ਚਾਰਲੀ ਚੈਪਲਿਨ ਦੀ ਸ਼ਾਹਕਾਰ ਫਿਲਮ: ਸਿਟੀ ਲਾਈਟਸ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਚਾਰਲੀ ਚੈਪਲਿਨ ਦੀ ਫਿਲਮ ‘ਸਿਟੀ ਲਾਈਟਸ’ ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਗੁਰਬਤ ਮਾਰੇ ਲੋਕਾਂ ਦੀ ਮਾਰਮਿਕ ਹਾਲਤ ਬਿਆਨ ਕੀਤੀ ਗਈ ਹੈ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਚਾਰਲੀ ਚੈਪਲਿਨ ਨੂੰ ਸਾਰੀ ਦੁਨੀਆ ਕਾਮੇਡੀ ਕਲਾਕਾਰ ਅਤੇ ਇਸ ਤੋਂ ਵੀ ਵੱਧ ਮਸਖਰੇ ਦੇ ਤੌਰ ‘ਤੇ ਜਾਣਦੀ ਹੈ। ਉਸ ਦੀਆਂ ਫਿਲਮਾਂ ਵਿਚ ਤਰਾਸਦੀ ਹਾਸਿਆਂ ਥੱਲੇ ਲੁਕ ਜਾਂਦੀ ਹੈ ਅਤੇ ਸਦਮੇ ਉਸ ਦੀ ਸਰੀਰਕ ਲਚਕ ਤੇ ਤਰਲਤਾ ਅੱਗੇ ਰਵਾਂ ਹੋ ਜਾਂਦੇ ਹਨ। ਲੰਡਨ ਦੀ ਠੰਢੀਆਂ ਤੇ ਨਿਰਮੋਹੀਆਂ ਸੜਕਾਂ ‘ਤੇ ਰੁਲਦਾ ਨਿੱਕੇ ਜਿਹੇ ਕੱਦ ਦਾ ਇਹ ਮੁੰਡਾ ਜਦੋਂ ਸੰਗੀਤਕ ਪੇਸ਼ਕਾਰੀਆਂ ਵਿਚ ਧਾਂਕ ਜਮਾਉਣ ਤੋਂ ਬਾਅਦ ਫਿਲਮ ਬਣਾਉਣ ਦੇ ਖੇਤਰ ਵਿਚ ਆਉਂਦਾ ਹੈ ਤਾਂ ਉਸ ਨੂੰ ਖੁਦ ਨੂੰ ਵੀ ਸ਼ਾਇਦ ਇਹ ਅੰਦਾਜ਼ਾ ਨਹੀਂ ਹੁੰਦਾ ਕਿ ਕਿਵੇਂ ਉਸ ਨੇ ਆਪਣੀ ਸਾਫਗੋਈ ਤੇ ਸਾਦਾ-ਦਿਲੀ ਨਾਲ ਦੁਨੀਆ ਦੇ ਕਰੋੜਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨਾ ਹੈ।
ਚਾਰਲੀ ਚੈਪਲਿਨ ਨੇ ਜਦੋਂ ‘ਸਿਟੀ ਲਾਈਟਸ’ ਬਣਾਈ ਤਾਂ ਉਸ ਸਮੇਂ ਉਸ ਦਾ ਮੂਕ ਫਿਲਮਾਂ ਦੇ ਸਭ ਤੋਂ ਵੱਡੇ ਸਿਤਾਰੇ ਦੇ ਤੌਰ ‘ਤੇ ਫਿਲਮੀ ਜਗਤ ਵਿਚ ਡੰਕਾ ਵੱਜ ਰਿਹਾ ਸੀ। ਉਸ ਦੇ ਸਾਥੀਆਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਹੁਣ ਮੂਕ ਫਿਲਮਾਂ ਦਾ ਮੋਹ ਛੱਡ ਕੇ ਬੋਲਣ ਵਾਲੀਆਂ ਫਿਲਮਾਂ ਬਣਾਵੇ ਕਿਉਂਕਿ ਮੂਕ ਫਿਲਮਾਂ ਦਾ ਦੌਰ ਉਤਾਰ ‘ਤੇ ਹੈ। ਇਸ ਦੇ ਬਾਵਜੂਦ ਚਾਰਲੀ ਚੈਪਲਿਨ ਨੇ ਨਾ ਸਿਰਫ ਇਹ ਫਿਲਮ ਖੁਦ ਲਿਖੀ ਸਗੋਂ ਇਹ ਫਿਲਮ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣ ਗਈ। ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਉਹ ਆਪਣੇ ਦਰਸ਼ਕਾਂ ਦੀ ਨਬਜ਼ ਪੜ੍ਹ ਸਕਦਾ ਸੀ, ਉਸ ਕੋਲ ਉਨ੍ਹਾਂ ਦੀ ਜ਼ੁਬਾਨ ਵਿਚ ਗੱਲ ਕਰਨ ਦਾ ਹੁਨਰ ਸੀ ਤੇ ਉਹ ਆਪਣੇ ਦਰਸ਼ਕਾਂ ਦੇ ਲਗਾਤਾਰ ਕੁਤਕੁਤਾਰੀਆਂ ਕੱਢ ਸਕਦਾ ਸੀ। ਉਸ ਨੇ ‘ਕਿਡ ਆਟੋ ਰੇਸਜ਼ ਐਟ ਵੀਨਸ’ ਫਿਲਮ ਰਾਹੀ ਟਰੈਂਪ ਨਾਮ ਦਾ ਕਿਰਦਾਰ ਪੈਦਾ ਕੀਤਾ ਜਿਸ ਨੂੰ ਉਸ ਨੇ ਆਪਣੇ ਫਿਲਮੀ ਜੀਵਨ ਦਾ ਮੁੱਖ ਧੁਰਾ ਬਣਾ ਲਿਆ। ਉਹ ਇਸ ਕਿਰਦਾਰ ਨਾਲ ਇੰਨਾ ਇੱਕ-ਮਿੱਕ ਹੋ ਗਿਆ ਕਿ ਹੌਲੀ-ਹੌਲੀ ਲੋਕਾਂ ਨੂੰ ਅਸਲ ਚਾਰਲੀ ਚੈਪਲਿਨ ਭੁੱਲ ਹੀ ਗਿਆ। ਇਹ ਸ਼ਾਇਦ ਪਹਿਲੀ ਅਜਿਹੀ ਉਦਾਹਰਨ ਹੈ ਜਿੱਥੇ ਸਿਰਜਣਹਾਰੇ ਤੋਂ ਉਸ ਦੇ ਸਿਰਜੇ ਕਿਰਦਾਰ ਨੇ ਉਸ ਦੀ ਪਛਾਣ ਹੀ ਚੋਰੀ ਕਰ ਲਈ ਪਰ ਉਸ ਨੂੰ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ‘ਤੇ ਅਮਰ ਕਰ ਦਿੱਤਾ।
ਸ਼ੁਰੂਆਤੀ ਦੌਰ ਵਿਚ ਉਸ ਦਾ ਇਹ ਕਿਰਦਾਰ ਅਮਰੀਕਾ ਵਿਚ ਪਹੁੰਚ ਰਹੇ ਨਵੇਂ-ਨਵੇਂ ਰਫਿਊਜੀਆਂ ਅਤੇ ਪਰਵਾਸੀਆਂ ਦੇ ਤਜਰਬਿਆਂ, ਉਨ੍ਹਾਂ ਦੀਆਂ ਰੋਜ਼ਮੱਰਾ ਸੱਮਸਿਆਵਾਂ ਤੇ ਉਨ੍ਹਾਂ ਦੇ ਨਵੀਂ ਜ਼ਿੰਦਗੀ ਦੇ ਡਰਾਂ/ਸੰਸਿਆਂ ਨੂੰ ਸੰਬੋਧਿਤ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਮਰੀਕੀ ਘਰਾਂ ਤੇ ਬਾਜ਼ਾਰਾਂ ਵਿਚ ਕਿਵੇਂ ਦੇਖਿਆ ਤੇ ਸਮਝਿਆ ਜਾਂਦਾ ਹੈ, ਉਹ ਆਪਣੇ ਪਾਲਣ-ਪੋਸ਼ਣ ਲਈ ਕਿਸ ਤਰਾਂ੍ਹ ਦੇ ਕੰਮ-ਧੰਦਿਆਂ ਦੀ ਚੋਣ ਕਰਦੇ ਹਨ, ਉਨ੍ਹਾਂ ਦਾ ਅਮਰੀਕੀ ਤਰਜ਼ੇ-ਜ਼ਿੰਦਗੀ ਵਿਚ ਕੀ ਦਖਲ ਹੈ, ਉਸ ਦੇ ਕਿਰਦਾਰ ਨੂੰ ਪੂਰੀ ਸਮਝ ਹੈ ਕਿ ਉਸ ਨੂੰ ਵੀ ਇਨ੍ਹਾਂ ਰਫਿਊਜੀਆਂ ਤੇ ਪਰਵਾਸੀਆਂ ਵਾਂਗ ਕਿਤੇਂ ਵੀ ਕੋਈ ਬਹੁਤਾ ਪਸੰਦ ਨਹੀਂ ਕਰਦਾ ਪਰ ਉਸ ਦਾ ਕਿਰਦਾਰ ਹਰ ਤਰ੍ਹਾਂ ਦੀ ਗਤੀਵਿਧੀ ਵਿਚ ਧੱਕੇ ਨਾਲ ਜਾ ਵੜਦਾ ਹੈ ਤੇ ਉਦੋਂ ਤੱਕ ਹਾਰ ਨਹੀਂ ਮੰਨਦਾ ਜਦੋਂ ਤੱਕ ਉਸ ਨੂੰ ਸਰਕਾਰੀ ਮਸ਼ੀਨਰੀ (ਪੁਲਿਸ ਵਾਲੇ ਤੇ ਫੌਜੀ ਜੋ ਉਸ ਦੀਆਂ ਫਿਲਮਾਂ ਦਾ ਜ਼ਰੂਰੀ ਅੰਗ ਹਨ) ਚੁੱਕ ਕੇ ਬਾਹਰ ਨਹੀਂ ਸੁੱਟ ਦਿੰਦੀ।
ਚਾਰਲੀ ਚੈਪਲਿਨ ਨੇ ਆਪਣਾ ਫਿਲਮੀ ਕਰੀਅਰ ‘ਮੇਕਿੰਗ ਏ ਲਿਵਿੰਗ’ ਤੋਂ ਸ਼ੁਰੂ ਕੀਤਾ। ਉਨ੍ਹਾਂ ਦਿਨਾਂ ਵਿਚ ਛੋਟੀਆਂ ਕਾਮੇਡੀ ਫਿਲਮਾਂ ਦਾ ਬੋਲਬਾਲਾ ਸੀ ਅਤੇ ਇਨ੍ਹਾਂ ਬਾਬਤ ਦਰਸ਼ਕਾਂ ਵਿਚ ਜਗਿਆਸਾ ਵੀ ਬਹੁਤ ਸੀ। ਕੁਝ ਮੁਢਲੀਆਂ ਤੇ ਸਸਤੀਆਂ ਜਿਹੀਆਂ ਫਿਲਮਾਂ ਬਣਾਉਣ ਤੋਂ ਬਾਅਦ ਉਸ ਦੇ ਸਟੂਡੀਓ ਦੇ ਮਾਲਕ ਤੇ ਆਪਣੇ ਨਿਰਮਾਤਾ ਨਾਲ ਮਤਭੇਦ ਸ਼ੁਰੂ ਹੋ ਗਏ ਜਿਨ੍ਹਾਂ ਦਾ ਕਾਰਨ ਵਿਚਾਰਧਾਰਕ ਤੇ ਸਿਆਸੀ ਪਹੁੰਚ ਦਾ ਵਖਰੇਂਵਾਂ ਸੀ। ਉਸ ਨੂੰ ਸਮਝ ਆ ਗਿਆ ਕਿ ਫਿਲਮ ਬਹੁਤ ਸਮਰੱਥ ਵਿਚਾਰਧਾਰਕ ਮਾਧਿਅਮ ਦੇ ਤੌਰ ‘ਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੋਚਣ-ਸਮਝਣ ਲਈ ਵਰਤਿਆ ਜਾ ਸਕਦਾ ਹੈ ਅਤੇ ਸਿਰਫ ਮਨੋਰੰਜਨ ਕਰਨਾ ਇਸ ਦਾ ਅੰਤਿਮ ਉਦੇਸ਼ ਨਹੀਂ ਹੋ ਸਕਦਾ। ਇਸ ਤੋਂ ਬਾਅਦ ਉਸ ਨੇ ਖੁਦ ਹੀ ਫਿਲਮਾਂ ਦੇ ਨਿਰਮਾਣ ‘ਤੇ ਜ਼ੋਰ ਦੇ ਦਿੱਤਾ। ਇਹ ਉਸ ਦੀ ਮਿਹਨਤ ਦਾ ਹੀ ਨਤੀਜਾ ਸੀ ਕਿ ਅਗਲੇ ਕੁਝ ਸਾਲਾਂ ਵਿਚ ਉਸ ਦਾ ਜਾਦੂ ਅਮਰੀਕੀ ਫਿਲਮ ਜਗਤ ਦੇ ਸਿਰ ਚੜ੍ਹ ਬੋਲਣ ਲੱਗਾ।
ਫਿਲਮ ‘ਸਿਟੀ ਲਾਈਟਸ’ ਦੀ ਕਹਾਣੀ ਵਿਚ ਚਾਰਲੀ ਚੈਪਲਿਨ ਇੱਕ ਸਾਮਰਾਜੀ ਮੁਲਕ ਦੀਆਂ ਗਲੀਆਂ ਵਿਚ ਗਰੀਬਾਂ ਦੀ ਹੋਣੀ ‘ਤੇ ਤਿੱਖਾ ਵਿਅੰਗ ਕਰਦਾ ਹੈ। ਉਸ ਨੂੰ ਫੁੱਲ ਵੇਚਣ ਵਾਲੀ ਇਕ ਕੁੜੀ ਜੋ ਦੇਖ ਨਹੀਂ ਸਕਦੀ, ਨਾਲ ਮੁਹੱਬਤ ਹੋ ਜਾਂਦੀ ਹੈ। ਉਹ ਵੱਖੋ-ਵੱਖਰੇ ਢੰਗਾਂ ਨਾਲ ਉਸ ਦੀ ਮਦਦ ਕਰਨਾ ਚਾਹੁੰਦਾ ਹੈ ਪਰ ਉਸ ਨੂੰ ਪਤਾ ਹੈ ਕਿ ਇਸ ਪ੍ਰਬੰਧ ਵਿਚ ਉਸ ਦੇ ਇਹ ਯਤਨ ਕਿੰਨੇ ਨਾਕਾਫੀ ਹਨ। ਉਸ ਨੂੰ ਸਮਝ ਹੈ ਕਿ ਮਸਲਾ ਸਿਰਫ ਕੁੜੀ ਦੇ ਗਰੀਬ ਹੋਣ ਦਾ ਨਹੀਂ ਸਗੋਂ ਗਰੀਬਾਂ ਨੂੰ ਹਮੇਸ਼ਾ ਗਰੀਬ ਰੱਖਣ ਦੀ ਸਿਆਸਤ ਨਾਲ ਜੁੜਿਆ ਹੋਇਆ ਹੈ। ਫਿਲਮ ਵਿਚ ਉਹ ਅਮੀਰੀ ਅਤੇ ਗਰੀਬੀ ਦੀਆਂ ਵੱਖ-ਵੱਖ ਹਾਲਤਾਂ ਵਿਚੋਂ ਗੁਜ਼ਰਦਾ ਹੈ। ਉਸ ਦੁਆਰਾ ਇੱਕ ਅਮੀਰ ਬੰਦੇ ਦੀ ਜਾਨ ਬਚਾਉਣ ਕਾਰਨ ਉਹ ਬੰਦਾ ਉਸ ਨੂੰ ਆਪਣੇ ਘਰ ਰੱਖ ਕੇ ਉਸ ਨੂੰ ਅਮੀਰਾਂ ਦੀ ਖੋਖਲੀ ਤੇ ਫੂੰ-ਫਾਂ ਵਾਲੀ ਦੁਨੀਆ ਦੇਖਣ ਦਾ ਮੌਕਾ ਦਿੰਦਾ ਹੈ। ਦੂਜੇ ਪਾਸੇ ਫੁੱਲ ਵੇਚਣ ਵਾਲੀ ਕੁੜੀ ਤੇ ਉਸ ਦੀ ਦਾਦੀ ਉਹਨੂੰ ਮਾਨਵੀ ਮੁੱਲਾਂ ਤੇ ਇਮਾਨਦਾਰੀ ਨਾਲ ਜੋੜੀ ਰੱਖਦੇ ਹਨ।
ਇਸ ਫਿਲਮ ਵਿਚ ਚਾਰਲੀ ਚੈਪਲਿਨ ਮੁੱਖ ਤੌਰ ‘ਤੇ ਸ਼ਹਿਰਾਂ ਦੀਆਂ ਗਲੀਆਂ ਵਿਚ ਛੋਟਾ ਮੋਟਾ ਸਾਮਾਨ ਵੇਚ ਕੇ ਗੁਜ਼ਾਰਾ ਕਰ ਰਹੇ ਲੋਕਾਂ ਦੀ ਜ਼ਿੰਦਗੀ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਦਾ ਹੈ। ਅਮਰੀਕੀ ਵਿਕਾਸ ਮਾਡਲ ਨੇ ਉਸ ਦੌਰ ਵਿਚ ਹੀ ਆਉਣ ਵਾਲੇ ਸਾਲਾਂ ਲਈ ਅਜਿਹੀ ਦੁਨੀਆ ਦੀ ਨੀਂਹ ਰੱਖ ਦਿੱਤੀ ਸੀ ਜਿੱਥੇ ਆਰਥਿਕ ਅਸਮਾਨਤਾ ਅਤੇ ਸਮਾਜਿਕ ਪਾੜਿਆਂ ਦੌਰਾਨ ਲੱਖਾਂ ਲੋਕਾਂ ਨੂੰ ਦਿਹਾਤੀ ਇਲਾਕਿਆਂ ਅਤੇ ਅਵਿਕਸਿਤ ਮੁਲਕਾਂ ਤੋਂ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਵੱਡੇ ਸ਼ਹਿਰਾਂ ਦਾ ਰੁਖ ਕਰਨਾ ਪਿਆ। ਇਹ ਲੰਗੜਾ ਵਿਕਾਸ ਹੁਣ ਤੱਕ ਜਾਰੀ ਹੈ। ਇਸ ਸਾਰੇ ਬਿਰਤਾਂਤ ਵਿਚ ਚਾਰਲੀ ਚੈਪਲਿਨ ਵਰਗੇ ਸੁਹਿਰਦ ਕਲਾਕਾਰ ਤੇ ਸੰਵੇਦਨਸ਼ੀਲ ਫਿਲਮਸਾਜ਼ ਦੀਆਂ ਕੋਸ਼ਿਸਾਂ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ ਜਿਸ ਨੂੰ ਇਸ ਸਰਮਾਏਦਾਰੀ ਤੇ ਸਾਮਰਾਜੀ-ਪ੍ਰਬੰਧ ਦੀ ਆਲੋਚਨਾ ਕਾਰਨ ਅਮਰੀਕਾ ਤੋਂ ਜਲਾਵਤਨ ਹੋਣਾ ਪਿਆ ਤੇ ਆਪਣੇ ਕਰੀਅਰ ਨੂੰ ਦਾਅ ‘ਤੇ ਲਗਾਉਣਾ ਪਿਆ!