ਅਮਰੀਕਾ ਵੱਲੋਂ ਫਾਈਜ਼ਰ ਦੇ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ

ਵਾਸ਼ਿੰਗਟਨ: ਅਮਰੀਕਾ ਨੇ ਫਾਈਜ਼ਰ ਵੱਲੋਂ ਕੋਵਿਡ-19 ਦੇ ਇਲਾਜ ਲਈ ਬਣਾਏ ਗਏ ਟੀਕੇ ਦੀ ਐਮਰਜੈਂਸੀ ਹਾਲਤ ‘ਚ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵੈਕਸੀਨ ਸਾਰੇ ਅਮਰੀਕੀਆਂ ਨੂੰ ਮੁਫਤ ਮੁਹੱਈਆ ਕਰਵਾਈ ਜਾਵੇਗੀ। ਅਮਰੀਕਾ ਦੇ ਖੁਰਾਕ ਤੇ ਦਵਾ ਪ੍ਰਬੰਧਨ (ਐਫ਼ਡੀ.ਏ.) ਨੇ ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਅਤੇ ਉਸ ਦੀ ਸਹਿਯੋਗੀ ਜਰਮਨੀ ਦੀ ਬਾਇਓਐੱਨਟੈੱਕ ਵੱਲੋਂ ਤਿਆਰ ਵੈਕਸੀਨ ਦੀ ਐਮਰਜੈਂਸੀ ਵਰਤੋਂ ਅਧਿਕਾਰ (ਈ.ਏ.ਯੂ.) ਦੀ ਆਗਿਆ ਦਿੱਤੀ ਹੈ।

ਐਫ਼ਡੀ.ਏ. ਵੱਲੋਂ ਮਨਜ਼ੂਰੀ ਤੋਂ ਤੁਰਤ ਮਗਰੋਂ ਅਮਰੀਕੀ ਸਦਰ ਡੋਨਲਡ ਟਰੰਪ ਨੇ ਇਕ ਵੀਡੀਓ ਵਿਚ ਕਿਹਾ, ‘ਅੱਜ ਸਾਡੇ ਦੇਸ਼ ‘ਚ ਇਕ ਮੈਡੀਕਲ ਚਮਤਕਾਰ ਹੋਇਆ ਹੈ। ਅਸੀਂ ਸਿਰਫ 9 ਮਹੀਨਿਆਂ ਵਿਚ ਹੀ ਇਕ ਸੁਰੱਖਿਅਤ ਅਤੇ ਅਸਰਦਾਰ ਦਵਾਈ ਤਿਆਰ ਕੀਤੀ ਹੈ।’ ਟਰੰਪ ਨੇ ਕਿਹਾ, ‘ਇਤਿਹਾਸ ਵਿਚ ਵਿਗਿਆਨ ਦੀਆਂ ਮਹਾਨ ਪ੍ਰਾਪਤੀਆਂ ਵਿਚੋਂ ਇਹ ਇਕ ਹੈ। ਇਹ ਲੱਖਾਂ ਜ਼ਿੰਦਗੀਆਂ ਨੂੰ ਬਚਾਏਗਾ ਅਤੇ ਜਲਦੀ ਹੀ ਮਹਾਮਾਰੀ ਨੂੰ ਖਤਮ ਕਰੇਗਾ।’
ਅਮਰੀਕੀ ਸਦਰ ਨੇ ਕਿਹਾ, ‘ਮੈਨੂੰ ਇਹ ਕਹਿੰਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਯਕੀਨੀ ਬਣਾਇਆ ਕਿ ਇਹ ਟੀਕਾ ਸਾਰੇ ਅਮਰੀਕੀਆਂ ਨੂੰ ਮੁਫਤ ਮੁਹੱਈਆ ਕਰਵਾਇਆ ਜਾਵੇਗਾ।’ ਐਫ਼ਡੀ.ਏ. ਦੇ ਕਮਿਸ਼ਨਰ ਸਟੀਫਨ ਐਮ. ਹਹਨ ਨੇ ਇਸ ਨੂੰ ਕਰੋਨਾ ਮਹਾਮਾਰੀ ਖਿਲਾਫ ਇਕ ‘ਅਹਿਮ ਮੀਲ ਪੱਥਰ’ ਕਰਾਰ ਦਿੱਤਾ ਹੈ।
________________________________________
ਟੀਕਾ ਜਨਤਕ ਤੌਰ ‘ਤੇ ਲਵਾਵਾਂਗਾ: ਗੁਟੇਰੇਜ਼
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਟੀਕਾ ਆਉਣ ਉਤੇ ਉਹ ਖੁਦ ਲਗਵਾਉਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਜਨਤਕ ਤੌਰ ਉਤੇ ਅਜਿਹਾ ਕਰਨਾ ਚਾਹੁੰਦੇ ਹਨ ਕਿਉਂਕਿ ਉਸ ਦੇ ਲਈ ਟੀਕਾਕਰਨ ਕਰਵਾਉਣਾ ਪੂਰੇ ਭਾਈਚਾਰੇ ਪ੍ਰਤੀ ‘ਨੈਤਿਕ ਫਰਜ਼’ ਹੈ। ਗੁਟੇਰੇਜ਼ ਨੇ ਅੱਜ ਕਿਹਾ, ”ਜਦੋਂ ਵੀ ਟੀਕਾ ਉਪਲਬਧ ਹੋਵੇਗਾ, ਮੈਂ ਇਸ ਨੂੰ ਲਗਵਾਉਣ ਦੀ ਇੱਛਾ ਰੱਖਦਾ ਹਾਂ, ਚਾਹੇ ਕੋਈ ਵੀ ਸਥਿਤੀ ਹੋਵੇ। ਬੇਸ਼ੱਕ ਜਨਤਕ ਤੌਰ ‘ਤੇ ਟੀਕਾ ਲਗਵਾਉਣ ਵਿਚ ਮੈਨੂੰ ਕੋਈ ਔਖ ਨਹੀਂ ਹੋਵੇਗੀ।”
________________________________________
ਬਾਇਡਨ ਵੱਲੋਂ ਪਹਿਲੇ ਸੌ ਦਿਨਾਂ ‘ਚ 10 ਕਰੋੜ ਟੀਕਿਆਂ ਦਾ ਵਾਅਦਾ
ਵਾਸ਼ਿੰਗਟਨ: ਅਮਰੀਕਾ ਦੇ ਨਾਮਜ਼ਦ ਰਾਸ਼ਟਰਪਤੀ ਜੋਅ ਬਾਇਡਨ ਦਾ ਕਹਿਣਾ ਹੈ ਕਿ ਉਹ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿਚ ਸਭ ਲਈ ਮਾਸਕ ਲਾਜ਼ਮੀ ਕਰਨਗੇ, 10 ਕਰੋੜ ਟੀਕਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ ਅਤੇ ਜ਼ਿਆਦਾਤਰ ਸਕੂਲ ਖੋਲ੍ਹਣਗੇ। ਉਨ੍ਹਾਂ ਅਮਰੀਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ‘ਸੰਕਟ ਮੋਚਨ’ ਟੀਮ ਦੇ ਮਾਹਿਰਾਂ ਵਲੋਂ ਬਿਹਤਰ ਸਿਹਤ ਸੰਭਾਲ ਯਕੀਨੀ ਬਣਾਈ ਜਾਵੇਗੀ ਤੇ ਅਰਥਚਾਰੇ ਨੂੰ ਪੈਰਾਂ-ਸਿਰ ਕੀਤਾ ਜਾਵੇਗਾ।
________________________________________
ਪੰਜਾਬ ਨੇ ਕਰੋਨਾ ਟੀਕਾਕਰਨ ਲਈ ਤਿਆਰੀਆਂ ਖਿੱਚੀਆਂ
ਚੰਡੀਗੜ੍ਹ: ਪੰਜਾਬ ਦੇ 729 ਕੋਲਡ ਚੇਨ ਪੁਆਇੰਟਾਂ ਨਾਲ ਕੋਵਿਡ ਵੈਕਸੀਨ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਕੋਵਿਡ ਵੈਕਸੀਨ ਦੀ ਵਰਤੋਂ ਲਈ ਸੂਬੇ ਦੀ ਰਣਨੀਤੀ ਵਿਚ ਦੂਜੇ ਸੀਰੋ ਸਰਵੇਖਣ ਦੇ ਨਤੀਜੇ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਚ-ਜੋਖਮ ਵਾਲੀ ਆਬਾਦੀ ਨੂੰ ਤਰਜੀਹੀ ਆਧਾਰ ਉਤੇ ਕਵਰ ਕੀਤਾ ਜਾ ਸਕੇ।
ਸੂਬੇ ਵਿਚ ਕੋਵਿਡ ਸਥਿਤੀ ਦੀ ਸਮੀਖਿਆ ਲਈ ਉਚ ਪੱਧਰੀ ਵਰਚੁਅਲ ਮੀਟਿੰਗ ਵਿਚ ਮੁੱਖ ਮੰਤਰੀ ਨੇ ਤਰਜੀਹੀ ਆਧਾਰ ਉਤੇ ਤਿਆਰ ਸੂਚੀਆਂ ਦੇ ਡਾਟਾਬੇਸ, ਕੋਲਡ ਚੇਨ ਪ੍ਰਬੰਧਨ ਲਈ ਬੁਨਿਆਦੀ ਢਾਂਚੇ, ਟੀਕਾਕਰਨ ਕਰਨ ਵਾਲਿਆਂ ਦੀ ਪਛਾਣ ਅਤੇ ਸਿਖਲਾਈ, ਆਦਿ ਦੇ ਰੂਪ ‘ਚ ਵੈਕਸੀਨ ਦੀ ਸ਼ੁਰੂਆਤ ਲਈ ਸੂਬੇ ਦੀਆਂ ਤਿਆਰੀਆਂ ਦਾ ਜ਼ਿਕਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟੀਕਾਕਰਨ ਅਤੇ ਟੀਕਾਕਰਨ ਵਾਲੀ ਥਾਂ ਦੀ ਸੁਰੱਖਿਆ ਤੋਂ ਇਲਾਵਾ, ਸਹੀ ਤੇ ਸਮੇਂ ਸਿਰ ਜਾਣਕਾਰੀ ਦਾ ਆਦਾਨ-ਪ੍ਰਦਾਨ ਵੈਕਸੀਨ ਦੀ ਸਫਲ ਵਰਤੋਂ ਲਈ ਮਹੱਤਵਪੂਰਨ ਹਨ, ਜਿਸਦੇ ਭਾਰਤ ਵਿਚ ਜਲਦੀ ਉਪਲਬਧ ਹੋਣ ਦੀ ਉਮੀਦ ਹੈ। ਪੰਜਾਬ ਵਿਚ ਵੈਕਸੀਨ ਦੀ ਵੰਡ ਲਈ ਇਕ ਸੂਬਾ-ਪੱਧਰੀ ਵੈਕਸੀਨ ਸਟੋਰ, 22 ਜ਼ਿਲ੍ਹਾ ਪੱਧਰੀ ਵੈਕਸੀਨ ਸਟੋਰ ਅਤੇ 127 ਬਲਾਕ ਪੱਧਰੀ ਵੈਕਸੀਨ ਸਟੋਰ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ 570 ਕੋਲਡ ਚੇਨ ਪੁਆਇੰਟ ਹੋਣਗੇ। ਫਿਰੋਜ਼ਪੁਰ ਵਿਖੇ ਇਕ ਵਾਕ-ਇਨ ਫ੍ਰੀਜ਼ਰ ਤੋਂ ਇਲਾਵਾ, ਭਾਰਤ ਸਰਕਾਰ ਨੇ ਚੰਡੀਗੜ੍ਹ ਵਿਚ ਇਕ ਅਜਿਹਾ ਹੋਰ ਵਾਕ-ਇਨ ਫ੍ਰੀਜ਼ਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਕੋਲ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿਚ ਇਕ-ਇਕ ਵਾਕ-ਇਨ ਕੂਲਰ ਹੋਵੇਗਾ ਅਤੇ ਕੇਂਦਰ ਤੋਂ ਹੋਰ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਸੂਬੇ ਕੋਲ 1165 ਆਈਸ ਲਾਈਨਡ ਰੈਫਰੀਜ੍ਰੇਟਰ ਅਤੇ 1079 ਡੀਪ ਫ੍ਰੀਜ਼ਰ ਵੀ ਹਨ। ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲੇ ਪੜਾਅ ਦੇ ਟੀਕਾਕਰਨ ਲਈ ਸੂਬਾ ਸਰਕਾਰ ਵਲੋਂ ਤਕਰੀਬਨ 1.25 ਲੱਖ ਹੈਲਥ ਕੇਅਰ ਵਰਕਰਾਂ (ਸਰਕਾਰੀ ਅਤੇ ਨਿੱਜੀ) ਦਾ ਡਾਟਾ ਤਿਆਰ ਕੀਤਾ ਗਿਆ ਹੈ।
_______________________________________
ਸਰਵੇ: ਪੰਜਾਬ ਦੀ 24.19 ਫੀਸਦੀ ਵਸੋਂ ਕਰੋਨਾ ਪੀੜਤ
ਚੰਡੀਗੜ੍ਹ: ਸੂਬੇ ਦੇ 12 ਜ਼ਿਲ੍ਹਿਆਂ ਵਿਚ ਕਰਵਾਏ ਦੂਜੇ ਸੀਰੋ ਸਰਵੇ ਮੁਤਾਬਕ ਪੰਜਾਬ ਦੀ ਕੁੱਲ ਆਬਾਦੀ ‘ਚੋਂ 24.19 ਫੀਸਦੀ ਵਸੋਂ ਕਰੋਨਾ ਪਾਜ਼ੀਟਿਵ ਹੋ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਸਿਹਤ ਸਕੱਤਰ ਹੁਸਨ ਲਾਲ ਨੇ ਚੋਣਵੇਂ ਜ਼ਿਲ੍ਹਿਆਂ ਅਤੇ ਆਬਾਦੀ ਉਤੇ ਕੀਤੇ ਸਰਵੇ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਕੁੱਲ 4678 ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਖੂਨ ਦੇ ਨਮੂਨੇ ਵੀ ਲਏ ਗਏ। ਇਨ੍ਹਾਂ ਵਿਚੋਂ 1201 ਵਿਅਕਤੀ ਆਈ.ਜੀ.ਜੀ. ਰਿਐਕਟਿਵ (ਐਂਟੀਬਾਡੀ) ਪਾਏ ਗਏ ਜਿਨ੍ਹਾਂ ਵਿਚੋਂ ਸਿਰਫ 4.03 ਫੀਸਦੀ ‘ਚ ਲੱਛਣ ਪਾਏ ਗਏ ਜਦ ਕਿ 95.9 ਫੀਸਦੀ ਲੱਛਣਾਂ ਤੋਂ ਰਹਿਤ ਮਿਲੇ। ਸ਼ਹਿਰੀ ਇਲਾਕਿਆਂ ਵਿਚ 30.5 ਫੀਸਦੀ ਪਾਜ਼ੀਟਿਵ ਦਰ ਜਦਕਿ ਪੇਂਡੂ ਇਲਾਕਿਆਂ ‘ਚ 21.0 ਫੀਸਦੀ ਪਾਜ਼ੀਟਿਵ ਦਰ ਪਾਈ ਗਈ। ਲੁਧਿਆਣਾ ‘ਚ ਇਸ ਦੀ ਸਭ ਤੋਂ ਵੱਧ ਮਾਰ ਪਈ ਜਿਸ ਦੀ ਕੁੱਲ ਪਾਜ਼ੀਟਿਵ ਦਰ 54.6 ਫੀਸਦੀ ਪਾਈ ਗਈ ਜਦਕਿ ਸ਼ਹਿਰੀ ਖੇਤਰਾਂ ‘ਚ ਇਹ ਦਰ 71.7 ਫੀਸਦੀ ਪਾਈ ਗਈ। ਇਸ ਤੋਂ ਬਾਅਦ ਫਿਰੋਜ਼ਪੁਰ, ਜਲੰਧਰ ਅਤੇ ਐਸ਼ਏ.ਐਸ਼ ਨਗਰ (ਮੋਹਾਲੀ) ਵੱਧ ਪ੍ਰਭਾਵਿਤ ਹੋਏ। ਸ਼ਹਿਰੀ ਅਤੇ ਪੇਂਡੂ ਇਲਾਕਿਆਂ ‘ਚ ਔਰਤਾਂ ‘ਚ ਪਾਜ਼ੀਟਿਵ ਦਰ ਵੱਧ ਪਾਈ ਗਈ।