ਗੁਰਪ੍ਰੀਤ ਸਹਿਜੀ ਦਾ ਖੇਡ ਬਿਰਤਾਂਤ

ਪ੍ਰਿੰ. ਸਰਵਣ ਸਿੰਘ
ਗੁਰਪ੍ਰੀਤ ਸਹਿਜੀ ਕਬੱਡੀ ਦਾ ਗਲਪ ਲੇਖਕ ਹੈ। ਵੇਖਣ ਨੂੰ ਉਹ ਓਨਾ ਨਹੀਂ ਲੱਗਦਾ, ਜਿੰਨਾ ਹੈਗਾ। ਵੇਖਣ ਨੂੰ ਅਮਲੀ ਜਿਹਾ ਲੱਗਦੈ, ਪਰ ਹੈ ਅਵੱਲੀ ਲੇਖਣੀ ਦਾ ਚੈਂਪੀਅਨ। ਵਿਆਹ ਤੋਂ ਪਹਿਲਾਂ ਪੰਜਾਹ ਕੁ ਕਿੱਲੋ ਦਾ ਸੀ, ਹੁਣ ਸੱਠ ਕਿੱਲੋ ਦਾ ਹੋਊ। ਖੇਡ ਮੇਲਿਆਂ ‘ਚ ਕਬੱਡੀ ਖਿਡਾਰੀਆਂ ਨਾਲ ਫਿਰਦਾ ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਨੇ ਲੀੜਿਆਂ ਦੀ ਰਾਖੀ ਲਈ ਲਿਆਂਦਾ ਹੋਊ! ਪਰ ਜਦੋਂ ਮਿਲਿਆ ਤਾਂ ਕਬੱਡੀ ਲੇਖਕ ਨਿਕਲਿਆ। ਮੈਂ ਉਹਦੀਆਂ ਖੇਡ ਪੁਸਤਕਾਂ ‘ਤੇ ਨਜ਼ਰ ਮਾਰੀ ਤਾਂ ਊਟ ਪਟਾਂਗ ਨਾਂ ਪੜ੍ਹ ਕੇ ਕੁਝ ਹੈਰਾਨ ਵੀ ਹੋਇਆ!

ਨਾਂ ਰੱਖੇ ਹਨ: ਮਸਤ ਕਬੱਡੀ ਫੰਨੇ ਖਾਂ ਗੁਰਜੀਤ ਤੂਤ, ਹਟ ਕਬੱਡੀ ਸ਼ਾਵਾਸ਼ੇ ਹਰਜੀਤ ਬਾਜਾਖਾਨਾ ਅੰਬੀ ਹਠੂਰ, ਸ਼ੀ.. ਸ਼ੀ.. ਕਬੱਡੀ ਅਸ਼ਕੇ! ਕੁਲਜੀਤ ਮਲਸੀਆਂ ਮੰਗੀ ਸ਼ਾਹਕੋਟ, ਗੁਰਜੀਤ ਤੂਤ-ਕਬੱਡੀ ਦੀ ਸੁਨਹਿਰੀ ਪੈੜ, ਕਬੱਡੀ ਸ਼ਾਰਾ-ਰਾਰਾ ਅਤੇ ਬਿੱਟੂ ਦੁਗਾਲ ਦੀ ਜੀਵਨ ਕਹਾਣੀ ‘ਗੁੱਜਰ’। ਉਸ ਦੀਆਂ ਹੋਰਨਾਂ ਕਿਤਾਬਾਂ ਦੇ ਨਾਂ ਹਨ, ਸਰਕਲ, ਸੀਕਰੇਟ, ਜਿਗੇਲੋ/ਰੱਬ ਦਾ ਸਕਾਲਰ, ਗੜਸ, ਬਲੌਰਾ, ਚੰਦ ਭਾਣ ਦਾ ਟੇਸ਼ਨ, ਪਤੰਦਰ, ਚੋਰ-ਪੱਤਾ..ਮੈਂ ਹਾਂ ਜਸੂਰੀਆ, ਹਵਾ ਸਿੰਘ ਚੇਪੀ ਵਾਲਾ, ਪੰਜੀ ਦਾ ਭੌਣ ਤੇ ਰਾਣੀ ਖਾਂ ਦੇ ਜੀਜੇ ਆਦਿ। ਉਹ ਭਾਰਤੀ ਸਾਹਿਤ ਅਕੈਡਮੀ ਵੱਲੋਂ 2018 ਦਾ ਯੁਵਾ ਸਾਹਿਤ ਅਵਾਰਡ ਜੇਤੂ ਹੈ; ਪਰ ਹੈ ਅਣਗੌਲਿਆ।
ਉਹ ਪਿੰਡ ਪੰਨੀਵਾਲਾ ਫੱਤਾ ਜਿਲਾ ਮੁਕਤਸਰ ਵਿਚ ਸਰਦਾਰੀ ਪਿਛੋਕੜ ਵਾਲੇ ਜਗਸੀਰ ਸਿੰਘ ਉਰਫ ‘ਸੀਰੇ ਵੈਲੀ’ ਦੇ ਘਰ 4 ਅਕਤੂਬਰ 1988 ਨੂੰ ਜੰਮਿਆ ਸੀ। ਉਹਦੀ ਮਾਂ ਸਿਰਫ 13 ਸਾਲਾਂ ਦੀ ਸੀ ਤੇ ਬਾਪ 38 ਸਾਲਾਂ ਦਾ, ਜਦ ਉਨ੍ਹਾਂ ਦਾ ਵਿਆਹ ਹੋਇਆ। ਆਪਣੀ ਹੱਡਬੀਤੀ ਵਿਚ ਉਹ ਸਨਸਨੀਖੇਜ਼ ਪ੍ਰਗਟਾਵੇ ਕਰਦਾ ਹੈ। ਉਹ ਤਿੰਨ ਸਾਲ ਦਾ ਸੀ, ਜਦੋਂ ਪਿਉ ਦਾ ਸਾਇਆ ਸਿਰ ਤੋਂ ਉਠ ਗਿਆ। ਵਿਧਵਾ ਹੋਈ ਮੁਟਿਆਰ ਮਾਂ ਦਾ ਕੋਈ ਹੋਰ ਬੱਚਾ ਨਹੀਂ ਸੀ। ਦੂਜਾ ਵਿਆਹ ਇਸ ਕਰਕੇ ਨਾ ਕਰਾਇਆ ਕਿ ਪੁੱਤ ਰੁਲ ਨਾ ਜਾਵੇ। ਉਹ ਮਾਂ ਨਾਲ ਨਾਨਕੀਂ-ਦਾਦਕੀਂ ਆਸਰਾ ਲੱਭਦਾ ਪਰਉਪਕਾਰੀ ਭੂਆ ਦੇ ਪੈਰੋਂ ਮਸਾਂ ਪੈਰਾਂ ਸਿਰ ਹੋਇਆ। ਇਹ ਸਾਰਾ ਕੁਝ ਉਸ ਦੀ ਸਵੈਜੀਵਨੀ ‘ਚੋਰ-ਪੱਤਾ…ਮੈਂ ਹਾਂ ਜਸੂਰੀਆ’ ਵਿਚੋਂ ਪੜ੍ਹਿਆ ਜਾ ਸਕਦੈ, ਜਿਸ ਦੇ ਮੁੱਖ ਪੰਨੇ ‘ਤੇ ਇਹ ਸ਼ਬਦ ਅੰਕਿਤ ਹਨ, “ਮੈਂ ਕੱਪੜੇ ਤਾਂ ਆਪਣੇ ਉਤਾਰ ਰਿਹਾ ਹਾਂ, ਪਰ ਨੰਗੇ ਪਤਾ ਨਹੀਂ ਕੌਣ ਕੌਣ ਹੋ ਰਹੇ ਨੇ?”
ਸਵੈਜੀਵਨੀ ਦਾ ਅਰੰਭ ਉਸ ਨੇ ਇੰਜ ਕੀਤਾ: ਭਾਵੇਂ ਸਾਡੇ ਘਰਾਂ ਦੀ ਏਰੀਏ ਵਿਚ ਠੁੱਕ ਬੱਝੀ ਹੋਈ ਸੀ, ਪਰ ਫੇਰ ਵੀ ਪਾਪੇ ਨੂੰ ਸਾਕ ਨਹੀਂ ਸੀ ਹੁੰਦਾ ਕਿਉਂਕਿ ਮੇਰੇ ਬਾਪ ਦਾ ਵਾਹ ਵਾਸਤਾ ਓਸ ਟੱਬਰ ਨਾਲ ਸੀ, ਜੀਹਨੇ ਅੱਸੀ ਘੁਮਾਂ ਪੈਲੀ ਵਿਚੋਂ ਅੱਧੀ ਪੈਲੀ ਕਤਲ ਕੇਸਾਂ ਵਿਚ ਫੂਕ ਦਿੱਤੀ ਸੀ…।
ਸਹਿਜੀ ਨੇ ਨਿੱਕੀ ਉਮਰੇ ਵੀਹ ਕੁ ਕਿਤਾਬਾਂ ਲਿਖ ਮਾਰੀਆਂ ਹਨ ਅਤੇ ਆਏ ਦਿਨ ਹੋਰ ਲਿਖੀ ਜਾ ਰਿਹੈ। ਕਿਤਾਬ ਲਿਖਣ ਨੂੰ ਉਹ ਖੱਬੇ ਹੱਥ ਦਾ ਖੇਲ ਸਮਝਦੈ। ਇਕੋ ਦਿਨ ‘ਚ ਖਿਡਾਰੀ ਦੀ ਸੰਖੇਪ ਜੀਵਨੀ ਤੇ ਇਕ ਹਫਤੇ ‘ਚ ਨਾਵਲ ਲਿਖਣ ਦੇ ਦਾਅਵੇ ਕਰਦੈ। ਪਲੇਠਾ ਨਾਵਲ ਉਸ ਨੇ ਸਕੂਲੇ ਪੜ੍ਹਦਿਆਂ ਹੀ ਲਿਖ ਮਾਰਿਆ ਸੀ, ਜਿਸ ਦਾ ਮੁੱਖਬੰਦ ਗਲਪ ਆਲੋਚਕ ਡਾ. ਜੋਗਿੰਦਰ ਸਿੰਘ ਰਾਹੀ ਨੇ ਲਿਖਿਆ। ਉਦੋਂ ਉਸ ਨੇ ਸਕੂਲ ਪੜ੍ਹਦੀ ਇਕ ਕੁੜੀ ਨੂੰ ਖੂਨ ਨਾਲ ਪ੍ਰੇਮ ਪੱਤਰ ਵੀ ਲਿਖਿਆ। ਇਹ ਵੱਖਰੀ ਗੱਲ ਹੈ ਖੂਨ ਉਹਦਾ ਆਪਣਾ ਨਹੀਂ, ਸਗੋਂ ਇਕ ਕੁੱਤੇ ਦਾ ਸੀ। ਕੁੱਤਾ ਵਫਾਦਾਰ ਜੁ ਹੋਇਆ! ਉਹ ਉਸ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਉਹਦੇ ਮਾਮੇ ਨੇ ਆਖਿਆ, ਜਾਹ ਕਿਤੋਂ ਪੰਜਾਹ ਰੁਪਈਏ ਤਾਂ ਕਮਾ ਕੇ ਦਿਖਾ, ਫੇਰ ਮੈਂ ਰਿਸ਼ਤਾ ਵੀ ਕਰਵਾ-ਦੂੰ। ਉਹਦੀਆਂ ਅਜਿਹੀਆਂ ਗੱਲਾਂ ਦਾ ਕੋਈ ਅੰਤ ਨਹੀਂ, ਜਿਸ ਕਰਕੇ ਜੱਜ ਕਰਨਾ ਔਖਾ ਕਿ ਗੱਲਾਂ ਵਿਚ ਸੱਚ ਕਿੰਨਾ ਤੇ ਗਲਪੀ ਮਸਾਲਾ ਕਿੰਨਾ?
ਗੱਲਾਂ-ਗੱਲਾਂ ਵਿਚ ਉਹ ਦਿਲ ਦੀ ਗੱਲ ਵੀ ਦਸਦਾ ਹੈ ਕਿ ਪਹਿਲਾਂ ਮੇਰਾ ਜੀਅ ਕਰਦਾ ਸੀ ਬਈ ਬਲਵੰਤ ਗਾਰਗੀ ਵਰਗਾ ਬਣਾਂ। ਕੈਨੇਡਾ-ਅਮਰੀਕਾ ਦੀ ਕਿਸੇ ਗੋਰੀ ਨਾਲ ਵਿਆਹ ਕਰਾ ਕੇ ਬੁੱਲੇ ਲੁੱਟਾਂ। ਫਿਰ ਸੋਚਿਆ, ਖੁਸ਼ਵੰਤ ਸਿੰਘ ਵਰਗਾ ਪੱਤਰਕਾਰ ਬਣਾਂ, ਮਸ਼ਹੂਰ ਹੋਵਾਂ, ਮੌਜ ਮੇਲਾ ਕਰਾਂ। ਫਿਰ ਕ੍ਰਿਕਟ ਖਿਡਾਰੀ ਸਨਥ ਜੇਸੂਰਿਆ ਬਣਨ ਦੀ ਸੋਚੀ ਅਤੇ ਥਾਪਾ ਚੁੱਕ ਕੇ ਕ੍ਰਿਕਟ ਖੇਡਣ ਲੱਗਾ। ਆਖਰ ਬਣਿਆ ਮੈਰਿਜ ਪੈਲਸਾਂ ਦਾ ਵੇਟਰ ਵੀ, ਵੀਡੀਓ ਬਣਾਉਣ ਵਾਲਾ ਵੀ, ਡੀ. ਜੇ. ਵਾਲਾ ਵੀ ਅਤੇ ਹੋਰ ਕਈ ਪੰਗੇ ਲੈਣ ਵਾਲਾ ਵੀ। ਹੁਣ ਦੱਸਦਾ ਹੈ, ਫਿਲਮਾਂ ਦੇ ਡਾਇਲਾਗ ਲਿਖ ਰਿਹਾਂ, ਜਿਨ੍ਹਾਂ ਨਾਲ ਛੇਤੀ ਹੀ ਕਾਰ ਕੋਠੀ ਵਾਲਾ ਬਣਾਂਗਾ। ਕਬੱਡੀ ਵਾਲਿਆਂ ਨਾਲ ਇਸ ਕਰਕੇ ਤੁਰਿਆ ਫਿਰਦਾ ਰਿਹਾਂ ਕਿ ਕਿਸੇ ਕਬੱਡੀ ਪ੍ਰੋਮੋਟਰ ਦੇ ਜੁਗਾੜ ਨਾਲ ਪੱਛਮੀ ਮੁਲਕਾਂ ਵਿਚ ਜਾਵਾਂ ਜਿਥੇ ਗਾਰਗੀ ਬਣ ਕੇ ਵਿਖਾਵਾਂ। ਹੁਣ ਪੜ੍ਹੋ ਉਹਦੇ ਨਵੇਂ ਨਾਵਲ ‘ਗੁੱਜਰ’ ਦਾ ਇਕ ਅਧਿਆਏ। ਉਹਦਾ ਪਹਿਲਾ ਵਾਕ ਹੈ, “ਉਹ ਕਿੱਸੇ ਸੁਣਾਉਣ ਦਾ ਕੋਈ ਫਾਇਦਾ ਨਹੀਂ, ਜਿਨ੍ਹਾਂ ਨੂੰ ਸੁਣ ਕੇ ਕਿਸੇ ਦੇ ਅੰਦਰ ਜਿਉਣ ਦੀ ਚਾਹਤ ਨਾ ਪੈਦਾ ਹੋਵੇ।”
ਦੁੱਖ ਜਿੰਦੜੀ ਨੇ ਸਹਿਣੇ,
ਸਿਰ ‘ਤੇ ਮਾਪੇ ਨੀ ਰਹਿਣੇ!
ਦੁੱਖ ਮਾਪਿਆਂ ਨੇ ਸਹਿਣੇ,
ਸੱਜਣਾਂ ਪੁੱਤ ਨਹੀਂ ਰਹਿਣੇ!
ਅੱਜ ਤੋਂ ਕਰੀਬ ਪੱਚੀ ਸਾਲ ਪਹਿਲਾਂ…!
ਸਰੋਵਰ ਨੂੰ ਸਿਰਫ ਦੋਸਤੀ ਦੇ ਰਿਸ਼ਤੇ ਤੱਕ ਰੱਖਣਾ, ਮੇਰੇ ਲਈ ਜ਼ਮੀਰ ਨਾਲ ਧੋਖਾ ਕਰਨ ਤੋਂ ਘੱਟ ਨਹੀਂ। ਜਿੰਨੀ ਜ਼ਿੰਦਗੀ ਮੈਂ ਉਹਦੇ ਨਾਲ ਮਿਲ ਕੇ ਜੀਅ ਲਈ ਹੈ, ਸ਼ਾਇਦ ਓਨੀ ਤਾਂ ਮੇਰੀ ਹੁਣ ਤੱਕ ਦੀ ਉਮਰ ਵੀ ਨਹੀਂ। ਉਮਰ ‘ਚ ਚਾਹੇ ਮੈਂ ਤੀਹ ਸਾਲਾਂ ਦੇ ਕਰੀਬ ਹਾਂ, ਪਰ ਪਾ ਏਨਾ ਕੁਝ ਲਿਆ, ਜਿੰਨਾ ਕੋਈ ਦੋ ਜਨਮਾਂ ਵਿਚ ਵੀ ਹਾਸਲ ਨਹੀਂ ਕਰ ਸਕਦਾ। ਜ਼ਿੰਦਗੀ ਤਾਂ ਸਿਰਫ ਉਹੀ ਹੁੰਦੀ ਐ, ਜਿਸ ਨੂੰ ਮਰਜ਼ੀ ਨਾਲ ਜੀਇਆ ਜਾਂਦਾ! ਬਾਕੀ ਤਾਂ ਜੂਨ ਭੋਗਣੀ ਹੀ ਹੁੰਦੀ ਹੈ…।
ਖੈਰ, ਮੈਂ ਸਰੋਵਰ ਨਾਲ ਕਿਸੇ ਟੂਰਨਾਮੈਂਟ ‘ਤੇ ਮੈਚ ਖੇਡਣ ਲਈ ਚਲਾ ਜਾਂਦਾ। ਸਫਰ ਅਸੀਂ ਤੁਰ ਕੇ ਈ ਤੈਅ ਕਰਦੇ। ਤੁਰਦਿਆਂ ਦੀ ਨਜ਼ਰ ਪਿੱਛੇ ਵੀ ਹੁੰਦੀ, ਕੋਈ ਸਵਾਰੀ ਪਿੱਛੋਂ ਆਉਂਦੀ ਮਿਲ ਜਾਵੇ। ਹਰ ਸਵਾਰੀ, ਜੋ ਕੋਲ ਦੀ ਲੰਘਦੀ, ਨੂੰ ਹੱਥ ਦੇ ਦਿੰਦੇ। ਕਦੇ ਕਿਸੇ ਸਕੂਟਰ ਨੂੰ ਹੱਥ ਦੇ ਕੇ ਰੋਕ ਲੈਂਦੇ, ਕਦੇ ਕਿਸੇ ਟਰੈਕਟਰ-ਟਰਾਲੀ ਨੂੰ ਹੱਥ ਦੇ ਕੇ ਉਹਦੇ ‘ਤੇ ਚੜ੍ਹ ਜਾਂਦੇ। ਜਿੱਥੇ ਤੱਕ ਕਿਸੇ ਨੇ ਜਾਣਾ ਹੁੰਦਾ, ਠੀਕ ਹੁੰਦਾ, ਨਹੀਂ ਤਾਂ ਉਹ ਜਿੱਥੇ ਕਹਿ ਦਿੰਦਾ, ਉੱਥੇ ਉਤਰ ਕੇ ਅੱਗੇ ਚੱਲ ਪੈਂਦੇ।
ਸੜਕ ਕਿਨਾਰੇ ਖਿੱਲਰੀ ਬਜਰੀ ਸਾਡੇ ਪੈਰਾਂ ਵਿਚ, ਘਸ ਚੁੱਕੀਆਂ ਚੱਪਲਾਂ ਵਿਚੋਂ ਦੀ ਖੁੱਭਦੀ। ਜਦ ਕੋਈ ਕਾਰ ਕੋਲ ਦੀ ਹਵਾ ਨਾਲ ਸ਼ੂਕਰ ਪਾਉਂਦੀ ਅੱਗੇ ਲੰਘਦੀ ਤਾਂ ਸਰੋਵਰ ਕਹਿੰਦਾ, ‘ਬਿੱਟੂ ਓਏ, ਜਦੋਂ ਆਪਾਂ ਤਗੜੇ ਖਿਲਾੜੀ ਬਣ-ਗੇ ਨਾ…।’
‘ਫੇਰ?’ ਮੈਂ ਕਾਰ ਦੀ ਉਡਾਈ ਧੂੜ ਤੋਂ ਅੱਖਾਂ ਬੰਦ ਕਰਦਾ, ਉਹਦੇ ਵੱਲ ਵੇਖਣ ਦੀ ਕੋਸ਼ਿਸ਼ ਕਰਦਾ।
‘ਆਪਾਂ ਵੀ ਐਹਜੀ ਕਾਰ ਕਿਰਾਏ ‘ਤੇ ਲੈ ਜਾਇਆ ਕਰੂੰਗੇ।’ ਉਹਦੇ ਅੰਦਰ ਪੂਰਾ ਹਿਰਖ ਹੁੰਦਾ, ਸਾਨੂੰ ਨਾਲ ਚੜ੍ਹਾ ਕੇ ਕਿਉਂ ਨਹੀਂ ਲੈ ਗਿਆ? ਸਾਰੀ ਕਾਰ ਤਾਂ ਪਿੱਛੋਂ ਖਾਲੀ ਸੀ।
‘ਕੋਈ ਪਤਾ ਨ੍ਹੀ ਐਹੋਜੀ ਕਾਰ ਆਪਣੇ ਕੋਲ ਵੀ ਹੋਊ, ਚੰਗੇ ਦਿਨ ਤਾਂ ਆ ਈ ਜਾਂਦੇ ਐ।’
‘ਨਹੀਂ, ਮੈਨੂੰ ਪਤਾ ਏਨੇ ਚੰਗੇ ਦਿਨ ਵੀ ਨੀ ਆਉਣੇ ਆਪਣੇ।’ ਉਹ ਰੁੱਖਾਂ ਦੀ ਛਾਂਵੇਂ ਤੁਰਨ ਦੀ ਕੋਸ਼ਿਸ਼ ਕਰਦਾ, ਚਾਹੇ ਗਲਤ ਸਾਈਡ ਹੀ ਤੁਰਦਾ।
‘ਸਰੋਵਰ, ਫੇਰ ਆਪਾਂ ਨੂੰ ਨਹੀਂ ਚਾਹੀਦੇ ਐਸੇ ਚੰਗੇ ਦਿਨ, ਜਿਨ੍ਹਾਂ ‘ਚ ਬੰਦਾ ਆਵਦੀ ਇੱਛਾ ਪੂਰੀ ਕਰਨ ਯੋਗਾ ਵੀ ਨੀ ਹੁੰਦਾ!’ ਮੈਂ ਹਿੱਕ ਨੂੰ ਖੱਬੇ ਹੱਥ ਨਾਲ ਥਾਪੜ ਕੇ ਅਕਾਸ਼ ਵੱਲ ਵੇਖਣ ਲੱਗ ਪੈਂਦਾ।
‘ਨਹੀਂ ਫੇਰ ਕਿਰਾਏ ‘ਤੇ ਤਾਂ ਕਾਰ ਲੈ ਹੀ ਜਾਇਆ ਕਰਾਂਗੇ, ਪਰ ਆਪਾਂ ਰਾਹ ‘ਚ ਪੈਦਲ ਜਾਂਦੇ ਬੰਦਿਆਂ ਨੂੰ ਚੜ੍ਹਾ ਕੇ ਲਿਜਾਇਆ ਕਰਾਂਗੇ।’
‘ਕਾਹਤੋਂ ਬਈ, ਜਦੋਂ ਲੋਕ ਨੀ ਆਪਾਂ ਨੂੰ ਚੜ੍ਹਾ ਕੇ ਲਿਜਾਂਦੇ, ਫੇਰ ਆਪਾਂ ਨੂੰ ਕੇੜ੍ਹਾ ਸੁੱਖਿਆ?’ ਮੈਂ ਆਕੜ ਕਰ ਲੈਂਦਾ।
‘ਓਏ ਇਉਂ ਨਾ ਆਖ, ਮਾੜੀ ਨੀਤ ਨਾਲ ਕੁੱਸ਼ ਨੀ ਮਿਲਦਾ ਹੁੰਦਾ।’
ਅੱਜ ਸੋਚਦਾਂ…!
ਕਿੰਨੇ ਅਮੀਰ ਹੁੰਦੇ ਨੇ ਉਹ ਬੰਦੇ, ਜੋ ਸੁਪਨੇ ਵਿਚ ਕਾਰ ਖਰੀਦ ਲੈਂਦੇ ਹਨ। ਜਦ ਟੂਰਨਾਮੈਂਟ ‘ਤੇ ਜਾਂਦੇ ਤਾਂ ਉੱਥੇ ਕਿੰਨੀਆਂ ਹੀ ਕਾਰਾਂ-ਜੀਪਾਂ ਖੜ੍ਹੀਆਂ ਹੁੰਦੀਆਂ। ਮੈਂ ਉਨ੍ਹਾਂ ਦੇ ਧੂੜ ਜੰਮੇ ਸ਼ੀਸ਼ਿਆਂ ‘ਤੇ ਉਂਗਲ ਨਾਲ ਆਪਣਾ ਨਾਉਂ ਲਿਖ ਦਿੰਦਾ, ‘ਇਹ ਬਿੱਟੂ ਦੀ ਕਾਰ ਹੈ।’ ਫਿਰ ਕਿੰਨੀਆਂ ਹੀ ਕਾਰਾਂ ਦੇ ਸ਼ੀਸ਼ਿਆਂ ਦੇ ਇੰਜ ਆਪਣੇ ਨਾਉਂ ਲਿਖੀ ਜਾਂਦੇ। ਸਾਡੇ ਬਾਲ-ਮਾਨ ਦੀ ਹਸਰਤ ਇੰਜ ਕਾਰਾਂ ਦੇ ਸ਼ੀਸ਼ਿਆਂ ‘ਤੇ ਉਕਰੀ ਜਾਂਦੀ ਤਾਂ ਸੁਪਨਾ ਸਾਕਾਰ ਹੋਣ ਜਿੰਨੀ ਖੁਸ਼ੀ ਮਿਲਦੀ।
‘ਓਏ ਭਾਜੋ ਐਥੋਂ, ਸਾਲਿਓ ਝਰੀਟ ਮਾਰੋਂਗੇ!’ ਕਾਰ ਦਾ ਮਾਲਕ ਦਬਕਾ ਮਾਰਦਾ ਸਾਡੇ ਪਿੱਛੇ ਭੱਜ ਪੈਂਦਾ। ਅਸੀਂ ਪਲਾਂ ਵਿਚ ਔਹ ਗਏ, ਔਹ ਗਏ ਹੁੰਦੇ ਕਿਸੇ ਦੇ ਹੱਥ ਨਾ ਆਉਂਦੇ। ਹਵਾ ਹਵਾਈ ਹੋ ਜਾਂਦੇ।
ਜ਼ਿੰਦਗੀ ਨੇ ਸਾਨੂੰ ਤੁਰਨ ਦਾ ਮੌਕਾ ਘੱਟ ਹੀ ਦਿੱਤਾ, ਬੱਸ ਭਜਾਇਆ ਹੀ ਭਜਾਇਆ ਸੀ!
ਮਨੁੱਖ ਆਪਣੀ ਕਲਪਨਾ ਵਿਚ ਵਿਚਰ ਕੇ, ਸਾਰਾ ਕੁਝ ਪ੍ਰਾਪਤ ਕਰਕੇ ਸੰਤੁਸ਼ਟ ਹੋ ਜਾਂਦੈ। ਐਸੀ ਸੰਤੁਸ਼ਟੀ ਉਹਨੂੰ ਕਿਸੇ ਪ੍ਰਕਾਰ ਦਾ ਅਪਰਾਧ ਕਰਨ ਤੋਂ ਰੋਕੀ ਰੱਖਦੀ ਹੈ। ਜੀਹਦੇ ਕੋਲ ਇਹ ਕਲਪਨਾ ਦੀ ਪੂੰਜੀ ਨਹੀਂ, ਉਹ ਕਦੇ ਵੀ ਨੇਕ ਦਿਲ ਨਹੀਂ ਹੋ ਸਕਦਾ।
ਪਿੰਡਾਂ ਦੀਆਂ ਕੰਧਾਂ ‘ਤੇ ਟੂਰਨਾਮੈਂਟਾਂ ਦੇ ਇਸ਼ਤਿਹਾਰ ਲੱਗੇ ਹੁੰਦੇ। ਉਨ੍ਹਾਂ ਨੂੰ ਪੜ੍ਹ ਕੇ ਦਿਲ ਵਿਚ ਖੁਸ਼ੀ ਦੀਆਂ ਲਹਿਰਾ ਦੌੜ੍ਹ ਜਾਂਦੀਆਂ। ਨਾਨਕੇ ਜਾਣ ਜਿੰਨਾ ਚਾਅ ਚੜ੍ਹ ਜਾਂਦਾ, ਪਰ ਛੇਤੀ ਹੀ ਇਹ ਖੁਸ਼ੀ ਬੇਵਸੀ ਦਾ ਹਉਕਾ ਬਣ ਕੇ ਮਰ ਜਾਂਦੀ, ਕਿਉਂਕਿ ਐਂਟਰੀ ਫੀਸ ਭਰਨ ਲਈ ਸਾਡੀ ਜੇਬ ਵਿਚ ਖੋਟੇ ਪੈਸੇ ਵੀ ਨਹੀਂ ਸੀ ਹੁੰਦੇ। ਜਦੋਂ ਬੰਦੇ ਦੀ ਕਿਸਮਤ ਖੋਟੀ ਹੋਵੇ, ਕੋਲ ਖੋਟਾ ਪੈਸਾ ਵੀ ਨਹੀਂ ਹੁੰਦਾ।
ਤੜ੍ਹਕੇ ਉਠ ਕੇ, ਦੋਵੇਂ ਜਣੇ ਪਿੰਡ ਦੀ ਫਿਰਨੀ ਵਾਲੇ ਬੋਹੜ ਕੋਲ ਬੈਠ ਜਾਂਦੇ ਤੇ ਫਿਰ ਉਥੋਂ ਕਾਹਲੇ ਕਦਮੀਂ ਤੁਰ ਪੈਂਦੇ। ਘਰੋਂ ਕਬੱਡੀ ਖੇਡਣ ਲਈ ਭੋਰਾ ਵੀ ਸਹਿਯੋਗ ਨਹੀਂ ਸੀ। ਜਿਸ ਦਿਨ ਪਤਾ ਲੱਗ ਜਾਂਦਾ ਕਿ ਕੱਲ੍ਹ ਨੂੰ ਮੈਂ ਕਬੱਡੀ ਖੇਡਣ ਜਾਣਾ ਤਾਂ ਬਾਪੂ ਮੇਰੇ ‘ਤੇ ਖਾਸ ਨਜ਼ਰ ਰੱਖਦਾ। ਮੈਨੂੰ ਐਵੇਂ ਹੀ ਬਿਨਾ ਕੰਮ ਤੋਂ ਆਪਦੇ ਨਾਲ ਤੋਰੀ ਫਿਰਦਾ। ਮੇਰੀ ਗਿੱਚੀ ਵਿਚ ਦੋ ਚਾਰ ਜੜ੍ਹ ਵੀ ਦਿੰਦਾ। ਐਂਟਰੀ ਫੀਸ ਦੇ ਫਿਕਰ ਵਿਚ ਮੈਨੂੰ ਰਾਤ ਭਰ ਨੀਂਦ ਨਾ ਆਉਂਦੀ…।
ਮੈਨੂੰ ਚੰਦ ਦੀ ਗੁਲਾਈ ਵਿਚੋਂ ਕਿਸੇ ਮਾਸ਼ੂਕ ਦਾ ਚਿਹਰਾ ਨਹੀਂ, ਕਿਸੇ ਖਿਡਾਰੀ ਦਾ ਚਿਹਰਾ ਦਿਖਾਈ ਦਿੰਦਾ ਜਿਸ ਨੂੰ ਮੈਂ ਆਪਣੇ ਮਨ ਹੀ ਮਨ ਵਿਚ ਗੁਰੂ ਮੰਨਿਆ ਹੁੰਦਾ। ਜੀਹਦੇ ਜਿਹਾ ਮੈਂ ਹੋਣਾ ਚਾਹੁੰਦਾ। ਫਿਰ ਪਤਾ ਹੀ ਨਾ ਲੱਗਦਾ, ਕਿਸ ਵੇਲੇ ਮੈਨੂੰ ਨੀਂਦ ਦਬੋਚ ਲੈਂਦੀ। ਤੜਕੇ ਗੁਰੂ ਘਰ ਦਾ ਭਾਈ ਬਾਣੀ ਦਾ ਵਾਕ ਲੈਂਦਾ ਤਾਂ ਮੈਂ ਉਠ ਪੈਂਦਾ। ਨਲਕਾ ਗੇੜ ਕੇ, ਅੱਖਾਂ ਧੋ ਕੇ, ਮੈਂ ਝੱਗੇ ਦੇ ਅਗਲੇ ਪਾਸੇ ਨਾਲ ਮੂੰਹ ਪੂੰਝ ਲੈਂਦਾ।
‘ਹੁਣ ਕੇੜ੍ਹੇ ਪਾਸੇ ਮੂੰਹ ਚੱਕਿਆ?’ ਬੇਬੇ ਦੀ ਕੌੜੀ ਅਵਾਜ਼ ਮੇਰਾ ਪਿੱਛਾ ਕਰਦੀ।
‘ਡੇਰੇ ਜਾ ਰਿਹਾਂ।’ ਤੇ ਲੰਗੋਟਾ ਚੱਕ ਗੀਝੇ ਵਿਚ ਪਾ ਲੈਂਦਾ।
‘ਜਾਣਦੀ ਆਂ ਮੈਂ, ਕੇੜ੍ਹੇ ਡੇਰੇ ਜਾ ਕੇ ਸਮਾਧੀ ਲਾਉਨਾ ਤੂੰ? ਦਫਾ ਹੋ।’ ਬੇਬੇ ਵੀ ਮੰਜੇ ਤੋਂ ਉੱਠ ਕੇ ਘਰ ਦੇ ਨਿੱਕੇ ਮੋਟੇ ਕੰਮਾਂ ਵਿਚ ਰੁੱਝ ਜਾਂਦੀ। ਮੈਂ ਪਿੰਡ ਦੀਆਂ ਹਨੇਰੀਆਂ ਗਲੀਆਂ ਵਿਚੋਂ ਲੰਘਦਾ, ਜਿਨ੍ਹਾਂ ਵਿਚ ਘਰਾਂ ਦੀਆਂ ਵਿਰਲਾਂ ਵਿਚੋਂ ਦੀ ਆਇਆ ਚਾਨਣ ਥੋੜ੍ਹੀ ਬਹੁਤ ਰੌਸ਼ਨੀ ਕਰਦਾ। ਜਾ ਕੇ ਟਿੰਕੂ ਮਹਾਰਾਜ ਦੇ ਚਰਨਾਂ ਵਿਚ ਬਹਿ ਜਾਂਦਾ। ਮੇਰੇ ਜਾਂਦਿਆਂ ਤਾਈਂ ਬਾਬਾ ਜੀ ਚਾਹ ਦਾ ਵੱਡਾ ਟੋਪ ਚੁੱਲ੍ਹੇ ਤੇ ਰੱਖ ਕੇ ਨਲਕੇ ਦੇ ਪਾਣੀ ਨਾਲ ਨਹਾ ਰਹੇ ਹੁੰਦੇ। ਮੈਂ ਉਨ੍ਹਾਂ ਦੇ ਗਿੱਲੇ ਚਰਨਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲੈਂਦਾ ਤੇ ਚੁੱਲ੍ਹੇ ਅੱਗੇ ਬੈਠ ਕੇ ਅੱਗ ਸੇਕਣ ਲੱਗ ਪੈਂਦਾ। ਉਹ ਆ ਕੇ ਚਾਹ ਦੇ ਉਬਲਦੇ ਪਾਣੀ ਵਿਚ ਦੁੱਧ ਦੀ ਬਾਲਟੀ ਪਲਟ ਦਿੰਦੇ। ਇਹ ਚਾਹ ਸਾਰਾ ਦਿਨ ਹੀ ਏਥੇ ਆਉਂਦੀ ਸੰਗਤ ਵਿਚ ਵਰਤਦੀ ਰਹਿੰਦੀ। ਜਿਹੜਾ ਵੀ ਇੱਥੇ ਮੱਥਾ ਟੇਕਣ ਆਉਂਦਾ, ਉਹ ਲਾਚੀਆਂ, ਖੰਡ ਦੀ ਕੌਲੀ ਜਾਂ ਦੁੱਧ ਦੀ ਗਲਾਸੀ ਭਰ ਕੇ ਲੈ ਆਉਂਦਾ। ਟਿੰਕੂ ਜੀ ਮੂੰਹ ਨਾਲ ਹੀ ਲਾਚੀਆਂ ਤੇ ਲੌਗਾਂ ਨੂੰ ਚਿੱਥ ਕੇ ਚਾਹ ਵਿਚ ਪਾ ਦਿੰਦੇ। ਮੇਰੇ ਮਨ ਵਿਚ ਉਨ੍ਹਾਂ ਦੇ ਜੂਠੇ ਭਾਂਡੇ ਵਿਚ ਖਾਣ-ਪੀਣ ਦੀ ਇੱਛਾ ਹੁੰਦੀ ਜਿਵੇਂ ਟਿੰਕੂ ਜੀ ਦਾ ਜੂਠਾ ਖਾ ਕੇ ਮੇਰੇ ਤੋਂ ਹੋਣ ਵਾਲੇ ਕਿੰਨੇ ਹੀ ਪਾਪ ਪੁੰਨ ਵਿਚ ਬਦਲ ਜਾਂਦੇ ਹੋਣ। ਇੱਥੋਂ ਮੱਥਾ ਟਿਕਾਈ ਵਿਚ ਪਏ ਰੁਪਏ ਚੱਕ ਕੇ ਮੈਂ ਸਿੱਧਾ ਹੀ ਸਰੋਵਰ ਦੇ ਘਰ ਚਲਾ ਜਾਂਦਾ। ਮੇਰੇ ਨਾਲ ਕਦੇ ਕਾਲਾ ਵੀ ਹੁੰਦਾ। ਸਾਡਾ ਚਾਰਾਂ ਦਾ ਇੱਕ ਜੁੱਟ ਹੁੰਦਾ ਸੀ, ਪਰ ਕਦੇ ਇੱਕਠੇ ਕਿਸੇ ਟੂਰਨਾਮੈਂਟ ‘ਤੇ ਨਹੀਂ ਸਾਂ ਖੇਡ ਸਕੇ। ਇਸ ਵੇਲੇ ਪੂਰੀ ਹੀ ਲੋਈ ਪਾਟ ਗਈ ਹੁੰਦੀ। ਬੂਹੇ ਦੀ ਵਿਰਲ ਵਿਚ ਦੀ ਹੱਥ ਪਾ ਕੇ ਮੈਂ ਕੁੰਡਾ ਖੋਲ੍ਹ ਕੇ ਅੰਦਰ ਚਲਾ ਜਾਂਦਾ ਤੇ ਮੰਜੇ ਕੋਲ ਪਈਆਂ ਜੁੱਤੀਆਂ ਵੱਲ ਵੇਖ ਕੇ ਪਤਾ ਕਰ ਲੈਂਦਾ ਕਿ ਸਰੋਵਰ ਕਿਹੜੇ ਮੰਜੇ ‘ਤੇ ਪਿਆ। ਮੰਜੇ ਦੇ ਸਿਰਹਾਣੇ ਬੈਠ ਕੇ ਮੈਂ ਉਹਨੂੰ ਹਲੂਣ ਕੇ ਉਠਾ ਲੈਂਦਾ। ਸਰੋਵਰ ਉਬਾਸੀ ਲੈਂਦਾ ਊਂਘਦਾ ਬੋਲਦਾ, ‘ਕੌਣ ਐ?’
‘ਮੈਂ ਆਂ।’
‘ਤੂੰ ਏਨੀ ਛੇਤੀ ਆ ਵੀ ਗਿਐਂ?’
‘ਛੇਤੀ ਕਿੱਥੇ ਦੇਰਾਂ ਹੋ ਰਹੀਐਂ।’
‘ਮੈਚ ਐ ਕੋਈ ਕਿ?’
‘ਹੋਰ ਤੇਰੇ ਤੋਂ ਮਾਂਹ ਦਲਾਉਣੇ ਐ?’
ਸਰੋਵਰ ਦੀ ਬੇਬੇ ਅੱਕੀ ਹੋਈ ਚਾਹ ਦੀ ਬਾਟੀ ਲਿਆ ਕੇ ਰੱਖ ਦਿੰਦੀ।
ਸਾਡੇ ਦੋਹਾਂ ਵਿਚ ਇਹੀ ਪੱਕੀ ਸਾਂਝ ਸੀ, ਜਿਸ ਨੇ ਕਦੇ ਹੋਰ ਕਾਸੇ ਦੀ ਘਾਟ ਨਹੀਂ ਰੜਕਣ ਦਿੱਤੀ। ਇਸ ਸੁਪਨੇ ਨੇ ਸਾਨੂੰ ਦੋਵਾਂ ਨੂੰ ਦੋ ਬੁੱਤ ਇੱਕ ਰੂਹ ਵਾਲੀ ਮਿੱਟੀ ਵਿਚ ਗੁੰਨ੍ਹ ਦਿੱਤਾ ਸੀ।
ਜੇ ਉਹ ਸੀ ਤਾਂ ਮੈਂ ਸੀ! ਜੇ ਮੈਂ ਸੀ ਤਾਂ ਹੀ ਉਹ ਸੀ!
‘ਐਂਟਰੀ ਕਿਵੇਂ ਹੋਵੇਗੀ?’ ਉਹਦਾ ਦੂਜਾ ਸਵਾਲ ਇਹੀ ਹੁੰਦਾ। ਲੋਕਾਂ ਨੂੰ ਜਾਗ ਖੁੱਲ੍ਹਣ ‘ਤੇ ਸੌ ਫਿਕਰ ਹੁੰਦੇ ਸੀ, ਪਰ ਸਾਨੂੰ ਇਹੀ ਫਿਕਰ ਹੁੰਦਾ, ਐਂਟਰੀ ਦੇ ਪੈਸੇ ਕਿੱਥੋਂ ਆਉਣਗੇ? ਦੋਵੇਂ ਗੁਰੂ ਘਰ ਜਾ ਕੇ ਜਾਂ ਜਿੱਥੇ ਵੀ ਕੋਈ ਰੱਬ ਦਾ ਘਰ ਦਿਸਦਾ ਇਹੀ ਮੰਗਦੇ ਕਿ ਸਾਡੇ ਕੋਲ ਇੰਨੇ ਕੁ ਪੈਸੇ ਹੋਣ ਕਿ ਕਿਸੇ ਵੀ ਖੇਡ-ਮੇਲੇ ‘ਤੇ ਜਾ ਕੇ ਅਸਾਨੀ ਨਾਲ ਖੇਡ ਸਕੀਏ; ਪਰ ਇੰਨੇ ਪੈਸਿਆਂ ਦੀ ਮੰਨਤ ਕਦੇ ਵੀ ਨਹੀਂ ਸੀ ਮੰਗੀ ਕਿ ਸਾਡੇ ਸੌਂਕ ਪੂਰੇ ਹੋ ਜਾਣ।
ਅੱਜ ਮੈਂ ਸੋਚਦਾਂ, ਬੰਦੇ ਕੋਲ ਇੰਨੇ ਰੁਪਏ ਵੀ ਨਾ ਹੋਣ ਕਿ ਉਹ ਕਿਸੇ ਗਰੀਬ ਨੂੰ ਖਰੀਦ ਸਕੇ। ਤੇ ਨਾ ਹੀ ਰੱਬ ਦਾ ਕੋਈ ਬੰਦਾ ਏਨਾ ਗਰੀਬ ਹੀ ਹੋਵੇ ਕਿ ਜ਼ਰੂਰੀ ਲੋੜਾਂ ਪੂਰੀਆਂ ਕਰਨ ਵਿਚ ਉਹ ਖੁਦ ਨੂੰ ਥਾਂ, ਕੁ-ਥਾਂ ਗਿਰਵੀ ਕਰਦਾ ਫਿਰੇ।
‘ਚਿੰਤਾ ਨਾ ਕਰ ਐਂਟਰੀ ਹੋ ਜੂ।’ ਮੈਂ ਸਿਰ ਫੇਰਦੇ ਕਦੇ ਆਸ ਦਾ ਪੱਲਾ ਨਹੀਂ ਸੀ ਛੱਡਿਆ।
‘ਮੂੰਹੋਂ ਕੁਛ ਹੋਰ ਬੋਲੀ ਜਾਨੈ, ਧੌਣ ਤੇਰੀ ਕੁਸ ਹੋਰ ਦੱਸੀ ਜਾਂਦੀ ਐ’
ਜਿਹੜੀ ਉਮੀਦ ਬੰਦੇ ਨੂੰ ਕੁਝ ਕਰਨ ਲਈ ਪ੍ਰੇਰਿਤ ਕਰੇ, ਚਾਹੇ ਉਹ ਝੂਠੀ ਹੀ ਕਿਉਂ ਨਾ ਹੋਵੇ, ਉਹ ਕਿਸੇ ਪੁੰਨ ਤੋਂ ਘੱਟ ਨਹੀਂ।
ਸਰੋਵਰ ਆਪਣੇ ਲੰਗੋਟੇ ਨੂੰ ਪਿੰਜਣੀ ਨਾਲ ਬੰਨ੍ਹ ਕੇ ਮੇਰੇ ਨਾਲ ਕਿਸੇ ਜ਼ਿਮੀਂਦਾਰ ਦੇ ਘਰ ਚਲਾ ਜਾਂਦਾ। ਅਸੀਂ ਸੋਚਾਂ ਸੋਚਦੇ ਰਹਿੰਦੇ ਸਾਂ ਕਿ ਅੱਜ ਆਪਾਂ ਐਂਟਰੀ ਫੀਸ ਲਈ ਕਿਸ ਤੋਂ ਪੈਸੇ ਮੰਗੀਏ। ਅਸੀਂ ਹਰ ਬਹਾਨੇ ਨਾਲ ਪੈਸੇ ਮੰਗਦੇ ਸਾਂ। ਕਦੇ ਮੈਂ ਆਪਣਾ ਰੋਣਾ ਜਿਹਾ ਚਿਹਰਾ ਬਣਾ ਕੇ, ਕਿਸੇ ਅੱਗੇ ਜਾ ਕੇ ਕਹਿੰਦਾ, ‘ਬਾਈ ਬੇਬੇ ਬਹੁਤ ਬਿਮਾਰ ਐ, ਬਾਪੂ ਘਰੇ ਨਈਂ।’
ਅਜਿਹੇ ਝੂਠ ਬੋਲ ਕੇ ਕਈ ਵਾਰ ਐਂਟਰੀ ਦੇ ਰੁਪਏ ਲਏ।
ਬਾਪੂ ਪੁੱਛਦਾ, ‘ਬਿੱਟੂ ਕਿੱਥੇ ਐ?’
‘ਪਤਾ ਨ੍ਹੀਂ।’ ਮੇਰੇ ਭਰਾ ਲੱਖਾ ਤੇ ਜੈ ਸਿੰਘ-ਦੋਵੇਂ ਡਰੇ ਹੋਏ ਬੋਲਦੇ।
‘ਜਿੱਥੇ ਵੀ ਐ ਲਿਆਉ ਫੜ੍ਹ ਕੇ, ਨਹੀਂ ਤਾਂ ਫੇਰ ਸੋਡੀ ਸ਼ਾਮਤ ਆਊ।’
ਬਾਪੂ ਦਾ ਹੁਕਮ ਮੰਨ ਕੇ ਉਹ ਪਿੰਡ ਦੀਆਂ ਗਲੀਆਂ ਵਿਚ ਮੈਨੂੰ ਭਾਲਦੇ ਰਹਿੰਦੇ, ਪਰ ਮੈਂ ਕਿਸੇ ਵੀ ਹੀਲੇ ਉਨ੍ਹਾਂ ਦੇ ਹੱਥ ਨਹੀਂ ਸਾਂ ਆਉਂਦਾ। ਜਦ ਕਦੇ ਮਿਲ ਜਾਂਦਾ ਤਾਂ ਬਾਪੂ ਮੇਰੇ ਮੌਰਾਂ ‘ਤੇ ਜੁੱਤੀ ਮਾਰਦਾ ਤਾਂ ਉਹਨੂੰ ਲੱਗੀ ਸੁੱਕੀ ਮਿੱਟੀ ਵੀ ਨਾਲ ਹੀ ਝੜਦੀ। ਹਰੇਕ ਸਾਡਾ ਮਜ਼ਾਕ ਉਡਾਉਂਦਾ, ‘ਹਾਂ ਬਈ ਸੋਮ ਘਰਾਚੋ, ਅੱਜ ਫੇਰ ਕੌਡੀ ਖੇਡਣ ਜਾਣਾ ਤੈਂ? ਕੌਡੀ-ਕੌਡੀ ਕਰਦਾ ਬੰਦਾ ਕੌਡੀ ਹੋ ਜਾਂਦੈ।’
‘ਪਰ ਅਸੀਂ ਨਹੀਂ ਹੁੰਦੇ ਬਾਈ, ਤੂੰ ਸਾਨੂੰ ਐਂਟਰੀ ਫੀਸ ਦੇਹ…।’ ਮੈਨੂੰ ਕਿਸੇ ਦੇ ਮਜ਼ਾਕ ਦੀ ਕੋਈ ਪ੍ਰਵਾਹ ਨਹੀਂ ਸੀ, ਬੱਸ ਪੈਸੇ ਵੱਲੋਂ ਕੋਈ ਨਾਂਹ ਨਾ ਕਰੇ। ਰੱਬੇ ਅੱਗੇ ਅਰਦਾਸ ਕਰਦੇ ਸਾਂ ਕਿ ਦੋ ਰੁਪਏ ਦਾ ਪ੍ਰਸ਼ਾਦ ਦੇਵਾਂਗੇ ਜਾਂ ਇੱਕ ਰੁਪਏ ਦਾ ਮੱਥਾ ਟੇਕਾਂਗੇ।
ਕਦੇ ਕਦੇ ਕੋਰਾ ਜਵਾਬ ਮਿਲਦਾ, ‘ਪੈਨਸ਼ਨ ਲਵਾ ਦੇਈਏ ਸੋਡੀ? ਇੱਕ ਅੱਧੀ ਵਾਰੀ ਹੁੰਦਾ, ਕੋਈ ਨਾ ਮੋੜੇ, ਮੁਕਰ ਵੀ ਜਾਏ ਤਾਂ ਸਰ ਜਾਂਦੈ, ਪਰ ਸੋਡੀ ਤਾਂ ਭਰਾਵਾ ਨਿੱਤ ਦੀ ਵਿੱਡ ਐ…!’
‘ਅੱਜ ਤੂੰ ਪੰਜਾਹ ਰੁਪਏ ਦੇਹ ਛੱਡ, ਤੇਰਾ ਕੰਮ ਕਰਾ ਦੇਵਾਂਗੇ ਖੇਤਾਂ ਚ, ਨਾਲੇ ਬਾਈ ਏਸੇ ਪਿੰਡ ‘ਚ ਈ ਰਹਿਣਾ, ਅਸੀਂ ਕੋਈ ਭੀਖ ਮੰਗਣ ਨਹੀਂ ਆਏ, ਉਧਾਰ ਪੈਸੇ ਲੈਣ ਆਏ ਆਂ।’
‘ਕੀ ਕੰਮ ਕਰਾਓਗੇ?’
‘ਜੋ ਵੀ ਸਾਡੇ ਕਰਨ ਆਲਾ ਹੋਇਆ।’
ਇੰਜ ਅਸੀਂ ਹਰੇਕ ਨਾਲ ਦਿੱਤੇ ਪੈਸਿਆਂ ਬਦਲੇ ਕੰਮ ਕਰਾਉਣ ਦਾ ਪੱਕਾ ਭਰੋਸਾ ਦੁਆ ਦਿੰਦੇ ਸਾਂ, ਪਰ ਉਸ ਵੇਲੇ ਸਾਡੇ ਪੈਰ ਮੈਦਾਨ ਵਿਚ ਪੱਕੇ ਨਹੀਂ ਸੀ ਹੋਏ। ਪਹਿਲਾ ਮੈਚ ਹੀ ਹਾਰ ਜਾਂਦੇ ਸਾਂ, ਪਰ ਆਪਣੇ ਇਰਾਦੇ ਤੋਂ ਕਦੇ ਨਹੀਂ ਸੀ ਹਾਰੇ।
ਫਿਰ ਇੱਕ ਦਿਨ ਦਿਲ ਵਿਚ ਆਈ ਕਿ ਮੈਚ ਹਾਰਨ ਦਾ ਕਾਰਨ ਕੀ ਹੈ? ਪਤਾ ਲੱਗਿਆ ਕਿ ਰੱਬ ਨਾਲ ਕੀਤਾ ਵਾਅਦਾ ਪੂਰਾ ਨਹੀਂ ਸਾਂ ਕਰਦੇ। ਜਾਣੀ ਮੰਗੇ ਪੈਸਿਆਂ ਵਿਚੋਂ ਮੱਥਾ ਨਹੀਂ ਸੀ ਟੇਕਦੇ। ਸੋ ਹੁਣ ਐਂਟਰੀ ਫੀਸ ਲਈ ਮੰਗੇ ਪੈਸਿਆਂ ‘ਚੋਂ ਰੱਬ ਨਾਲ ਕੀਤੇ ਵਾਅਦੇ ਮੁਤਾਬਿਕ ਮੱਥਾ ਟੇਕ ਦਿੰਦੇ ਸਾਂ।
‘ਜੋ ਬੰਦੇ ਰੱਬ ਨਾਲ ਕੀਤੀ ਜੁਬਾਨ ਪੂਰੀ ਕਰਦੇ ਨੇ, ਰੱਬ ਵੀ ਉਨ੍ਹਾਂ ਦੀ ਸੁਣਦਾ।’ ਮੇਰੇ ਮਨ ਵਿਚ ਇਹ ਧਾਰਨਾ ਪੱਕੀ ਹੋ ਗਈ। ਹੌਲੀ-ਹੌਲੀ ਮੇਰੀ ਤੇ ਸਰੋਵਰ ਦੀ ਪਿੰਡ ਦੇ ਕੁਝ ਕੁ ਘਰਾਂ ਵਿਚ ਏਨੀ ਇੱਜਤ ਬਣ ਗਈ ਕਿ ਉਹ ਸਾਨੂੰ ਸੌ-ਪੰਜਾਹ ਰੁਪਏ ਤੀਕ ਦੇ ਦਿੰਦੇ। ਜਿੰਨਾ ਕਿਹਾ ਹੁੰਦਾ, ਓਨਾ ਕੰਮ ਵੀ ਕਰਦੇ। ਅਸੀਂ ਦੋਵੇਂ ਕਿਸੇ ਦੇ ਘਰ ਚਲੇ ਜਾਂਦੇ। ਉਹਤੋਂ ਕੰਮ ਪੁੱਛ ਕੇ ਖੇਤਾਂ ‘ਚ ਚਲੇ ਜਾਂਦੇ। ਜਿੱਥੇ ਮੈਨੂੰ ਇੱਕਲੇ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ, ਉੱਥੇ ਦੋਵਾਂ ਨੂੰ ਅੱਧਾ ਦਿਨ ਹੀ ਕੰਮ ਕਰਨਾ ਪੈਂਦਾ। ਫਿਰ ਸ਼ਾਮ ਨੂੰ ਆ ਕੇ ਮੈਦਾਨ ਵਿਚ ਖੇਡਣ ਲਈ ਆ ਜਾਂਦੇ। ਕਦੇ ਖੇਤਾਂ ਵਿਚ ਵੱਧ ਕੰਮ ਕਰਦੇ ਤੇ ਮਾਲਕ ਤੋਂ ਅਗਲੇ ਮੈਚ ਦੀ ਐਂਟਰੀ ਫੀਸ ਲਈ ਰੁਪਿਆਂ ਦਾ ਜੁਗਾੜ ਕਰ ਲੈਂਦੇ। ਇਸ ਦੁਨੀਆਂ ਵਿਚ ਬੰਦੇ ਦਾ ਬੰਦੇ ‘ਤੇ ਭਰੋਸਾ ਬਣਾ ਲੈਣਾ ਸਭ ਤੋਂ ਔਖਾ ਕੰਮ ਹੁੰਦਾ, ਪਰ ਪਸੂਆਂ ਨਾਲ ਤਾਂ ਇਹ ਭਰੋਸਾ ਕੁਝ ਸਮੇਂ ਦੀ ਵਫਾਦਾਰੀ ਕਰਨ ਨਾਲ ਹੀ ਬਣ ਜਾਂਦੈ।
ਜਿਹੜਾ ਕੁਝ ਅਸੀਂ ਆਪ ਕਮਾ ਸਕਦੇ ਹਾਂ, ਜੇ ਉਹੀ ਕਿਸੇ ਹੋਰ ਤੋਂ ਮੰਗਦੇ ਰਹੀਏ ਤਾਂ ਉਹਦੇ ਜਿਹਾ ਪਾਪ ਕੋਈ ਨਹੀਂ। ਜਦ ਆਪਾਂ ਇਸ ਸਰਾਪ ਤੋਂ ਖੁਦ ਨੂੰ ਅਜ਼ਾਦ ਕਰਾਂਗੇ ਤਾਂ ਹੀ ਜੀਵਨ ‘ਚ ਖੁਸ਼ਹਾਲੀ ਆ ਸਕਦੀ ਹੈ। ਸਾਡੇ ਨਾਲ ਇੱਕ ਅਵਾਰਾ ਕੁੱਤਾ ਹੁੰਦਾ ਸੀ। ਉਹਦੇ ਸਿਰ ‘ਚ ਕੀੜੇ ਪਏ ਹੋਏ ਸਨ। ਮੈਂ ਤੇ ਸਰੋਵਰ ਨੇ ਉਹਦੇ ਜਖਮਾਂ ਵਿਚੋਂ ਕੀੜੇ ਕੱਢ ਦਿੱਤੇ। ਫਿਰ ਮਲ੍ਹਮ ਪੱਟੀ ਕਰ ਦਿੱਤੀ। ਉਹ ਰਾਜ਼ੀ ਹੋ ਗਿਆ। ਹਮੇਸ਼ਾ ਸਾਡੇ ਘਰ ਦੇ ਕੌਲੇ ਨਾਲ ਘੋਗਰਾ ਪੱਟ ਕੇ ਬੈਠਾ ਰਹਿੰਦਾ। ਰਾਖੀ ਕਰਦਾ ਉਹ ਵਫਾਦਾਰੀ ਨਿਭਾਉਂਦਾ ਮਰਿਆ।
ਜਿਹੜਾ ਕੁੱਤਾ ਵਫਾਦਾਰ ਹੁੰਦਾ ਹੈ,
ਉਹ ਬੰਦੇ ਦੀ ਮੌਤ ਮਰਦਾ ਹੈ!
ਜੋ ਬੰਦਾ ਵਫਾਦਾਰ ਨਹੀਂ ਹੁੰਦਾ,
ਉਹ ਕੁੱਤੇ ਦੀ ਮੌਤ ਮਰਦਾ ਹੈ!
ਕਬੱਡੀ ਦੇ ਸਟਾਰ ਖਿਡਾਰੀ ਬਿੱਟੂ ਦੁਗਾਲ ਉਤੇ ਆਧਾਰਿਤ ਨਾਵਲ ਦਾ ਅੰਤ ਸਹਿਜੀ ਨੇ ਬੁਝਾਰਤੀ ਢੰਗ ਨਾਲ ਕੀਤਾ: ਮੈਨੂੰ ਪਟਿਆਲੇ ਦਾਖਲ ਕਰਾ ਦਿੱਤਾ। ਉੱਥੇ ਮੇਰੀ ਪੂਰੀ ਚੈੱਕਅਪ ਹੋਣ ਲੱਗੀ। ਮੇਰੇ ਅੰਦਰ ਜੀਵਨ ਦੇ ਹੁਣ ਤੱਕ ਦੇ ਸਾਰੇ ਪਲ ਛੇਤੀ ਛੇਤੀ ਬੀਤਣ ਲੱਗੇ, ਕਿਵੇਂ ਨਿੱਕਾ ਹੁੰਦਾ ਖੇਡਿਆ ਸਾਂ? ਕਿਵੇਂ ਜਾਦੂ ਮਿਲਿਆ?…ਡਾਕਟਰਾਂ ਨੇ ਸਿਰਫ ਅੱਧਾ ਪ੍ਰਤੀਸ਼ਤ ਹੀ ਉਮੀਦ ਦੱਸੀ, ਉਹ ਵੀ ਰੱਬ ਦੀ ਕਿਰਪਾ ਨਾਲ; ਪਰ ਫੇਰ ਵੀ ਮੈਂ ਬੇਹੋਸ਼ੀ ਵਿਚ ਹੀ ਬਾਕੀ ਦੇ ਸਾਹਾਂ ਦੀ ਪੂੰਜੀ ਖਰਚ ਕਰਨੀ ਸੀ।
ਗੁਲਜ਼ਾਰੀ ਨੇ ਜਾਦੂ ਨੂੰ ਕਾਲ ਕੀਤੀ, ਪਰ ਉਹਨੇ ਦੋ ਵਾਰ ਕਾਲ ਕਰਨ ‘ਤੇ ਫੋਨ ਨਹੀਂ ਸੀ ਚੁੱਕਿਆ। ਫੇਰ ਅੱਧੇ ਘੰਟੇ ਬਾਅਦ ਜਾਦੂ ਨੇ ਕਾਲ ਬੈਕ ਕੀਤੀ ਤਾਂ ਗੁਲਜ਼ਾਰੀ ਬੋਲਿਆ, ‘ਹਾਂ ਜਾਦੂ, ਬਿੱਟੂ..!’
‘ਮੈਂ ਸਮਾਧੀ ‘ਚ ਸਾਂ…ਉਹਦੀ ਪਿੰਡੇ ਦੀ ਮਹਿਕ ਮੇਰੇ ਤੱਕ ਆਈ…ਤੰਬਾਕੂ ਦੀ ਕੌੜੀ ਮਹਿਕ ਨੇ ਮੈਨੂੰ ਭੰਗ ਕਰ ਦਿੱਤਾ ਸੀ…।’
‘ਹਾਂ ਬਿੱਟੂ ਪਟਿਆਲੇ ਐ…।’
‘ਨਹੀਂ ਉਹ ਪਟਿਆਲੇ ਨਹੀਂ…ਬਹੁਤ ਦੂਰ ਗਿਐ!’