵਿਚ ਵੀ ਨਾਅਰੇ ਲਿਖੇ ਹੋਏ ਹਨ। ਥਾਂ-ਥਾਂ ਕਿਸਾਨਾਂ ਦੇ ਸਮੂਹ ਹੱਥਾਂ ਵਿਚ ਤਖਤੀਆਂ ਫੜੀ ਕੇਂਦਰ ਸਰਕਾਰ ਨੂੰ ਜਾਗਣ ਦਾ ਹੋਕਾ ਦਿੰਦੇ ਹਨ। ਦਿਨ ਭਰ ਵੱਖ-ਵੱਖ ਗਰੁੱਪ ਸਿੰਘੂ ਬਾਰਡਰ ਉਪਰ ਦਿੱਲੀ ਪੁਲਿਸ ਵੱਲੋਂ ਲਾਈਆਂ ਕੰਡੀਲੀਆਂ ਤਾਰਾਂ ਤੱਕ ਰੋਹ ਨਾਲ ਨਾਅਰੇਬਾਜ਼ੀ ਕਰਦੇ ਹੋਏ ਆਉਂਦੇ ਹਨ ਤੇ ਆਪਣੀ ਹਾਜ਼ਰੀ ਲਵਾ ਕੇ ਪਰਤਦੇ ਹਨ।