ਰੇਡੀਓ ਵਾਲੇ ਯੁੱਗ ਦੀਆਂ ਯਾਦਾਂ

‘ਪੰਜਾਬ ਟਾਈਮਜ਼’ ਦੇ 5 ਦਸੰਬਰ ਦੇ ਅੰਕ ਵਿਚ ਰਮੇਸ਼ਵਰ ਸਿੰਘ ਦਾ ਲੇਖ ‘ਆਕਾਸ਼ਵਾਣੀ ਜਲੰਧਰ: ਅਰਸ਼ ਤੋਂ ਫਰਸ਼ ਵੱਲ’ ਪੜ੍ਹਿਆ, ਪੜ੍ਹ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਮੈਂ ਅਪਰੈਲ 1989 ਵਿਚ ਅਮਰੀਕਾ ਆਇਆ, ਜੋ ਚੀਜ਼ਾਂ ਇਥੇ ਆ ਕੇ ਮੈਂ ਮਿਸ ਕੀਤੀਆਂ, ਉਨ੍ਹਾਂ ਵਿਚੋਂ ਇੱਕ ਸੀ- ਇੰਡੀਆ ਰਹਿੰਦੇ ਹੋਏ ਰੇਡੀਓ ਸੁਣਨਾ ਅਤੇ ਰੇਡੀਓ ਸਟੇਸ਼ਨਾਂ ਨੂੰ ਫਰਮਾਇਸ਼ੀ ਚਿੱਠੀਆਂ ਲਿਖਣਾ। ਇਹ ਸ਼ੌਕ ਕਈ ਸਾਲਾਂ ਤੱਕ ਰਿਹਾ। ਉਸ ਵੇਲੇ 15 ਪੈਸੇ ਦਾ ਪੋਸਟ ਕਾਰਡ ਸਾਡੇ ਲਈ ਬਹੁਤ ਅਨਮੋਲ ਹੁੰਦਾ ਸੀ।

ਉਸ ‘ਤੇ ਸਜਾ ਸਜਾ ਕੇ ਆਪਣੇ ਨਾਮ ਲਿਖਣੇ, ਫਿਰ ਆਕਾਸ਼ਵਾਣੀ ਜਲੰਧਰ ਅਤੇ ਹੋਰ ਰੇਡੀਓ ਸਟੇਸ਼ਨਾਂ ਨੂੰ ਭੇਜਣੇ ਅਤੇ ਫਿਰ ਸ਼ੁਰੂ ਹੋ ਜਾਣੀ ਉਡੀਕ ਕਿ ਕਦੋਂ ਸਾਰੇ ਨਾਮ ਰੇਡੀਓ ਤੋਂ ਪ੍ਰਸਾਰਿਤ ਹੋਣਗੇ। ‘ਗਾਉਂਦਾ ਪੰਜਾਬ’, ‘ਯੁਵਵਾਣੀ’, ‘ਐਤਵਾਰ ਦੀ ਫਰਮਾਇਸ਼’, ‘ਦਿਹਾਤੀ ਪ੍ਰੋਗਰਾਮ’, ਕਾਕੇ ਦੇ ਬਾਊ ਜੀ ਵਾਲਾ ‘ਜਾਗਰਿਤੀ’, ‘ਫੌਜੀ ਭਰਾਵਾਂ ਲਈ ਪ੍ਰੋਗਰਾਮ’, ‘ਬਾਲਵਾੜੀ’ ਅਤੇ ਹੋਰ ਪ੍ਰੋਗਰਾਮ ਸੁਣਨ ਲਈ ਅਸੀਂ ਉਤਾਵਲੇ ਹੁੰਦੇ ਸਾਂ।
ਸਾਡੇ ਸ਼ਹਿਰ ਜਗਰਾਉਂ ਵਿਚ ਅਸੀਂ ‘ਰੇਡੀਓ ਲਿਸਨਰਜ਼ ਕਲੱਬ’ ਬਣਾਇਆ ਹੋਇਆ ਸੀ। ਰੇਡੀਓ ਨੂੰ ਚਿੱਠੀਆਂ ਲਿਖਣ ਦਾ ਸ਼ੌਕ ਵਧਦਾ-ਵਧਦਾ ਇੰਟਰਨੈਸ਼ਨਲ ਹੋ ਗਿਆ। ਮੈਂ ਬੀ.ਬੀ.ਸੀ. ਹਿੰਦੀ ਸਰਵਿਸ, ਰੇਡੀਓ ਮਾਸਕੋ, ਵਾਇਸ ਆਫ ਅਮੈਰਿਕਾ ਨੂੰ ਵੀ ਚਿੱਠੀਆਂ ਲਿਖੀਆਂ, ਕਈਆਂ ਦੇ ਜਵਾਬ ਡਾਕ ਰਾਹੀਂ ਵੀ ਆਏ, ਜੋ ਮੈਂ ਅਜੇ ਤੱਕ ਸਾਂਭ ਕੇ ਰੱਖੇ ਹੋਏ ਹਨ। ‘ਆਲ ਇੰਡੀਆ ਰੇਡੀਓ ਕੀ ਉਰਦੂ ਸਰਵਿਸ’ ਅਜੇ ਵੀ ਚੇਤਿਆ ਵਿਚ ਕਾਇਮ ਹੈ, ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਸਾਡੇ ਇਥੇ ਲੋਕਲ ਭਾਰਤੀ ਰੇਡੀਓ ਸਟੇਸ਼ਨ ਹਨ, ਪਰ ਚਿੱਠੀਆਂ ਲਿਖਣ ਦੀ ਲੋੜ ਨਹੀਂ। ਉਂਜ ਅਜੇ ਵੀ ਸ਼ੌਕ ਪੂਰਾ ਕਰਨ ਲਈ ਫੋਨ ਕਰ ਲਈਦਾ ਹੈ ਜਾਂ ਈਮੇਲ ਭੇਜ ਦੇਈਦੀ ਹੈ। ਕਦੇ-ਕਦੇ ਤਾਂ ਰੇਡੀਓ ਸਟੇਸ਼ਨ ਵੀ ਜਾ ਆਈਦਾ ਹੈ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਆਕਾਸ਼ਵਾਣੀ ਜਲੰਧਰ ਸੈੱਲ ਫੋਨਾਂ ‘ਤੇ ਸੁਣਨ ਲਈ ਤਿਆਰ ਹੋਇਆ, ਪਰ ਫਰਮਾਇਸ਼ ਭੇਜਣ ਲਈ ਜਦੋਂ ਵੀ ਫੋਨ ਕਰੋ, ਫੋਨ ਬਿਜੀ ਹੀ ਹੁੰਦਾ ਹੈ। ਆਲ ਇੰਡੀਆ ਰੇਡੀਓ ਕੀ ਉਰਦੂ ਸਰਵਿਸ ਵਾਲੇ ਵੱਟਸਐਪ ‘ਤੇ ਫਰਮਾਇਸ਼ਾਂ ਲੈਂਦੇ ਹਨ ਅਤੇ ਆਪਣਾ ਨਾਮ ਸੁਣ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।
ਮੈਂ ਰਮੇਸ਼ਵਰ ਸਿੰਘ ਨਾਲ ਪੂਰਾ ਸਹਿਮਤ ਹਾਂ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਆਲ ਇੰਡੀਆ ਰੇਡੀਉ ਦੇ ਪੰਜਾਬ ਵਿਚਲੇ ਕੇਂਦਰਾਂ ਨੂੰ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਉਹ ਪੁਰਾਣੇ ਦਿਨ ਫਿਰ ਆਉਣਗੇ ਅਤੇ ਅਸੀਂ ਫਿਰ ਪੰਜਾਬੀਅਤ ਨੂੰ ਦਰਸਾਉਂਦੇ ਗਾਣੇ ਜਾਂ ਨਾਟਕ ਸੁਣਾਂਗੇ।
-ਇੰਦਰਜੀਤ ਮੰਗਾ, ਪਿਟਸਬਰਗ (ਕੈਲੀਫੋਰਨੀਆ)

ਤਾਰਨ ਗੁਲਜ਼ਾਰ ਨਹੀਂ, ‘ਤਾਰਨ ਗੁਜਰਾਲ’
ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ 12 ਦਸੰਬਰ ਦੇ ਅੰਕ ਵਿਚ ‘ਭਾਸ਼ਾ ਵਿਭਾਗ ਵਲੋਂ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ’ ਸਿਰਲੇਖ ਹੇਠ ਛਪੀ ਖਬਰ ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਾਲ 2016 ਲਈ ਨਾਮ ਤਾਰਨ ਗੁਲਜ਼ਾਰ ਛਪ ਗਿਆ ਹੈ, ਜੋ ਕਿ ਸਹੀ ਨਾਂ ਤਾਰਨ ਗੁਜਰਾਲ ਹੈ। ਧੰਨਵਾਦ।
-ਕੁਲਦੀਪ ਸਿੰਘ, ਸਟ੍ਰੀਮਵੁੱਡ, ਇਲੀਨਾਏ।