ਅਰਦਾਸ ਦੀ ਆਸਥਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਇਹ ਕਹਿ ਕੇ ਬਾਪ ਦੀ ਵਡਿਆਈ ਕੀਤੀ ਸੀ ਕਿ ਬਾਪ ਉਹ ਹੁੰਦਾ, ਜੋ ਛੱਤਹੀਣ ਹੁੰਦਿਆਂ ਵੀ ਬੱਚਿਆਂ ਲਈ ਛੱਤ ਹੁੰਦਾ। ਬਾਪ ਹੀ ਅਜਿਹਾ ਬਿਰਖ ਹੁੰਦਾ, ਜਿਸ ਦੀ ਛਾਂ ਵਿਚ ਧੁੱਪਾਂ ਠਰ ਜਾਂਦੀਆਂ ਹਨ। ਉਸ ਦੇ ਆਗੋਸ਼ ਵਿਚਲੇ ਨਿੱਘ ਨਾਲ ਸਰਦੀਆਂ ਨੂੰ ਵੀ ਤ੍ਰੇਲੀਆਂ ਆ ਜਾਂਦੀਆਂ ਨੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਹੈ ਕਿ ਅਰਦਾਸ ਕਰੋ ਕਿ ਖੇਤਾਂ ਵਿਚ ਖੁਸ਼ਹਾਲੀ ਮੌਲਦੀ ਰਹੇ।

ਖੇਤਾਂ ਵਿਚ ਵੱਸਦੇ ਰੱਬ ਨੂੰ ਅੰਨਦਾਤੇ ਅਤੇ ਲੋਕਾਈ ਦੇ ਦੁੱਖ-ਦਰਦ, ਅਮੀਰਤਾ ਅਤੇ ਅੰਤਰੀਵਤਾ ਬਖਸ਼ਣ ਦੀ ਸੋਝੀ ਤੇ ਸਮਰੱਥਾ ਪ੍ਰਾਪਤ ਹੁੰਦੀ ਰਹੇ।…ਅਰਦਾਸ ਕਰੀਏ ਕਿ ਹਰ ਮਨ ਨੂੰ ਸ਼ੁਭ-ਚਿੰਤਨ ਦੀ ਗੁੜਤੀ ਮਿਲੇ, ਹਰ ਸੋਚ ਵਿਚ ਸੂਰਜਾਂ ਦੀ ਦਸਤਕ ਹੋਵੇ, ਹਰ ਸੁਹਜ ਵਿਚ ਸਬਰ, ਸੰਤੋਖ ਅਤੇ ਸਕੂਨ ਦੀ ਸੁਗਮਤਾ ਸਰਸਰਾਵੇ। ਡਾ. ਭੰਡਾਲ ਕਹਿੰਦੇ ਹਨ, “ਅਰਦਾਸ, ਮਨ ਤੋਂ ਮਨ ਤੀਕ ਪਹੁੰਚਣ ਦਾ ਸਬੱਬ। ਅੰਦਰ ਵੱਸਦੇ ਰੱਬ ਨੂੰ ਮੁਖਾਤਬ ਹੋਣਾ ਅਤੇ ਉਸ ਨਾਲ ਦਿਲ ਦੀਆਂ ਗੱਲਾਂ ਛੂਹਣਾ।…ਅਰਦਾਸ ਸਿਰਫ ਬੋਲਾਂ ਨਾਲ ਹੀ ਨਹੀਂ ਉਚਾਰੀ ਜਾਂਦੀ ਜਾਂ ਸ਼ਬਦਾਂ ਵਿਚ ਹੀ ਨਹੀਂ ਉਤਾਰੀ ਜਾਂਦੀ। ਦਰਅਸਲ ਅਰਦਾਸ ਤਾਂ ਮੂਕਤਾ ਵਿਚੋਂ ਪੈਦਾ ਹੁੰਦੀ ਜਦ ਵਿਅਕਤੀ ਆਪਣੇ ਆਪ ਨਾਲ ਇਕਸੁਰ ਹੁੰਦਾ। ਅਰਦਾਸ ਤਾਂ ਦਿਲ-ਦਰਵਾਜੇ ਵਿਚੋਂ ਨਿਕਲੀ ਹੋਈ ਹੂਕ, ਜੋ ਰੂਹ ਤੋਂ ਰੂਹ ਤੀਕ ਦੇ ਸਫਰਨਾਮੇ ਦੀ ਤਹਿਰੀਕ।…ਅਰਦਾਸ ਕਰੀਏ ਕਿ ਮਨੁੱਖ ਤੇ ਮਨੁੱਖਤਾ ਜਿਉਂਦੀ ਰਹੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਅਰਦਾਸ, ਮਨ ਦੀਆਂ ਸੁੱਚੀਆਂ ਭਾਵਨਾਵਾਂ ਦੀ ਤਸ਼ਬੀਹ, ਸ਼ੁਭ-ਚਿੰਤਨ ਨੂੰ ਮਿਲੀ ਅਵਾਜ਼ ਅਤੇ ਅੰਤਰੀਵ ਦੀ ਅੰਬਰੀ ਪਰਵਾਜ਼।
ਅਰਦਾਸ, ਰੂਹ ਦੀਆਂ ਰਮਜ਼ਾਂ ਦੀ ਰਵਾਨਗੀ, ਪਾਕੀਜ਼ ਵਿਚਾਰਾਂ ਦੀ ਤਰਤੀਬ ਅਤੇ ਸੱਚੀਆਂ ਸੱਧਰਾਂ ਦੀ ਅਰਾਧਨਾ ਤੇ ਅੰਗੜਾਈ।
ਅਰਦਾਸ, ਮਨ ਤੋਂ ਮਨ ਤੀਕ ਪਹੁੰਚਣ ਦਾ ਸਬੱਬ। ਅੰਦਰ ਵੱਸਦੇ ਰੱਬ ਨੂੰ ਮੁਖਾਤਬ ਹੋਣਾ ਅਤੇ ਉਸ ਨਾਲ ਦਿਲ ਦੀਆਂ ਗੱਲਾਂ ਛੂਹਣਾ।
ਅਰਦਾਸ, ਆਤਮਿਕ ਮੰਥਨ ਵਿਚੋਂ ਉਗਮੀਆਂ ਸੋਚਾਂ। ਹਵਾ ਵਿਚ ਪੈਦਾ ਹੋਈ ਸੁਹਜ-ਸਰਗਮ ਅਤੇ ਇਸ ਸਰਗਮ ਨੂੰ ਸੰਗੀਤਕ ਧੁਨਾਂ ਬਖਸ਼ਣ ਦੀ ਰਹਿਮਤ।
ਅਰਦਾਸ ਬੇਲਾਗਤਾ, ਬੇਨਿਆਜ਼ੀ, ਬੇਲਿਹਾਜ਼ੀ, ਬੰਦਗੀ, ਬੰਦਿਆਈ ਅਤੇ ਬੰਦੇ ਵਿਚੋਂ ਪੈਦਾ ਹੁੰਦੀ, ਜੋ ਸਰਬੱਤ ਦੇ ਭਲੇ ਦੀ ਕਾਮਨਾ ਕਰਦੀ।
ਅਰਦਾਸ, ਸਵੈ ਤੋਂ ਪਰ ਤੀਕ ਦੀ ਯਾਤਰਾ। ਨਿੱਜੀ ਲੋੜਾਂ, ਥੋੜ੍ਹਾਂ, ਘਾਟਾਂ ਅਤੇ ਕਮੀਆਂ ਤੋਂ ਉਪਰ ਉਠ ਕੇ ਕਿਸੇ ਜਰੂਰਤਮੰਦ, ਲੋੜਵੰਤੇ ਜਾਂ ਗਰੀਬ-ਗੁਰਬੇ ਦੀਆਂ ਅਸੀਸਾਂ ਨੂੰ ਝੋਲੀ ਵਿਚ ਪਵਾਉਣ ਦੀ ਲੋਚਾ।
ਅਰਦਾਸ, ਨਫਾਸਤ, ਨਿਆਰਾਪਣ, ਨਿਰਮਾਣਤਾ, ਨਿਰਮਲਤਾ ਅਤੇ ਨਿੱਗਰ ਸੋਚ ਦੀ ਪ੍ਰਤੀਕ। ਰੂਹ ਦਾ ਗੀਤ, ਜੋ ਸਿਰਫ ਫੱਕਰ ਲੋਕ ਹੀ ਗਾਉਂਦੇ।
ਅਰਦਾਸ, ਆਤਮਾ ਵਿਚੋਂ ਉਗਮਦਾ ਅੰਤਰ-ਸੰਵਾਦ, ਜਿਸ ਵਿਚੋਂ ਸ਼ਬਦ ਦੀ ਰਹਿਨੁਮਾਈ ਮਿਲਦੀ ਅਤੇ ਇਨ੍ਹਾਂ ਵਿਚ ਅਰਥਾਂ ਦੀ ਖੁਸ਼ਬੋਈ ਹੁੰਦੀ।
ਅਰਦਾਸ ਮਾਸੂਮ, ਕੋਮਲ, ਪਾਕ ਅਤੇ ਪਾਰਦਰਸ਼ੀ ਵਿਅਕਤੀਤਵ ਵਿਚੋਂ ਊਦੈ ਹੁੰਦੀ। ਕਿਰਨਾਂ ਦਾ ਜਲੌਅ। ਹਰੇਕ ਦੇ ਰਾਹ ਵਿਚ ਚਾਨਣੀ ਦਾ ਛਿੜਕਾ ਅਤੇ ਠਰੀਆਂ ਰਾਤਾਂ ਵਿਚ ਨਿੱਘ-ਤ੍ਰੌਂਕਣੀ ਦਾ ਕ੍ਰਿਸ਼ਮਾ।
ਅਰਦਾਸ, ਅਰਥ ਤੇ ਆਸਥਾ ਦੀ ਅੰਬਰ-ਅੰਗੜਾਈ। ਅਗਮ ਅਗੋਚਰ ਅਨਾਇਤ ਦੀ ਹੁੰਦੀ ਭਰਪਾਈ। ਅਰਦਾਸ ਵਿਚੋਂ ਉਗਮਦਾ ਸਾਹਾਂ ਸੰਦਲਾ ਗੀਤ ਅਤੇ ਜਿੰ.ਦਗੀ ਦੇ ਹਰ ਰੰਗ ਨੂੰ ਮਾਣਨ ਦੀ ਰੀਤ। ਅਰਦਾਸ ਖ਼ਆਬ ਤੇ ਖਬਤ ਦਾ ਰੱਖਦੀ ਸਦਾ ਖਿਆਲ ਅਤੇ ਜੀਵਨ-ਰੰਗਤਾ ਸੰਗ ਭਿਆਲ।
ਅਰਦਾਸ, ਸਾਰੇ ਕਰ ਹੀ ਨਹੀਂ ਸਕਦੇ ਅਤੇ ਨਾ ਹੀ ਉਨ੍ਹਾਂ ਦੀ ਅਰਦਾਸ ਕਦੇ ਕਬੂਲ ਹੁੰਦੀ। ਸਿਰਫ ਕੁਝ ਕੁ ਪਾਕ ਰੂਹਾਂ ਹੁੰਦੀਆਂ, ਜੋ ਆਪਣੀ ਆਤਮਿਕ ਉਡਾਣ ਵਿਚੋਂ ਅਸੇਧ ਤੇ ਅਸ਼ੁੱਧ ਸੋਚਾਂ ਨੂੰ ਪੁਖਤਗੀ ਤੇ ਪ੍ਰੇਰਨਾ ਦੇ ਕੇ, ਕੁਝ ਚੰਗੇਰਾ ਸੋਚਣ ਅਤੇ ਕਰਨ ਦੀ ਤਮੰਨਾ ਪੈਦਾ ਕਰਦੀਆਂ।
ਅਰਦਾਸ ਸਿਰਫ ਬੋਲਾਂ ਨਾਲ ਹੀ ਨਹੀਂ ਉਚਾਰੀ ਜਾਂਦੀ ਜਾਂ ਸ਼ਬਦਾਂ ਵਿਚ ਹੀ ਨਹੀਂ ਉਤਾਰੀ ਜਾਂਦੀ। ਦਰਅਸਲ ਅਰਦਾਸ ਤਾਂ ਮੂਕਤਾ ਵਿਚੋਂ ਪੈਦਾ ਹੁੰਦੀ ਜਦ ਵਿਅਕਤੀ ਆਪਣੇ ਆਪ ਨਾਲ ਇਕਸੁਰ ਹੁੰਦਾ। ਉਸ ਦੀ ਸੋਚ ਵਿਚ ਬੇਗਾਨਗੀ, ਨਫਰਤ, ਈਰਖਾ, ਕੁੜੱਤਣ, ਕੂੜ, ਕਪਟ ਦਾ ਨਾਮੋ-ਨਿਸ਼ਾਨ ਨਹੀਂ ਹੁੰਦਾ। ਜ਼ਿਆਦਾਤਰ ਪੁਜਾਰੀਆਂ, ਮਸੰਦਾਂ ਗ੍ਰੰਥੀਆਂ, ਭਾਈਆਂ ਜਾਂ ਡੇਰੇਦਾਰਾਂ ਦੀ ਅਰਦਾਸ ਵਿਚ ਤਾਂ ਉਨ੍ਹਾਂ ਦੀ ਹਉਮੈ, ਨਿੱਜਪ੍ਰਸਤੀ ਅਤੇ ਖੁਦ ਨੂੰ ਖੁਦਾ ਦੇ ਜ਼ਿਆਦਾ ਕਰੀਬ ਹੋਣ ਦਾ ਗਰੂਰ ਹੁੰਦਾ। ਇਸੇ ਲਈ ਸਿਆਣੇ ਕਹਿੰਦੇ ਨੇ ਕਿਸੇ ‘ਤੇ ਕਿਉਂ ਆਸ ਰੱਖੋ ਕਿ ਕੋਈ ਤੁਹਾਡੇ ਲਈ ਅਰਦਾਸ ਕਰੇ? ਕਦੇ ਖੁਦ ਹੀ ਖੁਦ ਲਈ ਅਰਦਾਸ ਕਰਨਾ। ਦੇਖਣਾ! ਤੁਹਾਡੀਆਂ ਮਨ-ਝੀਤਾਂ ‘ਚੋਂ ਕਿਰਨਾਂ ਝਾਤ ਮਾਰਨਗੀਆਂ।
ਅਰਦਾਸ ਦੇ ਬਹੁਤ ਸਾਰੇ ਰੰਗ-ਰੂਪ, ਤਰੀਕੇ, ਤਰਜ਼ੀਹਾਂ, ਤਦਬੀਰਾਂ ਅਤੇ ਤਸ਼ਬੀਹਾਂ। ਅਰਦਾਸ ਕਿਸ ਲਈ, ਕਿਹੜੇ ਮਕਸਦ, ਕਿਹੜੇ ਸਮੇਂ ਤੇ, ਕਿਸ ਸਾਹਵੇਂ, ਕੌਣ ਕਰਦਾ ਹੈ, ਇਹ ਹੀ ਨਿਸ਼ਚਿਤ ਕਰਦਾ ਹੈ ਕਿ ਅਰਦਾਸ ਦੇ ਕੀ ਅਰਥ ਨੇ?
ਅਰਦਾਸ ਆਪਣੇ ਲਈ ਜਾਂ ਆਪਣੇ ਵਲੋਂ ਤਾਂ ਸਾਰੇ ਕਰਦੇ, ਪਰ ਅਸਲੀ ਅਰਦਾਸ ਤਾਂ ਉਹ ਹੁੰਦੀ ਹੈ, ਜੋ ਅਸੀਂ ਸੁੱਚੀ ਭਾਵਨਾ ਨਾਲ ਕਿਸੇ ਲਈ ਕਰਦੇ ਹਾਂ। ਇਸ ਨਾਲ ਅਸੀਂ ਕਿਸੇ ਲਈ ਕਿਹੜੀਆਂ ਸ਼ੁੱਭ-ਭਾਵਨਾ ਪ੍ਰਗਟ ਕਰਦੇ ਹਾਂ, ਇਹ ਹਰ ਵਿਅਕਤੀ ਲਈ ਵੱਖ ਵੱਖ ਮਾਇਨੇ ਰੱਖਦਾ।
ਅਰਦਾਸ ਕਰੋ ਉਨ੍ਹਾਂ ਲਈ ਜੋ ਅਰਦਾਸ ਲੋਚਦੇ ਨੇ, ਜਿਨ੍ਹਾਂ ਨੂੰ ਅਰਦਾਸ ਦੇ ਅਰਥ ਪਤਾ ਨੇ ਅਤੇ ਅਰਦਾਸ ਦੀਆਂ ਬਖਸ਼ਿਸ਼ਾਂ ਦਾ ਅਹਿਸਾਸ ਹੈ। ਦਰਅਸਲ ਅਰਦਾਸ ਹੱਥ ਤੇ ਹੱਥ ਧਰਨਾ ਨਹੀਂ ਹੁੰਦੀ। ਅਰਦਾਸ ਤਾਂ ਕਿਸੇ ਦੇ ਮਨ ਵਿਚ ਉਸਾਰੂ ਬਿਰਤੀ ਪੈਦਾ ਕਰਨਾ ਹੁੰਦਾ, ਪ੍ਰੇਰਨਾ ਬਣਨਾ ਹੁੰਦਾ। ਕਿਸੇ ਦੇ ਢਹਿੰਦੇ ਹੌਂਸਲੇ ਜਾਂ ਪਸਤ ਹੋ ਰਹੀ ਆਸਥਾ ਵਿਚ ਨਵੀਂ ਰੂਹ ਫੂਕਣ ਦਾ ਨਾਮ ਤਾਂ ਕਿ ਉਹ ਹੌਂਸਲੇ ਤੇ ਹਿੰਮਤ ਨੂੰ ਆੜੀ ਬਣਾ ਕੇ, ਨਵੇਂ ਰਾਹਾਂ ਦੀ ਨਿਸ਼ਾਨਦੇਹੀ ਕਰੇ, ਜਿਨ੍ਹਾਂ ‘ਤੇ ਚੱਲਦਿਆਂ ਉਸ ਦੇ ਕਦਮਾਂ ਨੂੰ ਮੰਜ਼ਿਲਾਂ ‘ਤੇ ਪਹੁੰਚਣ ਅਤੇ ਇਨ੍ਹਾਂ ‘ਤੇ ਆਪਣੇ ਨਕਸ਼ ਉਕਰਨ ਦਾ ਸ਼ਰਫ ਹਾਸਲ ਹੋਵੇ।
ਅਰਦਾਸ ਕਰੋ ਉਨ੍ਹਾਂ ਪਲੀਤ ਸੋਚਾਂ ਦੀ ਪਾਕੀਜ਼ਗੀ ਲਈ, ਜਿਨ੍ਹਾਂ ਨੇ ਧਰਮ ਨੂੰ ਅਧਰਮ ਬਣਾਇਆ ਏ, ਜਿਨ੍ਹਾਂ ਦੇ ਕਰਮ-ਧਰਮ ਵਿਚ ਕੁਕਰਮਾਂ ਦੀ ਫਸਲ ਮੌਲਦੀ ਏ, ਜਿਨ੍ਹਾਂ ਦੇ ਜ਼ਿਹਨ ਵਿਚ ਜਾਗਦੀ ਜ਼ਮੀਰ ਸੂਲੀ ‘ਤੇ ਲਟਕਦੀ ਏ, ਜਿਨ੍ਹਾਂ ਦੀਆਂ ਸੌੜੀਆਂ ਵਲਗਣਾਂ ਵਿਚ ਆਜ਼ਾਦ ਪਰਿੰਦਿਆਂ ਨੂੰ ਹੌਕੇ ਭਰਨ ਦੀ ਆਦਤ ਪੈ ਗਈ ਏ ਜਾਂ ਜਿਨ੍ਹਾਂ ਦੇ ਕਦਮਾਂ ਵਿਚ ਫੁੱਲ ਮਸਲੇ ਜਾਂਦੇ ਨੇ।
ਅਰਦਾਸ ਕਰੋ ਬੰਦਿਆਈ ਤੇ ਭਲਿਆਈ ਤੋਂ ਭਟਕੀਆਂ ਰੂਹਾਂ ਵਾਸਤੇ, ਜਿਨ੍ਹਾਂ ਲਈ ਗਲੀਜ਼ਤਾ ਨਾਲ ਜਿਉਣਾ ਹੀ ਸਾਹ-ਸੰਦੜਾ ਹੈ। ਜਿਨ੍ਹਾਂ ਦੇ ਦੀਦਿਆਂ ਵਿਚ ਕਿਸੇ ਦੇ ਤਨ ਦੇ ਲੰਗਾਰਾਂ ਵਿਚੋਂ ਹੀ ਆਪਣੀ ਨੀਚਤਾ ਨੂੰ ਦਿਖਾਉਣ ਦਾ ਕੁਹਜ ਹੈ। ਜੋ ਮੱਥੇ ‘ਚ ਪਾਏ ਸੰਧੂਰਾਂ ਨੂੰ ਪੂੰਝਣ ਲਈ ਰੁਚਿਤ ਨੇ, ਜਿਹੜੇ ਜਿਸਮਾਂ ਦੇ ਵਪਾਰੀ ਨੇ, ਜਿਨ੍ਹਾਂ ਲਈ ਆਬਰੂ ਦੀ ਨਿਲਾਮੀ ਹੀ ਜ਼ਿੰਦਗੀ ਦੀ ਕੁ-ਕਰਮਤਾ ਹੈ; ਜਿਨ੍ਹਾਂ ਦੇ ਮੱਥਿਆਂ ਵਿਚ ਤ੍ਰਿਸ਼ੂਲ, ਕਿਰਪਾਨ ਜਾਂ ਖੰਜਰ ਵਿਚੋਂ ਰਿਸਦੇ ਖੂਨ ਹੀ ਦਿਖਾਈ ਦਿੰਦੇ ਨੇ; ਜਿਨ੍ਹਾਂ ਦੇ ਦੀਦਿਆਂ ਵਿਚੋਂ ਬੇਸ਼ਰਮੀ ਦਾ ਝਲਕਾਰਾ ਪੈਂਦਾ ਏ ਅਤੇ ਜਿਨ੍ਹਾਂ ਨੂੰ ਆਪਣੇ ਆਪ ‘ਤੇ ਵੀ ਕਦੇ ਨਮੋਸ਼ੀ ਜਾਂ ਬਦਕਾਰੀ ਦਾ ਅਨੁਭਵ ਨਹੀਂ ਹੋਇਆ।
ਅਰਦਾਸ ਕਰੋ ਕਿ ਬੰਦੇ ਦੇ ਮਨ ਵਿਚ ਕੁਦਰਤ ਨਾਲ ਕਰਨ ਵਾਲੇ ਖਿਲਵਾੜ ਨੂੰ ਠੱਲ ਪਵੇ। ਪਾਣੀਆਂ ਵਿਚ ਘੋਲੀ ਜਾ ਰਹੀ ਮੌਤ ਰੂਪੀ ਜ਼ਹਿਰ ਨੂੰ ਰੋਕਿਆ ਜਾਵੇ। ਮਾਰੂਥਲ ਬਣਨ ਜਾ ਰਹੀ ਧਰਤ ਨੂੰ ਬਚਾਇਆ ਜਾਵੇ। ਕੁਦਰਤੀ ਸਰੋਤਾਂ ਦੀ ਸੇਵਾ ਸੰਭਾਲ ਦਾ ਗਿਆਨ ਹੋਵੇ। ਧਰਤੀ ਦੀ ਜ਼ਹਿਰੀਲੀ ਕੁੱਖ ਫਸਲਾਂ ਉਗਾਵੇ ਨਾ ਕਿ ਮੌਤ ਵਿਹਾਜੇ। ਪਾਕ ਪੌਣ ਵਿਚ ਸਾਹਾਂ ‘ਚੋਂ ਸੰਦਲੀ ਮਹਿਕ ਹੀ ਆਉਂਦੀ ਰਹੇ, ਨਾ ਕਿ ਇਹ ਮਰਨਹਾਰੀ ਹਵਾ ਬਣ ਕੇ ਮੌਤ ਦੀ ਦਸਤਕ ਬਣੇ। ਇਸ ਧਰਤ ਵਿਚ ਖੇਤ ਹੀ ਉਗਣ ਨਾ ਕਿ ਕਬਰਾਂ। ਯਾਦ ਰਹੇ, ਕਬਰਾਂ ਬੀਜਣਾ ਬਹੁਤ ਆਸਾਨ ਹੁੰਦਾ, ਪਰ ਜਦ ਕਬਰਾਂ ਬੋਲਣ ਲੱਗਦੀਆਂ ਤਾਂ ਇਨ੍ਹਾਂ ਵਿਚ ਪੈਦਾ ਹੋਈ ਵੰਗਾਰ ਨੇ ਅਡੰਬਰੀ ਸਿੰਘਾਸਣਾਂ ਜਾਂ ਮਹਿਲ-ਮੁਨਾਰਿਆਂ ਨੂੰ ਢਹਿ-ਢੇਰੀ ਕਰਨ ਲੱਗਿਆਂ ਦੇਰ ਨਹੀਂ ਲਾਉਣੀ।
ਅਰਦਾਸ ਕਰੋ ਬੱਚਿਆਂ ਦੀ ਮਾਸੂਮੀਅਤ ਸਦਾ ਜਿਉਂਦੀ ਰਹੇ। ਉਨ੍ਹਾਂ ਦੀ ਸਫਾਫਤਾ ਵਿਚ ਮਿਲਾਵਟ ਨਾ ਹੋਵੇ। ਉਨ੍ਹਾਂ ਨੂੰ ਸੁੱਚੇ ਬੋਲਾਂ ਦੀ ਰਹੁਨਮਾਈ ਮਿਲੇ। ਉਨ੍ਹਾਂ ਦੇ ਨੈਣਾਂ ਵਿਚ ਸੁੰਦਰ ਤੇ ਸੁਹਾਵਣੇ ਸੁਪਨੇ ਤੈਰਨ। ਨਿੱਕੇ ਨਿੱਕੇ ਕਦਮਾਂ ਨੂੰ ਮੰਜ਼ਿਲਾਂ ਦੀ ਪੈੜ ਮਿਲੇ। ਚੁਲਬੁਲੇ ਚਾਵਾਂ ਦੀ ਪੂਰਤੀ ਹੋਵੇ। ਰੱਜਵਾਂ ਟੁੱਕਰ ਮਿਲੇ ਅਤੇ ਨੰਗੇ ਪਿੰਡਿਆਂ ਨੂੰ ਕੱਜਣ ਮਿਲੇ। ਛੋਟੇ ਛੋਟੇ ਮੋਢਿਆਂ ਨੂੰ ਬਸਤਿਆਂ ਦਾ ਸੁਗਮ-ਸਾਥ ਮਿਲੇ ਅਤੇ ਉਨ੍ਹਾਂ ਦੇ ਮਸਤਕ ਵਿਚ ਸੁਹੰਢਣੀਆਂ ਸੋਚਾਂ ਦੇ ਚਿਰਾਗ ਜਗਣ।
ਅਰਦਾਸ ਕਰੋ ਕਿ ਪਰਿੰਦਿਆਂ ਦੇ ਹਿੱਸੇ ਦਾ ਅਸਮਾਨ ਕਦੇ ਨਾ ਸੁੰਘੜੇ। ਉਨ੍ਹਾਂ ਲਈ ਫਾਹੀਆਂ ਨਾ ਗੱਡੀਆਂ ਜਾਣ ਅਤੇ ਪਰਾਂ ਵਿਚ ਕਦੇ ਵੀ ਪਰਵਾਜ਼ ਨਾ ਦੁੱਬਕੇ। ਉਨ੍ਹਾਂ ਦੇ ਆਲ੍ਹਣਿਆਂ ਵਿਚ ਇੱਲ ਨਾ ਝਪਟੇ। ਬੋਟ-ਚਹਿਕਣੀ ਆਲ੍ਹਣਿਆਂ ਨੂੰ ਭਾਗ ਲਾਵੇ। ਬਿਰਖ ਦੀਆਂ ਟਾਹਣੀ ‘ਤੇ ਅਠਖੇਲੀਆਂ ਕਰਦੇ, ਬਿਰਖ ਲਈ ਵੀ ਸਦੀਵਤਾ ਦੀ ਅਰਦਾਸ ਕਰਨ।
ਅਰਦਾਸ ਕਰੋ ਕਿ ਡੋਡੀਆਂ ਨੂੰ ਖਿੜਨ ਦਾ ਸ਼ਰਫ ਮਿਲੇ। ਫੁੱਲ ਦੀ ਮਹਿਕ ਅਤੇ ਰੰਗਤਾ ਨੂੰ ਭਾਗ ਲੱਗੇ ਰਹਿਣ। ਬਾਗ-ਬਗੀਚੇ ਦੇ ਵਿਹੜੇ ਵਿਚ ਤਿੱਤਲੀਆਂ ਦੀ ਉਡਾਰੀ ਅਤੇ ਭੌਰਾਂ ਦੀ ਰਾਗ-ਰਮਤਾ ਨਿਰੰਤਰ ਜਾਰੀ ਰਹੇ। ਇਸ ਰਚਮਿਚਤਾ ਵਿਚੋਂ ਹੀ ਬਗੀਚੀ ਨੂੰ ਭਾਗਾਂ ਭਰਿਆ ਹੋਣ ਅਤੇ ਚੌਗਿਰਦੇ ਵਿਚ ਜੀਵਨ-ਸੁਗੰਧੀਆਂ ਵੰਡਣ ਦਾ ਨਸੀਬਾ ਪ੍ਰਾਪਤ ਹੋਵੇ।
ਅਰਦਾਸ ਕਰੋ ਕਿ ਘਰਹੀਣਾਂ ਨੂੰ ਘਰ ਨਸੀਬ ਹੋਣ। ਘਰ ਵੱਸਦੇ ਰਹਿਣ ਤੇ ਕਮਰਿਆਂ ਵਿਚ ਮਿੱਠੜੀ ਗੁਫਤਗੂ ਜ਼ਿੰਦਗੀ ਨੂੰ ਜਿਉਣ-ਜੋਗਾ ਕਰਦੀ ਰਹੇ। ਕੰਧਾਂ ‘ਤੇ ਲਟਕੇ ਕੈਲੰਡਰ ਵਿਚ ਤਰੀਕਾਂ ‘ਤੇ ਨਿਸ਼ਾਨ ਨਾ ਲਾਉਣੇ ਪੈਣ। ਕਮਰੇ ਵਿਚ ਔਂਸੀਆਂ ਪਾਉਣ ਦੀ ਰੁੱਤ ਨਾ ਉਤਰੇ। ਇਹ ਜੀਵਨ-ਮੌਲਤਾ ਨਾਲ ਭਰਪੂਰਤਾ ਦਾ ਨਿੱਘ ਮਾਣਦਾ ਰਹੇ। ਘਰ ਵੀ ਅਰਦਾਸ ਕਰਦਾ ਹੈ ਕਿ ਘਰ ਵਾਲੇ ਸਦਾ ਹੱਸਦੇ, ਵੱਸਦੇ ਅਤੇ ਰੰਗ ਮਾਣਦੇ ਰਹਿਣ, ਕਿਉਂਕਿ ਘਰ ਤਾਂ ਘਰ ਵਾਲਿਆਂ ਨਾਲ ਹੀ ਹੁੰਦੇ। ਵਰਨਾ ਘਰ ਬਹੁਤ ਉਦਾਸ ਹੋ ਜਾਂਦਾ। ਉਦਾਸੇ ਅਤੇ ਹਤਾਸੇ. ਘਰ ਨੂੰ ਪਹਿਲੇ ਰੰਗ, ਹਸਾਸ ਅਤੇ ਹੁਲਾਸ ਵਿਚ ਪਰਤਣ ਲਈ ਕਈ ਵਾਰ ਉਮਰਾਂ ਹੀ ਲੱਗ ਜਾਂਦੀਆਂ। ਘਰ ਅਰਦਾਸ ਕਰਦਾ ਹੈ, ਘਰ ਦੇ ਸਰੋਕਾਰਾਂ ਤੇ ਸੁਹੱਪਣ ਲਈ, ਸਦੀਵਤਾ ਤੇ ਸਾਰਥਕਤਾ ਲਈ, ਸੁਪਨੇ ਤੇ ਸੰਭਾਵਨਾ ਲਈ ਅਤੇ ਸੁੱਖਨ ਤੇ ਸਬਰ ਲਈ ਤਾਂ ਕਿ ਘਰ ਦੇ ਅਰਥ ਸਦਾ ਜਿਉਂਦੇ ਰਹਿਣ।
ਅਰਦਾਸ ਕਰੋ ਕਿ ਸਾਡੇ ਬਜੁਰਗ ਸਾਡੇ ਲਈ ਅਰਦਾਸ ਕਰਦੇ ਰਹਿਣ, ਕਿਉਂਕਿ ਉਨ੍ਹਾਂ ਦੀ ਅਰਦਾਸ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਢੇਰ ਸਾਰੀਆਂ ਅਸੀਸਾਂ ਹੁੰਦੀਆਂ। ਉਨ੍ਹਾਂ ਦੀ ਰਹਿਬਰੀ ਵਿਚ ਘਰਾਂ ਨੂੰ ਭਾਗ ਲੱਗਦੇ ਅਤੇ ਹਵੇਲੀ ਵਿਚ ਮੱਝਾਂ, ਗਾਵਾਂ ਤੇ ਡੰਗਰਾਂ ਦੀ ਭਰਮਾਰ ਹੁੰਦੀ। ਉਨ੍ਹਾਂ ਦੇ ਜਿਉਂਦੇ ਜੀਅ ਘਰ ਦਾ ਕੁੰਡਾ ਹਮੇਸ਼ਾ ਕਾਇਮ। ਇਹ ਬਜੁਰਗ ਹੀ ਹੁੰਦੇ, ਜੋ ਸਾਡੀਆਂ ਭਾਵਨਾਵਾਂ ਨੂੰ ਪ੍ਰਵਾਨ ਚੜ੍ਹਾਉਣ ਵਿਚ ਸਦਾ ਸਹਾਈ। ਸਾਡੀਆਂ ਤਰਜ਼ੀਹਾਂ ਲਈ ਤਦਬੀਰਾਂ ਘੜਦੇ। ਉਹ ਨੰਗੇ ਪਿੰਡੇ ਦੀ ਛਾਂ ਕਰਕੇ ਵੀ ਆਪਣੇ ਬੱਚਿਆਂ ਨੂੰ ਲੂਆਂ ਤੋਂ ਬਚਾਉਂਦੇ। ਕਦੇ ਬਜੁਰਗੀ ਬਹਿਸ਼ਤ ਨੂੰ ਮਾਣਨ ਤੋਂ ਨਾ ਉਕਤਾਉਣਾ, ਕਿਉਂਕਿ ਬਜੁਰਗ ਜਦ ਤੁਰ ਜਾਂਦੇ ਨੇ ਤਾਂ ਸਾਡੇ ਮਨਾਂ ਵਿਚ ਹਸਰਤ ਹੀ ਰਹਿ ਜਾਂਦੀ ਕਿ ਕਾਸ਼! ਅਸੀਂ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਂਦੇ, ਪਰ ਸਮੇਂ ਨੂੰ ਪੁੱਠਾ ਗੇੜਾ ਨਹੀਂ ਦਿੱਤਾ ਜਾ ਸਕਦਾ।
ਅਰਦਾਸ ਕਰੋ ਕਿ ਸਾਡੇ ਸਬੰਧਾਂ ਵਿਚ ਸਾਦਗੀ, ਸੁੰਦਰਤਾ ਅਤੇ ਸਦੀਵਤਾ ਬਰਕਰਾਰ ਰਹੇ। ਪਕਿਆਈ ਅਤੇ ਪਾਕੀਜ਼ਗੀ ਰਹੇ। ਨਿੱਘ ਅਤੇ ਨਰੋਏਪਣ ਦੀ ਭਰਪਾਈ ਹੋਵੇ। ਬਹੁਤ ਔਖੀ ਹੁੰਦੀ ਏ ਸਬੰਧਾਂ ਵਿਚ ਪਈ ਦਰਾੜ ਦੀ ਭਰਪਾਈ। ਲੋੜ ਹੈ ਕਿ ਸਬੰਧਾਂ ਨੂੰ ਸੁਲੱਗਤਾ, ਸਮੂਹਿਕਤਾ ਅਤੇ ਸੁਚਿਆਰੇਪਣ ਨਾਲ ਨਿਭਾਇਆ ਜਾਵੇ ਤਾਂ ਕਿ ਸਬੰਧਾਂ ਵਿਚੋਂ ਸੁਗੰਧੀਆਂ ਦੀਆਂ ਲਗਰਾਂ ਫੁੱਟਦੀਆਂ ਰਹਿਣ।
ਅਰਦਾਸ ਕਰੋ ਕਿ ਕਦੇ ਕੋਈ ਚੁੱਲ੍ਹਾ ਠੰਢਾ ਨਾ ਹੋਵੇ। ਚੌਂਕੇ ਵਿਚ ਘਾਹ ਨਾ ਉਗੇ। ਓਟੇ ਦੀਆਂ ਚਿੜੀਆਂ ਉਦਾਸ ਨਾ ਹੋਣ। ਚੌਂਕੇ ਵਿਚ ਪਰਿਵਾਰਕ ਮਿਲ-ਬੈਠਣੀ ਵਿਚ ਕੋਈ ਬੰਦਿਸ਼ ਨਾ ਪਵੇ, ਕਿਉਂਕਿ ਚੌਂਕੇ ਦੀ ਤੜਫ ਵਿਚ ਬਹੁਤ ਕੁਝ ਤੜਫ ਕੇ ਰਹਿ ਜਾਂਦਾ ਏ। ਇਹ ਤੜਫਣੀ ਹੀ ਸਾਡੇ ਮਨਾਂ ਵਿਚ ਘਰ ਕਰਦੀ, ਚੁੱਲੇ-ਚੌਂਕੇ ਵਿਚ ਹਉਕਾ ਧਰ ਜਾਂਦੀ ਏ ਅਤੇ ਫਿਰ ਅਸੀਂ ਇਹ ਹੌਕੇ-ਹੰਝੂਆਂ ਨੂੰ ਮੁਖਾਤਬ ਹੋਣ ਤੋਂ ਡਰਨ ਲੱਗਦੇ ਹਾਂ।
ਅਰਦਾਸ ਕਰੋ ਕਿ ਖੇਤਾਂ ਵਿਚ ਖੁਸ਼ਹਾਲੀ ਮੌਲਦੀ ਰਹੇ। ਕਦੇ ਖੁਦਕੁਸ਼ੀਆਂ ਦੀ ਫਸਲ ਉਗਾਉਣ ਲਈ ਮਜਬੂਰ ਨਾ ਹੋਣਾ ਪਵੇ। ਆੜ ਵਿਚ ਘਾਹ ਨਾ ਉਗੇ ਅਤੇ ਔਲੂ ਵਿਚ ਪਾਣੀ ਦੀਆਂ ਲਹਿਰਾਂ ਨੂੰ ਅਠਖੇਲੀਆਂ ਕਰਨ ਦੀ ਜਾਚ ਨਾ ਭੁੱਲੇ। ਹਿਲੋਰੇ ਲੈਂਦੀਆਂ ਫਸਲਾਂ ਵਿਚ ਮੁਟਿਆਰ ਵਰਗੀ ਮੜਕ ਤੇ ਲਚਕ ਬਣੀ ਰਹੇ। ਖੇਤਾਂ ਵਿਚ ਵੱਸਦੇ ਰੱਬ ਨੂੰ ਅੰਨਦਾਤੇ ਅਤੇ ਲੋਕਾਈ ਦੇ ਦੁੱਖ-ਦਰਦ, ਅਮੀਰਤਾ ਅਤੇ ਅੰਤਰੀਵਤਾ ਬਖਸ਼ਣ ਦੀ ਸੋਝੀ ਤੇ ਸਮਰੱਥਾ ਪ੍ਰਾਪਤ ਹੁੰਦੀ ਰਹੇ। ਯਾਦ ਰਹੇ, ਖੇਤ ਵੱਸਦੇ ਨੇ ਤਾਂ ਜੀਵਨ ਵੱਸਦਾ ਏ। ਇਸ ਵਿਚੋਂ ਹੀ ਸਮੁੱਚੀ ਕਾਇਨਾਤ ਅਤੇ ਲੋਕਾਈ ਨੂੰ ਰੋਜ਼ੀ-ਰੋਟੀ ਦਾ ਆਹਰ-ਪਾਹਰ ਮਿਲਦਾ ਏ। ਖੇਤ ਵੈਰਾਨ ਹੋ ਗਏ ਜਾਂ ਖਾਲ ਤੇ ਔਲੂ ਵਿਚ ਪਾਣੀ ਹੀ ਨਾ ਰਿਹਾ ਤਾਂ ਸੋਕਿਆਂ ਨਾਲ ਝੰਬੀਆਂ ਫਸਲਾਂ ਦੇ ਮੁੜੇ ਹੋਏ ਕੁੰਡਾਂ ਨੂੰ ਹੱਥ ਵਿਚ ਪਕੜ, ਕਿਰਸਾਨ ਸਿਰਫ ਆਪਣੀ ਮੌਤ ਵਿਹਾਜਣ ਜੋਗਾ ਹੀ ਰਹਿ ਜਾਂਦਾ।
ਅਰਦਾਸ ਕਰੀਏ ਮਨ ਤੋਂ ਪਰ ਕਦੇ ਵੀ ਅਰਦਾਸਾ ਨਾ ਸੋਧੀਏ, ਕਿਉਂਕਿ ਜਦ ਅਸੀਂ ਕਿਸੇ ਦੇ ਖਾਤਮੇ ਲਈ ਅਰਦਾਸਾ ਸੋਧਦੇ ਹਾਂ ਤਾਂ ਦਰਅਸਲ ਅਸੀਂ ਆਪਣੀ ਮੌਤ ਦੇ ਵਰੰਟਾਂ ‘ਤੇ ਖੁਦ ਹੀ ਹਸਤਾਖਰ ਕਰਦੇ ਹਾਂ। ਆਪਣੀ ਕਬਰ ਪੁੱਟਣ ਵਾਲੇ ਕਿੰਨੇ ਕੁ ਚਿਰ ਜਿਉਂਦੇ ਰਹਿ ਸਕਦੇ? ਆਖਰ ਨੂੰ ਉਹ ਆਪਣੇ ਸਿਵੇ ਨੂੰ ਸੇਕਣ ਅਤੇ ਆਪਣੀ ਰਾਖ ਫਰੋਲਦੇ, ਠੰਢੇ ਹੋ ਚੁਕੇ ਸਿਵਿਆਂ ਵਿਚੋਂ ਸਾਹਾਂ ਦੀ ਖੈਰਾਤ ਕਦ ਭਾਲਣਗੇ?
ਅਰਦਾਸ ਕਰੋ ਕਿ ਕਵੀ ਤੇ ਕਲਕਾਰ ਜਿਉਂਦੇ-ਜਾਗਦੇ ਰਹਿਣ। ਕਿਰਤਾਂ ਦੀ ਜ਼ਮੀਰ ਨਾ ਮਰੇ। ਜਾਗਦੀਆਂ ਜ਼ਮੀਰਾਂ ਵਾਲੇ ਹੀ ਕੁਝ ਨਰੋਇਆ ਅਤੇ ਨਿਵੇਕਲਾ ਕਰ ਸਕਦੇ ਨੇ ਅਤੇ ਸੁੱਤਿਆਂ ਨੂੰ ਜਗਾ ਸਕਦੇ ਨੇ। ਮਰਨਹਾਰੀਆਂ ਜ਼ਮੀਰਾਂ ਜਾਂ ਵਿਕਾਊ ਜ਼ਹਿਨੀਅਤ ਵਾਲਿਆਂ ਤੋਂ ਕੋਈ ਵੀ ਆਸ ਨਹੀਂ ਰੱਖੀ ਜਾ ਸਕਦੀ। ਅਰਦਾਸ ਕਰੀਏ ਕਿ ਕਲਮਾਂ ਦੀ ਬੋਲੀ ਨਾ ਲੱਗੇ। ਸ਼ਬਦਾਂ ਵਿਚ ਸੁੰਨ ਨਾ ਹੋਵੇ। ਨਰੋਏ ਅਰਥ ਅੰਗੜਾਈਆਂ ਭਰਨ। ਇਹ ਅਰਥ ਮੋਮਬੱਤੀਆਂ ਦੀਆਂ ਡਾਰਾਂ ਬਣ ਕੇ ਮਨ ਮਸਤਕ ਨੂੰ ਰੁਸ਼ਨਾਉਣ ਅਤੇ ਜੀਵਨ ਦੀ ਸੁਚੱਜਤਾ ਨੂੰ ਅਰਥ-ਹੀਣਿਆਂ ਅਤੇ ਨਾ-ਸ਼ੁਕਰਿਆਂ ਦੀ ਸੋਚ ਦੇ ਨਾਂਵੇਂ ਲਾਉਣ।
ਅਰਦਾਸ ਕਰੀਏ ਕਿ ਸੁਪਨਹੀਣਾਂ ਨੂੰ ਸੁਪਨੇ ਦੀ ਸੌਗਾਤ ਮਿਲੇ, ਘੁਸਮੁੱਸੇ ਨੂੰ ਰਿਸ਼ਮਾਂ ਭਰੀ ਪ੍ਰਭਾਤ ਮਿਲੇ। ਹਨੇਰਿਆਂ ਨੂੰ ਤਾਰਿਆਂ ਭਰੀ ਰਾਤ ਮਿਲੇ, ਬੰਦੇ ਨੂੰ ਬੰਦਿਆਈ ਦੀ ਜਾਤ ਮਿਲੇ ਅਤੇ ਸੱਖਣੀਆਂ ਝੋਲੀਆਂ ਨੂੰ ਅਸ਼ੀਰਵਾਦਾਂ ਤੇ ਰਹਿਮਤਾਂ ਦੀ ਦਾਤ ਮਿਲੇ।
ਅਰਦਾਸ ਕਰਈਏ ਕਿ ਮੱਸਿਆ ਰਾਤੇ ਪੁੰਨਿਆਂ ਦਾ ਵਾਸਾ ਹੋਵੇ, ਰੋਂਦੂ ਵਿਹੜਿਆਂ ਵਿਚ ਖੁਸ਼ੀਆਂ ਦਾ ਵਾਸਾ ਹੋਵੇ, ਮਨ ਵਿਚ ਚੰਗੀਆਂ ਰੁਚੀਆਂ ਦਾ ਖਾਸਾ ਹੋਵੇ, ਢਹਿੰਦੀਆਂ ਕਲਾ ਨੂੰ ਸਿਰੜ ਤੇ ਸੰਭਲਤਾ ਦਾ ਭਰਵਾਸਾ ਹੋਵੇ ਅਤੇ ਮਰਨਹਾਰੇ ਵਿਚਾਰਾਂ ਨੂੰ ਆਪਣੇ ਆਪ ‘ਤੇ ਧਰਵਾਸਾ ਹੋਵੇ।
ਅਰਦਾਸ ਕਰੋ ਕਿ ਬੱਦਲ ਕਦੇ ਤਿੱਤਰਖੰਭੀਆਂ ਦੀ ਜੂਨ ਨਾ ਹੰਢਾਵੇ, ਪੌਣ ਕਦੇ ਹੁੰਮਸ ਦੇ ਘਰ ਪੀਹੜਾ ਨਾ ਡਾਹਵੇ, ਦਰਿਆਵਾਂ ਵਿਚ ਬਰੇਤਾ ਨਾ ਉਗ ਆਵੇ, ਲਹਿਰਾਂ ਵਿਚ ਬੇੜੀ ਦਾ ਕਫਨ ਮਨਹੂਸ ਚਿਹਰਾ ਨਾ ਦਿਖਾਵੇ, ਸਰਘੀ ਸ਼ਾਮ ਦਾ ਲਿਬਾਸ ਨਾ ਪਾਵੇ ਅਤੇ ਤਿੱਖੜ ਦੁਪਹਿਰ ਵਿਚ ਢਲਦੀਆਂ ਸ਼ਾਮਾਂ ਦਾ ਦਰਦ ਨਾ ਸਮਾਵੇ।
ਅਰਦਾਸ ਕਰੀਏ ਕਿ ਮਾਂਵਾਂ ਦੀਆਂ ਮੰਨਤਾਂ ਸਦਾ ਮੰਨੀਆਂ ਜਾਣ। ਹੱਥੀਂ ਤੋਰੇ ਸੱਜਣਾਂ ਲਈ ਰੋਣਾ ਨਾ ਪਵੇ। ਮਾਂਵਾਂ ਦੇ ਸੁਪਨਿਆਂ ਨੂੰ ਸਰਾਪ ਨਾ ਮਿਲੇ। ਬਾਪ ਨੂੰ ਲਾਡਲੇ ਦੀ ਅਰਥੀ ਨਾ ਢੋਣੀ ਪਵੇ ਅਤੇ ਨਾ ਹੀ ਕਿਸੇ ਨੂੰ ਸਿਸਕੀਆਂ ਵਿਚ ਮਜੀਠੀ ਸਾਥ ਸਿਉਂਕਣਾ ਪਵੇ।
ਅਰਦਾਸ ਕਰੀਏ ਕਿ ਹਰ ਮਨ ਨੂੰ ਸ਼ੁਭ-ਚਿੰਤਨ ਦੀ ਗੁੜਤੀ ਮਿਲੇ, ਹਰ ਸੋਚ ਵਿਚ ਸੂਰਜਾਂ ਦੀ ਦਸਤਕ ਹੋਵੇ, ਹਰ ਸੁਹਜ ਵਿਚ ਸਬਰ, ਸੰਤੋਖ ਅਤੇ ਸਕੂਨ ਦੀ ਸੁਗਮਤਾ ਸਰਸਰਾਵੇ, ਹਰ ਕਦਮ ਨੂੰ ਨੇਕਨਾਮੀਆਂ ਦੀ ਸ਼ਰਸ਼ਾਰੀ ਮਿਲੇ, ਹਰ ਫਿਤਰਤ ਨੂੰ ਫੱਕਰਤਾ, ਫਕੀਰੀ ਅਤੇ ਫਰਮਾਬਰਦਾਰੀ ਦੀ ਅਗੰਮਤਾ ਮਿਲੇ, ਹਰ ਇਬਾਰਤ ਨੂੰ ਇਬਾਦਤ ਦੀ ਅਨਾਇਤ ਨਸੀਬ ਹੋਵੇ ਅਤੇ ਹਰ ਮਨ ‘ਤੇ ਮਨੁੱਖਤਾ ਅਤੇ ਮਾਨਵੀਕਰਨ ਦੀ ਤਹਿਜ਼ੀਬ ਉਕਰੀ ਹੋਵੇ।
ਅਰਦਾਸ ਕਰੀਏ ਕਿ ਮਨੁੱਖ ਤੇ ਮਨੁੱਖਤਾ ਜਿਉਂਦੀ ਰਹੇ। ਇਕ ਹੀ ਅਰਦਾਸ ਵਿਨਾਸ਼ ਵੀ ਹੋ ਸਕਦੀ ਤੇ ਵਿਕਾਸ ਵੀ। ਇਹ ਮਨੁੱਖ ‘ਤੇ ਨਿਰਭਰ।
ਅਰਦਾਸ ਕਰੀਏ ਕਿ ਅੱਖਾਂ ਵਿਚ ਸ਼ਰਮ ਰਹੇ ਤਾਂ ਕਿ ਬਜੁਰਗਾਂ ਦਾ ਸਨਮਾਨ ਕਰ ਸਕੀਏ। ਪਿੰਜਰ ਵਿਚ ਸਾਹਾਂ ਦੀ ਅਮਾਨਤ ਰਹੇ ਤਾਂ ਕਿ ਨੇਕ ਕਾਰਜ ਕਰਨ ਦੀ ਬਿਰਤੀ ਬਣੀ ਰਹੇ ਅਤੇ ਕਿਸੇ ‘ਤੇ ਬੋਝ ਬਣਨ ਤੋਂ ਪਹਿਲਾਂ ਜਿੰਦ ਦਾ ਭੌਰ ਉਡਾਰੀ ਮਾਰ ਜਾਵੇ।
ਅਰਦਾਸ ਕਰਨ ਲਈ ਉਠੇ ਹੱਥਾਂ ਵਿਚ ਜਦ ਸੇਵਾ, ਸਮਰਪਿਤਾ, ਪ੍ਰੇਮ-ਭਾਵਨਾ ਜਾਂ ਕਿਸੇ ਦੇ ਕੰਮ ਆਉਣ ਦੀ ਤੀਬਰਤਾ ਭਾਰੂ ਹੋ ਜਾਵੇ ਤਾਂ ਅਰਦਾਸ ਆਪਣੇ ਅਰਥਾਂ ਦੀ ਸਾਰਥਿਕਤਾ ‘ਤੇ ਮੁਸਕਰਾਉਂਦੀ।
ਅਰਦਾਸ ਕਰੀਏ ਕਿ ਅਸੀਂ ਉਹ ਕੁਝ ਨਾ ਕਰੀਏ ਜਿਸ ਤੋਂ ਖੁਦ ਨੂੰ ਸ਼ਰਮਸ਼ਾਰ ਹੋਣਾ ਪਵੇ। ਅਜਿਹਾ ਕੁਝ ਨਾ ਕਰੀਏ ਕਿ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਅਜਿਹਾ ਕਾਰਾ ਨਾ ਕਰੀਏ ਕਿ ਸਮਾਜ ਵਿਚ ਸਿਰ ਨੀਵਾਂ ਕਰਕੇ ਜ਼ਹਾਲਤ ਹੰਢਾਉਣੀ ਪਵੇ। ਕੁਝ ਅਜਿਹਾ ਕਰੀਏ ਕਿ ਸਿਰ ਉਚਾ ਕਰਕੇ ਜਿਉਣ ਦਾ ਮਾਣ ਮਿਲਦਾ ਰਹੇ।
ਅਰਦਾਸ ਹਮੇਸ਼ਾ ਹਲੀਮੀ, ਖਾਮੋਸ਼ੀ, ਚੁੱਪ, ਚਾਹਨਾ, ਚੰਗਿਆਈ, ਚਾਹਤ, ਦਿਆਲਤਾ, ਕ੍ਰਿਪਾਲਤਾ ਅਤੇ ਨੇਕਨੀਤੀ ਵਿਚੋਂ ਪੈਦਾ ਹੋਵੇ ਤਾਂ ਅਰਦਾਸ ਨੂੰ ਆਪਣੀ ਔਕਾਤ ਤੇ ਨਾਜ਼। ਅਜਿਹੀ ਅਰਦਾਸ ਕਦੇ ਅਜਾਈਂ ਨਹੀਂ ਜਾਂਦੀ।
ਅਰਦਾਸ ਕੁਝ ਅਜਿਹੀ ਹੋਵੇ ਕਿ “ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀਂ ਭਾਈ ਮੀਤ॥” ਦੀ ਭਾਵਨਾ ਚਿੱਤ ਵਿਚ ਹੋਵੇ। ਇਹ ਅਰਦਾਸ ਆਪਣੇ ਰੰਗ ਵਿਚ ਸਮੁੱਚੇ ਮਨੁੱਖੀ ਵਰਤਾਰੇ ਨੂੰ ਵੀ ਰੰਗ ਦਿੰਦੀ ਆ।
ਅਰਦਾਸ ਸਰਬ-ਸ਼ਕਤੀਮਾਨ, ਸਰਬ-ਕਲਾ ਸਮਰੱਥ, ਸਰਬ-ਗੁਣੀ, ਸੰਪੂਰਨ, ਸੇਧਮਈ, ਸੰਤੁਸ਼ਟਮਈ, ਸਾਰਥਿਕ, ਸਮਰਪਿਤ, ਸੰਭਾਵਨਾਵਾਂ ਭਰਪੂਰ ਅਤੇ ਸੁਪਨਮਈ ਹੁੰਦੀ ਬਸ਼ਰਤੇ ਕਿ ਅਸੀਂ ਅਰਦਾਸ ਨੂੰ ਅਰਦਾਸ ਦੇ ਅਰਥਾਂ ਵਿਚ ਸਮਝਣ ਅਤੇ ਇਸ ਅਨੁਸਾਰ ਜੀਵਨ ਵਿਉਂਤਣ ਵੰਨੀਂ ਸੇਧਤ ਹੋਈਏ।
ਜਦ ਮਨ ਵਿਚ ਅਰਦਾਸ ਦਾ ਰੰਗ ਗੁਰਬਾਣੀ ਵਾਲਾ ਹੋਵੇ, “ਤੂ ਠਾਕੁਰ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ” ਤਾਂ ਬਹੁਤ ਕੁਝ ਅਛੋਪਲੇ ਹੀ ਪ੍ਰਾਪਤ ਹੋ ਜਾਂਦਾ ਏ।
ਅਰਦਾਸ ਕਦੇ ਵੀ ਦਿਮਾਗ ਤੋਂ ਨਹੀਂ ਕਰੀਦੀ, ਇਹ ਤਾਂ ਦਿਲ-ਦਰਵਾਜੇ ਵਿਚੋਂ ਨਿਕਲੀ ਹੋਈ ਹੂਕ, ਜੋ ਰੂਹ ਤੋਂ ਰੂਹ ਤੀਕ ਦੇ ਸਫਰਨਾਮੇ ਦੀ ਤਹਿਰੀਕ। ਦਿਮਾਗ ਵਿਚੋਂ ਨਿਕਲੀ ਅਰਦਾਸ ਤਾਂ ਗੁਣਾ-ਘਟਾਉ ਵਿਚ ਉਲਝ ਕੇ ਵਪਾਰੀਕਰਨ ਹੁੰਦੀ।
ਅਰਦਾਸ ਸਿਰਫ ਵਿਅਕਤੀ ਹੀ ਨਹੀਂ ਕਰਦਾ, ਜੋ ਸਿਰਫ ਆਪਣੇ ਆਪ ਤੀਕ ਹੀ ਸੀਮਤ ਹੁੰਦਾ। ਅਰਦਾਸ ਤਾਂ ਬਿਰਖ ਵੀ ਕਰਦੇ ਨੇ, ਮਨੁੱਖੀ ਸਲਾਮਤੀ ਲਈ। ਦਰਿਆ ਵੀ ਕਰਦੇ ਕਿ ਉਹ ਪਿਆਸ ਮਿਟਾਉਂਦੇ ਰਹਿਣ। ਧਰਤੀ ਵੀ ਕਰਦੀ ਹੈ ਕਿ ਉਹ ਭੁੱਖਿਆਂ ਲਈ ਅੰਨ ਪੈਦਾ ਕਰਦੀ ਰਹੇ। ਹਵਾ ਵੀ ਹੱਥ ਜੋੜਦੀ ਹੈ ਕਿ ਉਹ ਨਿਰਜਿੰਦ ਜਿੰਦਾਂ ਨੂੰ ਧੜਕਾਉਂਦੀ ਰਹੇ। ਪਰਿੰਦੇ ਵੀ ਕਰਦੇ ਕਿ ਉਹ ਹਵਾਂ ਵਿਚ ਲੋਟਣੀਆਂ ਲਾਉਂਦੇ ਅਤੇ ਸਰਗੋਸ਼ੀਆਂ ਪੈਦਾ ਕਰਦੇ ਰਹਿਣ। ਫੁੱਲ ਵੀ ਅਰਦਾਸ ਕਰਦੇ ਕਿ ਉਹ ਆਪਣੀ ਹਾਜਰੀ ਨਾਲ ਆਲੇ-ਦੁਆਲੇ ਵਿਚ ਖੇੜੇ ਬੀਜਦੇ ਰਹਿਣ। ਸਿਰਫ ਮਨੁੱਖ ਹੀ ਹੈ, ਜਿਸ ਦੀ ਅਰਦਾਸ ਵਿਚ ਇਨ੍ਹਾਂ ਕੁਦਰਤੀ ਨਿਆਮਤਾਂ ਅਤੇ ਅਰਦਾਸਾਂ ਦੇ ਖਾਤਮੇ ਦੀ ਤੌਫੀਕ ਹੁੰਦੀ ਹੈ। ਲੋੜ ਹੈ ਕਿ ਮਨੁੱਖ ਦੇ ਮਨ ਦੀ ਅਰਦਾਸ ਵਿਚ ਸੁੱਚਮਤਾ, ਉਤਮਤਾ ਅਤੇ ਸਮਰਪਣ ਨੂੰ ਅਹਿਮੀਅਤ ਮਿਲੇ ਕਿਉਂਕਿ ਕੁਦਰਤੀ ਮਿੱਤਰਤਾ ਵਿਚ ਹੀ ਮਨੁੱਖ ਦੀ ਸਦੀਵਤਾ ਦਾ ਕਿਆਮ ਹੈ।