ਮੋਹ-ਮੁਹੱਬਤ ਦਾ ਮੁਜੱਸਮਾ ਅਜੈ ਤਨਵੀਰ

ਪ੍ਰੇਮ ਮਾਨ
ਗਜ਼ਲ ਕਵਿਤਾ ਦੀ ਹੀ ਇਕ ਭਿੰਨ ਅਤੇ ਵੱਖਰੀ ਵੰਨਗੀ ਹੈ। ਪੰਜਾਬੀ ਦੇ ਕੁਝ ਲੇਖਕ ਗਜ਼ਲ ਨੂੰ ਨਾ ਹੀ ਕਵਿਤਾ ਦਾ ਹਿੱਸਾ ਸਮਝਦੇ ਹਨ ਅਤੇ ਨਾ ਹੀ ਗਜ਼ਲ ਲਿਖਣਾ-ਪੜ੍ਹਨਾ ਪਸੰਦ ਕਰਦੇ ਹਨ। ਅਸਲ ਵਿਚ ਗਜ਼ਲ ਲਿਖਣ-ਪੜ੍ਹਨ ਲਈ ਖਾਸ ਦਿਲ, ਮਿਜ਼ਾਜ ਤੇ ਸੋਚ ਵਾਲੇ ਅਤੇ ਸੰਵੇਦਨਸ਼ੀਲ ਇਨਸਾਨ ਹੁੰਦੇ ਹਨ। ਗਜ਼ਲ ਲਿਖਣਾ ਅਤੇ ਇਸ ਦੇ ਪੜ੍ਹਨ ਦਾ ਅਨੰਦ ਮਾਣਨਾ ਹਰ ਇਕ ਦੇ ਵੱਸ ਦਾ ਰੋਗ ਨਹੀਂ। ਗਜ਼ਲ ਕਵਿਤਾ ਦਾ ਬਹੁਤ ਹੀ ਸੂਖਮ, ਰਸੀਲਾ, ਸੰਗੀਤਕ ਅਤੇ ਦਿਲ ਨੂੰ ਛੋਹ ਜਾਣ ਵਾਲਾ ਰੂਪ ਹੈ। ਕਈ ਵਾਰੀ ਇਨਸਾਨ ਗਜ਼ਲ ਦਾ ਇਕੋ ਸ਼ੇਅਰ ਪੜ੍ਹ ਕੇ ਕਿੰਨੀ ਕਿੰਨੀ ਦੇਰ ਸੁੰਨ ਬੈਠਾ ਸੋਚਦਾ ਰਹਿੰਦਾ ਹੈ ਕਿ ਉਸ ਨੇ ਕੀ ਪੜ੍ਹਿਆ ਹੈ, ਉਸ ਦਾ ਕੀ ਅਰਥ ਹੈ ਅਤੇ ਉਸ ਸ਼ੇਅਰ ਵਿਚਲੀ ਡੂੰਘਾਈ ਨੂੰ ਕਿਵੇਂ ਸਮਝਣਾ ਹੈ। ਕਈ ਵਾਰੀ ਗਜ਼ਲ ਦੇ ਇਕੋ ਸ਼ੇਅਰ ਵਿਚ ‘ਕੁੱਜੇ ਵਿਚ ਸਮੁੰਦਰ ਬੰਦ ਕਰਨ’ ਵਾਂਗ ਬਹੁਤ ਕੁਝ ਸਮੋਇਆ ਹੁੰਦਾ ਹੈ, ਜਿਸ ਨੂੰ ਬਿਆਨ ਕਰਨ ਲਈ ਕਈ ਸਫੇ ਚਾਹੀਦੇ ਹੁੰਦੇ ਹਨ।

ਕੋਈ ਸਮਾਂ ਸੀ ਜਦੋਂ ਗਜ਼ਲ ਸਾਕੀ, ਇਸ਼ਕ ਅਤੇ ਜ਼ੁਲਫਾਂ ਬਾਰੇ ਹੀ ਲਿਖੀ ਜਾਂਦੀ ਸੀ। ਪੁਰਾਣੀਆਂ ਉਰਦੂ ਗਜ਼ਲਾਂ ਦੀ ਇਹੋ ਵਿਸ਼ੇਸ਼ਤਾਈ ਸੀ ਅਤੇ ਇਸੇ ਕਾਰਨ ਇਨ੍ਹਾਂ ਗਜ਼ਲਾਂ ਦੇ ਸ਼ੇਅਰ ਅੱਜ ਵੀ ਲੋਕਾਂ ਦੇ ਮਨਾਂ ਨੂੰ ਸਿਰਫ ਭਾਉਂਦੇ ਹੀ ਨਹੀਂ, ਸਗੋਂ ਸੁੰਨ ਕਰ ਜਾਂਦੇ ਹਨ ਤੇ ਵਾਹ ਵਾਹ ਖੱਟਦੇ ਹਨ। ਪੰਜਾਬੀ ਗਜ਼ਲ ਵਿਚ ਵੀ ਚਾਨਣ ਗੋਬਿੰਦਪੁਰੀ, ਦੀਪਕ ਜੈਤੋਈ, ਪ੍ਰਿੰ. ਤਖਤ ਸਿੰਘ ਅਤੇ ਬਹੁਤ ਸਾਰੇ ਹੋਰ ਗਜ਼ਲਗੋਆਂ ਨੇ ਅਜਿਹੀਆਂ ਰਵਾਇਤੀ ਗਜ਼ਲਾਂ ਲਿਖੀਆਂ, ਜਿਨ੍ਹਾਂ ਨੂੰ ਪੜ੍ਹਨ-ਲਿਖਣ ਦਾ ਆਪਣਾ ਹੀ ਮਜ਼ਾ ਤੇ ਸੁਆਦ ਸੀ। ਦਰਸ਼ਨ ਸਿੰਘ ਅਵਾਰਾ ਨੇ ਅਣਗਿਣਤ ਰੁਬਾਈਆਂ ਲਿਖੀਆਂ, ਜਿਨ੍ਹਾਂ ਵਿਚ ਸਾਕੀ, ਇਸ਼ਕ, ਮੇਲ-ਮਿਲਾਪ, ਵਿਛੋੜੇ ਅਤੇ ਜ਼ੁਲਫਾਂ ਦੀ ਗੱਲ ਸੀ।
ਮੇਰੇ ਖਿਆਲ ਵਿਚ ਆਧੁਨਿਕ ਪੰਜਾਬੀ ਗਜ਼ਲ ਦਾ ਪਿਤਾ ਡਾ. ਜਗਤਾਰ ਹੈ। ਉਸ ਨੇ ਪੰਜਾਬੀ ਗਜ਼ਲ ਨੂੰ ਨਵਾਂ ਮੋੜ ਦਿੱਤਾ ਅਤੇ ਇਸ ਨੂੰ ਪੁਰਾਣੇ ਸਿਖਰ ਤੋਂ ਨਵੇਂ ਸਿਖਰ ‘ਤੇ ਪਹੁੰਚਾ ਦਿੱਤਾ। ਡਾ. ਜਗਤਾਰ ਦੀਆਂ ਗਜ਼ਲਾਂ ਵਿਚ ਨਵੇਂ ਅਤੇ ਡੂੰਘੇ ਖਿਆਲ ਹਨ। ਡਾ. ਜਗਤਾਰ ਦੀ ਸੇਧ ਵਿਚ ਫਿਰ ਬਹੁਤ ਸਾਰੇ ਗਜ਼ਲਗੋਆਂ ਨੇ ਰਵਾਇਤੀ ਗਜ਼ਲ ਤੋਂ ਪਰ੍ਹੇ ਹਟ ਕੇ ਨਵੀਂ ਅਤੇ ਗੰਭੀਰ ਕਿਸਮ ਦੀਆਂ ਗਜ਼ਲਾਂ ਲਿਖੀਆਂ। ਪਿਛਲੇ ਕੁਝ ਸਾਲਾਂ ਵਿਚ ਬਹੁਤ ਵਧੀਆ ਗਜ਼ਲਗੋ ਇਸ ਖੇਤਰ ਵਿਚ ਆਏ ਹਨ। ਅੱਜ-ਕੱਲ੍ਹ ਸ਼ਾਇਦ ਇਕ ਸੌ ਤੋਂ ਜ਼ਿਆਦਾ ਪੰਜਾਬੀ ਲੇਖਕ ਗਜ਼ਲਾਂ ਲਿਖ ਰਹੇ ਹਨ। ਜਿਨ੍ਹਾਂ ਲੇਖਕਾਂ ਦੀਆਂ ਗਜ਼ਲਾਂ ਮੈਂ ਪੜ੍ਹੀਆਂ ਹਨ, ਮਾਣੀਆਂ ਹਨ ਅਤੇ ਮੈਨੂੰ ਪਸੰਦ ਆਈਆਂ ਹਨ, ਉਨ੍ਹਾਂ ਵਿਚ ਜਸਵਿੰਦਰ, ਬਰਜਿੰਦਰ ਚੌਹਾਨ, ਗੁਰਤੇਜ ਕੁਹਾਰਵਾਲਾ, ਸੁਖਵਿੰਦਰ ਅੰਮ੍ਰਿਤ, ਡਾ. ਸ਼ਸ਼ੀਕਾਂਤ ਉਪਲ ਅਤੇ ਸ਼ਮਸ਼ੇਰ ਮੋਹੀ ਵਰਗੇ ਹੰਢੇ ਹੋਏ ਗਜ਼ਲਗੋ ਸ਼ਾਮਲ ਹਨ। ਕਈ ਹੋਰ ਵਧੀਆ ਗਜ਼ਲਗੋਆਂ ਦੇ ਨਾਂ ਮੈਂ ਇਸ ਵੇਲੇ ਭੁੱਲਦਾ ਹੋ ਸਕਦਾਂ। ਹੋਰ ਕਈ ਗਜ਼ਲਗੋ ਹਨ, ਜਿਨ੍ਹਾਂ ਬਾਰੇ ਮੈਂ ਦੋਸਤਾਂ ਤੋਂ ਵਧੀਆ ਗੱਲਾਂ ਸੁਣੀਆਂ ਹਨ, ਪਰ ਮੈਂ ਉਨ੍ਹਾਂ ਦੀਆਂ ਇਕ-ਦੋ ਤੋਂ ਵੱਧ ਗਜ਼ਲਾਂ ਨਹੀਂ ਪੜ੍ਹੀਆਂ।
ਵਧੀਆ ਗਜ਼ਲ ਲਿਖਣੀ ਬਹੁਤ ਔਖੀ ਹੈ। ਪਹਿਲੀ ਗੱਲ, ਗਜ਼ਲ ਲਿਖਣ ਲਈ ਪਿੰਗਲ ਅਤੇ ਅਰੂਜ਼ ਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਕਈ ਲੇਖਕ ਗਜ਼ਲ ਲਿਖਦੇ ਹਨ, ਪਰ ਉਨ੍ਹਾਂ ਨੂੰ ਪਿੰਗਲ ਅਤੇ ਅਰੂਜ਼ ਦੀ ਬਹੁਤੀ ਜਾਣਕਾਰੀ ਨਹੀਂ ਹੁੰਦੀ ਅਤੇ ਉਨ੍ਹਾਂ ਦੀਆਂ ਗਜ਼ਲਾਂ ਦੇ ਸ਼ੇਅਰਾਂ ਦਾ ਵਜ਼ਨ ਠੀਕ ਨਹੀਂ ਹੁੰਦਾ। ਅਸਲ ਵਿਚ ਉਹ ਗਜ਼ਲਾਂ ਹੀ ਨਹੀਂ ਹੁੰਦੀਆਂ। ਗਜ਼ਲ ਲਿਖਣ ਲਈ ਦੂਜੀ ਜ਼ਰੂਰੀ ਗੱਲ ਹੈ ਕਿ ਲੇਖਕ ਦੀ ਸੋਚ ਵਿਚ ਡੂੰਘਾਈ ਹੋਣੀ ਜ਼ਰੂਰੀ ਹੈ। ਇਸ ਤੋਂ ਬਿਨਾ ਵਧੀਆ ਸ਼ੇਅਰ ਨਹੀਂ ਕਹੇ ਜਾ ਸਕਦੇ।
ਜਦੋਂ ਮੈਂ ਹਿੰਦੁਸਤਾਨ ਵਿਚ ਰਹਿੰਦਾ ਸਾਂ ਤਾਂ ਗਜ਼ਲਾਂ ਲਿਖਦਾ ਸਾਂ। ਚਾਨਣ ਗੋਬਿੰਦਪੁਰੀ ਅਤੇ ਦੀਪਕ ਜੈਤੋਈ ਨਾਲ ਕਾਫੀ ਨੇੜਤਾ ਸੀ। ਸਾਲ 1971 ਵਿਚ ਮੈਂ ਆਪਣੀ ਗਜ਼ਲਾਂ ਦੀ ਕਿਤਾਬ “ਪਲਕਾਂ ਡੱਕੇ ਹੰਝੂ” ਵੀ ਛਪਵਾਈ ਸੀ। ਇਸ ਕਿਤਾਬ ਵਿਚਲੀਆਂ ਗਜ਼ਲਾਂ ਰਵਾਇਤੀ ਸਨ।
ਪੰਜਾਬੀ ਗਜ਼ਲ ਵਿਚ ਪਿਛਲੇ ਤਿੰਨ-ਚਾਰ ਸਾਲਾਂ ਵਿਚ ਜਿਹੜਾ ਇਕ ਨਵਾਂ ਨਾਂ ਉਘੜ ਕੇ ਸਾਹਮਣੇ ਆਇਆ ਹੈ ਉਹ ਹੈ, ਅਜੈ ਤਨਵੀਰ। ਭਾਵੇਂ ਅਜੈ ਤਨਵੀਰ ਦੀ ਹਾਲੇ ਗਜ਼ਲਾਂ ਦੀ ਕੋਈ ਕਿਤਾਬ ਨਹੀਂ ਛਪੀ, ਪਰ ਉਸ ਦੀਆਂ ਗਜ਼ਲਾਂ ਬਹੁਤ ਸਾਰੇ ਉਚ-ਪੱਧਰੀ ਮੈਗਜ਼ੀਨਾਂ ਵਿਚ ਛਪੀਆਂ ਹਨ। ਉਹ ਬਹੁਤ ਥੋੜ੍ਹੇ ਸਮੇਂ ਵਿਚ ਹੀ ਆਧੁਨਿਕ ਪੰਜਾਬੀ ਗਜ਼ਲ ਦੇ ਪਹਿਲੀ ਕਤਾਰ ਦੇ ਲੇਖਕਾਂ ਵਿਚ ਆ ਖੜ੍ਹਿਆ ਹੈ। ਉਸ ਦੀਆਂ ਗਜ਼ਲਾਂ ਵਿਚ ਗਜ਼ਲ ਵਾਲੀ ਸੂਖਮਤਾ ਵੀ ਹੈ, ਸੰਗੀਤ-ਰਸ ਵੀ ਹੈ, ਲਗਾਤਾਰ ਵਹਿੰਦੀ ਨਦੀ ਵਰਗਾ ਵਹਾ ਵੀ ਹੈ ਅਤੇ ਬਹੁਤ ਡੂੰਘੀ ਸੋਚ ਤੇ ਡੂੰਘੇ ਖਿਆਲ ਵੀ ਹਨ। ਅਜੈ ਨੂੰ ਗਜ਼ਲ ਦੇ ਪਿੰਗਲ ਅਤੇ ਅਰੂਜ਼ ਦੀ ਵੀ ਪੂਰੀ ਸਮਝ ਹੈ। ਉਸ ਦੀਆਂ ਗਜ਼ਲਾਂ ‘ਸਿਰਜਣਾ’, ‘ਸਮਕਾਲੀ ਸਾਹਿਤ’, ‘ਰਾਗ’, ਅਤੇ ‘ਹੁਣ’ ਵਰਗੇ ਉਚ-ਪੱਧਰ ਦੇ ਮੈਗਜ਼ੀਨਾਂ ਵਿਚ ਛਪ ਚੁਕੀਆਂ ਹਨ।
ਅਜੈ ਨਾਲ ਮੇਰੀ ਦੋਸਤੀ ਕੋਈ ਦੋ-ਢਾਈ ਕੁ ਸਾਲ ਪੁਰਾਣੀ ਹੈ, ਪਰ ਅਸੀਂ ਕਦੇ ਮਿਲੇ ਨਹੀਂ। ਉਹ ਕੈਲੀਫੋਰਨੀਆ ਰਹਿੰਦਾ ਹੈ ਤੇ ਮੈਂ ਉਸ ਤੋਂ ਕੋਈ 3000 ਮੀਲ ਦੂਰ ਨਿਊ ਯਾਰਕ ਰਹਿੰਦਾ ਹਾਂ, ਪਰ ਅਸੀਂ ਫੋਨ ‘ਤੇ ਹਰ ਤੀਜੇ-ਚੌਥੇ ਦਿਨ ਜ਼ਰੂਰ ਹੀ ਗੱਲ ਕਰ ਲੈਂਦੇ ਹਾਂ।
ਅਜੈ ਦੀ ਫੋਟੋ ਦੇਖ ਕੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਇਹ ਇਨਸਾਨ ਕਵਿਤਾ ਦੀ ਗਜ਼ਲ ਵਰਗੀ ਸੂਖਮ ਵੰਨਗੀ ਨਾਲ ਰਿਸ਼ਤਾ ਰੱਖਦਾ ਹੈ। ਕਦੇ ਕਦੇ ਲਗਦਾ ਹੈ ਕਿ ਆਮ ਤੌਰ ‘ਤੇ ਗਜ਼ਲਗੋ ਆਸ਼ਕ ਮਿਜ਼ਾਜ, ਸ਼ਬਾਬ ਦੇ ਪ੍ਰੇਮੀ, ਬਾਵਾ ਬਲਵੰਤ ਵਰਗੇ ਮਸਤ-ਮਲੰਗ ਅਤੇ ਦੀਪਕ ਜੈਤੋਈ ਵਰਗੇ ਸ਼ਰਾਬ ਦੇ ਆਸ਼ਕ ਹੀ ਹੁੰਦੇ ਹਨ; ਪਰ ਅਜੈ ਵਿਚ ਇਨ੍ਹਾਂ ਵਿਚੋਂ ਕੋਈ ਵੀ ਵਿਸ਼ੇਸ਼ਤਾਈ ਨਜ਼ਰ ਨਹੀਂ ਆਉਂਦੀ ਲਗਦੀ। ਉਹ ਸ਼ਰਾਬ ਵੀ ਘੱਟ ਹੀ ਪੀਂਦਾ ਹੈ; ਉਸ ਨੇ ਕਦੇ ਵੀ ਆਪਣੇ ਕਿਸੇ ਇਸ਼ਕ ਦੀ ਗੱਲ ਨਹੀਂ ਕੀਤੀ (ਸਿਰਫ ਆਪਣੀ ਪਤਨੀ ਰਾਣੋ ਦੀ ਹੀ ਗੱਲ ਕਰਦਾ ਹੈ); ਅਤੇ ਉਹ ਮਸਤ-ਮਲੰਗ ਵੀ ਨਹੀਂ ਲਗਦਾ, ਕਿਉਂਕਿ ਮਸਤ-ਮਲੰਗ ਇਨਸਾਨ ਦੁਕਾਨ ਚਲਾਉਣ ਵਾਲਾ ਕੰਮ ਨਹੀਂ ਕਰ ਸਕਦਾ।
ਅਜੈ ਜਦੋਂ ਵੀ ਮੈਨੂੰ ਫੋਨ ਕਰਦਾ, ਕਦੇ ਅੰਕਲ ਕਹੇਗਾ, ਕਦੇ ਬਾਪੂ ਕਹਿ ਕੇ ਬੁਲਾਵੇਗਾ, ਕਦੇ ਯਾਰ ਕਹੇਗਾ, ਕਦੇ ਅੰਕਲ ਯਾਰ ਅਤੇ ਕਦੇ ਬਾਪੂ ਯਾਰ ਕਹੇਗਾ। ਦੋ ਤਿੰਨ ਮਹੀਨੇ ਪਹਿਲਾਂ ਮੈਨੂੰ ਕਹਿੰਦਾ, “ਅੰਕਲ, ਤੁਸੀਂ ਤਾਂ ਮੇਰੇ ਪਿੰਡ ਦੇ ਕੋਲ ਵਿਆਹੇ ਹੋਏ ਹੋ। ਤੁਸੀਂ ਤਾਂ ਮੇਰੇ ਫੁੱਫੜ ਲੱਗੇ।” ਸੁਣ ਕੇ ਮੈਨੂੰ ਹਾਸਾ ਵੀ ਆਇਆ ਅਤੇ ਮੇਰੇ ਖਾਨਿਓਂ ਵੀ ਗਈ। ਮੈਂ ਹਮੇਸ਼ਾ ਇਸ ਗੱਲ ਦਾ ਸ਼ੁਕਰ ਮਨਾਇਆ ਹੈ ਕਿ ਮੈਨੂੰ ਫੁੱਫੜ ਕਹਿਣ ਵਾਲਾ ਕੋਈ ਨਹੀਂ। ਪਤਾ ਨਹੀਂ ਕਿਉਂ, ਮੈਨੂੰ ‘ਫੁੱਫੜ’ ਨਾਂ ਬਹੁਤਾ ਪਸੰਦ ਨਹੀਂ। ਪਰ ਹੁਣ ਅਜੈ ਕਦੇ ਕਦੇ ਫੁੱਫੜ ਜਾਂ ਫੁੱਫੜ ਯਾਰ ਕਹਿ ਕੇ ਵੀ ਬੁਲਾਉਂਦਾ ਹੈ।
ਅਜੈ ਜਦੋਂ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਪੜ੍ਹਦਾ ਸੀ ਤਾਂ ਉਹ ਫੁੱਟਬਾਲ ਦੀ ਟੀਮ ਦਾ ਮੈਂਬਰ ਸੀ ਅਤੇ ਚੰਗਾ ਖਿਡਾਰੀ ਵੀ ਸੀ। ਉਸ ਦੇ ਸਰੀਰ ਦੀ ਬਣਤਰ ਵੀ ਖਿਡਾਰੀਆਂ ਵਰਗੀ ਲਗਦੀ ਹੈ। ਡੀਲ-ਡੌਲ ਵਾਲਾ ਸਰੀਰ, ਗੋਲ ਭਰਮਾਂ ਮੂੰਹ ਅਤੇ ਵਾਲ ਬਿਲਕੁਲ ਛੋਟੇ-ਛੋਟੇ। ਫੋਟੋ ਦੇਖ ਕੇ ਸੋਚ ਆਉਂਦੀ ਹੈ ਕਿ ਇਹੋ ਜਿਹਾ ਖਿਡਾਰੀ ਦਿਲ ਵਾਲਾ ਇਨਸਾਨ ਇੰਨੀਆਂ ਵਧੀਆ ਸੂਖਮ ਗਜ਼ਲਾਂ ਕਿਵੇਂ ਲਿਖ ਸਕਦਾ ਹੈ? ਪਰ ਇਹ ਅਜੀਬ ਸੁਮੇਲ ਹੈ, ਖਿਡਾਰੀ ਅਤੇ ਗਜ਼ਲਗੋ ਵਾਲੇ ਸੁਭਾਅ ਦਾ।
ਅਜੈ ਗੱਲਾਂ ਕਰਦਾ ਇੰਜ ਲਗਦਾ ਹੈ ਜਿਵੇਂ ਉਹ ਤੁਹਾਡਾ ਸਾਲਾਂ ਤੋਂ ਦੋਸਤ ਹੋਵੇ। ਉਹ ਬਹੁਤ ਹੀ ਪਿਆਰ, ਸਤਿਕਾਰ ਅਤੇ ਅਪਣੱਤ ਨਾਲ ਖੁੱਲ੍ਹੇ-ਡੁੱਲ੍ਹੇ ਸੁਭਾਅ ਨਾਲ ਗੱਲ ਕਰੇਗਾ। ਗੱਲਾਂ ਕਰਦਿਆਂ ਬੇਧਿਆਨੇ ਹੀ ‘ਸਾਲਾ’ ਅਤੇ ਹਰ-ਦੂ-ਲਾਹਨਤ ਕਹਿਣਾ ਉਸ ਦੀ ਆਮ ਆਦਤ ਹੈ।
ਜਦੋਂ ਵੀ ਅਸੀਂ ਫੋਨ ‘ਤੇ ਗੱਲਾਂ ਕਰਦੇ ਹਾਂ ਤਾਂ ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਬਾਰੇ ਗੱਲਾਂ ਆਮ ਹੀ ਹੁੰਦੀਆਂ ਰਹਿੰਦੀਆਂ ਹਨ। ਉਹ ਰੋਜ਼ਾਨਾ ਸਾਹਿਤ ਬਾਰੇ ਕੁਝ ਨਾ ਕੁਝ ਪੜ੍ਹਦਾ ਹੈ। ਉਸ ਨੇ ਬਹੁਤ ਸਾਰੀਆਂ ਗਜ਼ਲਾਂ ਲਿਖੀਆਂ ਹਨ। ਉਸ ਕੋਲ ਇਕ ਪੂਰੀ ਕਿਤਾਬ ਤੋਂ ਵੀ ਵੱਧ ਗਜ਼ਲਾਂ ਹਨ। ਮੈਂ ਉਸ ਨੂੰ ਅਣਗਿਣਤ ਵਾਰੀ ਗਜ਼ਲਾਂ ਦੀ ਕਿਤਾਬ ਛਪਵਾਉਣ ਲਈ ਆਖਿਆ, ਪਰ ਉਹ ਇਸ ਪਾਸੇ ਬਹੁਤਾ ਧਿਆਨ ਨਹੀਂ ਦੇ ਰਿਹਾ। ਹਰ ਵਾਰੀ ਕਹੇਗਾ, “ਅੰਕਲ ਯਾਰ, ਕੀ ਕਰਾਂ! ਵਿਹਲ ਹੀ ਨਹੀਂ ਲਗਦਾ। ਘਰੋਂ ਕੰਮ, ਕੰਮੋਂ ਘਰ। ਕਦੇ ਬੱਚਿਆਂ ਨੂੰ ਸਕੂਲ ਛੱਡ, ਕਦੇ ਸਕੂਲੋਂ ਲਿਆ। ਮੈਂ ਦੋ-ਤਿੰਨ ਘੰਟੇ ਰੋਜ਼ ਪੜ੍ਹਦਾ ਵੀ ਜ਼ਰੂਰ ਹਾਂ।” ਇਕ ਦਿਨ ਕਹਿੰਦਾ, “ਅੰਕਲ, ਮੈਨੂੰ ਆਪਣੀਆਂ ਪੁਰਾਣੀਆਂ ਗਜ਼ਲਾਂ ਚੰਗੀਆਂ ਨਹੀਂ ਲਗਦੀਆਂ।” ਮੈਂ ਕਿਹਾ, “ਹੋਰ ਦੋ-ਚਾਰ ਸਾਲਾਂ ਨੂੰ ਅੱਜ ਵਾਲੀਆਂ ਗਜ਼ਲਾਂ ਵੀ ਤੈਨੂੰ ਚੰਗੀਆਂ ਨਹੀਂ ਲੱਗਣੀਆਂ। ਇਸੇ ਲਈ ਛੇਤੀ ਤੋਂ ਛੇਤੀ ਕਿਤਾਬ ਛਪਾ ਦੇ।”
ਅਜੈ ਡਾ. ਜਗਤਾਰ ਦਾ ਸ਼ਾਗਿਰਦ ਹੈ। ਉਹ ਮਾਹਿਲਪੁਰ ਕਾਲਜ ਵਿਚ ਡਾ. ਜਗਤਾਰ ਕੋਲ ਐਮ. ਏ. ਪੰਜਾਬੀ ਲਈ ਪੜ੍ਹਿਆ ਸੀ। ਡਾ. ਜਗਤਾਰ ਨੇ ਸਰਕਾਰੀ ਕਾਲਜ ਤੋਂ ਰਿਟਾਇਰ ਹੋ ਕੇ ਕੁਝ ਸਾਲ ਮਾਹਿਲਪੁਰ ਦੇ ਕਾਲਜ ਵਿਚ ਪੜ੍ਹਾਇਆ ਸੀ। ਅਜੈ ਦਾ ਕਹਿਣਾ ਹੈ ਕਿ ਉਸ ਕੋਲ ਡਾ. ਜਗਤਾਰ ਬਾਰੇ ਅਤੇ ਉਸ ਨਾਲ ਆਪਣੀ ਦੋਸਤੀ ਬਾਰੇ ਬਹੁਤ ਸਾਰੀਆਂ ਕਹਾਣੀਆਂ ਹਨ। ਮੈਂ ਅਜੈ ਨੂੰ ਕਈ ਬਾਰ ਕਿਹਾ ਹੈ ਕਿ ਉਹ ਡਾ. ਜਗਤਾਰ ਬਾਰੇ ਲੇਖ ਲਿਖੇ, ਪਰ ਉਸ ਦਾ ਜਵਾਬ ਉਹੀ ਹੁੰਦਾ, “ਅੰਕਲ ਯਾਰ ਕੀ ਕਰਾਂ, ਘਰ ਦਾ ਕੰਮ, ਦੁਕਾਨ ਦਾ ਕੰਮ, ਬੱਚਿਆਂ ਨੂੰ ਸਕੂਲ ਛੱਡਣਾ, ਬੱਚਿਆਂ ਨੂੰ ਸਕੂਲੋਂ ਲਿਆਉਣਾ। ਬੱਸ ਵਿਹਲ ਹੀ ਨਹੀਂ ਲਗਦਾ।” ਡਾ. ਜਗਤਾਰ ਦਾ ਸ਼ਾਗਿਰਦ ਹੋ ਕੇ ਅਜੈ ਹਲਕੀ ਗਜ਼ਲ ਕਦੇ ਵੀ ਨਹੀਂ ਲਿਖੇਗਾ, ਇਹ ਮੇਰਾ ਯਕੀਨ ਹੈ। ਉਸ ਦੀਆਂ ਗਜ਼ਲਾਂ ਦੇ ਸ਼ੇਅਰ ਕਮਾਲ ਦੇ ਹਨ। ਜਦੋਂ ਅਜੈ ਦੇ ਇਕ ਪ੍ਰੋਫੈਸਰ ਨੇ ਉਸ ਨੂੰ ਡਾ. ਜਗਤਾਰ ਨਾਲ ਜਾਣੂ ਕਰਾਇਆ ਤਾਂ ਡਾ. ਜਗਤਾਰ ਨੇ ਅਜੈ ਨੂੰ ਪੁੱਛਿਆ, “ਤੇਰਾ ਨਾਂ ਕੀ ਹੈ?” ਅਜੈ ਨੇ ਦੱਸਿਆ ਕਿ ਉਸ ਦਾ ਨਾਂ ‘ਅਜੇ ਕੁਮਾਰ’ ਹੈ। ਡਾ. ਜਗਤਾਰ ਕਹਿਣ ਲੱਗਾ, “ਇਹ ਅਜੇ ਨਹੀਂ, ਅਜੈ ਚਾਹੀਦਾ।” ਫਿਰ ਡਾ. ਜਗਤਾਰ ਦੇ ਪੁੱਛਣ ‘ਤੇ ਜਦੋਂ ਅਜੈ ਨੇ ਦੱਸਿਆ ਕਿ ਉਹ ਲਿਖਦਾ ਹੈ ਤਾਂ ਡਾ. ਜਗਤਾਰ ਨੇ ਉਸ ਨੂੰ ਕੁਝ ਸੁਣਾਉਣ ਲਈ ਕਿਹਾ। ਅਜੈ ਨੇ ਆਪਣੇ ਇਕ ਗੀਤ ਦੀਆਂ ਕੁਝ ਲਾਈਨਾਂ ਸੁਣਾ ਦਿੱਤੀਆਂ। ਡਾ. ਜਗਤਾਰ ਨੇ ਕਿਹਾ, “ਇਹ ਤੂੰ ਕੀ ਲਿਖੀ ਜਾਂਦਾਂ। ਗਜ਼ਲਾਂ ਲਿਖ। …ਤੇਰੇ ਗੀਤ ਕਿਸ ਨਾਂ ‘ਤੇ ਰਿਕਾਰਡ ਹੋਏ ਹਨ?” ਅਜੈ ਨੇ ਦੱਸਿਆ ਕਿ ਉਸ ਦੇ ਗੀਤ ਪੀਟਾ ਚੰਦੇਲੀ ਵਾਲਾ ਦੇ ਨਾਂ ਹੇਠ ਰਿਕਾਰਡ ਹੋਏ ਸਨ। ਡਾ. ਜਗਤਾਰ ਨੇ ਪੁੱਛਿਆ ਕਿ ਇਹ ਪੀਟਾ ਕੀ ਨਾਂ ਹੋਇਆ? ਅਜੈ ਨੇ ਦੱਸਿਆ ਕਿ ਉਸ ਦੀ ਦਾਦੀ ਨੂੰ ਅਜੇ ਕਹਿਣਾ ਨਹੀਂ ਸੀ ਆਉਂਦਾ ਅਤੇ ਉਹ ਉਸ ਨੂੰ ਪੀਟਾ ਕਹਿ ਕੇ ਬੁਲਾਉਂਦੀ ਸੀ। ਡਾ. ਜਗਤਾਰ ਕਹਿੰਦਾ, “ਜਦੋਂ ਤੂੰ ਬਜੁਰਗ ਹੋ ਗਿਆ ਤਾਂ ਲੋਕਾਂ ਨੇ ਤੈਨੂੰ ਪੀਟਾ ਜਾਂ ਪੀਟੂ ਕਹਿ ਕੇ ਬੁਲਾਇਆ ਕਰਨਾ।” ਅਜੈ ਦਾ ਕਹਿਣਾ ਹੈ ਕਿ ਉਸ ਦਾ ਤਖੱਲਸ ‘ਤਨਵੀਰ’ ਉਸ ਨੂੰ ਡਾ. ਜਗਤਾਰ ਨੇ ਹੀ ਦਿੱਤਾ ਸੀ ਆਪਣੇ ਪਾਕਿਸਤਾਨੀ ਦੋਸਤ ਤਨਵੀਰ ਬੁਖਾਰੀ ਦੇ ਨਾਂ ‘ਤੇ।
ਅਜੈ ਜਿਸ ਨੂੰ ਪਿਆਰ ਕਰਦਾ ਹੈ, ਅਥਾਹ ਪਿਆਰ ਕਰਦਾ ਹੈ। ਜਿਸ ਦੀ ਸਿਫਤ ਕਰਦਾ ਹੈ, ਬੇਹੱਦ ਕਰਦਾ ਹੈ; ਪਰ ਉਹ ਜਿਸ ਨੂੰ ਨਫਰਤ ਕਰਦਾ ਹੈ, ਬੇਹਿਸਾਬ ਕਰਦਾ ਹੈ। ਮੈਂ ਖੁਦ ਜ਼ਿੰਦਗੀ ਵਿਚ ਬਹੁਤ ਘੱਟ ਲੋਕਾਂ ਨੂੰ ਨਫਰਤ ਕੀਤੀ ਹੈ, ਮਸਾਂ ਪੰਜ-ਛੇ ਲੋਕਾਂ ਨੂੰ ਹੀ। ਨਾ-ਪਸੰਦ ਹੋਣ ਵਾਲੇ ਤਾਂ ਕਾਫੀ ਹਨ, ਪਰ ਨਫਰਤ ਸਿਰਫ ਉਨ੍ਹਾਂ ਨਾਲ ਹੀ ਹੈ, ਜਿਨ੍ਹਾਂ ਨੇ ਮੇਰੇ ਕੋਲ ਝੂਠ ਬੋਲਿਆ ਹੈ, ਹੇਰਾ-ਫੇਰੀਆਂ ਕੀਤੀਆਂ ਹਨ, ਮੇਰੀ ਪਿੱਠ ਵਿਚ ਛੁਰੇ ਮਾਰੇ ਹਨ, ਆਦਿ।
ਕਈ ਵਾਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਗਜ਼ਲਾਂ ਲਿਖਣ ਵਾਲਾ ਲੇਖਕ ਇੰਨੀ ਵੱਡੀ ਦੁਕਾਨ ਕਿਵੇਂ ਚਲਾ ਸਕਦਾ। ਮੇਰੇ ਵਰਗਾ ਤਾਂ ਇਕ ਮਹੀਨੇ ਵਿਚ ਹੀ ਸਾਰੀ ਦੁਕਾਨ ਲੁਟਾ ਕੇ ਅਤੇ ਘਾਟਾ ਪਾ ਕੇ ਘਰ ਵਾਪਸ ਆ ਜਾਵੇ। ਜ਼ਿੰਦਗੀ ਵਿਚ ਮੈਨੂੰ ਕਈ ਦੋਸਤਾਂ ਨੇ ਵਪਾਰਕ ਕੰਮਾਂ ਵਿਚ ਹਿੱਸਾ ਪਾਉਣ ਨੂੰ ਕਿਹਾ, ਪਰ ਮੇਰਾ ਜਵਾਬ ਹਮੇਸ਼ਾ ਇਹੋ ਹੁੰਦਾ ਸੀ ਕਿ ਇਹ ਮੇਰੇ ਵੱਸ ਦਾ ਰੋਗ ਨਹੀਂ। ਪਰ ਅਜੈ ਅਤੇ ਰਾਣੋ ਕੈਲੀਫੋਰਨੀਆ ਦੇ ਇਕ ਛੋਟੇ ਜਿਹੇ ਸ਼ਹਿਰ ਵਿਚ ਬਹੁਤ ਵੱਡੀ ਦੁਕਾਨ ਚਲਾ ਰਹੇ ਹਨ, ਜਿੱਥੇ ਉਹ ਖਾਣ-ਪੀਣ ਤੇ ਘਰ ਵਿਚ ਵਰਤਣ ਵਾਲੀਆਂ ਚੀਜ਼ਾਂ, ਅਨੇਕਾਂ ਕਿਸਮ ਦੀ ਸ਼ਰਾਬ ਅਤੇ ਕਾਰਾਂ ਵਾਸਤੇ ਗੈਸ (ਪੈਟਰੋਲ) ਵੇਚਦੇ ਹਨ।
ਅਜੈ ਆਪਣੀ ਪਤਨੀ ਰਾਣੋ ਦੀਆਂ ਗੱਲਾਂ ਆਮ ਹੀ ਕਰਦਾ ਹੈ। ਦੋ-ਤਿੰਨ ਵਾਰੀ ਮੈਂ ਵੀ ਸਰਸਰੀ ਜਿਹੀ ਗੱਲ ਰਾਣੋ ਨਾਲ ਕੀਤੀ ਹੈ। ਇਕ ਦਿਨ ਅਜੈ ਮੈਨੂੰ ਕਹਿੰਦਾ, “ਮੇਰੀ ਸੱਸ ਬਹੁਤ ਚੰਗੀ ਹੈ। ਮੇਰੇ ਲਈ ਮੇਰੀ ਮਾਂ ਹੈ। ਮੈਂ ਅੱਜ ਜੋ ਵੀ ਹਾਂ, ਉਸ ਦੀ ਮਦਦ ਨਾਲ ਹੀ ਬਣਿਆ ਹਾਂ। ਮੇਰੇ ਦਿਲ ਵਿਚ ਉਸ ਲਈ ਬਹੁਤ ਪਿਆਰ ਅਤੇ ਸਤਿਕਾਰ ਹੈ।” ਇਹ ਅਜੈ ਦਾ ਵਡੱਪਣ ਹੈ ਕਿ ਉਸ ਦੇ ਦਿਲ ਵਿਚ ਆਪਣੀ ਸੱਸ ਲਈ ਇੰਨਾ ਪਿਆਰ, ਮਾਣ ਅਤੇ ਸਤਿਕਾਰ ਹੈ। ਰਾਣੋ ਦੇ ਮਾਤਾ-ਪਿਤਾ ਅਜੈ ਅਤੇ ਰਾਣੋ ਦੇ ਘਰ ਤੋਂ ਨੇੜੇ ਹੀ ਰਹਿੰਦੇ ਹਨ। ਅਜੈ ਦਾ ਕਹਿਣਾ ਹੈ ਕਿ ਉਸ ਦੀ ਸੱਸ ਹਰ ਹਫਤੇ ਸਾਨੂੰ ਮੱਖਣ ਦੇ ਕੇ ਜਾਂਦੀ ਹੈ। ਜਿਸ ਦਿਨ ਮੱਖਣ ਮੁੱਕਣ ਵਾਲਾ ਹੋਵੇ, ਉਸੇ ਦਿਨ ਹੋਰ ਆ ਜਾਂਦਾ ਹੈ।
ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ, ਅਜੈ ਜਿਨ੍ਹਾਂ ਨੂੰ ਪਸੰਦ ਕਰਦਾ ਹੈ ਅਤੇ ਪਿਆਰ ਕਰਦਾ ਹੈ, ਬਹੁਤ ਕਰਦਾ। ਅਜੈ ਉਨ੍ਹਾਂ ਦੀਆਂ ਗੱਲਾਂ ਹਰ ਵੇਲੇ ਕਰਦਾ ਹੈ। ਬਲਬੀਰ ਮਾਧੋਪੁਰੀ ਉਸ ਦਾ ਬਹੁਤ ਪਿਆਰਾ ਦੋਸਤ ਹੈ ਅਤੇ ਬਹੁਤ ਪਸੰਦੀਦਾ ਲੇਖਕ ਵੀ। ਬਹੁਤੀ ਵਾਰੀ ਗੱਲ ਕਰਦਿਆਂ ਉਹ ਬਲਬੀਰ ਮਾਧੋਪੁਰੀ ਅਤੇ ਉਸ ਦੀਆਂ ਲਿਖਤਾਂ ਦੀਆਂ ਗੱਲਾਂ ਆਮ ਹੀ ਕਰੇਗਾ ਜਿਵੇਂ ਕਿ, “ਅੰਕਲ ਯਾਰ, ਬਲਬੀਰ ਅੰਕਲ ਦੀ ਕੀ ਗੱਲ ਕਰਨੀ ਐ! ਲੈ ਲੈ ਲੈ, ਉਸ ਵਰਗੇ ਇਨਸਾਨ ਬਹੁਤ ਘੱਟ ਹਨ। ਉਸ ਦੀ ਕਿਤਾਬ ‘ਛਾਂਗਿਆ ਰੁੱਖ’ ਪੜ੍ਹ ਕੇ ਦੇਖੋ, ਕਮਾਲ ਕੀਤੀ ਪਈ ਐ। ਕੋਈ ਗੱਲ ਲੁਕਾਈ ਨਹੀਂ।…ਲੈ ਲੈ ਲੈ, ਇੰਨੇ ਮਿਹਨਤੀ ਬੰਦੇ ਬਹੁਤ ਘੱਟ ਹੁੰਦੇ ਹਨ। ਇਕ ਵਾਰੀ ਬਾਹਰੋਂ ਇਕ ਲੇਖਕਾ ਆਈ ਤੇ ਉਹ ਬਲਬੀਰ ਅੰਕਲ ਨੂੰ ਮਿਲੀ। ਉਹ ਅੰਕਲ ਦੇ ਘਰ ਗਈ। ਉਹ ਅੰਕਲ ਦਾ ਘਰ ਦੇਖ ਕੇ ਹੈਰਾਨ ਰਹਿ ਗਈ ਕਿ ਇੰਨਾ ਵੱਡਾ ਲੇਖਕ ਇੰਨੇ ਛੋਟੇ ਘਰ ਵਿਚ ਰਹਿ ਰਿਹਾ।…ਅੰਕਲ ਯਾਰ, ਬਲਬੀਰ ਅੰਕਲ ਨੇ ਆਪਣੀ ਨਵੀਂ ਕਿਤਾਬ ਵਿਚ ਸਾਡੇ ਪਿੰਡ ਦੇ ਤਿੰਨ ਬੰਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਨਾਂ ਬਿਲਕੁਲ ਸਹੀ ਲਿਖੇ ਐ-ਪੁਨੂੰ, ਇੰਦਰ ਅਤੇ ਲੈਚੀ। ਜਦੋਂ ਬਲਬੀਰ ਅੰਕਲ ਨੇ ਮੈਨੂੰ ਦੱਸਿਆ ਤਾਂ ਮੈਂ ਕਿਹਾ ਇਹ ਤਾਂ ਸਾਡੇ ਆਪਣੇ ਹਨ। ਪੁਨੂੰ ਮੇਰਾ ਬਾਬਾ ਸੀ, ਇੰਦਰ ਮੇਰੇ ਬਾਬੇ ਦਾ ਭਰਾ ਸੀ ਅਤੇ ਲੈਚੀ ਮੇਰੇ ਬਾਬੇ ਦਾ ਚਾਚਾ ਸੀ। ਇਨ੍ਹਾਂ ਤਿੰਨਾਂ ਨੇ ਗਰੀਬ ਹੁੰਦਿਆਂ ਵੀ ਗਦਰੀ ਬਾਬੇ ਮੰਗੂ ਰਾਮ ਦੀ ਵਿਚਾਰਧਾਰਾ ਫੈਲਾਉਣ ਵਿਚ ਮਦਦ ਕੀਤੀ ਸੀ। ਇਨ੍ਹਾਂ ਨੇ ਇਕ ਸਮਾਜ ਸੁਧਾਰਕ ਰਾਜਨੀਤਕ ਪਾਰਟੀ ਵੀ ਬਣਾਈ ਸੀ।”
ਅਜੈ ਤਨਵੀਰ ਜੰਗ ਬਹਾਦੁਰ ਗੋਇਲ ਦਾ ਵੀ ਬਹੁਤ ਪ੍ਰਸੰ.ਸਕ ਹੈ। ਉਹ ਅਕਸਰ ਹੀ ਉਨ੍ਹਾਂ ਦੀ ਤਾਰੀਫ ਕਰਦਾ ਰਹਿੰਦਾ ਹੈ: “ਅੰਕਲ, ਅੱਜ ਗੋਇਲ ਸਾਹਿਬ ਨਾਲ ਇਕ ਘੰਟਾ ਫੋਨ ‘ਤੇ ਗੱਲ ਹੋਈ। ਯਾਰ ਇੰਨਾ ਇੰਟੈਲੀਜੈਂਟ ਤੇ ਇੰਨੀ ਨਿਮਰਤਾ ਵਾਲਾ ਇਨਸਾਨ।…ਉਨ੍ਹਾਂ ਨੂੰ ਵਿਦੇਸ਼ੀ ਸਾਹਿਤ ਬਾਰੇ ਇੰਨੀ ਜਾਣਕਾਰੀ ਹੈ। ਲੈ ਲੈ ਲੈ, ਉਨ੍ਹਾਂ ਦੇ ਲੇਖ ਪੜ੍ਹਨ ਵਾਲੇ ਹੁੰਦੇ ਆ। ਇੰਨਾ ਕੁਝ ਪੜ੍ਹ ਕੇ ਇੰਨਾ ਲਿਖਣਾ ਸੌਖਾ ਨਹੀਂ।…ਗੋਇਲ ਸਾਹਿਬ ਬਹੁਤ ਹੀ ਵਿਦਵਾਨ ਤੇ ਵਧੀਆ ਇਨਸਾਨ ਹਨ-ਬੱਸ ਪੁੱਛੋ ਨਾ।”
ਪੰਜਾਬੀ ਦੇ ਕਈ ਲੇਖਕ ਜਦੋਂ ਬੋਲਦੇ ਹਨ, ਲਿਖਦੇ ਹਨ ਜਾਂ ਭਾਸ਼ਣ ਦਿੰਦੇ ਹਨ ਤਾਂ ਆਪਣੀ ਵਿਦਵਤਾ ਦਿਖਾਉਣ ਲਈ ਰੂਸੀ ਸਾਹਿਤ ਜਾਂ ਹੋਰ ਵਿਦੇਸ਼ੀ ਸਾਹਿਤ ਦੀ ਗੱਲ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰੂਸੀ ਸਾਹਿਤ ਅਤੇ ਹੋਰ ਕਈ ਮੁਲਕਾਂ ਦਾ ਸਾਹਿਤ ਬਹੁਤ ਵਧੀਆ ਹੈ, ਪਰ ਹਿੰਦੁਸਤਾਨ ਦੇ ਸਾਹਿਤ ਦੇ ਵੀ ਬਹੁਤ ਸਾਰੇ ਸਿਤਾਰੇ ਹਨ, ਜਿਨ੍ਹਾਂ ਦੀ ਗੱਲ ਕਰਦਿਆਂ ਅਸੀਂ ਸ਼ਰਮਾਉਂਦੇ ਹਾਂ। ਅੰਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਰੁਮਾਨੀਆ, ਹੰਗਰੀ, ਬਲਗਾਰੀਆ ਅਤੇ ਹੋਰ ਕਈ ਮੁਲਕਾਂ ਵਿਚ ਬਹੁਤ ਹਰਮਨ ਪਿਆਰੀਆਂ ਰਹੀਆਂ ਹਨ। ਅੰਮ੍ਰਿਤਾ ਪ੍ਰੀਤਮ ਨੂੰ ਕਈ ਬਾਹਰਲੇ ਮੁਲਕਾਂ ਤੋਂ ਸਾਹਿਤਕ ਇਨਾਮ ਮਿਲੇ ਸਨ, ਜਿਨ੍ਹਾਂ ਵਿਚ ਫਰਾਂਸ ਵਲੋਂ ਮਿਲਿਆ ਇਕ ਵੱਕਾਰੀ ਇਨਾਮ ਵੀ ਸ਼ਾਮਲ ਸੀ। ਹਿੰਦੁਸਤਾਨ ਨੇ ਸਆਦਤ ਹਸਨ ਮੰਟੋ, ਮੁਨਸ਼ੀ ਪ੍ਰੇਮ ਚੰਦ, ਕ੍ਰਿਸ਼ਨ ਚੰਦਰ, ਖੁਸ਼ਵੰਤ ਸਿੰਘ, ਰਾਜਿੰਦਰ ਸਿੰਘ ਬੇਦੀ ਅਤੇ ਟੈਗੋਰ ਵਰਗੇ ਚੋਟੀ ਦੇ ਲੇਖਕ ਪੈਦਾ ਕੀਤੇ ਹਨ। ਜੇ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਅੰਮ੍ਰਿਤਾ ਪ੍ਰੀਤਮ ਤੋਂ ਇਲਾਵਾ ਪ੍ਰੋ. ਮੋਹਨ ਸਿੰਘ, ਕੁਲਵੰਤ ਸਿੰਘ ਵਿਰਕ, ਗੁਰਦੇਵ ਸਿੰਘ ਰੁਪਾਣਾ, ਬਲਵੰਤ ਗਾਰਗੀ ਅਤੇ ਸ਼ਿਵ ਕੁਮਾਰ ਵਰਗੇ ਲੇਖਕਾਂ ਦੀਆਂ ਲਿਖਤਾਂ ਕਿਸੇ ਨਾਲੋਂ ਘੱਟ ਨਹੀਂ। ਅਸੀਂ ਆਮ ਹੀ ਬ੍ਰਿਟਿਸ਼ ਕਵੀ ਵਰਡਜ਼ਵਰਥ ਦੀ ਕਵਿਤਾ ‘ਦੀ ਡੈਫੋਡਿਲਜ਼’ ਦੀ ਗੱਲ ਕਰਦੇ ਹਾਂ, ਜੋ ਬਹੁਤ ਮਸ਼ਹੂਰ ਕਵਿਤਾ ਹੈ। ਕਵੀ ਦਾ ਕਹਿਣਾ ਹੈ ਕਿ ਕੁਝ ਚਿਰ ਪਹਿਲਾਂ ਉਸ ਨੇ ਇਕ ਬਾਗ ਵਿਚ ਡੈਫੋਡਿਲਜ਼ ਦੇ ਫੁੱਲ ਦੇਖੇ ਸਨ ਜਿਨ੍ਹਾਂ ਦੀ ਯਾਦ ਹਮੇਸ਼ਾ ਉਸ ਦੇ ਦਿਲ ਵਿਚ ਵਸ ਗਈ। ਜਦੋਂ ਵੀ ਉਹ ਉਦਾਸ ਹੁੰਦਾ ਹੈ ਤਾਂ ਉਨ੍ਹਾਂ ਫੁੱਲਾਂ ਦੀ ਯਾਦ ਆ ਕੇ ਉਸ ਨੂੰ ਉਦਾਸੀ ਵਿਚੋਂ ਬਾਹਰ ਕੱਢ ਲੈਂਦੀ ਹੈ। ਪਰ ਜੇ ਅਸੀਂ ਪ੍ਰੋ. ਮੋਹਨ ਸਿੰਘ ਦੀ ‘ਕੁੜੀ ਪੋਠੋਹਾਰ ਦੀ’ ਅਤੇ ‘ਅੰਬੀ ਦਾ ਬੂਟਾ’ ਬਾਰੇ ਸੋਚੀਏ ਤਾਂ ਇਨ੍ਹਾਂ ਖੂਬਸੂਰਤ ਕਵਿਤਾਵਾਂ ਦਾ ਅਰਥ ਵੀ ਇਹੋ ਨਿਕਲਦਾ ਹੈ, ਜੋ ‘ਡੈਫੋਡਿਲਜ਼’ ਕਵਿਤਾ ਦਾ ਹੈ। ਬੇਸ਼ੱਕ ਰੂਸੀ ਸਾਹਿਤ ਅਤੇ ਕਈ ਹੋਰ ਮੁਲਕਾਂ ਦਾ ਸਾਹਿਤ ਬਹੁਤ ਵਧੀਆ ਹੈ, ਪਰ ਸਾਨੂੰ ਆਪਣੀ ਮਾਂ-ਬੋਲੀ ਦਾ ਸਾਹਿਤ ਜ਼ਰੂਰ ਪੜ੍ਹਨਾ ਚਾਹੀਦਾ ਹੈ।
ਅਜੈ ਤਨਵੀਰ ਨੇ ਪੰਜਾਬੀ ਸਾਹਿਤ ਵੀ ਬਹੁਤ ਪੜ੍ਹਿਆ ਹੈ ਤੇ ਰੂਸੀ ਸਾਹਿਤ ਵੀ। ਉਸ ਨੇ ਪੰਜਾਬੀ ਤੋਂ ਇਲਾਵਾ ਹੋਰ ਭਾਰਤੀ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹਿਆ ਹੈ। ਉਹ ਰੋਜ਼ਾਨਾ ਕੁਝ ਘੰਟੇ ਸਿਰਫ ਕਿਤਾਬਾਂ ਪੜ੍ਹਨ ‘ਤੇ ਖਰਚਦਾ ਹੈ। ਉਹ ਪੜ੍ਹਦਾ ਬਹੁਤ ਜ਼ਿਆਦਾ ਅਤੇ ਲਿਖਦਾ ਬਹੁਤ ਘੱਟ ਹੈ। ਪੰਜਾਬੀ ਦੇ ਲੇਖਕਾਂ ਦੀ ਗੱਲ ਕਰਨ ਦੇ ਨਾਲ ਨਾਲ ਅਜੈ ਰੂਸੀ ਸਾਹਿਤ ਦੇ ਲੇਖਕਾਂ ਦੀ ਬਹੁਤ ਤਾਰੀਫ ਕਰਦਾ ਹੈ। ਉਹ ਚੈਖੋਵ, ਦੋਸਤੋਵਸਕੀ ਅਤੇ ਰਸੂਲ ਹਮਜ਼ਾਤੋਵ ਵਰਗੇ ਮਸ਼ਹੂਰ ਰੂਸੀ ਲੇਖਕਾਂ ਦਾ ਬਹੁਤ ਪ੍ਰਸ਼ੰਸਕ ਹੈ। ਉਹ ਜੰਗ ਬਹਾਦੁਰ ਗੋਇਲ ਹੁਰਾਂ ਦੇ ਰੂਸੀ ਸਾਹਿਤ ਬਾਰੇ ਲਿਖੇ ਲੇਖਾਂ ਦਾ ਸਿਰਫ ਪ੍ਰਸੰ.ਸਕ ਹੀ ਨਹੀਂ ਸਗੋਂ ਕਾਇਲ ਹੈ। ਉਹ ਆਮ ਹੀ ਮੇਰੇ ਨਾਲ ਫੋਨ ‘ਤੇ ਗੱਲ ਕਰਨ ਵੇਲੇ ਗੋਇਲ ਹੁਰਾਂ ਦੇ ਲਿਖੇ ਲੇਖਾਂ ਦੀ ਗੱਲ ਕਰਦਾ ਹੈ। ਪਿਛਲੇ ਕੁਝ ਮਹੀਨਿਆਂ ਵਿਚ ਅਜੈ ਨਾਲ ਮੇਰੀ ਪੰਜਾਬੀ ਦੇ ਲੇਖਕਾਂ ਬਾਰੇ ਵੀ ਗੱਲ ਹੋਈ ਹੈ ਅਤੇ ਉਹ ਮੇਰੇ ਨਾਲ ਇਸ ਗੱਲ ਤੇ ਸਹਿਮਤ ਹੋਇਆ ਹੈ ਕਿ ਸਾਡੇ ਕੋਲ ਪੰਜਾਬੀ ਵਿਚ ਬਹੁਤ ਵਧੀਆ ਲੇਖਕ ਹੋਏ ਹਨ, ਪਰ ਅਸੀਂ ਉਨ੍ਹਾਂ ਦਾ ਮੁੱਲ ਨਹੀਂ ਪਾਉਂਦੇ। ਸੈਂਕੜੇ ਸਾਲ ਪਹਿਲਾਂ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਸ਼ਾਹ ਹੁਸੈਨ, ਵਾਰਿਸ ਸ਼ਾਹ, ਕਾਦਰਯਾਰ ਅਤੇ ਪੀਲੂ ਵਰਗੇ ਸਾਡੇ ਲੇਖਕਾਂ ਦੀਆਂ ਲਿਖਤਾਂ ਕਿਸੇ ਹੋਰ ਦੇਸ਼ ਦੇ ਲੇਖਕਾਂ ਦੀਆਂ ਲਿਖਤਾਂ ਤੋਂ ਘੱਟ ਨਹੀਂ। ਸਾਧੂ ਦਇਆ ਸਿੰਘ ਦਾ ‘ਜ਼ਿੰਦਗੀ ਬਿਲਾਸ’ ਇਕ ਮਾਅਰਕੇ ਦੀ ਰਚਨਾ ਹੈ। ਮੇਰੀਆਂ ਅਤੇ ਅਜੈ ਦੀਆਂ ਇਨ੍ਹਾਂ ਗੱਲਾਂ ਤੋਂ ਬਾਦ ਇਕ ਦਿਨ ਅਜੈ ਕਹਿਣ ਲੱਗਾ, “ਅੰਕਲ ਯਾਰ, ਸਾਡੇ ਕੋਲ ਤਾਂ ਕਮਾਲ ਦੇ ਲੇਖਕ ਹੋਏ ਹਨ। ਮੈਂ ਗੋਇਲ ਸਾਹਿਬ ਨੂੰ ਕਹਿਣਾ ਕਿ ਉਹ ਪੰਜਾਬੀ ਦੇ ਲੇਖਕਾਂ ਤੇ ਵੀ ਲੇਖ ਲਿਖਣ।”
ਅਜੈ ਨੇ ਸਰਘੀ ਦੀ ਕਹਾਣੀ “ਹਾਲੀਡੇ ਵਾਈਫ” ਪੜ੍ਹੀ ਤਾਂ ਉਹ ਸਰਘੀ ਦਾ ਪ੍ਰਸ਼ੰਸਕ ਬਣ ਗਿਆ। ਕਈ ਵਾਰੀ ਫੋਨ ‘ਤੇ ਸਰਘੀ ਦੀ ਤਾਰੀਫ ਕਰਦਾ ਕਹਿੰਦਾ, “ਅੰਕਲ, ਸਰਘੀ ਕੋਲ ਤਾਂ ਇੰਨੀ ਜ਼ਿਆਦਾ ਕਹਾਣੀ ਲਿਖਣ ਦੀ ਕਲਾ ਹੈ, ਜਿਸ ਦਾ ਅੰਤ ਨਹੀਂ। ਉਸ ਨੇ ਤਾਂ ਇਸ ਕਹਾਣੀ ਵਿਚ ਕਮਾਲ ਕਰ ਦਿੱਤੀ। …ਯਾਰ, ਇੱਦਾਂ ਲਗਦਾ ਜਿੱਦਾਂ ਉਹਦੇ ਵਿਚ ਆਪਣੇ ਪਿਤਾ ਦੀ ਲਿਖਣ ਕਲਾ ਦਾ ਜੀਨ ਹੋਵੇ।…ਸਰਘੀ ਨੂੰ ਚਾਹੀਦਾ ਹੋਰ ਜ਼ਿਆਦਾ ਲਿਖੇ।”
ਮੈਂ ਇਸ ਗੱਲ ਦਾ ਹਾਮੀ ਹਾਂ ਕਿ ਸਾਨੂੰ ਜ਼ਿਆਦਾ ਲਿਖਣ ਦੀ ਲੋੜ ਨਹੀਂ। ਸਾਨੂੰ ਘੱਟ, ਪਰ ਵਧੀਆ ਲਿਖਣ ਦੀ ਲੋੜ ਹੈ। ਮੈਂ ਅਜੈ ਨੂੰ ਸਰਘੀ ਦੀ ਕਹਾਣੀ ‘ਰਾਡ’ ਪੜ੍ਹਨ ਲਈ ਕਿਹਾ। ਉਸ ਨੇ ਕਹਾਣੀ ਪੜ੍ਹ ਕੇ ਸਰਘੀ ਨਾਲ ਫੋਨ ‘ਤੇ ਗੱਲ ਕੀਤੀ ਤੇ ਉਸ ਦੀ ਕਹਾਣੀ-ਕਲਾ ਦੀ ਤਾਰੀਫ ਕੀਤੀ।
ਇਕ ਦਿਨ ਅਜੈ ਨੇ ਸਰਘੀ ਦੇ ਪਿਤਾ ਦਲਬੀਰ ਚੇਤਨ ਦੀ ‘ਰਾਗ’ ਵਿਚ ਛਪੀ ਪੁਰਾਣੀ ਕਹਾਣੀ ‘ਰਿਸ਼ਤਿਆਂ ਦੇ ਆਰ-ਪਾਰ’ ਪੜ੍ਹ ਕੇ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ। ਦਲਬੀਰ ਚੇਤਨ ਬਹੁਤ ਥੋੜ੍ਹੀ ਉਮਰ ਵਿਚ ਹੀ ਬਹੁਤ ਵਧੀਆ ਕਹਾਣੀਆਂ ਲਿਖ ਗਏ ਸਨ। ਹੁਣ ਤਾਂ ਉਨ੍ਹਾਂ ਨੂੰ ਇਸ ਸੰਸਾਰ ਤੋਂ ਗਿਆਂ ਵੀ ਬਹੁਤ ਸਾਲ ਹੋ ਗਏ ਹਨ। ਮੈਂ ਅਜੈ ਨੂੰ ਦਲਬੀਰ ਚੇਤਨ ਦੀਆਂ ਕੁਝ ਕਹਾਣੀਆਂ ਭੇਜ ਦਿੱਤੀਆਂ। ਉਸ ਪਿਛੋਂ ਫੋਨ ‘ਤੇ ਕਹਿਣ ਲੱਗਾ, “ਅੰਕਲ ਦੇਖ ਲਓ, ਮੈਂ ਸਵੇਰ ਦਾ ਕੰਬਲ ਲੈ ਕੇ ਬੈੱਡ ‘ਤੇ ਬੈਠਾ ਦਲਬੀਰ ਚੇਤਨ ਦੀਆਂ ਕਹਾਣੀਆਂ ਪੜ੍ਹ ਰਿਹਾਂ। ਅੰਕਲ ਯਾਰ, ‘ਵਗਦੇ ਪਾਣੀ’ ਕਮਾਲ ਦੀ ਕਹਾਣੀ ਹੈ। ਜਦੋਂ ‘ਓਹਲਾ’ ਪੜ੍ਹੀ ਤਾਂ ਉਹ ਉਸ ਤੋਂ ਵੀ ਵਧੀਆ ਲੱਗੀ। ਜਦੋਂ ‘ਪਰਕਰਮਾ’ ਪੜ੍ਹੀ ਤਾਂ ਉਹ ਦੋਹਾਂ ਤੋਂ ਵਧੀਆ ਲੱਗੀ। ‘ਰਿਸ਼ਤਿਆਂ ਦੇ ਆਰ-ਪਾਰ’ ਉਸ ਤੋਂ ਵੀ ਕਮਾਲ।… ਲੈ ਲੈ ਲੈ, ਬਾਪੂ ਯਾਰ, ਇਹ ਕਹਾਣੀਆਂ ਪੜ੍ਹ ਕੇ ਆਪਣੇ ਜਵਾਨੀ ਦੇ ਦਿਨ ਯਾਦ ਆ ਗਏ। ਜਵਾਨੀ ਉਸਲ ਵੱਟੇ ਲੈਂਦੀ, ਅਨੇਕਾਂ ਸੱਧਰਾਂ, ਕਈ ਗੀਤ ਰਿਕਾਰਡ ਹੋਏ, ਘਰ ਦੀਆਂ ਜ਼ਿੰਮੇਵਾਰੀਆਂ, ਗਰੀਬੀ-ਲਗਦਾ ਦਲਬੀਰ ਚੇਤਨ ਨੇ ਸਾਡੀਆਂ ਕਹਾਣੀਆਂ ਲਿਖੀਆਂ ਸੀ।…ਅੰਕਲ ਯਾਰ, ਸਰਘੀ ਨੂੰ ਕਹਿ ਆਪਣੇ ਡੈਡੀ ਦੀਆਂ ਸਾਰੀਆਂ ਕਹਾਣੀਆਂ ਦੀਆਂ ਕਿਤਾਬਾਂ ਛਪਾਵੇ। ਜੇ ਪੈਸਿਆਂ ਦੀ ਲੋੜ ਹੋਈ ਤਾਂ ਮੈਂ ਪੈਸੇ ਖਰਚਣ ਨੂੰ ਤਿਆਰ ਹਾਂ।” ਮੈਂ ਦੱਸਿਆ ਕਿ ਦਲਬੀਰ ਚੇਤਨ ਦੀਆਂ ਸਾਰੀਆਂ ਕਹਾਣੀਆਂ ਦੀ ਕਿਤਾਬ ਛਪੀ ਸੀ। ਸ਼ਾਇਦ ਲੋਕ ਗੀਤ ਵਾਲਿਆਂ ਨੇ ਛਾਪੀ ਸੀ। ਸ਼ਾਇਦ ਉਹ ਹੁਣ ਵੀ ਛਾਪ ਦੇਣ, ਜੇ ਸਰਘੀ ਆਖੇ।
ਇਕ ਦਿਨ ਅਜੈ ਨੇ ਰਾਜਿੰਦਰ ਸਿੰਘ ਬੇਦੀ ਬਾਰੇ ਗੱਲ ਛੋਹ ਲਈ, “ਅੰਕਲ ਯਾਰ, ਸਾਹਿਤ ਪੜ੍ਹ ਕੇ ਤੁਹਾਡਾ ਲਿਖਣ ਦਾ ਪੱਧਰ ਹੀ ਵੱਖਰਾ ਹੋ ਜਾਂਦਾ।… ਰਾਜਿੰਦਰ ਸਿੰਘ ਬੇਦੀ ਦੀ ਜੇਜੋਂ ਬਾਰੇ ਕਹਾਣੀ ਪੜ੍ਹਿਓ ‘ਆਖਰੀ ਸਟੇਸ਼ਨ’।”
“ਬੇਦੀ ਨੇ ਜੇਜੋਂ ਬਾਰੇ ਕਹਾਣੀ ਲਿਖੀ ਐ? ਮੈਨੂੰ ਯਾਦ ਨਹੀਂ ਕਿ ਮੈਂ ਪੜ੍ਹੀ ਹੈ ਜਾਂ ਨਹੀਂ।” ਮੈਂ ਪੁੱਛਿਆ।
“ਲੈ ਲੈ ਲੈ, ਉਹ ਤਾਂ ਬਹੁਤ ਵਧੀਆ ਕਹਾਣੀ ਹੈ। ਬੇਦੀ ਜੇਜੋਂ ਆਉਂਦਾ ਰਹਿੰਦਾ ਸੀ। ਰਾਜ ਕਪੂਰ ਵੀ ਜੇਜੋਂ ਦੇ ਬਹੁਤ ਗੇੜੇ ਮਾਰਦਾ ਰਿਹਾ।…ਲੈ ਲੈ ਲੈ, ਕਦੇ ਬਲਬੀਰ ਅੰਕਲ ਨੂੰ ਪੁੱਛ ਕੇ ਦੇਖਿਓ। ਉਹ ਬੇਦੀ ਦੀਆਂ ਬਹੁਤ ਕਹਾਣੀਆਂ ਸੁਣਾਉਂਦਾ।” ਅਜੈ ਦਾ ਬਲਬੀਰ ਅੰਕਲ ਤੋਂ ਭਾਵ ਸੀ ਬਲਬੀਰ ਮਾਧੋਪੁਰੀ।
ਇਕ ਦਿਨ ਗੱਲਾਂ ਕਰਦਿਆਂ ਅਜੈ ਕਹਿਣ ਲੱਗਾ, “ਅੰਕਲ, ਗਵਾਰੇ ਦੀਆਂ ਫਲੀਆਂ ਦਾ ਸਾਗ ਬਹੁਤ ਸੁਆਦ ਹੁੰਦਾ।”
“ਗਵਾਰੇ ਦੀਆਂ ਫਲੀਆਂ ਦਾ? ਮੈਂ ਕਦੇ ਗਵਾਰੇ ਬਾਰੇ ਨਹੀਂ ਸੁਣਿਆ। ਸਾਡੇ ਵਲ ਤਾਂ ਚਰੀ ਤੇ ਬਾਜਰਾ ਹੁੰਦੇ ਆ।” ਮੈਂ ਕਿਹਾ।
“ਲੈ ਲੈ ਲੈ, ਗਵਾਰਾ ਤਾਂ ਬਹੁਤ ਮਸ਼ਹੂਰ ਹੈ।” ਪਰ ਮੈਨੂੰ ਗਵਾਰੇ ਬਾਰੇ ਬਿਲਕੁਲ ਯਾਦ ਨਹੀਂ। ਹੋ ਸਕਦਾ ਇਹ ਸਾਡੇ ਇਲਾਕੇ ਵਿਚ ਨਾ ਹੁੰਦਾ ਹੋਵੇ।
ਇਕ ਵਾਰੀ ਅਜੈ ਦਾ ਤਿੰਨ ਕੁ ਦਿਨ ਫੋਨ ਨਾ ਆਇਆ ਤਾਂ ਮੈਂ ਮੈਸੇਜ ਭੇਜਿਆ, “ਲਗਦਾ ਛੁੱਟੀ ‘ਤੇ ਚਲੇ ਗਏ।” ਅਜੈ ਦਾ ਫੋਨ ਕੁਝ ਮਿੰਟਾਂ ਵਿਚ ਹੀ ਆ ਗਿਆ ਤੇ ਕਹਿਣ ਲੱਗਾ, “ਅੰਕਲ, ਇੱਥੇ ਇਕ ਗੋਰਾ ਦੋਸਤ ਹੈ। ਉਹ ਫਾਰਮਰ ਹੈ। ਉਸ ਕੋਲ ਕਈ ਸੌ ਏਕੜ ਜ਼ਮੀਨ ਹੈ ਅਤੇ ਕਈ ਸੈਂਕੜੇ ਗਾਈਆਂ ਹਨ। ਉਹ ਕਣਕ ਬੀਜਦਾ। ਮੈਂ ਕਦੇ ਕਦੇ ਉਹਦੇ ਖੇਤਾਂ ਵਲ ਸੈਰ ਕਰਨ ਚਲੇ ਜਾਂਦਾਂ। ਉਸ ਨੂੰ ਪਕੌੜੇ ਬਹੁਤ ਪਸੰਦ ਹਨ। ਕੱਲ੍ਹ ਉਹ ਤੇ ਉਹਦੀ ਪਤਨੀ ਆ ਗਏ। ਰਾਣੋ ਨੇ ਪਕੌੜੇ ਬਣਾਏ ਤੇ ਫਿਰ ਖਾਣਾ ਤਿਆਰ ਕਰ ਲਿਆ। ਫਿਰ ਅਸੀਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਘਰ ਚਲੇ ਗਏ। ਗੋਰੇ ਨੇ ਸਾਨੂੰ ਆਉਣ ਲੱਗਿਆਂ ਨੂੰ ਗਾਂ ਦਾ ਸੱਜਰਾ ਦੁੱਧ ਦਿੱਤਾ।”
ਅਜੈ ਅਤੇ ਮੇਰੇ ਦਿਲ ਵਿਚ ਡਾ. ਰਘਬੀਰ ਸਿੰਘ ਲਈ ਬਹੁਤ ਸਤਿਕਾਰ ਹੈ। ਸਾਡਾ ਦੋਹਾਂ ਦਾ ਵਿਚਾਰ ਹੈ ਕਿ ਡਾ. ਰਘਬੀਰ ਸਿੰਘ ਬਹੁਤ ਦਿਆਨਤਦਾਰ, ਇਮਾਨਦਾਰ, ਅਤੇ ਉਚ ਪੱਧਰ ਦੇ ਸਾਹਿਤਕਾਰ ਹਨ। ਜਿਸ ਮਿਆਰੀ ਢੰਗ ਨਾਲ ਉਨ੍ਹਾਂ ਨੇ ‘ਸਿਰਜਣਾ’ ਨੂੰ ਇੰਨੇ ਸਾਲ ਸੰਪਾਦਿਤ ਕੀਤਾ ਹੈ, ਕੋਈ ਵਿਰਲਾ ਹੀ ਇਸ ਤਰ੍ਹਾਂ ਕਰ ਸਕਦਾ ਹੈ। ਉਨ੍ਹਾਂ ਨੇ ਅਨੇਕਾਂ ਨਵੇਂ ਲੇਖਕਾਂ ਨੂੰ ‘ਸਿਰਜਣਾ’ ਵਿਚ ਛਾਪ ਕੇ ਉਤਸ਼ਾਹ ਦਿੱਤਾ ਹੈ। ਇਕ ਦਿਨ ਅਜੈ ਕਹਿਣ ਲੱਗਾ, “ਅੰਕਲ, ਮੈਨੂੰ ਪਤਾ ਲੱਗਾ ਸੀ ਕਿ ਡਾ. ਰਘਬੀਰ ਸਿੰਘ ਦੀ ਸਿਹਤ ਠੀਕ ਨਹੀਂ। ਮੈਂ ਉਨ੍ਹਾਂ ਨੂੰ ਈਮੇਲ ਲਿਖੀ ਉਨ੍ਹਾਂ ਦਾ ਹਾਲ ਪੁੱਛਣ ਲਈ। ਦੋ ਕੁ ਦਿਨਾਂ ਵਿਚ ਹੀ ਉਨ੍ਹਾਂ ਦਾ ਲਿਖਿਆ ਬਹੁਤ ਪਿਆਰਾ ਜਵਾਬ ਆਇਆ। ਯਾਰ, ਇੰਨਾ ਵੱਡਾ ਬੰਦਾ ਹੋਵੇ ਤੇ ਮੇਰੇ ਵਰਗੇ ਦੀ ਈਮੇਲ ਦਾ ਜਵਾਬ ਦੇਵੇ? ਬਹੁਤ ਘੱਟ ਲੋਕ ਹਨ ਇਹੋ ਜਿਹੇ।”
ਮੈਂ ਅਜੈ ਨਾਲ ਪੂਰੀ ਤਰ੍ਹਾਂ ਹਾਮੀ ਭਰੀ ਅਤੇ ਆਖਿਆ, “ਜੋ ਸਾਹਿਤਕਾਰ ਡਾ. ਰਘਬੀਰ ਸਿੰਘ ਦੀ ਆਲੋਚਨਾ ਕਰਦੇ ਹਨ, ਉਹ ਲੋਕ ਤਾਂ ਕਿਸੇ ਪੱਖੋਂ ਵੀ ਉਨ੍ਹਾਂ ਦੇ ਨੇੜੇ-ਤੇੜੇ ਨਹੀਂ। ਕਈ ਸਾਹਿਤਕਾਰ ਉਨ੍ਹਾਂ ਨੂੰ ਬੁਰਾ-ਭਲਾ ਵੀ ਕਹਿੰਦੇ ਹਨ ਅਤੇ ‘ਸਿਰਜਣਾ’ ਵਿਚ ਛਪਣ ਲਈ ਆਪਣੀਆਂ ਲਿਖਤਾਂ ਵੀ ਭੇਜਦੇ ਹਨ। ਕੀ ਕਹੋਗੇ ਤੁਸੀਂ ਇਨ੍ਹਾਂ ਲੋਕਾਂ ਦੇ ਕਿਰਦਾਰ ਬਾਰੇ? ਜਦੋਂ ਮੈਨੂੰ ਢਾਹਾਂ ਇਨਾਮ ਦਾ ਚੇਅਰਮੈਨ ਬਣਾਇਆ ਗਿਆ ਤਾਂ ਇਕ ਲੇਖਕ ਨੇ ਤਾਂ ਕਿਸੇ ਕੋਲ ਇਹ ਵੀ ਕਹਿ ਦਿੱਤਾ ਕਿ ਪ੍ਰੇਮ ਮਾਨ ਤਾਂ ਸਿਰਫ ਪੇਪਰਾਂ ਵਿਚ ਹੀ ਚੇਅਰਮੈਨ ਹੈ, ਸਾਰਾ ਕੰਮ ਤਾਂ ਡਾ. ਰਘਬੀਰ ਸਿੰਘ ਨੇ ਹੀ ਕਰਨਾ। ਇਹ ਹੈ ਸਾਡੇ ਕੁਝ ਲੇਖਕਾਂ ਦਾ ਕਿਰਦਾਰ!”
ਇਕ ਦਿਨ ਫੋਨ ‘ਤੇ ਅਜੈ ਕਹਿੰਦਾ, “ਅੰਕਲ, ਕੁਝ ਲੋਕਾਂ ਵਿਚ ਇੰਨੀ ਈਰਖਾ, ਇੰਨਾ ਹੰਕਾਰ, ਇੰਨੀ ਜ਼ਹਿਰ ਕਿਉਂ ਹੁੰਦੀ ਹੈ?”
“ਅਜੇ, ਸਾਡੇ ਸਭ ਦੇ ਖੂਨ ਵਿਚ ਇਨ੍ਹਾਂ ਗੱਲਾਂ ਦੇ ਅੰਸ਼ ਹਨ। ਸਾਡੇ ਖੂਨ ਵਿਚ ਚੰਗਿਆਈ ਦੇ ਅੰਸ਼ ਵੀ ਹਨ, ਬੁਰਿਆਈ ਦੇ ਵੀ, ਦੂਜਿਆਂ ਦੀ ਮਦਦ ਕਰਨ ਦੀ ਵਿਸ਼ੇਸ਼ਤਾਈ ਵੀ ਹੈ, ਖੂੰਖਾਰ ਜਾਨਵਰਾਂ ਵਰਗੇ ਵਿਹਾਰ ਦੇ ਅੰਸ਼ ਵੀ ਹਨ, ਹੰਕਾਰ ਵੀ ਹੈ, ਈਰਖਾ ਵੀ ਹੈ, ਹੇਰਾ-ਫੇਰੀ ਦੇ ਅੰਸ਼ ਵੀ ਹਨ, ਚੋਰੀ ਦੇ ਔਗੁਣ ਵੀ ਹਨ। ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਨ੍ਹਾਂ ਅੰਸ਼ਾਂ ਨੂੰ ਦਬਾ ਕੇ ਰੱਖਣਾ ਹੈ ਅਤੇ ਕਿਨ੍ਹਾਂ ਨੂੰ ਖੁੱਲ੍ਹੇ ਛੱਡਣਾ। ਬਹੁਤੀ ਵਾਰੀ ਸਾਡੇ ਸੁਭਾਅ ਦੀ ਬਣਤਰ ਸਾਡੇ ਪਾਲਣ-ਪੋਸਣ ‘ਤੇ ਵੀ ਨਿਰਭਰ ਕਰਦੀ ਹੈ।”
ਅਜੈ ਦੀ ਦੇਸ ਰਾਜ ਕਾਲੀ ਨਾਲ ਨਿੱਘੀ ਦੋਸਤੀ ਹੈ। ਇਕ ਵਾਰੀ ਫੋਨ ‘ਤੇ ਗੱਲ ਕਰਦਿਆਂ ਅਜੈ ਕਹਿੰਦਾ, “ਅੰਕਲ, ਜਦੋਂ ਅਗਲੀ ਵਾਰੀ ਇੰਡੀਆ ਗਏ ਤਾਂ ਜਲੰਧਰ ਕਾਲੀ ਨੂੰ ਜ਼ਰੂਰ ਮਿਲਿਓ। ਕਾਲੀ ਬੋਲ-ਬੜੱਕ ਤੇ ਭੌਂਕੜ ਹੈ, ਪਰ ਬੰਦਾ ਮਾੜਾ ਨ੍ਹੀਂ। ਬਿਲਕੁਲ ਸਾਫ ਦਿਲ। ਇਹਦੇ ਨਾਵਲ ਦਾ ਅੰਗਰੇਜ਼ੀ ਅਨੁਵਾਦ ਹੋਇਆ ਅਤੇ ਉਹ ਨਾਵਲ ਬੰਗਾਲ ਦੀ ਇਕ ਯੂਨੀਵਰਸਿਟੀ ਵਿਚ ਸਿਲੇਬਸ ਵਿਚ ਲੱਗਾ ਰਿਹਾ।…ਇਹ ਬਾਕੀਆਂ ਨਾਲੋਂ ਚੰਗਾ ਬੰਦਾ। ਕੁਝ ਤਾਂ ਅਫਵਾਹਾਂ ਫੈਲਾਉਣ ਵਾਲੇ ਹਨ।”
ਇਕ ਵਾਰੀ ਗੱਲਾਂ ਕਰਦਿਆਂ ਅਜੈ ਕਹਿੰਦਾ, “ਟਾਲਸਟਾਏ ਅਤੇ ਤੁਰਗਨੇਵ ਜਦੋਂ ਮਿਲੇ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਿਲਣੀ ਜੰਗਲੀ ਸਟਰਾਅਬਰੀ ਦੀ ਖੁਸ਼ਬੋ ਵਰਗੀ ਹੈ। ਅੰਕਲ, ਉਨ੍ਹਾਂ ਦੋਹਾਂ ਦੀ ਦੋਸਤੀ ਵੀ ਬਹੁਤ ਸੀ ਅਤੇ ਉਹ ਲੜਦੇ ਵੀ ਬਹੁਤ ਸਨ। ਜਦੋਂ ਗਾਰਗੀ, ਅਜੀਤ ਕੌਰ ਅਤੇ ਸ਼ਿਵ ਕੁਮਾਰ ਮਿਲਦੇ ਹੋਣਗੇ ਖਬਰੇ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਹੋਣਗੀਆਂ।…ਗਾਰਗੀ ਦਾ ਕੀ ਕਹਿਣਾ। ‘ਸ਼ਰਬਤ ਦੀਆਂ ਘੁੱਟਾਂ।’ ਸ਼ਰਬਤ ਤਾਂ ਘੁੱਟਾਂ ਨਾਲ ਹੀ ਪੀ ਹੁੰਦਾ, ਇਕੋ ਵਾਰੀ ਨਹੀਂ। ਸੁਆਦੀ ਖਾਣਾ ਤਾਂ ਹੌਲੀ-ਹੌਲੀ ਖਾਧਾ ਜਾਂਦਾ।”
ਇਕ ਦਿਨ ਅਜੈ ਦਾ ਫੋਨ ਆਇਆ ਤਾਂ ਕਹਿੰਦਾ, “ਅੰਕਲ ਜੀ, ਅੱਜ਼.. (ਫਲਾਣੇ ਲੇਖਕ) ਨਾਲ ਵੀਡੀਓ ‘ਤੇ ਗੱਲ ਹੋਈ। ਉਹਦੀ ਨਵੀਂ ਕਿਤਾਬ ਛਪੀ ਹੈ। ਕਹਿੰਦਾ ਉਹਨੇ ਇਹ ਕਿਤਾਬ ਢਾਹਾਂ ਇਨਾਮ ਲਈ ਭੇਜਣੀ ਹੈ। ਮੈਂ ਉਸ ਨੂੰ ਮਜ਼ਾਕ ਨਾਲ ਕਿਹਾ ਕਿ ਪ੍ਰੇਮ ਮਾਨ ਮੇਰਾ ਫੁੱਫੜ ਲਗਦਾ। ਤੂੰ ਸਿੱਧਾ ਫੋਨ ਕਰਕੇ ਸਿਫਾਰਸ਼ ਨਾ ਕਰੀਂ। ਮੇਰੇ ਰਾਹੀਂ ਸਿਫਾਰਸ਼ ਕਰੀਂ।”
“ਅਜੈ ਤੂੰ ਬਾਦ ਵਿਚ ਇਹ ਵੀ ਕਹਿ ਦੇਣਾ ਸੀ ਕਿ ਫੁੱਫੜ ਤਾਂ ਬਹੁਤ ਚੰਦਰਾ। ਉਹ ਕਿਸੇ ਦੀ ਨ੍ਹੀਂ ਸੁਣਦਾ। ਨਾ ਉਹ ਕਿਸੇ ਦੀ ਸਿਫਾਰਸ਼ ਕਰਦਾ ਤੇ ਨਾ ਸੁਣਦਾ।” ਅਤੇ ਅਸੀਂ ਦੋਵੇਂ ਹੱਸ ਪਏ।
ਮੇਰਾ ਵਿਚਾਰ ਹੈ ਕਿ ਜਦੋਂ ਸਾਨੂੰ ਕੋਈ ਜ਼ਿੰਮੇਵਾਰੀ ਸੰਭਾਲੀ ਜਾਂਦੀ ਹੈ ਤਾਂ ਸਾਨੂੰ ਉਸ ਨੂੰ ਪੂਰੀ ਇਮਾਨਦਾਰੀ ਅਤੇ ਇਨਸਾਫ ਨਾਲ ਨਿਭਾਉਣਾ ਚਾਹੀਦਾ ਹੈ। ਮੈਂ 40 ਸਾਲ ਅਮਰੀਕਾ ਵਿਚ ਰਹਿ ਕੇ ਸਭ ਤੋਂ ਵੱਡੀ ਗੱਲ ਇਹੋ ਸਿੱਖੀ ਹੈ ਕਿ ਜਦੋਂ ਤੁਸੀਂ ਇਨਸਾਫ ਕਰਨ ਵਾਲੀ ਕੁਰਸੀ ‘ਤੇ ਬੈਠੇ ਹੋਵੋਂ ਤਾਂ ਤੁਹਾਨੂੰ ਪੂਰੇ ਇਨਸਾਫ ਨਾਲ ਫੈਸਲਾ ਕਰਨਾ ਚਾਹੀਦਾ ਹੈ। ਫੈਸਲਾ ਦੋਸਤੀ ਅਤੇ ਦੁਸ਼ਮਣੀ ਦੇ ਆਧਾਰ ‘ਤੇ ਨਹੀਂ ਹੋਣਾ ਚਾਹੀਦਾ। ਮੇਰਾ ਵਿਚਾਰ ਹੈ ਕਿ ਹਿੰਦੁਸਤਾਨ ਵਿਚ, ਪੰਜਾਬੀ ਸਾਹਿਤ ਦੇ ਇਨਾਮਾਂ ਵਿਚ ਬਹੁਤ ਪੱਖਪਾਤ ਹੁੰਦਾ। ਗੁਰਦੇਵ ਸਿੰਘ ਰੁਪਾਣਾ ਨੂੰ ਸਾਹਿਤ ਅਕੈਡਮੀ ਇਨਾਮ ਬਹੁਤ ਚਿਰ ਪਹਿਲਾਂ ਮਿਲ ਜਾਣਾ ਚਾਹੀਦਾ ਸੀ, ਪਰ ਨਹੀਂ ਮਿਲਿਆ। ਦੇਵਿੰਦਰ ਸਤਿਆਰਥੀ ਅਤੇ ਬਾਵਾ ਬਲਵੰਤ ਵੀ ਸਾਹਿਤ ਅਕੈਡਮੀ ਇਨਾਮ ਦੇ ਹੱਕਦਾਰ ਸਨ, ਪਰ ਉਨ੍ਹਾਂ ਨੂੰ ਵੀ ਇਹ ਇਨਾਮ ਨਹੀਂ ਸੀ ਦਿੱਤਾ ਗਿਆ।
ਇਕ ਦਿਨ ਅਜੈ ਕਹਿੰਦਾ, “ਅੰਕਲ, ਜਦੋਂ ਅਗਲੀ ਵਾਰੀ ਹਿੰਦੁਸਤਾਨ ਗਏ ਤਾਂ ਮੇਰੇ ਭਰਾਵਾਂ ਨੂੰ ਜ਼ਰੂਰ ਮਿਲ ਕੇ ਆਇਓ। ਉਹ ਤੁਹਾਨੂੰ ਜੇਜੋਂ ਦੇ ਪਹਾੜਾਂ ਦੀ ਸੈਰ ਵੀ ਕਰਾਉਣਗੇ ਅਤੇ ਉਥੇ ਦੀ ਮੱਛੀ ਵੀ ਖਲਾਉਣਗੇ। ਜੇਜੋਂ ਇਕ ਆਦਮੀ ਬਹੁਤ ਵਧੀਆ ਮੱਛੀ ਬਣਾਉਂਦਾ। ਤੁਸੀਂ ਉਹਦੇ ਵਰਗੀ ਮੱਛੀ ਕਦੇ ਨਹੀਂ ਖਾਧੀ ਹੋਣੀ।”
ਕਦੇ ਕਦੇ ‘ਰਾਗ’ ਬਾਰੇ ਗੱਲ ਹੁੰਦੀ ਹੈ ਤਾਂ ਮੈਂ ਅਜੈ ਨੂੰ ਹਮੇਸ਼ਾ ਇਹੋ ਕਹਿੰਦਾਂ, “ਅਜੈ, ਤੇਰਾ ਅਤੇ ਇੰਦਰਜੀਤ (ਪੁਰੇਵਾਲ) ਦਾ ਸਾਥ ਨਿਭਣਾ ਚਾਹੀਦਾ। ਹਾਸੋਹੀਣੀ ਗੱਲ ਨਾ ਹੋਵੇ। ਤੁਸੀਂ ਰਲ ਕੇ ਚੱਲੋ ਅਤੇ ‘ਰਾਗ’ ਨੂੰ ਵੱਧ ਤੋਂ ਵੱਧ ਸਫਲ ਬਣਾਓ। ਕਈ ਲੋਕ ਤਾਂ ਇਹ ਦੇਖਣ ਲਈ ਤਿਆਰ ਬੈਠੇ ਹਨ ਕਿ ‘ਰਾਗ’ ਕਦੋਂ ਮਰੇ। ਇਸ ਨੂੰ ਮਰਨ ਨਾ ਦਿਓ। ਜਿੰਨੇ ਲੇਖਕ-ਵਿਦਵਾਨ ਇਸ ਨਾਲ ਜੁੜੇ ਹਨ, ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਜੋੜੀ ਰੱਖਣਾ ਤੁਹਾਡੇ ਦੋਹਾਂ ਦਾ ਕੰਮ ਹੈ।”
“ਅੰਕਲ ਯਾਰ, ਤੁਸੀਂ ਵੀ ਸਾਡੇ ਨਾਲ ਹੋ। ਤੁਸੀਂ ਵੀ ‘ਰਾਗ’ ਦਾ ਹਿੱਸਾ ਹੋ।”
“ਅਜੇ, ਠੀਕ ਹੈ ਕਿ ਮੈਂ ਵੀ ਤੁਹਾਡੇ ਨਾਲ ਹਾਂ ਪਰ ਮੈਂ ਤਾਂ ਸਿਰਫ ਇਕ ਸਲਾਹਕਾਰ ਹਾਂ। ਜਿੱਥੇ ਤੁਸੀਂ ਸਲਾਹ ਪੁੱਛੋਗੇ, ਉਥੇ ਮੈਂ ਸਹੀ ਸਲਾਹ ਦੇਵਾਂਗਾ। ਇੰਦਰਜੀਤ ਨੇ ਕੁਝ ਲੇਖ ਅਤੇ ਕਹਾਣੀਆਂ ਮੈਨੂੰ ਭੇਜੇ ਸਨ ਮੇਰੀ ਸਲਾਹ ਪੁੱਛਣ ਲਈ। ਮੈਂ ਆਪਣੀ ਠੀਕ ਠੀਕ ਸਲਾਹ ਦੇ ਦਿੱਤੀ। ਤੁਸੀਂ ਦੋਵੇਂ ‘ਰਾਗ’ ਦੇ ਮੁਖੀ ਹੋ, ਮਲਾਹ ਹੋ। ਇਹ ਹਿੱਸੇਦਾਰੀ ਤਾਂ ਹੀ ਨਿਭਣੀ ਐ ਜੇ ਹਰ ਕੰਮ ਸਲਾਹ ਨਾਲ ਕਰੋਗੇ…।”
ਅਜੈ ਤਨਵੀਰ ਪਹਿਲਾਂ ਗੀਤ ਲਿਖਦਾ ਹੁੰਦਾ ਸੀ। ਉਸ ਦੇ 30 ਦੇ ਕਰੀਬ ਵੱਖ-ਵੱਖ ਵਧੀਆ ਗਾਇਕਾਂ ਦੇ ਗਾਏ ਗੀਤ ਰਿਕਾਰਡ ਹੋ ਚੁਕੇ ਹਨ। ਅਜੈ ਦੇ ਗੀਤ ਪੀਟਾ ਚੰਦੇਲੀ ਵਾਲਾ ਦੇ ਨਾਂ ਹੇਠ ਰਿਕਾਰਡ ਹੋਏ ਸਨ। ਉਸ ਦਾ ਇਕ ਗੀਤ ਹੈ:
ਇਕ ਖਬਰ ਸੁਣੀ ਐ, ਖਬਰੇ ਝੂਠੀ ਏ ਜਾਂ ਸੱਚੀ,
ਪਾ ਕੇ ਯਾਰਾਂ ਦੀਆਂ ਝਾਂਜਰਾਂ, ਗੈਰਾਂ ਦੇ ਵਿਹੜੇ ਨੱਚੀ।
ਜਦੋਂ ਅਸੀਂ ਮਿਲੇ ਤਾਂ ਰਾਣੋ ਦੇ ਸਾਹਮਣੇ ਅਜੈ ਨੂੰ ਪੁੱਛਣਾ ਕਿ ਇਹ ਝਾਂਜਰਾਂ ਵਾਲੀ ਕੌਣ ਸੀ ਤੇ ਕਿਸ ਗੈਰ ਦੇ ਵਿਹੜੇ ਵਿਚ ਨੱਚੀ ਸੀ? ਵੈਸੇ ਗੀਤ ਬਹੁਤ ਸੋਹਣਾ। ਅਜੈ ਦੀ ਇਹ ਇਕੋ-ਇਕ ਕਮਜ਼ੋਰੀ ਹੈ ਕਿ ਉਹ ਤੁਹਾਡੀ ਪੂਰੀ ਗੱਲ ਕਈ ਵਾਰੀ ਸੁਣਨ ਤੋਂ ਪਹਿਲਾਂ ਹੀ ਤੁਹਾਨੂੰ ਟੋਕ ਦਿੰਦਾ।

ਅਜੈ ਦੀਆਂ ਕੁਝ ਗਜ਼ਲਾਂ ਦੇ ਸ਼ੇਅਰ
ਬੁਦੇ ਖੱਦਰ ਦੀਆਂ ਲੀਰਾਂ ‘ਚ ਠਰਦੇ ਬਾਲ ਸੜਕਾਂ ‘ਤੇ
ਦੁਸ਼ਾਲੇ ਮੰਦਿਰਾਂ ਵਿਚ ਵੰਡਦਾ ਮਾਲਕ ਰਿਆਸਤ ਦਾ।

ਚਿਰਾਗਾਂ ਨੂੰ ਬੁਝਾ ਦਿੱਤਾ ਜੇ ਨ੍ਹੇਰੀ ਨੇ ਤਾਂ ਕੀ ਹੋਇਆ
ਮੇਰੇ ਅੰਦਰ ਅਜੇ ਵੀ ਚਮਕਦੇ ਜੁਗਨੂੰ ਉਮੰਗਾਂ ਦੇ।

ਦੇਸ ਸਾਡਾ ਵੇਖ ਲੈ ਕਿੰਨੀ ਤਰੱਕੀ ਕਰ ਗਿਆ
ਲੋਕ ਬੂਟਾਂ ਦੀ ਜਗਾ ਚੱਪਲਾਂ ‘ਚ ਤਸਮੇ ਪਾ ਰਹੇ।

ਦਰਾਂ ਨੂੰ ਹੈ ਅਜੇ ਵੀ ਆਸ ਇਕ ਦਿਨ ਦੇਣਗੇ ਦਸਤਕ
ਉਨ੍ਹਾਂ ਨੂੰ ਫਿਕਰ ਜੇ ਹੋਇਆ ਕਦੇ ਆਪਣੀ ਵਿਰਾਸਤ ਦਾ।

ਅਸੀਂ ਸੁਣ ਕੇ ਤੇਰਾ ਫਤਵਾ ਕਦੇ ਵੀ ਲਿਫ ਨਹੀਂ ਸਕਦੇ
ਰਿਸ਼ੀ ਸ਼ੰਭੂਕ ਵਸਦਾ ਹੈ ਅਜੈ ਸਾਡੇ ਦਿਲਾਂ ਅੰਦਰ।

ਸਭ ਸੋਚਦੇ ਨੇ ਖਬਰੇ ਸ਼ੈਤਾਨ ਬਣ ਗਿਆ ਉਹ
ਪਰ ਜਾਤ ਧਰਮ ਛੱਡ ਕੇ ਇਨਸਾਨ ਬਣ ਗਿਆ ਉਹ।