ਜਪੁਜੀ ਸਾਹਿਬ ਦਾ ਦਾਰਸ਼ਨਿਕ ਪਰਿਪੇਖ

ਪ੍ਰੋ. ਸੁਹਿੰਦਰ ਬੀਰ
ਫੋਨ: 91-98552-04102
ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਇਕ ਸ਼ਾਹਕਾਰ ਕਿਰਤ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਨੇ ਇਸ ਦੀ ਰਚਨਾ ਉਦੋਂ ਕੀਤੀ, ਜਦੋਂ ਜੀਵਨ ਦੀਆਂ ਉਦਾਸੀਆਂ ਅਤੇ ਜੀਵਨ ਦੇ ਵਿਸ਼ਾਲ ਅਨੁਭਵ ਦੇ ਨਾਲ ਨਾਲ ਉਨ੍ਹਾਂ ਨੇ ਪੂਰਵ ਲਿਖੇ ਹੋਏ ਧਾਰਮਿਕ ਗ੍ਰੰਥਾਂ ਦਾ ਗਹਿਰਾ ਅਧਿਐਨ ਕਰਕੇ ਆਪਣੇ ਵੱਲੋਂ ਕੁਝ ਜੀਵਨ ਅਤੇ ਸ੍ਰਿਸ਼ਟੀ ਦੇ ਬੁਨਿਆਦੀ ਤੱਥਾਂ ਦਾ ਨਿਚੋੜ ਉਜਾਗਰ ਕਰ ਲਿਆ ਸੀ। ਹਥਲੇ ਖੋਜ-ਪੱਤਰ ਦਾ ਮਨੋਰਥ ਜਪੁਜੀ ਸਾਹਿਬ ਦੀ ਰਚਨਾ ਦੇ ਆਧਾਰ ‘ਤੇ ਗੁਰੂ ਨਾਨਕ ਦੇਵ ਜੀ ਦੇ ਦਾਰਸ਼ਨਿਕ ਜਾਂ ਫਲਸਫਿਕ ਨੁਕਤਿਆਂ ਨੂੰ ਪੰਜਾਬੀ ਪਾਠਕਾਂ ਅਤੇ ਦਰਸ਼ਕਾਂ/ਸਰੋਤਿਆਂ ਦੇ ਸਨਮੁੱਖ ਕਰਨਾ ਹੈ। ਇਹ ਦਾਰਸ਼ਨਿਕ ਨੁਕਤੇ ਅਜਿਹੇ ਹਨ, ਜਿਨ੍ਹਾਂ ਦੀ ਪ੍ਰਕਿਰਤੀ ਬੜੀ ਰਹੱਸਾਤਮਕ ਹੈ।

ਇਨ੍ਹਾਂ ਦੀ ਵਿਆਖਿਆ ਦੇ ਪਾਸਾਰ ਵੀ ਵੰਨ-ਸੁਵੰਨੇ ਹਨ। ਇਹ ਲਿਖਤ ਅਜਿਹੀ ਹੈ, ਜਿਸ ਦੀ ਵਿਆਖਿਆ ਹਰ ਇਕ ਵਿਦਵਾਨ ਆਪਣੀ ਭਾਸ਼ਾਈ ਅਤੇ ਵਿਦਿਅਕ ਸੂਝ-ਸਮਰੱਥਾ ਅਨੁਸਾਰ ਕਰ ਲੈਂਦਾ ਹੈ। ਸੋ, ਇਸ ਤਰ੍ਹਾਂ ਇਸ ਰਚਨਾ ਦਾ ਰਹੱਸਮਈ ਹੋਣਾ ਅਤੇ ਦੂਸਰਾ ਇਸ ਦੀ ਵਿਆਖਿਆ ਦੇ ਅਨੇਕ ਅਰਥਾਂ ਦਾ ਉਜਾਗਰ ਹੋਣਾ ਸਹਿਜ-ਸੁਭਾਵਕ ਹੈ। ਅਸੀਂ ਆਪਣੀ ਸੂਝ/ਸਮਰਥਾ ਅਨੁਸਾਰ ਇਸ ਕਿਰਤ ਦੇ ਦਾਰਸ਼ਨਿਕ ਪਾਸਾਰਾਂ ਨੂੰ ਸਮਝਣ ਦਾ ਉਪਰਾਲਾ ਕਰਾਂਗੇ। ਜਪੁਜੀ ਸਾਹਿਬ ਦੀ ਰਚਨਾ ਕਾਵਿ ਦੇ ਰੂਪ ਵਿਚ ਕੀਤੀ ਗਈ ਹੈ। ਕਿਸੇ ਵੀ ਕਾਵਿ ਦਾ ਧਰਮ ਕਿਸੇ ਦਰਸ਼ਨ ਵਿਸ਼ੇਸ਼ ਦੀ ਪੇਸ਼ਕਾਰੀ ਨਹੀਂ ਹੁੰਦਾ, ਪਰ ਕਾਵਿ ਵਿਚ ਦਾਰਸ਼ਨਿਕ ਝੁਕਾਵਾਂ ਦੀ ਬਿਰਤੀ ਇਸ ਦੇ ਕਲਾਤਮਕ ਰੂਪ ਵਿਚ ਵਾਧਾ ਕਰਦੀ ਹੈ।
ਰੂਸ ਦੇ ਪ੍ਰਸਿੱਧ ਫਿਲਾਸਫਰ ਯੂਰੀ ਬੋਰੇਵ ਦਾ ਕਥਨ ਹੈ, “ਸੱਚੀ ਕਲਾ ਸਦਾ ਦਰਸ਼ਨ ਵੱਲ ਝੁਕਾਅ ਰਖਦੀ ਹੈ। ਇਹ ਵਿਸ਼ਵ ਵਿਆਪੀ ਸਮੱਸਿਆਵਾਂ ਅਤੇ ਰਹੱਸਾਂ ਦਾ ਸਮਾਧਾਨ ਭਾਲਦੀ ਹੈ ਤੇ ਸੰਸਾਰ ਨੂੰ ਸਮਝਣ ਦਾ ਯਤਨ ਕਰਦੀ ਹੈ। ਕਲਾਕਾਰ ਦਾ ਸਰੋਕਾਰ ਸਿਰਫ ਆਪਣੇ ਕਿਰਦਾਰਾਂ ਦੀ ਭਾਵੀ ਨਾਲ ਨਹੀਂ ਹੁੰਦਾ, ਸਮੁੱਚੇ ਸੰਸਾਰ ਦੀ ਖੋਜ ਨਾਲ ਹੁੰਦਾ ਹੈ।”
ਸਾਡੀ ਜਾਚੇ ਕਾਵਿ ਇਕ ਜਟਿਲ ਕਲਾ ਹੈ, ਇਹ ਇਕ ਅਜਿਹੀ ਸਾਧਨਾ ਹੈ, ਜਿਸ ਸਾਧਨਾ ਤੇ ਸਾਮਾਧੀ ਵਿਚ ਉਪਭਾਵੁਕਤਾ ਖਾਰਿਜ ਹੋ ਜਾਂਦੀ ਹੈ ਅਤੇ ਮਨੁੱਖ ਦੀ ਇਕਾਗਰਤਾ ਸ੍ਰਿਸ਼ਟੀ ਤੇ ਬ੍ਰਹਿਮੰਡ ਦੇ ਵਰਤਾਰਿਆਂ ਪਿੱਛੇ ਕਾਰਜਸ਼ੀਲ ਨੇਮਾਂ ਨੂੰ ਸਮਝਣ ਅਤੇ ਸੁਹਜਾਤਮਕ ਰੂਪ ਵਿਚ ਪ੍ਰਗਟਾਉਣ ਦਾ ਯਤਨ ਕਰਦੀ ਹੈ।
ਜਪੁਜੀ ਸਾਹਿਬ ਦੀ ਰੂਪ-ਰਚਨਾ ਇਸ ਪ੍ਰਕਾਰ ਕੀਤੀ ਗਈ ਹੈ ਕਿ ਇਸ ਦੇ ਅਰੰਭ ਵਿਚ 14 ਸ਼ਬਦਾਂ ਦਾ ਇਕ ਮੰਗਲਾਚਰਨ ਦਿੱਤਾ ਗਿਆ ਹੈ, ਜਿਸ ਵਿਚ ਗੁਰਮਤਿ ਸਿਧਾਂਤ ਦਾ ਬੀਜ ਰੂਪ ਵਿਚ ਉਲੇਖ ਮਿਲ ਜਾਂਦਾ ਹੈ। ਪਰਮਾਤਮਾ ਦੇ ਸਰੂਪ ਦੀ ਚਰਚਾ ਉਪਨਿਸ਼ਦਕ ਦਰਸ਼ਨ ਦੇ ਕਾਫੀ ਨੇੜੇ ਹੈ ਅਤੇ ਅਨੇਕ ਤਰ੍ਹਾਂ ਦੀਆਂ ਹੋਰ ਦਾਰਸ਼ਨਿਕ ਪਰੰਪਰਾਵਾਂ ਦਾ ਸਾਰ-ਤੱਤ ਵੀ ਇਸ ਵਿਚ ਦੇਖਿਆ ਜਾ ਸਕਦਾ ਹੈ। ਇਸ ਰਚਨਾ ਦੀਆਂ 38 ਪਉੜੀਆਂ ਹਨ। ਹਰ ਪਉੜੀ ਜਾਂ ਪਉੜੀ ਸਮੂਹ ਦਾ ਆਪਣਾ ਰਚਨਾ ਵਿਧਾਨ ਹੈ। ਇਸ ਵਿਚ ਵਰਤੇ ਗਏ ਛੰਦ ਵਿਰਾਜ, ਦੋਹਰਾ, ਸਲੋਕ, ਸੋਰਠਾ, ਚੌਪਈ, ਦਵੱਈਆ ਅਤੇ ਹੰਸ ਹਨ। ਇਸ ਦੇ ਆਦਿ ਅਤੇ ਅੰਤ ਵਿਚ ਦੋ ਸਲੋਕ ਹਨ। ਇਸ ਦੀ ਭਾਸ਼ਾ ਦਾ ਰੂਪ ਸਧੂਕੜੀ ਹੈ। ਅਰਬੀ ਫਾਰਸੀ ਦੇ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਗਈ ਹੈ, ਪਰ ਭਾਰਤੀ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਆਧਾਰ ਅਧਿਕ ਲਿਆ ਗਿਆ ਹੈ। ਕਿਸੇ ਵਿਸ਼ੇਸ਼ ਭਾਸ਼ਾ ਦੇ ਮੋਹ ਵਿਚ ਨਾ ਪੈ ਕੇ ਗੁਰੂ ਨਾਨਕ ਦੇਵ ਜੀ ਨੇ ਭਾਸ਼ਾ ਦੇ ਅਰਥਗਤ ਗੌਰਵ ਦਾ ਵਿਸ਼ੇਸ਼ ਧਿਆਨ ਰੱਖਿਆ ਹੈ।
ਜਪੁਜੀ ਸਾਹਿਬ ਦੇ ਅਰੰਭ ਵਿਚ ਆਇਆ ਮੂਲ ਮੰਤਰ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ’ ਮੰਗਲਾਚਰਨ ਹੀ ਹੈ। ਕਿਸੇ ਵੀ ਪੁਸਤਕ ਜਾਂ ਗ੍ਰੰਥ ਦੇ ਮੁੱਢ ਵਿਚ ਪੁਸਤਕ ਲੇਖਕ ਜਾਂ ਗ੍ਰੰਥਕਾਰ ਆਪਣੇ ਇਸ਼ਟ ਦੀ ਜੋ ਅਰਾਧਨਾ ਕਰਦਾ ਹੈ, ਉਸ ਨੂੰ ਮੰਗਲਾਚਰਨ ਆਖਦੇ ਹਨ। ਜਪੁਜੀ ਸਾਹਿਬ ਵਿਚ ਆਏ ਮੰਗਲਾਚਰਨ ਵਿਚ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ-ਪਰਮਾਤਮਾ ਦੇ ਗੁਣਾਂ ਦੀ ਵਡਿਆਈ, ਉਸ ਦੀ ਮਹਾਨਤਾ ਅਤੇ ਗੌਰਵ ਨੂੰ ਸਾਕਾਰ ਕੀਤਾ ਹੈ।
ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਜੋ ਸੰਕਲਪ ਮੂਲ ਰੂਪ ਵਿਚ ਸਾਹਮਣੇ ਆਉਂਦੇ ਹਨ, ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਦਾਰਸ਼ਨਿਕ ਪੱਖ ਤੋਂ ਪ੍ਰਸਤੁਤ ਕੀਤਾ ਹੈ। ਇਨ੍ਹਾਂ ਸੰਕਲਪਾਂ ਵਿਚ ਸਚਿਆਰ ਅਤੇ ਹੁਕਮ, ਹਉਮੈ, ਕਰਮ ਤੇ ਨਦਰ, ਪ੍ਰੇਮ ਭਗਤੀ, ਨਾਮ-ਸਿਮਰਨ, ਸਬਰ-ਸੰਤੋਖ, ਸਾਧਕ, ਮਨ, ਮਾਰਗ ਦਰਸ਼ਕ, ਸ਼ਬਦ ਦਾ ਮਹੱਤਵ, ਸ੍ਰਿਸ਼ਟੀ, ਪੰਜ ਖੰਡ ਆਦਿ ਦਾ ਜ਼ਿਕਰ ਆਉਂਦਾ ਹੈ। ਇਹ ਸਾਰੇ ਸੰਕਲਪ ਅਜਿਹੇ ਹਨ, ਜੋ ਮੱਧਕਾਲੀ ਸੰਵੇਦਨਾ ਦੀ ਆਧਾਰਸ਼ਿਲਾ ਵਜੋਂ ਆਪਣੀ ਭੂਮਿਕਾ ਨਿਭਾਉਂਦੇ ਰਹੇ ਹਨ। ਮੱਧਕਾਲੀ ਸੰਵੇਦਨਾ ਦੀ ਖਾਸੀਅਤ/ਵਿਲੱਖਣਤਾ ਇਹ ਸੀ ਕਿ ਇਸ ਵਿਚ ਵਿਚਰਦਾ ਹੋਇਆ ਮਨੁੱਖ ਇਕਹਿਰੀ ਜੀਵਨ ਸ਼ੈਲੀ ਨਹੀਂ ਜਿਉਂਦਾ, ਸਗੋਂ ਇਹਲੌਕਿਕ ਜਗਤ ਵਿਚ ਉਹ ਜੋ ਵੀ ਕਰਮ-ਕਾਰਜ ਕਰਦਾ ਹੈ, ਉਨ੍ਹਾਂ ਦੀ ਫਲ ਭੂਮੀ ਪਾਰਲੌਕਿਕ ਬਣੀ ਰਹਿੰਦੀ ਹੈ। ਇਹਲੌਕਿਕ ਜਗਤ ਵਿਚ ਜੇ ਕੋਈ ਮਨੁੱਖ ਚੰਗੇ ਕਰਮ ਕਰਦਾ ਹੈ ਤਾਂ ਉਸ ਦਾ ਅਗਲੇਰਾ ਜਨਮ ਸੁੱਖ ਭਰਪੂਰ, ਪਰ ਜੇ ਕੋਈ ਇਹਲੌਕਿਕ ਜਗਤ ਵਿਚ ਵਿਕਾਰੀ ਜੀਵਨ ਵਿਚ ਉਲਝਿਆ ਰਹਿੰਦਾ ਹੈ ਤਾਂ ਉਸ ਨੂੰ ਅਗਲੇ ਜੀਵਨ ਵਿਚ ਤਸੀਹਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਉਪਰੋਕਤ ਸੰਕਲਪ ਅਜਿਹੇ ਹਨ, ਜਿਨ੍ਹਾਂ ਬਾਰੇ ਵਿਸਤ੍ਰਿਤ ਵਿਆਖਿਆ ਦੀ ਗੁੰਜਾਇਸ਼ ਬਣੀ ਰਹਿੰਦੀ ਹੈ, ਪਰ ਅਸੀਂ ਇਨ੍ਹਾਂ ਸੰਕਲਪ ਨੂੰ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਮੁੱਖ ਨੁਕਤਿਆਂ ਰਾਹੀਂ ਉਭਾਰਨ ਦਾ ਯਤਨ ਕੀਤਾ ਹੈ, ਉਨ੍ਹਾਂ ਨੂੰ ਸੰਕੇਤਕ ਰੂਪ ਵਿਚ ਅਤੇ ਜਿਹੜੇ ਸੰਕਲਪ ਅਜੋਕੇ ਮਨੁੱਖ ਨੂੰ ਆਦਰਸ਼ਕ ਤੇ ਮਾਨਵ ਹਿਤੈਸ਼ੀ ਬਣਾ ਸਕਦੇ ਹਨ, ਉਨ੍ਹਾਂ ਬਾਰੇ ਵਧੇਰੇ ਵਿਚਾਰ-ਚਰਚਾ ਕਰਨ ਬਾਰੇ ਸੋਚਦੇ ਹਨ। ਮੱਧਕਾਲੀ ਸੰਵੇਦਨਾ ਦਾ ਇਕ ਹੋਰ ਅਹਿਮ ਪਾਸਾਰ ਇਹ ਸੀ ਕਿ ਵੱਖ ਵੱਖ ਧਾਰਮਿਕ ਫਿਰਕਿਆਂ ਵੱਲੋਂ ਮਨੁੱਖ ਨੂੰ ਪਾਰਲੌਕਿਕ ਫਲਭੂਮੀ ਦੇ ਡਰ ਵਜੋਂ ਇਹਲੌਕਿਕ ਜੀਵਨ ਵਿਚ ਕਰਮ ਕਾਂਡਾਂ, ਭੇਖਾਚਾਰਾਂ ਅਤੇ ਦਿਖਾਵੇ ਦਾ ਜੀਵਨ ਜਿਉਣ ਲਈ, ਇਕ ਬਨਾਉਟੀ ਜਿਹਾ ਜੀਵਨ ਜਿਉਣ ਲਈ ਉਲਝਾਇਆ ਜਾਂਦਾ ਸੀ। ਇਸ ਸਾਰੇ ਆਲੇ-ਦੁਆਲੇ ਦੇ ਮਾਹੌਲ ਅਤੇ ਪਰਪੰਚ ਵਿਚ ਗੁਰੂ ਨਾਨਕ ਦੇਵ ਜੀ ਨੇ ਜੋ ਮੁਖ ਸੂਤਰ ਪੇਸ਼ ਕੀਤਾ ਅਤੇ ਜਿਹੜਾ ਸੂਤਰ ਜਪੁਜੀ ਸਾਹਿਬ ਦਾ ਕੇਂਦਰੀ ਸੂਤਰ ਹੈ, ਜਿਸ ਦੇ ਦੁਆਲੇ ਇਹ ਸਾਰੀ ਰਚਨਾ ਉਸਰੀ ਹੋਈ ਹੈ, ਉਹ ‘ਕਿਵ ਸਚਿਆਚਾ ਹੋਈਐ’ ਦੇ ਪ੍ਰਸ਼ਨ ਅਤੇ ‘ਹੁਕਮ ਰਜਾਈ ਚਲਣਾ’ ਦੇ ਉੱਤਰ ਵਿਚ ਹੈ।
ਮਨੁੱਖ ਦੇ ਸਚਿਆਰੇ ਹੋਣ ਦਾ ਪ੍ਰਸ਼ਨ ਅਜਿਹਾ ਹੈ, ਜਿਸ ਦਾ ਮਹੱਤਵ ਸਿਰਫ ਮੱਧਕਾਲੀ ਸਮੇਂ ਤੱਕ ਹੀ ਸੀਮਿਤ ਨਹੀਂ ਸੀ, ਇਹ ਸਰਬਕਾਲਾਂ ਵਿਚ ਵਿਚਰਨ ਵਾਲੇ ਮਨੁੱਖ ਨਾਲ ਰਾਬਤਾ ਰੱਖਦਾ ਹੈ। ਜਿੰਨੀ ਇਸ ਦੀ ਅਹਿਮੀਅਤ ਮੱਧਕਾਲੀ ਜੀਵਨ ਵਿਚ ਸੀ, ਉਸ ਤੋਂ ਕਿਤੇ ਵਧੇਰੇ ਇਸ ਦੀ ਅਹਿਮੀਅਤ ਅੱਜ ਵੀ ਹੈ। ਪੁਰਾਣੇ ਸਮਿਆਂ ਵਿਚ ਮਨੁੱਖ ਨੂੰ ਪਰਮਾਤਮਾ ਦਾ ਭੈਅ ਅਤੇ ਦੈਵੀ ਸ਼ਕਤੀਆਂ ਦਾ ਖੌਫ ਵੀ ਸੀ, ਪਰ ਅਜੋਕੇ ਸਮੇਂ ਵਿਚ ਨਾ ਦੈਵੀ ਸ਼ਕਤੀਆਂ ਦਾ ਖੌਫ ਰਿਹਾ ਹੈ ਅਤੇ ਨਾ ਹੀ ਪਰਮਾਤਮਾ ਦਾ ਭੈਅ, ਇਸ ਲਈ ਹੁਕਮ ਰਜਾਈ ਚੱਲਣ ਨੂੰ ਨਵੇਂ ਪ੍ਰਸੰਗਾਂ ਵਿਚ ਸਮਝਣਾ ਜ਼ਰੂਰੀ ਹੋਵੇਗਾ। ਮੱਧਕਾਲੀ ਸੰਵੇਦਨਾ ਵਿਚ ਹੁਕਮ ਰਜਾਈ ਚੱਲਣ ਤੋਂ ਭਾਵ ਆਪਣੇ ਜੀਵਨ ਵਿਚ ਉਹ ਕਰਮ ਕਰਨੇ ਹਨ, ਜਿਨ੍ਹਾਂ ਨਾਲ ਮਨੁੱਖ ਦੀ ਲਿਵ ਜਾਂ ਬਿਰਤੀ ਪਰਮਾਤਮਾ ਪ੍ਰਤੀ ਇਕਾਗਰ ਹੁੰਦੀ ਹੈ ਅਤੇ ਜਿਹੜੇ ਕਾਰਜ ਸਦਾਚਾਰਕ ਜਾਂ ਨੈਤਿਕਤਾ ਦੇ ਪੈਮਾਨੇ ਉਤੇ ਪੂਰੇ ਉਤਰਦੇ ਹਨ।
ਜਪੁਜੀ ਸਾਹਿਬ ਦਾ ਪਾਠ ਕਰਦਿਆਂ ਅਸੀਂ ਵਾਰ ਵਾਰ ਇਹ ਦੇਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਦੀ ਅਪਾਰ-ਸ਼ਕਤੀ, ਉਸ ਦੀ ਅਸਗਾਹ ਹਸਤੀ ਅਤੇ ਉਸ ਨੂੰ ਇਕ ਅੰਤਿਮ ਸੱਚ ਵਜੋਂ ਸਥਾਪਿਤ ਕੀਤਾ ਹੈ। ਇਹ ਅਜਿਹੀ ਹਸਤੀ ਹੈ, ਜੋ ਕਾਲਾਂ ਤੋਂ ਵੀ ਮੁਕਤ ਹੈ। ਗੁਰੂ ਜੀ ਅਨੁਸਾਰ ਇਹ ਹਸਤੀ ਅਜਿਹੀ ਹੈ, ਜੋ ਅੰਤਿਮ ਅਸਲੀਅਤ ਅਤੇ ਸਰਬਕਾਲੀ ਸੱਚ ਵਾਲੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਜੀ ਇਸ ਹਸਤੀ ਦੀ ਵਿਰਾਟਤਾ ਦਾ ਜ਼ਿਕਰ ਵਾਰ ਵਾਰ ਕਿਉਂ ਕਰਦੇ ਹਨ? ਸਾਡੇ ਮੁਤਾਬਿਕ ਇਸ ਦਾ ਜਵਾਬ ਇਹ ਹੈ ਕਿ ਗੁਰੂ ਜੀ ਮਨੁੱਖ ਨੂੰ ਇਸ ਸੰਸਾਰ ਦੇ ਨਾਸ਼ਮਾਨ ਅਤੇ ਮਾਇਆ ਦੇ ਪਸਾਰੇ ਨਾਲੋਂ ਤੋੜ ਕੇ ਸਰਬਕਾਲੀ ਸੱਚ ਨਾਲ ਜੋੜਨ ਦਾ ਰਸਤਾ ਦਰਸਾਉਂਦੇ ਹਨ। ਅਜਿਹੇ ਮਹਾਨ ਮਾਰਗ ‘ਤੇ ਚੱਲਣ ਲਈ ਮਨੁੱਖ ਨੂੰ ਹਉਮੈ ਦਾ ਨਾਸ ਅਤੇ ਮਾਇਆ ਦੀ ਲਾਲਸਾ ਦਾ ਤਿਆਗ ਕਰਨਾ ਪਵੇਗਾ। ਇਸ ਤਿਆਗ ਨਾਲ ਹੀ ਮਨੁੱਖ “ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ” ਦੇ ਨੇਮ ਦੀ ਪਾਲਣ ਕਰਨ ਦੇ ਯੋਗ ਹੋਵੇਗਾ।
ਪ੍ਰੋ. ਰਾਮ ਸਿੰਘ ਅਨੁਸਾਰ “ਸਰਬ ਸ਼ਕਤੀਮਾਨ ਰੱਬ ਦੀ ਰਜ਼ਾ ਵਿਚ ਰਹਿਣ ਦਾ ਠੀਕ ਭਾਵ ਕੀ ਹੈ, ਇਹ ਜਾਣਨਾ ਕਠਿਨ ਹੈ। ਰਜ਼ਾ ਦੇ ਇਕ ਅਰਥ ਤਾਂ ਬਹੁਤ ਸਾਧਾਰਨ ਹਨ, ਜਦੋਂ ਕੋਈ ਘਟਨਾ ਸਾਡੀ ਮਰਜ਼ੀ ਜਾਂ ਹਿੱਤ ਜਾਂ ਸੁੱਖ ਦੇ ਵਿਰੁੱਧ ਵਾਪਰੇ, ਉਸ ਵਿਚ ਰੱਬ ਦੀ ਖੁਸ਼ੀ ਸਮਝ ਕੇ ਸਬਰ ਕਰ ਛੱਡਣਾ, ਦੁੱਖ ਨਾ ਮਨਾਉਣਾ, ਪਰ ਇਹ ਅਰਥ ਕਾਫੀ ਨਹੀਂ। ਜੇ ਦੁੱਖ ਵੇਲੇ ਸਬਰ ਕਰਨਾ ਜ਼ਰੂਰੀ ਹੈ ਤਾਂ ਸੁੱਖ ਵੇਲੇ ਸ਼ੁਕਰ ਕਰਨਾ ਵੀ ਫਰਜ਼ ਹੈ।”
ਪ੍ਰੋ. ਰਾਮ ਸਿੰਘ ਦੇ ਇਸ ਕਥਨ ਤੋਂ ਇਹ ਭਾਵ ਹੈ, ਮਨੁੱਖ ਨੂੰ ਸਬਰ ਸੰਤੋਖ ਵਿਚ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਜਪੁਜੀ ਸਾਹਿਬ ਦੇ ਹਵਾਲੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ:
1. ਪੁੰਨੀ ਪਾਪੀ ਆਖਣੁ ਨਾਹਿ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ॥
ਆਪੇ ਬੀਜਿ ਆਪੇ ਹੀ ਖਾਹੁ॥
ਨਾਨਕ ਹੁਕਮੀ ਆਵਹੁ ਜਾਹੁ॥20॥

2. ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥

3. ਧੌਲੁ ਧਰਮੁ ਦਇਆ ਕਾ ਪੂਤੁ ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥16॥
ਇਨ੍ਹਾਂ ਮਹਾਂ ਵਾਕਾਂ ਤੋਂ ਭਾਵ ਇਹ ਹੈ ਕਿ ਮਨੁੱਖ ਆਪਣੀ ਹਸਤੀ ਦਾ ਸਿਰਜਕ ਖੁਦ ਹੀ ਹੈ। ਜਿਹੋ ਜਿਹੇ ਉਹ ਕਰਮ ਕਰਦਾ ਹੈ, ਉਨ੍ਹਾਂ ਕਰਮਾਂ ਅਨੁਸਾਰ ਹੀ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ‘ਆਪੇ ਬੀਜਿ ਆਪੇ ਹੀ ਖਾਹਿ’ ਦਾ ਮਹਾਂਵਾਕ ਇਸ ਦੀ ਪ੍ਰੋੜ੍ਹਤਾ ਕਰਦਾ ਹੈ। ਮਨੁੱਖ ਦੁਆਰਾ ਆਪਣੇ ਜੀਵਨ ਵਿਚ ਕੀਤੀਆਂ ਗਈਆਂ ਨੇਕ ਨੀਤੀਆਂ ਤੇ ਬਦ-ਨੀਤੀਆਂ ਨੂੰ ਪ੍ਰਭੂ-ਪਰਮਾਤਮਾ ਪ੍ਰਤੱਖ ਰੂਪ ਵਿਚ ਵਾਚਦਾ ਰਹਿੰਦਾ ਹੈ। ਦਾਰਸ਼ਨਿਕ ਅਰਥਾਂ ਵਿਚ ਦੇਖਿਆ ਜਾਵੇ ਤਾਂ ਇਹ ਤੱਥ ਸਹਿਜੇ ਹੀ ਸਮਝ ਵਿਚ ਆ ਜਾਂਦਾ ਹੈ ਕਿ ਮਨੁੱਖੀ ਜਮੀਰ ਜਾਂ ਆਤਮਾ ਵਿਚ ਅਧਿਆਤਮਕ ਅੰਸ਼ ਸ਼ਾਮਿਲ ਹੈ। ਮਨੁੱਖ ਜਦੋਂ ਵੀ ਆਪਣੀ ਜ਼ਿੰਦਗੀ ਵਿਚ ਵਿਅਕਤੀਗਤ ਹਿੱਤਾਂ ਅਤੇ ਸੁਆਰਥ ਖੇਤਰਾਂ ਵਿਚੋਂ ਬਾਹਰ ਨਿਕਲ ਕੇ ਮਾਨਵੀ ਕਾਰਜਾਂ ਉੱਪਰ ਆਪਣੀ ਬਿਰਤੀ ਇਕਾਗਰ ਕਰਦਾ ਹੈ ਤਾਂ ਉਸ ਦੀ ਆਤਮਾ ਵਿਸਮਾਦ ਅਤੇ ਖੇੜੇ ਵਿਚ ਮਹਿਕ ਉੱਠਦੀ ਹੈ, ਪਰ ਜਦੋਂ ਨਿੱਜਤਾ ਦੀ ਸੁਆਰਥੀ ਦਲਦਲ ਵਿਚ ਖੁਭ ਜਾਂਦਾ ਹੈ ਤਾਂ ਉਸ ਦਾ ਮਾਨਵੀ ਆਪਾ ਮਲੀਨ, ਅਪਵਿੱਤਰ ਅਤੇ ਰੋਗੀ ਹੋ ਜਾਂਦਾ ਹੈ। ਇਹ ਰੋਗ ਅਜਿਹੇ ਹਨ, ਜੋ ਮਨੁੱਖ ਦੀ ਹਸਤੀ ਨੂੰ ਖਤਮ ਕਰ ਦਿੰਦੇ ਹਨ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਉਹ ਕਿਹੜੀ ਸ਼ਕਤੀ ਹੈ, ਜੋ ਮਨੁੱਖ ਨੂੰ ਸੁਆਰਥੀ ਜੀਵਨ ਵਿਚੋਂ ਕੱਢ ਕੇ ਆਦਰਸ਼ਕ ਜੀਵਨ ਸ਼ੈਲੀ ਨਾਲ ਜੋੜ ਦੇਵੇ। ਗੁਰੂ ਨਾਨਕ ਦੇਵ ਜੀ ਨੇ ਇਸ ਦੇ ਜੁਆਬ ਵਜੋਂ “ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸਿਤ॥” ਦਾ ਹਵਾਲਾ ਦਿੱਤਾ ਹੈ। ਇਸ ਧਾਰਮਿਕ ਮਾਰਗ ‘ਤੇ ਚੱਲਣ ਵਾਲੇ ਪੰਚ ਅਤੇ ਸਾਧਕ, ਜੋ ਇਹਲੌਕਿਕ ਅਤੇ ਪਾਰਲੌਕਿਕ ਜਗਤ ਵਿਚ ਅਧਿਆਤਮਕ ਸਾਧਨਾ ਰਾਹੀਂ ਆਪਣੀ ਹਸਤੀ ਨੂੰ ਏਨੀ ਸਚਿਆਰੀ ਬਣਾ ਲੈਂਦੇ ਹਨ ਕਿ ਉਨ੍ਹਾਂ ਦੀ ਹਸਤੀ ਵਿਚ ਪ੍ਰਭੂ-ਪਰਮਾਤਮਾ ਦੇ ਸਰਬਕਾਲੀ ਸੱਚ ਦੇ ਅੰਸ਼ ਸ਼ਾਮਿਲ ਹੋ ਜਾਂਦੇ ਹਨ, ਉਹ ਜ਼ਿੰਦਗੀ ਦੀ ਉਲਾਰਤਾ ਵਿਚ ਖੁੱਭੇ ਹੋਏ ਮਨੁੱਖਾਂ ਨੂੰ ਨਾਮ ਸਿਮਰਨ ਰਾਹੀਂ ਸਾਵੇਂ, ਸੰਤੁਲਨ ਅਤੇ ਉਚੇਰੇ ਮਾਰਗ ਦਾ ਰਸਤਾ ਦਰਸਾ ਸਕਦੇ ਹਨ:
1. ਮੰਨੈ ਪਾਵਹਿ ਮੋਖੁ ਦੁਆਰੁ॥
ਮੰਨੈ ਪਰਵਾਰੈ ਸਾਧਾਰੁ॥
ਮੰਨੈ ਤਰੈ ਤਾਰੇ ਗੁਰੁ ਸਿਖ॥
ਮੰਨੈ ਨਾਨਕ ਭਵਹਿ ਨਾ ਭਿਖ॥15॥

2. ਭਰੀਐ ਮਤਿ ਪਾਪਾ ਕੈ ਸੰਗਿ॥
ਓਹੁ ਧੋਪੈ ਨਾਵੈ ਕੈ ਰੰਗਿ॥
ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਵਿਆਖਿਆ ਦਇਆ ਦੇ ਰੂਪ ਵਿਚ ਕੀਤੀ ਹੈ। ਜੋ ਮਨੁੱਖ ਨੂੰ ਸਬਰ-ਸੰਤੋਖ ਅਤੇ ਸਹਿਜ ਵਿਚ ਰਹਿਣ ਦਾ ਵਲ ਸਿਖਾਉਂਦਾ ਹੈ। ਡਾ. ਜਸਵੰਤ ਸਿੰਘ ਨੇਕੀ ਨੇ ਅਜੋਕੇ ਧਰਮ ਅਤੇ “ਮੰਨੈ ਮਗੁ ਨ ਚਲੈ ਪੰਥੁ॥ ਮੰਨੇ ਧਰਮ ਸੇਤੀ ਸਨਬੰਧੁ॥” ਦੀ ਆਧੁਨਿਕ ਵਿਆਖਿਆ ਕੀਤੀ ਹੈ।
‘ਮਗੁ’ ਤੇ ‘ਪੰਥ’ ਹਨ ਕੀ? ਦੋਹਾਂ ਦਾ ਅਰਥ ਤਾਂ ਹੈ ਰਸਤਾ। ਇਥੇ ਭਾਵ ਧਾਰਮਿਕ ਰਸਤਿਆਂ ਤੋਂ ਹੈ। ਕਿਸੇ ਵੀ ਰਸਤੇ ਪੁਰ ਚੱਲਣ ਲੱਗਿਆਂ ਕੁੱਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਪਹਿਲੀ ਗੱਲ ਇਹ ਕਿ ਰਸਤਾ ਠੀਕ ਹੋਵੇ। ਜਿਧਰ ਜਾਣਾ ਹੋਵੇ, ਉਧਰ ਹੀ ਜਾਂਦਾ ਹੋਵੇ।…ਬੜੇ ਲੋਕ ਰਾਹ ਤਾਂ ਮਾਇਆ ਦਾ ਪਕੜ ਲੈਂਦੇ ਹਨ, ਪਰ ਨਕਾਬ ਧਰਮ ਦਾ ਪਹਿਨ ਲੈਂਦੇ ਹਨ। ਕਿਉਂਕਿ ਇਹ ਨਕਾਬ ਉਨ੍ਹਾਂ ਲਈ ਬੜਾ ਲਾਭਦਾਇਕ ਸਾਬਤ ਹੁੰਦਾ ਹੈ। ਅੰਦਰੋਂ ਉਹ ਮਾਇਆ ਦੇ ਹੀ ਰਸਤੇ ‘ਤੇ ਤੁਰੇ ਜਾਂਦੇ ਹਨ; ਤੁਰੇ ਹੀ ਨਹੀਂ ਜਾਂਦੇ, ਦੌੜਦੇ ਫਿਰਦੇ ਹਨ। ਜਿਹੜਾ ਬੰਦਾ ਗਲਤ ਰਾਹ ਉਪਰ ਦੌੜ ਰਿਹਾ ਹੈ, ਉਹ ਜਿੰਨਾ ਤੇਜ਼ ਦੌੜੇਗਾ, ਅਸਲੀ ਮੰਜ਼ਿਲ ਤੋਂ ਉਤਨਾ ਹੀ ਦੂਰ ਹੁੰਦਾ ਜਾਵੇਗਾ। ਸਿਰਫ ਤੁਰੀ ਜਾਣ ਜਾਂ ਦੌੜੇ ਜਾਣ ਨਾਲ ਮੰਜ਼ਿਲ ਨਹੀਂ ਆ ਜਾਂਦੀ, ਪਰ ਕੁਝ ਲੋਕਾਂ ਨੇ ਇਹ ਮੰਨ ਲਿਆ ਹੁੰਦਾ ਹੈ ਕਿ ਤੁਰੀ ਜਾਣਾ ਹੀ ਉਨ੍ਹਾਂ ਦਾ ਧਰਮ ਹੈ। ਰਾਹ ਕਿਧਰ ਜਾਂਦਾ ਹੈ, ਇਸ ਤੋਂ ਉਹ ਅਣਜਾਣ ਹੀ ਰਹਿੰਦੇ ਹਨ।
ਡਾ. ਜਸਵੰਤ ਸਿੰਘ ਨੇਕੀ ਦੇ ਉਪਰੋਕਤ ਕਥਨ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਉਹ ਧਾਰਮਿਕ ਅਤੇ ਸ਼ਰਧਾਮਈ ਪੂਜਣਯੋਗ ਅਦਾਰਿਆਂ ਨੂੰ ਅਜਿਹੀ ਸਰਵਉੱਚਤਾ ਵਿਚ ਦੇਖਣਾ ਚਾਹੁੰਦੇ ਹਨ, ਜਿਥੇ ਧਰਮ ਆਪਣੀਆਂ ਬੁਨਿਆਦੀ ਨੀਹਾਂ ਉੱਪਰ ਖੜੋ ਕੇ ਆਪਣੀ ਉੱਚਤਮ ਮਿਸਾਲ ਪੈਦਾ ਕਰੇ ਤੇ ਦੁਨੀਆਂ ਦੇ ਵੰਨ-ਸੁਵੰਨੇ ਬੰਦਿਆਂ ਵਿਚ ਮੋਹ-ਪਿਆਰ ਅਤੇ ਮੁਹੱਬਤ ਦੇ ਮੇਲ ਰਾਹੀਂ ਆਪਸੀ ਪਿਆਰ ਦੀਆਂ ਤੰਦਾਂ ਨੂੰ ਪਕੇਰਿਆਂ ਕਰੇ। ਮਨੁੱਖ ਮਨੁੱਖ ਦਰਮਿਆਨ ਪੈਦਾ ਹੋ ਰਹੀਆਂ ਦੂਰੀਆਂ ਨੂੰ ਘਟਾ ਕੇ ਅਤੇ ਉਸਰ ਰਹੀਆਂ ਦੀਵਾਰਾਂ ਨੂੰ ਤੋੜ ਕੇ ਮੁਹੱਬਤ ਦੇ ਪੁਲਾਂ ਦੀ ਉਸਾਰੀ ਕਰੇ।
ਅਸੀਂ ਦੇਖਿਆ ਹੈ ਕਿ ਜਪੁਜੀ ਸਾਹਿਬ ਦਾ ਬਹੁਤਾ ਭਾਗ ਪਰਮਾਤਮਾ ਦੀ ਸ਼ਕਤੀ ਅਤੇ ਵਿਰਾਟਤਾ ਦਾ ਪ੍ਰਭਾਵ ਪਾਉਂਦਾ ਹੈ। ਸ਼ਕਤੀ ਦੇ ਇਸ ਕੇਂਦਰ ਦੀ ਤੁਲਨਾ ਦੁਨਿਆਵੀ ਸ਼ਕਤੀ ਕੇਂਦਰਾਂ ਨਾਲ ਕਰਕੇ ਇਸ ਦੀ ਸਮਰੱਥਾ ਨੂੰ ਅਤਿਅੰਤ ਵਿਸ਼ਾਲ ਦਰਸਾਇਆ ਗਿਆ ਹੈ,
1. ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥
ਨਾਨਕ ਉਤਮੁ ਨੀਚੁ ਨ ਕੋਇ॥

2. ਰੰਗੀ ਰੰਗੀ ਭਾਤੀ ਕਰਿ ਕਰਿ
ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਵੇਖੈ ਕੀਤਾ ਆਪਣਾ
ਜਿਵ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ
ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬੁ
ਨਾਨਕ ਰਹਣੁ ਰਜਾਈ॥27॥
ਉਸ ਮਹਾਨ ਸ਼ਕਤੀਸ਼ਾਲੀ ਪਰਮਾਤਮਾ ਅੱਗੇ ਦੁਨਿਆਵੀ ਮਨੁੱਖ ਦੀ ਕੋਈ ਕਾਇਆ ਨਹੀਂ। ਉਸ ਨੂੰ ਅਤਿ ਸਾਧਾਰਨ ਮਨੁੱਖ ਆਪਣਾ ਦੋਸਤ, ਮਿੱਤਰ ਪਿਆਰਾ, ਹਮਦਰਦ ਮਹਿਸੂਸ ਕਰ ਸਕਦਾ ਹੈ। ਜਪੁਜੀ ਸਾਹਿਬ ਵਿਚ ਪਰਮਾਤਮਾ ਅਨੇਕ ਸ਼ਕਤੀਆਂ, ਧਰਤੀਆਂ, ਬ੍ਰਹਿਮੰਡਾਂ, ਜੀਅ-ਜੰਤਾਂ ਦਾ ਰਚਨਹਾਰਾ ਹੈ। ਉਸ ਦਾ ਅੰਸ਼ ਮਨੁੱਖੀ ਆਤਮਾ ਵਿਚ ਸ਼ਾਮਿਲ ਹੁੰਦਾ ਹੈ। ਅਜਿਹੀ ਵਿਸਮਾਦੀ ਅਵਸਥਾ ਵਿਚ ਮਨੁੱਖ ਉਦੋਂ ਪਹੁੰਚਦਾ ਹੈ, ਜਦੋਂ ਉਹ ਜਪੁਜੀ ਸਾਹਿਬ ਦੁਆਰਾ ਦਰਸਾਏ ਗਏ ਪੰਜਾਂ ਖੰਡਾਂ ਦੀ ਅੰਤਿਮ ਮੰਜ਼ਿਲ ‘ਤੇ ਪਹੁੰਚਦਾ ਹੈ। ਸੱਚਖੰਡ ਦੀ ਅਵਸਥਾ ਵਿਚ ਉਹ ਪ੍ਰਭੂ-ਪਰਮਾਤਮਾ ਦਾ ਦੀਦਾਰ ਕਰਦਾ ਹੈ। ਸਾਧਕ ਪਰਮਾਤਮਾ ਨਾਲ ਇਕਮਿਕ ਹੋ ਕਿ ਕਿਰਿਆਸ਼ੀਲ ਹੋ ਜਾਂਦਾ ਹੈ, ਨਿਸ਼ਕ੍ਰਿਅ ਨਹੀਂ ਰਹਿੰਦਾ। ਉਸ ਦੀ ਇਸ ਅਗਵਾਈ ‘ਤੇ ਕਿਰਿਆ ਮਾਨਤਾ ਦਾ ਮੰਤਵ ਵੀ ਨਿਰੰਕਾਰ ਵਾਲਾ ਹੀ, ਭਾਵ ਦਇਆ ਵਾਲਾ ਹੁੰਦਾ ਹੈ। ਉਸ ਮਨ ਅੰਦਰ ਇਹਲੌਕਿਕ ਜਗਤ ਲਈ ਅਪਾਰ ਦਇਆ ਉਪਜਦੀ ਹੈ। ਪੰਜਾਬੀ ਦੇ ਕੁਝ ਵਿਦਵਾਨਾਂ ਨੇ ਜਪੁਜੀ ਸਾਹਿਬ ਦੇ ਰਹੱਸਵਾਦੀ ਖੰਡਾਂ ਨੂੰ ਸੂਫੀ ਸਾਧਕਾਂ ਦੀਆਂ ਵਿਭਿੰਨ ਮੰਜ਼ਿਲਾਂ ਸ਼ਰੀਅਤ, ਤਰੀਕਤ, ਮਾਰਫਤ ਅਤੇ ਹਕੀਕਤ ਨਾਲ ਤੁਲਨਾਇਆ ਹੈ। ਜਿਵੇਂ ਫਰੀਦ ਜੀ ਲਿਖਦੇ ਹਨ,
ਆਪੁ ਸਵਾਰਹਿ ਮੈ ਮਿਲਹਿ
ਮੈ ਮਿਲਿਆ ਸੁਖੁ ਹੋਇ॥
ਫਰੀਦਾ ਜੇ ਤੂੰ ਮੇਰਾ ਹੋਇ ਰਹਹਿ
ਸਭੁ ਜਗੁ ਤੇਰਾ ਹੋਇ॥

ਇਕੁ ਫਿਕਾ ਨ ਗਾਲਾਇ
ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ
ਮਾਣਕ ਸਭ ਅਮੋਲਵੇ॥
ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਗਏ ਸਚ ਖੰਡ ਦੀ ਅਵਸਥਾ ਬਾਰੇ ਪ੍ਰੋ. ਰਾਮ ਸਿੰਘ ਲਿਖਦੇ ਹਨ, “ਮਨੁੱਖ ਇਸ ਅਵਸਥਾ ‘ਤੇ ਅੰਦਰੋਂ ਅਨੰਦ ਭਰਪੂਰ ਦਸ਼ਾ ਵਿਚ ਰਹਿੰਦਾ ਹੈ। ਉਹ ਇਕ ਵਾਰੀ ਸੁਨ ਸਮਾਧੀ, ਜਿਸ ਵਿਚ ਨਿਰਗੁਣ ਬ੍ਰਹਮ ਨੂੰ ਅਨੁਭਵ ਕਰ ਚੁਕਾ ਹੁੰਦਾ ਹੈ, ਉਸ ਨੂੰ ਕਦੇ ਵੀ ਭੁੱਲ ਨਹੀਂ ਸਕਦਾ। ਸੰਸਾਰ ਵਿਚ ਵਿਭਿੰਨ ਕਾਰਜ ਕਰਦਿਆਂ ਹੀ ਉਹ ਅੰਤਰ-ਆਤਮੇ ਵਿਚ ਉਸ ਨਾਲ ਜੁੜਿਆ ਰਹਿੰਦਾ ਹੈ। ਇਹ ਉਸ ਦੀ ਨਿਰਲੇਪਤਾ ਦਾ ਭੇਦ ਹੈ ਅਤੇ ਅਨੰਦ ਦਾ ਵੀ। ਉਹ ਉਪਦੇਸ਼ ਦਿੰਦਾ ਹੈ, ਬਾਣੀ ਰਚਦਾ ਹੈ, ਸੇਵਾ ਕਰਦਾ ਹੈ ਤੇ ਲੋੜ ਪੈਣ ‘ਤੇ ਸ਼ਹੀਦ ਹੋ ਜਾਂਦਾ ਹੈ। ਉਸ ਦਾ ਮਾਨਵੀ ਪ੍ਰੇਮ ਉਸ ਕੋਲੋਂ ਮਹਾਨਤਾ ਦੀਆਂ ਪੈੜਾਂ ਪਵਾਉਂਦਾ ਹੈ।
ਜਪੁਜੀ ਸਾਹਿਬ ਦੀ ਆਧੁਨਿਕ ਮਨੁੱਖ ਲਈ ਸਾਰਥਿਕਤਾ: ਅੱਜ ਦਾ ਮਨੁੱਖ ਗੁਰੂ ਨਾਨਕ ਦੇਵ ਜੀ ਦੇ ਧੀਮੀ ਗਤੀ ਅਤੇ ਸਰਲ ਸਪਾਟ ਯੁੱਗ ਨਾਲੋਂ ਤੇਜ਼-ਤਰਾਰ ਤੇ ਵਿਸ਼ਵ ਵਿਆਪੀ ਇਕ ਗਲੋਬਲ ਪਿੰਡ ਵਿਚ ਮਾਨਸਿਕ ਤਣਾਵਾਂ, ਦੁਬਿਧਾਵਾਂ, ਜਟਿਲਤਾਵਾਂ ਅਤੇ ਪਦਾਰਥਕ ਸ਼ਕਤੀਆਂ ਦੇ ਆਕਰਸ਼ਣ ਵਿਚ ਲਾਲਸਾਵਾਂ ਨੂੰ ਉਪਜਾਉਣ ਵਾਲਾ ਯੁੱਗ ਬਣ ਗਿਆ ਹੈ। ਅਜਿਹੀਆਂ ਪ੍ਰਸਥਿਤੀਆਂ ਵਿਚ ਮਨੁੱਖ ਨੇ ਸਚਿਆਰੇ ਹੋਣ ਲਈ ਹੁਕਮ ਅਤੇ ਰਜ਼ਾ ਜਾਂ ਭਾਣੇ ਵਿਚ ਆਪਣੇ ਆਪ ਨੂੰ ਕਿਵੇਂ ਬੰਨ੍ਹਣਾ ਹੈ? ਇਹ ਅਜੋਕੇ ਸਮੇਂ ਦੇ ਮੁੱਖ ਸਵਾਲ ਹਨ। ਸਮੇਂ ਦੀ ਕਰਵਟ ਨੇ ਮਨੁੱਖੀ ਸੁਪਨਿਆਂ ਅਤੇ ਲਾਲਸਾਵਾਂ ਦੇ ਸੰਸਾਰ ਨੂੰ ਮੋਕਲਾ ਕੀਤਾ ਹੈ, ਮੁਕਾਬਲੇ ਦੀ ਦੌੜ ਵਿਚ ਵਿਅਕਤੀ ਨੂੰ ਹਾਰਾਂ ਦੇ ਸਨਮੁੱਖ ਵੀ ਹੋਣਾ ਪੈਂਦਾ ਹੈ। ਝੂਠੀਆਂ ਜਿੱਤਾਂ ਜਾਂ ਸ਼ਾਨਾਂ ਲਈ ਮਨੁੱਖੀ ਜੀਵਨ ਵਿਚ ਅਜਿਹੇ ਮੌਕੇ ਵੀ ਆਉਂਦੇ ਹਨ, ਜਦੋਂ ਇਨਸਾਨ ਆਪਣੀ ਆਤਮਾ ਜਾਂ ਜਮੀਰ ਵੱਲ ਪਿੱਠ ਕਰ ਬੈਠਦਾ ਹੈ। ਦੁਨੀਆਂ ਵਿਚ ‘ਅਸੰਖ ਜਪ ਅਸੰਖ ਭਾਉ’ ਵਾਲੇ ਅਤੇ ‘ਅਸੰਖ ਮੂਰਖ ਅੰਧ ਘੋਰ’ ਵੀ ਹਨ।
ਗੁਰੂ ਜੀ ਨੇ ਦੋਹਾਂ ਧਿਰਾਂ ਨੂੰ ਇਕ ਦੂਸਰੇ ਦੇ ਪੂਰਕ ਦਿਖਾ ਕੇ ਜ਼ਿੰਦਗੀ ਵਿਚ ਉਲਾਰ ਹੋਏ ਬੰਦਿਆਂ ਨੂੰ ਸਹਿਜ ਸੰਕਲਪ ਦੇ ਸੰਸਾਰ ਵਿਚ ਪ੍ਰਵੇਸ਼ ਕਰਨ ਦੀ ਦਾਅਵਤ ਦਿੱਤੀ ਹੈ। ਅਜਿਹੀ ਭਾਵਨਾ ਇਸ ਸੰਸਾਰ ਦੀ ਆਦਰਸ਼ਕ ਸਿਰਜਣਾ ਲਈ ਇਕ ਸਨੇਹ ਭਰਿਆ ਮਾਨਵੀ ਸੰਸਾਰ ਸਿਰਜਣ ਦਾ ਉਪਰਾਲਾ ਕਰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਰਚਨਾ ਵਿਚ ਵਾਰ ਵਾਰ ਬ੍ਰਹਮ ਦੀ ਵਿਰਾਟਤਾ ਅਤੇ ਵਡੱਪਣ ਨੂੰ ਦਰਸਾਉਣ ਦੇ ਨਾਲ ਮਨੁੱਖ ਨੂੰ ਉਸ ਦੀ ਤੁਛ ਹਸਤੀ ਦਾ ਅਹਿਸਾਸ ਇਸ ਲਈ ਕਰਵਾਇਆ ਹੈ ਤਾਂ ਜੋ ਉਹ ਆਪਣੀ ਆਤਮਾ ਵਿਚ ਸਮਾਈ ਹੋਈ ਆਤਮਾ ਦੀ ਅਵਾਜ਼ ਨੂੰ ਸੁਣਦਾ ਰਹੇ ਅਤੇ ਸਚਿਆਰੇ ਹੋਣ ਦਾ ਪੱਖ ਪੂਰਦਾ ਰਹੇ। ਜੋ ਵਿਅਕਤੀ ਆਤਮਾ ਦੀ ਅਵਾਜ਼ ਸੁਣਦਾ ਹੈ, ਉਹ ਸਚਿਆਰੇ ਰਸਤਿਆਂ ਨੂੰ ਛੱਡ ਕੇ ਵਿਚਲਿਤ ਰਸਤਿਆਂ ਦਾ ਰਾਹੀ ਨਹੀਂ ਬਣਦਾ। ਆਤਮਾ ਦੇ ਦਰਸਾਏ ਹੋਏ ਰਸਤੇ ‘ਤੇ ਚਲਣ ਵਾਲਾ ਜਗਿਆਸੂ ਨਿਰਾਸ਼ਾ ਦੇ ਆਲਮ ਵਿਚ ਨਹੀਂ ਡੁੱਬਦਾ ਅਤੇ ਨਾ ਹੀ ਪ੍ਰਾਪਤੀਆਂ ਦੀ ਚੋਟੀ ‘ਤੇ ਬੈਠਾ ਹੋਇਆ ਅਜਿਹਾ ਇਨਸਾਨ ਹਉਮੈ ਤੇ ਗਰਬ ਗੁਮਾਨ ਦੇ ਪਾਖੰਡੀ ਜਾਲ ਵਿਚ ਫਸਦਾ ਹੈ, ਕਿਉਂਕਿ ਉਸ ਵਿਚ ਜਮੀਰ ਦੀ ਅਵਾਜ਼ ਨੂੰ ਸੁਣਨ ਦੀ ਲਗਨ ਲੱਗ ਜਾਂਦੀ ਹੈ।
ਪਰਮਾਤਮਾ ਦੀ ਰਜ਼ਾ ਵਿਚ ਰਹਿਣ ਵਾਲਾ ਮਨੁੱਖ ਸੰਤੁਲਿਤ ਅਤੇ ਸੁਖਾਵੇਂ ਰਸਤਿਆਂ ਦਾ ਇਕ ਅਜਿਹਾ ਆਦਰਸ਼ਕ ਇਨਸਾਨ ਬਣ ਜਾਂਦਾ ਹੈ, ਜੋ ਸਿਰਫ ਆਪਣੇ ਆਪੇ ਨੂੰ ਹੀ ਨਹੀਂ, ਸਗੋਂ ਲੋਕਾਈ ਦਾ ਪੱਥ ਪ੍ਰਦਰਸ਼ਨ ਕਰਨ ਦੇ ਯੋਗ ਵੀ ਹੋ ਜਾਂਦਾ ਹੈ। ਉਸ ਨੂੰ ਆਪਣੇ ਮਨ ਰਾਹੀਂ ਜੱਗ ਨੂੰ ਜਿੱਤਣ ਦਾ ਗੁਰ ਆ ਜਾਂਦਾ ਹੈ। ਉਹ ਸੰਸਾਰ ਦੀਆਂ ਝੂਠੀਆਂ ਪੂਜਾ ਵਿਧੀਆਂ ਅਤੇ ਬਾਹਰ ਦੇ ਦਿਖਾਵੇ ਮਾਤਰ ਕੀਤੇ ਗਏ ਕਰਮਕਾਡਾਂ ਵਿਚ ਉਲਝਣ ਦੀ ਥਾਂ ਜਮੀਰ ਦੀ ਅਵਾਜ਼ ਸੁਣ ਕੇ ਆਤਮਕ ਮੰਜ਼ਿਲਾਂ ਨੂੰ ਤੈਅ ਕਰਦਾ ਹੋਇਆ ਵਿਸਮਾਦੀ ਜੀਵਨ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਅਜਿਹੇ ਮਨੁੱਖ ਦਾ ਬੋਲ, ਸ਼ਬਦ ਜਾਂ ਉਚਾਰ ਕਿਸੇ ਇਕ ਸੀਮਿਤ ਬਿੰਦੂ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਸੰਚਾਰ ਯੰਤਰਾਂ ਰਾਹੀਂ ਦ੍ਰਿਸ਼ਟੀ ਬਿੰਦੂ ਬਣ ਕੇ ਚਾਰੇ ਕੂਟਾਂ ਵਿਚ ਫੈਲ ਜਾਂਦਾ ਹੈ। ਲੋੜ ਸਿਰਫ ਸੱਚ ਦੇ ਰਸਤੇ ‘ਤੇ ਤੁਰ ਕੇ ਸਚਿਆਰੀ ਹੋਂਦ ਨੂੰ ਪ੍ਰਾਪਤ ਕਰਨ ਦੀ ਹੈ। ਰੱਬ ਦੀ ਰਜ਼ਾ ਵਿਚ ਰਹਿਣ, ਉਸ ਦਾ ਹੁਕਮ ਮੰਨਣ, ਹਉਮੈ ਦਾ ਨਾਸ ਕਰਨ ਅਤੇ ਮਾਨਵਤਾ ਦੇ ਰਸਤੇ ‘ਤੇ ਪਹਿਰਾ ਦੇਣ ਨਾਲ ਆਦਰਸ਼ਕ ਮਨੁੱਖ ਦੀ ਘਾੜਤ ਹੋ ਜਾਂਦੀ ਹੈ।
ਅੱਜ ਦੇ ਪਦਾਰਥਵਾਦੀ ਸਮੇਂ ਵਿਚ ਅਜਿਹੇ ਉੱਚੀ ਬਿਰਤੀ ਅਤੇ ਬੁਲੰਦ ਵਿਚਾਰਾਂ ਵਾਲੇ ਮਨੁੱਖਾਂ ਦੀ ਤਲਾਸ਼ ਹੈ, ਜੋ ਗੁਰੂ ਦੀ ਦੱਸੀ ਵਾਟ ‘ਤੇ ਚੱਲ ਕੇ ਨਾਮ ਦਾ ਸਿਮਰਨ ਕਰਨ ਅਤੇ ਇਸ ਜਗਤ ਵਿਚ ਮਾਣ ਸਨਮਾਨ ਹਾਸਿਲ ਕਰਨ। ਅਜਿਹੇ ਆਦਰਸ਼ਕ ਵਿਅਕਤੀਆਂ ਕੋਲੋਂ ਨਿਖੇਧਾਤਮਕ ਸ਼ਕਤੀਆਂ, ਜੋ ਬੰਦੇ ਨੂੰ ਮਾਇਆ ਦੇ ਜੰਜਾਲ ਵਿਚ ਘੇਰ ਕੇ ਉਸ ਦੀ ਸ਼ਖਸੀਅਤ ਨੂੰ ਬੌਣਿਆਂ ਕਰ ਦਿੰਦੀਆਂ ਹਨ, ਆਪਣੇ ਆਪ ਹੀ ਕਿਨਾਰਾ ਕਰ ਲੈਂਦੀਆਂ ਹਨ। ਇਸ ਤਰ੍ਹਾਂ ਮਹਾਨ ਮਨੁੱਖ ਆਪਣੇ ਆਦਰਸ਼ਾਂ ਨੂੰ ਸਰ ਕਰਨ ਦੇ ਯੋਗ ਹੋ ਜਾਂਦੇ ਹਨ ਅਤੇ ਆਪਣੀ ਨਾਸ਼ਵਾਨ ਹਸਤੀ ਦੀ ਕਾਇਆ ਕਲਪ ਕਰਕੇ ਇਸ ਨੂੰ ਸਦੀਵੀ ਬਣਾ ਲੈਂਦੇ ਹਨ।