ਸਵਰਾਜਬੀਰ
ਅਮਰਜੀਤ ਚੰਦਨ ਨੇ ਆਪਣੇ ਲੇਖ ਦਾ ਨਾਂ ‘ਸੰਨ ਸੰਤਾਲੀ ਦੇ ਗੁਨਾਹਾਂ ਦਾ ਲੇਖਾ’ ਰੱਖਿਆ ਹੈ। ਇਨ੍ਹਾਂ ਗੁਨਾਹਾਂ ਦਾ ਲੇਖਾ ਨਹੀਂ ਹੋ ਸਕਦਾ। ਮੈਂ ਛੇ-ਸੱਤ ਸਾਲ ਪਹਿਲਾਂ ਮਸ਼ਹੂਰ ਕਮਿਉਨਿਸਟ ਪੰਜਾਬੀ ਦਾਨਿਸ਼ਵਰ ਤਾਰਿਕ ਅਲੀ ਨਾਲ ਕੀਤੀ ਮੁਲਾਕਾਤ ਦੌਰਾਨ ਪੁੱਛਿਆ ਸੀ ਕਿ ਸੰਨ ਸੰਤਾਲੀ ਦੀ ਵੰਡ ਕਿਉਂ ਹੋਈ? ਉਹਨੂੰ ਅੱਗੋਂ ਗੱਲ ਨਾ ਅਹੁੜੀ। ਉਹਨੇ ਕਿਹਾ, “ਰੱਬ ਦੀ ਮਰਜ਼ੀ।”
ਮੈਂ ਆਪਣੇ ਨਾਟਕ ‘ਪੁਲਸਿਰਾਤ’ ਵਿਚ ਪਿੰਡ (ਮਲ੍ਹੋਵਾਲੀ/ਨਵਾਂ ਪਿੰਡ, ਜਿਲਾ ਗੁਰਦਾਸਪੁਰ) ਵਿਚ ਰਹਿੰਦੀ ਔਰਤ ‘ਨਾਮੋ’ ਦੀ ਕਹਾਣੀ ਲਿਖੀ ਹੈ, ਜੋ ਉਸ ਉਜਾੜੇ ਵੇਲੇ ਉਧਾਲੀ ਗਈ ਤੇ ਸਿੱਖ ਬਣਾ ਕੇ ਪਿੰਡ ਦੇ ਬੰਦੇ ਦੇ ਘਰ ਵਸਾਈ ਗਈ। ਉਹਦੇ ਦੋ ਪੁੱਤਰ ਸਨ। ਉਹ ਕਮਲੀ ਹੋ ਗਈ ਸੀ। ਉਹ ਸਵੇਰੇ ਉਠ ਕੇ ਸੂਏ ‘ਤੇ ਨਹਾਉਣ ਜਾਂਦੀ ਤੇ ਨਹਾਉਂਦਿਆਂ-ਨਹਾਉਂਦਿਆਂ ਉੱਚੀ-ਉੱਚੀ ਬੋਲਦੀ, “ਨਾਮੋ ਸੁਵੱਖਤੇ ਉਠਦੀ ਐ…ਨਾਮੋ ਇਸ਼ਨਾਨ ਕਰਦੀ ਐ, ਭਾਈ (ਗੁਰਦੁਆਰੇ ਵਾਲਾ) ਉਠਦਾ ਈ ਨਹੀਂ; ਨਾਮੋ ਪਾਠ ਕਰਦੀ ਐ, ਭਾਈ ਪਾਠ ਨਹੀਂ ਕਰਦਾ; ਨਾਮੋ ਸਿੱਖ ਐ ਸਿੱਖ਼..ਭਾਈ…।”
ਉਹ ਏਦਾਂ ਕਿਉਂ ਬੋਲਦੀ ਸੀ? ਉਹਦੇ ਮਨ ਵਿਚ ਕੀ ਦੱਬਿਆ ਸੀ? ਕੀ ਜਬਰੀ ਕਿਸੇ ਦਾ ਧਰਮ ਬਦਲਣਾ ਜਾਨੋਂ ਮਾਰਨ ਤੋਂ ਵੀ ਵੱਡੀ ਸਜ਼ਾ ਹੈ? ਕੁਲਵੰਤ ਸਿੰਘ ਵਿਰਕ ਦਾ ਆਪਣੀ ਕਹਾਣੀ ‘ਖੱਬਲ’ ਵਿਚ ਕੱਢਿਆ ਨਤੀਜਾ ਗਲਤ ਵੀ ਹੈ ਤੇ ਠੀਕ ਵੀ। ਜੜ੍ਹੋਂ ਪੁੱਟੇ ਬੰਦੇ ਦੀ ਜੜ੍ਹ ਨਹੀਂ ਲੱਗਦੀ ਤੇ ਲੱਗ ਵੀ ਜਾਂਦੀ ਹੈ। ਕੁਲਵੰਤ ਸਿੰਘ ਵਿਰਕ ਬਹੁਤਾ ਠੀਕ ਨਹੀਂ ਹੈ। ਅਸੀਂ ਗੁਨਾਹਾਂ ਦਾ ਕਫਾਰਾ ਨਹੀਂ ਕਰਦੇ। ਅਸੀਂ ਗੁਨਾਹ ਕਰਦੇ ਜਾਂਦੇ ਹਾਂ। ਇਹ ਮਨੁੱਖੀ ਫਿਤਰਤ ਹੈ। ਮੈਂ ਇਹ ਨਾਟਕ ਕਿਉਂ ਲਿਖਿਆ? 1993 ਵਿਚ ਅੰਮ੍ਰਿਤਸਰ ਰਹਿੰਦਿਆਂ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ। ਪਿੰਡੋਂ ਇਕ ਬੰਦਾ ਉਸ ਟੱਬਰ ‘ਚੋਂ ਅਫਸੋਸ ਕਰਨ ਆਇਆ, ਜਿਨ੍ਹਾਂ ਨੂੰ ਪਿੰਡ ਦੇ ਲੋਕ ‘ਸਰਦਾਰ’ (ਵੱਡੇ ਬੰਦੇ) ਕਹਿੰਦੇ ਸਨ। ਮੈਂ ਉਸ ਤੋਂ ਨਾਮੋ ਦਾ ਹਾਲ ਪੁੱਛਿਆ। ਮੇਰੀ ਯਾਦ (ਮੈਂ ਉਹਨੂੰ ਬਚਪਨ ਵਿਚ ਵੇਖਿਆ ਸੀ) ਵਿਚ ਉਹ ਡਰਦੀ ਹੋਈ, ਲੁਕ-ਲੁਕ ਬਹਿੰਦੀ ਚਿੱਟੇ ਵਾਲਾਂ ਵਾਲੀ ਔਰਤ ਸੀ; ਜਿਹਨੂੰ ਮੇਰੀ ਮਾਂ ਰੋਟੀ ਦਿੰਦੀ, ਤਾਂ ਉਹ ਵਿਹੜੇ ਦੀ ਨੁੱਕਰ ਵਿਚ ਜਾ ਕੇ ਖਾਂਦੀ; ਟੁੱਕਰ-ਟੁੱਕਰ ਏਧਰ ਓਧਰ ਵੇਂਹਦੀ ਰਹਿੰਦੀ ਜਿਵੇਂ ਰੋਟੀ ਕਿਸੇ ਨੇ ਖੋਹ ਲੈਣੀ ਹੋਵੇ। ਸਰਦਾਰ, ਜੋ ਮੇਰੇ ਤੋਂ ਕਾਫੀ ਵੱਡੀ ਉਮਰ ਦਾ ਸੀ, ਹੱਸਿਆ ਤੇ ਉਹਨੇ ਕਿਹਾ, “ਤੈਨੂੰ ਨਾਮੋ ਦਾ ਕੀ ਪਤਾ? ਅਸੀਂ ਜਦੋਂ ਜਵਾਨ ਸਾਂ, ਤਾਂ ਨਾਮੋ ਲਈ ਗਾਉਣ ਬਣਾਇਆ ਸੀ, ‘ਛੋਲਿਆਂ ਦੀ ਦਾਲ ਕਰਾਰੀ, ਤੜਕਾ ਲਾ ਨਾਮੋ’।” ਮਤਲਬ ਉਹਦੇ ਪਰਿਵਾਰ ਨੂੰ ਮਾਰਨ, ਉਹਨੂੰ ਉਧਾਲ ਕੇ ਸਿੱਖ ਬਣਾਉਣ, ਜਬਰੀ ਵਿਆਹ ਕਰਨ, ਉਹਨੂੰ ਪਾਗਲ ਕਰ ਛੱਡਣ ਬਾਅਦ ਵੀ ਸਾਡਾ ਮਨ ਨਹੀਂ ਸੀ ਭਰਿਆ। ਉਹਦਾ ਘਰ ਵਾਲਾ ਮਰ ਗਿਆ ਸੀ। ਉਹ ਪਿੰਡ ਦੇ ਮੁੰਡਿਆਂ ਦਾ ਨਿਸ਼ਾਨਾ ਬਣੀ ਸੀ।
ਵੰਡ ਦੇ ਦੁੱਖਾਂ ਦੀਆਂ ਬਹੁਤ ਕਹਾਣੀਆਂ ਲਿਖੀਆਂ ਗਈਆਂ ਨੇ। ਮੰਟੋ, ਰਾਜਿੰਦਰ ਸਿੰਘ ਬੇਦੀ, ਅੰਮ੍ਰਿਤਾ ਪ੍ਰੀਤਮ, ਯਸ਼ਪਾਲ, ਅਹਿਮਦ ਨਦੀਮ ਕਾਸਮੀ, ਉਰਵਸ਼ੀ ਬੁਟਾਲੀਆ, ਰਿਤੂ ਮੈਨਨ, ਕਮਲਾ ਭਸੀਨ। ਸਾਹਿਤਕਾਰ, ਇਤਿਹਾਸਕਾਰ, ਸਮਾਜ ਸ਼ਾਸਤਰੀ-ਅਸੀਂ ਸਭ ਕੀ ਕਰ ਰਹੇ ਹਾਂ? ਗੁਰਦੇਵ ਸਿੰਘ ਰੁਪਾਣਾ ਆਪਣੀ ਕਹਾਣੀ ‘ਸ਼ੀਸ਼ਾ’ ਵਿਚ ਦੱਸਦਾ ਹੈ ਕਿ ਪਿੰਡ ਵਾਲੇ ਇਕ ਬੰਦੇ ਦੇ ਚੁੱਪ-ਚਾਪ ਬਿਨਾ ਤਕਲੀਫ ਤੋਂ ਮਰ ਜਾਣ ਦਾ ਕਾਰਨ ਉਹਦਾ ਸੰਤਾਲੀ ਵੇਲੇ ਕੀਤਾ ‘ਪੁੰਨ’ ਦੱਸਦੇ ਹਨ (ਜਦ ਧਾੜ ਨੇ ਮੁਸਲਮਾਨ ਮਰਦਾਂ ਔਰਤਾਂ ਨੂੰ ਮਾਰ ਦਿੱਤਾ, ਤਾਂ ਉਹਨੇ ਸਿਸਕਦੇ ਬਾਲਾਂ ਦੇ ਸਿਰ ਵੱਢ ਕੇ ਨਹਿਰ ਵਿਚ ਸੁੱਟੇ ਸਨ)। ਇਕ ਹੋਰ ਲੋਕ ਗੀਤ ਹੈ,
ਮੰਜਾ ਹਿੱਲਿਆ, ਪੀੜ੍ਹੀ ਹਿੱਲੀ,
ਸੁੱਤੇ ਬਾਲ ਜਗਾ ਗਿਆ।
ਸੁੱਤੀ ਸੀ ਬੇਗਮ ਦੁਨੀਆਂ,
ਭੁਚਾਲ ਕਿੱਥੋਂ ਆ ਗਿਆ।
ਹਿੰਦੂ ਵੱਢੇ, ਮੁਸਲਮਾਨ ਵੱਢੇ,
ਸਿੱਖ ਸ਼ਹੀਦੀ ਪਾ ਗਿਆ।
‘ਆਪਣੇ’ ਸ਼ਹੀਦੀਆਂ ਪਾਉਂਦੇ ਹਨ; ‘ਉਹ’ ਬੇਗੁਨਾਹ ਤੇ ਮਾਸੂਮ ਹਨ; ‘ਦੂਸਰੇ’ ਵੱਢੇ ਜਾਂਦੇ ਹਨ; ‘ਉਹ’ ਜ਼ਾਲਮ ਹਨ।” ਗੁਨਾਹਾਂ ਦਾ ਕਫਾਰਾ ਕਿਹਨੇ ਕਰਨਾ ਹੈ; ਜਿਵੇਂ ਸਾਡੇ ਪਿੰਡ ਦੇ ਸਰਦਾਰ ਨੇ ਦੱਸਿਆ ਸੀ, ਅਸੀਂ ਤਾਂ ਉਧਾਲੀਆਂ-ਮਧੋਲੀਆਂ ਔਰਤਾਂ ਦੇ ਵੀ ਗਾਉਣ ਬਣਾ ਲਏ।
ਕਈਆਂ ਨੇ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਵੀ ਦੱਸੀਆਂ ਸਨ, ਜਿਨ੍ਹਾਂ ਨੇ ਮਜ਼ਲੂਮਾਂ ਨੂੰ ਬਚਾਇਆ। ਉਹ ਸੱਚੇ ਇਨਸਾਨ ਸਨ। ਇਸੇ ਲੇਖ ਵਿਚ ਅਮਰਜੀਤ ਚੰਦਨ ਨੇ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਇੰਦਰ ਸਿੰਘ ਮੁਰਾਰੀ ਦੀ ਬਾਤ ਪਾਈ ਹੈ। ਇਸ਼ਤਿਆਕ ਅਹਿਮਦ, ਸਾਂਵਲ ਧਾਮੀ ਤੇ ਹੋਰਨਾਂ ਨੇ ਅਜਿਹੇ ਹੋਰ ਸੱਜਣਾਂ ਬਾਰੇ ਲਿਖਿਆ ਹੈ। ਜਾਨਾਂ ਬਚਾਉਣ ਵਾਲਿਆਂ ਵਿਚ ਕਮਿਉਨਿਸਟਾਂ ਦੇ ਨਾਲ-ਨਾਲ ਆਮ ਲੋਕਾਂ ਦੇ ਨਾਂ ਵੀ ਆਉਂਦੇ ਹਨ। ਮਾਰਨ ਵਾਲਿਆਂ ਵਿਚ ਸਾਡਾ ਸਾਰਿਆਂ ਦਾ ਨਾਂ ਹੈ।
ਵੰਡ ਨੇ ਸਾਨੂੰ ਅੱਧੇ-ਅਧੂਰੇ ਕਰ ਦਿੱਤਾ। ਸਾਡੇ ਕੰਨਾਂ ਨੇ ਹੁਣ ਕਦੇ ਦਰਗਾਹਾਂ ਤੇ ਮਸੀਤਾਂ ‘ਚੋਂ ਉੱਠਦੇ ਬੋਲ ਨਹੀਂ ਸੁਣਨੇ; ਲਹਿੰਦੇ ਪੰਜਾਬ ਦੇ ਪਿੰਡਾਂ ਵਿਚ ਗੁਰਦੁਆਰੇ ਤੇ ਮੰਦਿਰ ਹਮੇਸ਼ਾ ਲਈ ਖਾਮੋਸ਼ ਹੋ ਗਏ ਹਨ।
ਇਸ ਲੇਖ ਵਿਚ ਅਮਰਜੀਤ ਚੰਦਨ ਰੋ ਰਿਹਾ ਹੈ। ਉਹ ਕਿਹਨੂੰ ਸਵਾਲ ਪੁੱਛ ਰਿਹਾ ਹੈ? ਪੰਜਾਬ ਦੀ ਵੰਡ ਦੇ ਸਮਿਆਂ ਵਿਚੋਂ ਲੰਘਦਿਆਂ ਅਬਦੁੱਲਾ ਹੁਸੈਨ ਨੇ ਆਪਣੇ ਨਾਵਲ ‘ਉਦਾਸ ਨਸਲੇਂ’ ਵਿਚ ਵੰਡ ਦੇ ਸਮੇਂ ਨੂੰ ਏਤਰਾਂ ਚਿਤਰਿਆ ਸੀ,
ਨੰਗੀਆਂ ਟਾਹਣੀਆਂ ‘ਤੇ ਬੈਠੇ ਪਰਿੰਦੇ
ਚੋਗ ਦੀ ਉਮੀਦ ਵਿਚ
ਇਕ ਦੂਸਰੇ ਨੂੰ ਦਿਲਾਸਾ ਦੇ ਰਹੇ ਨੇ।
ਥੱਲੇ ਉਨ੍ਹਾਂ ਦੇ ਖੁਦਾਵਾਂ ਦੇ ਕਾਰਵਾਂ
ਆਪਣੀ ਆਪਣੀ ਹਮਦੋ-ਸਨਾ (ਸ਼ਲਾਘਾ) ਗਾਉਂਦੇ
ਗੁਜ਼ਰ ਰਹੇ ਨੇ।
ਪਰ ਰੁੱਖ ਕਿੱਥੇ ਨੇ?
ਮੈਂ ਦੁਨੀਆਂ ਦੇ ਚੌਰਾਹਿਆਂ ‘ਤੇ ਬਹਿ ਕੇ
ਭਿਖਿਆ ਮੰਗਦਾ ਹਾਂ
ਤੇ ਦੁਨੀਆਂ ‘ਚ ਪੈਗੰਬਰ ਆਉਣੇ ਬੰਦ ਹੋ ਚੁਕੇ ਨੇ।
ਹੁਣ ਲੋਕ ਸਿਰਫ ਕਹਾਣੀਆਂ ਸੁਣਾ ਕੇ ਚਲੇ ਜਾਂਦੇ ਨੇ।
ਪਰ ਲੋਕ ਕਿੱਥੇ ਨੇ?
ਅਮਰਜੀਤ ਚੰਦਨ ਵੀ ਇਹੀ ਸਵਾਲ ਪੁੱਛ ਰਿਹਾ ਹੈ ਕਿ ਲੋਕ ਕਿੱਥੇ ਹਨ? ਉਹ ਆਪ ਹੀ ਨਿਤਾਰਾ ਕਰਦਾ ਹੈ ਕਿ ਜੇ ਪੰਜਾਬੀ ਕਿਤੇ ਰਲ ਬਹਿਣ ਬਾਰੇ ਸੋਚਣ ਵੀ ਤਾਂ, “ਸਾਰੇ ਰਲ ਕੇ ਬੈਠਣਗੇ ਕਿਹੜੀ ਥਾਂ? ਉਹ ਥਾਂ ਕਿੱਥੇ ਹੈ?” ਚੰਦਨ ਕਹਿੰਦਾ ਹੈ, “ਪੰਜਾਬੀ ਕੌਮ ਦਾ ਲੱਜਪਾਲ ਕੋਈ ਨਹੀਂ…ਵਾਹਗੇ ਦੇ ਦੋਹਵੀਂ ਪਾਸੀਂ ਪੰਜਾਬੀ ਹੁਕਮਰਾਨ ਜਮਾਤਾਂ ਨੇ ਉਹਦੀ (ਸਾਡੇ ਮਜਮੂਈ ਸ਼ਊਰ/ਕਲੈਟਿਵ ਕੌਨਸ਼ਿਐਂਸ ਦੀ) ਸੂਰਤ ਆਪਣੇ ਵਰਗੀ ਕੁਹਜੀ ਬਣਾ ਛੱਡੀ ਏ।” ਅਸੀਂ ਤਾਂ ਹੁਣ ਇਸੇ ਕੁਹਜ ਦੇ ਸਹਾਰੇ ਜੀਂਦੇ ਹਾਂ।
ਗੋਰਕੀ ਨੇ ਲਿਖਿਆ ਸੀ, “ਬੰਦਾ ਬੰਦੇ ਦੇ ਪਿਆਰ ਲਈ ਤਰਸਦਾ ਏ; ਤੇ ਜਦ ਬੰਦਾ ਭੁੱਖਾ ਹੋਵੇ, ਤਾਂ ਅੱਧਪੱਕਿਆ (ਅੱਧਾ ਕੱਚਾ) ਫੁਲਕਾ ਵੀ ਸਵਾਦ ਲੱਗਦਾ ਏ।” ਅਸੀਂ ਪੰਜਾਬੀ ਉਸ ਅਧਪੱਕੀ (ਅੱਧੀ ਕੱਚੀ) ਰੋਟੀ ਦੇ ਟੁੱਕ ਲਈ ਤਰਸ ਰਹੇ ਹਾਂ। ਸ਼ਾਇਦ, ਅਸੀਂ ਏਦਾਂ ਹੀ ਮਰ-ਮੁੱਕ ਜਾਣਾ ਹੈ। ਸਾਡੀ ਕੌਮ ਦੇ ਨਕਸ਼ ਹਮੇਸ਼ਾ ਅਧੂਰੇ ਰਹਿਣੇ ਹਨ। ਕਈ ਕੌਮਾਂ ਦੀ ਹੋਣੀ ਵਿਚ ਏਹੀ ਲਿਖਿਆ ਹੁੰਦਾ ਹੈ।