ਸੰਘਰਸ਼ ਨੂੰ ਖਾਲਿਸਤਾਨੀਆਂ ਤੇ ਮਾਓਵਾਦੀਆਂ ਨਾਲ ਜੋੜਨ ਦੀ ਚੁਫੇਰਿਉਂ ਆਲੋਚਨਾ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਨੂੰ ਖਾਲਿਸਤਾਨੀਆਂ ਤੇ ਮਾਓਵਾਦੀਆਂ ਨਾਲ ਜੋੜੇ ਜਾਣ ਦੀ ਛੇੜੀ ਮੁਹਿੰਮ ਦੀ ਚੁਫੇਰਿਉਂ ਆਲੋਚਨਾ ਹੋ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਸਵਾਲ ਕੀਤਾ ਹੈ ਕਿ ਜੇਕਰ ਕਿਸਾਨ ਖਾਲਿਸਤਾਨੀ ਜਾਂ ਮਾਓਵਾਦੀ ਹਨ ਤਾਂ ਸਰਕਾਰ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕਿਉਂ ਕਰ ਰਹੀ ਹੈ। ਸ੍ਰੀ ਚਿਦੰਬਰਮ ਨੇ ਟਵੀਟ ਕੀਤਾ, ‘ਕੇਂਦਰ ਸਰਕਾਰ ਦੇ ਮੰਤਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਨੂੰ ਕਦੀ ਖਾਲਿਸਤਾਨੀ, ਕਦੀ ਪਾਕਿਸਤਾਨ ਤੇ ਚੀਨ ਦੇ ਏਜੰਟ, ਕਦੀ ਮਾਓਵਾਦੀ ਅਤੇ ਕਦੀ ‘ਟੁਕੜੇ-ਟੁਕੜੇ ਗੈਂਗ’ ਨਾਲ ਸਬੰਧਤ ਦੱਸ ਰਹੇ ਹਨ। ਤੁਹਾਡੇ ਅਨੁਸਾਰ ਇਨ੍ਹਾਂ ਹਜ਼ਾਰਾਂ ਮੁਜ਼ਾਹਰਾਕਾਰੀਆਂ ‘ਚ ਕੋਈ ਵੀ ਕਿਸਾਨ ਨਹੀਂ ਹੈ।

ਜੇਕਰ ਇਥੇ ਕੋਈ ਵੀ ਕਿਸਾਨ ਨਹੀਂ ਹੈ ਤਾਂ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਿਉਂ ਕਰ ਰਹੀ ਹੈ?’
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਦੀ ਟਿੱਪਣੀ ਕਿ ਕਿਸਾਨਾਂ ਦੇ ਅੰਦੋਲਨ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ ਹੈ, ਉਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇਕਰ ਇਸ ‘ਚ ਪਾਕਿਸਤਾਨ ਦਾ ਹੱਥ ਹੈ ਤਾਂ ਕੇਂਦਰ ਨੂੰ ਇਸ ਸਬੰਧੀ ‘ਸਰਜੀਕਲ ਸਟ੍ਰਾਈਕ’ ਕਰਨੀ ਚਾਹੀਦੀ ਹੈ। ਸੰਜੇ ਰਾਊਤ ਨੇ ਕਿਹਾ ਕਿ ਜੇਕਰ ਕੇਂਦਰ ਦਾ ਇਕ ਮੰਤਰੀ ਇਹ ਜਾਣਕਾਰੀ ਦੇ ਰਿਹਾ ਹੈ ਕਿ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਸ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ ਹੈ ਤਾਂ ਰੱਖਿਆ ਮੰਤਰੀ ਨੂੰ ਤੁਰਤ ਚੀਨ ਅਤੇ ਪਾਕਿਸਤਾਨ ਉਤੇ ‘ਸਰਜੀਕਲ ਸਟ੍ਰਾਈਕ’ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕਿਸਾਨ ਸੰਘਰਸ਼ ਅਤੇ ਕਿਸਾਨਾਂ ਨੂੰ ਵੱਖਵਾਦੀ, ਅਤਿਵਾਦੀ ਅਤੇ ਖਾਲਿਸਤਾਨੀ ਆਖ ਕੇ ਬਦਨਾਮ ਕਰਨ ਵਾਲੇ ਆਗੂਆਂ ਨੂੰ ਕਿਸਾਨਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕਿਸਾਨ ਸੰਘਰਸ਼ ਨੂੰ ਇਕ ਧਰਮ ਦਾ ਅੰਦੋਲਨ ਦੱਸ ਕੇ ਢਾਹ ਲਾਈ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨਾਲ ਗੱਲਬਾਤ ਟੁੱਟਣ ਮਗਰੋਂ ਇਸ ਸੰਘਰਸ਼ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕੁਝ ਲੋਕ ਇਨ੍ਹਾਂ ਨੂੰ ਵੱਖਵਾਦੀ, ਅਤਿਵਾਦੀ ਅਤੇ ਖਾਲਿਸਤਾਨੀ ਆਖ ਰਹੇ ਹਨ, ਜੋ ਅਫਸੋਸ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਦਾ ਦੇਸ਼ ਦੀ ਸੇਵਾ ਕੀਤੀ ਹੈ ਤੇ ਅੰਨ ਨਾਲ ਦੇਸ਼ ਵਾਸੀਆਂ ਦਾ ਢਿੱਡ ਭਰਿਆ ਹੈ। ਕਿਸਾਨਾਂ ਖਿਲਾਫ ਬਿਆਨ ਦੇਣ ਵਾਲੇ ਆਗੂਆਂ ਨੂੰ ਕਿਸਾਨਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।
ਦੱਸ ਦਈਏ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਦਾਅਵਾ ਕੀਤਾ ਹੈ ਕਿ ਇਹ ਪ੍ਰਦਰਸ਼ਨ ਹੁਣ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ ਕਿਉਂਕਿ ਇਸ ਵਿਚ ‘ਖੱਬੇ-ਪੱਖੀ ਅਤੇ ਮਾਓਵਾਦੀ ਤੱਤਾਂ ਨੇ ਘੁਸਪੈਠ’ ਕਰ ਲਈ ਹੈ, ਜੋ ‘ਦੇਸ਼-ਵਿਰੋਧੀ ਕਾਰਵਾਈਆਂ’ ਲਈ ਸਲਾਖਾਂ ਪਿੱਛੇ ਡੱਕੇ ਲੋਕਾਂ ਦੀ ਰਿਹਾਈ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਤੌਰ ਉਤੇ ਸਰਕਾਰ ਵਲੋਂ ਲਿਆਂਦੇ ਖੇਤੀਬਾੜੀ ਸੁਧਾਰਾਂ ਨੂੰ ਲੀਹੋਂ ਲਾਉਣ ਦੀ ਕਾਰਵਾਈ ਸੀ। ਗੋਇਲ ਨੇ ਇਹ ਨਹੀਂ ਦੱਸਿਆ ਕਿ ਸਰਕਾਰ ਵਲੋਂ ਪ੍ਰਦਰਸ਼ਨ ਦੌਰਾਨ ਨਜ਼ਰ ਆਏ ਪਾਬੰਦੀਸ਼ੁਦਾ ਜਥੇਬੰਦੀਆਂ ਦੇ ਕਿਸੇ ਵਿਅਕਤੀ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਜਾਂ ਕੀਤੇ ਜਾਣ ਦੀ ਯੋਜਨਾ ਹੈ।
ਉਧਰ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਾਅਵਾ ਕੀਤਾ ਹੈ ਕਿ ਕੁਝ ‘ਸਮਾਜ ਵਿਰੋਧੀ ਅਨਸਰ’ ਕਿਸਾਨਾਂ ਦੇ ਭੇਸ ਵਿਚ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ। ਉਨ੍ਹਾਂ ਸੰਘਰਸ਼ ਦੇ ਰਾਹ ਪਏ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਚੌਕਸ ਰਹਿਣ ਤੇ ਅਜਿਹੇ ਅਨਸਰਾਂ ਨੂੰ ਆਪਣੇ ਮੰਚ ਦੀ ਵਰਤੋਂ ਨਾ ਕਰਨ ਦੇਣ। ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਦੇ ਫਿਕਰਾਂ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਹੀ ਹੈ। ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫਤਾਰ ਕੁਝ ਕਾਰਕੁਨਾਂ/ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਦੀ ਮੰਗ ਨਾਲ ਜੁੜੇ ਕੁਝ ਪੋਸਟਰ ਟਿਕਰੀ ਬਾਰਡਰ ਉਤੇ ਲੱਗੇ ਕਿਸਾਨ ਧਰਨੇ ‘ਚ ਦਿਖਾਈ ਦੇਣ ਨਾਲ ਸਬੰਧਤ ਮੀਡੀਆ ਰਿਪੋਰਟ ਟੈਗ ਕਰਦਿਆਂ ਤੋਮਰ ਨੇ ਟਵੀਟ ਕੀਤਾ, ‘ਕੁਝ ਗੈਰ ਸਮਾਜੀ ਅਨਸਰ ਕਿਸਾਨਾਂ ਦੇ ਭੇਸ ‘ਚ ਕਿਸਾਨ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਹਨ। ਕਿਸਾਨ ਚੌਕਸ ਰਹਿਣ ਤੇ ਆਪਣਾ ਮੰਚ ਅਜਿਹੇ ਅਨਸਰਾਂ ਨੂੰ ਨਾ ਵਰਤਣ ਦੇਣ।’
_________________________________________________
ਢੇਸੀ ਨੇ ਕਿਸਾਨਾਂ ਨੂੰ ਅਤਿਵਾਦੀ ਦੱਸਣ ਦੀ ਕੀਤੀ ਨਿੰਦਾ
ਚੰਡੀਗੜ੍ਹ: ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਬਾਰੇ ਗੁੰਮਰਾਹਕੁਨ ਪ੍ਰਚਾਰ ਕਰਕੇ ਉਨ੍ਹਾਂ ਨੂੰ ਵੱਖਵਾਦੀ ਤੇ ਅਤਿਵਾਦੀ ਦੱਸਣ ਲਈ ਮੀਡੀਆ ਦੀ ਆਲੋਚਨਾ ਕੀਤੀ ਹੈ। ਢੇਸੀ ਨੇ ਟਵੀਟ ਕੀਤਾ, ‘ਤੁਹਾਡੀ ਮੰਦੀ ਸ਼ਬਦਾਵਲੀ ਤੇ ਡਰਾਵੇ ਮੈਨੂੰ ਸੱਚ ਕਹਿਣ ਤੋਂ ਨਹੀਂ ਰੋਕ ਸਕਦੇ।’ ਉਨ੍ਹਾਂ ਕਿਹਾ, ‘ਕੁਝ ਮੀਡੀਆ ਅਦਾਰੇ ਸ਼ਾਂਤੀਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਕਿਸਾਨਾਂ ਦੇ ਹੱਕ ‘ਚ ਬੋਲਣ ਵਾਲਿਆਂ ਨੂੰ ਵੱਖਵਾਦੀ ਜਾਂ ਅਤਿਵਾਦੀ ਕਹਿ ਰਹੇ ਹਨ। ਤੁਸੀਂ ਆਪਣੇ ਮੁਲਕ ਤੇ ਆਪਣੇ ਪੇਸ਼ੇ ਦਾ ਨੁਕਸਾਨ ਕਰ ਰਹੇ ਹੋ। ਤੁਹਾਡੀ ਮੰਦੀ ਸ਼ਬਦਾਵਲੀ ਤੇ ਡਰਾਵੇ ਮੈਨੂੰ ਸੱਚ ਕਹਿਣ ਤੋਂ ਨਹੀਂ ਰੋਕ ਸਕਦੇ।’
_________________________________________________
ਸਰਕਾਰ ਦੀਆਂ ਵੰਡਪਾਊ ਚਾਲਾਂ ਨੂੰ ਪਛਾੜਨ ਦਾ ਸੱਦਾ
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਭਾਜਪਾ ਸਰਕਾਰ ਦੀਆਂ ਭੜਕਾਊ ਤੇ ਵੰਡਪਾਊ ਚਾਲਾਂ ਨੂੰ ਜ਼ੋਰ ਨਾਲ ਪਛਾੜਨ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਸਰਕਾਰ ਇਕ ਪਾਸੇ ਕਾਨੂੰਨਾਂ ਵਿਚ ਨਿਗੂਣੀਆਂ ਸੋਧਾਂ ਕਰਨ ਦੀ ਤਜਵੀਜ਼ ਪੇਸ਼ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਸੰਘਰਸ਼ ਬਾਰੇ ਭੜਕਾਊ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਵੱਲੋਂ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕਰਨ ਨੂੰ ਨਕਸਲੀਆਂ ਦੀ ਘੁਸਪੈਠ ਕਿਹਾ ਜਾ ਰਿਹਾ ਹੈ, ਕਦੇ ਸੰਘਰਸ਼ ਨੂੰ ਖਾਲਿਸਤਾਨੀਆਂ ਦੇ ਸੰਘਰਸ਼ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।