ਸ਼ਿਕਾਗੋ ਵਿਚ ਕਿਸਾਨ ਹਮਾਇਤੀ ਰੈਲੀ ਨੂੰ ਭਰਵਾਂ ਹੁੰਗਾਰਾ

ਸ਼ਿਕਾਗੋ (ਬਿਊਰੋ): ‘ਸ਼ਿਕਾਗੋ ਐਨ. ਆਰ. ਆਈ. ਫਾਰ ਫਾਰਮਰਜ਼’ ਗਰੁੱਪ ਅਤੇ ਸਿੱਖ ਤੇ ਸਾਊਥ ਏਸ਼ੀਅਨ ਭਾਈਚਾਰਿਆਂ ਦੇ ਪ੍ਰਤੀਨਿਧਾਂ ਨੇ ਲੰਘੇ ਐਤਵਾਰ ਕੜਾਕੇ ਦੀ ਠੰਢ ਵਿਚ ਚਾਰ ਸੌ ਤੋਂ ਵੱਧ ਦਾ ਵੱਡਾ ਇਕੱਠ ਕਰ ਕੇ ਭਾਰਤ ਵਿਚ ਕਿਸਾਨਾਂ ਖਿਲਾਫ ਪਾਸ ਕੀਤੇ ਗਏ ਖੇਤੀ ਬਿਲਾਂ ਦੇ ਵਿਰੋਧ ਵਿਚ ਸਫਲ ਰੈਲੀ ਕੀਤੀ। ਵਧੇਰੇ ਖਿੱਚ ਦੀ ਗੱਲ ਇਹ ਸੀ ਕਿ ਸਿੱਖ ਯੂਥ ਨੇ ਅੱਗੇ ਹੋ ਕੇ ਰੈਲੀ ਦੀ ਵਾਗਡੋਰ ਸੰਭਾਲੀ। ਪੂਰਾ ਤਸੱਲੀਯੋਗ ਪਲਾਨ ਤੇ ਇੰਤਜ਼ਾਮ ਨੌਜਵਾਨ ਲੜਕੇ ਤੇ ਲੜਕੀਆ ਨੇ ਕੀਤਾ, ਜੋ ਆਪਣੇ ਆਪਣੇ ਖੇਤਰ ਵਿਚ ਮਾਹਿਰ ਕਿੱਤੇ ਵਿਚ ਡਟੇ ਹੋਏ ਹਨ, ਪਰ ਉਨ੍ਹਾਂ ਦੇ ਹਿਰਦੇ ਵਿਚ ਨਾਇਨਸਾਫੀ ਖਿਲਾਫ ਇਨਕਲਾਬ ਦੀ ਅੱਗ ਭੜਕ ਰਹੀ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਤੇ ਭਾਰਤ ਦੇ ਹੋਰ ਵੱਡੇ ਸ਼ਹਿਰਾਂ ਵਿਚ ਕਿਸਾਨ ਅੰਦੋਲਨ ‘ਤੇ ਬੈਠੇ ਹਨ ਤੇ ਹੋਰ ਵਰਗਾਂ ਦੇ ਲੋਕ ਵੀ ਇਨ੍ਹਾਂ ਦੀ ਮਦਦ ‘ਤੇ ਆ ਖੜ੍ਹਾ ਹੋਏ ਹਨ ਤੇ ਗੁਹਾਰ ਪਾ ਰਹੇ ਹਨ ਕਿ ਇਹ ਕਾਨੂੰਨ ਨਾ ਸਿਰਫ ਗੈਰ-ਕਾਨੂੰਨੀ ਹਨ, ਸਗੋਂ ਪੂੰਜੀਪਤੀਆਂ ਦਾ ਆਮ ਇਨਸਾਨ ਨਾਲ ਸਰਾਸਰ ਧੱਕਾ ਹੈ। ਭਾਰਤ ਦੀ ਸੁਪਰੀਮ ਕੋਰਟ ਦੀ ਬਾਰ ਕੌਂਸਲ ਤੇ ਉਸ ਦੀਆਂ ਸ਼ਾਖਾਵਾਂ, ਦਿੱਲੀ ਹਾਈ ਕੋਰਟ ਦੀ ਬਾਰ ਕੌਂਸਲ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਇਨ੍ਹਾਂ ਕਾਨੂੰਨਾਂ ਨੂੰ ਗੈਰ ਕਾਨੂੰਨੀ ਕਰਾਰ ਦੇ ਚੁਕੀਆਂ ਹਨ, ਪਰ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਹਿੱਤ ਕਰਾਰ ਦੇਣ ‘ਤੇ ਤੁਲੀ ਹੋਈ ਹੈ।
ਸ਼ਿਕਾਗੋ ਦੇ ਡਾਊਨ ਟਾਊਨ ਵਿਚ ਕਰੀਬ ਦੋ ਘੰਟੇ ਹੋਈ ਰੈਲੀ ਪੂਰੀ ਦੀ ਪੂਰੀ ਸ਼ਾਂਤਮਈ ਤੇ ਜੋਸ਼ ਭਰਪੂਰ ਸੀ। ਰੈਲੀ ਵਿਚ ਨੇੜਲੇ ਸੂਬਿਆਂ ਵਿਸਕਾਨਸਿਨ, ਇੰਡੀਆਨਾ, ਮਿਸ਼ੀਗਨ ਤੇ ਓਹਾਇਓ ਤੋਂ ਵੀ ਲੋਕਾਂ ਨੇ ਸ਼ਮੂਲੀਅਤ ਕੀਤੀ। ਕਰੋਨਾ ਦੇ ਡਰ ਕਰ ਕੇ ਬਜੁਰਗਾਂ ਦੀ ਸ਼ਮੂਲੀਅਤ ਘੱਟ ਸੀ, ਪਰ ਬੱਚਿਆਂ ਨੇ ਇਸ ਰੈਲੀ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਲੋਕਾਂ ਦੇ ਗੂੜ੍ਹੇ ਹਰੇ ਰੰਗ ਦੀਆਂ ਪੱਗਾਂ ਬੰਨ੍ਹੀਆਂ ਤੇ ਬੀਬੀਆਂ ਨੇ ਚੁੰਨੀਆਂ ਲਈਆਂ ਹੋਈਆਂ ਸਨ। ਬਹੁਤਿਆਂ ਨੇ ਡੌਲਿਆਂ ‘ਤੇ ਗੂੜ੍ਹੇ ਹਰੇ ਕਿਸਾਨੀ ਰੰਗ ਦੇ ਰੀਬਨ ਬੰਨ੍ਹੇ ਹੋਏ ਸਨ।
ਰੈਲੀ ਦੀ ਸ਼ੁਰੂਆਤ ਕਰੀਬ ਇਕ ਵਜੇ ਗੁਰਦੁਆਰਾ ਵ੍ਹੀਟਨ ਦੇ ਹੈਡ ਗ੍ਰੰਥੀ ਭਾਈ ਮਹਿੰਦਰ ਸਿੰਘ ਨੇ ਅਰਦਾਸ ਨਾਲ ਕੀਤੀ। ਉਪਰੰਤ ਜੈਕਾਰੇ ‘ਤੇ ਜੈਕਾਰੇ ਵੱਜਣ ਨਾਲ ਉਚੀਆਂ ਇਮਾਰਤਾਂ ਗੂੰਜ ਉਠੀਆਂ। ਰੈਲੀ ਸ਼ਿਕਾਗੋ ਦੀ ਮਸ਼ਹੂਰ ਇਮਾਰਤ ਫੈਡਰਲ ਪਲਾਜ਼ਾ ‘ਤੇ ਕੀਤੀ ਗਈ ਤੇ ਇਮਾਰਤ ਦਾ ਵਿਹੜਾ ਇਕੱਠ ਨਾਲ ਪੂਰਾ ਭਰ ਗਿਆ ਸੀ। ‘ਜੈ ਜਵਾਨ, ਜੈ ਕਿਸਾਨ’, ‘ਨੋ ਫਾਰਮਰਜ਼, ਨੋ ਫੂਡ’, ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਇਨਕਲਾਬ ਜ਼ਿੰਦਾਬਾਦ’, ‘ਦੇਗ ਤੇਗ ਫਤਹਿ’ ਆਦਿ ਜੈਕਾਰੇ ਪੂਰੇ ਜੋਸ਼ ਨਾਲ ਵੱਜਦੇ ਰਹੇ। ਨੇੜਿਓਂ ਲੰਘਦੀਆਂ ਬੱਸਾਂ ਤੇ ਕਾਰਾਂ ਵਾਲਿਆਂ ਨੇ ਹਮਾਇਤ ਪ੍ਰਗਟਾਉਣ ਲਈ ਹਾਰਨ ਵਜਾਏ। ਕੁਝ ਲੋਕ ਸਿਹਤ ਕਰਕੇ ਜਾਂ ਠੰਢ ਕਰਕੇ ਕਾਰਾਂ ਵਿਚ ਤਖਤੀਆਂ ਲੈ ਕੇ ਚੱਕਰ ਲਾਉਂਦੇ ਰਹੇ। ਜਿਹੜੇ ਲੋਕ ਭਾਰਤ ਵਿਚ ਕਿਸਾਨ ਅੰਦੋਲਨ ਵਿਚ ਜਾਨਾਂ ਗਵਾ ਗਏ ਹਨ, ਉਨ੍ਹਾਂ ਨਮਿਤ ਉਨ੍ਹਾਂ ਦੀਆਂ ਫੋਟੋਆਂ ਫੁੱਲਾਂ ਸਮੇਤ ਸਟੈਂਡਾਂ ‘ਤੇ ਲਾਈਆਂ ਗਈਆਂ ਸਨ।
ਇਸ ਮੌਕੇ ਗੁਰਮੁਖ ਸਿੰਘ ਭੁੱਲਰ ਨੇ ਵੱਖ ਵੱਖ ਸਟੇਟਾਂ ਤੋਂ ਆਏ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਸਿਰਫ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਹੈ ਅਤੇ ਇਹ ਕਿਸੇ ਰਾਜਨੀਤਿਕ ਜਾਂ ਧਾਰਮਿਕ ਏਜੰਡੇ ‘ਤੇ ਨਹੀਂ ਹੈ। ਉਨ੍ਹਾਂ ਭਾਰਤ ਵਿਚ ਕਿਸਾਨ ਸੰਘਰਸ਼ ਵਿਚ ਆਪਣੇ ਯੋਗਦਾਨ ਪਾ ਰਹੇ ਬਜੁਰਗਾਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹੱਕਾਂ ਦੀ ਜੰਗ ਹੁਣ ਇਕੱਲੇ ਕਿਸਾਨਾਂ ਦੀ ਨਹੀਂ ਰਹਿ ਗਈ, ਸਗੋਂ ਇਸ ਕਾਫਲੇ ਵਿਚ ਉਹ ਕਿਰਤੀ ਮਜ਼ਦੂਰ ਤੇ ਹੋਰ ਵਰਗਾਂ ਦੇ ਲੋਕ ਵੀ ਸ਼ਾਮਲ ਹੋ ਗਏ ਹਨ, ਜੋ ਰੋਜ਼ੀ-ਰੋਟੀ ਲਈ ਲੜ ਰਹੇ ਹਨ। ਅਜਿਹੀਆਂ ਲਹਿਰਾਂ ਸਾਨੂੰ ਬੜਾ ਕੁਝ ਸਿਖਾ ਜਾਂਦੀਆਂ ਹਨ। ਉਨ੍ਹਾਂ ਰੈਲੀ ਦੌਰਾਨ ਕਿਸੇ ਵੀ ਤਰ੍ਹਾਂ ਦਾ ਮਤਭੇਦ ਭੁਲਾ ਕੇ ਤਹੱਮਲ ਨਾਲ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਕੁਝ ਬੁਲਾਰਿਆਂ ਨੇ ਨਵੇਂ ਖੇਤੀ ਕਾਨੂੰਨਾਂ ਤੇ ਧੱਕੇਸ਼ਾਹੀ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਕਾਰਪੋਰੇਟ ਵਕੀਲ ਕਿਰਨ ਕੌਰ ਗਿੱਲ ਨੇ ਕਾਨੂੰਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਵਰਾਜ ਅਭੀਮਾਨ ਸ਼ਿਕਾਗੋ ਦੀ ਮੋਤਿਕਾ ਅਨੰਦ ਨੇ ਭਾਰਤੀ ਹਕੂਮਤ ਦੀ ਘੱਟ ਗਿਣਤੀਆਂ ਨਾਲ ਵਧੀਕੀਆਂ ‘ਤੇ ਚਾਨਣਾ ਪਾਇਆ। ਅਮਨੀਤ ਕੌਰ ਨੇ ਸਿੱਖ ਵਿਰਸੇ ਦੀ ਮਹੱਤਤਾ ਬਾਰੇ ਦੱਸਿਆ ਕਿ ਸਿੱਖ ਨਾਇਨਸਾਫੀ ਖਿਲਾਫ ਹਮੇਸ਼ਾ ਡਟੇ ਰਹੇ ਹਨ, ਭਾਵੇਂ ਜਾਨ-ਧੜ ਦੀ ਬਾਜੀ ਲੱਗ ਜਾਵੇ। ਦਸੰਬਰ ਦਾ ਮਹੀਨਾ ਵੈਸੇ ਵੀ ਸਿੱਖਾਂ ਨੂੰ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ।
ਇੰਡੀਅਨ ਅਮੈਰਿਕਨ ਮੁਸਲਿਮ ਕੌਂਸਲ ਦੀ ਅਮੀਨਾ ਅਹਿਮਦ ਨੇ ਏਕਤਾ ਦਾ ਸੱਦਾ ਦਿੱਤਾ ਕਿ ਮੁਸਲਿਮ ਜਮਾਤ ਇਸ ਅਨਿਆਏ ਖਿਲਾਫ ਪੂਰਾ ਸਮਰਥਨ ਦੇਵੇਗੀ। ਪਰਮਿੰਦਰ ਸਿੰਘ ਮਾਨ ਨੇ ਭਾਜਪਾ ਸਰਕਾਰ ਦਾ ਫਿਰਕਾਪ੍ਰਸਤੀ ਰਵੱਈਆ ਚੇਤੇ ਕਰਵਾਇਆ।
ਰੈਲੀ ਵਿਚ ਕਰੋਨਾ ਨੂੰ ਮੁੱਖ ਰੱਖਦਿਆਂ ਮਾਸਕ ਪਾਉਣ ਦੀ ਜ਼ੋਰਦਾਰ ਅਪੀਲ ਕੀਤੀ ਗਈ। ਮੁਫਤ ਮਾਸਕ ਵੀ ਦਿੱਤੇ ਗਏ। ਠੰਢ ਤੋਂ ਬਚਾਓ ਲਈ ਗਰਮਾ ਗਰਮ ਚਾਹ ਤੇ ਸਮੋਸਿਆਂ ਦਾ ਇੰਤਜ਼ਾਮ ਸੀ। ਆਉਂਦੇ ਸਮੇਂ ਵੀ ਹੋਰ ਰੈਲੀਆਂ ਕਰਨ ਦੀ ਸੰਭਾਵਨਾ ਦਰਸਾਈ ਗਈ। ਰੈਲੀ ਵਿਚ ਪੇਪਰ ਵੀ ਵੰਡੇ ਗਏ, ਜਿਨ੍ਹਾਂ ‘ਤੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ।