ਹੱਕ ਲੈ ਕੇ ਦਿੱਲੀਏ! ਪੰਜਾਬ ਜਾਵਾਂਗੇ!!

ਗੁਲਜ਼ਾਰ ਸਿੰਘ ਸੰਧੂ
ਅਜੋਕੇ ਭਾਰਤ ਵਿਚ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਸਰਕਾਰ ਵਲੋਂ ਹਾਲ ਹੀ ਵਿਚ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਲਾ ਮਿਸਾਲ ਬਣ ਚੁਕਾ ਹੈ। ਜਥੇਬੰਦੀਆਂ ਤੇ ਸਰਕਾਰ ਵਿਚਕਾਰ ਛੇ ਬੈਠਕਾਂ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ। ਜਥੇਬੰਦੀਆਂ ਸਤੰਬਰ ਵਿਚ ਲਾਗੂ ਹੋਏ ਤਿੰਨ ਦੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੀਆਂ ਹਨ। ਉਨ੍ਹਾਂ ਦਾ ਮੱਤ ਹੈ ਕਿ ਜਦੋਂ ਕਿਸਾਨਾਂ ਵਲੋਂ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ ਕੀਤੀ ਗਈ ਤਾਂ ਅਜਿਹੇ ਕਾਨੂੰਨ ਘੜਨ ਦੀ ਲੋੜ ਹੀ ਨਹੀਂ ਸੀ।

ਸਰਕਾਰ ਦੇ ਪ੍ਰਤੀਨਿਧ, ਜਿਨ੍ਹਾਂ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀ ਮੰਤਰੀ ਨਰਿੰਦਰ ਤੋਮਰ ਤੋਂ ਬਿਨਾ ਇੱਕ-ਦੋ ਹੋਰ ਮੰਤਰੀ ਵੀ ਸ਼ਾਮਲ ਹਨ, ਹਰ ਵਾਰ ਨਵੀਂ ਤੋਂ ਨਵੀਂ ਤਜਵੀਜ਼ ਲਿਆ ਕੇ ਕਿਸਾਨਾਂ ਨੂੰ ਬਿੱਲਾਂ ਵਿਚ ਸੋਧ ਕਰਨ ਦਾ ਭਰੋਸਾ ਤਾਂ ਦਿੰਦੇ ਆ ਰਹੇ ਹਨ, ਪਰ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਕਰਦੇ।
ਨਤੀਜੇ ਵਜੋਂ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਦਿੱਲੀ ਜਾਣ ਵਾਲੇ ਪ੍ਰਵੇਸ਼ ਦੁਆਰ, ਸਿੰਘੂ ਬਾਰਡਰ ਉੱਤੇ ਕੁੰਭ ਦੇ ਮੇਲੇ ਨਾਲੋਂ ਵਡੇਰਾ ਇਕੱਠ ਜਮਾ ਹੋ ਚੁਕਾ ਹੈ, ਜਿੱਥੇ ਏਸ ਪਾਸੇ ਦੇ ਕਿਸਾਨ ਔਰਤਾਂ ਤੇ ਬਚਿਆਂ ਸਮੇਤ ਟਰੈਕਟਰ, ਟਰਾਲੀਆਂ ਤੇ ਹੋਰ ਵਾਹਨਾਂ ਉੱਤੇ ਏਨਾ ਰਸਦ ਪਾਣੀ ਨੱਕ ਕੇ ਪਹੁੰਚ ਚੁੱਕੇ ਹਨ ਕਿ ਉਹ ਅੰਤਾਂ ਦੀ ਠੰਢ ਦੇ ਬਾਵਜੂਦ ਲੰਮਾ ਡੇਰਾ ਲਾਈ ਰੱਖਣ ਦੇ ਸਮਰਥ ਹਨ।
ਮੈਂ ਖੁਦ ਕਿਸਾਨ ਪਰਿਵਾਰ ਦਾ ਜੰਮਪਲ ਹਾਂ। ਲੇਖਕ ਤੇ ਪਤੱਰਕਾਰ ਹੋਣ ਸਦਕਾ ਮੇਰਾ ਬੁਧੀਜੀਵੀ ਵਰਗ ਨਾਲ ਵੀ ਨੇੜੇ ਦਾ ਸਬੰਧ ਹੈ। ਮੇਰਾ ਭਤੀਜਾ ਮੇਰੇ ਜੱਦੀ ਪਿੰਡ ਤੋਂ ਤੇਰਾਂ ਬੰਦਿਆਂ ਦਾ ਜਥਾ ਲੈ ਕੇ ਦੋ ਜੀਪਾਂ ਅਤੇ ਇਕ ਕਾਰ ਵਿਚ ਲੱਦ ਕੇ ਬਹੁਤ ਸਾਰਾ ਰਾਸ਼ਣ-ਪਾਣੀ ਲੈ ਕੇ ਉੱਥੇ ਪਹੁੰਚਿਆ ਤਾਂ ਉਨ੍ਹਾਂ ਨੇ ਉਥੇ ਜਾ ਕੇ ਵੇਖਿਆ ਕਿ ਉਥੇ ਪਹਿਲਾਂ ਹੀ ਦਾਣੇ-ਪਾਣੀ ਦੇ ਅੰਬਾਰ ਲੱਗੇ ਹੋਏ ਸਨ ਤੇ ਮੇਰੇ ਪਿੰਡ ਵਾਲਿਆਂ ਨੂੰ ਆਪਣਾ ਯੋਗਦਾਨ ਪਾਉਣ ਲਈ ਧਰਨੇ ਉੱਤੇ ਬੈਠੇ ਕਿਸਾਨਾਂ ਦੇ ਗੋਡੀਂ ਹੱਥ ਲਾਉਣੇ ਪਏ ਸਨ।
ਇਸੇ ਤਰ੍ਹਾਂ ਪ੍ਰਗਤੀਸ਼ੀਲ ਲੇਖਕ ਸੰਘ ਦਾ ਸੱਤਰ ਮੈਂਬਰੀ ਜਥਾ ਉਥੇ ਪਹੁੰਚਿਆ ਤਾਂ ਉਨ੍ਹਾਂ ਨੂੰ ਧਰਨੇ ਉੱਤੇ ਬੈਠੇ ਕਿਸਾਨ ਨੇ ਦੁੱਧ ਘਿਉ ਵਾਲੀ ਕਾਫੀ ਤੇ ਚਾਹ ਦੇ ਨਾਲ ਸੁੱਕੇ ਮੇਵੇ ਵੀ ਪੇਸ਼ ਕੀਤੇ। ਉਨ੍ਹਾਂ ਨੇ ਵੇਖਿਆ ਕਿ ਬਾਰਡਰ ਉੱਤੇ ਕਲਾਕਾਰ ਭੰਗੜੇ ਤੋਂ ਬਿਨਾ ਆਪੋ ਆਪਣੇ ਲੋਕ ਨਾਚਾਂ ਦੇ ਜੌਹਰ ਦਿਖਾ ਰਹੇ ਸਨ। ਉਹ ਹਰਿਆਣਾ ਸਰਕਾਰ ਵਲੋਂ ਲਾਈਆਂ ਰੋਕਾਂ ਉਤੇ ਅਥਰੂ ਗੈਸ ਤੇ ਪਾਣੀ ਦੀ ਬੁਛਾੜਾਂ ਸਹਿ ਕੇ ਉਥੇ ਪਹੁੰਚੇ ਸਨ, ਪਰ ਉਨ੍ਹਾਂ ਦੇ ਚਿਹਰਿਆਂ ਤੋਂ ਪੜ੍ਹਿਆ ਜਾ ਸਕਦਾ ਸੀ ਕਿ ਉਨ੍ਹਾਂ ਨੂੰ ਸਰਕਾਰ ਦੇ ਦਾਬਿਆਂ ਦੀ ਕੋਈ ਪਰਵਾਹ ਨਹੀਂ ਸੀ। ਉਨ੍ਹਾਂ ਨੂੰ ਪੂਰੀ ਤਸੱਲੀ ਸੀ ਕਿ ਉਹ ਦਿੱਲੀ ਤੋਂ ਆਪਣੇ ਹੱਕ ਲਏ ਬਿਨਾ ਵਾਪਸ ਨਹੀਂ ਜਾਣਗੇ। ਉਨ੍ਹਾਂ ਦੀ ਇਸ ਧਾਰਨਾ ਉੱਤੇ ਮੋਹਰ ਲਾਉਣ ਵਾਲਾ 8 ਦਸੰਬਰ ਵਾਲਾ ਭਾਰਤ ਬੰਦ ਹੀ ਨਹੀਂ, ਜਿਸ ਦੇ ਸੱਦੇ ਉੱਤੇ ਉੜੀਸਾ, ਆਸਾਮ, ਆਂਧਰਾ ਪ੍ਰਦੇਸ਼, ਬੰਗਾਲ, ਬਿਹਾਰ, ਛੱਤੀਸਗੜ੍ਹ, ਝਾਰਖੰਡ ਤਿਲੰਗਾਨਾ, ਕਰਨਾਟਕ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਤੇ ਪਛੱਮੀ ਉੱਤਰ ਪ੍ਰਦੇਸ਼ ਨੇ ਆਪਣੀਆਂ ਦੁਕਾਨਾਂ ਹੀ ਨਹੀਂ, ਆਵਾਜਾਈ ਦੇ ਸਾਧਨ ਵੀ ਜਾਮ ਕਰ ਛੱਡੇ ਸਨ। ਭਾਰਤ ਬੰਦ ਨੂੰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ ਦਾ ਹੁੰਗਾਰਾ ਖਾਸ ਮਹੱਤਵ ਹੈ, ਕਿਉਂਕਿ ਇਨ੍ਹਾਂ ਰਾਜਾਂ ਦੇ ਬਹੁਤੇ ਕਿਸਾਨ ਤਾਂ ਸਿੰਘੂ ਤੇ ਟਿੱਕਰੀ ਬਾਰਡਰ ਵਾਲੇ ਹਨ। ਇਨ੍ਹਾਂ ਵਿਚ ਸੀ. ਪੀ. ਆਈ., ਸੀ. ਪੀ. ਐਮ, ਆਰ. ਐਮ. ਪੀ. ਆਈ., ਸੀ. ਪੀ. ਆਈ. ਐਮ. ਐਲ਼ ਅਤੇ ਸੀ. ਪੀ. ਆਈ. ਐਮ. ਐਲ਼ ਨਿਊ ਡੈਮੋਕਰੇਸੀ ਆਦਿ ਖੱਬੇ ਪੱਖੀ ਪਾਰਟੀਆਂ ਦੇ ਕ੍ਰਾਂਤੀਕਾਰੀ ਤੇ ਲੋਕਤੰਤਰੀ ਧੜੇ ਵੀ ਸ਼ਾਮਲ ਹਨ।
ਨੌਬਤ ਇਥੋਂ ਤੱਕ ਪਹੁੰਚ ਚੁਕੀ ਹੈ ਕਿ ਅਨੇਕਾਂ ਕਲਾਕਾਰ, ਖਿਡਾਰੀ ਤੇ ਪਤਵੰਤੇ ਆਪਣੇ ਪਦਮਸ੍ਰੀ ਐਵਾਰਡ ਤੇ ਮੈਡਲ ਸਰਕਾਰ ਨੂੰ ਵਾਪਸ ਕਰ ਰਹੇ ਹਨ। ਉਧਰ ਵਿਰੋਧੀ ਧਿਰ ਦੇ ਚੋਣਵੇਂ ਨੇਤਾ ਰਾਹੁਲ ਗਾਂਧੀ (ਕਾਂਗਰਸ) ਸ਼ਰਦ ਪਵਾਰ (ਐਨ. ਸੀ. ਪੀ.), ਸੀਤਾਰਾਮ ਯੇਚੁਰੀ (ਸੀ. ਪੀ. ਐਮ.), ਡੀ ਰਾਜਾ (ਸੀ. ਪੀ. ਆਈ.) ਅਤੇ ਟੀ. ਕੇ. ਐਸ਼ ਇਲਾਨਗੋਵਨ (ਡੀ. ਐਮ. ਕੇ.) ਰਾਸ਼ਟਰਪਤੀ ਨੂੰ ਮਿਲ ਕੇ ਦਸ ਚੁਕੇ ਹਨ ਕਿ ਤਿੰਨਾਂ ਕਾਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਨਾ ਹੀ ਸੰਸਦ ਦੀ ਸੀਲੈਕਟ ਕਮੇਟੀ ਤੇ ਨਾ ਹੀ ਹੋਰ ਧਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਸਿਰੇ ਦੀ ਗੱਲ ਇਹ ਕਿ ਇਨ੍ਹਾਂ ਨੂੰ ਇਹ ਸਮਰਥਨ ਕੋਵਿਡ-19 ਦੀ ਮਹਾਮਾਰੀ ਤੇ ਅੰਤਾਂ ਦੀ ਠੰਢ ਦੇ ਬਾਵਜੂਦ ਮਿਲ ਰਿਹਾ ਹੈ।
9 ਦਸੰਬਰ ਵਾਲੀ ਬੈਠਕ ਵਿਚ 31 ਜਥੇਬੰਦੀਆਂ ਤੋਂ ਬਿਨਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਤੀਨਿਧ ਜੋਗਿੰਦਰ ਸਿੰਘ ਉਗਰਾਹਾਂ ਵੀ ਆ ਰਲੇ ਸਨ, ਜਿਸ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨ ਜਥੇਬੰਦੀਆਂ ਵਿਚ ਫੁੱਟ ਪਾਉਣ ਦੇ ਭਾਵ ਨਾਲ ਦਰਕਿਨਾਰ ਕਰ ਰਿਹਾ ਸੀ। ਇਨ੍ਹਾਂ ਸਤਰਾਂ ਦੇ ਲਿਖੇ ਜਾਣ ਤੱਕ ਕਿਸਾਨਾਂ ਨੇ ਸਰਕਾਰ ਦੀਆਂ ਤਜਵੀਜ਼ਾਂ ਨੂੰ ਬੇਹੀਆਂ ਕਹਿ ਕੇ ਰੱਦ ਕਰ ਛੱਡਿਆ ਹੈ ਅਤੇ ਅੰਦੋਲਨ ਦਾ ਘੇਰਾ ਵਧਾਉਣ ਤੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਵਿਚ 12 ਦਸੰਬਰ ਤੱਕ ਸਾਰੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਉਪਰੰਤ 14 ਦਸੰਬਰ ਤੋਂ ਦਿੱਲੀ ਨੂੰ ਬਾਹਰਲੇ ਰਾਜਾਂ ਨਾਲ ਜੋੜਨ ਵਾਲੇ ਸਾਰੇ ਸ਼ਾਹਰਾਹਾਂ ਨੂੰ ਜਾਮ ਕਰਨ ਤੇ ਸਾਰੇ ਜਿਲਾ ਹੈਡਕੁਆਟਰਾਂ ਦਾ ਘੇਰਾਓ ਕਰਨਾ ਹੀ ਸ਼ਾਮਲ ਨਹੀਂ, ਅਡਾਨੀ ਤੇ ਅੰਬਾਨੀ ਦੀ ਮਾਲਕੀ ਵਾਲੇ ਅਦਾਰਿਆਂ ਤੇ ਸੇਵਾਵਾਂ ਦਾ ਬਾਈਕਾਟ ਕਰਨਾ ਵੀ ਸ਼ਾਮਲ ਹੈ। ਇਸ ਘੋਲ ਨੂੰ ਸਥਾਨਕ ਵਸੋਂ ਵਲੋਂ ਦਿੱਤਾ ਗਿਆ ਰਾਸ਼ਨ-ਪਾਣੀ ਤੇ ਰਹਿਣ-ਸਹਿਣ ਦਾ ਦਾਨ ਵੀ ਲਾ ਮਿਸਾਲ ਹੈ। ਇਹ ਘੋਲ ਕਿਸ ਤਣ-ਪੱਤਣ ਲਗਦਾ ਹੈ, ਸਮੇਂ ਦੇ ਹੱਥ ਹੈ।
ਅੰਤਿਕਾ: ‘ਸੰਗਰਾਮੀ ਲਹਿਰ’ ਦੇ ਸੰਗਰਾਮੀ ਬੋਲ
ਮੰਜ਼ਰ ਸਾਹਾ ਬਦਲ ਰਹਾ ਹੈ, ਅਬ ਤੋ ਜਾਗੋ!
ਹਾਥੋਂ ਸੇ ਸਭ ਨਿਕਲ ਰਹਾ ਹੈ, ਅਬ ਤੋ ਜਾਗੋ!
ਸੱਤਾ ਕੀ ਸ਼ਹਿ ਪਾ ਕਰ ਅਬ ਹਰ ਏਕ ਦਰਿੰਦਾ,
ਚੁਨ ਚੁਨ ਕਲੀਆਂ ਮਸਲ ਰਹਾ ਹੈ, ਅਬ ਤੋ ਜਾਗੋ!
ਨਿਆਇ ਕੀ ਦੇਵੀ ਚੀਰ ਹਰਣ ਕੀ ਵੇਦੀ ਪਰ ਹੈ,
ਏਕ ਏਕ ਲਮਹਾ ਫਿਸਲ ਰਹਾ ਹੈ, ਅਬ ਤੋ ਜਾਗੋ!
ਜਿਸ ਭਾਰਤ ਕਾ ਖ੍ਵਾਬ ਸ਼ਹੀਦੋਂ ਨੇ ਦੇਖਾ ਥਾ,
ਹਾਕਮ ਉਸਕੋ ਕੁਚਲ ਰਹਾ ਹੈ, ਅਬ ਤੋਂ ਜਾਗੋ!