ਮਨੁੱਖੀ ਖੁਰਾ ਤਲਾਸ਼ਦਿਆਂ

ਹਰਜੀਤ ਦਿਓਲ, ਬਰੈਂਪਟਨ
ਜਨਮ ਲੈਣ ਉਪਰੰਤ ਹੋਸ਼ ਸੰਭਾਲਦਿਆਂ ਹੀ ਇਨਸਾਨੀ ਦਿਮਾਗ ਦਾ ਅਣਗਿਣਤ ਜਿਗਿਆਸਾਵਾਂ ਨਾਲ ਟਾਕਰਾ ਹੋਣਾ ਸੁਭਾਵਕ ਹੀ ਹੈ, ਕਿਉਂਕਿ ਇਹੀ ਵਰਤਾਰਾ ਸਾਨੂੰ ਜਾਨਵਰਾਂ ਦੀ ਦੁਨੀਆਂ ਤੋਂ ਨਿਖੇੜਦਾ ਹੈ। ਬਨਸਪਤੀ ਅਤੇ ਜੀਵ-ਜੰਤੂ ਵੀ ਇਸ ਧਰਤੀ ਉੱਪਰ ਪਲਰੇ ਜੀਵਨ ਦਾ ਇੱਕ ਹਿੱਸਾ ਹਨ, ਪਰ ਕੁਦਰਤ ਨੇ ਮਨੁੱਖੀ ਦਿਮਾਗ ਨੂੰ ਬੁੱਧੀਮਾਨੀ ਦਾ ਇੱਕ ਨਿਵੇਕਲਾ ਤੋਹਫਾ ਬਖਸ਼ਿਆ ਹੈ, ਜਿਸ ਰਾਹੀਂ ਉਸ ਨੇ ਗਿਆਨ ਵਿਗਿਆਨ ਦੀਆਂ ਅਨੰਤ ਹੱਦਾਂ ਪਾਰ ਕਰਦਿਆਂ ਆਪਣੀ ਜੀਵਨ ਸ਼ੈਲੀ ‘ਚ ਹੈਰਾਨੀ ਜਨਕ ਤਬਦੀਲੀਆਂ ਲਿਆਂਦੀਆਂ। ‘ਕਿੱਥੋਂ ਆਇਆ ਇਹ ਜਗਤ ਪਸਾਰਾ’ ਵਰਗੀ ਗੁੰਝਲਦਾਰ ਬੁਝਾਰਤ ਨੇ ਇਸ ਦੇ ਦਿਮਾਗ ਨੂੰ ਹਲੂਣਿਆ ਤਾਂ ਇਸ ਪ੍ਰਜਾਤੀ ਨੇ ਇਸ ਦਾ ਉੱਤਰ ਤਲਾਸ਼ਣ ਲਈ ਕਮਰ ਕੱਸ ਲਈ।

ਅੱਜ ਤੱਕ ਦੇ ਵਿਗਿਆਨਕ ਵਿਕਾਸ ਨੇ ਸਿੱਧ ਕੀਤਾ ਹੈ ਕਿ ਮਨੁੱਖੀ ਸਮਰੱਥਾ ਦਾ ਕੋਈ ਅੰਤ ਨਹੀਂ। ਤਸਵੀਰ ਦਾ ਇੱਕ ਦੂਜਾ ਪਾਸਾ ਵੀ ਹੈ ਤੇ ਉਹ ਹੈ ਮਨੁੱਖ ਦਾ ਰੱਬੀ ਉਲਝਣਾ ਵਿਚ ਫਸਣਾ, ਜਿਸ ਨੇ ਵੱਖ ਵੱਖ ਧਰਮਾਂ ਨੂੰ ਜਨਮ ਦੇ ਕੇ ਮਨੁੱਖਤਾ ਨੂੰ ਕਾਲਪਨਿਕ ਗੈਬੀ ਸ਼ਕਤੀਆਂ ਦੇ ਭਰਮ ਜਾਲ ਵਿਚ ਫਸਾਈ ਰੱਖਿਆ। ਇਹ ਵਰਤਾਰਾ ਕਿਸੇ ਨਾ ਕਿਸੇ ਰੂਪ ‘ਚ ਅੱਜ ਵੀ ਦੇਖਿਆ ਜਾ ਸਕਦਾ ਹੈ।
ਖੈਰ! ਆਪਾਂ ਗੱਲ ਕਰਨੀ ਹੈ ਆਪਣੀ ਹੋਂਦ ਦੇ ਮੁੱਢ ਤਲਾਸ਼ਣ ਦੀ, ਜਿਸ ਖੇਤਰ ਵਿਚ ਸਿਰੜੀ ਵਿਗਿਆਨਕਾਂ ਸ਼ਲਾਘਾਯੋਗ ਕੰਮ ਕਰਕੇ ਸਾਡੀਆਂ ਬੇਅੰਤ ਜਿਗਿਆਸਾਵਾਂ ਦਾ ਸਮਾਧਾਨ ਹੀ ਨਹੀਂ ਕੀਤਾ, ਸਗੋਂ ਸਾਨੂੰ ਰੱਬ ਅਤੇ ਧਰਮਾਂ ਦੇ ਮੱਕੜਜਾਲ ਵਿਚੋਂ ਬਾਹਰ ਨਿਕਲਣ ਦਾ ਰਾਹ ਵੀ ਦਿਖਾਇਆ।
ਲੰਮੇ ਸਮੇਂ ਤੋਂ ਵਿਗਿਆਨਕ ਇਸ ਧਰਤੀ ‘ਤੇ ਪੱਲਰੇ ਜੀਵਨ ਦਾ ਇਤਿਹਾਸ ਜਾਣਨ ਲਈ ਜੀ ਜਾਨ ਨਾਲ ਜੁਟੇ ਹਨ ਅਤੇ ਇਸ ਖੇਤਰ ਵਿਚ ਵਿਗਿਆਨਕ ਚਾਰਲਸ ਡਾਰਵਿਨ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਸਮਰਪਿਤ ਕਰ ਹੈਰਾਨੀ ਜਨਕ ਤੱਥ ‘ਜੀਵ ਵਿਕਾਸ ਦਾ ਸਿੱਧਾਂਤ’ (ਥਿਊਰੀ ਆਫ ਇਵੋਲਿਊਸ਼ਨ) ਪੇਸ਼ ਕੀਤਾ, ਜਿਸ ਤੋਂ ਸੇਧ ਲੈ ਪੁਰਾਤੱਤ ਵਿਗਿਆਨੀ ਲਗਾਤਾਰ ਨਵੀਂਆਂ ਜਾਣਕਾਰੀਆਂ ਨਸ਼ਰ ਕਰ ਰਹੇ ਹਨ। ਕੁਝ ਸਮਾਂ ਹੋਇਆ ਜਦ ਇਸੇ ਖੋਜ ਕੜੀ ਵਿਚ ਹੋਰ ਵਾਧਾ ਕਰਦਿਆਂ ਪੁਰਾਤੱਤ ਵਿਗਿਆਨੀਆਂ ਨੇ ਦੱਖਣੀ ਅਫਰੀਕਾ ਵਿਚ ਇੱਕ ਐਸੀ ਫਾਸਿਲ (ਜਮੀਨਦੋਜ਼ ਸੁਰੱਖਿਅਤ ਰਹਿ ਗਏ ਜੀਵਾਸ਼ੇਸ਼) ਸਾਈਟ ਲੱਭਣ ਵਿਚ ਕਾਮਯਾਬੀ ਹਾਸਲ ਕੀਤੀ, ਜਿੱਥੇ ਉਨ੍ਹਾਂ ਨੂੰ ਦੋ ਮਿਲੀਅਨ ਸਾਲ ਪੁਰਾਣੀ ਆਦਮ ਮਨੁੱਖੀ ਖੋਪੜੀ ਹਾਸਲ ਹੋਈ। ਜੀਵ ਵਿਕਾਸ ਦੀਆਂ ਲੜੀਆਂ ਵਿਚ ਬਨ ਮਾਨਸ (ਗੋਰਿੱਲਾ) ਨੂੰ ਸਾਡਾ ਆਦਿ ਪੂਰਵਜ ਹੋਣ ਦਾ ਰੁਤਬਾ ਹਾਸਲ ਹੋਇਆ ਹੈ। ਸਾਢੇ ਚਾਰ ਕੁ ਬਿਲੀਅਨ ਸਾਲ ਪਹਿਲਾਂ ਜਨਮੀ ਇਸ ਧਰਤੀ ਉੱਤੇ ਲਗਭਗ ਚਾਰ ਕੁ ਬਿਲੀਅਨ ਸਾਲ ਪਹਿਲਾਂ ਸਿੰਗਲ ਸੈਲ ਬੈਕਟੀਰੀਆ ਦੇ ਰੂਪ ਵਿਚ ਜੀਵਨ ਅਰੰਭ ਹੋਇਆ, ਜੋ ਕਈ ਮਿਲੀਅਨ ਸਾਲਾਂ ਦਾ ਪੰਧ ਮੁਕਾਉਂਦਾ ਹੋਇਆ ਭਾਂਤ ਭਾਂਤ ਦੇ ਜੀਵ ਅਤੇ ਬਨਸਪਤੀਆਂ ਦਾ ਰੂਪ ਧਾਰਦਾ ਗਿਆ।
ਇਹ ਰੂਪ ਬਦਲਨਾ ਕੀ ਹੋਇਆ? ਇਸ ਪਿੱਛੇ ਡਾਰਵਿਨ ਨੇ ਜੋ ਸਿੱਧਾਂਤ ਪੇਸ਼ ਕੀਤੇ ਹਨ, ਅਗਲੇਰੇ ਵਿਗਿਆਨੀਆਂ ਨੇ ਉਸ ‘ਤੇ ਸਹਿਮਤੀ ਦੀ ਮੋਹਰ ਲਾਈ ਹੈ। ਪਹਿਲੇ ਸਿਧਾਂਤ ਅਨੁਸਾਰ “ਨਾ ਹੀ ਸਭ ਤੋਂ ਤਾਕਤਵਰ ਅਤੇ ਨਾ ਹੀ ਸਭ ਤੋਂ ਬੁੱਧੀਮਾਨ ਜੀਵ ਆਪਣੀ ਹੋਂਦ ਕਾਇਮ ਰੱਖਣ ਵਿਚ ਸਫਲ ਹੁੰਦੇ ਹਨ, ਸਗੋਂ ਵਾਤਾਵਰਣ ਦੀ ਤਬਦੀਲੀ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ ਦੇ ਯੋਗ ਜੀਵ ਹੀ ਆਪਣੀ ਹੋਂਦ ਬਚਾ ਪਾਉਂਦੇ ਹਨ।” ਧਰਤੀ ਨੇ ਕਈ ਹਿਮਯੁਗ ਹੰਢਾਏ, ਅਨੇਕਾਂ ਜਵਾਲਾਮੁਖੀਆਂ ਦੀ ਤਪਸ਼ ਝੇਲੀ, ਭੁਚਾਲਾਂ ਅਤੇ ਸੁਨਾਮੀਆਂ ਦਾ ਟਾਕਰਾ ਕਰਦਿਆਂ ਇਹ ਲਗਾਤਾਰ ਆਪਣੀ ਧੁਰੀ ‘ਤੇ ਘੁੰਮਦੀ ਰਹੀ ਅਤੇ ਇਸ ਉੱਪਰ ਪਨਪ ਰਹੇ ਜੀਵ-ਜੰਤੂ ਵੀ ਇਨ੍ਹਾਂ ਬਦਲਦੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਦੇ ਰਹੇ ਅਥਵਾ ਕਾਲ ਦੇ ਗਰਭ ‘ਚ ਸਮਾ ਗਏ। ਆਪਣੀ ਹੋਂਦ ਬਚਾਉਣ ਦੀ ਪਰੀਖਿਆ ਪਾਸ ਕਰਨ ਉਪਰੰਤ ਦੂਜਾ ਸਿਧਾਂਤ ਲਾਗੂ ਹੁੰਦਾ ਹੈ, ‘ਸਰਵਾਈਵਲ ਆਫ ਫਿਟੈਸਟ।’ ਕੁਦਰਤੀ ਆਫਤਾਂ ਨਾਲ ਨਜਿੱਠਣ ਉਪਰੰਤ ਇਨ੍ਹਾਂ ਦਾ ਆਪਸੀ ਮੁਕਾਬਲੇ ਦਾ ਘੋਲ ਸ਼ੁਰੂ ਹੁੰਦਾ ਹੈ, ਜਿਸ ਵਿਚ ਮਨੁੱਖ ਦੇ ਵਿਕਸਿਤ ਹੋ ਰਹੇ ਦਿਮਾਗ ਨੇ ਉਸ ਦਾ ਸਾਥ ਦਿੱਤਾ ਅਤੇ ਉਹ ਧਰਤੀ ‘ਤੇ ਵਿਚਰ ਰਹੇ ਸਾਰੇ ਜੀਵਾਂ ਦਾ ਸਰਤਾਜ ਬਣ ਬੈਠਾ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਸ਼ਿਕਾਰ ਅਤੇ ਬਨਸਪਤੀਆਂ ਦਾ ਸੇਵਨ ਕਰਨ ਵਾਲੀ ਜੀਵ ਲੜੀ ਦੀ ਇਹ ਪ੍ਰਜਾਤੀ (ਹੰਟਰ ਗੈਦਰਰ) 130,000 ਤੋਂ 10,000 ਸਾਲ ਪਹਿਲਾਂ ਤੱਕ ਅਫਰੀਕਾ ਤੋਂ ਪਰਵਾਸ ਕਰ ਸਾਰੀ ਧਰਤੀ ‘ਤੇ ਫੈਲਦੀ ਗਈ। ਪੁਰਾਤੱਤ ਮਾਹਰ ਇਸ ਵਿਕਸਿਤ ਹੋ ਰਹੀ ਪ੍ਰਜਾਤੀ ਨੂੰ ਹੋਮੋ ਸੇਪੀਅਨ ਕਹਿੰਦੇ ਹਨ, ਜੋ ਮਨੁੱਖ ਦੇ ਨੇੜਲੇ ਪੂਰਵਜ ਬਣ ਜਾਂਦੇ ਹਨ। ਅੰਤਿਮ ਹਿਮ ਯੁਗ ਸਮਾਪਤ ਹੋਣ ਕੰਢੇ ਇਸ ਪ੍ਰਜਾਤੀ ਨੇ ਧਰਤੀ ਉੱਪਰ ਆਪਣਾ ਅਮਲਾ ਫੈਲਾ ਕਾਇਮ ਕਰਨਾ ਅਰੰਭ ਕਰ ਲਿਆ। ਇਹ ਲੋਕ ਪੱਥਰਾਂ ਦਾ ਇਸਤੇਮਾਲ ਆਪਣੇ ਔਜਾਰਾਂ ਤੇ ਹਥਿਆਰਾਂ ਲਈ ਕਰਨ ਲੱਗੇ ਸਨ ਅਤੇ ਖੋਜਾਂ ਦੱਸਦੀਆਂ ਹਨ ਕਿ ਇਹ ਚੱਟਾਨਾਂ ਉੱਪਰ ਚਿੱਤਰਕਾਰੀ ਦਾ ਸ਼ੌਕ ਵੀ ਰੱਖਦੇ ਸਨ। ਇਨ੍ਹਾਂ ਦੀਆਂ ਗੁਫਾਂਵਾਂ ਵਿਚ ਕੀਤੀਆਂ ਚਿੱਤਰਕਾਰੀਆਂ ਨਾਲ ਉਸ ਸਮੇਂ ਦੇ ਜਾਨਵਰ ਅਤੇ ਉਨ੍ਹਾਂ ਦੀਆਂ ਸ਼ਿਕਾਰ ਵਿਧੀਆਂ ਦਾ ਪਤਾ ਲੱਗਦਾ ਹੈ। ਛੇਤੀ ਹੀ ਆਪਣੇ ਵਿਕਸਿਤ ਹੋ ਰਹੇ ਦਿਮਾਗ ਸਦਕਾ ਧਰਤੀ ਦੇ ਇਨ੍ਹਾਂ ਆਦਿਵਾਸੀਆਂ ਖੇਤੀ ਕਰਨਾ ਵੀ ਸਿੱਖ ਲਿਆ ਅਤੇ ਘੁਮੰਤੂ ਜੀਵਨ ਛੱਡ ਇੱਕ ਜਗ੍ਹਾ ਸਮੂਹ ਬਣਾ ਰਹਿਣ ਲੱਗੇ। ਇਹ ਹੁਣ ਗੁਫਾਵਾਂ ਦੀ ਥਾਂ ਪੱਥਰਾਂ ਦੇ ਘਰ ਬਣਾਉਣ ਲੱਗੇ ਅਤੇ ਕਈ ਤਰ੍ਹਾਂ ਦੇ ਜਾਨਵਰਾਂ ਨੂੰ ਪਾਲਤੂ ਬਣਾਉਣਾ ਵੀ ਅਰੰਭ ਹੋ ਗਿਆ।
ਅੱਗ ਅਤੇ ਪਹੀਏ ਦੀ ਖੋਜ ਹੋਣ ਬਾਅਦ ਧਰਤੀ ਦਾ ਇਹ ਬੁੱਧੀਮਾਨ ਪ੍ਰਾਣੀ ਤੇਜੀ ਨਾਲ ਤਰੱਕੀ ਦੀਆਂ ਪੌੜੀਆ ਚੜ੍ਹਦਾ ਹੋਇਆ ਕੁਝ ਕੁ ਹਜਾਰ ਸਾਲਾਂ ਵਿਚ ਸਾਡੇ ਨਾਲ ਆ ਰਲਿਆ। ਕਿਸੇ ਜਥੇਦਾਰ ਦੇ ਇਹ ਕਹਿਣ ‘ਤੇ ਕਿ ਅਸੀਂ ਲਵ ਕੁਸ਼ ਦੇ ਵੰਸ਼ਜ ਹਾਂ ਤਾਂ ਇਸ ਦਾ ਬੜਾ ਬੁਰਾ ਮਨਾਇਆ ਗਿਆ ਸੀ, ਪਰ ਪੰਜਾਹ ਕੁ ਹਜਾਰ ਸਾਲ ਹੋਰ ਪਿਛਾਂਹ ਵੱਲ ਝਾਤੀ ਮਾਰਦਿਆਂ ਬਨ ਮਾਨਸ ਨੂੰ ਸਾਡਾ ਪੂਰਵਜ ਮੰਨਣ ਵਿਚ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।