ਦਿੱਲੀ ਨੂੰ ਖਿੱਚਾਂ ਪਾ ਰਿਹਾ ਹੈ ਪੰਜਾਬੀਆਂ ਦਾ ਸੇਵਾ-ਭਾਵਨਾ ਵਾਲਾ ਜਜ਼ਬਾ

ਨਵੀਂ ਦਿੱਲੀ: ਦਿੱਲੀ ਨੂੰ ਘੇਰਾ ਪਾਈ ਬੈਠੇ ਕਿਸਾਨਾਂ ਦਾ ਮੋਰਚਾ ਦਿੱਲੀ ਦੇ ਲੋਕਾਂ ਲਈ ਵੱਡੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਲੋਕ ਪਰਿਵਾਰਾਂ ਸਮੇਤ ਮੋਰਚੇ ਨੂੰ ਦੇਖਣ ਆ ਰਹੇ ਹਨ ਤੇ ਸਿੰਘੂ ਬਾਰਡਰ ਉਪਰ ਤਕਰੀਬਨ 15 ਕਿੱਲੋਮੀਟਰ ਵਿਚ ਜੀ.ਟੀ. ਰੋਡ ਉਪਰ ਲੱਗੇ ਮੋਰਚੇ ‘ਚ ਹਰ ਤਰ੍ਹਾਂ ਦੀ ਚਿੰਤਾ ਤੋਂ ਮੁਕਤ ਬੇਪ੍ਰਵਾਹ ਹੋ ਕੇ ਵਿਚਰਦੇ ਕਿਸਾਨਾਂ ਨੂੰ ਵੇਖਦਿਆਂ ਉਹ ਹੈਰਾਨ ਵੀ ਹੋ ਰਹੇ ਹਨ ਤੇ ਹਮਦਰਦੀ ਨਾਲ ਪਸੀਜਦੇ ਵੀ ਵੇਖੇ ਜਾਂਦੇ ਹਨ।

ਮੋਰਚੇ ‘ਚ ਖਾਸ ਕਰ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਦੇ ਘੁੰਮਦੇ ਕਾਫਲੇ ਦੇਖ ਕੇ ਲੱਗਦਾ ਹੈ ਜਿਵੇਂ ਖੇਤਰ ਦੇ ਲੋਕ ਸੰਘਰਸ਼ੀ ਮੋਰਚੇ ਨੂੰ ਜਸ਼ਨ ਮਨਾਉਣ ਵਜੋਂ ਲੈ ਰਹੇ ਹਨ। ਦਿੱਲੀ ਤੋਂ ਆਏ ਇਕ ਨੌਜਵਾਨ ਵਪਾਰੀ ਤੇ ਨੌਕਰੀ ਕਰਦੀ ਦੋਸਤ ਤਾਂ ਕਿਸਾਨਾਂ ਦੇ ਲੱਗੇ ਲੰਗਰਾਂ ਤੋਂ ਹੀ ਏਨੇ ਪ੍ਰਭਾਵਿਤ ਸਨ ਕਿ ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਕਿਸ ਮਿੱਟੀ ਦੇ ਲੋਕ ਹਨ। ਉਹ ਆਖ ਰਹੇ ਸਨ ਕਿ ਸਾਨੂੰ ਤਾਂ ਟੀ.ਵੀ. ਚੈਨਲ ਵੇਖ ਕੇ ਕੁਝ ਹੋਰ ਹੀ ਲੱਗਦਾ ਸੀ ਪਰ ਇਥੇ ਆ ਕੇ ਤਾਂ ਗੱਲ ਹੀ ਹੋਰ ਪਤਾ ਲੱਗੀ ਹੈ ਤੇ ਖਾਸਕਰ ਪੰਜਾਬ ਤੇ ਪੰਜਾਬੀਆਂ ਬਾਰੇ ਉਨ੍ਹਾਂ ਦੀ ਸੋਚ ਹੀ ਬਦਲ ਗਈ ਹੈ।
ਸਿੰਘੂ ਤੇ ਟਿਕਰੀ ਬਾਰਡਰਾਂ ਉਪਰ ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਖਿਲਾਫ 26-27 ਨਵੰਬਰ ਤੋਂ ਚੱਲ ਰਹੇ ਧਰਨਿਆਂ ਦੌਰਾਨ ਲੋਕਾਂ ਵੱਲੋਂ ਰੱਜ ਕੇ ਕੀਤੀ ਮਦਦ ਸਦਕਾ ਇਥੇ ਖਾਣ-ਪੀਣ ਦੀ ਕੋਈ ਕਮੀ ਨਹੀਂ ਹੈ। ਕੌਮਾਂਤਰੀ ਤੇ ਕੌਮੀ ਪੱਧਰ ਦੀਆਂ ਜਥੇਬੰਦੀਆਂ ਵੱਲੋਂ ਥਾਂ-ਥਾਂ ਲੰਗਰ ਲਾਏ ਹੋਏ ਹਨ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਆਪਣੇ ਪੱਧਰ ਉਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਖਾਲਸਾ ਏਡ, ਯੂਨਾਈਟਿਡ ਸਿੱਖਸ, ਬ੍ਰਿਟਿਸ਼ ਸਿੱਖ ਕੌਂਸਲ, ਹਜ਼ੂਰ ਸਾਹਿਬ ਨਾਂਦੇੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਦੀਆਂ ਵੱਖ-ਵੱਖ ਸਥਾਨਕ ਕਮੇਟੀਆਂ ਤੇ ਸੰਸਥਾਵਾਂ, ਕਈ ਯੂਥ ਕਲੱਬਾਂ ਵੱਲੋਂ ਦੋਵਾਂ ਬਾਰਡਰਾਂ ਉਪਰ ਸਟਾਲ ਲਾ ਕੇ ਲੰਗਰ ਲਾਏ ਹੋਏ ਹਨ। ਪਕੌੜੇ, ਮੂੰਗਫਲੀ, ਕੇਲੇ ਤੇ ਸੇਬ ਥਾਂ-ਥਾਂ ਵੰਡੇ ਜਾ ਰਹੇ ਹਨ। ਤੜਕੇ ਹੀ ਚਾਹ ਦੇ ਲੰਗਰ ਤਿਆਰ ਹੋ ਜਾਂਦੇ ਹਨ ਜਿਥੇ ਧਰਨੇ ਵਿਚ ਹਿੱਸਾ ਲੈਣ ਵਾਲਿਆਂ ਨੂੰ ਹਲਕੇ ਭੋਜਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਹਰਿਆਣਾ ਤੋਂ ਕਿਸਾਨ ਆ ਕੇ ਧਰਨਾਕਾਰੀਆਂ ਲਈ ਖਾਣ ਦਾ ਸਾਮਾਨ ਪੁੱਜਦਾ ਕਰ ਰਹੇ ਹਨ। ਬਦਾਮ ਵੀ ਵੰਡੇ ਜਾਂਦੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਡਾਲ ਵਿਚ ਬਦਾਮਾਂ ਦੀ ਠੰਢਿਆਈ ਰੋਜ਼ਾਨਾ ਵਰਤਾਈ ਜਾ ਰਹੀ ਹੈ। ਨਿਹੰਗਾਂ ਵੱਲੋਂ ਵੀ ਖਾਣੇ ਦੇ ਸਮੁੱਚੇ ਪ੍ਰਬੰਧ ਕੀਤੇ ਹੋਏ ਹਨ।
_________________________________________________
ਕੇਂਦਰੀ ਤਜਵੀਜ਼ ਰੱਦ ਕਰਨ ਮਗਰੋਂ ਪੰਜਾਬ ‘ਚ ਹੋਰ ਭਖਿਆ ਅੰਦੋਲਨ
ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਸਵਾ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਰਵੱਈਏ ਤੋਂ ਬਾਅਦ ਸੂਬੇ ਵਿਚ ਸੰਘਰਸ਼ ਤੇਜ਼ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸੂਬੇ ਵਿਚ ਅੰਦੋਲਨ ਦੀ ਅਗਵਾਈ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ 100 ਤੋਂ ਵੱਧ ਥਾਵਾਂ ਉਤੇ ਧਰਨਾ-ਪ੍ਰਦਰਸ਼ਨ ਕੀਤੇ ਗਏ।
ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਥਾਂ ਸੋਧਾਂ ਦਾ ਪ੍ਰਸਤਾਵ ਭੇਜੇ ਜਾਣ ਦੀ ਨਿੰਦਾ ਕਰਦਿਆਂ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਜੋਟੀਦਾਰਾਂ ਦੇ ਭਰਮ-ਭੁਲੇਖੇ ਵੀ ਦੂਰ ਕਰੇਗਾ ਤੇ ਹੰਕਾਰ ਵੀ ਤੋੜੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਮਨ ਦੀ ਬਾਤ ਸੁਣਾਉਣ ਵਾਲੇ ਪ੍ਰਧਾਨ ਮੰਤਰੀ ਦੀ ਅਸਲੀਅਤ ਹੁਣ ਸਾਹਮਣੇ ਆ ਗਈ ਹੈ ਕਿ ਲੱਖਾਂ ਲੋਕ ਦੋ ਮਹੀਨਿਆਂ ਦੇ ਵੀ ਵੱਧ ਸਮੇਂ ਤੋਂ ਸੜਕਾਂ ਉਤੇ ਬੈਠੇ ਹਨ ਪ੍ਰੰਤੂ ਉਨ੍ਹਾਂ ਨੂੰ ਲੋਕਾਂ ਦੇ ਮਨ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ।
ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤਾਨਾਸ਼ਾਹ ਵਾਂਗ ਵਿਚਰ ਰਹੇ ਹਨ ਅਤੇ ਤਾਨਾਸ਼ਾਹਾਂ ਦਾ ਹੰਕਾਰ ਜਨਤਾ ਹੀ ਤੋੜਦੀ ਆਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਪੂਰੇ ਭਾਰਤ ਵਿਚ ਫੈਲਾਉਣ ‘ਚ ਉਭਰਵਾਂ ਰੋਲ ਨਿਭਾਉਂਦਿਆਂ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੱਕੇ ਦਿੱਲੀ ਮੋਰਚੇ ਵਿਚ ਲਾਮਿਸਾਲ ਸ਼ਮੂਲੀਅਤ ਤੋਂ ਇਲਾਵਾ ਪੰਜਾਬ ਦੇ 12 ਜ਼ਿਲ੍ਹਿਆਂ ਵਿਚ ਵੀ ਭਾਜਪਾ ਆਗੂਆਂ ਦੇ ਘਰਾਂ ਅਤੇ ਕਾਰਪੋਰੇਟ ਕਾਰੋਬਾਰਾਂ ਦੇ 40 ਥਾਈਂ ਧਰਨੇ ਜਾਂ ਘਿਰਾਓ ਦਿਨ-ਰਾਤ ਜਾਰੀ ਹਨ।