ਛਿੰਦੇ ਦਾ ਵਿਹੜਾ

(2020 ਦੀ ਚੜ੍ਹਦੀ ਅਪਰੈਲ ਵਾਲੇ ਦਿਨ ਸਾਡਾ ਪਿਆਰਾ ਵੀਰ ਸੁਰਿੰਦਰ ਸਿੰਘ ਬੱਲ ਉਰਫ ਛਿੰਦਾ ਬੱਲ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਉਸ ਦੇ ਧਿਆਨ ਵਿਚ ਕੁਝ ਅੱਖਰ ਲਿਖੇ ਸਨ, ਜੋ ਸਰਕਾਰ ਵੱਲੋਂ ਅਚਾਨਕ ਥੋਪੀ ਗਈ ਤਾਲਾਬੰਦੀ ਕਾਰਨ ਘੱਲੇ ਨਹੀਂ ਜਾ ਸਕੇ। ਹੁਣ 20 ਦਸੰਬਰ, ਐਤਵਾਰ ਨੂੰ ਛਿੰਦੇ ਦੀ ਯਾਦ ਨੂੰ ਸਮਰਪਿਤ ਸਮਾਗਮ ਹੋ ਰਿਹਾ ਹੈ।

-ਅਮਰਜੀਤ ਪਰਾਗ)

ਡੇਰਾ ਬਿਆਸ ਦੀ ਉੱਤਰੀ ਬਾਹੀ ਵੱਲ ਘੁੱਗ ਵਸਦੇ ਨਗਰ ਬੁਤਾਲਾ (ਬੁੱਤ ਵਾਲਾ) ਦੇ ਅਗਵਾੜ ਕੰਮੋਂ ਕੀ ਵਿਚ ਸੂਬੇਦਾਰ ਮੇਜਰ ਤਰਲੋਕ ਸਿੰਘ ਬੱਲ ਦਾ ਘਰ। ਚੌਗਿਰਦੇ ਉਸਾਰੀ। ਚੜ੍ਹਦੇ ਬੰਨੇ ਚੁਬਾਰਾ। ਵਿਚਕਾਰ ਵਿਹੜਾ। ਇਹ ਵਿਹੜਾ ਘਰ ਦੀਆਂ ਕੁੱਲ ਸਰਗਰਮੀਆਂ ਦਾ ਚੂਲ੍ਹਾ ਹੋਣ ਕਰਕੇ ਹਰ ਆਉਣ-ਜਾਣ ਵਾਲੇ ਦੇ ਚਾਲ, ਚਰਿੱਤਰ ਅਤੇ ਚਿਹਰੇ ਦਾ ਚਸ਼ਮਦੀਦ ਗਵਾਹ ਹੈ।
ਘਰ ਦੇ ਤਿੰਨੇ ਮਰਦ ਅਮੋੜ, ਅੱਖੜ ਅਤੇ ਅੜਬੰਗੀ। ਸ਼ਿਵ ਜੀ ਦੇ ਬਰਾਤੀਆਂ ਵਰਗੇ ਅਨੇਕਮਤੀ ਦੇ ਅਵਧੂਤਾਂ ਵੱਲੋਂ ਇਸ ਵਿਹੜੇ ਵਿਚ ਚਰਨ ਪਾਉਣ ਦਾ ਸਿਲਸਿਲਾ ਨਿਰੰਤਰ ਚੱਲਦਾ ਰਿਹਾ ਹੈ। ਇੱਥੇ ਅੱਤ ਦੇ ਸੋਗ ਸਮੇਂ ਵੀ ਜਸ਼ਨ ਮਨਾਏ ਜਾਣ ਦੀ ਪਰੰਪਰਾ ਹੈ। ਕੋਈ ਕਿਵੇਂ ਸੋਚਦਾ ਹੈ, ਇਹ ਉਸ ਦਾ ਨਿਰੋਲ ਨਿੱਜੀ ਮਾਮਲਾ ਮੰਨਿਆ ਜਾਂਦਾ ਹੈ।
ਕਿਸੇ ਨਾ ਕਿਸੇ ਹਾਦਸੇ ਤੋਂ ਤਾਂ ਹਰ ਘਰ ਹੀ ਪ੍ਰਭਾਵਿਤ ਹੁੰਦਾ ਹੈ, ਪਰ ਪੰਜਾਬ ਭਰ ਵਿਚ ਵਾਪਰਨ ਵਾਲੇ ਹਰ ਹਾਦਸੇ ਨਾਲ ਦਸਤਪੰਜਾ ਪੈਣਾ ਇਸ ਵਿਹੜੇ ਦੇ ਮੱਥੇ ਦੀਆਂ ਲਕੀਰਾਂ ਵਿਚ ਹੀ ਲਿਖਿਆ ਗਿਆ ਹੈ। ਖਿਆਲਾਂ ਦੀ ਸੰਕੀਰਨਤਾ ਅਤੇ ਖੀਸੇ ਦੀ ਕਿਰਪਣਤਾ ਦੇ ਪਰਛਾਵੇਂ ਇਸ ਵਿਹੜੇ ਉੱਤੇ ਕਦੇ ਨਹੀਂ ਪਏ। ਖਾੜਕੂ ਸਿਧਾਂਤਕਾਰ ਅਜਮੇਰ ਸਿੰਘ, ਚੋਟੀ ਦਾ ਨਕਸਲੀ ਬਾਬੂ ਰਾਮ ਬੈਰਾਗੀ, ਬਲਦੇਵ ਸਿੰਘ, ਅਕਾਲੀਅਤ ਦਾ ਝੰਡਾਬਰਦਾਰ ਡਾ. ਬਲਕਾਰ ਸਿੰਘ, ਬਦਲਦੇ ਮੌਸਮਾਂ ਦੀ ਨਬਜ਼ ਪਛਾਣਨ ਵਾਲਾ ਡਾ. ਕੇਹਰ ਸਿੰਘ, ਸਮਾਜਵਾਦੀ ਸਾਹਿਤਕਾਰ ਹਰਭਜਨ ਸਿੰਘ ਹੁੰਦਲ, ਗਜ਼ਲ ਦਾ ਉਸਤਾਦ ਗੁਰਦੀਪ, ਸ਼ਬਦ ਸੋਜ ਦਾ ਪਾਰਖੂ ਦਲਜੀਤ ਸਰਾਂ, ਨੂਰਮਹਿਲੀਏ ਦਿਵਯ ਜੋਤੀ ਜਾਗਰਣ ਦਾ ਮੁਹਰੈਲ ਪ੍ਰਿਥੀਪਾਲ ਸਿੰਘ, ਨਿਹੰਗ ਕਾਨ੍ਹ ਸਿੰਘ ਦੀ ਛਾਉਣੀ ਦੀਆਂ ਲਾਡਲੀਆਂ ਫੌਜਾਂ, ਗਿਆਨ ਦੇ ਧੁੰਦੂਕਾਰੇ ਵਿਚ ਉਲਝੇ ਰਹਿਣ ਦੀ ਥਾਂ ਜ਼ਿੰਦਗੀ ਜਿਉਣ ਦੇ ਆਦਮ ਸੁਆਦਾਂ ਨਾਲ ਸ਼ਰਸ਼ਾਰ ਰਛਪਾਲ ਗਿੱਲ, ਹੋਂਦ ਦੇ ਘਮਸਾਨ ਵਿਚ ਬੇਦਿਲ ਹੋਇਆ ਬਲ ਦਾ ਜਿਗਰੀ ਯਾਰ ਵਕੀਲ ਕੰਵਲਜੀਤ ਤੇ ਹੋਰ ਅਨੇਕਾਂ ਹੀ ਫਕੜਾਂ ਤੇ ਦਰਵੇਸ਼ਾਂ ਵਰਗੇ ਸੱਜਣਾਂ ਨੂੰ ਛਿੰਦੇ ਦਾ ਵਿਹੜਾ ਬੇਸ਼ਰਤ ਖੁਸ਼ਆਮਦੀਦ ਕਹਿੰਦਾ ਰਿਹਾ ਹੈ। ਇਨ੍ਹਾਂ ਸੱਜਣਾਂ ਦੇ ਸਦਕੇ ਇਸ ਵਿਹੜੇ ਦੇ ਵਸਨੀਕਾਂ ਨੂੰ ਕਈ ਭਿਆਨਕ ਹਾਦਸਿਆਂ ਦੀ ਮਾਰ ਤੋਂ ਰੱਬ ਦੀ ਮਿਹਰਾਮਤ ਨੇ ਹੀ ਬਚਾਇਆ, ਪਰ ਇਨ੍ਹਾਂ ਖੁੱਲ੍ਹੀਆਂ ਖੇਡਾਂ ਵਾਲੇ ਜੀਆਂ ਵਿਚ ਡੂੰਘੇ ਅੰਤਰੀਵ ਮੋਹ ਦੀਆਂ ਤੰਦਾਂ ਨੂੰ ਕਦੇ ਜ਼ਰਬ ਨਹੀਂ ਆਈ।
ਇਹ ਕਰਾਮਾਤ ਨਿਰਸੰਦੇਹ ਮੋਹਵੰਤੀ ਮਾਂ ਪ੍ਰਕਾਸ਼ ਕੌਰ ਦੀ ਸਹਿਜ ਸਿਆਣਪ ਦੀ ਹੀ ਹੈ। ਚੰਦ ਦੇ ਭੰਗੂੜੇ ‘ਤੇ ਬੈਠੀ, ਕਿਰਨਾਂ ਦਾ ਛੋਪ ਕੱਤਦੀ ਲੋਕ ਕਹਾਣੀਆਂ ਵਿਚਲੀ ਮਾਂ ਸੀ ਪ੍ਰਕਾਸ਼ ਕੌਰ ਮਾਤਾ। ਜਦੋਂ ਵੀ ਬੱਲ ਨੂੰ ਮਿਲਣ ਮਾਂ ਪਟਿਆਲੇ ਆਉਂਦੀ ਤਾਂ ਬੱਲ ਦੇ ਸਾਰੇ ਬੇਲੀਆਂ ਨੂੰ ਲੱਗਦਾ ਕਿ ਉਨ੍ਹਾਂ ਦੀ ਮਾਂ ਆਈ ਹੈ। ਡਾ. ਬਲਕਾਰ ਸਿੰਘ ਤੇ ਡਾ. ਕੇਹਰ ਸਿੰਘ ਵਰਗੇ ਬਜੁਰਗੀ ਆਭਾ-ਮੰਡਲ ਵਿਚ ਵਿਚਰਨ ਵਾਲਿਆਂ ਨੂੰ ਵੀ ਬੱਚਿਆਂ ਵਰਗਾ ਚਾਅ ਚੜ੍ਹ ਜਾਂਦਾ। ਮਾਂ ਬਾਰੇ ਛਿੰਦੇ ਦੀ ਸ਼ਰੀਕੇਹਯਾਤ ਬੀਬੀ ਦਲਬੀਰ ਦਾ ਕਹਿਣਾ ਸੀ ਕਿ ਬੀਜੀ ਰਿਸ਼ਤੇ ਵਜੋਂ ਮੇਰੀ ਸੱਸ ਹਨ, ਪਰ ਅਸਲ ਵਿਚ ਉਹ ਮੇਰੀ ਸਕੀ ਮਾਂ ਹੈ। ਮਾਂ ਟੁਰ ਗਈ ਤਾਂ ਦਬਕੇ ਤੇ ਗੜਕੇ ਵਾਲਾ ਫੌਜੀ ਬਾਪੂ ਭੁਰ ਹੀ ਗਿਆ। ਮੈਂ ਕਿਹਾ, ਬਾਪੂ ਜੀ ਮਾਂ ਦੇ ਜਾਣ ਪਿੱਛੋਂ ਤੁਹਾਨੂੰ ਵਧੇਰੇ ਸੰਭਲਣ ਦੀ ਲੋੜ ਹੈ ਤਾਂ ਬੋਲੇ, “ਪੁੱਤਰਾ! ‘ਜਿਉਣਾ’ ਕਿਹੜਾ ਕਮਬਖਤ ਚਾਹੁੰਦਾ ਹੈ।”
ਛਿੰਦੇ ਦੇ ਵੱਡੇ ਭਰਾ ਗੁਰਦਿਆਲ ਬੱਲ ਨੂੰ ਜ਼ਿੰਦਗੀ ਨੇ ਅੱਧੀ ਸਦੀ ਤੋਂ ਭਾਵੇਂ ਇਸ ਵਿਹੜੇ ਤੋਂ ਬਾਰਾਂ ਪੱਥਰ ਕਰੀ ਰੱਖਿਆ ਸੀ, ਫਿਰ ਵੀ ਪਿੱਪਲ ਦੇ ਘਣਛਾਵੇਂ ਰੁੱਖ ਵਾਂਗ ਉਸ ਦੀ ਛਾਂ ਤੇ ਸ਼ੂਕਰ ਇਸ ਵਿਹੜੇ ਵਿਚੋਂ ਇੱਕ ਦਿਨ ਵੀ ਗੈਰ-ਹਾਜ਼ਰ ਨਹੀਂ ਰਹੀ। ਜਿਵੇਂ ਮਿਰਜ਼ਾ ਗਾਲਿਬ ਨੇ ਕਿਹਾ ਹੈ ਕਿ ਗੱਲ ਭਾਵੇਂ ਰੱਬ ਦੀ ਬੰਦਗੀ ਦੀ ਹੀ ਹੋਵੇ, ਪਰ ਸੁਰਾਹੀ ਅਤੇ ਪੈਮਾਨੇ ਦੇ ਜ਼ਿਕਰ ਬਿਨਾ ਬਣਦੀ ਹੀ ਨਹੀਂ। ਏਦਾਂ ਹੀ ਇਸ ਵਿਹੜੇ ਦੇ ਵਸਨੀਕਾਂ ਦੀ ਕੋਈ ਵੀ ਗੱਲ ਗੁਰਦਿਆਲ ਬੱਲ ਦੇ ਹਵਾਲੇ ਤੋਂ ਬਿਨਾ ਬਣਦੀ ਹੀ ਨਹੀਂ ਸੀ। ਜਦੋਂ ਛਿੰਦਾ ਖਾਸ ਉਤਸ਼ਾਹ ਨਾਲ ਗੱਲ ਕਰਦਾ ਸੀ ਤਾਂ ਬੱਲ ਵਰਗਾ ਹੀ ਰੰਗ ਬੰਨ੍ਹ ਦਿੰਦਾ ਸੀ।
ਛਿੰਦੇ ਨੇ ਭਾਵੇਂ ਗੁਰਦਿਆਲ ਜਿੰਨੀਆਂ ਕਿਤਾਬਾਂ ਤਾਂ ਨਹੀਂ ਸਨ ਪੜ੍ਹੀਆਂ, ਪਰ ਉੱਤਮ ਸਾਹਿਤ ਪੜ੍ਹਨ ਵਿਚ ਉਸ ਦੀ ਡੂੰਘੀ ਰੁਚੀ ਸੀ। ਮਨੁੱਖ ਦੀ ਹੋਣੀ ਅਤੇ ਪੇਚਦਾਰ ਮਨੁੱਖੀ ਰਿਸ਼ਤਿਆਂ ਦੀ ਲਾਮਿਸਾਲ ਗਰਾਮਰ ਦੀ ਪੇਸ਼ਕਾਰੀ ਕਰਨ ਵਾਲੇ ਭਾਸ਼ਾ ਵਿਭਾਗ ਵਲੋਂ ਪੰਜਾਬੀ ਵਿਚ ਛਾਪੇ ਹੋਏ ਮਹਾਨ ਗ੍ਰੰਥ ‘ਮਹਾਂਭਾਰਤ’ ਦੀਆਂ ਸੱਤੇ ਦੀਆਂ ਸੱਤੇ ਜਿਲਦਾਂ ਨੂੰ ਛਿੰਦੇ ਨੇ ਨਿੱਠ ਕੇ ਪੜ੍ਹਿਆ ਸੀ। ਦਾਰਾਸ਼ਕੋਹ, ਜਹਾਂਗੀਰ ਅਤੇ ਔਰੰਗਜ਼ੇਬ ਦੀਆਂ ਜ਼ਿੰਦਗੀਆਂ ਉੱਪਰ ਆਧਾਰਿਤ ਨਾਵਲਾਂ ਬਾਰੇ ਛਿੰਦਾ ਬਹੁਤ ਨਿੱਠ ਕੇ ਬਿਆਨਬਾਜੀ ਕਰਦਾ ਹੁੰਦਾ ਸੀ, ਪਰ ਕੰਵਲ ਦਾ ‘ਪੂਰਨਮਾਸ਼ੀ’ ਛਿੰਦੇ ਨੂੰ ਸਭ ਤੋਂ ਵੱਧ ਚੰਗਾ ਲਗਦਾ ਸੀ। ਛਿੰਦੇ ਨੇ ਆਪਣੇ ਬੇਔਲਾਦ ਹੋਣ ਦਾ ਕਦੇ ਕੋਈ ਝੋਰਾ ਨਹੀਂ ਸੀ ਕੀਤਾ। ਰਿਟਾਇਰ ਹੋਣ ਪਿੱਛੋਂ ਵੀ ਉਸ ਨੇ ਵੱਡੀ ਰਕਮ ਖਰਚ ਕੇ ਸ਼ਾਨਦਾਰ ਕੋਠੀ ਉਸਾਰੀ ਸੀ। ਇਹ ਛਿੰਦੇ ਦਾ ਮਾਰਫਤੀ ਲਜ਼ਤਾਂ ਤੋਂ ਜਾਣੂੰ ਹੋਣ ਦਾ ਜਾਹਰਾ ਸਬੂਤ ਹੈ। ਉਸ ਨੂੰ ਇਹ ਰਮਜ਼ ਸਹਿਵਨ ਹੀ ਸਮਝ ਆ ਗਈ ਸੀ ਕਿ ਹੋਂਦ ਦੇ ਨਸ਼ੇ ਵਿਚ ਗੜੁੱਚ ਹੋ ਕੇ ਜਿਉਣਾ ਹੀ ਮਿੱਟ ਜਾਣ ਦੇ ਭੈਅ ਤੋਂ ਮੁਕਤ ਹੋਣ ਦਾ ਮਾਰਗ ਹੈ। ਜਿਸ ਸਮੇਂ ਮਹਾਮਾਰੀ ਦੇ ਹੋਏ-ਅਣਹੋਏ ਡਰ ਨਾਲ ਥਰਹਰ ਕੰਬਦੀ ਲੋਕਾਈ ਨੇ ਆਪਣੀ ਹੋਂਦ ਨੂੰ ਹੀ ਜਿੰਦਰੇ ਮਾਰ ਲਏ ਸਨ, ਅਜਿਹੇ ਸਮੇਂ ਵੀ ਛਿੰਦਾ ਦਿਲ ਦੇ ਦੌਰੇ ਵੱਲੋਂ ਬੇਪਰਵਾਹ ਰਿਹਾ। ਹਾਲਾਂਕਿ ਡਾਕਟਰੀ ਗਿਆਨ ਦਾ ਚੰਗੀ ਤਰ੍ਹਾਂ ਜਾਣਕਾਰ ਸੀ। ਜ਼ਿੰਦਗੀ ਦੇ ਜ਼ਹਿਰ ਨੂੰ ਸ਼ੰਕਰਬੂਟੀ ਵਾਂਗ ਪੀ ਜਾਣ ਵਾਲੀ ਬੇਪਰਵਾਹੀ ਜ਼ਿੰਦਗੀ ਦੇ ਸੰਘਣੇ ਸੁਆਦਾਂ ਦਾ ਜਾਣੂੰ ਬੰਦਾ ਹੀ ਵਿਖਾ ਸਕਦਾ ਹੈ।
ਛਿੰਦੇ ਲਈ ਗੁਰਦਿਆਲ ਬੱਲ ਭਰਾ, ਦੋਸਤ, ਬਾਪ, ਪੁੱਤਰ ਅਤੇ ਬੇਨਾਮ ਰਿਸ਼ਤਿਆਂ ਵਾਲਾ ਹੋਰ ਬਹੁਤ ਕੁਝ ਸੀ। ਬੱਲ ਨੇ ਪਤਾ ਨਹੀਂ ਕਿਸੇ ਨੂੰ ਕਿੰਨਾ ਕੁ ਪਿਆਰ ਕੀਤਾ ਹੋਵੇਗਾ, ਪਰ ਬੱਲ ਨੂੰ ਸਭ ਤੋਂ ਵੱਧ ਪਿਆਰ ਛਿੰਦੇ ਨੇ ਹੀ ਕੀਤਾ ਹੈ। ਉਧਰ ਗੁਰਦਿਆਲ ਬੱਲ ਵੀ ਵੇਖਣ ਨੂੰ ਤਾਂ ਇੰਜ ਲੱਗਦਾ ਹੈ ਕਿ ਭਾਵੇਂ ਧਰਤੀ ਹੇਠਲਾ ਧੌਲ ਵੀ ਗਸ਼ ਖਾ ਕੇ ਡਿੱਗ ਪਵੇ, ਪਰ ਬੱਲ ਦੇ ਰੰਗ ਵਿਚ ਭੰਗ ਨਹੀਂ ਪੈਂਦਾ; ਆਖਰ ਉਹ ਵੀ ਇੱਕ ਮੋਹਵੰਤੀ ਮਾਂ ਦਾ ਹੀ ਪੁੱਤਰ ਹੈ! ਮੈਨੂੰ ਛਿੰਦੇ ਦੇ ਜਾਣ ਦੀ ਖਬਰ ਦੇਣ ਵੇਲੇ ਗੁਰਦਿਆਲ ਨੇ ਪਹਿਲਾਂ ਤਾਂ ਛਿੰਦੇ ਦੀ ਬੇਗੌਲੀ ਨੂੰ ਗਾਲ੍ਹ ਜਿਹੀ ਕੱਢ ਕੇ ਖੁਦ ਨੂੰ ਸੰਭਾਲਣ ਦਾ ਯਤਨ ਜਿਹਾ ਕੀਤਾ, ਪਰ ਫਿਰ ਕਹਿਣ ਲੱਗਾ “ਬਾਪੂ ਦੇ ਭੋਗ ਵੇਲੇ ਤੂੰ ਕਿਹਾ ਸੀ ਕਿ ਗੁਰਦਿਆਲ ਦਾ ਬਾਪੂ ਤਾਂ ਉਸੇ ਸਮੇਂ ਮਰ ਗਿਆ ਸੀ ਜਦੋਂ ਛਿੰਦੇ ਦੀ ਮਾਂ ਮਰੀ ਸੀ। ਪਰ ਅੱਜ ਮੈਂ ਤੈਨੂੰ ਦੱਸਦਾ ਹਾਂ ਕਿ ਇਹ ਛਿੰਦਾ ਨਹੀਂ ਮਰਿਆ ਮੈਂ ਮਰਿਆ ਹਾਂ। ਇਹ ਮੇਰੀ ਗੁਰਦਿਆਲ ਬੱਲ ਦੀ ਮੌਤ ਹੈ।”
ਅੱਜ ਛਿੰਦੇ ਦਾ ਵਿਹੜਾ ਖਾਮੋਸ਼ ਹੈ। ਉਦਾਸ ਹੈ। ਜਸ਼ਨਾਂ ਦੇ ਦੀਵਿਆਂ ਦਾ ਤੇਲ ਮੁੱਕ ਚੁਕਾ ਹੈ। ਦਲਬੀਰ ਛਿੰਦੇ ਨਾਲ ਮਾਣੇ ਦਿਨਾਂ ਦੀਆਂ ਯਾਦਾਂ ਦੀ ਲੋਅ ਝੋਲੀ ਵਿਚ ਪਾਈ ਵਿਹੜੇ ਦੀ ਨਰਬਦੀਸੁੰਨ ਦੀ ਅਥਾਹ ਇਕੱਲ ਵਿਚ ਵਿਚਰ ਰਹੀ ਹੈ। ਦੂਰੋਂ ਇੱਕ ਕਨਸੋ ਜਿਹੀ ਸੁਣਦੀ ਹੈ।
“ਗਜ਼ਾਲਾਂ ਤੁਮ ਤੋ ਵਾਕਿਫ ਹੋ
ਕਹੋ ਮਜਨੂੰ ਕੇ ਮਰਨੇ ਕੀ,
ਯਹ ਵਹਿਸ਼ੀ ਮਰ ਗਿਆ
ਲੇਕਿਨ ਵੀਰਾਨੇ ਪੇ ਕਿਆ ਗੁਜ਼ਰੀ।”