ਮੁਆਫੀ ਮੰਗਣ ਦੀ ਹਿੰਮਤ ਕਿੱਥੋਂ ਆਵੇਗੀ?

‘ਪੰਜਾਬ ਟਾਈਮਜ਼’ ਦੇ 21 ਨਵੰਬਰ ਦੇ ਅੰਕ ਵਿਚ ਅਮਰਜੀਤ ਚੰਦਨ ਦੇ ਲੇਖ ‘ਸੰਨ ਸੰਤਾਲੀ ਦੇ ਗੁਨਾਹਾਂ ਦਾ ਲੇਖਾ’ ਨੇ ਸਾਡੇ ਜੁਰਮਾਂ ਤੇ ਗੁਨਾਹਾਂ ਦੀ ਅੱਲੇ ਜ਼ਖਮਾਂ ਵਾਲੀ ਰਗ ‘ਤੇ ਹੱਥ ਲਾਇਆ ਹੈ। ਅਸੀਂ ਪੰਜਾਬੀ ਲੋਕਾਂ ਨੇ ਸੰਤਾਲੀ ਦੀ ਵੰਡ ਵੇਲੇ ਦੇ ਦੰਗਿਆਂ-ਫਸਾਦਾਂ ਦੌਰਾਨ ਇਕ-ਦੂਜੇ ਫਿਰਕੇ ਦੇ ਆਪਣੇ ਦਸ ਲੱਖ ਭੈਣ-ਭਰਾਵਾਂ, ਹਮਸਾਇਆਂ ਦੇ ਨਾਲ ਕਤਲ-ਓ-ਗਾਰਤ, ਜਬਰ-ਜਨਾਹ, ਆਤਿਸ਼ਜ਼ਨੀ ਦੇ ਬੇਇੰਤਹਾ ਜੁਰਮ ਕੀਤੇ; ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਦੋਵੇਂ ਪਾਸੇ ਇਲਜ਼ਾਮ ਦੂਜੇ ਦੇ ਗਲ ਮੜ੍ਹ ਕੇ ਜੁਰਮ ਤੋਂ ਪਾਸਾ ਵੱਟਣ ਜਾਂ ਆਪਣੇ ਆਪ ਨੂੰ ਬਰੀ ਕਰਨ ਦੀ ਕੋਝੀ ਕੋਸ਼ਿਸ਼ ਕਰਦੇ ਰਹੇ ਹਾਂ।

ਕਿੰਨਾ ਸੌਖਾ ਹੁੰਦਾ ਹੈ, ਦੂਜੇ ਸਿਰ ਪਹਿਲ ਦਾ ਇਲਜ਼ਾਮ ਲਾ ਕੇ ਆਪਣੇ ਪਾਗਲਪਨ ਜਾਂ ਚਿੱਟੇ-ਸਾਫ ਸਮੂਹਕ ਜੁਰਮ ਨੂੰ ਬਦਲੇ ਦੀ ਕਾਰਵਾਈ ਵਜੋਂ ਜਾਇਜ਼ ਕਰਾਰ ਦੇਣਾ ਤੇ ਆਪਣੇ ਜ਼ਮੀਰ ‘ਤੇ ਕੋਈ ਭਾਰ ਨਾ ਪੈਣ ਦੇਣਾ।
ਅਸੀਂ ਆਪਣੇ-ਆਪਣੇ ਪਾਸੇ ਵੀ ਕਦੀ ਜੁੜ ਬੈਠ ਕੇ ਸੰਜੀਦਗੀ ਨਾਲ ਮਹਿਸੂਸ ਨਹੀਂ ਕੀਤਾ, ਵਿਚਾਰ ਨਹੀਂ ਕੀਤਾ ਕਿ ਸਾਡੇ ਚੰਗੇ-ਭਲੇ ਆਮ ਲੋਕਾਂ ਵਿਚ ਵੱਡੇ ਪੈਮਾਨੇ ‘ਤੇ ਇੰਤਹਾ ਦੀ ਦਰਿੰਦਗੀ ਵਾਲੇ ਫਤੂਰ, ਇਕ-ਦੂਜੇ ਫਿਰਕੇ ਦੀਆਂ ਔਰਤਾਂ ਨਾਲ ਸ਼ੱਰੇਆਮ ਨਿਹਾਇਤ ਵਹਿਸ਼ੀਆਨਾ ਸਲੂਕ ਦੀ ਸ਼ਰਮ ਮੰਨਣ ਦੀ ਥਾਂ ਉਜੱਡਪੁਣਾ ਕਿਉਂ ਆ ਗਿਆ ਸੀ? ਕੀ ਐਸਾ ਫਿਰਕੂ ਰਾਖਸ਼ਪੁਣਾ ਸਾਡੇ ਅੰਦਰ ਹਾਲੇ ਵੀ ਛੁਪਿਆ ਤਾਂ ਨਹੀਂ ਪਿਆ? ਇੱਕੇ-ਦੁੱਕੇ ਹੱਸਾਸ ਸਿਆਣੇ ਬੰਦਿਆਂ ਨੂੰ ਛੱਡ ਕੇ ਅੱਜ ਤਾਈਂ ਕੋਈ ਖਾਸ ਤਸ਼ਵੀਸ਼ ਨਜ਼ਰ ਨਹੀਂ ਆਈ ਕਿ ਸਾਡੇ ਲੋਕਾਂ ਵਿਚ ਇਸ ਤਰ੍ਹਾਂ ਦਾ ਪਾਗਲਪਣ ਕਿਤੇ ਫੇਰ ਸਵਾਰ ਨਾ ਹੋ ਜਾਵੇ; ਕੋਈ ਉਪਰਾਲਾ ਸੋਚਿਆ ਜਾਵੇ, ਕੀਤਾ ਜਾਵੇ। ਸੰਨ 1984 ਵਿਚ ਹੋਏ ਦੰਗਿਆਂ ਵੇਲੇ ਬਹੁਤ ਸਾਰੇ ਡਰੇ ਹੋਏ ਲੋਕਾਂ ਨੂੰ ਕਾਫੀ ਹੱਦ ਤਕ ਸੰਨ ਸੰਤਾਲੀ ਦੀ ਭੁੱਲੀ ਹੋਈ ਵਹਿਸ਼ਤ ਤੇ ਦੰਗਿਆਂ ਦੀ ਯਾਦ ਆਈ ਸੀ।
ਅਮਰਜੀਤ ਚੰਦਨ ਸੋਚਦਾ ਤੇ ਮਹਿਸੂਸ ਕਰਦਾ ਹੈ ਕਿ ਪੰਜਾਬੀ ਲੋਕਾਂ ਦੇ ਸਿਰ ‘ਤੇ ਸੰਤਾਲੀ ਦੇ ਗੁਨਾਹਾਂ ਦਾ ਪਿਆ ਭਾਰ ਕਫਾਰਾ ਕਰਨ ਪ੍ਰਾਸ਼ਚਿਤ ਕਰਨ ਨਾਲ ਭੁੱਲ ਬਖਸ਼ਾਉਣ ਨਾਲ ਹੀ ਹਟ ਸਕਦਾ ਹੈ। ਇਹਨੂੰ ਲੱਗਦਾ ਹੈ ਕਿ ਕੌਮੀ ਗੁਨਾਹਾਂ ਦਾ ਕਫਾਰਾ ਕਰਨ ਵਾਲੇ ਮੁਲਕਾਂ ਜਾਂ ਕੌਮਾਂ ਦੇ ਸਰਬਰਾਹ ਹੀ ਹੁੰਦੇ ਨੇ; ਪਰ ਇਸ ਵੇਲੇ ਦੋਵੇਂ ਪਾਸੇ ਦੇ ਪੰਜਾਬ ਵਿਚ ਕੋਈ ਐਸਾ ਸਰਕਾਰੀ ਅਹੁਦੇਦਾਰ ਜਾਂ ਕੋਈ ਹੋਰ ਸਿਰਕੱਢ ਲੀਡਰ, ਉੱਚੇ-ਸੁੱਚੇ ਇਖਲਾਕ ਵਾਲਾ ਬੰਦਾ ਹੈ ਨਹੀਂ, ਜੋ ਗੁਨਾਹਾਂ ਲਈ ਮੁਆਫੀ ਮੰਗੇ। ਜੋ ਧਿਰਾਂ ਉਸ ਵੇਲੇ ਹਥਿਆਰਾਂ ਨਾਲ ਲੈਸ ਜਥੇਬੰਦ ਹੋ ਕੇ ਇਕ-ਦੂਜੇ ਤਬਕੇ ਦੇ ਨਿਹੱਥੇ ਬੇਕਸੂਰ ਲੋਕਾਂ ਦੇ ਕਤਲ ਕਰਨ ਵਿਚ ਪੇਸ਼-ਪੇਸ਼ ਸਨ, ਉਨ੍ਹਾਂ ਕੋਲੋਂ ਐਸੀ ਉਮੀਦ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਫੇਰ ਕੀਤਾ ਕੀ ਜਾਵੇ?
ਆਮ ਲੋਕ ਤਾਂ ਯਤਨ ਕਰ ਸਕਦੇ ਹਨ। ਜਿਵੇਂ 1971 ਵਿਚ ਪੂਰਬੀ ਬੰਗਾਲ (ਬੰਗਲਾਦੇਸ਼) ਵਿਚ ਔਰਤਾਂ ਨਾਲ ਪਾਕਿਸਤਾਨੀ ਫੌਜ ਦੇ ਢਾਹੇ ਜ਼ੁਲਮਾਂ ਲਈ ਪਾਕਿਸਤਾਨ ਦੇ ਵਿਮੇਨ’ਜ਼ ਐਕਸ਼ਨ ਫੋਰਮ ਨੇ ਪਾਕਿਸਤਾਨੀ ਜੁਰਮ ਦਾ ਇੰਕਸ਼ਾਫ ਕਰ ਕੇ ਸ਼ਰਮਿੰਦਗੀ ਜਾਹਰ ਕਰ ਕੇ ਮੁਆਫੀ ਮੰਗਣ ਦੀ ਹਿੰਮਤ ਕੀਤੀ ਸੀ।
ਪਰ ਐਸਾ ਉਪਰਾਲਾ ਵੀ ਉਦੋਂ ਹੀ ਮੁਮਕਿਨ ਹੁੰਦਾ ਹੈ, ਜੇ ਅਸੀਂ ਫਿਰਕੇ ਤੇ ਮੁਲਕੀ ਆਧਾਰ ‘ਤੇ ਵੈਰ-ਭਾਵ ਤੇ ਰੜਕ ਤੋਂ ਮੁਕਤ ਹੋਈਏ। ਕਫਾਰੇ ਦੀ ਲੋੜ ਤਾਂ ਗੁਨਾਹ ਦੇ ਅਹਿਸਾਸ, ਸ਼ਰਮਿੰਦਗੀ, ਆਪਣੇ ਆਪ ਨਾਲ ਨਾਰਾਜ਼ਗੀ ਵਾਲੀ ਹਾਲਤ ਤੋਂ ਪੈਦਾ ਹੁੰਦੀ ਹੈ। ਇਹਦੀ ਤਹਿ ਵਿਚ ਸੁਲਾਹ-ਸਫਾਈ, ਜ਼ਖਮ ਭਰ ਕੇ, ਮਿੱਤਰਤਾ, ਭਾਈਚਾਰਾ ਕਾਇਮ ਕਰਨ ਦੀ ਖਾਹਿਸ਼ ਹੋਣੀ ਹੁੰਦੀ ਹੈ। ਜੇ ਪੰਜਾਬੀਆਂ ਨੇ ਆਪਸੀ ਪਛਾਣ ਹੀ ਫਿਰਕੇ ਦੇ ਤੌਰ ‘ਤੇ ਵੰਡੇ ਹੋਏ ਲੋਕਾਂ ਵਾਲੀ ਬਣਾਈ ਹੋਵੇ, ਤਾਂ ਨਾ ਤੇ ਗੁਨਾਹਾਂ ਦੇ ਭਾਰ ਦਾ ਮਸਲਾ ਹੱਲ ਹੁੰਦਾ ਹੈ, ਨਾ ਹੀ ਕਫਾਰੇ ਦਾ ਸਵਾਲ। ਇਨਸਾਨੀ ਮੂਰਖਤਾ ਤੋਂ ਅਵੇਸਲਾ ਨਹੀਂ ਹੋਇਆ ਜਾ ਸਕਦਾ। ਇਨਸਾਨਾਂ ਵਿਚ ਗੈਰ-ਇਨਸਾਨੀ ਤੱਤ ਵੀ ਹੁੰਦਾ ਹੈ। ਵੈਸੇ ਵੀ ਇਸ ਯੁੱਗ ਨੂੰ ‘ਏਜ ਆਵ ਐਂਗਰ’ (ਗੁੱਸੇ ਵਾਲਾ ਯੁੱਗ) ਕਿਹਾ ਜਾਂਦਾ ਹੈ।
ਇਸ ਤੋਂ ਇਲਾਵਾ ਇਕ ਸੁਆਲ ਇਹ ਸੋਚਣ ਦਾ ਵੀ ਹੈ ਕਿ ਕੀ ਮੁਆਫੀ ਮੰਗਣ ਨਾਲ ਵਾਕਿਆ ਹੀ ਕੌਮਾਂ ਜਾਂ ਫਿਰਕਿਆਂ ਦੇ ਜ਼ਖਮ ਭਰ ਜਾਂਦੇ ਹਨ? ਕੀ ਵਿਕਟਿਮ ਦੀ ਦੂਜੀ ਧਿਰ ਦੀ ਸ਼ਮੂਲੀਅਤ ਤੋਂ ਬਿਨਾ ਮੁਆਫੀ ਹੋ ਸਕਦੀ ਹੈ? ਪਰ ਸ਼ਾਇਦ ਕਫਾਰਾ ਬਿਨਾ ਮੁਆਫੀ ਤੋਂ ਵੀ ਮੁਮਕਿਨ ਹੋ ਸਕਦਾ ਹੈ, ਜੇ ਪਹਿਲਾਂ ਫਿਰਕੇਦਾਰਾਨਾ ਦੂਸ਼ਣਬਾਜ਼ੀ ਨੂੰ ਰੋਕਿਆ ਜਾਵੇ, ਵੈਰ-ਭਾਵ ਤੋਂ ਮੁਕਤ ਹੋਇਆ ਜਾਵੇ, ਦੂਜਿਆਂ ਵਲ ਨਫਰਤ ਦੀ ਥਾਂ ਮੁਹੱਬਤੀ ਤੇ ਲਿਹਾਜ਼ਦਾਰ ਵਤੀਰਾ ਆਮ ਜਾਹਰ ਹੋਵੇ। ਐਸਾ ਰਵੱਈਆ ਤੇ ਸਲੂਕ ਖਾਮੋਸ਼ ਕਿਸਮ ਦੀ ਮੁਆਫੀ ਜਾਂ ਕਫਾਰੇ ਦਾ ਇਜ਼ਹਾਰ ਬਣ ਸਕਦਾ ਹੈ।
-ਹਰੀਸ਼ ਪੁਰੀ (ਇਤਿਹਾਸਕਾਰ)
ਰਿਟਾਇਰਡ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਟੀ।

ਆਪਣਾ ਦੁੱਖ ਜੁ ਸਾਂਝਾ ਹੈ…
ਪੰਜਾਬ 1947 ਮਨ ਚੋਟ ਹੈ। ਬਹੁਤਿਆਂ ਲਈ ਗਮਚੋਟ ਹੈ। ਅਮਰਜੀਤ ਚੰਦਨ ਨੇ ਲੇਖ ਸ਼ੁਰੂ ਫੈਜ਼ ਦੀ ਬਾਦਲੀਲ ਨਜ਼ਮ ਨਾਲ ਕੀਤਾ ਹੈ ਤੇ ਅੰਤ ਵੀ ਓਨੇ ਸੁਘੜ ਸੁਆਲ ਕਰਕੇ ਕਰ ਦਿੱਤਾ ਹੈ। ਅਖੀਰ ‘ਚ ਤਾਂ ਗੇਂਦ ਨਿਰੀ ਪੰਜਾਬੀਆਂ ਦੇ ਪਾਲੇ ਵੱਲ ਨੂੰ ਕੀਤੀ ਹੈ-ਭਾਈ ਕੁਝ ਕਰ-ਮਰ ਲਓ।
ਦੁਨੀਆਂ ਭਾਂਤ-ਭਾਂਤ ਦੀ ਹੈ। ਜੇ ਨਿਹੱਥਿਆਂ ਤੇ ਬੇਕਸੂਰਾਂ ਨੂੰ ਮਾਰਨ ਵਾਲੇ ਨਿਰਦੱਈਆਂ ਦਾ ਕੋਈ ਹਿਸਾਬ ਨਹੀਂ, ਤਾਂ ਜਾਨ ਜੋਖੋਂ ‘ਚ ਪਾ ਕੇ ਸਰਬਤ ਦਾ ਭਲਾ ਸੋਚਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ। ਕਿਸੇ ਵੀ ਫਲ ਦੀ ਆਸ ਕੀਤਿਆਂ ਬਗੈਰ ਲੋਕਾਂ ਦੀ ਰੱਖਿਆ ਕਰਨ ਵਾਲੇ ਵੀ ਲੋਕ ਸਨ। ਉਹ ਕਾਮਰੇਡ ਸਨ।
ਸਾਡੇ ਪਿੰਡਾਂ ਲਾਗੇ ਕੋਟ ਬਾਦਲ ਖਾਨ ਤੇ ਤਲਵਣ ‘ਚ ਸੁੱਖੀਂ-ਸਾਂਦੀਂ ਵਸਦੀ ਵੱਡੀ ਮੁਸਲਮਾਨ ਲੋਕਾਈ ਸੀ। ਰੌਲਿਆਂ ‘ਚ ਇਨ੍ਹਾਂ ਦੀ ਜਾਨ ਬਚਾਉਂਦਾ ਕਾਮਰੇਡ ਨਿੱਕਾ ਬੀਰ ਸਿੰਘ ਜਾਨ ਦੇ ਗਿਆ ਸੀ। ਨਿੱਕੇ ਬੀਰ ਸਿੰਘ ਕਈ ਸਨ। ਹੋਰ ਤਾਂ ਹੋਰ ਅਕਾਲ ਸੈਨਿਕਾਂ ਨੇ ਤਾਂ ਕਾਮਰੇਡ ਗਹਿਲ ਸਿੰਘ ਛੱਜਲਵੱਡੀ ਨੂੰ ਵੀ ਨਹੀਂ ਸੀ ਬਖਸ਼ਿਆ। ਜਿਨ੍ਹਾਂ ਉਮਰਾਨੰਗਲੀਆਂ ਨੇ ਕਫਾਰਾ ਕਰ ਲਿਆ, ਆਪਣਾ ਮਨ ਦਾ ਭਾਰ ਲਾਹ ਲਿਆ; ਅੰਤਲੇ ਸਾਹ ਸੌਖੇ ਨਿਕਲੇ ਹੋਣਗੇ।
ਮੈਨੂੰ ਇਕ ਬਾਬਾ ਯਾਦ ਹੈ। ਹੁਣ ਇਸ ਦੁਨੀਆਂ ‘ਚ ਤਾਂ ਹੈ ਨਹੀਂ। ਜਦ ਕਦੇ ਵੀ ਉਹਨੇ ਢਾਣੀ ਆ ਕੇ ਬਹਿਣਾ, ਛੇਤੀ ਕੇਸਾਂ ‘ਚੋਂ ਕੰਘਾ ਕੱਢਣਾ ਤੇ ਲੱਤਾਂ-ਬਾਹਾਂ ਤੇ ਫੇਰਨ ਲੱਗ ਜਾਣਾ-ਕਦੇ ਕਦੇ ਬਹੁਤੇ ਜ਼ੋਰ ਨਾਲ। ਲਹੂ ਰਿਸਣ ਲੱਗਣਾ, ਤਾਂ ਕਈਆਂ ਨੂੰ ਅੱਲਕਾਂਦ ਆ ਜਾਣੀ ਤੇ ਉਹ ਮੂੰਹ ਪਰ੍ਹਾਂ ਕਰ ਲੈਂਦੇ; ਕਈ ਤਾਂ ਉੱਠ ਕੇ ਤੁਰ ਜਾਂਦੇ। ਉਹਨੂੰ ਚੰਬਲ ਹੋਈ-ਹੋਈ ਸੀ। ਕਿਸੇ ਨੇ ਕਹਿਣਾ, ਅਜੇ ਤਾਂ ਏਹਨੂੰ ਕੋਹੜ ਹੋਣਾ। ਰੌਲਿਆਂ ‘ਚ ਇਹਨੇ ਨਿਹੱਥੇ ਮੁਸਲਮਾਨ ਮਾਰੇ ਹੋਏ ਆ। ਇਸ ਗੱਲ ‘ਚ ਕਿੰਨੀ ਸੱਚਾਈ ਹੈ ਕਿ ਕਈਆਂ ਨੂੰ ਆਪਣਾ ਕੀਤਾ ਏਥੇ ਭੁਗਤਣਾ ਪੈਂਦਾ, ਕਈਆਂ ਨੂੰ ਅੱਗੇ ਜਾ ਕੇ। ਮੈਨੂੰ ਮਨੋ ਸਾਫ ਹੋ ਕੇ ਕਫਾਰਾ ਕਰ ਲੈਣ ਨਾਲੋਂ ਕੋਈ ਵੱਡਾ ਹੱਲ ਨਹੀਂ ਦਿਸਦਾ। ਜਿਨ੍ਹਾਂ ਦੇ ਸਾਹ ਹਨ, ਉਨ੍ਹਾਂ ਕੋਲ ਸੁਆਸ ਛੱਡਣ ਤੋਂ ਪਹਿਲਾਂ ਮੌਕਾ ਹੈ। ਇਹਦਾ ਫਾਇਦਾ ਲੈ ਲੈਣ ਤਾਂ ਭਲਾ ਹੋਊ! ਪਰ ਤੁਰ ਗਿਆਂ ਦੀ ਥਾਂ ਸਿਆਣੀ ਗੱਲ ਕੌਣ ਕਰੂ?
ਤਕਨੀਕੀ ਇਨਕਲਾਬ ਨਾਲ ਕਈ ਮੁਸ਼ਕਿਲਾਂ ਵੀ ਪੈਦਾ ਹੋ ਗਈਆਂ ਨੇ; ਪਰ ਸੌਖ ਵੀ ਹੋ ਗਈ ਹੈ। ਲਾਹੌਰ ਤੇ ਜਲੰਧਰ ਦੇ ਸੱਜਣ ਆਖਰੀ ਸਾਹਾਂ ਨੂੰ ਢੁੱਕੇ ਪੰਜਾਬੀ ਸਿਆਣਿਆਂ ਦੀਆਂ ਗੱਲਾਂ ਰਿਕਾਰਡ ਕਰ ਰਹੇ ਹਨ। ਇਨ੍ਹਾਂ ‘ਚ ਸਭ ਤਰ੍ਹਾਂ ਦੀਆਂ ਕਹਾਣੀਆਂ ਹਨ-ਮਿੱਠੀਆਂ, ਖੱਟੀਆਂ ਤੇ ਥੂਹ ਕਰਨ ਵਾਲੀਆਂ ਕੌੜੀਆਂ; ਇਨ੍ਹਾਂ ਦੇ ਦੁੱਖ ਦੇਖੇ-ਸੁਣੇ ਨਹੀਂ ਜਾਂਦੇ। ਇਹ ਗੱਲਾਂ ਸੁਣ ਕੇ ਮੈਂ ਕਦੇ-ਕਦੇ ਲਾਹੌਰੀਆਂ ਨੂੰ ਫੋਨ ਕਰ ਲੈਂਦਾ ਹਾਂ। ਉਨ੍ਹਾਂ ਨਾਲ ਮਾੜੀ ਹੋਈ-ਕੀਤੀ ਦੀ ਮੁਆਫੀ ਮੰਗ ਲੈਂਦਾ ਹਾਂ। ਵਿਚ-ਵਿਚ ਕਈ ਪੁੱਛ ਲੈਂਦੇ ਹਨ: ਤੇਰੀ ਉਮਰ ਕਿੰਨੀ ਹੈ? ਮੈਂ ਦੱਸਦਾ ਹਾਂ ਕਿ ਮੇਰਾ ਜਨਮ ਰੌਲਿਆਂ ਤੋਂ ਨੌ ਦਸ-ਕੁ ਸਾਲ ਬਾਅਦ ਹੈ; ਮੇਰੇ ਘਰਦੇ ਵੀ ਲਾਇਲਪੁਰੋਂ ਉੱਜੜ ਕੇ ਆਏ ਸਨ। ਉਹ ਮੋੜ ਕੇ ਪੁੱਛਦੇ ਹਨ, ਤੇਰਾ ਕੀ ਕਸੂਰ, ਮਾਫੀ ਕਿਸ ਗੱਲ ਦੀ? ਮੈਂ ਆਖਦਾ ਹਾਂ, ਸਾਈਂ, ਆਪਣਾ ਦੁੱਖ ਜੁ ਸਾਂਝਾ ਹੈ।
ਜਿਨ੍ਹਾਂ ਤੋਂ ਹਿਸਾਬ ਮੰਗ ਸਕਦੇ ਸੀ, ਉਹ ਤਾਂ ਹੁਣ ਹੈ ਵੀ ਨਹੀ; ਜੇ ਹੁੰਦੇ ਵੀ ਤਾਂ ਕੀ ਉਹ ਪੈਰਾਂ ‘ਤੇ ਪਾਣੀ ਪੈਣ ਦਿੰਦੇ? ਇਹ ਜ਼ਖਮ ਪੰਜਾਬੀਆਂ ਦਾ ਹੈ। ਇਹਦਾ ਇਲਾਜ ਵੀ ਅਸੀਂ ਹੀ ਕਰਨਾ ਹਾਂ।
– ਸੁਖਦੇਵ ਸਿੱਧੂ

ਖੂਨ ਕੇ ਧੱਬੇ ਧੁਲੇਂਗੇ ਕਿਤਨੀ ਬਰਸਾਤੋਂ ਕੇ ਬਾਅਦ
ਜਦੋਂ ਕੋਈ ਬਹੁਤ ਸੁਹਣਾ ਲਿਖੇ, ਤਾਂ ਉਹਨੂੰ ਪਿਆਰ ਨਾਲ ਪੁੱਛਦੇ ਨੇ, ਤੂੰ ਕਿੱਥੇ ਬੈਠ ਕੇ ਲਿਖਦਾ ਏਂ, ਏਨਾ ਸੁਹਣਾ? ਮੈਂ ਵੀ ਅਮਰਜੀਤ ਚੰਦਨ ਨੂੰ ਪੜ੍ਹਦਿਆਂ ਅਕਸਰ ਦਿਲ ਹੀ ਦਿਲ ਵਿਚ ਇਹ ਪੁੱਛਦਾ ਰਹਿੰਨਾਂ। ਤੇ ਫਿਰ ਮੈਨੂੰ ਬਾਬਾ ਫਰੀਦ ਦੇ ਬੋਲ ਯਾਦ ਆ ਜਾਂਦੇ ਨੇ, ਊਚੇ ਚੜਿ ਕੈ ਦੇਖਿਆ…। ਊਚੇ ਚੜਿ ਕੇ ਦੇਖਿਆਂ ਘਰ-ਘਰ ਦੀ ਅੱਗ ਨਜ਼ਰ ਆਉਂਦੀ ਹੈ, ਬਹੁਤ ਦੂਰ ਤਕ ਅਤੀਤ, ਭਵਿੱਖ ਭਵਾਨ ਨਜ਼ਰ ਆਉਂਦੇ ਨੇ। ਅਮਰਜੀਤ ਜਿੱਥੇ ਬੈਠ ਕੇ ਲਿਖਦਾ ਏ, ਉਥੋਂ ਇਹ ਸਾਨੂੰ ਦੂਰ-ਦੂਰ ਤਕ ਦਿਖਾ ਦਿੰਦਾ ਹੈ, ਜੋ ਅਸੀਂ ਨਹੀਂ ਦੇਖਿਆ ਹੁੰਦਾ। ਇਹਦੇ ਵਾਕ ਲੇਖਾ ਰੱਖਦੇ ਨੇ ਵਾਕਿਆਂ ਦਾ, ਲਹਿਰਾਂ ਦਾ, ਦਿਲ ਵਿਚ ਚੜ੍ਹਦੀਆਂ ਲਹਿੰਦੀਆਂ ਦਾ। ਇਹ ਸਾਡੀ ਸੂਖਮ ਵਿਰਾਸਤ ਦਾ ਬਹੁਤ ਬਾਰੀਕਬੀਨ, ਹੱਸਾਸ ਤੇ ਕਦਰ-ਸ਼ਨਾਸ ਕਿਊਰੇਟਰ ਹੈ। ਸਿੱਟ-ਪਸਿੱਟੇ ਪਈਆਂ ਚੀਜ਼ਾਂ ਤੇ ਭੁੰਞੇ ਡਿੱਗੀਆਂ ਗੱਲਾਂ ਨੂੰ ਉਠਾ ਕੇ ਵੀ ਆਪਣੀ ਕਸਵੱਟੀ ਨਾਲ ਬੇਸ਼ਕੀਮਤੀ ਕਰ ਦਿੰਦਾ ਏ।
ਇਹ ਗੁਨਾਹਾਂ ਦੇ ਲੇਖੇ ਵਾਲਾ ਲੇਖ ਪੜ੍ਹਦਿਆਂ ਮੈਨੂੰ ਯਾਦ ਆਇਆ ਕਿ ਕਤਲੋਗਾਰਤ ਦੇ ਉਨ੍ਹਾਂ ਦਿਨਾਂ ਵਿਚ ਬਹੁਤ ਮੀਂਹ ਪਏ ਸਨ ਤੇ ਇਹ ਸਤਰਾਂ ਵੀ ਯਾਦ ਆਈਆਂ:
ਰੱਤ ਧੋਵਣੇ ਨੂੰ ਹੀ ਭੇਜੀਆਂ ਇਸ ਵਾਰ ਅੱਲ੍ਹਾ ਨੇ ਬਾਰਿਸ਼ਾਂ
ਰਲ ਰੋਵਣੇ ਨੂੰ ਹੀ ਭੇਜੀਆਂ ਇਸ ਵਾਰ ਅੱਲ੍ਹਾ ਨੇ ਬਾਰਿਸ਼ਾਂ।
ਅਮਰਜੀਤ ਚੰਦਨ ਦਾ ਇਹ ਲੇਖ ਵੀ ਅੱਲ੍ਹਾ ਦੀਆਂ ਬਾਰਿਸ਼ਾਂ ਵਰਗਾ ਹੈ।
-ਸੁਰਜੀਤ ਪਾਤਰ

ਭਾਵਪੂਰਤ ਲਿਖਤ
‘ਸੰਨ ਸੰਤਾਲੀ ਦੇ ਗੁਨਾਹਾਂ ਦਾ ਲੇਖਾ’ ਉਸ ਵੇਲੇ ਦੇ ਸੰਗੀਨ ਹਾਲਾਤ ਬਾਰੇ ਅਮਰਜੀਤ ਚੰਦਨ ਦੀ ਬਹੁਤ ਹੀ ਭਾਵਪੂਰਤ ਲਿਖਤ ਹੈ। ਇਨ੍ਹਾਂ ਨੇ ਬਹੁਤ ਹੌਸਲੇ ਤੇ ਨਿਰਪੱਖਤਾ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਸ ਤਰ੍ਹਾਂ ਦੀਆਂ ਲਿਖਤਾਂ ਲਹਿੰਦੇ ਪੰਜਾਬੀਆਂ ਨੂੰ ਵੀ ਲਿਖਣੀਆਂ ਚਾਹੀਦੀਆਂ ਹਨ, ਤਾਂ ਕਿ ਦੋਹਾਂ ਪੰਜਾਬਾਂ ਵਿਚ ਸੰਤਾਲੀ ਦੇ ਘੱਲੂਘਾਰੇ ਬਾਰੇ ਨਿਰਪੱਖ ਹੋ ਕੇ ਜਾਣਿਆ ਜਾ ਸਕੇ; ਪਰ ਇਸ ਤਰ੍ਹਾਂ ਦੀਆਂ ਲਿਖਤਾਂ ਨੂੰ ਜੱਗ ਜਾਹਰ ਕਰਨ ਲਈ ਬਹੁਤ ਸਾਰੀਆਂ ਸਿਆਸੀ ਤੇ ਸਮਾਜੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਦੀ ਇਤਿਹਾਸਕ ਜਾਣਕਾਰੀ ਮਿਲਣ ਨਾਲ ਸਾਡਾ ਸਮਾਜ ਕਈ ਤਰ੍ਹਾਂ ਦੀਆਂ ਕੁਰੀਤੀਆਂ ਤੋਂ ਸੰਭਲ ਸਕਦਾ ਹੈ।
-ਰੌਣਕੀ ਰਾਮ
ਸ਼ਹੀਦ ਭਗਤ ਸਿੰਘ ਚੇਅਰ ਪ੍ਰੋਫੈਸਰ,
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।