ਗੁਰੂ ਨਾਨਕ-ਫਿਲਾਸਫੀ ਦੀ ਅਜੋਕੇ ਸਮੇਂ ਵਿਚ ਪ੍ਰਸੰਗਿਕਤਾ

ਸੁਰਜੀਤ ਟੋਰਾਂਟੋ
ਗੁਰੂ ਨਾਨਕ ਸਾਹਿਬ ਭਾਵੇਂ ਇਸ ਧਰਤੀ ‘ਤੇ 551 ਵਰ੍ਹੇ ਪਹਿਲਾਂ ਆਏ, ਪਰ ਉਨ੍ਹਾਂ ਦਾ ਫਲਸਫਾ ਅੱਜ ਤੱਕ ਵੀ ਸਮੁੱਚੀ ਮਨੁੱਖਤਾ ਲਈ ਸਾਰਥਕ ਹੈ। ਅਸੀਂ ਸਦੀਆਂ ਤੋਂ ਗੁਰੂ ਨਾਨਕ-ਬਾਣੀ ਨੂੰ ਪੜ੍ਹਦੇ ਆ ਰਹੇ ਹਾਂ, ਗੁਰੂ ਨਾਨਕ ਦੇ ਨਾਂ ਨੂੰ ਵੇਚ-ਵਰਤ ਵੀ ਰਹੇ ਹਾਂ, ਇਸ ਪ੍ਰਤੀ ਅੰਤਾਂ ਦੀ ਸ਼ਰਧਾ ਵੀ ਰੱਖਦੇ ਹਾਂ, ਇਸ ਨੂੰ ਬਹੁਤ ਵਿਚਾਰਿਆ ਜਾ ਰਿਹਾ ਹੈ, ਗਾਇਆ ਜਾ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਯੂਨੀਵਰਸਲ ਸੰਦੇਸ਼ ਦੇ ਅਰਥਾਂ ਦੀ ਗਹਿਰਾਈ ਨੂੰ ਸਮਝ ਕੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਅਪਨਾਇਆ ਨਹੀਂ ਜਾ ਰਿਹਾ। ਇਸ ਵੇਲੇ ਜਦੋਂ ਅਸੀਂ ਗੁਰੂ ਸਾਹਿਬ ਦਾ 551ਵਾਂ ਜਨਮ ਉਤਸਵ ਧੂਮ ਧਾਮ ਨਾਲ ਮਨਾ ਰਹੇ ਹਾਂ, ਸਾਨੂੰ ਇਸ ਸਵਾਲ ਬਾਰੇ ਵਿਚਾਰਨ ਦੀ ਲੋੜ ਹੈ ਕਿ ਅਸੀਂ ਉਨ੍ਹਾਂ ਦੇ ਫਲਸਫੇ ਨੂੰ ਕਿੰਨਾ ਕੁ ਅਪਨਾਇਆ? ਅਸੀਂ ਉਨ੍ਹਾਂ ਦੇ ਕਿਹੋ ਜਿਹੇ ਪੈਰੋਕਾਰ ਹਾਂ?

ਵੇਖਿਆ ਜਾਵੇ ਤਾਂ ਅੱਜ ਵੀ ਉਹੀ ਹਾਲਾਤ ਹਨ, ਜਿਨ੍ਹਾਂ ਬਾਰੇ ਗੁਰੂ ਸਾਹਿਬ ਨੇ ਉਚਾਰਿਆ ਸੀ, “ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤੁ ਮੁਖਹੁ ਆਲਾਈ॥” ਅੱਜ ਸਾਰੀ ਮਨੁੱਖ ਜਾਤੀ ਲਾਲਸਾਵਾਂ, ਹਉਮੈ, ਨਫਰਤ, ਮਜ੍ਹਬਾਂ, ਦੇਸ਼ਾਂ, ਹੱਦਾਂ ਬੰਨਿਆਂ, ਰੰਗ-ਨਸਲ ਦੇ ਭੇਦ-ਭਾਵ ਵਰਗੀਆਂ ਬਹੁਤ ਵੱਡੀਆਂ ਅਲਾਮਤਾਂ ਦਾ ਸ਼ਿਕਾਰ ਹੋਈ ਪਈ ਹੈ। ਬਾਬੇ ਦੇ ਕਥਨ ‘ਕੂੜ ਰਾਜਾ ਕੂੜ ਪਰਜਾ’ ਅਨੁਸਾਰ ਸਿਆਸੀ ਆਗੂ ਜਨਤਾ ਨੂੰ ਲੁੱਟ ਖਾ ਰਹੇ ਹਨ ਅਤੇ ਪਰਜਾ ਭੇਡਾਂ-ਬੱਕਰੀਆਂ ਵਾਂਗ ਉਨ੍ਹਾਂ ਦੇ ਇਸ਼ਾਰਿਆਂ ‘ਤੇ ਨਸਲਕੁਸ਼ੀ, ਲਿੰਚ ਜਾਂ ਦੰਗੇ-ਫਸਾਦਾਂ ਵਰਗੇ ਕੁਕਰਮ ਕਰਨ ਤੋਂ ਵੀ ਗੁਰੇਜ ਨਹੀਂ ਕਰਦੀ। ਗੁਰੂ ਸਾਹਿਬ ਦੇ ਕਥਨ ‘ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦੀਸੇ ਬਾਹਰਾ ਜੀਉ’ ਨੂੰ ਅਸੀਂ ਭੁੱਲ ਗਏ ਹਾਂ। ਗੁਰੂ ਨਾਨਕ ਨੂੰ ਤਾਂ ਨਾ ਕੋਈ ਹਿੰਦੂ, ਨਾ ਮੁਸਲਿਮ ਜਾਪਦਾ ਸੀ, ਪਰ ਅੱਜ ਧਰਮਾਂ ਦੇ ਨਾਂ ‘ਤੇ ਸਾਰੀ ਮਨੁੱਖਤਾ ਮਰ-ਮਾਰ ਰਹੀ ਹੈ। ਇਸ ਵਰ੍ਹਦੀ ਅੱਗ ਨੂੰ ਠੱਲ੍ਹ ਪਾਉਣ ਲਈ ਗੁਰੂ ਸਾਹਿਬ ਦੇ ਸੰਦੇਸ਼ ਨੂੰ ਸੁਣ/ਸਮਝਣ ਦੀ ਲੋੜ ਹੈ,
ਪੂਛਨ ਫੋਲ ਕਿਤਾਬ ਨੋ
ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆਂ
ਸੁਭਿ ਅਮਲਾ ਬਾਝਹੁ ਦੋਨੋ ਰੋਈ।
ਸੋ, ਬਾਬਾ ਜੀ ਨੇ ਕਿਹਾ ਸੀ ਕਿ ਸਾਰੀ ਗੱਲ ਤਾਂ ਅਮਲਾਂ ਦੀ ਹੈ, ਜਾਤਾਂ ਦੀ ਨਹੀਂ; ਪਰ ਕੀ ਅਸੀਂ ਸਮਝੇ? ਸਾਰੇ ਧਰਮ ਮਨੁੱਖ ਲਈ ਬਣੇ ਹਨ ਤੇ ਮਨੁੱਖਤਾ ਸਭ ਧਰਮਾਂ ਤੋਂ ਉੱਪਰ ਹੈ, ਪਰ ਹਾਲਾਤ ਅੱਜ ਇਸ ਤੋਂ ਵਿਪਰੀਤ ਹਨ। ਜੇ ਅਸੀਂ ਸੱਚਮੁਚ ਗੁਰੂ ਨਾਨਕ ਦੇ ਸਿੱਖ ਹਾਂ ਤਾਂ ਸਾਨੂੰ ਜਾਤਾਂ-ਪਾਤਾਂ ਤੋਂ ਉੱਪਰ ਉਠ ਕੇ ਮਨੁੱਖ ਹੋ ਕੇ ਸੋਚਣਾ ਪਵੇਗਾ ਅਤੇ ਬਾਬੇ ਦੇ ਸ਼ਬਦਾਂ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਨੂੰ ਫਿਰ ਤੋਂ ਸਮਝਣਾ ਤੇ ਅਪਨਾਉਣਾ ਪਵੇਗਾ ਤਾਂ ਜੋ ਇਸ ‘ਜਗਤ ਜਲੰਦੇ’ ਵਿਚ ਅਮਨ ਤੇ ਸ਼ਾਂਤੀ ਕਾਇਮ ਕੀਤੀ ਜਾ ਸਕੇ।
ਜੇ ਵਾਤਾਵਰਣ ਦੀ ਗੱਲ ਕਰੀਏ ਤਾਂ ਉਹ ਵੀ ਅੱਜ ਸਾਡੀ ਚਿੰਤਾ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਜ਼ਰਖੇਜ਼ ਧਰਤੀ ਬੰਜਰ ਹੋ ਰਹੀ ਹੈ, ਧਰਤੀ ‘ਚੋਂ ਪਾਣੀ ਮੁੱਕਦਾ ਜਾ ਰਿਹਾ ਹੈ। ਇਸ ਧਰਤੀ ‘ਤੇ ਰਹਿਣ ਵਾਲਾ ਮਨੁੱਖ ਆਪ ਹੀ ਇਸ ਉਪਗ੍ਰਹਿ ਨੂੰ ਖਤਮ ਕਰਨ ‘ਤੇ ਤੁਲਿਆ ਹੋਇਆ ਹੈ। ਉਹ ਧਰਤੀ ਦੇ ਹੇਠੋਂ ਤੇਲ ਤੇ ਖਣਿਜ ਪਦਾਰਥ ਕੱਢ ਕੇ ਇਸ ਨੂੰ ਖੋਖਲੀ ਕਰ ਰਿਹਾ ਹੈ। ਗੁਰੂ ਨਾਨਕ ਨੇ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਨੂੰ ਬਿਆਨਦਿਆਂ ਆਖਿਆ ਸੀ, ‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ’; ਪਰ ਅੱਜ ਮਨੁੱਖ ਮਾਤਾ-ਪਿਤਾ ਅਤੇ ਇੱਥੋਂ ਤੱਕ ਕਿ ਸਵੈ ਨਾਲੋਂ ਵੀ ਟੁੱਟ ਚੁਕਾ ਹੈ, ਉਸ ਨੇ ਹਵਾ-ਪਾਣੀ, ਪਸੂ-ਪੰਛੀਆਂ ਅਤੇ ਧਰਤੀ ਦੀ ਤਾਂ ਕੀ ਕਦਰ ਕਰਨੀ ਸੀ? ਗੁਰੂ ਨਾਨਕ ਨੇ ਜਿਸ ਕੁਦਰਤ ਨੂੰ ਰੱਬ ਦਾ ਦਰਜਾ ਦਿੱਤਾ, ਬੰਦੇ ਨੇ ਉਸ ਦਾ ਨਿਰਾਦਰ ਕਰਕੇ ਪਤਾ ਨਹੀਂ ਕਿੰਨੇ ਕੁ ਹੋਰ ਰੱਬ ਸਿਰਜ ਕੇ ਪੂਜਣੇ ਸ਼ੁਰੂ ਕਰ ਦਿੱਤੇ। ਹਉਮੈ ਦੀ ਬਿਮਾਰੀ ਨਾਲ ਗ੍ਰੱਸੇ ਮਨੁੱਖ ਨੇ ਐਟਮੀ ਤਾਕਤਾਂ ਪੈਦਾ ਕਰ ਲਈਆਂ ਅਤੇ ਕਲਿਆਣਕਾਰੀ ਬਣਨ ਦੀ ਥਾਂ ਧਰਤੀ ਦੀ ਹੋਂਦ ਨੂੰ ਹੀ ਖਤਰਾ ਪੈਦਾ ਕਰ ਦਿੱਤਾ। ਸਿੱਟੇ ਵਜੋਂ ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਅੱਜ ਮਨੁੱਖ ਕੈਂਸਰ ਵਰਗੀਆਂ ਲਾਇਲਾਜ ਬਿਮਾਰੀਆਂ ਦਾ ਸ਼ਿਕਾਰ ਹੋ ਰਿਹੈ। ਜੇ ਅਸੀਂ ਆਪਣੇ ਦਰਿਆ ਗੰਧਲੇ ਤੇ ਹਵਾ ਜ਼ਹਿਰਿਲੀ ਨਾ ਕਰਦੇ ਤਾਂ ਇਨ੍ਹਾਂ ਅਲਾਮਤਾਂ ਨੂੰ ਬੁਲਾਵਾ ਨਾ ਦਿੰਦੇ। ਅੱਜ ਵੀ ਅਸੀਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਕੁਦਰਤ ਨਾਲ ਨਾਤਾ ਜੋੜ ਕੇ ਲੱਭ ਸਕਦੇ ਹਾਂ। ਕੁਦਰਤ ਸਾਡਾ ਅਟੁੱਟ ਅੰਗ ਹੈ,
ਕੁਦਰਤਿ ਦਿਸੈ ਕੁਦਰਤਿ ਸੁਣੀਐ
ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ
ਕੁਦਰਤਿ ਸਰਬ ਆਕਾਰੁ॥
ਸਚੀ ਤੇਰੀ ਸਿਫਤਿ ਸਚੀ ਸਾਲਾਹ॥
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥
ਜਾਂ
ਭੈ ਵਿਚ ਸੂਰਜ ਭੈਅ ਵਿਚ ਚੰਦ॥
ਕੋਹ ਕਰੋੜੀ ਚਲਤ ਨਾ ਅੰਤ॥
ਭਾਵ ਜਿਵੇਂ ਕੁਦਰਤ ਸੰਤੁਲਨ ਬਣਾ ਕੇ ਰੱਖਦੀ ਹੈ, ਇਵੇਂ ਹੀ ਮਨੁੱਖ ਨੂੰ ਵੀ ਆਪਣੇ ਅਤੇ ਕੁਦਰਤ ਵਿਚ ਸੰਤੁਲਨ ਬਣਾ ਕੇ ਰੱਖਣਾ ਪਵੇਗਾ, ਤਾਂ ਹੀ ਇਸ ਧਰਤੀ ਨੂੰ ਬਚਾਇਆ ਜਾ ਸਕਦਾ ਹੈ।
ਗੁਰੂ ਨਾਨਕ ਨੇ ਇਕ ਨਵਾਂ ਨਰੋਆ ਸਮਾਜ ਸਿਰਜਣ ਲਈ ਚਾਰ ਉਦਾਸੀਆਂ ਕੀਤੀਆਂ। ਉਨ੍ਹਾਂ ਮੱਕੇ ਮਦੀਨੇ, ਬਗਦਾਦ, ਚੀਨ, ਅਸਾਮ ਅਤੇ ਹੋਰ ਦੂਰ-ਦੂਰਾਡੀਆਂ ਥਾਂਵਾਂ ‘ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ, ਉਨ੍ਹਾਂ ਨਾਲ ਸੰਵਾਦ ਰਚਾਇਆ ਅਤੇ ਤਰਕ ਦੇ ਕੇ ਉਨ੍ਹਾਂ ਨੂੰ ਬਦਲਿਆ, ਮਨੁੱਖ ਨੂੰ ਨਿਡਰ ਅਤੇ ਸੱਚਾ ਬਣਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ, ‘ਸੱਚਹੁ ਓਰੇ ਸਭ ਕੋ ਊਪਰ ਸਚ ਆਚਾਰ’, ਮਨੁੱਖ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛੱਕਣ ਦਾ ਸੁਨੇਹਾ ਦਿੱਤਾ। ਅੱਜ ਸੱਚ ਦੀ ਜਗਾ ਝੂਠ, ਕਿਰਤ ਦੀ ਥਾਂ ਤੇ ਧੋਖੇਧੜੀਆਂ, ਵੰਡ ਛਕਣ ਦੀ ਥਾਂ ਲੁਟ-ਖਸੁੱਟ ਹੀ ਵੇਖਣ ਨੂੰ ਮਿਲਦੀ ਹੈ। ਸਾਡੇ ਕੋਲ ਬਾਬੇ ਦਾ ਦਿੱਤਾ ਸ਼ਬਦ ਹੈ, ਵਿਚਾਰ ਹੈ, ਫਿਰ ਅਸੀਂ ਕਿਉਂ ਕਿਸੇ ਹੋਰ ਦੇ ਪਿੱਛੇ ਲੱਗ ਕੇ ਕੁਰਾਹੇ ਪਈਏ? ਕਿਉਂ ਨਾ ਬਾਬਾ ਜੀ ਦੀ ਬਾਣੀ ਦੇ ਤਰਕ ਨੂੰ ਸਮਝੀਏ ਅਤੇ ਹੋਰ ਲੋਕਾਂ ਤੱਕ ਪਹੁੰਚਾਈਏ। ‘ਜਬ ਲਗ ਦੁਨੀਆ ਰਹੀਏ ਨਾਨਕ॥ ਕਿਛੁ ਸੁਣੀਐ ਕਿਛੁ ਕਹੀਐ॥’ ਸਾਡੇ ਕੋਲ ਰਾਸਤਾ ਵੀ ਹੈ, ਡਾਇਰੈਕਸ਼ਨਾਂ ਵੀ ਹਨ-ਚੱਲਣਾ ਤਾਂ ਅਸੀਂ ਹੀ ਹੈ; ਬਾਬਾ ਜੀ ਦੇ ਇਸ ਉਤਸਵ ਨੂੰ ਮਨਾਉਣ ਦਾ ਤਾਂ ਹੀ ਫਾਇਦਾ ਹੋਵੇਗਾ।
ਵੇਖੋ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਜਿਨ੍ਹਾਂ ਵਹਿਮਾਂ-ਭਰਮਾਂ ਵਿਚੋਂ ਕੱਢਿਆ, ਲੋਕ ਅੱਜ ਤੱਕ ਉਨ੍ਹਾਂ ਤੋਂ ਪਿੱਛਾ ਨਹੀਂ ਛੁਡਾ ਸਕੇ। ਬਾਬਾ ਜੀ ਨੇ ਤਾਂ ਆਖਿਆ ਸੀ,
ਥਿਤ ਵਾਰ ਨਾ ਜੋਗੀ ਜਾਣੇ
ਰੁਤ ਮਾਹ ਨਾ ਕੋਈ॥
ਜਾ ਕਰਤਾ ਸਿਰਠੀ ਕੋ ਸਾਜੇ
ਆਪੇ ਜਾਣੇ ਸੋਈ॥
ਉਦੋਂ ਲੋਕ ਅਨਪੜ੍ਹ ਸਨ, ਇਸ ਲਈ ਘੱਟ ਸਮਝਦੇ ਸਨ, ਪਰ ਅੱਜ ਸਾਇੰਸ ਦੇ ਯੁਗ ਵਿਚ ਵੀ ਲੋਕ ਵਹਿਮਾਂ-ਭਰਮਾਂ ਅਤੇ ਹੋਰ ਕਈ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਵਿਚ ਗ੍ਰੱਸੇ ਹੋਏ ਹਨ। ਗੁਰਦੁਆਰਿਆਂ ਵਿਚ ਰੁਮਾਲਿਆਂ ਦੇ ਢੇਰ; ਦੀਵਾਲੀ ‘ਤੇ ਦੀਵਿਆਂ, ਸਰ੍ਹੋਂ ਦੇ ਤੇਲ ਦੀਆਂ ਬੋਤਲਾਂ ਅਤੇ ਮਠਿਆਈਆਂ ਦੇ ਚੜ੍ਹਾਵਿਆਂ ਦੇ ਢੇਰ; ਪਾਲਕੀ ਸਾਹਿਬ ਨੂੰ ਰੱਖੜੀਆਂ ਬੰਨਣੀਆਂ ਅਤੇ ਨਿਸ਼ਾਨ ਸਾਹਿਬ ਨੂੰ ਮੱਥੇ ਟੇਕਣੇ ਆਦਿ ਬਾਰੇ ਮੁੜ ਸੋਚਣ ਦੀ ਲੋੜ ਹੈ। ਗੁਰੂ ਸਾਹਿਬ ਨੇ ਸਾਰੇ ਵਹਿਮਾਂ-ਭਰਮਾਂ, ਕਰਾਮਾਤਾਂ ਅਤੇ ਅੰਧ ਵਿਸ਼ਵਾਸਾਂ ਦਾ ਖੰਡਨ ਕੀਤਾ ਸੀ ਤੇ ਕਿਹਾ ਸੀ,
ਜੰਮਣੁ ਮਰਣਾ ਹੁਕਮੁ ਹੈ
ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰ ਹੈ
ਦਿਤੋਨੁ ਰਿਜਕੁ ਸੰਬਾਹਿ॥
ਨਾਨਕ ਜਿਨੀ ਗੁਰਮੁਖਿ ਬੁਝਿਆ
ਤਿਨਾ ਸੂਤਕੁ ਨਾਹਿ॥
ਗੁਰੂ ਨਾਨਕ ਨੇ ਵਿਹਲੜਾਂ ਤੇ ਭੇਖੀਆਂ ਨੂੰ ਹੱਥੀਂ ਕਿਰਤ ਕਰਨ ਦਾ ਸੰਦੇਸ਼ ਦਿੱਤਾ ਅਤੇ ਖੁਦ ਕਰੀਬ 18 ਸਾਲ ਕਰਤਾਰਪੁਰ ਵਿਚ ਖੇਤੀ ਕਰਦਿਆਂ ‘ਘਾਲਿ ਖਾਇ ਕਿਛੁ ਹੱਥੋਂ ਦੇਹਿ ਨਾਨਕ ਰਾਹ ਪਛਾਣੇ ਸੇਇ’ ਦਾ ਸੰਦੇਸ਼ ਦਿੱਤਾ। ਅੱਜ ਫਿਰ ਉਹੀ ਸਮਾਂ ਆ ਚੁਕਾ ਹੈ, ਵਿਹਲੜ ਅਤੇ ਭੇਖੀ ਸਾਧ ਟੋਲੀਆਂ ਬੰਨ-ਬੰਨ ਲੋਕਾਂ ਨੂੰ ਵਰਗਲਾ ਰਹੇ ਹਨ ਅਤੇ ਲੋਕ ਬਾਬੇ ਨਾਨਕ ਦੇ ਸੰਦੇਸ਼ ਨੂੰ ਭੁੱਲ ਕੇ ਉਨ੍ਹਾਂ ਦੇ ਪਿੱਛੇ ਲਗ ਰਹੇ ਹਨ। ਬਿਲਕੁਲ ਉਹੀ ਗੱਲ ਫਿਰ ਦੁਹਰਾਈ ਜਾ ਰਹੀ ਹੈ,
ਚੇਲੇ ਸਾਜ ਵਜਾਇਦੇ ਨਚਨਿ ਗੁਰੂ
ਬਹੁਤੁ ਬਿਧਿ ਭਾਈ॥
ਸੇਵਕ ਬੈਠਨਿ ਘਰਾ ਵਿਚ
ਗੁਰ ਉਠਿ ਘਰੀ ਤਿਨਾੜੇ ਜਾਈ॥
ਲੋੜ ਹੈ, ਅਸੀਂ ਇਨ੍ਹਾਂ ਤੁਕਾਂ ਦੇ ਅਰਥ ਸਮਝੀਏ ਅਤੇ ਵਿਹਲੜ ਸਾਧਾਂ ਦੇ ਚੁੰਗਲ ਤੋਂ ਬਚ ਕੇ ਗੁਰੂ ਨਾਨਕ ਦੇ ਦੱਸੇ ਸੱਚ ਦੇ ਰਾਹ ‘ਤੇ ਤੁਰੀਏ। ਉਨ੍ਹਾਂ ਦੇ ਅਗਾਂਹਵਧੂ ਤੇ ਤਰਕ ਭਰਪੂਰ ਸੰਦੇਸ਼ ਨੂੰ ਸਮਝੀਏ ਅਤੇ ਇਸ ‘ਤੇ ਅਮਲ ਕਰੀਏ। ਉਨ੍ਹਾਂ ਦੀ ਬਾਣੀ ਸਰਬਕਾਲੀ ਹੈ। ਕਾਰਲ ਮਾਰਕਸ ਨੇ ਜੋ ਸਮਾਜਵਾਦ ਦਾ ਸਿਧਾਂਤ 19ਵੀਂ ਸਦੀ ਵਿਚ ਲੋਕਾਂ ਨੂੰ ਦਿਤਾ, ਉਹ ਗੁਰੂ ਨਾਨਕ ਪਹਿਲਾਂ ਹੀ ਦੇ ਗਏ ਸਨ। ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਹੱਕ ਦੀ ਕਮਾਈ ਕਰੋ ਤੇ ਇਹ ਵੀ ਸਮਝਾਇਆ ਕਿ ਮਾਇਆ ਪਾਪਾਂ ਬਾਝਹੁ ਆਉਂਦੀ ਨਹੀਂ ਅਤੇ ਮੁਇਆਂ ਸਾਥ ਨਹੀਂ ਜਾਂਦੀ; ਇਸ ਲਈ ਚੰਗੇ ਕਰਮਾਂ ‘ਤੇ ਜੋਰ ਦਿੱਤਾ। ਜੇ ਅੱਜ ਅਸੀਂ ਇਸ ਸੰਦੇਸ਼ ਨੂੰ ਮੰਨ ਸਕੀਏ ਤੇ ਵੰਡ ਛਕੀਏ ਤਾਂ ਦੁਨੀਆਂ ਵਿਚ ਕੋਈ ਵੀ ਭੁੱਖਾ ਨਹੀਂ ਸੌਵੇਗਾ।
ਗੁਰੂ ਸਾਹਿਬ ਨੇ ਵੇਲੇ ਦੇ ਹਾਕਮਾਂ ਨੂੰ ‘ਰਾਜੇ ਸ਼ੀਂਹ ਮੁਕਦਮ ਕੁੱਤੇ ਜਾਇ ਜਗਾਇਣ ਬੈਠੇ ਸੁੱਤੇ’ ਤੱਕ ਆਖ ਕੇ ਵੰਗਾਰਿਆ। ਬਾਬਰ ਨੇ ਜਦੋਂ ਹਿੰਦੁਸਤਾਨ ‘ਤੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਜਾਬਰ ਕਹਿ ਕੇ ਉਸ ਦੀ ਨਿੰਦਾ ਕੀਤੀ ਅਤੇ ਸਜ਼ਾ ਦੀ ਪਰਵਾਹ ਤੱਕ ਨਾ ਕੀਤੀ; ਪਰ ਅਸੀਂ ਜੁਲਮ ਵਿਰੁੱਧ ਅਵਾਜ਼ ਉਠਾਉਣ ਦੀ ਥਾਂ ਨਿੱਕੀਆਂ ਨਿੱਕਿਆਂ ਪ੍ਰਸਥਿਤੀਆਂ ਨਾਲ ਸਮਝੌਤਾ ਕਰ ਲੈਂਦੇ ਹਾਂ। ਬਾਬਾ ਜੀ ਨੇ ਕਿਹਾ ਕਿ ਜਦੋਂ ਬੋਲਣ ਦੀ ਲੋੜ ਹੋਵੇ ਤਾਂ ਚੁੱਪ ਨਹੀਂ ਰਹਿਣਾ ਚਾਹੀਦਾ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ, ‘ਤਖਤਿ ਰਾਜਾ ਜੋ ਬਹੈ ਜਿ ਤਖਤੈ ਲਾਇਕ ਹੋਈ (ਮਾਰੂ ਵਾਰ, ਪੰਨਾ 1088)’, ਪਰ ਅੱਜ ਵੋਟਾਂ ਦੀ ਰਾਜਨੀਤੀ ਵਿਚ ਇਸ ਤੋਂ ਉਲਟ ਹੋ ਰਿਹਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੋਟਾਂ ਦੀ ਰਾਜਨੀਤੀ ਸਮਝ ਕੇ ਸਹੀ ਆਗੂ ਚੁਣੀਏ, ਜੋ ਜਨਤਾ ਦੇ ਭਲੇ ਲਈ ਤੇ ਹੱਕ ਸੱਚ ਲਈ ਖੜ੍ਹੇ ਹੋਣ।
ਜਦੋਂ ਇਹ ਪ੍ਰਚਲਤ ਸੀ ਕਿ ‘ਢੋਲ ਪਸ਼ੂ ਸ਼ੂਦਰ ਅਰ ਨਾਰੀ, ਚਾਰੋਂ ਤਾੜਣ ਕੇ ਅਧਿਕਾਰੀ।’ ਗੁਰੂ ਸਾਹਿਬ ਨੇ ਉਸ ਵੇਲੇ ਇਸਤਰੀ ਦੇ ਹੱਕ ਵਿਚ ਅਵਾਜ਼ ਉਠਾਈ। ਮਨੁੱਖਾਂ ਨੂੰ ਸੋਝੀ ਕਰਵਾਈ ਕਿ ਰੱਬ ਵੱਲੋਂ ਇਸਤਰੀ ਨੂੰ ਨੀਵਾਂ ਨਹੀਂ ਥਾਪਿਆ ਗਿਆ। ਇਸਤਰੀ ਵਿਚ ਸਵੈਮਾਨ ਜਗਾਇਆ ਤੇ ਬਾਣੀ ਵਿਚ ਕਿਹਾ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਇਸਤਰੀ ਨੂੰ ਧਰਮ ਤੇ ਸਮਾਜ ਵਿਚ ਬਰਾਬਰੀ ਦਾ ਦਰਜਾ ਦਵਾਇਆ; ਪਰ ਅੱਜ ਫਿਰ ਸੋਚਣ ਦੀ ਲੋੜ ਹੈ ਕਿ ਇਸ ਗੱਲ ਨੂੰ ਅੱਜ ਤੱਕ ਸਮਾਜ ਨੇ ਮੰਨਿਆ ਕਿਉਂ ਨਹੀਂ? ਅੱਜ ਤੱਕ ਉਹ ਦੂਜੇ ਦਰਜੇ ਦੀ ਹਸਤੀ ਹੀ ਕਿਉਂ ਮੰਨੀ ਜਾਂਦੀ ਹੈ? ਅੱਜ ਵੀ ਉਸ ਨੂੰ ਬਰਾਬਰ ਦੀ ਇਨਸਾਨ ਕਿਉਂ ਨਹੀਂ ਸਮਝਿਆ ਜਾਂਦਾ? ਔਰਤ ਨੂੰ ਮਾਣ ਦਿਉ, ਸਮਾਜ ਦਾ ਮੁਹਾਂਦਰਾ ਹਾਂ ਮੁਖੀ ਹੋ ਜਾਵੇਗਾ।
ਜੇ ਅਜੋਕਾ ਸਮਾਂ ਸਾਇੰਸ ਅਤੇ ਤਕਨਾਲੋਜੀ ਦਾ ਹੈ ਤਾਂ ਗੁਰੂ ਨਾਨਕ ਦੀ ਸੋਚ ਵੀ ਅਗਰਗਾਮੀ ਸੀ, ਜਿਸ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਸੱਚ ਤੇ ਝੂਠ ਵਿਚ ਨਿਤਾਰਾ ਕਰਨ ਦੀ ਲੋੜ ਹੈ। ਗੁਰੂ ਨਾਨਕ ਦੇ ਫਲਸਫੇ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਸਾਹਿਬ ਦੇ 551ਵੇਂ ਜਨਮ ਦਿਨ ‘ਤੇ ਮੁੜ ਚਿੰਤਨ ਕਰੀਏ ਤੇ ਇਸ ਗੱਲ ਨੂੰ ਸਮਝੀਏ ਕਿ ਇਹ ਸਿਖਿਆਵਾਂ ਸਾਡੇ ਲਈ ਅੱਜ ਵੀ ਲਾਹੇਵੰਦ ਹਨ ਅਤੇ ਇਨ੍ਹਾਂ ‘ਤੇ ਅਮਲ ਕਰ ਕੇ ਅਸੀਂ ਧਰਤੀ ਤੇ ਆਪਣੇ ਜੀਵਨ ਨੂੰ ਸੁਖਾਵਾਂ ਬਣਾ ਸਕਦੇ ਹਾਂ। ਜਪੁਜੀ ਸਾਹਿਬ ਵਿਚ ਗੁਰੂ ਸਾਹਿਬ ਪਹਿਲਾ ਸਵਾਲ ਹੀ ਇਹ ਉਠਾਉਂਦੇ ਹਨ, ‘ਕਿਵ ਸਚਿਆਰਾ ਹੋਵੀਐ ਕਿਵ ਕੂੜੇ ਟੁੱਟੇ ਪਾਲ’ ਅਤੇ ਉਨ੍ਹਾਂ ਦੀ ਸਾਰੀ ਬਾਣੀ ਇਸੇ ਸਵਾਲ ਦਾ ਜਵਾਬ ਹੈ, ਜੇ ਸਮਝਣਾ ਹੋਵੇ ਤਾਂ ਗੁਰੂ ਸ਼ਬਦ ਦੇ ਲੜ ਲੱਗ ਕੇ ਸਮਝਿਆ ਜਾ ਸਕਦਾ ਹੈ। ਆਉ, ਗੁਰੂ ਨਾਨਕ ਬਾਣੀ ਦੀ ਪ੍ਰਸੰਗਿਕਤਾ ਨੂੰ ਸਮਝ ਕੇ ਆਪਣੇ ਜੀਵਨ ਨੂੰ ਇਸ ਦੇ ਅਨੁਸਾਰ ਢਾਲੀਏ ਅਤੇ ਇਸ ਧਰਤੀ ‘ਤੇ ਵਸਦੇ ਜੀਵਨ ਦੇ ਸ਼ੁਭਚਿੰਤਕ ਬਣੀਏ।