ਸਿਨਸਿਨੈਟੀ ਵਿਚ ਕਿਸਾਨ ਸੰਘਰਸ਼ ਦੀ ਹਮਾਇਤ ‘ਚ ਵਿਸ਼ਾਲ ਰੈਲੀ

ਸਿਨਸਿਨੈਟੀ, ਓਹਾਇਓ (ਬਿਊਰੋ): ਭਾਰਤ ਦੇ ਵੱਖ ਵੱਖ ਰਾਜਾਂ ਦੇ ਕਿਸਾਨਾਂ ਵਲੋਂ ਦਿੱਲੀ ਵਿਖੇ ਚੱਲ ਰਹੇ ਕੇਂਦਰੀ ਸਰਕਾਰ ਦੇ ਕਿਸਾਨ ਮਾਰੂ ਜਬਰ ਵਿਰੁਧ ਭਾਰਤੀ ਲੋਕਾਂ ਅਤੇ ਖਾਸ ਕਰ ਪੰਜਾਬ ਦੇ ਅਮਰੀਕਾ ਵਿਚ ਰਹਿੰਦੇ ਲੋਕਾਂ ਨੇ ਵਿਸ਼ਾਲ ਰੈਲੀ ਕੱਢ ਕੇ ਕਿਸਾਨਾਂ ਦੇ ਹੱਕ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਰੈਲੀ ਵਿਚ ਚਾਰ ਸੌ ਤੋਂ ਵੱਧ ਕਾਰਾਂ ਤੇ ਹੋਰ ਵਹੀਕਲਾਂ ਰਾਹੀਂ ਦੋ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਹ ਰੈਲੀ ਸਿਨਸਿਨੈਟੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਕੇਂਦਰਾਂ ਤੋਂ ਹੁੰਦੀ ਹੋਈ ਵੈਸਟ ਚੈਸਟਰ ਦੇ ਯੂਨੀਅਨ ਸਕੁਏਅਰ ਵਿਖੇ ਸ਼ਾਮ 5 ਵਜੇ ਸਮਾਪਤ ਹੋਈ। ਰੈਲੀ ਵਿਚ ਸਿਨਸਿਨੈਟੀ ਨਾਲ ਲੱਗਦੇ ਸ਼ਹਿਰਾਂ-ਡੇਅਟਨ, ਕੋਲੰਬਸ, ਲੂਈਵਿਸ, ਮਿਸ਼ੀਗਨ, ਇੰਡੀਆਨਾ ਤੇ ਹੋਰ ਸ਼ਹਿਰਾਂ ਵਿਚੋਂ ਆਏ ਲੋਕਾਂ ਨੇ ਕਿਸਾਨਾਂ ਦੇ ਹੱਕ ਵਿਚ ਜ਼ੋਰਦਾਰ ਵਿਖਾਵਾ ਕਰਦਿਆਂ ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ।

ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਤਰਲੋਚਨ ਸਿੰਘ, ਡਾ. ਸਤਿੰਦਰ ਸਿੰਘ ਭਰਾਜ, ਅਨਮੋਲ ਸਿੰਘ ਮਾਵੀ, ਹਰੀਸ ਵਰਮਾ (ਫਿਲਮ ਅਦਾਕਾਰ), ਬੌਬ ਖਹਿਰਾ, ਭੁਪਿੰਦਰ ਕੌਰ ਮਾਵੀ, ਗੁਰਦੀਪ ਸਿੱਧੂ, ਪਰਮਿੰਦਰ ਬਾਸੀ, ਜਤਿੰਦਰ ਕੌਰ, ਲਵਪ੍ਰੀਤ ਸਿੰਘ ਪਾਬਲਾ, ਐਰਕ ਸਿੰਘ, ਅਸੀਸ ਕੌਰ, ਪ੍ਰਿੰਸੀਪਲ ਰਣਦੀਪ ਧਾਰਨੀ, ਬਲਵਿੰਦ ਕੌਰ ਫੰਟੂ ਅਤੇ ਹੈਮਿਲਟਨ ਕਾਉਂਟੀ ਕਲਰਕ ਆਫ ਕੋਰਟ ਮਿਸਟਰ ਆਫਤਾਬ ਪੁਰੇਵਾਲ ਸ਼ਾਮਲ ਸਨ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਭਾਰਤ ਦੀ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਵਲੋਂ ਅਨੇਕਾਂ ਟੀ. ਵੀ. ਚੈਨਲਾਂ ‘ਤੇ ਦਬਾਅ ਪਾ ਕੇ ਕਿਸਾਨ ਸੰਘਰਸ਼ ਵਿਰੁਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਬਲਬੂਤੇ ਸੰਘਰਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਦੁਨੀਆਂ ਭਰ ਦੇ ਲੋਕਾਂ ਅਤੇ ਕਿਸਾਨਾਂ ਦੀ ਪੂਰੀ ਹਮਾਇਤ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਸਮੂਹ ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਨੂੰ ਕੇਂਦਰ ਸਰਕਾਰ ਚੰਗੀ ਤਰ੍ਹਾਂ ਜਾਣ ਰਹੀ ਹੈ, ਕਿਸਾਨਾਂ ਦੀ ਜਿੱਤ ਜਰੂਰ ਹੀ ਹੋਵੇਗੀ। ਬੁਲਾਰਿਆਂ ਨੇ ਕਿਹਾ ਕਿ ਇਸ ਸਮੇਂ ਕੇਂਦਰ ਸਰਕਾਰ ਨਾਲ ਸਬੰਧਤ ਭਾਜਪਾ ਦੇ ਐਮ. ਪੀ. ਤੇ ਹੋਰ ਬੁਲਾਰੇ ਫਿਰਕੂਪੁਣੇ ਨੂੰ ਹਵਾ ਦੇਣ ਲਈ ਹਰ ਤਰ੍ਹਾਂ ਦੇ ਗਲਤ ਰੁਝਾਨ ਵਿਚ ਲੱਗੇ ਹੋਏ ਹਨ।
ਬੁਲਾਰਿਆਂ ਨੇ ਮੁੱਖ ਤੌਰ ‘ਤੇ ਕਿਹਾ ਕਿ ਜੇ ਕੇਂਦਰ ਨੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਵਿਚ ਗਲਤ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਵਿਅਕਤੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਤੇ ਅਜਿਹਾ ਕਰ ਕੇ ਸਮੁੱਚੇ ਲੋਕ ਕਿਸਾਨੀ ਸੰਘਰਸ਼ ਨਾਲ ਸਬੰਧਤ ਹਨ। ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਰੈਲੀ ਦੀ ਸਟੇਜ ਦਾ ਸੰਚਾਲਨ ਕੁਮਾਰ ਪਵਨਦੀਪ ਨੇ ਕੀਤਾ।
__________________________
ਕਲੀਵਲੈਂਡ ਵਿਚ ਕਿਸਾਨਾਂ ਦੇ ਹੱਕ ‘ਚ ਰੋਸ ਮੁਜਾਹਰਾ
ਕਲੀਵਲੈਂਡ, ਓਹਾਇਓ (ਬਿਊਰੋ): ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਭਾਰਤ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਇਕ ਕਾਰ ਰੈਲੀ ਕੀਤੀ ਗਈ। ਸਭ ਤੋਂ ਪਹਿਲਾਂ ਸੋਲਨ ਦੇ ਕਮਿਊਨਿਟੀ ਸੈਂਟਰ ਵਿਚ ਆਲੇ-ਦੁਆਲੇ ਦਾ ਸਮੁੱਚਾ ਪੰਜਾਬੀ ਭਾਈਚਾਰਾ ਇੱਕਠਾ ਹੋਇਆ, ਜਿਸ ਵਿਚ ਕੋਲੰਬਸ ਅਤੇ ਸਿਨਸਿਨੈਟੀ ਤੋਂ ਵੀ ਪੰਜਾਬੀ ਪਰਿਵਾਰ ਸ਼ਾਮਲ ਹੋਣ ਲਈ ਆਏ ਹੋਏ ਸਨ। ਇਸ ਇਕੱਠ ਵਿਚ ਵੱਡੀ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ, ਬੱਚਿਆਂ, ਔਰਤਾਂ ਅਤੇ ਬਜੁਰਗਾਂ ਸਮੇਤ ਹਾਜਰ ਸਨ, ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਵਿਚ ਵੱਡੇ ਵੱਡੇ ਪੋਸਟਰ, ਬੈਨਰ ਅਤੇ ਲੋਗੋ ਫੜੇ ਹੋਏ ਸਨ। ਕਾਰ ਰੈਲੀ ਦੇ ਸ਼ੁਰੂ ਵਿਚ ਪ੍ਰਬੰਧਕਾਂ ਵਲੋਂ ਇਸ ਕਾਰ ਰੈਲੀ ਦੇ ਮਨੋਰਥ ਬਾਰੇ ਦੱਸਿਆ ਗਿਆ। ਸਭ ਨੂੰ ਮਾਸਕ ਪਾ ਕੇ ਅਤੇ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖ ਕੇ ਇਸ ਕਾਰ ਰੈਲੀ ਨੂੰ ਕਾਮਯਾਬ ਕਰਨ ਲਈ ਆਖਿਆ।
ਇਸ ਤੋਂ ਬਾਅਦ ਇਹ ਕਾਰ ਰੈਲੀ ਸੋਲਨ ਤੋਂ ਸ਼ੁਰੂ ਹੋਈ, ਜੋ ਵੱਖ ਵੱਖ ਸੜਕਾਂ ਰਾਹੀਂ ਹੁੰਦੀ ਹੋਈ ਕਲੀਵਲੈਂਡ ਡਾਊਨ ਟਾਊਨ ਵਿਚ ਪਹੁੰਚੀ। ਸਾਰੇ ਰੂਟ ਦੌਰਾਨ ਪੰਜਾਬੀ ਨੌਜਵਾਨਾਂ ਵਲੋਂ ਕਿਸਾਨਾਂ ਦੇ ਹੱਕ ਵਿਚ ਪੋਸਟਰ ਲਹਿਰਾਏ ਗਏ ਅਤੇ ਬੈਨਰਾਂ ਰਾਹੀਂ ਆਪਣਾ ਸੁਨੇਹਾ ਕਲੀਵਲੈਂਡ ਵਾਸੀਆਂ ਨੂੰ ਪਹੁੰਚਾਇਆ।
ਇਸ ਕਾਰ ਰੈਲੀ ਵਿਚ 500 ਤੋਂ ਜ਼ਿਆਦਾ ਕਾਰਾਂ ਸਨ। ਬਹੁਤ ਠੰਢੇ ਮੌਸਮ ਦੇ ਬਾਵਜੂਦ ਭਾਈਚਾਰੇ ਦੀ ਭਰਵੀਂ ਸ਼ਮੂਲੀਅਤ ਸਦਕਾ ਇਹ ਕਾਰ ਰੈਲੀ ਆਪਣਾ ਪ੍ਰਭਾਵ ਛੱਡਣ ਅਤੇ ਅਮਰੀਕਾ ਵਾਸੀਆਂ ਨੂੰ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਉਨ੍ਹਾਂ ਦੇ ਸੰਘਰਸ਼ ਬਾਰੇ ਸੁਚਾਰੂ ਸੁਨੇਹਾ ਪਹੁੰਚਾਉਣ ਵਿਚ ਕਾਮਯਾਬ ਰਹੀ।
______________________________
ਸਿਆਟਲ ਵਿਚ ਨੌਜਵਾਨ ਮੁੰਡੇ-ਕੁੜੀਆਂ ਵਲੋਂ ਰੋਸ ਮੁਜਾਹਰਾ
ਸਿਆਟਲ (ਬਿਊਰੋ): ਇਥੋਂ ਦੀ ਸਪੇਸ ਨੀਡਲ ਸਾਹਮਣੇ ਕਿਸਾਨਾਂ ਦੇ ਹੱਕ ਵਿਚ ਰੋਸ ਮੁਜਾਹਰਾ ਕੀਤਾ ਗਿਆ ਅਤੇ ਭਾਰਤ ਸਰਕਾਰ ਨੂੰ ਖੇਤੀ ਨਾਲ ਸਬੰਧਤ ਤਿੰਨੋਂ ਨਵੇਂ ਬਿਲ ਰੱਦ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਵੱਖ ਵੱਖ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਤੋਂ ਇਲਾਵਾ ਮਾਈਕਰੋਸੌਫਟ, ਬੋਇੰਗ, ਐਮਾਜ਼ਾਨ, ਸਟਾਰਬਕ ਕਾਫੀ, ਇਨਸਾਈਕਲੋਪੀਡੀਆ ਤੇ ਟੀ-ਮੋਬਾਈਲ ਵਿਚ ਉਚ ਅਹੁਦਿਆਂ ‘ਤੇ ਕੰਮ ਕਰ ਰਹੇ ਹਜ਼ਾਰ ਤੋਂ ਵੱਧ ਨੌਜਵਾਨ ਮੁੰਡੇ-ਕੁੜੀਆਂ ਨੇ ਰੋਸ ਮੁਜਾਹਰੇ ਵਿਚ ਸ਼ਾਮਲ ਹੋ ਕੇ ‘ਜੈ ਜਵਾਨ, ਜੈ ਕਿਸਾਨ’ ਅਤੇ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਾਏ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਭਾਰਤ ਸਰਕਾਰ ਵਲੋਂ ਕਿਸਾਨਾਂ ਨਾਲ ਧੱਕੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਸਾਨਾਂ ਦੇ ਬੱਚੇ ਹੀ ਅਮੀਰਕਾ-ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਪਹੁੰਚ ਕੇ ਰੋਸ ਮੁਜਾਹਰੇ ਕਰ ਰਹੇ ਹਨ। ਸਿਆਟਲ ਦੇ ਮੁਜਾਹਰੇ ਵਿਚ ਨੌਜਵਾਨਾਂ ਨੇ ਭਾਰਤ ਸਰਕਾਰ ‘ਤੇ ਏਕਤਾ ਭੰਗ ਕਰਨ ਦਾ ਦੋਸ਼ ਲਾਇਆ ਅਤੇ ਕਿਸਾਨਾਂ ਦਾ ਤਨ, ਮਨ, ਧਨ ਨਾਲ ਸਹਿਯੋਗ ਕਰਨ ਦੀ ਗੱਲ ਕਹੀ।