ਫੁੱਟਬਾਲ ਦਾ ਮਸੀਹਾ-ਹਰਦੇਵ ਸਿੰਘ ਕਾਹਮਾ

ਇਕਬਾਲ ਸਿੰਘ ਜੱਬੋਵਾਲੀਆ
ਖੇਡ ਫਿਜ਼ਾਵਾਂ ‘ਚ ਨਾਂ ਗੂੰਜਦੇ ਸਦਾ,
ਖੇਡਾਂ ਲਈ ਜਿਹੜੇ ਕੁਝ ਕਰ ਜਾਂਦੇ ਨੇ।
ਨਫੇ, ਨੁਕਸਾਨ ਦੀ ਨਾ ਪ੍ਰਵਾਹ ਕਰਦੇ,
ਹਿੱਸਾ ਖੇਡ ਇਤਿਹਾਸ ਦਾ ਬਣ ਜਾਂਦੇ ਨੇ।
ਸ਼ ਹਰਦੇਵ ਸਿੰਘ ਕਾਹਮਾ ਇਲਾਕੇ ਦੀ ਬਹੁਪੱਖੀ ਸ਼ਖਸੀਅਤ ਹੈ। ਇਲਾਕੇ ਦੇ ਵਿਕਾਸ ਕੰਮਾਂ, ਸਮਾਜਕ ਕਾਰਜਾਂ ਅਤੇ ਖੇਡਾਂ, ਖਾਸਕਰ ਫੁੱਟਬਾਲ ਦੇ ਖੇਤਰ ‘ਚ ਉਸ ਦਾ ਵੱਖਰਾ ਮੁਕਾਮ ਹੈ। ਫੁੱਟਬਾਲ ਨੂੰ ਬੁਲੰਦੀਆਂ ਤੱਕ ਲੈ ਜਾਣ ਲਈ ਤਨੋਂ, ਮਨੋਂ, ਧਨੋਂ ਹਰ ਦਮ ਹਾਜ਼ਰ ਰਹਿੰਦੈ। ਕਾਹਮਾ ਇਲਾਕੇ ਦੇ ਕਹਿੰਦੇ ਕਹਾਉਂਦੇ ਫੁੱਟਬਾਲ ਖਿਡਾਰੀਆਂ ਦਾ ਪਿੰਡ ਹੋਣ ਕਰਕੇ ਉਹ ਫੁੱਟਬਾਲ ਦਾ ਮਸਤ-ਮੌਲਾ ਆਸ਼ਕ ਹੈ। ਤਕੜੇ ਖਿਡਾਰੀਆਂ ਦੇ ਉਸ ਨੇ ਕਈ ਦੌਰ ਵੇਖੇ।

1998 ‘ਚ ਐਸ਼ ਐਨ. ਕਾਲਜ ਬੰਗਾ ਦੇ ਖੇਡ ਸਟੇਡੀਅਮ ਵਿਚ ‘ਸ਼ਹੀਦ ਭਗਤ ਸਿੰਘ ਮੈਮੋਰੀਅਲ ਟੂਰਨਾਮੈਂਟ’ ਦੀ ਅਰੰਭਤਾ ਦਾ ਉਹ ਬਾਨੀ ਹੈ। ਵੱਡੇ ਮੈਚ ਸ਼ੁਰੂ ਕਰਾਉਣ ਦੀ ਉਹਦੀ ਬੜੀ ਹਿੰਮਤ ਤੇ ਹੌਸਲਾ ਹੈ। ਉਸ ਦੀ ਰਹਿਨਮਾਈ ਹੇਠ 22 ਜ਼ਬਰਦਸਤ ਟੂਰਨਾਮੈਂਟ ਹੋ ਚੁਕੇ ਹਨ ਤੇ 23ਵਾਂ ਟੂਰਨਾਮੈਂਟ ਕਰੋਨਾ ਦੇ ਭਿਆਨਕ ਸੰਕਟ ਕਾਰਨ ਰੁਕੇਗਾ ਨਹੀਂ, ਹੌਸਲੇ ਬੁਲੰਦ ਨੇ, ਮੀਟਿੰਗਾਂ ਚਲ ਰਹੀਆਂ ਨੇ।
21ਵੇਂ ਟੂਰਨਾਮੈਂਟ ‘ਤੇ ਸ਼ ਕਾਹਮਾ ਨੇ ਸਟੇਜ ‘ਤੋਂ ਐਲਾਨ ਕਰਵਾਇਆ ਸੀ ਕਿ ਟੂਰਨਾਮੈਂਟ ਦੀ ਸਿਲਵਰ ਜੁਬਲੀ ਬੜੇ ਧੂਮ-ਧਾਮ ਨਾਲ ਮਨਾਈ ਜਾਵੇਗੀ, ਜਿਸ ਦੀ ਵੱਖਰੀ ਦਿੱਖ ਤੇ ਇਲਾਕੇ ‘ਚ ਵੱਖਰੀ ਮਿਸਾਲ ਬਣੇਗੀ। ਸਿਲਵਰ ਜੁਬਲੀ ਨੂੰ ਖਿੱਚ ਦਾ ਕੇਂਦਰ ਬਣਾਉਣ ਲਈ ਸਲਾਹ ਮਸ਼ਵਰੇ ਹੋਣ ਲੱਗ ਪਏ ਹਨ।
ਉਹ ਇਲਾਕੇ ਦੇ ਪਿੰਡਾਂ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਣ ਵਾਲਾ ਦਰਿਆ-ਦਿਲ ਇਨਸਾਨ ਹੈ। ਕਾਹਮੇ ਦੇ ਗੁਆਂਢੀ ਪਿੰਡ ਮੰਗੂਵਾਲ ਨੇ 1987 ‘ਚ ਪੰਜਾਬ ‘ਚੋਂ ਪਹਿਲੀ ਫੁੱਟਬਾਲ ਲੀਗ ਸ਼ੁਰੂ ਕੀਤੀ ਸੀ। ‘ਆਦਰਸ਼ ਸਪੋਰਟਸ ਕਲੱਬ ਮੰਗੂਵਾਲ’ ਵਲੋਂ ਘੋਸ਼ਿਤ ਹੋਈ ਉਸ ਲੀਗ ਨੂੰ ਹਰ ਸਾਲ ਵੱਡੇ ਪੱਧਰ ‘ਤੇ ਕਰਾਉਣ ਦੇ ਮਨਸੂਬੇ ਸਨ, ਪਰ ਕੋਈ ਚੰਗਾ ਸਲਾਹਕਾਰ ਨਹੀਂ ਸੀ ਮਿਲ ਰਿਹਾ ਤੇ ਨਾ ਹੀ ਕੋਈ ਬਾਂਹ ਫੜਨ ਵਾਲਾ ਦਿਸ ਰਿਹਾ ਸੀ। ਦਸਾਂ ਸਾਲਾਂ ਬਾਅਦ ਆਸਾਂ ਨੂੰ ਬੂਰ ਪਿਆ। ਦਰਸ਼ਨ ਖਟਕੜ ਦੀ ਮਿਹਨਤ ਤੇ ਹਿੰਮਤ ਸਦਕਾ ਇਲਾਕੇ ਦੀ ਮਹਾਨ ਸ਼ਖਸੀਅਤ ਤੇ ਫੁੱਟਬਾਲ ਦੀ ਤਰਜਮਾਨੀ ਕਰਨ ਵਾਲੇ ਧੜੱਲੇਦਾਰ ਇਨਸਾਨ ਹਰਦੇਵ ਸਿੰਘ ਕਾਹਮਾ ਨੇ ਉਨ੍ਹਾਂ ਦੀ ਪਿੱਠ ਥਾਪੜੀ ਤੇ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸ਼ ਕਾਹਮਾ ਨੇ ਭਾਰਤੀ ਫੁੱਟਬਾਲ ਦੇ ਜਰਨੈਲ ਜਰਨੈਲ ਸਿੰਘ ਪਨਾਮ ਨਾਲ ਸਲਾਹ ਕੀਤੀ। ਐਸ਼ ਐਨ. ਕਾਲਜ ਬੰਗਾ ਦੇ ਸਾਬਕਾ ਪਿੰ੍ਰਸੀਪਲ ਰਾਜਬਿੰਦਰ ਸਿੰਘ ਬੈਂਸ ਦੀ ਬਦੌਲਤ ਬੰਗਾ ਕਾਲਜ ਦੇ ਖੇਡ ਸਟੇਡੀਅਮ ਦਾ ਪ੍ਰਬੰਧ ਕੀਤਾ ਗਿਆ। ਪਰਮਜੀਤ ਕਾਹਮਾ ਨੂੰ ਪ੍ਰਬੰਧਕੀ ਸਕੱਤਰ ਤੇ ਮੀਡੀਆ ਇੰਚਾਰਜ਼ ਅਤੇ ਸਤਵੀਰ ਸਿੰਘ ਬੈਂਸ ਨੂੰ ਅਥਲੈਟਿਕਸ ਦੀਆਂ ਸੇਵਾਵਾਂ ਸੌਪੀਆਂ ਗਈਆਂ।
ਐਚ. ਐਸ਼ ਬੀ. ਵਲੋਂ ਆਪ ਨੇ ਨਿਜੀ ਜ਼ਿੰਮੇਵਾਰੀ ਨਿਭਾ ਕੇ ਪੰਜ ਸਾਲ ਮੈਚ ਕਰਵਾਏ ਤੇ ਵੱਡੇ ਵੱਡੇ ਮੈਚ ਜਿੱਤੇ। ਫੁੱਟਬਾਲ ਦਾ ਮਿਆਰ ਹੋਰ ਉਚਾ ਚੁੱਕਣ ਲਈ ਜੇ. ਸੀ. ਟੀ., ਪੰਜਾਬ ਪੁਲਿਸ, ਬੀ. ਐਸ਼ ਐਫ਼, ਬਿਜਲੀ ਬੋਰਡ ਅਤੇ ਹੋਰ ਨਾਮੀ-ਗਰਾਮੀ ਕਲੱਬਾਂ ਦੇ ਮੈਚ ਕਰਾਏ। ਪਹਿਲਾ ਸਥਾਨ ਜੇਤੂ ਕਲੱਬ ਨੂੰ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਹਰਦੇਵ ਸਿੰਘ ਕਾਹਮਾ ਵਲੋਂ ਭੇਟ ਕੀਤੀ ਜਾਂਦੀ ਹੈ। ਦੂਜੇ ਸਥਾਨ ਵਾਲੇ ਕਲੱਬ ਨੂੰ ਪੰਜਾਹ ਹਜ਼ਾਰ ਇਨਾਮ ਸੀ, ਜੋ ਵਧਾ ਕੇ ਹੁਣ ਸੱਠ ਹਜ਼ਾਰ ਕਰ ਦਿੱਤੀ ਗਈ ਹੈ। ਨਾਰਥ-ਇੰਡੀਆ ਵਿਚੋਂ ਇਹ ਪਹਿਲਾ ਵੱਡਾ ਇਨਾਮ ਹੈ।
ਵੱਡੀਆਂ ਕਲੱਬਾਂ ਹੁਣ ਫੁੱਟਬਾਲ ਅਕੈਡਮੀਆਂ ‘ਚ ਬਦਲ ਗਈਆਂ ਨੇ। ਅਕੈਡਮੀਆਂ ‘ਚ ਵੀ ਭਾਰਤ ਦੇ ਨਾਮਵਰ ਖਿਡਾਰੀ ਖੇਡਦੇ ਨੇ। ਅਕੈਡਮੀਆਂ ਦੇ ਖਿਡਾਰੀ ਖੇਡ ਕੇ ਬੜਾ ਮਾਣ ਮਹਿਸੂਸ ਕਰਦੇ ਨੇ।
ਇਲਾਕਾ ਨਵਾਂਸ਼ਹਿਰ ਦੇ ਦਿਗਜ਼ ਨੇਤਾ ਮਰਹੂਮ ਸ਼ ਦਿਲਬਾਗ ਸਿੰਘ ਸੈਣੀ ਨਾਲ ਸ਼ ਕਾਹਮਾ ਦੀ ਬੜੀ ਨੇੜਤਾ ਰਹਿ ਸੀ। ਇਸ ਵਕਤ ਸ਼ ਕਾਹਮਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਧਾਨ ਹਨ। ਲੋਕਾਂ ਦੀਆਂ ਸਿਹਤ-ਸਹੂਲਤਾਂ ਲਈ ਹਸਪਤਾਲ ਵਿਚ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਹੋਈਆਂ ਨੇ। ਕਰੋਨਾ ਪੀੜਿਤ ਲੋਕਾਂ ਦਾ ਮੁਫਤ ਇਲਾਜ ਚਲਦਾ ਹੈ।
ਦੱਸਣ ਵਾਲੇ ਦੱਸਦੇ ਨੇ ਕਿ ਸ਼ ਹਰਦੇਵ ਸਿੰਘ ਇਕ ਵਾਰ ਕਾਰ ਵਿਚ ਕਾਹਮਾ ਸਕੂਲ ਮੂਹਰਿਉਂ ਲੰਘੇ। ਡਰਾਈਵਰ ਸਰਬਣ ਸਿੰਘ ਸੱਬੋ ਕਾਰ ਚਲਾ ਰਿਹਾ ਸੀ ਤੇ ਸ਼ ਹਰਦੇਵ ਸਿੰਘ ਕਾਰ ਦੀ ਪਿਛਲੀ ਸੀਟ ‘ਤੇ ਅਰਾਮ ਨਾਲ ਬੈਠੇ ਸਨ। ਸੱਬੋ ਨੇ ਕਿਹਾ, “ਸਰਦਾਰ ਜੀ, ਦੇਖੋ ਸਕੂਲ ਦੀ ਹਾਲਤ ਕਿੰਨੀ ਮਾੜੀ ਐ; ਮੀਂਹ, ਹਨੇਰੀ ਆਈ ‘ਤੇ ਕਮਰੇ ਡਿੱਗ ਪਏ ਤਾਂ ਨਿਆਣੇ ਹੇਠਾਂ ਆ ਜਾਣਗੇ।” ਹਰਦੇਵ ਸਿੰਘ ਚੁੱਪ-ਚਾਪ ਸੁਣਦਾ ਰਿਹਾ ਤੇ ਮੱਲਪੁਰ ਲੰਘਦੇ ਹੀ ਕਿਹਾ, “ਸੱਬੋ, ਗੱਡੀ ਮੋੜ ਪਿਛੇ, ਜਾ ਕੇ ਸਕੂਲ ਦੇ ਹਾਲਤ ਵੇਖੀਏ।” ਮੁੜ ਕੇ ਸਕੂਲ ਆਏ ਤਾਂ ਦੇਖਿਆ, ਕਮਰਿਆਂ ਦਾ ਬੁਰਾ ਹਾਲ ਸੀ। ਮਾੜੇ ਹਾਲਾਤ ਦੀਆਂ ਕੰਧਾਂ ਅਤੇ ਡਿੱਗੂ ਡਿੱਗੂ ਕਰਦੀਆਂ ਛੱਤਾਂ ਹੇਠ ਮਾਸਟਰ, ਨਿਆਣਿਆਂ ਨੂੰ ਪੜ੍ਹਾ ਰਹੇ ਸਨ। ਅਜਿਹੀ ਹਾਲਤ ਵੇਖ ਹਰਦੇਵ ਸਿੰਘ ਮਨ ਹੀ ਮਨ ਬੜਾ ਦੁਖੀ ਹੋਇਆ। ਥੋੜ੍ਹੇ ਦਿਨਾਂ ਬਾਅਦ ਬਿਲਡਿੰਗ ਦੀ ਢਾਹ-ਢੁਆਈ ਸ਼ੁਰੂ ਕਰ ਦਿਤੀ ਤੇ ਨਵੀਂ ਬਿਲਡਿੰਗ ਦੀ ਉਸਾਰੀ ਸ਼ੁਰੂ ਹੋ ਗਈ। ਲੱਖਾਂ ਰੁਪਏ ਜੇਬ ‘ਚੋਂ ਖਰਚੇ। ਇਹ ਗੱਲ 1990 ਦੇ ਕਰੀਬ ਦੀ ਹੈ। ਸ਼ ਕਾਹਮਾ ਨੇ ਸਕੂਲ ਦੀ ਬਿਲਡਿੰਗ ‘ਚ ਪਿੰਡ ਦੇ ਸਹਿਯੋਗ ਨਾਲ ਬਹੁਤ ਵੱਡਾ ਯੋਗਦਾਨ ਪਾਇਆ। ਦਲੇਰੀ ਭਰੇ ਅਜਿਹੇ ਕਾਰਜਾਂ ਕਰਕੇ ਗੁਰਸ਼ਰਨ ਛੰਨਾ ਸ਼ ਕਾਹਮਾ ਦੀ ਬਹੁਤ ਇੱਜਤ ਕਰਦਾ ਹੈ।
ਪਿੰਡ ਕਾਹਮਾ ਪ੍ਰਤੀ ਹਰਦੇਵ ਸਿੰਘ ਦੀ ਬੜੀ ਦੇਣ ਹੈ। ਖੇਡ ਮੈਦਾਨ, ਵਿਕਾਸ ਕਾਰਜਾਂ, ਸਮਾਜ ਸੇਵਾ ਤੇ ਸਮਾਜਕ ਵਰਤਾਰੇ ਵਿਚ ਹਮੇਸ਼ਾ ਮੂਹਰੇ ਰਹਿੰਦਾ ਹੈ। ਉਹਦੇ ਨਾਂ ‘ਤੇ ਪਿੰਡ ‘ਚ ‘ਸ਼ ਹਰਦੇਵ ਸਿੰਘ ਖੇਡ ਸਟੇਡੀਅਮ’ ਬਣਿਆ ਹੋਇਐ। ਲੋਕ ਭਲਾਈ ਦੇ ਕੰਮਾਂ ‘ਚ ਹਮੇਸ਼ਾ ਮੂਹਰੇ ਤੇ ਰਾਜਨੀਤੀ ਤੋਂ ਕੋਹਾਂ ਦੂਰ ਹੈ। ਦਸ ਸਾਲ ਪਹਿਲਾਂ ਆਪਣੇ ਬਾਬਾ ਸ਼ ਗੋਪਾਲ ਸਿੰਘ ਦੀ ਯਾਦ ਵਿਚ ਪਿੰਡ ਟੂਰਨਾਮੈਂਟ ਕਰਵਾਇਆ ਸੀ। ਪਿੰਡ ਦੇ ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਬੰਬਈ ਫਿਲਮ ਇੰਡਸਟਰੀ ‘ਚ ਲਤਾ ਮੰਗੇਸ਼ਕਰ ਨੂੰ ਅੱਗੇ ਲਿਆਉਣ ਵਾਲੇ ਮਿਊਜ਼ਿਕ ਡਾਇਰੈਕਟਰ ਕਾਹਮਾ ਵਾਸੀ ਹੁਸਨ ਲਾਲ (ਭਗਤ ਰਾਮ) ਦੀ ਪਤਨੀ ਦਾ ਮਾਣ-ਸਨਮਾਨ ਕੀਤਾ ਗਿਆ ਸੀ।
ਸ਼ ਹਰਦੇਵ ਸਿੰਘ ਪਿੰਡ ਪੱਲੀ-ਝਿੱਕੀ ਵਿਆਹੇ ਹੋਏ ਹਨ। ਫੁੱਟਬਾਲ ਨੂੰ ਸਮਰਪਿਤ ਅਤੇ ਵਧੀਆ ਫੁੱਟਬਾਲ ਖਿਡਾਰੀਆਂ ਦਾ ਪਿੰਡ ਹੈ। ਜਿਲਾ ਨਵਾਂਸ਼ਹਿਰ ਫੁੱਟਬਾਲ ਐਸੋਸੀਏਸ਼ਨ ਦਾ ਪ੍ਰਧਾਨ ਜਰਨੈਲ ਸਿੰਘ ਅਤੇ ਜਿਲਾ ਯੋਜਨਾ ਕਾਂਗਰਸ ਦਾ ਚੇਅਰਮੈਨ ਅਤੇ ਹਲਕਾ ਇੰਚਾਰਜ ਬੰਗਾ ਸਤਵੀਰ ਸਿੰਘ ਵੀ ਪਿੰਡ ਪੱਲੀ-ਝਿੱਕੀ ਦੀਆਂ ਮਹਾਨ ਹਸਤੀਆਂ ਹਨ। ਬਲਵੀਰ ਸਿੰਘ ਵੀਰ੍ਹਾ ਤੇ ਸਤਵਿੰਦਰ ਪਿੰਦਾ-ਦੋਵੇਂ ਭਰਾ ਫੁੱਟਬਾਲ ਦੇ ਨਾਮੀ ਖਿਡਾਰੀ ਰਹਿ ਚੁਕੇ ਹਨ। ਜਸਪ੍ਰੀਤ ਸਿੰਘ ਜੱਸਾ ਇਸ ਵੇਲੇ ਕਿਸੇ ਪ੍ਰਸਿੱਧ ਫੁੱਟਬਾਲ ਕਲੱਬ ਵਲੋਂ ਖੇਡ ਰਿਹੈ।
ਬੰਗਾ ਕਾਲਜ ਵਿਖੇ ਹੁੰਦੇ ‘ਸ਼ਹੀਦ ਭਗਤ ਸਿੰਘ ਮੈਮੋਰੀਅਲ ਟੂਰਨਾਮੈਂਟ’ ਵਿਚ ਵਿਦੇਸ਼ੀ ਵੀਰਾਂ, ਖਿਡਾਰੀਆਂ, ਦਾਨੀ ਸੱਜਣਾਂ ਤੇ ਇਲਾਕੇ ਦੇ ਮੋਹਤਵਰ ਸੱਜਣਾਂ ਦਾ ਬੜਾ ਸਹਿਯੋਗ ਹੁੰਦੈ, ਜੋ ਹਰਦੇਵ ਸਿੰਘ ਕਾਹਮਾ ਦੇ ਮੋਢੇ ਨਾਲ ਮੋਢਾ ਡਾਹ ਕੇ ਖੜ੍ਹੇ ਹੁੰਦੇ ਹਨ ਤੇ ਹਰ ਸਾਲ ਮੈਚਾਂ ਦੀ ਅਪਾਰ ਸਫਲਤਾ ਲਈ ਵਧਾਈ ਦੇ ਪਾਤਰ ਬਣਦੇ ਹਨ, ਜਿਨ੍ਹਾਂ ਵਿਚ ਦਰਸ਼ਨ ਸਿੰਘ ਮਾਹਲ ਕੈਨੇਡਾ, ਸਤਵੰਤ ਸਿੰਘ ਬੈਂਸ ਕੈਨੇਡਾ, ਝਲਮਣ ਸਿੰਘ ਸਿੱਧੂ ਕੈਨੇਡਾ (ਸੋਤਰਾਂ ਵਾਲੇ), ਰੋਸ਼ਨ ਲਾਲ ਰੋਸ਼ਾ ਕੈਨੇਡਾ, ਇਕਬਾਲ ਸਿੰਘ ਖਾਨਖਾਨਾ, ਸਤਵਿੰਦਰ ਸਿੰਘ ਪਿੰਦਾ ਪੱਲੀਆਂ, ਨਰਿੰਦਰ ਸਿੰਘ ਕਰੀਮਪੁਰ, ਰੇਸ਼ਮ ਸਿੰਘ ਮਾਨ ਕੈਨੇਡਾ (ਬੰਗਾ), ਸੁੱਚਾ ਸਿੰਘ ਨਰ ਜਰਮਨੀ, ਨਰਿੰਦਰਪਾਲ ਮਾਹਲ, ਕੇਹਰ ਸਿੰਘ ਥਾਂਦੀ ਅਮਰੀਕਾ, ਨਰਿੰਦਰ ਸਿੰਘ ਰੰਧਾਵਾ, ਨਰਿੰਦਰਪਾਲ ਸਿੰਘ ਮਾਹਲ, ਗੁਰਦਿਆਲ ਸਿੰਘ ਜਗਤਪੁਰ, ਰੇਸ਼ਮ ਸਿੰਘ ਮਜ਼ਾਰੀ, ਸਰਬਜੀਤ ਸਿੰਘ ਪੰਨੂੰ, ਸੁਰਿੰਦਰ ਸਿੰਘ ਪੂੰਨੀ ਜੀਦੋਂਵਾਲ ਹਨ ਸ਼ਾਮਲ ਹਨ। ਦਰਸ਼ਨ ਸਿੰਘ ਮਾਹਲ ਵਲੋਂ ਇਨ੍ਹਾਂ ਮੈਚਾਂ ‘ਚ ਵੱਡਾ ਸਹਿਯੋਗ ਦਿੱਤਾ ਜਾਂਦੈ।
ਹਰਦੇਵ ਸਿੰਘ ਕਾਹਮਾ ‘ਤੇ ਸੱਚੇ ਪਾਤਸ਼ਾਹ ਦਾ ਬੜਾ ਕਰਮ ਹੈ। ਬੇਟਿਆਂ ਨੇ ਕਾਰੋਬਾਰ ਸਾਂਭੇ ਹੋਏ ਹਨ। ਪਰਿਵਾਰ ਅਤੇ ਘਰ ਵਾਲੀ ਦੇ ਵੱਡੇ ਸਾਥ ਨਾਲ ਖੇਡ ਸ਼ੌਕ ਹੁੱਬ ਕੇ ਪੂਰੇ ਕਰ ਰਿਹੈ ਤੇ ਹੋਰ ਜ਼ਿੰਮੇਵਾਰੀਆਂ ਬਾਖੂਬੀ ਨਾਲ ਨਿਭਾ ਰਿਹੈ। ਹਮੇਸ਼ਾ ਚੜ੍ਹਦੀ ਕਲਾ ‘ਚ ਰਹਿਣ ਵਾਲਾ ਜ਼ਿੰਦਗੀ ਦੀਆਂ 77 ਪਤਝੜ ਤੇ ਬਹਾਰਾਂ ਮਾਣ ਚੁੱਕੈ। ਉਹਦੇ ਸੀਨੇ ‘ਚ ਫੁੱਟਬਾਲ ਪ੍ਰਤੀ ਅਥਾਹ ਪਿਆਰ ਹੈ। ਜ਼ਿੰਦਗੀ ਦੇ ਆਖਰੀ ਦਮ ਤੱਕ ਫੁੱਟਬਾਲ ਨੂੰ ਸਮਰਪਿਤ ਹੋਣ ਲਈ ਵਚਨਬੱਧ ਹੈ।
ਖੇਡ ਸ਼ੌਕ ਜਿਨ੍ਹਾਂ ਨੂੰ ਲੱਗ ਜਾਂਦਾ,
ਕਦੇ ਨਾ ਕਾਸੇ ਦੀ ਪ੍ਰਵਾਹ ਕਰਦੇ।
ਖੇਡ ਸਮੁੰਦਰਾਂ ‘ਚ ਵੜ੍ਹ ਜਾਂਦੇ,
ਹੋਣਹਾਰ ਖਿਡਾਰੀਆਂ ਲਈ ਪੱਧਰਾ ਰਾਹ ਕਰਦੇ।
ਖੇਡ ਸ਼ੌਕ ਪਾਲਣੇ ‘ਇਕਬਾਲ ਸਿੰਹਾਂ’ ਬੜੇ ਔਖੇ,
‘ਨੇਰੀਆਂ, ਝੱਖੜਾਂ ਮੂਹਰੇ ਹਿੱਕ ਡਾਹ ਖੜ੍ਹਦੇ।