ਨਿੱਕੇ ਲੋਕ, ਨਿੱਕੀਆਂ ਗੱਲਾਂ

ਇੰਦਰਜੀਤ ਚੁਗਾਵਾਂ
ਵੱਡੇ ਲੋਕ ਗੱਲਾਂ ਕਰਦੇ ਹਨ, ਨਿੱਕੇ ਲੋਕ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ। ਵੱਡੇ ਲੋਕਾਂ ਦੀਆਂ ਆਮ ਗੱਲਾਂ ਨੂੰ ਨਿੱਕੇ ਲੋਕ ਚਰਚੇ ਕਰਕੇ ਖਾਸ ਬਣਾ ਦਿੰਦੇ ਹਨ। ਵੱਡੇ ਸਾਹਿਬ ਨੇ ਖਾਂਦੇ ਵਕਤ ਕਿਸ ਅੰਦਾਜ਼ ਨਾਲ ਗਲਾਸ ਫੜਿਆ, ਕਿਸ ਅੰਦਾਜ਼ ਨਾਲ ਘੁੱਟ ਭਰਿਆ, ਕਿਸ ਅੰਦਾਜ਼ ਨਾਲ ਹੱਥ ਧੋਤੇ, ਇਹ ਸਭ ਨਿੱਕੇ ਲੋਕਾਂ ਲਈ ਦਿਲਚਸਪੀ ਦਾ ਕਾਰਨ ਹੁੰਦੇ ਹਨ। ਵੱਡੇ ਸਾਹਿਬ ਨੇ ਕਿੰਨਾ ਮਹਿੰਗਾ ਸੂਟ ਪਹਿਨਿਆ, ਸੂਟ ‘ਤੇ ਕਿਸ ਤਰ੍ਹਾਂ ਸਾਹਿਬ ਦਾ ਨਾਂਅ ਲਿਖਿਆ ਗਿਆ ਸੀ, ਵੱਡੇ ਸਾਹਿਬ ਨੇ ਏਨੇ ਰੁਝੇਵਿਆਂ ਦੇ ਬਾਵਜੂਦ ਕਿਸ ਤਰ੍ਹਾਂ ਗੁਫਾ ‘ਚ ਭਗਤੀ ਕੀਤੀ, ਮੰਦਿਰ-ਮਸਜਿਦ-ਗੁਰਦੁਆਰੇ ‘ਚ ਕੀ ਚੜ੍ਹਾਇਆ, ਕਿੰਨੇ ਗੁਰਬਿਆਂ ਨੂੰ ਖੈਰਾਤ ਵੰਡੀ, ਨਿੱਕੇ ਲੋਕ ਇਸ ਦੀ ਖੂਬ ਚਰਚਾ ਕਰਦੇ ਹਨ, “ਬਹੁਤ ਦਿਆਲੂ ਹੈ ਵੱਡਾ ਸਾਹਿਬ…ਗਰੀਬਾਂ ‘ਤੇ ਬਹੁਤ ਤਰਸ ਕਰਦੇ ਐ ਵੱਡੇ ਸਾਹਿਬ। ਮਾਹਰਾਜ ਇਹਨੂੰ ਹੋਰ ਤਰੱਕੀਆਂ ਬਖਸ਼ੇ…!”

ਉਹ ਦੁਆਵਾਂ ਕਰਦੇ ਹਨ ਆਪਣੇ ਵੱਡੇ ਸਾਹਿਬ ਲਈ, ਬਿਨ ਸਮਝੇ ਕਿ ਚੜ੍ਹਾਵੇ ਲਈ ਪੈਸਾ ਕਿੱਥੋਂ ਆਇਆ। ਕਸੂਰ ਉਨ੍ਹਾਂ ਦਾ ਨਹੀਂ…ਉਨ੍ਹਾਂ ਨੂੰ ਬਣਾਇਆ ਹੀ ਗੁਣਗਾਨ ਕਰਨ ਲਈ ਗਿਆ ਹੁੰਦੈ…ਤੇ ਗੁਣਗਾਨ ਕਰਨ ਲਈ ਅੱਖਾਂ ਬੰਦ ਕਰਨੀਆਂ ਪੈਂਦੀਆਂ ਹਨ ਜਾਂ ਨੀਵੀਆਂ ਰੱਖਣੀਆਂ ਪੈਂਦੀਆਂ ਹਨ। ਜੇ ਨਿੱਕੇ ਲੋਕ ਸਿਰ ਉਠਾ ਕੇ ਦੇਖਣ ਲੱਗ ਜਾਣ ਤਾਂ ਉਹ ਸਮਝ ਜਾਣਗੇ ਕਿ ਵੱਡੇ ਸਾਹਿਬ ਤਾਂ ਉਨ੍ਹਾਂ ਦੇ ਸਿਰ ‘ਤੇ ਪੈਰ ਰੱਖੀ ਖੜ੍ਹਾ ਹੈ, ਉਸ ਦਾ ਕੱਦ ਤਾਂ ਉਨ੍ਹਾਂ ਦੀ ਬਦੌਲਤ ਹੀ ਹੈ।
ਨਿੱਕੇ ਲੋਕ, ਨਿੱਕੇ ਨਿੱਕੇ ਕੰਮ ਕਰਦੇ ਹਨ ਤੇ ਉਨ੍ਹਾਂ ਦੇ ਕੀਤੇ ਕੰਮ ‘ਤੇ ਮੋਹਰ ਵੱਡੇ ਲੋਕਾਂ ਦੀ ਲੱਗ ਜਾਂਦੀ ਐ! ਚਰਚਾ ਵੱਡੇ ਲੋਕਾਂ ਦੀ ਹੁੰਦੀ ਐ, ਨਿੱਕੇ ਲੋਕਾਂ ਦੀ ਚਰਚਾ ਭਲਾ ਕੌਣ ਕਰਦੈ!
ਲਿਪਟਨ ਦੀ ਚਾਹ ਪੀਂਦਿਆਂ, ਨੈਸਲੇ ਦਾ ਚਾਕਲੇਟ ਖਾਂਦਿਆਂ ਲਿਪਟਨ, ਨੈਸਲੇ ਦਾ ਹੀ ਗੁਣ-ਗਾਨ ਹੁੰਦੈ, ਉਨ੍ਹਾਂ ਹਜ਼ਾਰਾਂ ਨਿੱਕੇ ਲੋਕਾਂ ਦੇ ਹੱਥਾਂ ਦਾ ਗੁਣ-ਗਾਨ ਕਦੇ ਨਹੀਂ ਹੁੰਦਾ, ਜਿਨ੍ਹਾਂ ਨੇ ਪਸੀਨਾ ਵਹਾ ਕੇ ਇਹ ਸਵਾਦਿਸ਼ਟ ਉਤਪਾਦ ਤਿਆਰ ਕਰਕੇ ਲੋਕਾਂ ਤੱਕ ਪਹੁੰਚਦੇ ਕੀਤੇ ਹੁੰਦੇ ਹਨ।
ਦਰਅਸਲ, ਨਿੱਕੇ ਲੋਕਾਂ ਦੇ ਨਿੱਕੇ-ਨਿੱਕੇ ਕੰਮਾਂ ਵੱਲ ਕਿਸੇ ਦਾ ਧਿਆਨ ਜਾਂਦਾ ਈ ਨਹੀਂ, ਚਰਚਾ ਕਿੱਥੋਂ ਹੋਵੇਗੀ ਤੇ ਨਾ ਹੀ ਚਰਚਾ ਹੋਣ ਦਿੱਤੀ ਜਾਂਦੀ ਹੈ। ਕਾਰਨ, ਜੇ ਇਨ੍ਹਾਂ ਦੀ ਚਰਚਾ ਹੋਣ ਲੱਗ ਪਈ ਤਾਂ ਵੱਡਿਆਂ ਨੂੰ ਕੌਣ ਪੁੱਛੇਗਾ! ਦੂਸਰੇ ਅਰਥਾਂ ‘ਚ ਨਿੱਕੇ ਲੋਕਾਂ ਦੇ ਨਿੱਕੇ-ਨਿੱਕੇ ਕੰਮਾਂ ਦੇ ਵੱਡੇ ਅਰਥ ਹੁੰਦੇ ਹਨ, ਜਿਨ੍ਹਾਂ ‘ਤੇ ਵੱਡਿਆਂ ਦੀ ਵਡਿਆਈ ਟਿਕੀ ਹੁੰਦੀ ਹੈ ਤੇ ਉਹ ਆਪਣੀ ਵਡਿਆਈ ਨੂੰ ਕਿਸੇ ਵੀ ਤਰ੍ਹਾਂ ਛੁਟਿਆਉਣਾ ਨਹੀਂ ਚਾਹੁੰਦੇ।
ਹੁਣ ਨਿੱਕੇ ਲੋਕ ਦਿੱਲੀ ਦੇ ਗਲ ਜਾ ਪਏ ਹਨ। ਬਥੇਰੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਨਿੱਕੇ ਲੋਕਾਂ ਦੀ ਚਰਚਾ ਨਾ ਕੀਤੀ ਜਾਵੇ ਤੇ ਨਾ ਹੋਣ ਦਿੱਤੀ ਜਾਵੇ। ਫਿਰ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੂੰ ਅਤਿਵਾਦੀ ਆਖ ਬਦਨਾਮ ਕਰ ਦਿੱਤਾ ਜਾਵੇ, ਪਰ ਗੱਲ ਉਲਟੀ ਪੈ ਗਈ। ਦਿੱਲੀ ਦੇ ਨਿੱਕੇ ਲੋਕਾਂ ਨੇ ਪੰਜਾਬ-ਹਰਿਆਣਾ ਦੇ ਨਿੱਕੇ ਲੋਕਾਂ ਨੂੰ ਕਲਾਵੇ ‘ਚ ਲੈ ਲਿਆ ਤੇ ਦੁਸ਼ਮਣੀ ਦੀ ਥਾਂ ਵਿਆਹ ਵਰਗਾ ਮਾਹੌਲ ਬਣ ਗਿਐ!
ਗੱਲ ਤਾਂ ਨਿੱਕੀ ਜਿਹੀ ਜਾਪਦੀ ਐ, ਪਰ ਉਸ ਦੇ ਅਰਥ ਕਿੰਨੇ ਵੱਡੇ ਹਨ, ਖੁਦ ਅੰਦਾਜ਼ਾ ਲਾ ਸਕਦੇ ਓ। ਇੱਕ ਤਸਵੀਰ ਦੇਖਣ ਨੂੰ ਮਿਲੀ ਐ! ਸੱਤ ਸਮੁੰਦਰੋਂ ਪਾਰ ਬੈਠੇ ਮੇਰੇ ਵਰਗੇ ਲੋਕਾਂ ਲਈ ਇਹ ਤਸਵੀਰਾਂ ਦੇਸੀ ਘਿਓ ਦਾ ਕੰਮ ਕਰ ਰਹੀਆਂ ਹਨ। ਦਿੱਲੀ ਗਲ ਪਏ ਲਸ਼ਕਰ ਨੂੰ ਰੋਕਣ ਲਈ ਤਾਇਨਾਤ ਨੀਮ ਸੁਰੱਖਿਆ ਬਲਾਂ ਦੇ ਇੱਕ ਜਵਾਨ ਨੂੰ ਇੱਕ ਕਿਸਾਨ ਪਾਣੀ ਪਿਆ ਰਿਹਾ ਹੈ। ਬੱਸ, ਇੱਕ ਤਸਵੀਰ ਹੀ ਹੈ! ਹੋਰ ਕੀ ਹੈ? ਨਹੀਂ, ਇਹ ਸਿਰਫ ਤਸਵੀਰ ਨਹੀਂ, ਇਸ ਵਿਚ ਬਹੁਤ ਕੁਝ ਛੁਪਿਆ ਪਿਐ! ਇਸ ਵਿਚ ਸਾਡੀ ਵਿਰਾਸਤ ਛੁਪੀ ਹੋਈ ਹੈ, ਭਾਈ ਘਨੱਈਆ ਜੀ ਦੀ ਵਿਰਾਸਤ! ਭਾਈ ਘਨੱਈਆ ਤਾਂ ਦੁਸ਼ਮਣ ਦੇ ਸੈਨਿਕਾਂ ਨੂੰ ਪਾਣੀ ਪਿਆ ਰਹੇ ਸਨ, ਇਹ ਤਾਂ ਉਸ ਜਵਾਨ ਨੂੰ ਪਾਣੀ ਪਿਆ ਰਿਹੈ ਕਿਸਾਨ, ਜੋ ਉਸ ਦਾ ਹੀ ਬੇਟਾ ਹੈ। ਉਹ ਬੇਟਾ, ਜਿਸ ਨੂੰ ਆਪਣੇ ਹੀ ਬਾਪ ‘ਤੇ ਲਾਠੀ, ਅੱਥਰੂ ਗੈਸ ਤੇ ਗੋਲੀ ਤੱਕ ਚਲਾਉਣ ਲਈ ਤਾਇਨਾਤ ਕਰ ਦਿੱਤਾ ਗਿਆ ਹੈ।
ਗੱਲ ਫਿਰ ਨਿੱਕੀ ਹੈ। ਕਿਸਾਨ ਆਪਣੇ ਪੁੱਤ ਨੂੰ ਜੇ ਪਾਣੀ ਪਿਆ ਰਿਹੈ, ਲੰਗਰ ਛਕਾ ਰਿਹੈ ਤਾਂ ਪੁੱਤ ਵੀ ਆਪਣੇ ਬਾਪ ਨੂੰ ਨਹੀਂ ਭੁੱਲਿਆ। ਇੱਕ ਵੀਡਿਓ ਦੇਖਣ ਨੂੰ ਮਿਲੀ ਹੈ, ਜਿਸ ਵਿਚ ਇੱਕ ਕਮਾਂਡੋ ਕਿਸਾਨਾਂ ਦੇ ਮੰਚ ‘ਤੇ ਚੜ੍ਹ ਕੇ ਆਪਣਾ ਸਮਰਥਨ ਹੀ ਨਹੀਂ ਦੇ ਰਿਹਾ, ਸਗੋਂ ਇਹ ਵੀ ਕਹਿ ਰਿਹੈ, “ਹਮ ਕਿਸਾਨੋਂ ਕੇ ਬੇਟੇ ਹੈਂ, ਕੋਈ ਵੀ ਜਵਾਨ ਕਿਸਾਨੋਂ ਪਰ ਲਾਠੀ ਨਹੀਂ ਚਲਾਏਗਾ।” ਗੱਲ ਨਿੱਕੀ ਹੈ, ਪਰ ਇਸ ਦੇ ਅਰਥ ਨਿੱਕੇ ਹਨ ਜਾਂ ਵੱਡੇ, ਇਹ ਤੁਸੀਂ ਖੁਦ ਸਮਝ ਲੈਣਾ! ਜਦ ਸੁਰੱਖਿਆ ਬਲ, ਸਰਕਾਰ ਦੇ ਹੁਕਮ ‘ਤੇ ਹਥਿਆਰ ਚੁੱਕਣ ਤੋਂ ਨਾਂਹ ਕਰ ਦੇਣ ਤਾਂ ਗੱਲ ਕਿੱਥੇ ਜਾ ਖੜਦੀ ਹੈ, ਇਹ ਸਰਕਾਰ ਦੇ ਕਿਸੇ ਅਹਿਲਕਾਰ ਨੂੰ ਪੁੱਛ ਕੇ ਵੇਖਿਓ!
ਇੱਕ ਹੋਰ ਨਿੱਕੀ ਗੱਲ! ਮੇਰੇ ਮਿੱਤਰ ਮਹੀਪਾਲ ਦਾ ਫੋਨ ਆਇਆ! ਗੱਲਬਾਤ ਸਾਡੀ ਲੋਕ-ਯੁੱਧ ਬਾਰੇ ਹੀ ਸੀ। ਉਸ ਨੇ ਇੱਕ ਨਿੱਕੀ ਜਿਹੀ ਗੱਲ ਸੁਣਾਈ। ਉਹ ਜਮਹੂਰੀ ਕਿਸਾਨ ਸਭਾ ਦੇ ਦਫਤਰੋਂ ਕਿਸਾਨ ਮੋਰਚੇ ਨਾਲ ਸਬੰਧਤ ਸਮੱਗਰੀ ਮਾਨਸਾ ਪਹੁੰਚਦੀ ਕਰਨ ਲਈ ਸਾਥੀ ਰਾਮ ਕਿਸ਼ਨ ਨੂੰ ਲੈ ਕੇ ਜਲੰਧਰ ਬੱਸ ਅੱਡੇ ਗਏ। ਇੱਕ ਪ੍ਰਾਈਵੇਟ ਬੱਸ ਦੇ ਡਰਾਈਵਰ ਨਾਲ ਗੱਲ ਕੀਤੀ। ਡਰਾਈਵਰ-ਕੰਡਕਟਰ ਦੋਵੇਂ ਪੜ੍ਹੇ-ਲਿਖੇ ਜਾਪ ਰਹੇ ਸਨ। ਡਰਾਈਵਰ ਨੇ ਉਸ ਸਾਮਾਨ ਦੇ ਤਿੰਨ ਸੌ ਰੁਪਏ ਮੰਗੇ। ਮਹੀਪਾਲ ਨੇ ਕਿਹਾ ਕਿ ਇਹ ਤਾਂ ਬਹੁਤ ਜ਼ਿਆਦਾ ਐ ਯਾਰ। ਅੱਗਿਓਂ ਜੁਆਬ ਸੀ, “ਢਾਈ ਸੌ ਰੁਪਏ ਤਾਂ ਟਿਕਟ ਈ ਐ ਬਾਊ ਜੀ…! ਕੋਈ ਹੋਰ ਦੇਖ ਲਓ, ਏਹਤੋਂ ਘੱਟ ਸਾਨੂੰ ਨਹੀਂ ਬਾਰਾ ਖਾਂਦੇ।”
ਮਹੀਪਾਲ ਨੇ ਉਸ ਡਰਾਈਵਰ ਨੂੰ ਹਲੀਮੀ ਨਾਲ ਕਿਹਾ, “ਇਹ ਕਿਹੜਾ ਕੋਈ ਦੁਕਾਨ ਦਾ ਸਾਮਾਨ ਐਂ, ਕਿਸਾਨ ਮੋਰਚੇ ਦਾ ਸਾਮਾਨ ਐਂ, ਨਹੀਂ ਲੈ ਕੇ ਜਾਣਾ ਤਾਂ ਭਾਈ ਕੋਈ ਹੋਰ ਦੇਖ ਲੈਨੇ ਆਂ!” ਇਹ ਕਹਿਣ ਦੀ ਦੇਰ ਸੀ ਕਿ ਡਰਾਈਵਰ ਨੇ ਸਾਮਾਨ ਫੜ ਕੇ ਬੱਸ ‘ਚ ਰੱਖ ਲਿਆ ਤੇ ਆਖਣ ਲੱਗਾ, “ਪਹਿਲਾਂ ਕਿਉਂ ਨਹੀਂ ਦੱਸਿਆ ਯਾਰ!” ਮਹੀਪਾਲ ਇਹ ਗੱਲ ਦੱਸਦਾ ਭਾਵੁਕ ਹੋ ਗਿਆ ਕਿ ਜੋ ਪਹਿਲਾਂ ਤਿੰਨ ਸੌ ਰੁਪਏ ਮੰਗ ਰਿਹਾ ਸੀ, ਉਹ ਬਿਨ ਕੋਈ ਪੈਸਾ ਲਏ ਸਾਮਾਨ ਲੈ ਕੇ ਗਿਆ! ਉਸ ਨੇ ਰਸਤੇ ‘ਚ ਉਤਰ ਜਾਣਾ ਸੀ, ਇਸ ਲਈ ਕੰਡਕਟਰ ਨੂੰ ਮਹੀਪਾਲ ਦੇ ਸਾਹਮਣੇ ਹੀ ਕਹਿ ਦਿੱਤਾ, “ਇਹ ਆਪਣੇ ਕਿਸਾਨ ਮੋਰਚੇ ਦਾ ਸਾਮਾਨ ਐਂ, ਇੱਕ ਨਿੱਕਾ ਪੈਸਾ ਨਹੀਂ ਲੈਣਾ!” ਗੱਲ ਕੋਈ ਵੱਡੀ ਨਹੀਂ, ਨਿੱਕੀ ਜਿਹੀ ਹੈ। ਬੱਸ ‘ਤੇ ਮੁਫਤ ਸਾਮਾਨ ਹੀ ਲੈ ਗਿਆ ਨਾ, ਪਰ ਨਹੀਂ, ਇਸ ਦੇ ਅਰਥ ਬਹੁਤ ਵੱਡੇ ਹਨ। ਇਹ ਇੱਕ ਸੰਕੇਤ ਹੈ ਕਿ ਜਨ-ਸਮਰਥਨ ਕਿਸ ਧਿਰ ਦੇ ਨਾਲ ਹੈ।
ਇੱਕ ਵੀਡਿਓ ਹੋਰ ਦੇਖਣ ਨੂੰ ਮਿਲੀ ਹੈ। ਮੇਰੇ ਪੁਰਖਿਆਂ ਦੇ ਪਿੰਡ ਗਾਖਲਾਂ, ਜੋ ਮੇਰੇ ਪਿੰਡ ਚੁਗਾਵਾਂ ਦੇ ਬਿਲਕੁਲ ਨਾਲ ਈ ਐ, ਦੀ ਕੈਨੇਡਾ ਵਸਦੀ ਇੱਕ ਧੀ ਕੁਲਦੀਪ ਕੌਰ ਦਿੱਲੀ ਮੋਰਚੇ ‘ਚ ਲੰਗਰ ਦੀ ਰਸਦ ਲੈ ਕੇ ਪੁੱਜੀ ਹੈ। ਇਸ ਲੋਕ-ਯੁੱਧ ਨੂੰ ਬਦਨਾਮ ਕਰਨ ਵਾਲੀ ਕੰਗਨਾ ਰਣੌਤ ਨੂੰ ਇਸ ਵੀਡਿਓ ‘ਚ ਕੁਲਦੀਪ ਕੌਰ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਜੁਆਬ ਦਿੱਤਾ ਹੈ। ਇੱਥੇ ਕੁਲਦੀਪ ਕੌਰ ਦੇਖਣ ਨੂੰ ਸਿਰਫ ਇੱਕ ਪਿੰਡ ਦੀ ਧੀ, ਇੱਕ ਆਮ ਐਨ. ਆਰ. ਆਈ. ਹੀ ਹੈ, ਪਰ ਨਹੀਂ, ਉਹ ਸਿਰਫ ਇੱਕ ਮੁਟਿਆਰ ਨਹੀਂ, ਉਹ ਇਸ ਯੁੱਧ ਨੂੰ ਸੱਤ ਸਮੁੰਦਰ ਪਾਰਲੇ ਸਮਰਥਨ ਦਾ ਪ੍ਰਤੀਕ ਹੈ।
ਹੁਣ ਨਿੱਕੇ ਨਿੱਕੇ ਲੋਕਾਂ ਨੇ ਮਿਲ ਕੇ ਪੂਰਾ ਭਾਰਤ ਠੱਪ ਕਰਕੇ ਰੱਖ ਦਿੱਤੈ! ਹੁਣ ਇਸ ਬੰਦ ਨੂੰ ਕੌਣ ਨਜ਼ਰ-ਅੰਦਾਜ਼ ਕਰਦਾ। ਪੂਰੀ ਦੁਨੀਆਂ ‘ਚ ਇਸ ਦੀ ਚਰਚਾ ਹੋ ਰਹੀ ਐ!
ਹਵਾ ਕੁਝ ਅਜਿਹੀ ਚੱਲੀ ਹੈ ਕਿ ਫਿਜ਼ਾ ‘ਚ ਨਿੱਕੇ ਲੋਕਾਂ ਦੀਆਂ ਨਿੱਕੀਆਂ ਗੱਲਾਂ ਵੱਡੇ ਅਰਥ ਸਿਰਜ ਰਹੀਆਂ ਹਨ। ਅਖਾੜੇ ‘ਚ ਘੁਲ ਰਹੇ ਭਲਵਾਨਾਂ ‘ਚੋਂ ਜ਼ਰੂਰੀ ਨਹੀਂ ਕਿ ਵੱਡੇ ਜੁੱਸੇ ਵਾਲਾ ਜਿੱਤੇ, ਜਿੱਤੇਗਾ ਉਹੀ ਜਿਸ ਅੰਦਰਲੇ ਮੁਕਾਬਲੇ ਦੇ ਜਜ਼ਬੇ ਦਾ ਜੁੱਸਾ ਵੱਡਾ ਹੋਵੇਗਾ! ਮੋਰਚੇ ਦਾ ਰੁਖ ਕੁਝ ਅਜਿਹੇ ਸੰਕੇਤ ਦੇ ਰਿਹੈ ਕਿ ਨਿੱਕੇ ਲੋਕ, ਨਿੱਕੇ-ਨਿੱਕੇ ਹੱਲਿਆਂ ਨਾਲ ਜ਼ਰੂਰ ਕੋਈ ਵੱਡਾ ਥੰਮ੍ਹ ਡੇਗਣਗੇ!