ਕਿਸਾਨਾਂ ਦੇ ਹੱਕ ਵਿਚ ਨਿੱਤਰੇ ਫਿਲਮੀ ਸਿਤਾਰੇ

ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਿਆਸੀ ਧਿਰਾਂ ਤੋਂ ਹਮਾਇਤ ਮਿਲਣ ਮਗਰੋਂ ਬਾਲੀਵੁੱਡ ਵੀ ਉਨ੍ਹਾਂ ਦੀ ਪਿੱਠ ‘ਤੇ ਆ ਗਿਆ ਹੈ। ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਸੋਨਮ ਕਪੂਰ ਸਮੇਤ ਹੋਰ ਹਸਤੀਆਂ ਨੇ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦਿੱਤੀ ਹੈ। ਅਦਾਕਾਰ ਦਿਲਜੀਤ ਦੁਸਾਂਝ, ਹਰਭਜਨ ਮਾਨ, ਜਸਬੀਰ ਜੱਸੀ, ਰਿਤੇਸ਼ ਦੇਸ਼ਮੁਖ, ਡਾਇਰੈਕਟਰ ਹੰਸਲ ਮਹਿਤਾ ਅਤੇ ਹੋਰ ਪਹਿਲਾਂ ਹੀ ਕਿਸਾਨਾਂ ਦੇ ਪੱਖ ‘ਚ ਆ ਚੁੱਕੇ ਹਨ।

ਦਿਲਜੀਤ ਵੱਲੋਂ ਦਿੱਲੀ ‘ਚ ਪ੍ਰਦਰਸ਼ਨ ਵਾਲੀ ਥਾਂ ਤੋਂ ਇਕਜੁੱਟਤਾ ਦੇ ਦਿੱਤੇ ਗਏ ਸੁਨੇਹੇ ਦੇ ਜਵਾਬ ‘ਚ ਪ੍ਰਿਯੰਕਾ ਨੇ ਟਵੀਟ ਕਰਕੇ ਕਿਹਾ ਕਿ ਕਿਸਾਨਾਂ ਦੇ ਤੌਖਲਿਆਂ ਦਾ ਛੇਤੀ ਨਿਬੇੜਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਸਾਡੇ ਕਿਸਾਨ ਮੁਲਕ ਦੇ ਅੰਨਦਾਤੇ ਹਨ। ਉਨ੍ਹਾਂ ਦੇ ਖਦਸ਼ਿਆਂ ਨੂੰ ਦੂਰ ਕਰਨ ਦੀ ਲੋੜ ਹੈ। ਸਫਲ ਲੋਕਤੰਤਰ ਹੋਣ ਕਾਰਨ ਸਾਨੂੰ ਦੇਰੀ ਨਾਲੋਂ ਛੇਤੀ ਮਸਲਾ ਸੁਲਝਾਉਣਾ ਚਾਹੀਦਾ ਹੈ।” ਸੋਨਮ ਕਪੂਰ ਨੇ ਟਵਿੱਟਰ ‘ਤੇ ਕਿਸਾਨਾਂ ਨੂੰ ‘ਮਨੁੱਖੀ ਸੱਭਿਅਤਾ ਦੇ ਬਾਨੀ’ ਕਰਾਰ ਦਿੱਤਾ ਹੈ। ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਕਿਸਾਨਾਂ ਨੂੰ ‘ਧਰਤੀ ਦੇ ਰਾਖੇ’ ਕਰਾਰ ਦਿੰਦਿਆਂ ਕਿਹਾ ਕਿ ਮਹਾਮਾਰੀ ਅਤੇ ਠੰਢ ਦੌਰਾਨ ਅੰਦੋਲਨ ਕਰ ਰਹੇ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਹ ਫਿਕਰਮੰਦ ਹੈ। ਰਿਤੇਸ਼ ਦੇਸ਼ਮੁਖ ਨੇ ਕਿਹਾ ਕਿ ਜਦੋਂ ਅੰਨ ਖਾਣ ਲੱਗੋ ਤਾਂ ਕਿਸਾਨਾਂ ਦਾ ਧੰਨਵਾਦ ਜ਼ਰੂਰ ਕਰੋ। ਉਨ੍ਹਾਂ ‘ਜੈ ਕਿਸਾਨ’ ਦਾ ਨਾਅਰਾ ਬੁਲੰਦ ਕਰਦਿਆਂ ਦੇਸ਼ ਦੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਈ। ਅਦਾਕਾਰਾ ਚਿਤਰਾਂਗਦਾ ਸਿੰਘ ਨੇ ਕਿਹਾ ਕਿ ਕਿਸਾਨ ਆਪਣੇ ਖੂਨ-ਪਸੀਨੇ ਨਾਲ ਬਿਨਾਂ ਥੱਕੇ ਖੇਤੀ ਕਰਕੇ ਸਾਰਿਆਂ ਦਾ ਢਿੱਡ ਭਰਦੇ ਹਨ ਜਿਸ ਕਰਕੇ ਕਿਸਾਨਾਂ ਦਾ ਸਤਿਕਾਰ ਕੀਤਾ ਜਾਵੇ। ਅਦਾਕਾਰਾ ਰਿਚਾ ਚੱਢਾ, ਤਾਪਸੀ ਪਨੂੰ, ਸਵਰਾ ਭਾਸਕਰ ਅਤੇ ਮੁਹੰਮਦ ਜ਼ੀਸ਼ਾਨ ਅਯੂਬ ਨੇ ਵੀ ਟਵੀਟ ਕਰਕੇ ਕਿਸਾਨਾਂ ਨੂੰ ਹਮਾਇਤ ਦਿੱਤੀ ਹੈ।
ਦੂਜੇ ਬੰਨੇ ਕੰਗਨਾ ਰਣੌਤ ਵਰਗੀਆਂ ਅਦਾਕਾਰਾਵਾਂ ਵੀ ਹਨ ਜੋ ਸੱਤਾਧਾਰੀਆਂ ਦੀ ਚਾਪਲੂਸੀ ਕਰਦੀਆਂ ਕਰਦੀਆਂ ਘੋਲ ਕਰ ਰਹੇ ਕਿਸਾਨਾਂ ਨੂੰ ਅਤਿਵਾਦੀ ਤੱਕ ਆਖ ਰਹੀਆਂ ਹਨ।