ਪੰਜਾਬ ਨੇ ਸ਼ਰਾਬ ਉਤਪਾਦਨ ਦੇ ਸਾਰੇ ਰਿਕਾਰਡ ਤੋੜੇ

ਚੰਡੀਗੜ੍ਹ: ਪੰਜਾਬ ਸਰਕਾਰ ਦਾ ਖਜ਼ਾਨਾ ਭਰਨ ਵਿਚ ਸਭ ਤੋਂ ਵੱਧ ਯੋਗਦਾਨ ਪਾ ਰਹੀ ਸ਼ਰਾਬ ਤੇ ਬੀਅਰ ਦੇ ਉਤਪਾਦਨ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਕਾਰਜ ਲਈ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਅਹਿਮ ‘ਯੋਗਦਾਨ’ ਹੈ। ਇਸ ਦਾ ਇਕ ਕਾਰਨ ਪੰਜਾਬ ਅੰਦਰ ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਜੇਬਾਂ ਭਰਨ ਵਾਸਤੇ ਆਬਕਾਰੀ ਨੀਤੀ ਦੀ ਕੀਤੀ ਜਾ ਰਹੀ ਉਲੰਘਣਾ ਵੀ ਹੈ। ਇਸ ਵੇਲੇ ਪੰਜਾਬ ਦੇ ਪਿੰਡਾਂ ਦੀ ਗਲੀ-ਗਲੀ ਵਿਚ ਠੇਕੇ ਖੁੱਲ੍ਹ ਗਏ ਹਨ। ਜ਼ਿਕਰਯੋਗ ਹੈ ਕਿ ਬੱਚਿਆਂ ਦੇ ਖਾਣ ਵਾਲੀਆਂ ਵਸਤਾਂ ਵਿਚ 17 ਸਾਲਾਂ ਦੌਰਾਨ ਸਿਰਫ਼ 62 ਫੀਸਦੀ ਵਾਧਾ ਹੋਇਆ ਪਰ ਇਸ ਦੇ ਉਲਟ ਬੀਅਰ ਦੇ ਉਤਪਾਦਨ ਵਿਚ 209 ਪ੍ਰਤੀਸ਼ਤ, ਅੰਗਰੇਜ਼ੀ ਸ਼ਰਾਬ ਦੇ ਉਤਪਾਦਨ ਵਿਚ 131 ਫੀਸਦੀ ਤੇ ਦੇਸੀ ਸ਼ਰਾਬ ਦੇ ਉਤਪਾਦਨ ਵਿਚ 67 ਫੀਸਦੀ ਦਾ ਵਾਧਾ ਹੋਇਆ ਹੈ। ਬੀਅਰ ਦੇ ਉਤਪਾਦਨ ਨੂੰ ਵਧਾਉਣ ਲਈ ਸ਼ਹਿਰੀ ਨੌਜਵਾਨ ਪੀੜ੍ਹੀ ਦੇ ਮੁੰਡੇ-ਕੁੜੀਆਂ ਵੱਡਾ ਯੋਗਦਾਨ ਪਾ ਰਹੀਆਂ ਹਨ।
ਸਰਕਾਰ ਦੇ ਅਰਥ ਤੇ ਅੰਕੜਾ ਸੰਗਠਨ ਮੁਤਾਬਕ ਸੂਬੇ ਵਿਚ ਦੇਸੀ ਸ਼ਰਾਬ ਦਾ ਉਤਪਾਦਨ 1993 ਵਿਚ 17 ਹਜ਼ਾਰ 657 ਲੀਟਰ ਸੀ ਜੋ 2010 ਦੇ ਚਾਲੂ ਵਰ੍ਹੇ ਤੱਕ ਵਧ ਕੇ 29 ਹਜ਼ਾਰ 445 ਲੀਟਰ ਹੋ ਗਿਆ ਜਿਸ ਵਿਚ 66æ77 ਫੀਸਦੀ ਦਾ ਵਾਧਾ ਹੋਇਆ। ਇਹ 2005-06 ਵਿਚ 24644 ਲੀਟਰ, 2006-07 ਵਿਚ 25844, 2007-08 ਵਿਚ 26994, 2008-09 ਵਿਚ ਵਧ ਕੇ 28192 ਲੀਟਰ ਹੋ ਗਿਆ। ਇਸ ਦੇ ਉਲਟ ਬੱਚਿਆਂ ਦੇ ਖਾਣ ਲਈ ਬਣਨ ਵਾਲੇ ਪਦਾਰਥਾਂ ਵਿਚ ਸਿਰਫ਼ 60 ਫੀਸਦੀ ਦਾ ਹੀ ਵਾਧਾ ਹੋਇਆ। 1993 ਵਿਚ ਇਹ 35 ਟਨ ਤੋਂ ਵਧ ਕੇ 2009-10 ਤੱਕ 56 ਟਨ ਤੱਕ ਹੀ ਹੋ ਸਕਿਆ। 2007 ਤੋਂ ਬਾਅਦ ਇਸ ਵਿਚ ਪ੍ਰਤੀ ਸਾਲ ਸਿਰਫ਼ ਦੋ ਟਨ ਦਾ ਵਾਧਾ ਹੀ ਹੋ ਰਿਹਾ ਹੈ।
ਉਧਰ ਪੰਜਾਬ ਵਿਚ ਬੀਅਰ ਦੇ ਉਤਪਾਦਨ ਨੇ ਨਵੇਂ ਕੀਰਤੀਮਾਨ ਕਾਇਮ ਕੀਤੇ ਹਨ। ਇਸ ਦੇ ਉਤਪਾਦਨ ਵਿਚ 17 ਸਾਲਾਂ ਦੇ ਅਰਸੇ ਦੌਰਾਨ 209 ਫੀਸਦੀ ਦਾ ਵਾਧਾ ਰਿਕਾਰਡ ਕੀਤਾ ਗਿਆ ਹੈ। 1993-94 ਵਿਚ ਇਸ ਦੀ ਪੈਦਾਵਾਰ 15 ਹਜ਼ਾਰ 365 ਲੀਟਰ ਸੀ ਜੋ 2009-10 ਦੇ ਚਾਲੂ ਅਰਸੇ ਤੱਕ ਵਧ ਕੇ 47 ਹਜ਼ਾਰ 496 ਲੀਟਰ ਤੱਕ ਪੁੱਜ ਗਈ। ਇਹ 2005-06 ਵਿਚ 29 ਹਜ਼ਾਰ ਲੀਟਰ, 2006-07 ਵਿਚ 34 ਹਜ਼ਾਰ 292 ਲੀਟਰ, 2007-08 ਵਿਚ 36 ਹਜ਼ਾਰ 502 ਲੀਟਰ ਤੇ 2008-09 ਵਿਚ 41 ਹਜ਼ਾਰ 638 ਲੀਟਰ ਪੈਦਾ ਕੀਤੀ ਗਈ ਜਿਥੇ ਬੀਅਰ ਦੇ ਉਤਪਾਦਨ ਵਿਚ 17 ਸਾਲ ਅੰਦਰ 32 ਹਜ਼ਾਰ 131 ਲੀਟਰ ਦਾ ਵਾਧਾ ਹੋਇਆ।
________________________________________
ਔਰਤਾਂ ਵੀ ਬਣੀਆਂ ਸ਼ਰਾਬ ਦੀਆਂ ਠੇਕੇਦਾਰ
ਪੰਜਾਬ ਵਿਚ ਹੁਣ ਔਰਤਾਂ ਵੀ ਸ਼ਰਾਬ ਦੇ ਠੇਕਿਆਂ ਵਿਚ ਆਪਣੀ ਹਿੱਸੇਦਾਰੀ ਵਧਾਉਣ ਲੱਗੀਆਂ ਹਨ। ਰਾਜ ਵਿਚ ਲਾਟਰੀ ਸਿਸਟਮ ਲਾਗੂ ਹੋਣ ਤੋਂ ਬਾਅਦ ਰਾਜ ਅੰਦਰ 700 ਦੇ ਤਕਰੀਬਨ ਔਰਤਾਂ ਸ਼ਰਾਬ ਦੀ ਠੇਕੇਦਾਰੀ ਕਰ ਚੁੱਕੀਆਂ ਹਨ ਜਿਨ੍ਹਾਂ ਵਿਚੋਂ ਕਈ ਔਰਤਾਂ ਸ਼ਰਾਬ ਦੇ ਥੋਕ ਦਾ ਕੰਮ ਵੀ ਕਰ ਰਹੀਆਂ ਸਨ। ਸ਼ਰਾਬ ਦੇ ਠੇਕੇ ਲੈਣ ਦੀ ਇਹ ਗਿਣਤੀ ਹਰ ਸਾਲ ਵਧਦੀ ਹੀ ਜਾ ਰਹੀ ਹੈ।
ਸਾਲ 2011 ਵਿਚ ਪਟਿਆਲੇ ਜ਼ਿਲ੍ਹੇ ਅੰਦਰ ਚਾਰ ਔਰਤਾਂ ਦੇ ਨਾਂ ‘ਤੇ ਸ਼ਰਾਬ ਦੇ ਠੇਕੇ ਚੱਲ ਰਹੇ ਸਨ। ਇਸ ਮਾਮਲੇ ਵਿਚ ਲੁਧਿਆਣਾ ਜ਼ਿਲ੍ਹਾ ਸਭ ਤੋਂ ਮੋਹਰੀ ਚੱਲ ਰਿਹਾ ਹੈ। ਲਾਟਰੀ ਸਿਸਟਮ ਰਾਹੀਂ ਸ਼ਰਾਬ ਦੇ ਠੇਕੇ ਦਿੱਤੇ ਜਾਣ ਤੋਂ ਬਾਅਦ ਹਰ ਜ਼ਿਲ੍ਹੇ ਵਿਚ ਔਰਤਾਂ ਠੇਕਿਆਂ ਦੀ ਮਾਲਕੀ ਲੈ ਰਹੀਆਂ ਹਨ। ਪਿਛਲੇ ਸਾਲਾਂ ਦੌਰਾਨ ਪਟਿਆਲੇ ਜ਼ਿਲ੍ਹੇ ਅੰਦਰ ਵੀ ਲਗਾਤਾਰ ਔਰਤਾਂ ਸ਼ਰਾਬ ਦੇ ਠੇਕਿਆਂ ਦੀਆਂ ਮਾਲਕ ਰਹੀਆਂ ਹਨ।
ਬੀਤੇ ਸਾਲ ਤਕਰੀਬਨ 1626 ਔਰਤਾਂ ਨੇ ਲਾਟਰੀ ਪਾਈ ਸੀ ਜਿਨ੍ਹਾਂ ਵਿਚੋਂ 200 ਸ਼ਰਾਬ ਦੇ ਠੇਕਿਆਂ ਦੀਆਂ ਔਰਤਾਂ ਮਾਲਕ ਬਣ ਗਈਆਂ। ਸਾਲ 2011 ਵਿਚ 1492 ਔਰਤਾਂ ਨੇ ਅਰਜ਼ੀਆਂ ਦਿੱਤੀਆਂ ਸਨ ਜਿਨ੍ਹਾਂ ਨੂੰ 150 ਸ਼ਰਾਬ ਦੇ ਠੇਕੇ ਮਿਲੇ। ਸਾਲ 2010-11 ਦੌਰਾਨ 1316 ਔਰਤਾਂ ਵਿਚੋਂ 29 ਨੂੰ 125 ਸ਼ਰਾਬ ਦੇ ਠੇਕੇ ਮਿਲੇ। ਸਾਲ 2009 ਦੌਰਾਨ 1369 ਔਰਤਾਂ ਨੇ ਅਰਜ਼ੀਆਂ ਦਿੱਤੀਆਂ। ਲੁਧਿਆਣਾ ਜ਼ਿਲ੍ਹੇ ਅੰਦਰ ਹੀ 2008 ਤੋਂ 2012 ਤੱਕ 2559 ਔਰਤਾਂ ਨੇ ਸ਼ਰਾਬ ਦੇ ਠੇਕੇ ਲੈਣ ਲਈ ਅਰਜ਼ੀ ਫ਼ੀਸ ਭਰੀ ਤੇ ਸਾਲ 2012 ਵਿਚ ਸੱਤ ਔਰਤਾਂ ਦਰਜਨ ਭਰ ਸ਼ਰਾਬ ਦੇ ਠੇਕੇ ਚਲਾ ਰਹੀਆਂ ਸਨ।
________________________________
ਪੰਜਾਬ ਦੀ ਜਵਾਨੀ ਨੂੰ ਲੱਗਾ ਮਹਿੰਗੇ ਨਸ਼ਿਆਂ ਦਾ ਗ੍ਰਹਿਣ!
ਚੰਡੀਗੜ੍ਹ: ਪੰਜਾਬ ਸਰਕਾਰ ਦੀ ਨਾਲਾਇਕੀ ਤੇ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਇਸ ਕਦਰ ਧਸ ਰਹੀ ਹੈ ਕਿ ਹੈਰੋਇਨ ਤੇ ਚਰਸ ਵਰਗੇ ਮਹਿੰਗੇ ਨਸ਼ੇ ਵੀ ਉਨ੍ਹਾਂ ਦੇ ਸ਼ੌਕ ਬਣਦੇ ਜਾ ਰਹੇ ਹਨ। ਸੌਖਿਆਂ ਹੀ ਮਿਲ ਰਹੇ ਇਨ੍ਹਾਂ ਨਸ਼ਿਆਂ ਨੇ ਵੱਡਿਆਂ ਘਰਾਂ ਦੇ ਕਾਕਿਆਂ ਦੇ ਨਾਲ-ਨਾਲ ਆਮ ਘਰ ਵੀ ਉਜਾੜ ਸੁੱਟੇ ਹਨ। ਬੀਤੇ ਕੁਝ ਮਹੀਨਿਆਂ ਵਿਚ ਸਰਹੱਦੀ ਇਲਾਕਿਆਂ ਵਿਚੋਂ ਬੀਐਸਐਫ ਵੱਲੋਂ ਬਰਾਮਦ ਕੀਤੇ ਭਾਰੀ ਮਾਤਰਾ ਵਿਚ ਨਸ਼ਿਆਂ ਨੇ ਪੰਜਾਬ ਵਿਚ ਇਸ ਦੀ ਮੰਗ ਤੋਂ ਪਰਦਾ ਚੁੱਕਿਆ ਹੈ।
ਬੀਐਸਐਫ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਸਰਹੱਦ ਪਾਰੋਂ ਹੁੰਦੀ ਨਸ਼ੇ ਦੀ ਸਪਲਾਈ ਵਿਚ ਅਫੀਮ ਤੇ ਭੁੱਕੀ ਜਿਹੇ ਨਸ਼ੇ ਨਾ ਮਾਤਰ ਹੀ ਹਨ ਤੇ ਇਸ ਦੀ ਥਾਂ ਹੈਰੋਇਨ ਤੇ ਚਰਸ ਵਰਗੇ ਮਹਿੰਗੇ ਨਸ਼ਿਆਂ ਨੇ ਲਈ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਬਰਾਮਦਗੀ ਦੇ ਮਾਮਲਿਆਂ ਵਿਚ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਜਾਂਦੇ ਕੇਸਾਂ ਵਿਚੋਂ ਤਕਰੀਬਨ 25 ਫ਼ੀਸਦ ਮੁਲਜ਼ਮ ਬਰੀ ਹੋ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕਈ ਵੱਡੇ ਫਾਰਮ ਹਾਊਸਾਂ ਵਿਚ ਹੁੰਦੀਆਂ ਰੇਵ ਪਾਰਟੀਆਂ ਵਿਚ ਜ਼ਿਆਦਾਤਰ ਸਮੈਕ, ਹੈਰੋਇਨ, ਕੋਕੀਨ ਤੇ ਚਰਸ ਜਿਹੇ ਮਹਿੰਗੇ ਨਸ਼ਿਆਂ ਦੀ ਵਰਤੋਂ ਹੁੰਦੀ ਹੈ। ਅਜਿਹੀਆਂ ਪਾਰਟੀਆਂ ਵਿਚ ਜ਼ਿਆਦਾਤਰ ਵੱਡੇ ਘਰਾਂ ਦੇ ਕਾਕੇ ਸ਼ਾਮਲ ਹੁੰਦੇ ਹਨ। ਪੰਜਾਬ ਪੁਲਿਸ ਹੈੱਡਕੁਆਰਟਰ ਤੋਂ ਮਿਲੇ ਅੰਕੜਿਆਂ ਮੁਤਾਬਕ ਇਸ ਵਰ੍ਹੇ 31 ਮਾਰਚ ਤੱਕ ਸੂਬੇ ਵਿਚੋਂ 117 ਕਿਲੋ ਹੈਰੋਇਨ ਤੇ 63 ਕਿਲੋ ਚਰਸ ਬਰਾਮਦ ਹੋਈ ਹੈ ਜਦੋਂਕਿ ਸਾਲ 2011 ਦੇ ਬਾਰ੍ਹਾਂ ਮਹੀਨਿਆਂ ਵਿਚ 101 ਕਿਲੋ ਹੈਰੋਇਨ ਬਰਾਮਦ ਹੋਈ ਸੀ।
ਸਾਲ 2009 ਵਿਚ 150 ਕਿੱਲੋ ਤੇ 2010 ਵਿਚ 188 ਕਿਲੋ ਹੈਰੋਇਨ ਬਰਾਮਦ ਹੋਈ ਸੀ। ਪਿਛਲੇ ਵਰ੍ਹੇ 278 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸੇ ਤਰ੍ਹਾਂ ਸਾਲ 2007 ਤੇ 2009 ਦੌਰਾਨ 98-98 ਕਿਲੋ ਚਰਸ ਬਰਾਮਦ ਹੋਈ ਸੀ। ਸਾਲ 2008 ਦੌਰਾਨ 107 ਕਿੱਲੋ ਤੇ 2010 ਦੌਰਾਨ 131 ਕਿਲੋ ਚਰਸ ਬਰਾਮਦ ਹੋਈ ਸੀ। ਪਿਛਲੇ ਵਰ੍ਹੇ 135 ਕਿਲੋ ਚਰਸ ਬਰਾਮਦ ਕੀਤੀ ਗਈ ਸੀ। ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਵੱਡੀ ਮਾਤਰਾ ਵਿਚ ਹੈਰੋਇਨ ਤੇ ਚਰਸ ਬਰਾਮਦ ਹੋਣ ਕਾਰਨ ਪੁਲਿਸ ਇਸ ਦੀਆਂ ਜੜ੍ਹਾਂ ਦੀ ਸੂਹ ਲਾਉਣ ਲਈ ਲੱਗੀ ਹੋਈ ਹੈ।
ਇਸ ਤੋਂ ਇਲਾਵਾ ਇਸ ਵਰ੍ਹੇ ਦੇ ਪਹਿਲੇ ਤਿੰਨ ਮਹੀਨਿਆਂ ਵਿਚ 29, 681 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ ਜਦੋਂਕਿ ਪਿਛਲੇ ਸਾਰੇ ਸਾਲ ਵਿਚ 1,50,299 ਕਿਲੋ ਭੁੱਕੀ ਬਰਾਮਦ ਕੀਤੀ ਸੀ। ਇਸ ਵਰ੍ਹੇ ਪਹਿਲੇ ਤਿੰਨ ਮਹੀਨਿਆਂ ਵਿਚ ਪੁਲਿਸ ਨੇ 178 ਕਿਲੋ ਅਫੀਮ ਬਰਾਮਦ ਕੀਤੀ ਹੈ। ਪਿਛਲੇ ਵਰ੍ਹੇ 1102 ਕਿਲੋ ਅਫੀਮ ਬਰਾਮਦ ਕੀਤੀ ਸੀ। ਪੁਲਿਸ ਵੱਲੋਂ ਰਾਜ ਵਿਚ ਇਸ ਵਰ੍ਹੇ ਪਹਿਲੇ ਤਿੰਨ ਮਹੀਨਿਆਂ ਵਿਚ ਨੌਂ ਕਿਲੋ ਸਮੈਕ ਬਰਾਮਦ ਕੀਤੀ ਹੈ ਜਦੋਂਕਿ ਪਿਛਲੇ ਵਰ੍ਹੇ 42 ਕਿਲੋ ਸਮੈਕ ਬਰਾਮਦ ਕੀਤੀ ਸੀ।
ਸਾਲ 2007 ਦੌਰਾਨ 32 ਕਿਲੋ ਤੇ 2011 ਦੌਰਾਨ 26 ਕਿਲੋ ਸਮੈਕ ਫੜੀ ਗਈ ਸੀ। ਪਿਛਲੇ ਪੰਜ ਸਾਲਾਂ ਦੌਰਾਨ ਪੁਲਿਸ ਵੱਲੋਂ ਔਸਤਨ ਹਰੇਕ ਵਰ੍ਹੇ ਤਕਰੀਬਨ 43 ਕਿਲੋ ਸਮੈਕ ਬਰਾਮਦ ਕੀਤੀ ਜਾ ਰਹੀ ਹੈ।
ਉਂਜ ਇਸ ਵਰ੍ਹੇ ਪੁਲਿਸ ਨੇ ਕੋਕੀਨ ਨਾਂਮਾਤਰ (0æ015 ਕਿੱਲੋ) ਹੀ ਬਰਾਮਦ ਕੀਤੀ ਹੈ। ਦੇਰ ਰਾਤ ਤੱਕ ਚੱਲਣ ਵਾਲੀਆਂ ਅਮੀਰਜ਼ਾਦਿਆਂ ਦੀਆਂ ਪਾਰਟੀਆਂ ਵਿਚ ਕੋਕੀਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀਆਂ ਰਿਪੋਰਟਾਂ ਹਨ। ਪਿਛਲੇ ਵਰ੍ਹੇ ਪੰਜਾਬ ਪੁਲਿਸ ਨੇ 2æ6 ਕਿਲੋ ਕੋਕੀਨ ਬਰਾਮਦ ਕੀਤੀ ਸੀ। 2008 ਵਿਚ ਸਭ ਤੋਂ ਵੱਧ 7æ42 ਕਿਲੋ ਕੋਕੀਨ ਬਰਾਮਦ ਕੀਤੀ ਗਈ ਸੀ। ਸਾਲ 2007 ਵਿਚ ਸਿਰਫ਼ 0æ006 ਕਿਲੋ ਕੋਕੀਨ ਬਰਾਮਦ ਕੀਤੀ ਸੀ।

Be the first to comment

Leave a Reply

Your email address will not be published.