ਹੇਮਕੁੰਟ ਸਾਹਿਬ ਤੋਂ ਸ਼ਰਧਾਲੂ ਸੁਰੱਖਿਅਤ ਕੱਢੇ

ਚੰਡੀਗੜ੍ਹ: ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਉੱਤਰਾਖੰਡ ਵਿਚ ਆਈ ਕੁਦਰਤੀ ਆਫਤ ਪਿੱਛੋਂ ਸ੍ਰੀ ਹਮਕਇਟ ਸਾਹਿਬ ਦੇ ਸ਼ਰਧਾਲੂਆਂ ਲਈ ਚਲਾਏ ਰਾਹਤ ਕਾਰਜ ਆਖਰੀ ਪੜਾਅ ‘ਤੇ ਪਹੁੰਚ ਹਨ। ਹੇਮਕੁੰਟ ਸਾਹਿਬ ਤੋਂ ਸੋਮਵਾਰ ਨੂੰ ਸਾਰੇ ਸ਼ਰਧਾਲੂ ਸੁਰੱਖਿਅਤ ਕੱਢ ਕੇ ਜੋਸ਼ੀ ਮੱਠ ਵਿਖੇ ਬੇਸ ਕੈਂਪ ਤੋਂ 41 ਮਿੰਨੀ ਬੱਸਾਂ ਤੇ ਟਰੈਕਸਾਂ ਰਾਹੀਂ ਰਿਸ਼ੀਕੇਸ਼ ਲਈ ਭੇਜੇ ਗਏ ਸਨ ਪਰ ਰਸਤੇ ਵਿਚ ਢਿੱਗਾਂ ਡਿੱਗਣ ਕਾਰਨ 3000 ਸ਼ਰਧਾਲੂਆਂ ਨੂੰ ਗੁਰਦੁਆਰਾ ਨਦਰਾਸੂ ਸਾਹਿਬ ਵਿਖੇ ਠਹਿਰਾਇਆ ਗਿਆ ਹੈ।
ਸਰਕਾਰੀ ਸੂਤਰਾਂ ਅਨੁਸਾਰ ਹੁਣ ਤੱਕ 6300 ਸ਼ਰਧਾਲੂ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀਆਂ ਵੱਖ ਵੱਖ ਬੱਸਾਂ ਰਾਹੀਂ ਰਾਜ ਵਿਚ ਪਹੁੰਚ ਚੁੱਕੇ ਹਨ। ਹੇਮਕੁੰਟ ਸਾਹਿਬ ਤੋਂ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਣ ਪਿੱਛੋਂ ਤੇ ਫਿਰ ਜੋਸ਼ੀ ਮੱਠ ਤੋਂ ਰਵਾਨਾ ਕਰਕੇ ਪੰਜਾਬ ਸਰਕਾਰ ਦੀਆਂ ਰਾਹਤ ਟੀਮਾਂ ਵੱਲੋਂ ਆਪਣਾ ਧਿਆਨ ਬਦਰੀਨਾਥ ਵਿਖੇ ਰਾਹਤ ਕਾਰਜਾਂ ‘ਤੇ ਕੇਂਦਰਤ ਕੀਤਾ ਗਿਆ ਹੈ।
ਗੁਰਦੁਆਰਾ ਗੋਬਿੰਦ ਘਾਟ ਸਾਹਿਬ ਵਿਖੇ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਪਾਵਨ ਸਰੂਪ ਬਿਲਕੁਲ ਸੁਰੱਖਿਅਤ ਹਨ ਜੋ ਪ੍ਰਬੰਧਕਾਂ ਵੱਲੋਂ 17 ਜੂਨ ਨੂੰ ਅੰਮ੍ਰਿਤ ਵੇਲੇ ਪੂਰਨ ਮਰਿਆਦਾ ਅਨੁਸਾਰ ਕੱਢ ਲਏ ਗਏ ਸਨ ਤੇ ਇਸ ਵੇਲੇ ਗੁਰਦੁਆਰਾ ਜੋਸ਼ੀਮੱਠ ਦੇ ਸੁੱਖ ਆਸਣ ਅਸਥਾਨ ‘ਤੇ ਸੰਭਾਲੇ ਗਏ ਹਨ। ਕੁਦਰਤੀ ਆਫ਼ਤ ਵਾਲੀ ਘਟਨਾ ਵਾਲੇ ਦਿਨ ਦਾ ਵੇਰਵਾ ਦਿੰਦਿਆਂ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ 16 ਜੂਨ ਰਾਤ 11 ਵਜੇ ਦੇ ਕਰੀਬ ਪ੍ਰਸ਼ਾਸ਼ਨ ਵੱਲੋਂ ਪਾਣੀ ਆਉਣ ਦੀ ਅਗੇਤੀ ਸੂਚਨਾ ਮਿਲਣ ਕਾਰਨ ਸੰਗਤਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਸੀ ਜਿਸ ਕਾਰਨ ਗੋਬਿੰਦ ਘਾਟ ਵਿਖੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਅੱਧੀ ਰਾਤ ਵੇਲੇ ਜਦੋਂ ਨਦੀ ਦਾ ਪਾਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਦਾਖ਼ਲ ਹੋਣਾ ਸ਼ੁਰੂ ਹੋਇਆ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਹੇਠਲੀਆਂ ਮੰਜ਼ਲਾਂ ਤੋਂ ਸ਼ਰਧਾਲੂਆਂ ਨੂੰ ਤੇਜ਼ੀ ਨਾਲ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਗੋਬਿੰਦਘਾਟ ਵਿਖੇ 10 ਹਜ਼ਾਰ ਦੇ ਕਰੀਬ ਸ਼ਰਧਾਲੂ ਠਹਿਰੇ ਹੋਏ ਸਨ। ਸ਼ਰਧਾਲੂਆਂ ਦੀ ਜਾਨ ਸੁਰੱਖਿਅਤ ਕਰਨ ਤੋਂ ਬਾਅਦ ਜਿਉਂ-ਜਿਉਂ ਪਾਣੀ ਉਪਰ ਆਉਂਦਾ ਗਿਆ ਤਾਂ ਉਪਰਲੀਆਂ ਮੰਜ਼ਿਲਾਂ ਤੋਂ ਵੀ ਸ਼ਰਧਾਲੂਆਂ ਨੂੰ ਕੱਢ ਕੇ ਉੱਚੀਆਂ ਥਾਵਾਂ ਵੱਲ ਭੇਜ ਦਿੱਤਾ ਗਿਆ ਸੀ। ਵੱਡੇ ਤੜਕੇ ਚਾਰ ਵਜੇ ਦੇ ਕਰੀਬ ਪਾਵਨ ਸਰੂਪਾਂ ਨੂੰ ਦਰਬਾਰ ਹਾਲ ਤੇ ਸੁੱਖ ਆਸਣ ਅਸਥਾਨ ਤੋਂ ਸੁਰੱਖਿਅਤ ਤੇ ਸਤਿਕਾਰ ਸਹਿਤ ਕੱਢ ਕੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਰਿਹਾਇਸ਼ੀ ਮਕਾਨਾਂ ਨਾਲ ਬਣੇ ਕਮਰੇ ਵਿਚ ਸੁਸ਼ੋਭਿਤ ਕੀਤਾ ਗਿਆ। ਦੋ ਦਿਨ ਇਥੇ ਸੰਭਾਲਣ ਤੋਂ ਬਾਅਦ 18 ਜੂਨ ਨੂੰ ਇਨ੍ਹਾਂ ਸਰੂਪਾਂ ਨੂੰ ਇਕ ਵਿਸ਼ੇਸ਼ ਗੱਡੀ ਸਜਾ ਕੇ ਉਸ ਵਿਚ ਸੁਸ਼ੋਭਿਤ ਕੀਤਾ। 18 ਤੇ 19 ਜੂਨ ਦੋਵੇਂ ਦਿਨ ਇਹ ਸਰੂਪ ਇਸੇ ਗੱਡੀ ਵਿਚ ਸੰਭਾਲੇ ਗਏ। 20 ਜੂਨ ਨੂੰ ਫ਼ੌਜ ਦੇ ਹੈਲੀਕਾਪਟਰਾਂ ਦੀ ਗੋਬਿੰਦਘਾਟ ਵਿਖੇ ਸੇਵਾ ਸ਼ੁਰੂ ਹੋਣ ‘ਤੇ ਇਹ ਸਰੂਪ ਹੈਲੀਕਾਪਟਰ ਰਾਹੀਂ ਜੋਸ਼ੀਮੱਠ ਗੁਰਦੁਆਰਾ ਸਾਹਿਬ ਵਿਖੇ ਲਿਆਂਦੇ ਗਏ।
ਗੁਰਦੁਆਰਾ ਸਾਹਿਬ ਦੇ ਗਠੜੀ ਘਰ ਵਿਖੇ ਜਮ੍ਹਾ ਸ਼ਰਧਾਲੂਆਂ ਦੇ ਬੈਗਾਂ ਵਿਚੋਂ ਕੀਮਤੀ ਸਾਮਾਨ ਤੇ ਨਕਦੀ ਆਦਿ ਚੋਰੀ ਹੋਣ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਇਹ ਚੋਰੀਆਂ ਅਤੇ ਲੁੱਟ-ਖੋਹਾਂ ਦੀਆਂ ਵਾਰਦਾਤਾਂ ਇਸ ਇਲਾਕੇ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਕੀਤੀਆਂ ਹਨ ਜਿਨ੍ਹਾਂ ਵਿਚੋਂ ਤਿੰਨ ਮਰਦ ਤੇ ਦੋ ਔਰਤਾਂ ਨੂੰ ਉਨ੍ਹਾਂ ਖੁਦ ਰੰਗੇ ਹੱਥੀ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ ਪਰ ਇਨ੍ਹਾਂ ਵਿਰੁੱਧ ਕੀ ਕਾਰਵਾਈ ਹੋਈ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਵੀ ਇਨ੍ਹਾਂ ਲੋਕਾਂ ਨੇ ਹੀ ਭੰਨ ਕੇ ਲੁੱਟੀ ਹੈ। ਉਨ੍ਹਾਂ ਨੇ ਦਸਿਆ ਕਿ ਗੋਲਕ ਨੂੰ ਦਰਬਾਰ ਹਾਲ ਵਿਚੋਂ ਕੱਢ ਕੇ ਪੰਜਵੀਂ ਮੰਜ਼ਲ ‘ਤੇ ਰਖਵਾਇਆ ਸੀ ਪਰ ਜਿਉਂ ਹੀ ਪਾਣੀ ਦੀ ਮਾਰ ਵਧਣ ਕਾਰਨ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਤੇ ਸ਼ਰਧਾਲੂ ਇਥੋਂ ਨਿਕਲ ਗਏ ਤਾਂ ਇਨ੍ਹਾਂ ਲੋਕਾਂ ਨੇ ਆ ਕੇ ਗੋਲਕ ਲੁੱਟ ਲਈ। ਉਨ੍ਹਾਂ ਦੱਸਿਆ ਕਿ ਗੋਲਕ ਦੇ ਦੋ ਵੱਖ-ਵੱਖ ਹਿੱਸਿਆਂ ਵਿਚ ਚੜ੍ਹਾਵੇ ਦੀ ਮਾਇਆ ਹੁੰਦੀ ਹੈ ਤੇ ਚਾਰ ਜਿੰਦਰੇ ਲੱਗੇ ਸਨ ਜਿਨ੍ਹਾਂ ਵਿਚੋਂ ਦੋ ਨੂੰ ਉਹ ਤੋੜਨ ਵਿਚ ਕਾਮਯਾਬ ਰਹੇ।
________________________
ਕਿਸੇ ਕੰਮ ਨਾ ਆਇਆ ਪੰਜਾਬ ਦਾ ਹੈਲੀਕਾਪਟਰ
ਚੰਡੀਗੜ੍ਹ: ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰੀਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਉਤਰਾਖੰਡ ਵਿਚ ਪ੍ਰਾਈਵੇਟ ਹੈਲੀਕਾਪਟਰ ਭੇਜ ਕੇ ਭਾਵੇਂ ਚੰਗਾ ਪ੍ਰਚਾਰ ਕਰਕੇ ਜੱਸ ਖੱਟ ਲਿਆ ਹੈ ਪਰ ਸੱਚਾਈ ਇਹ ਹੈ ਕਿ ਇਹ ਹੈਲੀਕਾਪਟਰ ਜੌਲੀਗਰਾਂਟ ਹਵਾਈ ਅੱਡੇ ‘ਤੇ ਬਿਲਕੁਲ ਵਿਹਲਾ ਖੜ੍ਹਾ ਰਿਹਾ। ਇਹ ਅੱਡਾ ਦੇਹਰਾਦੂਨ ਦੇ ਨੇੜੇ ਹੈ।
ਇਸ ਹੈਲੀਕਾਪਟਰ ‘ਤੇ ਆਏ ਪੰਜਾਬ ਸਰਕਾਰ ਦੇ ਅਧਿਕਾਰੀ ਇਸ ਨੂੰ ਇਥੇ ਖੜ੍ਹਾ ਕੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ‘ਤੇ ਚੜ੍ਹ ਕੇ ਗੁਰਦੁਆਰਾ ਗੋਬਿੰਦਧਾਮ ਰਵਾਨਾ ਹੋ ਗਏ। ਪੰਜਾਬ ਸਰਕਾਰ ਦੀ ਟੀਮ ਨੇ ਦਾਅਵਾ ਕੀਤਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਰਾਹਤ ਕਾਰਜਾਂ ‘ਤੇ ਪੂਰੀ ਨਜ਼ਰ ਰੱਖ ਰਹੇ ਹਨ ਜਦਕਿ ਉਹ ਵਿਦੇਸ਼ ਦੌਰੇ ‘ਤੇ ਸਨ।
ਉਧਰ, ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਬਾਰੇ ਪੰਜਾਬ ਸਰਕਾਰ ਦੇ ਦਾਅਵੇ ਵਿਚ ਕੋਈ ਦਮ ਨਹੀਂ ਕਿਉਂਕਿ ਪੰਜਾਬ ਤੋਂ ਆਇਆ ਹੈਲੀਕਾਪਟਰ ਤਾਂ ਜੌਲੀਗਰਾਂਟ ਹਵਾਈ ਅੱਡੇ ‘ਤੇ ਦੋ ਦਿਨ ਵਿਹਲਾ ਖੜ੍ਹਾ ਰਿਹਾ।
ਇਹ ਹੈਲੀਕਾਪਟਰ ਸਰਕਾਰ ਨੇ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਣ ਲਈ ਕਿਰਾਏ ‘ਤੇ ਲਿਆ ਸੀ। ਸ਼ ਬਿੰਦਰਾ ਨੇ ਕਿਹਾ ਕਿ ਇਸ ਵੇਲੇ 2800 ਸਿੱਖ ਸ਼ਰਧਾਲੂ ਗੋਬਿੰਦ ਧਾਮ ਵਿਚ ਫਸੇ ਹੋਏ ਸਨ ਤੇ ਪੰਜਾਬ ਦੇ ਹੈਲੀਕਾਪਟਰ ਨੇ ਇਕ ਵਾਰ ਵੀ ਗੋਬਿੰਦ ਧਾਮ ਵੱਲ ਉਡਾਨ ਨਹੀਂ ਭਰੀ। ਉਧਰ, ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਉਤਰਾਖੰਡ ਸਰਕਾਰ ਦੀ ਮਦਦ ਲਈ ਹੈਲੀਕਾਪਟਰ ਭੇਜਿਆ ਗਿਆ ਹੈ ਤੇ ਹੁਣ ਉਸ ਤੋਂ ਕੰਮ ਤਾਂ ਉਥੋਂ ਦੀ ਸਰਕਾਰ ਨੇ ਹੀ ਲੈਣਾ ਹੈ।

Be the first to comment

Leave a Reply

Your email address will not be published.