ਬੂਟਾ ਸਿੰਘ
ਫੋਨ: 91-94634-74342
ਉਤਰਾਖੰਡ ਵਿਚ ਬੱਦਲ ਫਟਣ, ਭਾਰੀ ਬਾਰਿਸ਼ ਪੈਣ ਤੇ ਪਹਾੜਾਂ ਦੇ ਧਸ ਜਾਣ ਨਾਲ ਕੇਦਾਰਨਾਥ ਧਾਮ ਤੋਂ ਇਲਾਵਾ ਰੁਦਰਪ੍ਰਯਾਗ, ਚਮੋਲੀ, ਉਤਰਕਾਸ਼ੀ ਅਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਵਿਚ ਹੋਈ ਭਿਆਨਕ ਜਾਨੀ ਤੇ ਮਾਲੀ ਤਬਾਹੀ ਦਾ ਸਹੀ ਵੇਰਵਾ ਸ਼ਾਇਦ ਹੀ ਕਦੇ ਸਾਹਮਣੇ ਆਵੇ। ਅਸਲ ਵਿਚ ਕਿੰਨੇ ਲੋਕਾਂ ਦੀਆਂ ਜਾਨਾਂ ਇਸ ਤਬਾਹੀ ਨੇ ਲੈ ਲਈਆਂ, ਇਸ ਬਾਰੇ ਨਿਰੇ ਅੰਦਾਜ਼ੇ ਹੀ ਹਨ। 70,000 ਲੋਕ ਅਜੇ ਤੱਕ ਲਾਪਤਾ ਹਨ। ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਯਮਨੋਤਰੀ ਤੇ ਹੇਮਕੁੰਟ ਵਿਚ ਦਹਿ ਹਜ਼ਾਰਾਂ ਲੋਕ ਫਸੇ ਹੋਏ ਦੱਸੇ ਜਾਂਦੇ ਹਨ। ਤੀਰਥ ਯਾਤਰੀਆਂ ਤੇ ਹੋਰ ਸੈਲਾਨੀਆਂ ਤੋਂ ਇਲਾਵਾ ਸਥਾਨਕ ਲੋਕਾਂ ਦਾ ਜੋ ਬੇਸ਼ੁਮਾਰ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਉਸ ਦੀ ਥਾਹ ਪਾਉਣਾ ਮੁਸ਼ਕਿਲ ਹੈ। ਭਾਰੀ ਬੱਦਲ ਫਟੇ, ਚਟਾਨ ਤੇ ਬਰਫ਼ ਦਾ ਗਲੇਸ਼ੀਅਰ ਨੁਮਾ ਕੇਦਾਰ ਗੁੰਬਦ ਲੁੜਕ ਗਿਆ ਅਤੇ ਫਿਰ 3600 ਮੀਟਰ ਦੀ ਉਚਾਈ ‘ਤੇ ਚਾਰਬਾਰੀ ਝੀਲ ‘ਚ ਵੱਡਾ ਪਾੜ ਪੈ ਗਿਆ। ਲਗਾਤਾਰ ਮੋਹਲੇਧਾਰ ਮੀਂਹ ਅਤੇ ਪਹਾੜ ਧਸਣ ਨਾਲ ਪਹਾੜਾਂ ਵਿਚਲਾ ਖੇਤਰ ਭਾਰੀ ਹੜ੍ਹ ਅਤੇ ਗਾਰ ਦੀ ਲਪੇਟ ਵਿਚ ਆ ਕੇ ਇਸ ਕਦਰ ਡੁੱਬ ਗਿਆ ਕਿ ਹੈਲੀਕਾਪਟਰਾਂ ਤੋਂ ਲਈਆਂ ਤਸਵੀਰਾਂ ਵਿਚ ਹੇਠਾਂ ਕੁਝ ਵੀ ਨਜ਼ਰ ਨਹੀਂ ਪੈ ਰਿਹਾ। ਐਪਰ, ਇਸ ਖੇਤਰ ਵਿਚ ਤਬਾਹੀ ਦੀ ਜੋ ਤਸਵੀਰ ਮੀਡੀਆ ਵਿਚ ਪੇਸ਼ ਕੀਤੀ ਜਾ ਰਹੀ ਹੈ, ਉਹ ਅੱਧਾ ਅਧੂਰਾ ਸੱਚ ਅਤੇ ਇਕਤਰਫ਼ਾ ਹੈ। ਇਸ ਵਿਚ ਉਥੇ ਫਸੇ ਯਾਤਰੀਆਂ ਨੂੰ ਦਰਪੇਸ਼ ਭਾਰੀ ਮੁਸ਼ਕਿਲਾਂ ਅਤੇ ਜੰਗੀ ਪੱਧਰ ‘ਤੇ ਸਰਕਾਰੀ ਰਾਹਤ ਕਾਰਜਾਂ ਦਾ ਜ਼ਿਕਰ ਤਾਂ ਹੈ ਪਰ ਉਨ੍ਹਾਂ ਬੁਨਿਆਦੀ ਕਾਰਨਾਂ ਦੀ ਚਰਚਾ ਨਹੀਂ ਕੀਤੀ ਜਾਂਦੀ ਜਿਨ੍ਹਾਂ ਕਾਰਨ ਕੁਦਰਤ ਐਨੀ ਬੇਰਹਿਮੀ ਨਾਲ ਪੇਸ਼ ਆਈ। ਸਥਾਨਕ ਲੋਕਾਂ, ਉਨ੍ਹਾਂ ਦੀ ਆਰਥਿਕਤਾ ਦੇ ਵਿਨਾਸ਼, ਪੌਣਪਾਣੀ ਵਿਚ ਆਈ ਭਿਆਨਕ ਰੱਦੋ-ਬਦਲ ਅਤੇ ਇਸ ਦੇ ਖ਼ੌਫ਼ਨਾਕ ਭਵਿਖੀ ਅਸਰਾਂ ਦੀ ਚਰਚਾ ਗ਼ੈਰਹਾਜ਼ਰ ਹੈ। ਇਸ ਖੇਤਰ ਦੀ ਆਰਥਿਕਤਾ ਐਨੀ ਬਰਬਾਦ ਹੋ ਗਈ ਹੈ ਕਿ ਇਸ ਨੂੰ ਪਹਿਲੀ ਹਾਲਤ ਵਿਚ ਆਉਣ ਲਈ ਕਈ ਵਰ੍ਹੇ ਲੱਗ ਜਾਣਗੇ। ਥੋੜ੍ਹੇ ਸਮੇਂ ਵਿਚ ਹੀ ਉਤਰਾਖੰਡ ਦੇ ਲੋਕ ਦੂਜੀ ਵਾਰ ਉਜਾੜੇ ਦੀ ਮਾਰ ਹੇਠ ਆਏ ਹਨ। ਪਹਿਲਾਂ ‘ਵਿਕਾਸ’ ਦੇ ਨਾਂ ਹੇਠ ਵਿਕਾਸ ਪ੍ਰੋਜੈਕਟਾਂ ਜ਼ਰੀਏ ਅਤੇ ਹੁਣ ਉਸ ਤਬਾਹੀ ਰਾਹੀਂ ਜਿਸ ਨੂੰ ਕੁਦਰਤੀ ਆਫ਼ਤ ਕਹਿ ਕੇ ਹੁਕਮਰਾਨ ਆਪਣੇ ਮੁਜਰਮਾਨਾ ਕਿਰਦਾਰ ‘ਤੇ ਪਰਦਾ ਪਾਉਣ ਦਾ ਯਤਨ ਕਰ ਰਹੇ ਹਨ। ਜਿਹੜੀ ਸਰਕਾਰ ਅੱਜ ਜੰਗੀ ਪੱਧਰ ‘ਤੇ ਰਾਹਤ ਕਾਰਜਾਂ ਦੀ ਫ਼ੁਰਤੀ ਦਿਖਾ ਰਹੀ ਹੈ ਅਤੇ ਜਿਹੜਾ ਮੀਡੀਆ ਅੱਜ ਇਸ ਤਬਾਹੀ ਨੂੰ ਵੱਡੀ ਸੁਰਖ਼ੀਆਂ ਬਣਾ ਕੇ ਟੀæਆਰæਪੀæ ਨੂੰ ਜ਼ਰਬਾਂ ਦੇ ਰਿਹਾ ਹੈ, ਇਨ੍ਹਾਂ ਵਿਚੋਂ ਕਿਸੇ ਨੇ ਵੀ ਉਥੇ ਵਿਕਾਸ ਦੇ ਨਾਂ ਹੇਠ ਕੀਤੀ ਜਾ ਰਹੀ ਵਸੀਹ ਤਬਾਹੀ ਦਾ ਕਦੇ ਗੰਭੀਰਤਾ ਨਾਲ ਨੋਟਿਸ ਨਹੀਂ ਲਿਆ।
ਕੀ ਇਹ ਕੁਦਰਤੀ ਆਫ਼ਤ ਸੀ ਜਾਂ ਵਿਕਾਸ ਮਾਡਲ ਵਲੋਂ ਬੀਜੀ ਕੰਡਿਆਂ ਦੀ ਫ਼ਸਲ ਦਾ ਲਾਜ਼ਮੀ ਫ਼ਲ? ਇਸ ਬੁਨਿਆਦੀ ਸਵਾਲ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਥੇ ਕੁਦਰਤੀ ਆਫ਼ਤਾਂ ਅਕਸਰ ਹੀ ਆਉਂਦੀਆਂ ਰਹਿੰਦੀਆਂ ਹਨ, ਪਰ ਐਨੀ ਭਿਆਨਕ ਤਬਾਹੀ ਵਿਕਾਸ ਮਾਡਲ ਦਾ ਸਿੱਟਾ ਹੈ ਜੋ ਖ਼ੁਦ ਇਸ ਪ੍ਰਬੰਧ ਦਾ ਹੀ ਪੈਦਾ ਕੀਤਾ ਹੋਇਆ ਸੀ। ਹੁਕਮਰਾਨਾਂ ਨੇ ਆਰਥਿਕ ਵਿਕਾਸ ਦਾ ਜਿਸ ਤਰ੍ਹਾਂ ਦਾ ਤਰਕਹੀਣ ਮਾਡਲ ਅਪਣਾਇਆ ਹੋਇਆ ਹੈ, ਉਸ ਨੇ ਕੁਦਰਤ ਦੇ ਸਮਤੋਲ ਅਤੇ ਹੁਲੀਏ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ। ਮੁਨਾਫ਼ਾਮੁਖੀ ‘ਵਿਕਾਸ’ ਦੀ ਅੰਨ੍ਹੀ ਦੌੜ ਨੇ ਜੰਗਲਾਂ, ਦਰਿਆਵਾਂ, ਪਹਾੜਾਂ, ਮੈਦਾਨਾਂ ਦੀ ਜਿਵੇਂ ਅੰਨ੍ਹੇਵਾਹ ਢਾਹ-ਭੰਨ ਕੀਤੀ ਹੈ, ਜੋ ਅਜੇ ਵੀ ਬੇਰੋਕ-ਟੋਕ ਜਾਰੀ ਹੈ, ਉਸ ਬਾਰੇ ਵਾਤਾਵਰਣੀ ਤਬਦੀਲੀਆਂ ਤੋਂ ਜਾਗਰੂਕ ਲੋਕ ਲੰਮੇ ਸਮੇਂ ਤੋਂ ਅਜਿਹੀਆਂ ਭਿਆਨਕ ਆਫ਼ਤਾਂ ਦੇ ਖ਼ਤਰੇ ਦੀ ਵਾਰ ਵਾਰ ਚਿਤਾਵਨੀ ਦਿੰਦੇ ਰਹੇ ਹਨ; ਪਰ ਹੁਕਮਰਾਨ ਇਨ੍ਹਾਂ ਚਿਤਾਵਨੀਆਂ ਨੂੰ ਪੂਰੀ ਤਰ੍ਹਾਂ ਅਣਸੁਣਿਆ ਅਤੇ ਅਣਗੌਲਿਆ ਕਰ ਕੇ ਆਪਣੀ ਵਿਕਾਸ ਦੀ ਧੁਨ ‘ਚ ਮਸਤ ਰਹੇ ਹਨ। ਹੁਕਮਰਾਨਾਂ ਨੂੰ ਕੁਦਰਤ, ਚੌਗਿਰਦੇ ਤੇ ਮਨੁੱਖ ਦੇ ਸਿਰ ਮੰਡਰਾ ਰਹੇ ਖ਼ਤਰਿਆਂ ਨਾਲ ਕੀ, ਉਨ੍ਹਾਂ ਨੂੰ ਤਾਂ ‘ਵਿਕਾਸ’ ਚਾਹੀਦਾ ਹੈ।
ਭਾਰਤੀ ਹੁਕਮਰਾਨਾਂ ਵਲੋਂ ਅਪਣਾਇਆ ਵਿਕਾਸ ਮਾਡਲ ਬਿਜਲੀ ਉੱਪਰ ਬਹੁਤ ਜ਼ਿਆਦਾ ਨਿਰਭਰ ਹੈ। ਇਸ ਦੀ ਪੂਰਤੀ ਲਈ ਨਰਮਦਾ ਨਦੀ ਉਪਰ ਧੜਵੈਲ ਸਰਦਾਰ ਸਰੋਵਰ ਪ੍ਰੋਜੈਕਟ ਤੋਂ ਇਲਾਵਾ ਉਤਰਾਖੰਡ ਵਿਚ ਭਾਗੀਰਥੀ, ਅਲਕਨੰਦਾ, ਮੰਦਾਕਿਨੀ, ਗੌਰੀਗੰਗਾ ਆਦਿ ਨਦੀਆਂ ਉੱਪਰ ਸਥਾਨਕ ਲੋਕਾਂ ਨੂੰ ਉਜਾੜ ਕੇ ਬਹੁਤ ਹੀ ਨਿੱਕੇ-ਨਿੱਕੇ ਤੋਂ ਲੈ ਕੇ ਛੋਟੇ ਦਰਮਿਆਨੇ ਅਤੇ ਧੜਵੈਲ ਪਣ-ਬਿਜਲੀ ਪ੍ਰਾਜੈਕਟ ਧੜਾਧੜ ਬਣਾਏ ਗਏ ਅਤੇ ਬਣਾਏ ਜਾ ਰਹੇ ਹਨ। (ਇਸੇ ਤਰਜ਼ ‘ਤੇ ਹੁਣ ਮਨੀਪੁਰ ਤੇ ਅਸਾਮ ਵਿਚ ਧੜਾਧੜ ਡੈਮ ਉਸਾਰੇ ਜਾ ਰਹੇ ਹਨ।) ਸੈਲਾਨੀਆਂ ਦੀ ਵਧ ਰਹੀ ਤਾਦਾਦ ਨੂੰ ਮੁੱਖ ਰੱਖ ਕੇ ਅੰਨ੍ਹੇਵਾਹ ਸੜਕਾਂ ਬਣਾਈਆਂ ਗਈਆਂ। ਜੰਗਲੀ-ਪਹਾੜੀ ਵਿਰਲੀ ਵਸੋਂ ਜੋ ਕੁਦਰਤੀ ਚੌਗਿਰਦੇ ਨਾਲ ਪੂਰੀ ਤਰ੍ਹਾਂ ਇਕਸੁਰ ਸੀ, ਦੇ ਉਲਟ ਲੰਘੇ ਸਾਲਾਂ ਵਿਚ ਸੈਰ-ਸਪਾਟਾ ਸਨਅਤ ਤੇ ਅਖੌਤੀ ਵਿਕਾਸ ਪ੍ਰੋਜੈਕਟਾਂ ਦੇ ਤਰਕਹੀਣ ਪਸਾਰੇ ਦਾ ਹੜ੍ਹ ਹੀ ਆਇਆ ਰਿਹਾ ਹੈ। ਇੰਞ ਵਾਤਾਵਰਣ ‘ਚ ਪੈਦਾ ਹੋਏ ਵਿਗਾੜਾਂ ਨਾਲ ਬਣੀ ਹਾਲਤ ਅਤੇ ਇਥੇ ਹੱਦੋਂ ਵੱਧ ਮਨੁੱਖੀ ਮੌਜੂਦਗੀ ਨਾਲ ਬਣਿਆ ਬੋਝ ਇਸ ਤਬਾਹੀ ਦੀ ਮੁੱਖ ਵਜ੍ਹਾ ਹੈ। ਮੁਨਾਫ਼ੇ ਖ਼ਾਤਰ ਸੈਰ-ਸਪਾਟਾ ਸਨਅਤ ‘ਤੇ ਅੰਨ੍ਹੇ ਜ਼ੋਰ ਕਾਰਨ ਇਥੇ ਧਰਤੀ ਉੱਪਰ ਭਾਰੀ ਦਬਾਅ ਬਣਿਆ ਹੋਇਆ ਸੀ ਜਿਸ ਨੇ ਇਕ ਨਾ ਇਕ ਦਿਨ ਤਬਾਹੀ ਦਾ ਬੰਬ ਬਣ ਕੇ ਫਟਣਾ ਹੀ ਸੀ। ਇਸ ਤਬਾਹੀ ਤੋਂ ਅਗਲੇ ਦਿਨ, ਭਾਵ 18 ਜੂਨ ਤਕ ਹੀ ਇਥੇ ਆਮ ਨਾਲੋਂ 44 ਫ਼ੀ ਸਦੀ ਵੱਧ ਬਾਰਿਸ਼ ਹੋ ਚੁਕੀ ਸੀ ਜੋ ਆਪਣੇ ਆਪ ‘ਚ ਹੀ ਮੌਸਮ ‘ਚ ਆ ਰਹੀਆਂ ਵੱਡੀਆਂ ਤਬਦੀਲੀਆਂ ਦਾ ਮੱਥਾ ਠਣਕਾਊ ਸੰਕੇਤ ਸੀ।
2010 ‘ਚ ਸੂਚਨਾ ਅਧਿਕਾਰ ਕਾਨੂੰਨ ਤਹਿਤ ਪਾਈ ਗਈ ਦਰਖ਼ਾਸਤ ਦੇ ਜਵਾਬ ‘ਚ ਜੋ ਜਾਣਕਾਰੀ ਸੂਬਾ ਸਰਕਾਰ ਵਲੋਂ ਦਿੱਤੀ ਗਈ, ਉਸ ਅਨੁਸਾਰ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਉੱਪਰ 557 ਡੈਮ ਬਣਾਏ ਜਾਣ ਦੀ ਯੋਜਨਾ ਬਣਾਈ ਜਾ ਚੁੱਕੀ ਸੀ; ਪਰ ਦੇਹਰਾਦੂਨ ਸਥਿਤ ਪੀਪਲਜ਼ ਸਾਇੰਸ ਸੰਸਥਾ ਨੇ ਐਸੇ 117 ਡੈਮਾਂ ਦੀ ਨਿਸ਼ਾਨਦੇਹੀ ਕੀਤੀ ਜਿਨ੍ਹਾਂ ਦਾ ਉਪਰੋਕਤ 557 ਡੈਮਾਂ ਵਿਚ ਕਿਤੇ ਜ਼ਿਕਰ ਹੀ ਨਹੀਂ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਹਿਫੂਜ਼ ਥਾਵਾਂ ‘ਤੇ ਬਣਾਏ ਸੱਤਾ ਦੇ ਗਲਿਆਰਿਆਂ ‘ਚ ਬੈਠੇ ਹੁਕਮਰਾਨ ਕਿਵੇਂ ਇਨਸਾਨੀ ਜ਼ਿੰਦਗੀਆਂ ਨਾਲ ਖਲਵਾੜ ਕਰਨ ‘ਤੇ ਤੁਲੇ ਹੋਏ ਹਨ। ਇਸੇ ਗੜ੍ਹਵਾਲ ਖਿੱਤੇ ਵਿਚ ਭਾਗੀਰਥੀ ਨਦੀ ਉੱਪਰ ਬਣਾਇਆ ਟੀਹਰੀ ਡੈਮ ਭਾਰਤ ਵਿਚ ਸਭ ਤੋਂ ਉੱਚਾ ਅਤੇ ਦੁਨੀਆਂ ਦਾ ਸਭ ਤੋਂ ਲੰਮਾ ਡੈਮ ਹੈ ਜੋ ਸਥਾਨਕ ਵਸੋਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਬਣਾਇਆ ਗਿਆ ਹੈ। ਸ਼ੁਕਰ ਹੈ, ਮੌਜੂਦਾ ਤਬਾਹੀ ਦੌਰਾਨ ਇਸ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ। ਜੇ ਕਿਤੇ ਅਜਿਹਾ ਹੋ ਜਾਂਦਾ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਪਾਣੀ ਵਿਚ ਪੂਰਾ ਉਤਰਾਖੰਡ ਤਾਂ ਕੀ, ਨਾਲ ਲਗਦੇ ਕਈ ਹੋਰ ਇਲਾਕੇ ਵੀ ਪੂਰੀ ਤਰ੍ਹਾਂ ਡੁੱਬ ਗਏ ਹੁੰਦੇ।
2011 ਦੀ ਮਰਦਮਸ਼ੁਮਾਰੀ ਅਨੁਸਾਰ ਉਤਰਾਖੰਡ ਦੀ ਆਬਾਦੀ ਇਕ ਕਰੋੜ ਇਕ ਲੱਖ 16,752 ਹੈ; ਪਰ ਇਸੇ ਸਾਲ ਦੇ ਅੰਕੜਿਆਂ ਅਨੁਸਾਰ ਉਥੇ ਢਾਈ ਕਰੋੜ ਸੈਲਾਨੀ ਪਹੁੰਚੇ। ਧਾਰਮਿਕ ਸ਼ਰਧਾ ਅਨੁਸਾਰ ਤੀਰਥ ਯਾਤਰਾ ਅਤੇ ਸੈਰ-ਸਪਾਟਾ ਆਪਣੀ ਜਗ੍ਹਾ ਠੀਕ ਹੈ, ਪਰ ਸਿਤਮਜ਼ਰੀਫ਼ੀ ਇਹ ਹੈ ਕਿ ਤੀਰਥ ਯਾਤਰਾਵਾਂ ਦੇ ਨਾਂ ਹੇਠ ਉਥੇ ਵੱਡੀ ਸਨਅਤ ਹੋਂਦ ‘ਚ ਆ ਚੁੱਕੀ ਹੈ। ਮੁਨਾਫ਼ਾਖ਼ੋਰ ਕਾਰੋਬਾਰੀਆਂ, ਪੁਜਾਰੀਆਂ ਅਤੇ ਹੁਕਮਰਾਨਾਂ ਦਾ ਗੱਠਜੋੜ ਅਵਾਮ ਦੀ ਮਾਨਸਿਕਤਾ ਦਾ ਖ਼ੂਬ ਲਾਹਾ ਲੈ ਰਿਹਾ ਹੈ ਅਤੇ ਅੰਨ੍ਹੀ ਸ਼ਰਧਾ ਨੂੰ ਨੋਟਾਂ ਦੇ ਅੰਬਾਰਾਂ ‘ਚ ਬਦਲ ਰਿਹਾ ਹੈ। ਤੀਰਥ ਯਾਤਰੀਆਂ ਤੇ ਸੈਰ-ਸਪਾਟਾ ਕਰਨ ਵਾਲਿਆਂ ਦੀ ਦਿਨੋ ਦਿਨ ਵਧ ਰਹੀ ਆਮਦ ਨੂੰ ਮੁੱਖ ਰੱਖਦਿਆਂ ਜੰਗਲਾਂ, ਪਹਾੜਾਂ, ਨਦੀਆਂ, ਝੀਲਾਂ ਦੀ ਕੁਦਰਤੀ ਬਣਤਰ ਨੂੰ ਬੁਰੀ ਤਰ੍ਹਾਂ ਤੋੜਿਆ ਮਰੋੜਿਆ ਗਿਆ। ਕੁਦਰਤੀ ਢੰਗ ਨਾਲ ਖੇਤੀ ਵਾਲੀ ਜ਼ਮੀਨ ਸੈਲਾਨੀ ਸਨਅਤ ਨੇ ਵੱਡੇ ਪੱਧਰ ‘ਤੇ ਹੜੱਪ ਲਈ ਹੈ। ਬਿਲਡਰਾਂ ਨੇ ਪੈਸੇ ਦਾ ਲਾਲਚ ਦੇ ਕੇ ਸਥਾਨਕ ਲੋਕਾਂ ਤੋਂ ਜ਼ਮੀਨਾਂ ਦੇ ਛੋਟੇ ਛੋਟੇ ਟੁਕੜੇ ਹਥਿਆ ਲਏ, ਖ਼ਾਸ ਕਰ ਕੇ ਸੜਕਾਂ ਦੇ ਕੰਢੇ ਉਪਰਲੇ ਅਤੇ ਇਨ੍ਹਾਂ ਨੂੰ ਸੈਲਾਨੀ ਠਾਹਰਾਂ ‘ਚ ਬਦਲ ਦਿੱਤਾ ਗਿਆ। ਸੈਲਾਨੀਆਂ ਖ਼ਾਤਰ ਹੋਟਲ, ਦੁਕਾਨਾਂ, ਰੈਸਟੋਰੈਂਟ, ਵਾਹਨ ਪਾਰਕਿੰਗ ਦੇ ਅੱਡੇ, ਮਿਨੀ ਮਾਲਜ਼ ਨਾ ਸਿਰਫ਼ ਸੜਕਾਂ ਕੰਢੇ ਸਗੋਂ ਨਦੀਆਂ ਦੇ ਕੰਢਿਆਂ ਉੱਪਰ, ਪਹਾੜੀ ਢਲਾਣਾਂ ਅਤੇ ਜੰਗਲੀ ਇਲਾਕਿਆਂ ਵਿਚ ਥਾਂ ਥਾਂ ਖੁੰਭਾਂ ਵਾਂਗ ਉੱਗ ਆਏ ਹਨ। ਕੁਦਰਤੀ ਚੌਗਿਰਦਾ ਤਾਂ ਬੁਰੀ ਤਰ੍ਹਾਂ ਪਲੀਤ ਹੋਇਆ ਹੀ ਹੈ, ਇਸ ਨੇ ਕੁਦਰਤੀ ਭੂਗੋਲਿਕ ਨਜ਼ਾਰੇ ਨੂੰ ਵੀ ਬੁਰੀ ਤਰ੍ਹਾਂ ਢਾਹ-ਭੰਨ ਦਿੱਤਾ ਹੈ। ਸਥਾਨਕ ਅਬਾਦੀ ਪਹਿਲਾਂ ਕੁਦਰਤੀ ਖੇਤੀ ਉੱਪਰ ਨਿਰਭਰ ਸੀ; ਹੁਣ ਉਹ ਸੈਲਾਨੀ ਸਨਅਤ ਦੀ ਹਾਬੜੀ ਹਵਸ ਵਿਚੋਂ ਕੀਤੇ ਜਾ ਰਹੇ ਅੰਨ੍ਹੇ ‘ਵਿਕਾਸ’ ਵਲੋਂ ਸੁੱਟੇ ਲਾਲਚ ਦੇ ਜਾਲ ‘ਚ ਫਸ ਗਈ ਹੈ। ਇਸ ਤਬਦੀਲੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 2006-07 ‘ਚ ਜ਼ਮੀਨ ਤੋਂ ਜੋ ਮਾਲੀਆ 15æ6 ਕਰੋੜ ਹਾਸਲ ਹੋਇਆ ਸੀ, ਉਹ ਇਸ ਸਾਲ ਮਹਿਜ਼ 8 ਕਰੋੜ ਰਹਿ ਗਿਆ। ਦੂਜੇ ਪਾਸੇ, ਜ਼ਮੀਨੀ ਮਾਲਕੀ ਦੇ ਤਬਾਦਲਿਆਂ ਨਾਲ ਸਬੰਧਤ ਸਟੈਂਪ ਅਤੇ ਰਜਿਸਟ੍ਰੇਸ਼ਨ ਫੀਸ 546 ਕਰੋੜ ਤੋਂ ਵਧ ਕੇ 640 ਕਰੋੜ ਹੋ ਗਈ ਜੋ ਬਿਲਡਰਾਂ ਤੇ ਸੈਲਾਨੀ ਸਨਅਤ ਵਲੋਂ ਖੇਤੀ ਹੇਠਲੀ ਜ਼ਮੀਨ ਨੂੰ ਹੜੱਪੇ ਜਾਣ ਦਾ ਮੂੰਹ ਬੋਲਦਾ ਸਬੂਤ ਹੈ।
ਇਹੀ ਉਹ ਹਾਲਾਤ ਹਨ ਜਿਨ੍ਹਾਂ ਨੇ ਇਸ ਭਿਆਨਕ ਤਬਾਹੀ ਦਾ ਮੁੱਢ ਬੰਨ੍ਹਿਆ। ਜਿਸ ਕਦਰ ਰਾਜ ਵੱਲੋਂ ਸੈਰ-ਸਪਾਟੇ ਅਤੇ ਤੀਰਥ ਯਾਤਰਾਵਾਂ ਨੂੰ ਉਤਸ਼ਾਹਤ ਕੀਤਾ ਗਿਆ, ਉਸ ਦੇ ਤਨਾਸਬ ‘ਚ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਆਫ਼ਤਾਂ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਪੇਸ਼ਗੀ ਇੰਤਜ਼ਾਮਾਂ ਨੂੰ ਮੁਜਰਮਾਨਾ ਹੱਦ ਤਕ ਅੱਖੋਂ ਓਹਲੇ ਕੀਤਾ ਗਿਆ। ਉੱਪਰੋਂ ਸਿਤਮਜ਼ਰੀਫ਼ੀ ਇਹ ਕਿ ਇਸ ਤਰ੍ਹਾਂ ਦੇ ਹਾਲਾਤ ਵਿਚ ਉਤਰਾਖੰਡ ਹਕੂਮਤ ਕੋਲ ਕਿਸੇ ਵੱਡੀ ਆਫ਼ਤ ਨਾਲ ਨਜਿੱਠਣ ਦੀ ਕੋਈ ਯੋਜਨਾ ਹੀ ਨਹੀਂ ਸੀ; ਹਾਲਾਂਕਿ ਪਿਛਲੇ ਸਾਲ ਵੀ ਉਤਰ ਕਾਸ਼ੀ ਵਿਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਸੀ। ਹਾਲ ਹੀ ਵਿਚ ਇਹ ਵੀ ਸਾਹਮਣੇ ਆਇਆ ਕਿ ਕੇਂਦਰ ਸਰਕਾਰ ਵਲੋਂ ਜੋ ਆਫ਼ਤਾਂ ਨਾਲ ਨਜਿੱਠਣ ਲਈ ਆਮ ਬਜਟ ਭੇਜਿਆ ਜਾਂਦਾ ਰਿਹਾ ਹੈ, ਸੂਬਾ ਸਰਕਾਰ ਵੱਲੋਂ ਉਹ ਵੀ ਅਣਵਰਤਿਆ ਹੀ ਵਾਪਸ ਕੀਤਾ ਜਾਂਦਾ ਰਿਹਾ, ਕਿਉਂਕਿ ਇਸ ਕੋਲ ਇਸ ਸਬੰਧ ਵਿਚ ਕੋਈ ਇੰਤਜ਼ਾਮ, ਕਾਰਜ ਯੋਜਨਾ, ਲੋੜੀਂਦਾ ਅਮਲਾ ਵਗੈਰਾ ਕੁਝ ਵੀ ਨਹੀਂ ਸੀ ਅਤੇ ਹੁਣ ਵੀ ਨਹੀਂ ਹੈ। ਜਿਥੇ ਪ੍ਰਬੰਧ ਅਜਿਹਾ ਮੁਜਰਮਾਨਾ ਹੋਵੇ ਉਥੇ ਅਜਿਹੀਆਂ ਭਿਆਨਕ ਤਬਾਹੀਆਂ ਦਾ ਦੋਸ਼ ਕੁਦਰਤ ਨੂੰ ਕਿਵੇਂ ਦਿੱਤਾ ਜਾ ਸਕਦਾ ਹੈ?
Leave a Reply