ਸੰਪਾਦਕ ਜੀਓ,
ਸਤਿ ਸ੍ਰੀ ਅਕਾਲ।
‘ਪੰਜਾਬ ਟਾਈਮਜ਼’ ਦੇ 28 ਨਵੰਬਰ ਵਾਲੇ ਅੰਕ ਵਿਚ ਛਪੇ ਮੇਰੇ ਲੇਖ “ਗੁਰੂ ਨਾਨਕ ਪ੍ਰਕਾਸ਼ ਪੁਰਬ ਇਸ ਸਾਲ ਮੱਘਰ ਦੀ ਪੂਰਨਮਾਸ਼ੀ ਨੂੰ ਕਿਉਂ?” ਦੇ ਜੁਆਬ ਵਿਚ 2 ਦਸੰਬਰ ਦੇ ਅੰਕ ਵਿਚ ਸ਼ ਸਰਵਜੀਤ ਸਿੰਘ ਸੈਕਰਾਮੈਂਟੋ ਨੇ ਸਥਿਤੀ ਨੂੰ ਹੋਰ ਸਪਸ਼ਟ ਕਰਨ ਵਿਚ ਠੀਕ ਯੋਗਦਾਨ ਪਾਇਆ ਹੈ, ਪਰ ਉਨ੍ਹਾਂ ਨੇ ਆਪਣੇ ਪ੍ਰਤੀਕਰਮ ਦੇ ਅਖੀਰ ਵਿਚ ਜੋ ਲਿਖਿਆ ਹੈ, ਮੈਂ ਇਥੇ ਉਸ ਬਾਰੇ ਕੁਝ ਵਿਚਾਰ ਜ਼ਰੂਰ ਦੇਣੇ ਚਾਹਾਂਗਾ। ਉਨ੍ਹਾਂ ਲਿਖਿਆ ਹੈ ਕਿ ਸ਼ ਪਾਲ ਸਿੰਘ ਪੁਰੇਵਾਲ ਨੇ ਇਹ ਸਾਬਿਤ ਕੀਤਾ ਹੈ ਕਿ ਗੁਰੂ ਜੀ ਦਾ ਜਨਮ ਇੱਕ ਵੈਸਾਖ, ਸੰਮਤ 1526 ਬਿਕਰਮੀ, ਦਿਨ ਸੋਮਵਾਰ, 29 ਮਾਰਚ 1469 ਬਣਦਾ ਹੈ। ਇਸ ਦਿਨ ਚੇਤ ਦੀ ਪੁੰਨਿਆ ਸੀ। ਮੇਰੇ ਲੇਖ ਬਾਰੇ ਮੈਨੂੰ ਸ਼ ਪੁਰੇਵਾਲ ਦਾ ਫੋਨ ਵੀ ਆਇਆ ਸੀ।
ਸ਼ ਪਾਲ ਸਿੰਘ ਪੁਰੇਵਾਲ ਆਪਣੀ ਲੱਭਤ ਦਾ ਆਧਾਰ ਕਵੀ ਸੰਤੋਖ ਸਿੰਘ ਦੀ ਲਿਖਤ ਨੂੰ ਬਣਾਉਂਦੇ ਹਨ, “ਕਵੀ ਜੀ ਗੁਰੂ ਸਾਹਿਬ ਦੀ ਆਯੂ 90 ਸਾਲ 5 ਮਹੀਨੇ 9 ਦਿਨ ਦੱਸਦੇ ਹਨ ਅਤੇ ਜੋਤੀ ਜੋਤ ਦੀ ਤਾਰੀਖ ਅਸੂ ਵਦੀ 10, 1596 ਸੰਮਤ ਲਿਖਦੇ ਹਨ। ਹੁਣ ਜੇ ਜੋਤੀ ਜੋਤ ਦੀ ਤਾਰੀਖ ਵਿਚੋਂ ਚੰਦਰਮਾ ਸਾਲ ਦੇ ਮਹੀਨੇ ਵਰਤਦਿਆਂ ਆਯੂ ਘਟਾਈਏ ਤਾਂ ਪ੍ਰਕਾਸ਼ ਦਿਹਾੜਾ ਵੈਸਾਖ ਵਦੀ 3, 1526 ਬਿਕਰਮੀ (4 ਵੈਸਾਖ) ਅਤੇ 30 ਮਾਰਚ 1469 ਸੰਨ ਬਣਦਾ ਹੈ। ਪ੍ਰੰਤੂ ਜੇ ਬਿਕਰਮੀ ਕੈਲੰਡਰ ਦੇ ਸੂਰਜੀ ਮਹੀਨਿਆਂ ਅਤੇ ਸੂਰਜੀ ਸਾਲ ਵਿਚੋਂ ਉਹੀ ਆਯੂ ਘਟਾਈਏ ਤਾਂ ਗਣਿਤ ਇਸ ਪ੍ਰਕਾਰ ਹੈ: ਅਸੂ ਸੁਦੀ 10, 1596 ਬਿ: ਨੂੰ 8 ਅੱਸੂ ਸੀ। ਜਦੋਂ ਇਸ ਵਿਚੋਂ 90 ਸਾਲ 5 ਮਹੀਨੇ 9 ਦਿਨ ਘਟਾਈਏ ਤਾਂ ਪ੍ਰਕਾਸ਼ ਦਿਹਾੜਾ ਇੱਕ ਵੈਸਾਖ (ਵੈਸਾਖੀ) 1526 ਬਿ: ਬਣ ਜਾਂਦਾ ਹੈ। ਅੰਗਰੇਜ਼ੀ ਤਾਰੀਖ 29 ਮਾਰਚ 1469 ਸੰਨ ਸੀ। ਉਸ ਵੈਸਾਖੀ ਵਾਲੇ ਦਿਨ ਚੇਤ ਸੁਦੀ 15 ਪੂਰਨਮਾਸ਼ੀ ਵੀ ਸੀ। ਇਹ ਤਾਰੀਖ ਪਹਿਲੀ ਤਾਰੀਖ ਨਾਲੋਂ ਕੇਵਲ ਤਿੰਨ ਦਿਨ ਪਹਿਲਾਂ ਦੀ ਹੈ।”
ਸ਼ ਪੁਰੇਵਾਲ ਨਿਰਣਾ ਦਿੰਦੇ ਹਨ, “ਅਸੀਂ ਕਵੀ ਸੰਤੋਖ ਸਿੰਘ ਦੀਆਂ ਦੋਵੇਂ ਗੱਲਾਂ, ਆਯੂ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ ਨੂੰ ਸਹੀ ਮੰਨਿਆ ਹੈ।”
ਸ਼ ਪੁਰੇਵਾਲ ਨੇ ਭਾਵੇਂ ਇਹ ਗੱਲ ਕਿਤੇ ਲਿਖੀ ਨਹੀਂ, ਪਰ ਮੈਨੂੰ ਉਨ੍ਹਾਂ ਟੈਲੀਫੋਨ ‘ਤੇ ਇਹ ਵੀ ਦੱਸਿਆ ਸੀ ਕਿ ਅੱਸੂ ਸੁਦੀ 10, ਸੰਮਤ 1596 ਨਾਲੋਂ ਉਨ੍ਹਾਂ ਨੂੰ ਕਵੀ ਸੰਤੋਖ ਸਿੰਘ ਅਤੇ ਕਰਤਾਰਪੁਰ ਵਾਲੀ ਬੀੜ ‘ਤੇ ਲਿਖੀ ਅੱਸੂ ਵਦੀ ਦੱਸਵੀਂ ਇਸ ਕਰਕੇ ਵੀ ਜ਼ਿਆਦਾ ਅਪੀਲ ਕਰਦੀ ਹੈ ਕਿ (ਉਨ੍ਹਾਂ ਅਨੁਸਾਰ) ਅੱਸੂ ਸੁਦੀ 10, 1596 ਨੂੰ ਦੁਸ਼ਹਿਰੇ ਦਾ ਦਿਨ ਸੀ, ਪਰ ਕਿਸੇ ਵੀ ਪੁਰਾਤਨ ਸਰੋਤ ਨੇ ਦੁਸ਼ਹਿਰੇ ਦਾ ਜ਼ਿਕਰ ਨਹੀਂ ਕੀਤਾ, ਜੋ ਕਿ ਕਿਸੇ ਵੀ ਇਤਿਹਾਸਕਾਰ ਲਈ ਗੈਰ-ਸੁਭਾਵਕ ਹੈ। ਜੇ ਇਹੀ ਦਲੀਲ ਇਕ ਵੈਸਾਖ ਲਈ ਵਰਤੀਏ ਤਾਂ ਇਹ ਵੀ ਸੰਭਵ ਨਹੀਂ ਲੱਗਦਾ ਕਿ ਜੇ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਵੈਸਾਖੀ ਹੁੰਦਾ ਤਾਂ ਕੋਈ ਵੀ ਤਾਰੀਖਦਾਨ ਵੈਸਾਖੀ ਦਾ ਜ਼ਿਕਰ ਨਾ ਕਰਦਾ। ਹਾਂ, ਇਹ ਜ਼ਰੂਰ ਮੰਨਿਆ ਜਾਣਾ ਚਾਹੀਦਾ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਵਿਸਾਖ ਸੁਦੀ ਤਿੰਨ ਨੂੰ ਹੀ ਸੀ, ਜੋ ਵੈਸਾਖੀ ਦੇ ਨਜ਼ਦੀਕ ਹੋਣ ਕਰਕੇ ਵੈਸਾਖੀ ਨੂੰ ਮਨਾਇਆ ਜਾਣਾ ਅਰੰਭ ਹੋ ਗਿਆ ਅਤੇ ਵੈਸਾਖੀ ਦਾ ਸਭਿਆਚਾਰਕ ਮੇਲਾ ਅਤੇ ਫਸਲੀ ਕਲੰਡਰ ਦਾ ਇਹ ਅਰੰਭ-ਦਿਹਾੜਾ ਭਾਈ ਗੁਰਦਾਸ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਧਾਰਮਿਕ ਰੰਗਤ ਵਿਚ ਰੰਗਿਆ ਗਿਆ: “ਘਰਿ ਘਰਿ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ।” ਜੇ ਇਹ ਦਿਹਾੜਾ 1815 ਤੱਕ ਵੈਸਾਖੀ ਨੂੰ ਮਨਾਇਆ ਜਾਂਦਾ ਰਿਹਾ ਹੁੰਦਾ ਤਾਂ ਮਕਾਲਿਫ ਨੇ ਵੀ ਇਹ ਜ਼ਿਕਰ ਜ਼ਰੂਰ ਕਰਨਾ ਸੀ ਕਿ ਗਿਆਨੀ ਸੰਤ ਸਿੰਘ ਨੇ ਇਹ ਦਿਹਾੜਾ ਵੈਸਾਖੀ ਤੋਂ ਬਦਲ ਕੇ ਕੱਤਕ ਪੂਰਨਮਾਸ਼ੀ ਨੂੰ ਮਨਾਉਣਾ ਨਿਸ਼ਚਿਤ ਕਰ ਦਿੱਤਾ।
ਧੰਨਵਾਦ ਸਹਿਤ।
-ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-99998-53245