ਸ਼ਹਾਦਤ ਗੁਰੂ ਤੇਗ ਬਹਾਦਰ, ਮਨੁੱਖੀ ਅਧਿਕਾਰ ਅਤੇ ਕਿਸਾਨ ਅੰਦੋਲਨ

ਡਾ. ਗੁਰਨਾਮ ਕੌਰ, ਕੈਨੇਡਾ
ਦਸੰਬਰ ਦਾ ਮਹੀਨਾ ਸਿੱਖ ਧਰਮ ਦੇ ਇਤਿਹਾਸ ਵਿਚ ਬਹੁਤ ਹੀ ਮਹੱਤਵ ਰੱਖਦਾ ਹੈ, ਜੋ ਵਾਰ ਵਾਰ ਸਾਨੂੰ ਜਿੱਥੇ ਆਪਣੇ ਇਤਿਹਾਸ ਦੇ ਉਨ੍ਹਾਂ ਪੰਨਿਆਂ ਦੀ ਯਾਦ ਦਿਵਾਉਂਦਾ ਹੈ, ਜੋ ਸ਼ਹਾਦਤਾਂ ਨਾਲ ਭਰੇ ਹੋਏ ਹਨ; ਉਸ ਦੇ ਨਾਲ ਹੀ ਸਾਨੂੰ ਉਨ੍ਹਾਂ ਕੀਮਤਾਂ ਦੀ ਯਾਦ ਨੂੰ ਸਾਡੇ ਚੇਤਿਆਂ ਵਿਚ ਸਦਤਾਜ਼ਾ ਕਰਾਉਂਦਾ ਰਹਿੰਦਾ ਹੈ, ਜੋ ਗੁਰੂਆਂ ਦੀ ਬਖਸ਼ਿਸ਼ ਨਾਲ ਸਾਡਾ ਵਿਰਸਾ ਬਣੀਆਂ ਹਨ। ਦਸੰਬਰ ਦੇ ਠੰਢੇ ਯੱਖ ਮਹੀਨੇ ਵਿਚ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਦੇ ਕਿਲੇ ਨੂੰ ਛੱਡਿਆ ਸੀ ਅਤੇ ਸਰਸਾ ਨਦੀ ਨੂੰ ਪਾਰ ਕਰਦਿਆਂ ਦੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਤੋਂ ਵਿਛੋੜਾ ਪੈ ਗਿਆ ਸੀ।

ਦੋ ਵੱਡੇ ਸਾਹਿਬਜ਼ਾਦਿਆਂ-ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਚਮਕੌਰ ਦੇ ਯੁੱਧ ਵਿਚ ਲੜਦਿਆਂ ਸ਼ਹਾਦਤ ਦਿਤੀ ਅਤੇ ਛੋਟੇ ਸਾਹਿਬਜ਼ਾਦਿਆਂ-ਬਾਬਾ ਫਤਿਹ ਸਿੰਘ ਤੇ ਜੋਰਾਵਰ ਸਿੰਘ ਨੂੰ ਸੂਬਾ ਸਰਹਿੰਦ ਨੇ ਕੰਧਾਂ ਵਿਚ ਚਿਣਾ ਕੇ ਸ਼ਹੀਦ ਕਰ ਦਿੱਤਾ; ਨਾਲ ਹੀ ਮਾਤਾ ਗੁਜਰੀ ਜੀ ਵੀ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਇਸੇ ਠੰਡੇ ਯੱਖ ਮਹੀਨੇ ਵਿਚ ਕਿਸਾਨ ਆਪਣੇ ਹੱਕਾਂ ਦੀ ਰਾਖੀ ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦਿੱਲੀ ਵਿਖੇ ਮੋਰਚਿਆ ‘ਤੇ ਡਟੇ ਹੋਏ ਹਨ। ਗੁਰੂਆਂ ਨੇ ਸਾਨੂੰ ਸਿਖਾਇਆ ਹੈ ਕਿ ਮਨੁੱਖ ਮਹਿਜ ਆਪਣੀ ਖਾਤਰ ਹੀ ਨਹੀਂ ਜਿਉਂਦਾ, ਸਗੋਂ ਆਪਣੇ ਅਤੇ ਦੂਸਰਿਆਂ ਦੇ ਹੱਕਾਂ ਤੇ ਸਰਬੱਤ ਦੇ ਭਲੇ ਲਈ ਜਿਉਂਦਾ ਵੀ ਹੈ ਅਤੇ ਜੇ ਲੋੜ ਪਵੇ ਤਾਂ ਸ਼ਹਾਦਤ ਵੀ ਦੇ ਸਕਦਾ ਹੈ।
ਗੁਰੂ ਨਾਨਕ ਦੇ ਦਿੱਤੇ ਜੀਵਨ ਦਰਸ਼ਨ ਨੇ ਭਾਰਤ ਦੀ ਸੁੱਤੀ ਹੋਈ ਆਤਮਾ ਨੂੰ ਜਗਾਇਆ ਸੀ; ਮਨੁੱਖੀ ਇਨਸਾਫ, ਬਰਾਬਰੀ, ਸਵੈਮਾਣ, ਆਜ਼ਾਦੀ, ਸਰਬੱਤ ਦੇ ਭਲੇ ਲਈ ਜਿਉਣਾ ਸਿਖਾਇਆ। ਸਿੱਖ ਧਰਮ-ਚਿੰਤਨ ਵਿਚ ਤਾਂ ਮਰਨ ਨੂੰ ਵੀ ਬਹਾਦਰ ਲੋਕਾਂ ਦਾ ਹੱਕ ਅਤੇ ਸੱਚ ਅਰਥਾਤ ਸਫਲ ਮੰਨਿਆ ਗਿਆ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਜਿਹੜੇ ਮਨੁੱਖ ਪ੍ਰਵਾਣ ਹੋ ਕੇ ਮਰਦੇ ਹਨ, ਇਨਸਾਫ (ਧਰਮ) ਅਤੇ ਮਨੁੱਖਤਾ ਦੀ ਸੇਵਾ ਲਈ ਮਰਦੇ ਹਨ, ਉਨ੍ਹਾਂ ਦਾ ਮਰਨਾ ਸਫਲ ਮੰਨਿਆ ਜਾਂਦਾ ਹੈ। ਸੂਰਮੇ ਉਨ੍ਹਾਂ ਨੂੰ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਸੱਚੀ ਦਰਗਾਹ ਵਿਚ ਸੱਚੀ ਇੱਜ਼ਤ ਮਿਲਦੀ ਹੈ। ਇਸ ਸੰਸਾਰ ਤੋਂ ਵੀ ਇੱਜ਼ਤ ਕਮਾ ਕੇ ਜਾਂਦੇ ਹਨ ਅਤੇ ਅੱਗੇ ਵੀ ਆਪਣਾ ਮਾਣ, ਆਪਣੀ ਇੱਜ਼ਤ ਕਾਇਮ ਰੱਖਦੇ ਹਨ। ਉਸ ਪਰਵਦਗਾਰ ਨੂੰ ਲਾਸਾਨੀ, ਸਰਵਵਿਆਪਕ ਜਾਣ ਕੇ ਉਸ ਦਾ ਸਿਮਰਨ ਕਰਦੇ ਹਨ ਅਤੇ ਇਸ ਸਿਮਰਨ ਦਾ ਫਲ ਪ੍ਰਾਪਤ ਹੁੰਦਾ ਹੈ। ਉਸ ਦੇ ਸਿਮਰਨ ਨਾਲ ਮਨ ਵਿਚੋਂ ਹਰ ਤਰ੍ਹਾਂ ਦਾ ਭੈ, ਖਾਸ ਕਰਕੇ ਮੌਤ ਦਾ ਭੈ ਦੂਰ ਹੋ ਜਾਂਦਾ ਹੈ। ਗੁਰਬਾਣੀ ਅਨੁਸਾਰ ਜੋ ਮਨੁੱਖ ਉਸ ਇੱਕ ਪਰਵਦਗਾਰ ਦੇ ਭੈ ਵਿਚ ਜਿਉਂਦਾ ਹੈ, ਉਹ ਨਿਰਭਉ ਹੋ ਜਾਂਦਾ ਹੈ, ਉਸ ਨੂੰ ਕਿਸੇ ਹੋਰ ਦਾ ਜਾਂ ਮੌਤ ਦਾ ਭੈ ਨਹੀਂ ਰਹਿੰਦਾ। ਇਸ ਦੇ ਨਾਲ ਹੀ ਹਦਾਇਤ ਇਹ ਵੀ ਕੀਤੀ ਹੈ ਕਿ ਅਹੰਕਾਰ ਨਹੀਂ ਕਰਨਾ, ਕਿਸੇ ਨੂੰ ਉਚਾ ਬੋਲ ਨਹੀਂ ਬੋਲਣਾ, ਆਪਣੇ ਆਪ ‘ਤੇ ਸੰਜਮ ਰੱਖਣਾ ਹੈ,
ਮਰਣੁ ਮੁਣਸਾ ਸੂਰਿਆ ਹਕੁ ਹੈ
ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ
ਦਰਗਹ ਪਾਵਹਿ ਸਾਚੀ ਮਾਣੋ॥
ਦਰਗਹ ਮਾਣੁ ਪਾਵਹਿ ਪਤਿ ਸਿਉ
ਜਾਵਹਿ ਆਗੈ ਦੂਖੁ ਨ ਲਾਗੈ॥
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ
ਜਿਤੁ ਸੇਵਿਐ ਭਉ ਭਾਗੈ॥
ਊਚਾ ਨਹੀ ਕਹਣਾ ਮਨ ਮਹਿ
ਰਹਣਾ ਆਪੇ ਜਾਣੈ ਜਾਣੋ॥
ਮਰਣੁ ਮੁਣਸਾ ਸੂਰਿਆ ਹਕੁ ਹੈ
ਜੋ ਹੋਇ ਮਰਣੁ ਪਰਵਾਣੋ॥ (ਪੰਨਾ 579-80)
ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਅਪਰੈਲ 1621 ਈਸਵੀ ਨੂੰ ਮਾਤਾ ਨਾਨਕੀ ਅਤੇ ਗੁਰੂ ਹਰਗੋਬਿੰਦ, ਛੇਵੀਂ ਨਾਨਕ ਜੋਤਿ ਦੇ ਗ੍ਰਹਿ ਵਿਖੇ ਹੋਇਆ। ਗੁਰੂ ਹਰਗੋਬਿੰਦ ਸਾਹਿਬ, ਮੀਰੀ-ਪੀਰੀ ਦੇ ਮਾਲਕ ਨੇ ਗੁਰੂ ਨਾਨਕ ਸਾਹਿਬ ਦੇ ਅਧਿਆਤਮਕ ਅਤੇ ਸੰਸਾਰਕ ਜੀਵਨ ਦੀ ਇਕਸੁਰਤਾ ਵਾਲੇ ਸਥਾਪਤ ਕੀਤੇ ਜੀਵਨ ਦਰਸ਼ਨ ਨੂੰ ਅੱਗੇ ਲੈ ਜਾਂਦਿਆਂ, ਸੰਤ ਅਤੇ ਸਿਪਾਹੀ ਦੇ ਸੁਮੇਲ ਦਾ ਪ੍ਰਤੀਕ ਦੋ ਤਲਵਾਰਾਂ ਪਹਿਨੀਆਂ। ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਤਿਆਗ ਮੱਲ ਸੀ ਅਤੇ ਉਨ੍ਹਾਂ ਦਾ ਮੁਢਲਾ ਜੀਵਨ ਅੰਮ੍ਰਿਤਸਰ ਵਿਚ ਬੀਤਿਆਂ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਉਨ੍ਹਾਂ ਦੀ ਸ਼ਾਸਤਰ ਅਤੇ ਸ਼ਸਤਰ ਵਿੱਦਿਆ ਦਾ ਪ੍ਰਬੰਧ ਕੀਤਾ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਦੀ ਰਹਿਨੁਮਾਈ ਵਿਚ ਉਨ੍ਹਾਂ ਨੇ ਗੁਰਮੁਖੀ, ਸੰਸਕ੍ਰਿਤ, ਫਾਰਸੀ ਆਦਿ ਬੋਲੀਆਂ ਦੀ ਉਚੇਚੀ ਸਿੱਖਿਆ ਦੇ ਨਾਲ ਨਾਲ ਧਰਮ ਦਰਸ਼ਨ ਦਾ ਗਿਆਨ ਪ੍ਰਾਪਤ ਕੀਤਾ; ਘੋੜ-ਸਵਾਰੀ, ਤੀਰ ਅੰਦਾਜ਼ੀ ਦੀ ਮੁਹਾਰਤ ਪ੍ਰਾਪਤ ਕੀਤੀ ਅਤੇ ਤਲਵਾਰਬਾਜ਼ੀ ਦੀ ਸਿਖਲਾਈ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਦਿੱਤੀ।
ਅਕਬਰ ਬਾਦਸ਼ਾਹ ਤੋਂ ਬਾਅਦ ਜਹਾਂਗੀਰ ਵੱਲੋਂ ਦਿੱਲੀ ਦੇ ਤਖਤ ਤੇ ਬੈਠਣ ਉਪਰੰਤ ਮੁਗਲ ਸਲਤਨਤ ਦਾ ਸਿੱਖ ਧਰਮ ਪ੍ਰਤੀ ਰਵੱਈਆ ਸੁਖਾਵਾਂ ਨਹੀਂ ਸੀ ਰਿਹਾ। ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਨੂੰ ਮੁਗਲਾਂ ਨਾਲ ਕਈ ਲੜਾਈਆਂ ਲੜਨੀਆਂ ਪਈਆਂ ਅਤੇ ਬਾਲਕ ਤੇਜ ਮੱਲ ਨੇ ਪਿਤਾ-ਗੁਰੂ ਦੀ ਆਗਿਆ ਨਾਲ ਮਹਿਜ ਤੇਰਾਂ ਸਾਲ ਦੀ ਉਮਰ ਵਿਚ ਕਰਤਾਰਪੁਰ ਵਿਚ ਮੁਗਲਾਂ ਨਾਲ ਹੋਏ ਯੁੱਧ ਵਿਚ ਹਿੱਸਾ ਲਿਆ। ਇਸ ਜੰਗ ਵਿਚ ਉਨ੍ਹਾਂ ਨੇ ਜਿਸ ਦਲੇਰੀ ਅਤੇ ਹੁਸ਼ਿਆਰੀ ਨਾਲ ਦੁਸ਼ਮਣ ਨਾਲ ਲੜਦਿਆਂ ਤਲਵਾਰ ਦੇ ਜੌਹਰ ਦਿਖਾਏ, ਉਸ ਤੋਂ ਹੀ ਉਨ੍ਹਾਂ ਦਾ ਨਾਮ ਤੇਜ ਮੱਲ ਤੋਂ ਤੇਗ ਬਹਾਦਰ (ਤਲਵਾਰ ਦੇ ਧਨੀ) ਹੋ ਗਿਆ। ਕਰਤਾਰਪੁਰ ਦੇ ਨਿਵਾਸ ਦੌਰਾਨ ਹੀ ਉਨ੍ਹਾਂ ਦਾ ਵਿਆਹ 1632 ਈਸਵੀ ਵਿਚ (ਮਾਤਾ) ਗੁਜਰੀ ਜੀ ਨਾਲ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਿਆਂ ਉਨ੍ਹਾਂ ਨੇ ਆਪਣੀ ਮਾਤਾ ਨਾਨਕੀ ਅਤੇ ਪਤਨੀ ਗੁਜਰੀ ਜੀ ਸਮੇਤ ਬਕਾਲੇ ਰਿਹਾਇਸ਼ ਕਰ ਲਈ। ਗੁਰੂ ਹਰਗੋਬਿੰਦ ਸਾਹਿਬ ਨੇ ਸ਼ਿਵਾਲਕ ਪਹਾੜੀਆਂ ਦੇ ਪੈਰਾਂ ਵਿਚ ਨਵਾਂ ਨਗਰ ਕੀਰਤਪੁਰ ਵਸਾਇਆ ਅਤੇ ਇਥੇ ਹੀ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ 1644 ਵਿਚ ਗੁਰਗੱਦੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ, ਆਪਣੇ ਪੋਤੇ ਹਰਿ ਰਾਏ ਜੀ ਨੂੰ ਸੌਂਪ ਦਿੱਤੀ, ਜਿਨ੍ਹਾਂ ਨੇ ਸੰਗਤਿ ਦੀ ਅਗਵਾਈ 1661 ਈਸਵੀ ਤੱਕ ਕੀਤੀ। ਗੁਰੂ ਆਪ ਜਾਣੀ ਜਾਣ ਸਨ ਅਤੇ ਇਸ ਵਿਚ ਵੀ ਕੋਈ ਮਸਲੀਅਤ ਸੀ, ਜਿਸ ਵਿਚ ਆਉਣ ਵਾਲੇ ਔਖੇ ਵਕਤ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਤਿਆਰੀ ਦਾ ਰਹੱਸ ਛੁਪਿਆ ਹੋਇਆ ਸੀ।
ਗੁਰੂ ਹਰਿ ਰਾਏ ਜੀ ਨੇ 1661 ਈ. ਵਿਚ ਗੁਰਗੱਦੀ ਗੁਰੂ ਹਰਕ੍ਰਿਸ਼ਨ ਜੀ ਨੂੰ ਸੌਂਪੀ, ਜਿਨ੍ਹਾਂ ਦੀ ਉਮਰ ਉਸ ਵੇਲੇ ਬਹੁਤ ਛੋਟੀ ਸੀ। ਗੁਰੂ ਹਰਕ੍ਰਿਸ਼ਨ 1664 ਈ. ਵਿਚ ਦਿੱਲੀ ਵਿਖੇ ਸਨ, ਜਦੋਂ ਉਥੇ ਹੈਜ਼ਾ ਅਤੇ ਚੇਚਕ ਦੀ ਮਹਾਂਮਾਰੀ ਫੈਲ ਗਈ। ਬਿਮਾਰਾਂ ਦੀ ਦੇਖ-ਭਾਲ ਕਰਦਿਆਂ ਗੁਰੂ ਹਰਕ੍ਰਿਸ਼ਨ ਬਿਮਾਰ ਹੋ ਗਏ ਅਤੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ‘ਬਾਬਾ ਬਕਾਲੇ’, ਜਿਸ ਦਾ ਅਰਥ ਸੀ ਕਿ ਉਨ੍ਹਾਂ ਦਾ ਵਾਰਿਸ ਗੁਰੂ ਬਕਾਲੇ ਵਿਖੇ ਹੈ। ਗੁਰੂ ਨਾਨਕ ਦੇ ਸਥਾਪਤ ਕੀਤੇ ਮਾਰਗ ਤੇ ਸੰਗਤਾਂ ਦੀ ਅਗਵਾਈ ਕਰਨ ਲਈ ਨੌਵੇਂ ਗੁਰੂ ਦੇ ਰੂਪ ਵਿਚ ਗੁਰੂ ਤੇਗ ਬਹਾਦਰ 20 ਮਾਰਚ 1665 ਨੂੰ ਗੁਰਗੱਦੀ ‘ਤੇ ਬੈਠੇ, ਬਕਾਲੇ ਤੋਂ ਕੀਰਤਪੁਰ ਸਾਹਿਬ ਚਲੇ ਗਏ ਅਤੇ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੇ ਕੀਰਤਪੁਰ ਸਾਹਿਬ ਦੇ ਨੇੜੇ ਹੀ ਆਪਣੀ ਮਾਤਾ ਜੀ ਦੇ ਨਾਮ ‘ਤੇ ‘ਚੱਕ ਨਾਨਕੀ’ ਵਸਾਇਆ, ਜੋ ਪਿੱਛੋਂ ਅਨੰਦਪੁਰ ਕਰਕੇ ਜਾਣਿਆ ਗਿਆ ਅਤੇ ਖਾਲਸੇ ਦਾ ਜਨਮ ਸਥਾਨ ਬਣਿਆ। ਗੁਰੂ ਨਾਨਕ ਅਤੇ ਉਨ੍ਹਾਂ ਦੇ ਵਾਰਿਸ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਉਨ੍ਹਾਂ ਨੇ ਪੰਜਾਬ ਦੇ ਦੂਰ-ਦੁਰਾਡੇ ਖੇਤਰਾਂ ਦੀ ਯਾਤਰਾ ਕੀਤੀ ਅਤੇ ਨਾਲ ਹੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਜਿਵੇਂ ਯੂ. ਪੀ., ਬਿਹਾਰ, ਬੰਗਾਲ ਅਤੇ ਅਸਾਮ ਵਰਗੇ ਪ੍ਰਾਂਤਾਂ ਵਿਚ ਗਏ। ਜਦੋਂ ਗੁਰੂ ਤੇਗ ਬਹਾਦਰ ਆਪਣੇ ਪਰਿਵਾਰ ਨੂੰ ਬਿਹਾਰ ਵਿਚ ਪਟਨਾ ਵਿਖੇ ਠਹਿਰਾ ਕੇ ਆਪ ਅਸਾਮ ਵੱਲ ਗਏ ਤਾਂ ਇਸੇ ਸਮੇਂ ਦੌਰਾਨ ਬਾਲਕ ਗੋਬਿੰਦ ਰਾਇ ਦਾ ਜਨਮ 5 ਜਨਵਰੀ 1666 ਈ. ਨੂੰ ਹੋਇਆ। ਗੁਰੂ ਤੇਗ ਬਹਾਦਰ ਜਦੋਂ ਪ੍ਰਚਾਰ ਵਿਚ ਰੁੱਝੇ ਹੋਏ ਸਨ ਤਾਂ ਬਾਲਕ ਗੋਬਿੰਦ ਰਾਇ ਦੀ ਮੁਢਲੀ ਸਿੱਖਿਆ ਦਾ ਪ੍ਰਬੰਧ ਪਟਨਾ ਵਿਖੇ ਮਾਤਾ ਗੁਜਰੀ ਜੀ ਨੇ ਆਪਣੀ ਦੇਖ ਰੇਖ ਵਿਚ ਕੀਤਾ। ਕਰੀਬ 1672 ਈ. ਵਿਚ ਗੁਰੂ ਪਰਿਵਾਰ ਵਾਪਸ ਅਨੰਦਪੁਰ ਆ ਗਿਆ।
ਇਸ ਸਮੇਂ ਔਰੰਗਜ਼ੇਬ ਦਿੱਲੀ ਦੇ ਤਖਤ ‘ਤੇ ਬਿਰਾਜਮਾਨ ਸੀ ਅਤੇ ਉਸ ਦੇ ਰਾਜਕਾਲ ਵਿਚ ਮੁਗਲ ਹਾਕਮਾਂ ਦਾ ਜ਼ਬਰ ਪਰਜਾ ‘ਤੇ ਬਹੁਤ ਵਧ ਗਿਆ ਸੀ ਅਤੇ ਵੱਡੇ ਪੱਧਰ ‘ਤੇ ਲੋਕਾਂ ਨੂੰ ਮੁਸਲਮਾਨ ਬਣਨ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਬਾਲਕ ਗੋਬਿੰਦ ਰਾਇ ਦੀ ਉਮਰ ਸਿਰਫ 9 ਸਾਲ ਸੀ, ਜਦੋਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਅਨੰਦਪੁਰ ਆਪਣੀ ਫਰਿਆਦ ਲੈ ਕੇ ਆਏ ਸਨ ਕਿ ਉਨ੍ਹਾਂ ਨੂੰ ਮੁਸਮਾਨ ਬਣਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੁਣ ਕੇ ਔਰੰਗਜ਼ੇਬ ਦੇ ਇਸ ਜ਼ੁਲਮ ਨੂੰ ਰੋਕਣ ਲਈ ਦਿੱਲੀ ਵੱਲ ਰਵਾਨਾ ਹੋਏ ਅਤੇ ਭਾਈ ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ ਵੀ ਉਨ੍ਹਾਂ ਦੇ ਨਾਲ ਗਏ। ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੀ ਸੰਗਤਿ ਵਿਚ ਗਏ ਸਿੱਖਾਂ ਨੇ ਦਿੱਲੀ ਵਿਚ ਸ਼ਹਾਦਤ ਦਿੱਤੀ। ਇਹ ਸ਼ਹਾਦਤ ਆਪਣੇ ਧਰਮ ਨੂੰ ਮੰਨਣ ਦੀ ਮਨੁੱਖ ਦੀ ਮੁਢਲੀ ਆਜ਼ਾਦੀ, ਬਰਾਬਰੀ, ਮਨੁੱਖੀ ਸਵੈਮਾਨ ਅਤੇ ਇਨਸਾਫ ਲਈ ਦਿੱਤੀ ਗਈ। ਇਹ ਸ਼ਹਾਦਤ ਇਸ ਸਿਧਾਂਤ ਦੀ ਸਥਾਪਤੀ ਲਈ ਦਿੱਤੀ ਗਈ ਕਿ ਸਾਰੇ ਮਨੁੱਖ ਉਸ ਇੱਕ ਅਕਾਲ ਪੁਰਖ ਦੀ ਸਿਰਜਣਾ ਹਨ, ਸਭ ਦਾ ਸੋਮਾ ਉਹ ਇੱਕ ਅਕਾਲ ਪੁਰਖ ਹੈ, ਇਸ ਲਈ ਸਾਰਿਆਂ ਨੂੰ ਜੀਣ ਅਤੇ ਥੀਣ ਦਾ ਬਰਾਬਰ ਦਾ ਹੱਕ ਹੈ। ਹਰ ਇੱਕ ਮਨੁੱਖ ਨੂੰ, ਭਾਵੇਂ ਕਿਸੇ ਵੀ ਅਕੀਦੇ ਨਾਲ ਸਬੰਧਤ ਹੋਵੇ, ਆਪਣੇ ਇਸ਼ਟ ਨੂੰ ਧਿਆਉਣ ਦਾ ਹੱਕ ਹੈ। ਇਸ ਲਈ ਉਨ੍ਹਾਂ ਨੇ ਹੱਕ ਅਤੇ ਸੱਚ ਲਈ ਸ਼ਹਾਦਤ ਦਿੱਤੀ।
ਗੁਰੂ ਨਾਨਕ ਸਾਹਿਬ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੇ ਰਾਜਿਆਂ, ਉਨ੍ਹਾਂ ਦੇ ਅਹਿਲਕਾਰਾਂ ਨੂੰ ਲੋਕਾਂ ਦਾ ਸ਼ਿਕਾਰ ਕਰਨ ਵਾਲੇ ‘ਸੀਹ’ ਅਤੇ ‘ਕੁਤੇ’; ਧਾਰਮਿਕ ਹੋਣ ਦਾ ਦਿਖਾਵਾ ਕਰਦਿਆਂ ਲੋਕਾਂ ਦੇ ਹੱਕ ਖੋਹਣ ਵਾਲਿਆਂ ਨੂੰ ‘ਜਗਤ ਕਾਸਾਈ’ ਕਿਹਾ ਹੈ ਅਤੇ ਬਾਹਰੀ ਹਮਲਾਵਰਾਂ ਨੂੰ ‘ਪਾਪ ਕੀ ਜੰਞ’ ਕਹਿ ਕੇ ਵਿਰੋਧ ਕੀਤਾ। ਮਲਕ ਭਾਗੋ ਵਰਗਿਆਂ ਨੂੰ ਸਪੱਸ਼ਟ ਕੀਤਾ ਕਿ ਉਹ ਲੋਕਾਂ ਦਾ ਖੂਨ ਚੂਸ ਰਹੇ ਹਨ। ਗੁਰੂ ਤੇਗ ਬਹਾਦਰ ਨੇ ਮਾਨਵਤਾਵਾਦੀ ਕੀਮਤਾਂ ਦੀ ਸਥਾਪਤੀ ਲਈ ਸ਼ਹਾਦਤ ਦਿੱਤੀ। ਉਨ੍ਹਾਂ ਨੇ ਤਾਂ ਮਨੁੱਖ ਦੇ ਸਾਹਮਣੇ ਗਿਆਨਵਾਨ ਹੋਣ ਦਾ ਪੈਮਾਨਾ ਵੀ ਰੱਖਿਆ, ਜੋ ਮਨੁੱਖ ਕਿਸੇ ਨੂੰ ਨਾ ਡਰਾਉਂਦਾ ਹੈ ਅਤੇ ਨਾਹੀ ਕਿਸੇ ਤੋਂ ਡਰਦਾ ਹੈ,
ਭੈ ਕਾਹੂ ਕਉ ਦੇਤ ਨਹਿ
ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ
ਗਿਆਨੀ ਤਾਹਿ ਬਖਾਨਿ॥ (ਪੰਨਾ 1426-27)
ਇਨ੍ਹਾਂ ਹੀ ਮਾਨਵਤਾ ਨੂੰ ਪ੍ਰਣਾਈਆਂ ਕੀਮਤਾਂ ਨੂੰ ਅੱਗੇ ਲੈ ਜਾਂਦਿਆ ਇਨ੍ਹਾਂ ਦੀ ਸਥਾਪਤੀ ਲਈ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜ ਕੇ ਗਰੀਬਾਂ, ਸਦੀਆਂ ਤੋਂ ਦੱਬੇ-ਕੁਚਲੇ, ਜ਼ੁਲਮ ਸਹਿ ਰਹੇ ਕਮਜ਼ੋਰਾਂ ਨੂੰ ਜ਼ਾਬਰਾਂ ਨਾਲ ਟੱਕਰ ਲੈਣ ਦੇ ਯੋਗ ਬਣਾਇਆ।
ਪਹਿਲੀ ਅਤੇ ਦੂਸਰੀ ਆਲਮੀ ਜੰਗਾਂ ਦੌਰਾਨ ਬਹੁਤ ਵੱਡੀ ਪੱਧਰ ‘ਤੇ ਮਨੁੱਖੀ ਹੱਕਾਂ ਦਾ ਘਾਣ ਹੋਇਆ। ਮਨੁੱਖਤਾ ਨੂੰ ਵੱਡੀ ਪੱਧਰ ‘ਤੇ ਜਿੱਥੇ ਜਾਨ ਅਤੇ ਮਾਲ ਤੋਂ ਹੱਥ ਧੋਣੇ ਪਏ, ਘਰੋਂ ਬੇਘਰ ਹੋਣਾ ਪਿਆ, ਉਥੇ ਹੀ ਅਣਮਨੁੱਖੀ ਵਤੀਰਾ ਸਹਿਨ ਕਰਦਿਆਂ ਜ਼ਲੀਲ ਹੋਣਾ ਪਿਆ। ਭਵਿੱਖ ਵਿਚ ਇਸ ਕਿਸਮ ਦੀ ਆਲਮੀ ਤਬਾਹੀ ਦੀ ਰੋਕਥਾਮ ਲਈ ਹੀ ਇਨ੍ਹਾਂ ਯੁੱਧਾਂ ਵਿਚੋਂ ਯੂ. ਐਨ. ਓ. ਵਰਗੀ ਸੰਸਥਾ ਦੀ ਸਥਾਪਨਾ ਹੋਈ। ਸੰਨ 1948 ਵਿਚ 10 ਦਸੰਬਰ ਨੂੰ ਵਿਸ਼ਵਵਿਆਪੀ ਮਨੁੱਖੀ ਅਧਿਕਾਰ ਦਿਵਸ ਐਲਾਨਿਆ ਗਿਆ ਤਾਂ ਕਿ ਹਰ ਮਨੁੱਖ ਨੂੰ ਬਰਾਬਰੀ, ਨਿਆਉਂ, ਆਜ਼ਾਦੀ ਅਤੇ ਸੁਰੱਖਿਆ ਮੁਹੱਈਆ ਕਰਾਉਣ ਲਈ ਯਤਨ ਕੀਤੇ ਜਾਣ। ਸਾਂਝੇ ਯਤਨਾਂ ਰਾਹੀਂ ਦੁਨੀਆਂ ਭਰ ਵਿਚ ਨਾਬਰਾਬਰੀ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਲੋਕਤੰਤਰੀ ਕੀਮਤਾਂ ਦੀ ਬਹਾਲੀ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਸਕਣ। ਇਸ ਤਰ੍ਹਾਂ 10 ਦਸੰਬਰ ਸੰਸਾਰ ਪੱਧਰ ਤੇ ‘ਹਿਊਮਨ ਰਾਈਟਸ ਡੇ’ ਕਰਕੇ ਮਨਾਇਆ ਜਾਂਦਾ ਹੈ।
ਦਿੱਲੀ ਨੂੰ ਜਾਂਦੇ ਸ਼ਾਹਰਾਹਾਂ ‘ਤੇ ਦਿੱਲੀ ਦੁਆਲੇ ਸੰਘਰਸ਼ ਕਰ ਰਹੇ ਕਿਸਾਨਾਂ ਵਿਚ ਪੰਜਾਬ ਦੀਆਂ 32 ਜਥੇਬੰਦੀਆਂ ਦੇ ਨਾਲ ਹਰਿਆਣਾ, ਉਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰ ਵੱਖ ਵੱਖ ਪ੍ਰਾਂਤਾਂ ਤੋਂ ਕਿਸਾਨ ਜਥੇਬੰਦੀਆਂ ਸੰਘਰਸ਼ ਵਿਚ ਸ਼ਾਮਲ ਹਨ। ਭਾਜਪਾਈ ਸਰਕਾਰ ਵੱਲੋਂ ਵੱਖ ਵੱਖ ਸਮਿਆਂ ‘ਤੇ ਆਪਣੇ ਹੱਕਾਂ ਲਈ ਅਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ, ਵਿਦਿਆਰਥੀਆਂ, ਪੱਤਰਕਾਰਾਂ, ਮਾਨਵ ਅਧਿਕਾਰੀ ਕਾਰਕੁੰਨਾਂ ਅਤੇ ਸਮਾਜ ਸੇਵੀ ਪੁਰਸ਼ਾਂ ਅਤੇ ਔਰਤਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਇਨ੍ਹਾਂ ਵਿਚੋਂ ਕਈ ਤਾਂ ਵੱਡੀ ਉਮਰ ਦੇ ਹਨ, ਜਿਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਹੈ, ਅਪੰਗ ਵੀ ਹਨ। 10 ਦਸੰਬਰ ਨੂੰ ਮਾਨਵ ਅਧਿਕਾਰ ਦਿਵਸ ਮਨਾਉਂਦੇ ਹੋਏ ਕਿਸਾਨ ਧਰਨੇ ‘ਤੇ ਬੈਠੀਆਂ ਬੀਬੀਆਂ ਨੇ ਜੇਲ੍ਹਾਂ ਵਿਚ ਬੰਦ ਇਨ੍ਹਾਂ ਵਿਅਕਤੀਆਂ ਦੇ ਨਾਂਵਾਂ ਦੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ ਕਿ ਇਨ੍ਹਾਂ ਨੂੰ ਜੇਲ੍ਹਾਂ ਤੋਂ ਰਿਹਾ ਕੀਤਾ ਜਾਵੇ। ਇੱਥੇ ਇਹ ਵੀ ਯਾਦ ਰੱਖਣਾ ਬਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨਾਲ ਗਵਾਲੀਅਰ ਦੇ ਕਿਲੇ ਵਿਚ ਭਾਰਤੀ ਰਿਆਸਤਾਂ ਦੇ 52 ਰਾਜੇ ਵੀ ਕੈਦ ਸਨ। ਜਦੋਂ ਗੁਰੂ ਹਰਗੋਬਿੰਦ ਦੀ ਰਿਹਾਈ ਲਈ ਜਹਾਂਗੀਰ ਨੇ ਕਿਹਾ ਤਾਂ ਗੁਰੂ ਹਰਗੋਬਿੰਦ ਨੇ ਉਨ੍ਹਾਂ 52 ਰਾਜਿਆਂ ਦੀ ਰਿਹਾਈ ਦੀ ਸ਼ਰਤ ਵੀ ਨਾਲ ਰੱਖ ਦਿੱਤੀ ਸੀ, ਜਿਸ ‘ਤੇ ਜਹਾਂਗੀਰ ਨੇ ਕਿਹਾ ਸੀ ਕਿ ਗੁਰੂ ਦੇ ਚੋਲੇ ਦੀਆਂ ਕਲੀਆਂ ਫੜ ਕੇ ਜਿੰਨੇ ਜਾ ਸਕਦੇ ਹਨ, ਚਲੇ ਜਾਣ। ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਕਹਿ ਕੇ 52 ਕਲੀਆਂ ਵਾਲਾ ਚੋਲਾ ਮੰਗਵਾਇਆ ਸੀ, ਜਿਸ ਦੀਆਂ ਕਲੀਆਂ ਫੜ ਕੇ ਉਹ 52 ਰਾਜੇ ਵੀ ਰਿਹਾ ਹੋ ਗਏ ਸਨ। ਇੱਥੋਂ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ‘ਬੰਦੀ ਛੋੜ ਗੁਰੂ’ ਪਿਆ ਸੀ।
ਇਸੇ ਤਰ੍ਹਾਂ 30 ਨਵੰਬਰ ਨੂੰ ਕੁੰਡਲੀ ਅਤੇ ਟਿੱਕਰੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਗਿਆ, ਲੰਗਰ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ 21 ਦਸੰਬਰ ਤੋਂ ਤਿੰਨ ਦਿਨ ਦਾ ਸ਼ਹੀਦੀ ਜੋੜ ਮੇਲ ਚਮਕੌਰ ਸਾਹਿਬ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤਿ 26 ਦਸੰਬਰ ਤੋਂ ਤਿੰਨ ਦਿਨ ਦਾ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਵਿਚ ਮਨਾਇਆ ਜਾਂਦਾ ਹੈ। ਬਿਲਕੁਲ ਕੁਦਰਤੀ ਹੈ ਕਿ ਜੇ ਉਦੋਂ ਤੱਕ ਕੇਂਦਰ ਨੇ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਸਹੀ ਫੈਸਲਾ ਨਾ ਕੀਤਾ ਤਾਂ ਇਹ ਦਿਨ ਕਿਸਾਨਾਂ ਵੱਲੋਂ ਧਰਨੇ ‘ਤੇ ਹੀ ਮਨਾਏ ਜਾਣਗੇ। ਇਹ ਸ਼ਹਾਦਤਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ, ਜ਼ੁਲਮ ਦੀ ਵਿਰੋਧਤਾ ਵਿਚ ਦਿੱਤੀਆਂ ਗਈਆਂ ਸਨ।
ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਸੂਫੀ ਸੰਤਾਂ ਦੀ ਵਰੋਸਾਈ ਧਰਤੀ ਹੈ। ਪੰਜਾਬ ਦੇ ਰਾਗੀ-ਢਾਡੀ, ਗੀਤਕਾਰ, ਸੰਗੀਤਕਾਰ, ਗਾਇਕ ਸਮੇਂ ਸਮੇਂ ਆਪਣੇ ਵਿਰਸੇ ਦੇ ਰੂਬਰੂ ਹੁੰਦੇ ਰਹਿੰਦੇ ਹਨ ਅਤੇ ਆਪਣੀਆਂ ਲਿਖਤਾਂ ਤੇ ਗੌਣਾਂ ਰਾਹੀਂ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ। ਕਿਸਾਨਾਂ ਵੱਲੋਂ ਆਪਣੇ ਆਪਣੇ ਪਿੰਡਾਂ ਵਿਚੋਂ ਉਗਰਾਹੀਆਂ ਕਰਕੇ, ਬਾਹਰਲੇ ਮੁਲਕਾਂ ਵਿਚ ਰਹਿ ਰਹੇ ਕਿਸਾਨਾਂ ਦੇ ਗਰਾਈਆਂ, ਸਕੇ-ਸਬੰਧੀਆਂ, ਧੀਆਂ-ਪੁੱਤਾਂ, ਭੈਣ-ਭਾਈਆਂ ਵੱਲੋਂ ਆਪਣੀ ਆਪਣੀ ਹੈਸੀਅਤ ਮੁਤਾਬਿਕ ਅਤੇ ਖਾਲਸਾ ਏਡ, ਇਸ ਵਰਗੀਆਂ ਹੋਰ ਸਮਾਜ ਸੇਵੀ ਅਤੇ ਲੋਕ ਭਲਾਈ ਨੂੰ ਪ੍ਰਣਾਈਆਂ ਸੰਸਥਾਵਾਂ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੰਗਰ, ਬਿਸਤਰੇ, ਕੱਪੜੇ, ਦਵਾਈਆਂ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾ ਕੇ ਮਦਦ ਕੀਤੀ ਜਾ ਰਹੀ ਹੈ।
ਹਰੀ ਕ੍ਰਾਂਤੀ ਰਾਹੀਂ ਕਿਸਾਨ ਨੇ ਭਾਰਤ ਨੂੰ ਭੋਜਨ ਅਸੁਰੱਖਿਆ ਵਿਚੋਂ ਕੱਢਿਆ, ਪਰ ਅੱਜ ਕਿਸਾਨ ਆਪ ਅਸੁਰੱਖਿਅਤ ਹੈ। ਕੋਵਿਡ-19 ਵਿਚ ਰਸਤਿਆਂ ਵਿਚ ਪੈਦਲ ਜਾ ਰਹੇ, ਘਰਾਂ ਵਿਚ ਭੁੱਖ ਨਾਲ ਤੜਪ ਰਹੇ ਮਜ਼ਦੂਰਾਂ ਅਤੇ ਲੋਕਾਂ ਦੀ ਭੋਜਨ ਮੁਹੱਈਆ ਕਰਕੇ ਕਿਸਾਨਾਂ ਨੇ ਮਦਦ ਕੀਤੀ ਸੀ। ਜੇ ਪੰਜਾਬ ਦੇ ਗੋਦਾਮਾਂ ਵਿਚ ਅਨਾਜ ਨਾ ਹੁੰਦਾ ਤਾਂ ਕੇਂਦਰ ਸਰਕਾਰ ਵੀ ਮਹਾਮਾਰੀ ਦੌਰਾਨ ਅਨਾਜ ਕਿੱਥੋਂ ਵੰਡਦੀ? ਦੂਜਿਆਂ ਨੂੰ ਰਜਾਉਣ ਵਾਲਾ ਕਿਸਾਨ ਅੱਜ ਆਪ ਪ੍ਰੇਸ਼ਾਨ ਅਤੇ ਦੁਖੀ ਹੈ। ਸੰਨ 1963 ਵਿਚ 50 ਲੱਖ ਟੰਨ ਅਨਾਜ ਬਾਹਰੋਂ ਮੰਗਵਾਇਆ ਸੀ ਅਤੇ 1966 ਵਿਚ ਇੱਕ ਕਰੋੜ ਟੰਨ ਤੋਂ ਵੀ ਜ਼ਿਆਦਾ ਤੇ ਭਾਰਤ-ਪਾਕਿਸਤਾਨ ਯੁੱਧ ਵੇਲੇ ਅਮਰੀਕਾ ਨੇ ਅਨਾਜ ਦੇਣਾ ਬੰਦ ਕਰਨ ਦੀ ਵੀ ਧਮਕੀ ਦਿੱਤੀ ਸੀ। ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਲੋਕਾਂ ਨੂੰ ਇੱਕ ਡੰਗ ਦਾ ਖਾਣਾ ਖਾਣ ਦੀ ਗੁਜਾਰਿਸ਼ ਕੀਤੀ ਸੀ ਤਾਂ ਕਿ ਦੂਸਰੇ ਡੰਗ ਦਾ ਭੋਜਨ ਕਿਸੇ ਹੋਰ ਦੇ ਕੰਮ ਆ ਸਕੇ। ਭਾਰਤ ਦੀ ਮੌਜੂਦਾ ਕੇਂਦਰੀ ਸਰਕਾਰ ਕਾਰਪੋਰੇਟਾਂ ਦੇ ਹੱਥਾਂ ਵਿਚ ਖੇਡ ਰਹੀ ਹੈ ਅਤੇ ਹਕੀਕੀ ਹਾਲਾਤ ਨੂੰ ਅੱਖੋਂ ਪਰੋਖੇ ਕਰਕੇ ਕਿਸਾਨਾਂ ਦੇ ਭਲੇ ਦਾ ਸੋਚਣ ਦੀ ਥਾਂ ਕਾਰਪੋਰੇਟਾਂ ਦੇ ਹਿੱਤਾਂ ਵਿਚ ਭੁਗਤ ਰਹੀ ਹੈ। ਕਿਸਾਨ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦੀ ਅਸਲੀਅਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਅੱਜ ਦੇ ਕਿਸਾਨ ਪੜ੍ਹੇ-ਲਿਖੇ ਅਤੇ ਜਾਗ੍ਰਿਤ ਹਨ। ਇਸੇ ਲਈ ਉਹ ਆਪ-ਮੁਹਾਰੇ ਸੰਘਰਸ਼ ਦੇ ਰਾਹ ਪਏ ਹਨ।
ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਥਾਂ ਜੋਰ-ਸ਼ੋਰ ਨਾਲ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਿ ਇਹ ਕਾਨੂੰਨ ਤਾਂ ਕਿਸਾਨਾਂ ਨੂੰ ਮਾਲਾਮਾਲ ਕਰ ਦੇਣਗੇ। ਕੇਂਦਰੀ ਮੰਤਰੀਆਂ ਵੱਲੋਂ ਥਾਂ ਥਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। 10 ਦਸੰਬਰ ਨੂੰ ਮਾਨਵ ਅਧਿਕਾਰ ਦਿਵਸ ਨੂੰ ਸਮਰਪਤਿ ਕਰਦਿਆਂ ਜੇਲ੍ਹਾਂ ਵਿਚ ਬੰਦ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਦੀ ਰਿਹਾਈ ਦੀ ਮੰਗ ਦੀਆਂ ਤਖਤੀਆਂ ਤੋਂ ਕੇਂਦਰੀ ਮੰਤਰੀ ਨੇ ਬਿਆਨ ਠੋਕ ਦਿੱਤਾ ਕਿ ਕਿਸਾਨਾਂ ਵਿਚ ਮਾਉਵਾਦੀ ਆ ਵੜੇ ਹਨ। ਭਾਜਪਾਈਆਂ ਅਤੇ ਗੋਦੀ ਮੀਡੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਸਾਜਿਸ਼ਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਸਾਜ ਦੀਆਂ ਮਸ਼ੀਨਾਂ, ਲੰਗਰ, ਦਵਾਈਆਂ, ਕੱਪੜੇ ਧੋਣ ਦੀਆਂ ਮਸ਼ੀਨਾਂ ਕਿਹੜੀਆਂ ਬਾਹਰੀ ਏਜੰਸੀਆਂ ਵੱਲੋਂ ਮੁਹੱਈਆਂ ਕਰਾਈਆਂ ਜਾ ਰਹੀਆਂ ਹਨ? ਪੰਜਾਬ ਦੇ ਗਾਇਕ ਖੇਤੀਬਾੜੀ ਨਾਲ ਜੁੜੇ ਪਰਿਵਾਰਾਂ ਵਿਚੋਂ ਹਨ ਅਤੇ ਕਰੀਬ ਸਤੰਬਰ-ਅਕਤੂਬਰ ਤੋਂ ਹੀ ਆਪਣੇ ਜੋਸ਼ੀਲੇ ਗੀਤਾਂ ਨਾਲ ਧਰਨਿਆਂ ਵਿਚ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ‘ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਲੋਕਾਂ ਨੂੰ ਭੜਕਾਉਣ ਆਏ ਹਨ।
ਮਲੇਰਕੋਟਲੇ ਦੇ ਮੁਸਲਿਮ ਭਾਈਚਾਰੇ ਨਾਲ ਪੰਜਾਬੀਆਂ ਦਾ ਖਾਸ ਸਨੇਹ ਹੈ, ਕਿਉਂਕਿ ਨਵਾਬ ਮਲੇਰਕੋਟਲਾ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ ਸੀ। ਉਨ੍ਹਾਂ ਨੇ ਵੀ ਸੰਘਰਸ਼ ਕਰ ਰਹੇ ਕਿਸਾਨਾਂ ਲਈ ਮਿੱਠੇ ਚੌਲਾਂ ਦੇ ਲੰਗਰ ਲਾਏ ਹਨ। ਕੁਝ ਭਾਜਪਾਈਆਂ ਵੱਲੋਂ ਇਸ ਨੂੰ ਪਾਕਿਸਤਾਨ ਅਤੇ ਚੀਨ ਵੱਲੋਂ ਸਪਾਂਸਰ ਕੀਤਾ ਸੰਘਰਸ਼ ਕਿਹਾ ਜਾ ਰਿਹਾ ਹੈ। ਕਦੇ ਉਨ੍ਹਾਂ ਦੀਆਂ ਟਰੈਕਟਰ-ਟਰਾਲੀਆਂ ‘ਤੇ ਕਿੰਤੂ-ਪ੍ਰੰਤੂ ਕੀਤਾ ਜਾਂਦਾ ਹੈ। ਉਹ ਭੁੱਲ ਜਾਂਦੇ ਹਨ ਕਿ ਖਾਲਸਾ ਏਡ ਤਾਂ ਉਥੇ ਵੀ ਪਹੁੰਚਦੀ ਹੈ, ਜਿੱਥੇ ਰੈੱਡ ਕਰਾਸ ਦੀ ਵੀ ਪਹੁੰਚਣ ਦੀ ਹਿੰਮਤ ਨਹੀਂ ਹੁੰਦੀ; ਭਾਰਤ ਦੇ ਵੱਖ ਵੱਖ ਇਲਾਕਿਆਂ ਵਿਚ ਕੁਦਰਤੀ ਆਫਤਾਂ ਵੇਲੇ ਕੇਂਦਰ ਅਤੇ ਸੂਬਾ ਸਰਕਾਰਾਂ ਅੱਖ ਵਿਚ ਪਾਈਆਂ ਨਹੀਂ ਰੜਕਦੀਆਂ, ਪਰ ਖਾਲਸਾ ਏਡ ਵੱਲੋਂ ਉਥੇ ਵੀ ਹਰ ਤਰ੍ਹਾਂ ਦੀ ਮਦਦ ਪੁਚਾਈ ਜਾਂਦੀ ਹੈ। ਜਿਹੜਾ ਕਿਸਾਨ ਦੁਨੀਆਂ ਦੇ ਕਿਸੇ ਭੁੱਖੇ ਨੂੰ ਨਹੀਂ ਜਰਦਾ, ਉਹ ਸੰਘਰਸ਼ ਵਿਚ ਲੰਗਰ ਦੀ ਤੋੜ ਕਿਵੇਂ ਆਉਣ ਦੇਵੇਗਾ? ਮਨੁੱਖੀ ਹੱਕਾਂ ਦੀ ਬਹਾਲੀ ਲਈ ਜਦੋ ਜਹਿਦ ਕਰਨੀ, ਸੇਵਾ ਕਰਨੀ, ਆਪਣੀਆਂ ਰਚਨਾਵਾਂ ਅਤੇ ਗੀਤਾਂ ਵਿਚ ਆਪਣੇ ਵਿਰਸੇ ਨੂੰ ਯਾਦ ਕਰਨਾ ਪੰਜਾਬੀਆਂ ਨੂੰ ਗੁੜ੍ਹਤੀ ਵਿਚ ਮਿਲਦਾ ਹੈ। ਅਸਲ ਵਿਚ ਕੇਂਦਰੀ ਹਕੂਮਤ ਅਤੇ ਗੋਦੀ ਮੀਡੀਆ ਸਾਰੇ ਭਾਰਤ ਦੇ ਕਿਸਾਨਾਂ ਦੇ ਇਕੱਠ ਤੋਂ ਪ੍ਰੇਸ਼ਾਨ ਹੈ ਕਿ ਇਹ ਕਿਵੇਂ ਹੋ ਗਿਆ!