“ਉੜਤਾ ਪੰਜਾਬ” ਬਣ ਰਿਹਾ ਹੈ “ਜੁੜਤਾ ਪੰਜਾਬ”

ਰਵਿੰਦਰ ਸਿੰਘ ਸੋਢੀ
ਪੰਜਾਬ ਵਿਚ ਵਹਿ ਰਿਹਾ ਛੇਵਾਂ ਦਰਿਆ;…ਮੰਤਰੀ ਦੀ ਮਿਲੀ ਭੁਗਤ ਨਾਲ ਨਸ਼ਿਆਂ ਦਾ ਕਾਰੋਬਾਰ ਜੋਰਾਂ ‘ਤੇ;…ਦੇ ਕਰੀਬੀ ਤੋਂ ਕਰੋੜਾਂ ਦੇ ਨਸ਼ੇ ਬਰਾਮਦ; ਇਕ ਵਾਰ ਸਾਡੀ ਸਰਕਾਰ ਬਣ ਲੈਣ ਦਿਓ, ਮੈਂ ਸਹੁੰ ਖਾ ਕੇ ਕਹਿ ਰਿਹਾਂ ਕਿ ਇਕ ਹਫਤੇ ਵਿਚ ਨਸ਼ੇ ਬੰਦ ਕਰ ਦੇਵਾਂਗਾ; ਪਹਿਲੀ ਸਰਕਾਰ ਨਾਲੋਂ ਵਰਤਮਾਨ ਸਰਕਾਰ ਦੇ ਰਾਜ ਵਿਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਵਿਚ ਵਾਧਾ; ਸਾਡੀ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਬੰਦ ਕੀਤੀ; ਸਰਕਾਰ ਨਸ਼ੇ ਦੇ ਵਪਾਰੀਆਂ ਨੂੰ ਨਹੀਂ ਫੜ ਰਹੀ, ਛੋਟਾ ਮੋਟਾ ਨਸ਼ਾ ਕਰਨ ਵਾਲਿਆਂ ਨੂੰ ਫੜ ਰਹੀ ਹੈ-ਅਜਿਹੀਆਂ ਅਤੇ ਹੋਰ ਕਈ ਸੁਰਖੀਆਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਅਖਬਾਰਾਂ ਦਾ ਸ਼ਿੰਗਾਰ ਬਣ ਰਹੀਆਂ ਹਨ।

ਇਸ ਦੇ ਨਾਲ ਹੀ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਖਬਰਾਂ ਦੇ ਨਾਲ-ਨਾਲ ਨਸ਼ੇ ਲਈ ਪੈਸੇ ਨਾ ਮਿਲਣ ਕਰਕੇ ਮਾਂ-ਪਿਓ ਨੂੰ ਜਖਮੀ ਕਰਨ ਜਾਂ ਕਤਲ ਕਰਨ ਦੀਆਂ ਖਬਰਾਂ ਵੀ ਛਪਦੀਆਂ ਹੀ ਰਹਿੰਦੀਆਂ ਹਨ। ਗੱਲ ਇਥੋਂ ਤੱਕ ਪਹੁੰਚ ਚੁਕੀ ਹੈ ਕਿ ਲੜਕਿਆਂ ਦੇ ਨਾਲ-ਨਾਲ ਲੜਕੀਆਂ ਸਬੰਧੀ ਵੀ ਅਜਿਹੀਆਂ ਭੈੜੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ। ਲਗਦਾ ਹੈ, ਤੰਦ ਨਹੀਂ ਤਾਣੀ ਹੀ ਉਲਝੀ ਪਈ ਹੈ। ਮਾਂ-ਪਿਓ ਨਾ ਤਾਂ ਕਿਸੇ ਨੂੰ ਆਪਣੇ ਢਿੱਡ ਦੀ ਗੱਲ ਦੱਸ ਸਕਦੇ ਹਨ ਅਤੇ ਨਾ ਹੀ ਬੱਚਿਆਂ ਦੀਆਂ ਬਹਿਬਤਾਂ ਨੂੰ ਲੁਕਾ ਸਕਦੇ ਹਨ। ਜੇ ਕੋਈ ਪੰਜਾਬ ਹਿਤੈਸ਼ੀ ਇਸ ਨੂੰ ਪੂਰੀ ਤਰ੍ਹਾਂ ਮੰਨਣ ਨੂੰ ਤਿਆਰ ਨਾ ਵੀ ਹੋਵੇ, ਤਾਂ ਵੀ ਉਹ ਇਸ ਤੱਥ ਨੂੰ ਪੂਰੀ ਤਰ੍ਹਾਂ ਨਕਾਰ ਵੀ ਨਹੀਂ ਸਕਦਾ। ਪੰਜਾਬ ਦੇ ਅਜਿਹੇ ਵਰਤਾਰੇ ਨੂੰ ਦਿਖਾਉਂਦੀ ਹਿੰਦੀ ਵਿਚ ਇਕ ਫਿਲਮ ਵੀ ਬਣੀ ਸੀ, “ਉੜਤਾ ਪੰਜਾਬ।”
ਕਿਸੇ ਧਾਰਮਿਕ, ਰਾਜਸੀ ਨੇਤਾ, ਬੁੱਧੀਜੀਵੀ, ਸਮਾਜ ਸੇਵਕ, ਵੱਡੇ ਅਹੁਦੇ ‘ਤੇ ਬੈਠੇ ਜ਼ਿੰਮੇਦਾਰ ਅਫਸਰਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਸ ਬੁਰਾਈ ਨੂੰ ਕਿਵੇਂ ਦੂਰ ਕੀਤਾ ਜਾਵੇ! ਚੰਗੇ ਖਾਂਦੇ-ਪੀਂਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਸ਼ੁਰੂ ਕਰ ਦਿੱਤਾ ਤਾਂ ਜੋ ਬੱਚੇ ਅਜਿਹੇ ਮਾਹੌਲ ਤੋਂ ਦੂਰ ਹੋ ਸਕਣ।
ਪਰ ਅਚਾਨਕ ਹੀ ਨਸ਼ਿਆਂ ਦੀਆਂ ਖਬਰਾਂ ਵਿਚ ਇਕੋ ਦਮ ਕਮੀ ਆਈ ਹੈ। ਅਜਿਹੀਆਂ ਖਬਰਾਂ ਦਾ ਨਾ ਛਪਣਾ ਇਸ ਗੱਲ ਦਾ ਸੂਚਕ ਨਹੀਂ ਕਿ ਨਸ਼ੇ ਇਕੋ ਦਮ ਗਾਇਬ ਹੋ ਗਏ ਹਨ ਜਾਂ ਨਸ਼ੇ ਕਰਨ ਵਾਲਿਆਂ ਨੂੰ ਸੋਝੀ ਆ ਗਈ ਹੈ ਕਿ ਨਸ਼ੇ ਨੁਕਸਾਨ ਕਰਦੇ ਹਨ। ਇਸ ਦਾ ਕਾਰਨ ਹੈ ਕਿ ਨੌਜਵਾਨਾਂ ਨੂੰ ਜ਼ਿੰਦਗੀ ਨਾਲ ਜੁੜਨ ਲਈ ਇਕ ਠੋਸ ਮੁੱਦਾ ਮਿਲ ਗਿਆ ਹੈ। ਮੁੱਦਾ ਹੈ, ਕਿਸਾਨੀ ਅੰਦੋਲਨ। ਜੇ ਅੱਜ ਦੀ ਪੀੜ੍ਹੀ ਨਸ਼ਿਆਂ ਵੱਲ ਪ੍ਰੇਰਿਤ ਹੋਈ ਹੈ ਤਾਂ ਉਸ ਦਾ ਮੁੱਖ ਕਾਰਨ ਹੈ ਕਿ ਪੜ੍ਹ-ਲਿਖ ਕੇ ਵੀ ਜਦੋਂ ਉਨ੍ਹਾਂ ਨੂੰ ਵਿਹਲੇ ਰਹਿਣਾ ਪੈਂਦਾ ਹੈ, ਘਰਦਿਆਂ ਅਤੇ ਬਾਹਰਲਿਆਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਤਾਂ ਉਨ੍ਹਾਂ ਵਿਚ ਆਪਣੇ ਚੌਗਿਰਦੇ ਪ੍ਰਤੀ, ਸਮਾਜ ਪ੍ਰਤੀ, ਦੇਸ਼ ਦੇ ਰਾਜਸੀ ਪ੍ਰਬੰਧ ਪ੍ਰਤੀ ਵਿਦਰੋਹ, ਗੁੱਸੇ ਤੇ ਨਫਰਤ ਦੀ ਭਾਵਨਾ ਪੈਦਾ ਹੁੰਦੀ ਹੈ। ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਗਲਤ ਪਾਸੇ ਪ੍ਰੇਰਿਤ ਹੋ ਜਾਂਦੇ ਹਨ। ਅਜਿਹਾ ਕਰਕੇ ਜਿਥੇ ਉਨ੍ਹਾਂ ਦਾ ਅਬੋਧ ਮਨ ਅਜਿਹੇ ਭੈੜੇ ਮਾਹੌਲ ਨੂੰ ਸਿਰਜਣ ਵਾਲੇ ਸਿਸਟਮ ਤੋਂ ਬਦਲਾ ਲੈਂਦਾ ਜਾਪਦਾ ਹੈ, ਉਸ ਦੇ ਨਾਲ ਹੀ ਕੁਝ ਦੇਰ ਲਈ ਆਪਣੇ ਅੰਦਰ ਪੈਦਾ ਹੋਈ ਹੀਣ ਭਾਵਨਾ ਤੋਂ ਵੀ ਛੁਟਕਾਰਾ ਪਾਉਂਦੇ ਹਨ; ਪਰ ਇਹ ਭੋਲੇ ਪੰਛੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਨਸ਼ਿਆਂ ਦੀ ਦਲ ਦਲ ਵਿਚ ਫਸਿਆ ਮਨੁੱਖ ਉਸ ਵਿਚੋਂ ਨਿਕਲ ਨਹੀਂ ਸਕਦਾ ਅਤੇ ਜਦੋਂ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ, ਬਹੁਤ ਦੇਰ ਹੋ ਚੁਕੀ ਹੁੰਦੀ ਹੈ। ਕਿਸਾਨੀ ਅੰਦੋਲਨ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿਤੀਆਂ ਹਨ ਕਿ ਸਮੇਂ ਦੀ ਸਰਕਾਰ ਕਿਵੇਂ ਉਨ੍ਹਾਂ ਦੇ ਦੁਆਲੇ ਅਜਿਹਾ ਮੱਕੜ ਜਾਲ ਬੁਣ ਰਹੀ ਹੈ, ਜੋ ਨਸ਼ਿਆਂ ਨਾਲੋਂ ਵੀ ਭੈੜਾ ਹੈ। ਜਦੋਂ ਉਨ੍ਹਾਂ ਨੇ ਦੇਖਿਆ ਕੇ ਕਿਵੇਂ ਬਜੁਰਗ ਸੜਕਾਂ ਤੇ ਉੱਤਰ ਆਏ ਹਨ ਤਾਂ ਨਸ਼ਿਆਂ ਨਾਲ ਥੋਥੀ ਹੋ ਰਹੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਉਹ ਵੀ ਬਜੁਰਗਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਇਸ ਸੰਘਰਸ਼ ਦਾ ਹਿੱਸਾ ਬਣ ਗਏ। ਨੌਜਵਾਨ ਸਿਰਫ ਇਸ ਅੰਦੋਲਨ ਦਾ ਹਿੱਸਾ ਹੀ ਨਹੀਂ ਬਣੇ, ਸਗੋਂ ਇਸ ਨੂੰ ਨਵੀਂ ਸੇਧ ਦੇਣ ਵਾਲੇ ਵੀ ਬਣੇ। ਸਰਕਾਰ ਵਿਰੁੱਧ ਸੜਕਾਂ ‘ਤੇ ਜਾਂ ਰੇਲ ਲਾਈਨਾਂ ‘ਤੇ ਬੈਠ ਕੇ ਹੀ ਕੰਮ ਨਹੀਂ ਚਲਦਾ। ਧਰਨੇ ‘ਤੇ ਬੈਠੇ ਲੋਕਾਂ ਲਈ ਰੋਟੀ-ਪਾਣੀ ਦਾ ਪ੍ਰਬੰਧ ਕਰਨਾ, ਕਿਸੇ ਦੀ ਤਬੀਅਤ ਖਰਾਬ ਹੋਣ ਦੀ ਸੂਰਤ ਵਿਚ ਉਸ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣੀ, ਘਰ ਦੇ ਕੰਮਕਾਜ ਦਾ ਧਿਆਨ ਰੱਖਣਾ, ਡੰਗਰ-ਵੱਛੇ ਦੀ ਦੇਖਭਾਲ, ਖੇਤਾਂ ਦੀ ਸਾਂਭ-ਸੰਭਾਲ ਆਦਿ ਹੋਰ ਕਈ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਕਮਾਲ ਦੀ ਗੱਲ ਹੈ ਕਿ ਬਿਨਾ ਕਿਸੇ ਦੇ ਕਹੇ ਜਾਂ ਸਮਝਾਏ ਨੌਜਵਾਨਾਂ ਨੇ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਖੁਸ਼ੀ ਖੁਸ਼ੀ ਕੀਤਾ। ਜੇ ਨਸ਼ਿਆਂ ਵਿਚ ਗਲਤਾਨ ਨੌਜਵਾਨ, ਨਸ਼ਿਆਂ ਨੂੰ ਤਿਆਗ, ਪਿਛਲੇ ਮੋਰਚਿਆਂ ‘ਤੇ ਨਾ ਡਟਦੇ ਤਾਂ ਕਿਸਾਨੀ ਅੰਦੋਲਨ ਸੜਕਾਂ ‘ਤੇ ਹੀ ਕਦੋਂ ਦਾ ਦਮ ਤੋੜ ਚੁਕਾ ਹੁੰਦਾ। ਦਿੱਲੀ ਨੂੰ ਤਾਂ ਘੇਰਾ ਪਾਉਣਾ ਦੂਰ ਦੀ ਗੱਲ, ਹਰਿਆਣਾ ਦੀ ਪੁਲਿਸ ਨੇ ਸ਼ੰਭੂ ਤੋਂ ਅੱਗੇ ਨਹੀਂ ਸੀ ਟੱਪਣ ਦੇਣਾ। ਇਹ ਜਵਾਨੀ ਦਾ ਹੀ ਜੋਸ਼ ਸੀ ਕਿ ਜੇ. ਬੀ. ਸੀ. ਨਾਲ ਚੁੱਕ ਕੇ ਰੱਖੇ ਭਾਰੇ ਭਾਰੇ ਪੱਥਰਾਂ ਨੂੰ ਹੱਥਾਂ ਨਾਲ ਰੋਹੜ ਕੇ ਰਸਤਾ ਸਾਫ ਕਰ ਦਿੱਤਾ, ਪੁਲਿਸ ਦੇਖਦੀ ਹੀ ਰਹਿ ਗਈ। ਪੁਟੀਆਂ ਸੜਕਾਂ ਦੇਖ, ਖਤਾਨਾਂ ਦੇ ਉਬੜ-ਖਾਬੜ ਰਾਹਾਂ ‘ਚੋਂ ਟਰੈਕਟਰ- ਟਰਾਲੀਆਂ ਲੰਘਾ ਕੇ ਲੈ ਗਏ।
ਕਿਸਾਨਾਂ ਦਾ ਮੁੱਖ ਮਕਸਦ ਦਿੱਲੀ ਪਹੁੰਚਣਾ ਸੀ, ਉਹ ਉਨ੍ਹਾਂ ਪੂਰਾ ਕਰ ਲਿਆ; ਪਰ ਜੇ ਲੱਖਾਂ ਦੀ ਭੀੜ ਨੇ ਲੰਬੇ ਸਮੇਂ ਤੱਕ ਇਕ ਜਗ੍ਹਾ ਘੇਰਾ ਪਾ ਕੇ ਬੈਠੇ ਰਹਿਣਾ ਹੈ ਤਾਂ ਉਸ ਲਈ ਕਈ ਹੋਰ ਇੰਤਜਾਮ ਵੀ ਕਰਨੇ ਪੈਣੇ ਸਨ। ਲੰਗਰ ਲਈ ਰਾਸ਼ਨ ਤਾਂ ਕਿਸਾਨ ਨਾਲ ਹੀ ਲੈ ਗਏ ਸਨ, ਪਰ ਲੰਗਰ ਤਿਆਰ ਕਰਨ ਲਈ ਲੱਕੜਾਂ, ਗੈਸ, ਚੁੱਲ੍ਹੇ ਆਦਿ ਦਾ ਪ੍ਰਬੰਧ ਵੀ ਤਾਂ ਚਾਹੀਦਾ ਸੀ। ਉਸ ਲਈ ਹਰਿਆਣਾ ਦੇ ਕਿਸਾਨਾਂ ਨੇ ਦਿਲ ਖੋਲ੍ਹ ਕੇ ਸੇਵਾ ਨਿਭਾਈ। ਇਸ ਸੇਵਾ ਵਿਚ ਵੀ ਹਰਿਆਣਾ ਦੇ ਨੌਜਵਾਨਾਂ ਨੇ ਪੰਜਾਬੀ ਨੌਜਵਾਨਾਂ ਦਾ ਪੂਰਾ ਹੱਥ ਵਟਾਇਆ। ਘੇਰੇ ਵਾਲੀ ਜਗ੍ਹਾ ਦੀ ਸਫਾਈ ਕਰਨ ਵਿਚ ਵੀ ਨੌਜਵਾਨ ਵਰਗ ਨੇ ਕੋਈ ਕਸਰ ਨਹੀਂ ਛੱਡੀ। ਦਿੱਲੀ ਦੀ ਜਨਤਾ ਨੂੰ ਬਹੁਤੀ ਪ੍ਰੇਸ਼ਾਨੀ ਨਾ ਹੋਵੇ, ਇਸ ਗੱਲ ਦਾ ਵੀ ਧਿਆਨ ਰਖਿਆ। ਇਸ ਪੱਖੋਂ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੀ ਹਰ ਪਾਸਿਓਂ ਤਾਰੀਫ ਹੋਈ ਹੈ। ਦਿੱਲੀ ਦੀ ਆਮ ਜਨਤਾ ਦਾ ਵਿਚਾਰ ਹੈ ਕਿ ਕਿਸਾਨਾਂ ਨੇ ਵੀ ਮਜਬੂਰ ਹੋ ਕੇ ਹੀ ਇਹ ਸਖਤ ਕਦਮ ਚੁਕਿਆ ਹੈ, ਵਰਨਾ ਕੌਣ ਸਰਦੀਆਂ ਦੀਆਂ ਰਾਤਾਂ ਖੁੱਲ੍ਹੀਆਂ ਸੜਕਾਂ ‘ਤੇ ਗੁਜ਼ਾਰਨਾ ਚਾਹਵੇਗਾ? ਦਿੱਲੀ ਦੀਆਂ ਨੌਜਵਾਨ ਲੜਕੀਆਂ ਨੇ ਵੀ ਪੰਜਾਬ, ਹਰਿਆਣੇ ਦੇ ਲੜਕਿਆਂ ਦੀ ਇਸ ਗੱਲੋਂ ਪ੍ਰਸੰ.ਸਾ ਕੀਤੀ ਹੈ ਕਿ ਉਹ ਕੋਲੋਂ ਲੰਘ ਰਹੀਆਂ ਕੁੜੀਆਂ ਵੱਲ ਝਾਕਦੇ ਵੀ ਨਹੀਂ। ਸ਼ਾਇਦ ਇਸੇ ਕਾਰਨ ਹੀ ਦਿੱਲੀ ਦੇ ਲੋਕ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਹੱਕ ਵਿਚ ਅਵਾਜ਼ ਉਠਾ ਰਹੇ ਹਨ।
ਇਹੋ ਨਹੀਂ, ਸਮਾਜ ਸੇਵੀ ਸੰਸਥਾਵਾਂ ਦੀ ਮਦਦ ਦੇ ਨਾਲ ਨਾਲ ਨੌਜਵਾਨ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਅੱਗੇ ਆਏ। ਧਰਨੇ ਵਾਲੀ ਥਾਂ ਦੇ ਨੇੜੇ ਹੀ ਵਾਸ਼ਿੰਗ ਮਸ਼ੀਨਾਂ ਲਾ ਕੇ ਪ੍ਰਦਰਸ਼ਨਕਾਰੀਆਂ ਦੇ ਕੱਪੜੇ ਧੋਣੇ ਸ਼ੁਰੂ ਕਰ ਦਿੱਤੇ। ਸਮੱਸਿਆ ਆਈ ਕਿ ਲੱਖਾਂ ਦੀ ਤਾਦਾਦ ਵਿਚ ਲੋਕਾਂ ਦੇ ਮੋਬਾਇਲ ਕਿਵੇਂ ਚਾਰਜ ਕੀਤੇ ਜਾਣ। ਆਸ-ਪਾਸ ਦੀਆਂ ਦੁਕਾਨਾਂ ਵਾਲਿਆਂ ਨੇ ਭਾਵੇਂ ਇਹ ਜ਼ਿੰਮੇਦਾਰੀ ਨਿਭਾਈ, ਪਰ ਇਹ ਕਾਫੀ ਨਹੀਂ ਸੀ। ਇਥੇ ਫਿਰ ਨੌਜਵਾਨਾਂ ਦੇ ਦਿਮਾਗ ਨੇ ਕੰਮ ਕੀਤਾ। ਕੁਝ ਹਰਿਆਣਵੀ ਨੌਜਵਾਨ ਆਪਣੇ ਘਰਾਂ ‘ਤੇ ਲਾਏ ਸੂਰਜ ਦੀ ਰੌਸ਼ਨੀ ਨਾਲ ਚੱਲਣ ਵਾਲੇ ਪੈਨਲ ਲਾਹ ਲਿਆਏ। ਉਨ੍ਹਾਂ ਨੂੰ ਟਰਾਲੀ ਵਿਚ ਰੱਖ ਕੇ ਮੋਬਾਇਲ ਚਾਰਜ ਦਾ ਕੰਮ ਵੱਡੇ ਪੱਧਰ ‘ਤੇ ਸ਼ੁਰੂ ਹੋ ਗਿਆ। ਰਾਤ ਲਈ ਉਹ ਵੱਡੇ ਬੈਟਰੇ ਚਾਰਜ ਕਰ ਰੱਖਦੇ ਹਨ।
ਨੌਜਵਾਨ ਸਿਰਫ ਪ੍ਰਦਰਸ਼ਨਕਾਰੀਆਂ ਲਈ ਹੀ ਲੰਗਰ ਤਿਆਰ ਨਹੀਂ ਕਰਦੇ, ਸਗੋਂ ਉਸ ਜਗ੍ਹਾ ਤੋਂ ਲੰਘਣ ਵਾਲੇ ਰਾਹੀਆਂ ਨੂੰ ਵੀ ਲੰਗਰ ਛਕਾਉਂਦੇ ਹਨ। ਜਿਹੜੇ ਪੁਲਿਸ ਵਾਲਿਆਂ ਨੇ ਉਨ੍ਹਾਂ ‘ਤੇ ਜਲ ਤੋਪਾਂ ਚਲਾਈਆਂ, ਉਨ੍ਹਾਂ ਨੂੰ ਹੀ ਆਪਣੇ ਕੋਲ ਰੱਖਿਆ ਪਾਣੀ ਵੀ ਪਿਲਾਉਂਦੇ ਹਨ ਅਤੇ ਲੰਗਰ ਵੀ ਛਕਾਉਂਦੇ ਹਨ। ਇਹ ਹੈ ਨੌਜਵਾਨਾਂ ਦੀ ਸੂਝਮਈ ਸੋਚ। ਇਹੋ ਨਹੀਂ, ਹਰਿਆਣੇ ਦੀਆਂ ਬੇਸ਼ੁਮਾਰ ਔਰਤਾਂ ਅਤੇ ਮੁਟਿਆਰਾਂ ਲੰਗਰ ਦੀ ਸੇਵਾ ਨਿਭਾ ਰਹੀਆਂ ਹਨ। ਟੀ. ਵੀ. ਦੇ ਕਿਸੇ ਚੈਨਲ ‘ਤੇ ਇਕ ਹਰਿਆਣਵੀ ਮੁਟਿਆਰ ਦੇ ਵਿਚਾਰ ਪੇਸ਼ ਕੀਤੇ ਜਾ ਰਹੇ ਸਨ। ਅੱਖਾਂ ਭਰੀ ਉਹ ਮੁਟਿਆਰ ਕਹਿ ਰਹੀ ਸੀ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਉਨ੍ਹਾਂ ਦੇ ਪਿਉ-ਦਾਦੇ ਦੀ ਉਮਰ ਦੇ ਬਜੁਰਗ ਲੰਗਰ ਤਿਆਰ ਕਰ ਰਹੇ ਹਨ ਅਤੇ ਏਨੀ ਠੰਡ ਵਿਚ ਖੁੱਲ੍ਹੇ ਅਸਮਾਨ ਹੇਠਾਂ ਹੀ ਸੜਕਾਂ ‘ਤੇ ਰਾਤਾਂ ਕੱਟ ਰਹੇ ਹਨ, ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਹੀ ਨਹੀਂ।
ਜਿਹੜੇ ਨੌਜਵਾਨ ਪਿੰਡਾਂ ਵਿਚ ਰਹਿ ਗਏ ਹਨ, ਉਨ੍ਹਾਂ ਨੇ ਦਿੱਲੀ ਗਏ ਸਾਰੇ ਕਿਸਾਨਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਆਪਣੇ ਖੇਤਾਂ, ਘਰੇਲੂ ਕੰਮ ਜਾਂ ਡੰਗਰਾਂ ਦੀ ਸੰਭਾਲ ਦੀ ਫਿਕਰ ਨਾ ਕਰਨ, ਉਹ ਆਪੇ ਸਾਂਭ ਲੈਣਗੇ। ਇਹੋ ਨਹੀਂ, ਹਰਿਆਣਾ ਦੀਆਂ ਬੇਸ਼ੁਮਾਰ ਮੁਟਿਆਰਾਂ ਲੰਗਰ ਦੀ ਸੇਵਾ ਕਰ ਰਹੀਆਂ ਹਨ। ਇਹ ਹੈ ਨੌਜਵਾਨ ਸ਼ਕਤੀ ਦਾ ਕਮਾਲ!
ਇਹ ਸਤਰਾਂ ਲਿਖ ਕੇ ਅਸੀਂ ਕਿਸਾਨਾਂ ਦੀਆਂ ਤਾਰੀਫਾਂ ਦੇ ਕੋਈ ਬਹੁਤੇ ਪੁਲ ਨਹੀਂ ਬੰਨਣੇ ਜਾਂ ਕੇਂਦਰੀ ਸਰਕਾਰ ਨੂੰ ਉਨ੍ਹਾਂ ਦੁਆਰਾ ਜਨਤਾ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰਕੇ ਭੰਡਣਾ ਨਹੀਂ, ਸਗੋਂ ਨੌਜਵਾਨਾਂ ਦੇ ਮੌਕੇ ਮੁਤਾਬਿਕ ਅੱਗੇ ਆ ਕੇ ਆਪਣੇ ਬਜੁਰਗਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਚਰਚਾ ਕਰਨੀ ਹੈ। ਇਸ ਪੱਖ ‘ਤੇ ਵਿਚਾਰ ਕਰਨੀ ਹੈ ਕਿ ਦੇਸ਼ ਦੀ ਜਵਾਨੀ ਨਸ਼ਿਆਂ ਦੇ ਲੜ ਕਿਉਂ ਲੱਗੀ? ਦੁੱਧ-ਮੱਖਣ ਦੇ ਸ਼ੌਕੀਨ, ਚਿੱਟੇ ਦੇ ਮਗਰ ਕਿਵੇਂ ਲੱਗ ਗਏ? ਭਾਰੀ-ਭਾਰੀ ਮੁਦਕਰ ਚੁੱਕ ਕੇ, ਡੰਡ ਬੈਠਕਾਂ ਲਾ-ਲਾ ਜੁੱਸੇ ਬਣਾਉਣ ਵਾਲੇ ਨੌਜਵਾਨ ਹੌਲੀ-ਹੌਲੀ ਕਿਵੇਂ ਵੰਨ-ਸੁਵੰਨੇ ਨਸ਼ਿਆਂ ਦੇ ਆਦੀ ਹੋ ਕੇ ਹੱਡੀਆਂ ਦੀ ਮੁੱਠ ਬਣ ਗਏ? ਸੁੱਖਾਂ ਸੁੱਖ ਕੇ ਲਏ ਭੁਜੰਗੀਆਂ ਦੇ ਸਿਰ ‘ਤੇ ਸਿਹਰੇ ਸਜਦੇ ਦੇਖਣ ਦੀ ਰੀਝ ਦਿਲ ‘ਚ ਪਾਲੀ ਬੈਠੇ ਮਾਂ-ਪਿਓ ਨੂੰ ਕਿਵੇਂ ਨਸ਼ਿਆਂ ਦੀ ਭੇਟ ਚੜ੍ਹੇ ਪੁੱਤਰਾਂ ਦੀਆਂ ਅਰਥੀਆਂ ਦੇਖਣ ਦੇ ਕੁਲਹਿਣੇ ਦਿਨ ਦੇਖਣੇ ਪਏ? ਇਨ੍ਹਾਂ ਵਰਤਾਰਿਆਂ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ, ਇਨ੍ਹਾਂ ਦਾ ਵਿਸ਼ਲੇਸ਼ਣ ਕਰਨ ਦੀ ਵੀ ਲੋੜ ਹੈ।
ਸਭ ਤੋਂ ਪਹਿਲੀ ਗੱਲ ਹੈ ਕਿ ਨੌਜਵਾਨ ਨਸ਼ਿਆਂ ਵੱਲ ਪ੍ਰੇਰਿਤ ਕਿਵੇਂ ਹੋਏ? ਸੰਯੁਕਤ ਪਰਿਵਾਰ ਟੁੱਟਣ ਲੱਗੇ, ਜਿਸ ਕਾਰਨ ਜ਼ਮੀਨਾਂ ਵੰਡੀਆਂ ਗਈਆਂ। ਖੇਤੀ ਨਾਲ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ। ਨੌਕਰੀਆਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਕੇਂਦਰੀ ਅਤੇ ਰਾਜ ਸਰਕਾਰਾਂ ਦੀ ਹੈ, ਪਰ ਇਸ ਪੱਖੋਂ ਸਾਡੀਆਂ ਸਰਕਾਰਾਂ ਨੇ ਨਿਰਾਸ਼ ਹੀ ਕੀਤਾ। ਪੜ੍ਹੇ-ਲਿਖੇ ਨੌਜਵਾਨ ਵਿਹਲੇ ਫਿਰਨ ਲੱਗੇ। ‘ਆਪਣਾ ਕੋਈ ਕੰਮ-ਧੰਦਾ ਕਰ ਲਓ’, ਇਹ ਕਹਿਣਾ ਅਸਾਨ ਹੈ, ਪਰ ਕਰਨਾ ਮੁਸ਼ਕਿਲ। ਵਿਹਲਾ ਮਨ, ਸ਼ੈਤਾਨ ਦਾ ਘਰ। ਕੁਝ ਮਾੜੇ ਅਨਸਰਾਂ ਨੇ ਨਿੱਜੀ ਮੁਫਾਦ ਖਾਤਰ ਨਸ਼ਿਆਂ ਦੇ ਕਾਰੋਬਾਰ ਨੂੰ ਵਧਾਇਆ। ਸਰਕਾਰ ਇਸ ਪੱਖੋਂ ਅਵੇਸਲੀ ਹੀ ਰਹੀ। ਵਿਹਲੇ ਨੌਜਵਾਨ ਸਹਿਜੇ ਹੀ ਨਸ਼ਿਆਂ ਵੱਲ ਪ੍ਰੇਰਿਤ ਹੋ ਗਏ। ਸਬੰਧਤ ਸਰਕਾਰੀ ਅਦਾਰਿਆਂ ਦੇ ਉਪਰਲੇ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਦੇ ਕਰਮਚਾਰੀਆਂ ਨੇ ਖੂਬ ਹੱਥ ਰੰਗੇ। ਖੈਰ! ਇਸ ਸਬੰਧੀ ਚਰਚਾ ਕਰਨਾ ਸਾਡਾ ਅੱਜ ਦਾ ਮੁੱਖ ਵਿਸ਼ਾ ਨਹੀਂ ਹੈ।
ਕਿਸਾਨ ਅੰਦੋਲਨ ਨੇ ਪਰਿਵਾਰਾਂ ਵਿਚ ਪਈਆਂ ਲਕੀਰਾਂ ਨੂੰ ਕਾਫੀ ਹੱਦ ਤੱਕ ਮਿਟਾ ਦਿੱਤਾ ਹੈ। ਮਰਦ ਕਿਉਂਕਿ ਦਿੱਲੀ ਜਾਂ ਸਥਾਨਕ ਧਰਨਿਆਂ ‘ਤੇ ਬੈਠੇ ਹਨ, ਇਸ ਲਈ ਘਰੇਲੂ ਕੰਮਾਂ ਲਈ ਇਕ-ਦੂਜੇ ਦੀ ਲੋੜ ਪੈਂਦੀ ਹੈ। ਟੁੱਟ ਚੁੱਕੇ ਰਿਸ਼ਤੇ ਫੇਰ ਜੁੜ ਰਹੇ ਹਨ। ਸੱਸ-ਨੂੰਹ, ਦਰਾਣੀ-ਜਠਾਣੀ ਦੇ ਮੂੰਹ ਜਿਹੜੇ ਵਿੰਗੇ ਹੀ ਰਹਿੰਦੇ ਸਨ, ਠੀਕ ਹੋ ਰਹੇ ਹਨ। ਸੀਰੀ ਵੀ ਘਰ ਦੇ ਹੀ ਜੀਅ ਬਣ ਗਏ ਹਨ। ਧਰਨਿਆਂ ‘ਤੇ ਬੈਠਿਆਂ ਨੂੰ ਇਕ ਦੂਜੇ ਦੀ ਲੋੜ ਰਹਿੰਦੀ ਹੀ ਹੈ, ਇਸ ਲਈ ਊਚ-ਨੀਚ ਵਾਲਾ ਭੇਦ ਭਾਵ ਵੀ ਖਤਮ ਹੋ ਰਿਹਾ ਹੈ। ਇਸ ਅੰਦੋਲਨ ਨੂੰ ਕਿਸੇ ਖਾਸ ਵਰਗ ਦੀ ਹੀ ਹਮਾਇਤ ਪ੍ਰਾਪਤ ਨਹੀਂ, ਸਗੋਂ ਹਰ ਪਾਸਿਓਂ ਹੀ ਭਰਪੂਰ ਸਮਰਥਨ ਮਿਲ ਰਿਹਾ ਹੈ। ਜੇ ਦੇਖਿਆ ਜਾਵੇ ਤਾਂ ਸਿਰਫ ਭਾਜਪਾ ਦੇ ਕੱਟੜ ਸਮਰਥਕ ਹੀ ਵਿਰੋਧ ਕਰ ਰਹੇ ਹਨ। ਕਮਾਲ ਦੀ ਗੱਲ ਹੈ ਕਿ ਵਿਦੇਸ਼ਾਂ ਵਿਚ ਬੈਠੇ ਭਾਰਤੀ ਵੀ ਸਿਰਫ ਸ਼ਬਦੀ ਸਮਰਥਨ ਨਹੀਂ ਦੇ ਰਹੇ, ਸਗੋਂ ਮਾਇਕ ਇਮਦਾਦ ਵੀ ਭੇਜ ਰਹੇ ਹਨ।
ਹਰਿਆਣਾ ਦੇ ਪਿੰਡਾਂ ਵਿਚੋਂ ਰੋਜ਼ਾਨਾ ਵਰਤੋਂ ਲਈ ਦੁੱਧ, ਸਬਜ਼ੀਆਂ ਤਾਂ ਆ ਹੀ ਰਹੀਆਂ ਹਨ, ਇਸ ਤੋਂ ਇਲਾਵਾ ਦੇਸੀ ਘਿਉ ਦੀਆਂ ਪਿੰਨੀਆਂ ਵੀ ਆ ਰਹੀਆਂ ਹਨ। ਬਜੁਰਗ ਔਰਤਾਂ ਨੂੰ ਪਤਾ ਹੈ ਕਿ ਠੰਡ ਵਿਚ ਅਲਸੀ ਦੀਆਂ ਪਿੰਨੀਆਂ ਫਾਇਦੇਮੰਦ ਹੁੰਦੀਆਂ ਹਨ, ਇਸ ਲਈ ਪਿੰਡਾਂ ਵਿਚੋਂ ਧੜਾ-ਧੜ ਇਹ ਪਿੰਨੀਆਂ ਬਣਾ ਕੇ ਭੇਜੀਆਂ ਜਾ ਰਹੀਆਂ ਹਨ। ਘਰ ਦੇ ਬਜੁਰਗਾਂ ਤੋਂ ਸੁਣਦੇ ਹੁੰਦੇ ਸਾ ਕਿ ਸਾਂਝੇ ਕੰਮ ਲਈ ਸਾਰਾ ਪਿੰਡ ਹੀ ਹੱਥ ਵਟਾਉਂਦਾ ਸੀ, ਅੱਜ ਦੇਖਣ ਨੂੰ ਵੀ ਮਿਲ ਰਿਹਾ ਹੈ। ਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ। ਵਿਸ਼ਵ ਪ੍ਰਸਿੱਧ ‘ਖਾਲਸਾ ਏਡ’ ਦੇ ਰਵੀ ਸਿੰਘ ਨੇ ਖੁੱਲ੍ਹੇ ਦਿਲ ਨਾਲ ਸਹਾਇਤਾ ਭੇਜੀ ਹੈ। ਸਰਬੱਤ ਦਾ ਭਲਾ ਵਾਲੇ ਐਸ਼ ਪੀ. ਸਿੰਘ ਉਬਰਾਏ ਨੇ ਵੀਹ ਟਨ ਸੁੱਕੇ ਰਾਸ਼ਨ ਦੇ ਨਾਲ ਤਿੰਨ ਹਜ਼ਾਰ ਕੰਬਲ਼, ਤਿੰਨ ਹਜ਼ਾਰ ਚੱਪਲਾਂ ਅਤੇ ਹੋਰ ਬਹੁਤ ਸਮਾਨ ਭੇਜਿਆ ਹੈ। ਮਸਜਿਦਾਂ ‘ਚੋਂ ਲੰਗਰ ਬਣ ਕੇ ਆ ਰਿਹਾ ਹੈ, ਮਲੇਰਕੋਟਲਾ ਤੋਂ ਖਾਸ ਤੌਰ ‘ਤੇ ਚੌਲ ਬਣਾ ਕੇ ਭੇਜੇ ਜਾ ਰਹੇ ਹਨ।
ਇਸ ਅੰਦੋਲਨ ਦੇ ਆਗੂਆਂ ਨੇ ਨੌਜਵਾਨ ਵਰਗ ਨੂੰ ਸ਼ਾਇਦ ਇਸ ਗੱਲੋਂ ਪਹਿਲਾਂ ਹੀ ਸੁਚੇਤ ਕੀਤਾ ਲਗਦਾ ਹੈ ਕਿ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਕਿਸੇ ਨੂੰ ਗਲਤ ਗੱਲ ਨਹੀਂ ਕਹਿਣੀ ਅਤੇ ਨਾ ਹੀ ਧੱਕਾ-ਮੁੱਕੀ ਕਰਨੀ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੇ ਜਲ-ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਵੀ ਸ਼ਾਂਤ ਰਹਿ ਕੇ ਹੀ ਸਾਹਮਣਾ ਕੀਤਾ। ਕਿਤੇ ਵੀ ਉਤੇਜਨਾ ਵਿਚ ਆ ਕੇ ਕੋਈ ਗਲਤ ਨਾਹਰਾ ਨਹੀਂ ਲਾਇਆ, ਜਿਸ ਨਾਲ ਪੁਲਿਸ ਨੂੰ ਹਰਕਤ ਵਿਚ ਆਉਣ ਦਾ ਮੌਕਾ ਮਿਲੇ। ਸਿਰਫ ਇਕ ਵਾਰ ‘ਖਾਲਿਸਤਾਨ’ ਦਾ ਨਾਹਰਾ ਲੱਗਿਆ, ਪਰ ਬਾਅਦ ਵਿਚ ਪਤਾ ਲੱਗ ਗਿਆ ਕਿ ਉਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਸੀ। ਨੌਜਵਾਨਾਂ ਨੇ ਤਾਂ ਇਹ ਮੋਰਚਾ ਸਾਂਭਿਆ ਹੋਇਆ ਹੈ ਕਿ ਕੋਈ ਸ਼ਰਾਰਤ ਕਰਕੇ ਉਨ੍ਹਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਵਾਲਾ ਨਾ ਆ ਜਾਵੇ।
ਨੌਜਵਾਨਾਂ ਦੇ ਇਸ ਵਰਤਾਓ ਤੋਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਖੂਨ ਭਾਵੇਂ ਗਰਮ ਹੁੰਦਾ ਹੈ, ਪਰ ਜੇ ਉਨ੍ਹਾਂ ਤੇ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਕੋਈ ਜ਼ਿੰਮੇਦਾਰੀ ਸੌਂਪੀ ਜਾਵੇ ਤਾਂ ਉਹ ਖੁਸ਼ੀ ਖੁਸ਼ੀ ਉਸ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਟਿਲ ਲਾ ਦਿੰਦੇ ਹਨ। ਇਹ ਤਾਂ ਸਾਡੀਆਂ ਨਿਕੰਮੀਆਂ ਸਰਕਾਰਾਂ ਦੀ ਗਲਤ ਨੀਤੀਆਂ ਕਾਰਨ ਅਤੇ ਕੁਝ ਸਰਕਾਰੀ ਏਜੰਸੀਆ ਦੀ ਮਾੜੀ ਕਾਰਗੁਜ਼ਰੀ ਕਾਰਨ ਨੌਜਵਾਨ ਵਰਗ ਨਸ਼ਿਆਂ ਵੱਲ ਧੱਕਿਆ ਗਿਆ।
ਜੇ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾਵੇ ਤਾਂ ਕਿਸਾਨੀ ਸੰਘਰਸ਼ ਦੌਰਾਨ ਹਰਿਆਣਾ ਰਾਜ ਦੇ ਕਿਸਾਨਾਂ, ਨੌਜਵਾਨ ਲੜਕੇ-ਲੜਕੀਆਂ, ਬਜੁਰਗ ਮਰਦਾਂ-ਔਰਤਾਂ ਸਭ ਦਾ ਹੀ ਭਰਪੂਰ ਸਮਰਥਨ ਮਿਲਿਆ। ਪੰਜਾਬ ਦੇ ਕਿਸਾਨ ਵੱਲੋਂ ਸ਼ੁਰੂ ਕੀਤੇ ਗਏ ਇਸ ਅੰਦੋਲਨ ਨੂੰ ਸਾਰੇ ਦੇਸ਼ ਦੇ ਕਿਸਾਨਾਂ ਅਤੇ ਆਮ ਲੋਕਾਂ ਦਾ ਸਾਥ ਮਿਲਿਆ। ਪੰਜਾਬ ਦੇ ਨੌਜਵਾਨਾਂ ‘ਤੇ ਲੱਗਿਆ ‘ਨਸ਼ੇੜੀ’ ਵਾਲਾ ਠੱਪਾ ਬਹੁਤ ਹੱਦ ਤੱਕ ਫਿਕਾ ਪੈ ਗਿਆ ਹੈ। ਹੰਭਲਾ ਮਾਰੀਏ ਇਸ ਨੂੰ ਪੂਰੀ ਤਰ੍ਹਾਂ ਮਿਟਾਉਣਾ ਬਹੁਤ ਜਰੂਰੀ ਹੈ। ਇਸ ਅੰਦੋਲਨ ਨੇ ਜੋ ਵੱਖ ਵੱਖ ਵਰਗਾਂ ਦੀ ਆਪਸੀ ਸਾਂਝ ਨੂੰ ਹਲੂਣਾ ਦੇ ਕੇ ਸਭ ਨੂੰ ਨੇੜੇ ਲਿਆਂਦਾ ਹੈ, ਇਹ ਨੇੜਤਾ ਇਸੇ ਤਰ੍ਹਾਂ ਹੀ ਕਾਇਮ ਰਹਿਣੀ ਚਾਹੀਦੀ ਹੈ ਤਾਂ ਜੋ ਪੰਜਾਬ ‘ਉੜਤਾ ਪੰਜਾਬ’ ਨਾਲੋਂ ‘ਜੁੜਤਾ ਪੰਜਾਬ’ ਨਜ਼ਰ ਆਵੇ।