ਕੁਝ ਲੋਕ ਪਹਾੜਾਂ ਵਾਂਗ ਦੂਰੋਂ ਤਾਂ ਬਹੁਤ ਸੁਨੱਖੇ ਲਗਦੇ ਸਨ ਪਰ ਜਦੋਂ ਨੇੜੇ ਆਏ ਤਾਂ ਪਤਾ ਲੱਗਾ ਕਿ ਇਹ ਤਾਂ ਚਮੜੀ ਦੇ ਰੋਗੀ ਹਨ। ਉਂਜ ਹਾਰੀ ਹੋਈ ਜ਼ਿੰਦਗੀ ਨੂੰ ਪਿਆਰ ਫਿਰ ਇਨ੍ਹਾਂ ਨੂੰ ਵੀ ਕਰਨਾ ਪਿਆ। ਕਈ ਬੈਠੇ ਤਾਂ ਰੰਗਲੇ ਪੀੜ੍ਹੇ ‘ਤੇ ਸਨ ਪਰ ਲੀੜਿਆਂ ‘ਚੋਂ ਬਦਬੂ ਆਉਣੋਂ ਨਾ ਹਟ ਸਕੀ। ਭ੍ਰਿਸ਼ਟ ਆਦਮੀ ਦੀ ਲੇਰ ਉਦੋਂ ਨਿਕਲਦੀ ਹੈ ਜਦੋਂ ਉਹਨੂੰ ਆਪਣੀ ਕਮਾਈ ‘ਚੋਂ ਖਰਚ ਕਰਨਾ ਪੈ ਜਾਵੇ। ਧਨਵਾਨ ਹੋਣ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਚਮਚੇ ਤੁਹਾਡੀ ਮਹਿਮਾ ਵਿਚ ਹੇਕਾਂ ਲਾ ਲਾ ਕੇ ਗੀਤ ਗਾਉਂਦੇ ਹਨ, ਜਦੋਂਕਿ ਗਰੀਬ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਰਿਸ਼ਤੇਦਾਰੀਆਂ ਤੇ ਦੋਸਤੀਆਂ ਪੈਸਾ ਆਉਣ ਤੋਂ ਪਹਿਲਾਂ ਨਹੀਂ ਪਰਤਣਗੀਆਂ। ਬਦਮਾਸ਼ਾਂ ਨਾਲ ਕਿਤੇ ਸ਼ਰੀਫਾਂ ਦੇ ਹੱਥ ਜੁੜ ਜਾਣ ਤਾਂ ਵਧੀਕੀਆਂ ਕੀਹਨੂੰ ਸਹਾਰਨੀਆਂ ਪੈਣਗੀਆਂ, ਇਹ ਦੱਸਣ ਦੀ ਲੋੜ ਹੀ ਨਹੀਂ। ਸ਼ੇਰ ਨੂੰ ਬੜ੍ਹਕ ‘ਤੇ, ਸਾਨ੍ਹ ਨੂੰ ਸਿੰਗਾਂ ‘ਤੇ, ਕੁੱਤੇ ਨੂੰ ਪੂਛ ‘ਤੇ ਮਾਣ ਹੁੰਦਾ ਹੈ ਪਰ ਮੂਰਖ ਮਨੁੱਖ ਇਨ੍ਹਾਂ ਤਿੰਨਾਂ ਦੇ ਆਪਣੇ ਅੰਦਰ ਹੋਣ ਦੇ ਭਰਮ ਵਿਚ ਹੈ। ਜਿਹੜੇ ਪਿਉ ਦੇ ਤਾਂ ਬਣੇ ਹੀ ਨਹੀਂ, ਮਾਂ ਦੇ ਵੀ ਨਹੀ ਰਹੇ, ਪਰ ਪਤਨੀਆਂ ਲਈ ਵੀ ਉਹ ਚੱਕੀ ਰਾਹੇ ਤੋਂ ਵੱਧ ਨਹੀਂ ਬਣੇ ਸਕੇ। ਕੁਕੜੀ ਸੋਚਦੀ ਹੈ ਕਿ ਉਹ ਆਂਡਾ ਦੇ ਕੇ ਹਟੀ ਹੈ; ਉਹ ਵਿਚਾਰੀ ਨਹੀਂ ਜਾਣਦੀ ਕਿ ਬੰਦੇ ਜੀਭ ਲਮਕਾਈ ਬੈਠੇ ਹਨ। ਜਿਨ੍ਹਾਂ ਵੀ ਮਰਦਾਂ ਨੇ ਔਰਤ ਨੂੰ ਗਹਿਣਿਆਂ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ, ਥੋੜ੍ਹੀ ਜਿਹੀ ਹੱਦ ਤੱਕ ਤਾਂ ਸਫਲ ਰਹੇ, ਕਿਉਂਕਿ ਕਈ ਚੰਗਾ ਖਾਨਦਾਨ ਭੁਲਾ ਨਹੀਂ ਸਕੀਆਂ, ਪਰ ਜਿਨ੍ਹਾਂ ਨੇ ਔਰਤ ਨੂੰ ਪੈਸੇ ਨਾਲ ਖੁਸ਼ ਰੱਖਣ ਦੀ ਗੁਸਤਾਖੀ ਕੀਤੀ, ਉਨ੍ਹਾਂ ਦੇ ਪੱਲੇ ਦੋਵੇਂ ਨਹੀਂ ਰਹੇ। ਇਹ ਜ਼ਰੂਰੀ ਨਹੀਂ ਤ੍ਰਿੰਝਣਾਂ ‘ਚ ਚਰਖਾ ਡਾਹ ਕੇ ਸਾਰੀਆਂ ਕੱਤਣ ਵਾਲੀਆਂ ਨੇ ਪੂਣੀਆਂ ਦਾ ਸੂਤ ਬਣਾ ਦਿੱਤਾ ਹੋਵੇ, ਕਿਉਂਕਿ ਜਿਨ੍ਹਾਂ ਨੂੰ ਵਾਲ ਵਾਹੁੰਦੀਆਂ ਨੂੰ ਕਿਸੇ ਦਾ ਧਿਆਨ ਆਉਂਦਾ ਰਿਹਾ, ਉਹ ਚਿੱਤ ਚਰਖੇ ਨਾਲ ਵੀ ਨਹੀਂ ਲਾ ਸਕੀਆਂ। ਚੰਦੜ ਤਾਂ ਮਿਰਜ਼ੇ ਪਿੱਛੇ ਘੋੜੀਆਂ ਲੈ ਕੇ ਪਏ ਸਨ ਸਾਹਿਬਾਂ ਛੁਡਾਉਣ ਲਈ, ਪਰ ਹੁਣ ਸਾਹਿਬਾਂ ਕੀ ਕਰਨ ਲੱਗ ਪਈ ਐæææ ਗੱਲ ਵਿਚਾਰਿਓ ਜ਼ਰੂਰæææ।
ਐਸ਼ ਅਸ਼ੋਕ ਭੋਰਾ
ਜਦੋਂ ਉਚੀਆਂ ਕੰਧਾਂ ਲੋਕ ਟੱਪਣ ਲੱਗ ਪੈਣ, ਯਕੀਨਨ ਲੋਕਾਂ ਦੇ ਸੁੱਤੇ ਹੋਣ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਦੁਨੀਆਂ ਦਾ ਕੋਈ ਵੀ ਬੰਦਾ ਇਹ ਗੱਲ ਨਹੀਂ ਕਹਿ ਸਕਦਾ ਕਿ ਉਸ ਨੂੰ ਕੋਈ ਨਾ ਕੋਈ ਔਰਤ ਸੋਹਣੀ ਨਹੀਂ ਲੱਗੀ ਸੀ ਤੇ ਨਾ ਹੀ ਕਦੇ ਇੱਦਾਂ ਹੋਇਆ ਹੈ ਕਿ ਮਨੁੱਖ ਅੰਦਰ ਇਹ ਚਾਹਤ ਨਾ ਪੈਦਾ ਹੋਈ ਹੋਵੇ ਕਿ ਉਹ ਕਿਸੇ ਨੂੰ ਸੋਹਣਾ ਨਾ ਲੱਗੇ। ਨਹੀਂ ਤਾਂ ਨਾਈਆਂ ਨੇ ਵੀ ਸ਼ੀਸ਼ੇ ਮੂਹਰੇ ਰੱਖ ਕੇ ਵਾਲ ਕੱਟਣੇ ਸੀ; ਨਾ ਹੀ ਕਿਸੇ ਨੇ ਸਿਰ ਵਾਹੁਣ ਲਈ ਸ਼ੀਸ਼ਾ ਲੱਭਣਾ ਸੀ। ਪੱਗ ਦਿਆਂ ਪੇਚਾਂ ਦੇ ਅਰਥ ਵੀ ਸ਼ੀਸ਼ੇ ਨਾਲ ਹੀ ਜੁੜੇ ਹੋਏ ਹਨ।
ਜਦੋਂ ਮੰਜੀ ਵੀ ਟੁੱਟੀ ਹੋਵੇ, ਬਾਣ ਵੀ ਪੁਰਾਣਾ ਹੋਵੇ ਤਾਂ ਨਵੇਂ ਗਦੇਲੇ ਵੀ ਹਉਕੇ ਭਰਨ ਲੱਗ ਪੈਂਦੇ ਹਨ। ਇਕ ਸਾਧੂ ਨੇ ਵੱਡਾ ਘਰ ਵੇਖ ਕੇ ਅਲਖ ਤਾਂ ਉਚੀ ਦੇਣੀ ਖ਼ੈਰ ਪਾਉਣ ਲਈ ਜਗਾਈ ਸੀ, ਪਰ ਕੁੱਤਿਆਂ ਨੇ ਜਦੋਂ ਭਗਵਾਂ ਲੀਰਾਂ ਕੀਤਾ ਤਾਂ ਉਹਨੇ ਵੀ ਰੱਬ ਨੂੰ ਉਲਾਂਭਾ ਜ਼ਰੂਰ ਦਿੱਤਾ ਹੋਊ-‘ਤੈਨੂੰ ਦੀਹਦਾ ਨਹੀਂ?’ ਕਈ ਦਰਜ਼ੀਆਂ ਨੇ ਕੱਪੜੇ ਤਾਂ ਨਾਪ ਲੈ ਕੇ ਹੀ ਸੀਤੇ ਸਨ; ਚਲੋ ਧੋਣ ‘ਤੇ ਸੁੰਗੜ ਜਾਂਦੇ ਤਾਂ ਕੋਈ ਗੱਲ ਨਹੀਂ ਸੀ, ਪਸੀਨਾ ਆਉਣ ਨਾਲ ਹੀ ਗਿੱਟੇ ਤੇ ਢਿੱਡ ਨੰਗਾ ਹੋ ਗਿਆ!
ਇਕ ਵਾਰ ਲਾਡ ਕਰਦੇ ਕਬੂਤਰ ਨੇ ਕਬੂਤਰੀ ਨੂੰ ਪੁੱਛਿਆ-‘ਕੱਲ੍ਹ ਤੂੰ ਟਾਹਲੀ ‘ਤੇ ਦੂਜੇ ਕਬੂਤਰ ਨਾਲ ਕਿਉਂ ਬੈਠੀ ਸੀ?’
‘ਆਪਣੇ ਸਾਰਿਆਂ ਦੇ ਨੈਣ-ਨਕਸ਼ ਜੁ ਇਕੋ ਜਿਹੇ ਹਨ।’
‘ਚੰਗਾ ਕੀਤਾ ਰੱਬ ਨੇ। ਨਹੀਂ ਤਾਂ ਆਪਣੇ ਅੰਦਰ ਵੀ ਦੁਸ਼ਮਣੀਆਂ ਪੈ ਜਾਣੀਆਂ ਸਨ।’
‘ਤਾਂ ਹੀ ਆਪਾਂ ਜਿਸ ਘਰ ਵਿਚ ਆਲ੍ਹਣਾ ਪਾਇਆ ਸੀ, ਤਾਂ ਮਾਲਕ ਜਦੋਂ ਘਰੋਂ ਨਿਕਲਦਾ ਤਾਂ ਕੰਧ ਟੱਪ ਕੇ ਗੁਆਂਢੀ ਆ ਵੜਦਾ ਸੀ।’ ਕਬੂਤਰੀ ਨੇ ਕਬੂਤਰ ਦੀ ਧੌਣ ‘ਤੇ ਮੁਹੱਬਤ ਦੀ ਚੁੰਝ ਮਾਰਦਿਆਂ ਕਿਹਾ।
‘ਅੱਛਾ! ਆਹ ਗੱਲ ਸੀ। ਤਾਂ ਹੀ ਗੁਆਂਢਣ ਸਿਰ ‘ਤੇ ਚਿੱਟੀ ਚੁੰਨੀ ਲੈਣ ਲੱਗ ਪਈ ਸੀ।’
ਅਸਲ ਵਿਚ ਪੰਛੀਆਂ ਅੰਦਰ ਝੂਠ ਬੋਲਣ ਦੀ ਹਾਲੇ ਤੀਕਰ ਕਿਸੇ ਨੇ ਵੀ ਪ੍ਰਵਿਰਤੀ ਨਹੀਂ ਦੇਖੀ।
ਇਕ ਗੱਲ ਤਾਂ ਸੁਣਦੇ ਆਏ ਹਾਂ ਕਿ ਕੁਝ ਲੋਕ ਪਿਆਰ ‘ਚੋਂ ਨਫਾ ਲੱਭਣ ਦੇ ਯਤਨ ਵਿਚ ਲੱਗੇ ਹੋਏ ਹਨ, ਪਰ ਉਨ੍ਹਾਂ ਲੋਕਾਂ ਦਾ ਕੀ ਕਰੀਏ ਜਿਹੜੇ ਨਫ਼ਾ ਕਰਨ ਲਈ ਪਿਆਰ ਕਰ ਰਹੇ ਹਨ। ਲਗਦਾ ਨਹੀਂ, ਚੱਕੀ ਰਾਹਾ ਜ਼ਮੀਨ ਅੰਦਰ ਧਸ ਗਿਆ ਹੈ ਤੇ ਚੁੰਝ ਬਾਹਰ ਰਹਿ ਗਈ ਹੈ?
ਤੇਈਆਂ ਸਾਲਾਂ ਪਿੱਛੋਂ ਅਮਰੀਕਾ ਤੋਂ ਪਰਤਿਆ ਜਤਿੰਦਰ ਤੀਜੇ ਦਿਨ ਸਿੱਧਾ ਆਪਣੇ ਹਮ ਜਮਾਤੀ ਦਿਆਲ ਦੇ ਪਿੰਡ ਪੁੱਜ ਗਿਆ; ਜਿਵੇਂ ਸੁਦਾਮਾ ਨਹੀਂ, ਕ੍ਰਿਸ਼ਨ ਸੁਦਾਮੇ ਲਈ ਸੱਤੂ ਲੈ ਕੇ ਆ ਗਿਆ ਹੋਵੇ। ਕਾਲਜੋਂ ਵਿਛੜਿਆਂ ਦੇ ਮੇਲ ਉਦੋਂ ਹੋ ਰਹੇ ਸਨ, ਜਦੋਂ ਦੋਵੇਂ ਧੀਆਂ ਪੁੱਤਰਾਂ ਵਾਲੇ ਹੋ ਚੁੱਕੇ ਸਨ। ਘਰ ਪੁੱਜਿਆ ਤਾਂ ਗਰਮੀ ਨੂੰ ਵੀ ਕਹਿਰ ਆਇਆ ਹੋਇਆ ਸੀ। ਦਿਆਲ ਘਰੇ ਨਹੀਂ ਸੀ। ਉਹਦੀ ਘਰਵਾਲੀ ਕੁਲਜੀਤ ਜਦੋਂ ਝੱਟ ਦੇਣੀ ਠੰਢੀ ਸ਼ਕੰਜਵੀ ਦਾ ਗਲਾਸ ਲੈ ਕੇ ਆਈ ਤਾਂ ਜਤਿੰਦਰ ਦਾ ਅਮਰੀਕਾ ਦਾ ਹਾਲ-ਚਾਲ ਪੁੱਛਣ ਤੋਂ ਪਹਿਲਾਂ ਹੀ ਉਹਨੇ ਸਵਾਲ ਕਰ ਦਿੱਤਾ, ‘ਭਾਬੀ ਦਿਆਲ ਕਿੱਥੇ ਐ?’
‘ਮੈਂ ਭੇਜਿਆ ਦਿਓਰ ਨੂੰ। ਗੁਆਂਢੀਆਂ ਦੀ ਕੁੜੀ ਰੁੱਸ ਕੇ ਆਈ ਹੋਈ ਐ। ਜੁਆਈ ਤਾਂ ਰੱਬ ਰੂਪ ਐ, ਇਹੀ ਵਿਗੜਿਆ ਟੱਬਰ ਕਾਬੂ ਨ੍ਹੀਂ ਆ ਰਿਹਾ।’
‘ਨਾ ਦਿਆਲ ਮਾਹਟਰ ਐ ਕਿ ਪੰਚ?’
‘ਹੈ ਤਾਂ ਮਾਹਟਰ ਈ; ਊਂ ਲਿਖਾ-ਪੜ੍ਹੀ ਨੂੰ ਸੱਦ ਲੈਂਦੇ ਆ। ਲੈ ਆ ਗਿਆ ਥੋਡਾ ਮਿੱਤਰ।’
ਤੇ ਉਹ ਦੋਵੇਂ ਜਣੇ ਆਏਂ ਗਲਵੱਕੜੀ ਹੋ ਗਏ ਜਿਵੇਂ ਬਿਜਲੀ ਵਾਲਿਆਂ ਨੇ ਆਪਣਾ ਖੰਭਾ ਘੁੱਟ ਕੇ ਫੜਿਆ ਹੁੰਦਾ ਹੈ।
æææਤੇ ਫਿਰ ਜ਼ਿੰਦਗੀ ਦਾ ਜੋਬਨ ਲਾਲੇ ਦੀ ਲਾਲ ਬਹੀ ਦੀਆਂ ਪਰਤਾਂ ਵਾਂਗ ਗੱਲਾਂ-ਬਾਤਾਂ ਵਿਚ ਖੁੱਲ੍ਹਣ ਲੱਗ ਪਿਆ। ਕਦੇ ਕਾਲਜ ਦੀਆਂ ਗੱਲਾਂ, ਫਿਰ ਵਿਆਹ ਦੇ ਚਰਚੇ, ਤੇ ਫਿਰ ਡਾਲਰ ਰੁਪਈਆਂ ‘ਚ ਵਟਣ ਲੱਗ ਪਏ।
ਜਤਿੰਦਰ ਨੇ ਆਪਣੇ ਕਾਰ ਆਲੇ ਨੂੰ ਵਾਪਸ ਭੇਜ ਦਿੱਤਾ ਕਿ ਸਵੇਰੇ ਦਸ ਗਿਆਰਾਂ ਵਜੇ ਆ ਜਾਈਂ।
ਘੁੱਟ ਲਾਉਣ ਦਾ ਜਸ਼ਨ ਬਣਿਆ ਤਾਂ ਦੋਵੇਂ ਜਣੇ ਚੁਬਾਰੇ ਅੱਗੇ ਵਿਹੜੇ ‘ਚ ਢਾਬੇ ਵਾਲਿਆਂ ਵਾਂਗ ਪੱਖਾ ਲਾ ਕੇ ਬਾਣ ਦੇ ਮੰਜਿਆਂ ‘ਤੇ ਪੁਰਾਣੇ ਦਿਨਾਂ ਦੀ ਚਰਖੀ ਦੀਆਂ ਯਾਦਾਂ ਘੁਮਾਉਣ ਲੱਗ ਪਏ।
ਚੁਬਾਰੇ ਦੇ ਦਰਵਾਜ਼ੇ ਉਪਰ ਬਾਹਰ ਵੱਲ ਜਗਦਾ ਲਾਟੂ ਮਖੌਲ ਕਰੀ ਜਾ ਰਿਹਾ ਸੀ; ਕਿਉਂਕਿ ਬਿਜਲੀ ਆਉਂਦੀ ਘੱਟ, ਜਾਂਦੀ ਜ਼ਿਆਦਾ ਸੀ। ਜਦੋਂ ਮੱਛਰ ਜਤਿੰਦਰ ਦੇ ਠੂੰਹੇ ਵਾਂਗ ਦੰਦੀ ਵੱਢਦਾ ਤਾਂ ਉਹ ਉਲਰ ਕੇ ਆਂਹਦਾ-‘ਪਾ ਹੋਰ ਘੁੱਟ। ਅੱਧਾ ਪੈਗ ਤਾਂ ਸਾਲਾ ਇਹ ਮੱਛਰ ਈ ਪੀਈ ਜਾਂਦੈ।’
ਹਾਲੇ ਦੋਹਾਂ ਨੇ ਦੋ ਦੋ ਬੁਰਕੀਆਂ ਰੋਟੀ ਦੀਆਂ ਮੂੰਹ ਪਾਈਆਂ ਹੋਣਗੀਆਂ ਕਿ ਗੁਆਂਢੀਆਂ ਦੇ ਜਿਵੇਂ ਬੰਬ ਚੱਲ ਗਿਆ ਹੋਵੇ। ਉਹੀ ਘਰ ਜਿਥੇ ਕੁੜੀ ਰੁੱਸ ਕੇ ਆਈ ਹੋਈ ਸੀ, ਦੋਹਾਂ ਪਾਸਿਆਂ ਤੋਂ ਗਾਲਾਂ ਦੀ ਵਾਛੜ ਆਏਂ ਹੋਵੇ ਕਿ ਇੰਨਾ ਗੰਦ ਤਾਂ ਬਿਜਲੀ ਵਾਲੇ ਖੰਭਾ ਖਿੱਚਣ ਵੇਲੇ ਵੀ ਸ਼ਾਇਦ ਨਾ ਬੋਲਦੇ ਹੋਣ।
ਜਤਿੰਦਰ ਤੇ ਦਿਆਲਾ ਹੇਠਾਂ ਤਾਂ ਨਾ ਉਤਰਦੇ, ਪਰ ਲਹਿੰਦੇ ਪਾਸੇ ਤੋਂ ਨਿੱਕੀ ਜਿਹੀ ਬਦਲੀ ਉਠੀ, ਤੇ ਬੱਦਲਾਂ ਦੀ ਕੜ ਕੜ ਵਿਚ ਬਿਜਲੀ ਤਾਂ ਇੱਦਾਂ ਨੱਠੀ ਜਿਵੇਂ ਮੁਕਲਾਵੇ ਪਿਛੋਂ ਪੇਕੇ ਆਈ ਕੁੜੀ ਸਹੇਲੀਆਂ ਵਿਚ ਗੁਆਚ ਜਾਂਦੀ ਹੈ। ਉਂਜ, ਮੀਂਹ ਨੇ ਗਰਮੀ ਦੀ ਖੁਸ਼ਕੀ ਚੱਕ ਦਿੱਤੀ।
ਦੋਹਾਂ ਨੇ ਮੋਮਬੱਤੀ ਦੀ ਲੋਅ ਵਿਚ ਰੋਟੀ ਖਾਧੀ, ਪਰ ਗੁਆਂਢੀਆਂ ਦੇ ਰੌਲਾ ਪੈਣੋਂ ਨਾ ਹਟਿਆ।
‘ਦਿਆਲਿਆ ਇਹ ਕੀ ਰੌਲਾ ਐ? ਤੂੰ ਵੀ ‘ਤਕਾਲੀ ਇਨ੍ਹਾਂ ਦੇ ਈ ਪੰਚਾਇਤ ਵਿਚ ਗਿਆ ਹੋਇਆ ਸੀ?’ ਜਤਿੰਦਰ ਨੇ ਸੌਣ ਲੱਗੇ ਨੇ ਗੱਲ ਛੇੜ ਲਈ ਕਿ ‘ਇਹ ਤਾਂ ਆਏਂ ਆਂ ਜਿਵੇਂ ਅਫ਼ਗਾਨਿਸਤਾਨ ਵਿਚ ਤਾਲਿਬਾਨ ਨ੍ਹੀਂ ਕਾਬੂ ਵਿਚ ਰਹਿੰਦੇ।’
‘ਇੱਦਾਂ ਦੀ ਮਾੜੀ ਔਲਾਦ ਤੇ ਬਦਮਾਸ਼ ਧੀ ਕਿਸੇ ਦੇ ਨਾ ਜੰਮੇ! ਕੁੜੀ ਤਾਂ ਸਾਡੇ ਪਿੰਡ ਦੀ ਆ; ਦੱਸਦਿਆਂ ਤੇ ਕਹਿੰਦਿਆਂ ਨੂੰ ਸ਼ਰਮ ਆਉਂਦੀ ਆ। ਲੁੱਚਾ ਟੱਬਰ ਐ। ਪੰਚਾਇਤ ਨੇ ਕੱਲ੍ਹ ਬਥੇਰੀ ਸਿਰ ਸੁਆਹ ਪਾਈ, ਪਰ ਭੇਡ ਜਿਵੇਂ ਉਨ ਲਾਹੁਣ ‘ਤੇ ਮਸਤੀ ਪਈ ਹੁੰਦੀ ਐ, ਆਏਂ ਗੱਲ ਨੂੰ ਭੁੰਨੇ ਪੈਣ ਦਿੰਦਾ ਸਾਰਾ ਟੱਬਰ? ਜੁਆਈ ਵਿਚਾਰੇ ਦਾ ਨਾ ਈ ਸਰਬਣ ਨ੍ਹੀਂ, ਊਂ ਵੀ ਸਰਬਣ ਈ ਐ। ਕਮਲੀ ਮੈਂ ਸਿਵਿਆਂ ਦੇ ਰਾਹ ਪਹਿਲੀ ਵਾਰ ਪਈ ਦੇਖੀ ਐ।’
‘ਗੱਲ ਕੀ ਐ ਵਿਚਲੀ?’
‘ਮਿੱਤਰਾ ਉਠ ਕੇ ਬੈਠ ਫਿਰ ਜ਼ਰਾ। ਇਹ ਕਲਯੁੱਗ ਦਾ ਮਹਾਂ ਭਾਰਤ ਵੀ ਸੁਣ ਕੇ ਸੌਈਂ।’
‘ਜਿਹੜੀ ਕੁੜੀ ਦਾ ਸਾਰਾ ਪੁਆੜਾ ਐ, ਇਹਦਾ ਨਾਂ ਐ ਸ਼ਿੰਦੀ। ਇਹ ਦੋ ਭੈਣ ਭਰਾ ਆ। ਪਿਉ ਇਨ੍ਹਾਂ ਦਾ ਇਨ੍ਹਾਂ ਦੀ ਮਾਂ ਦੇ ਲੱਛਣਾਂ ਤੋਂ ਅੱਕੇ ਸੱਤ-ਅੱਠ ਸਾਲ ਹੋ ਗਏ ਆ, ਨਹਿਰ ਵਿਚ ਛਾਲ ਮਾਰ ਕੇ ਮਰਿਆ। ਅੱਧਾ ਪਿੰਡ ਤਾਂ ਕਹਿੰਦਾ ਐ ਇਹ ਦੋਏ ਨਿਆਣੇ ਉਹਦੇ ਹੈ ਈ ਨ੍ਹੀਂ।’
‘ਉਹ ਮਰਿਆ ਕਿਉਂ?’
‘ਪਹਿਲਾਂ ਤਾਂ ਤੀਵੀਂ ਨ੍ਹੀਂ ਕਾਬੂ ਵਿਚ ਆਈ, ਫਿਰ ਇਹ ਜਿਹੜੀ ਸ਼ਿੰਦੀ ਐ, ਪਹਿਲਾਂ ਤਾਂ ਪਿੰਡ ਦੇ ਝੀਰਾਂ ਦੇ ਮੁੰਡੇ ਨਾਲ ਭੱਜ’ਗੀ; ਮਸੀਂ ਪੰਦਰੀਂ-ਵੀਹੀਂ ਦਿਨੀਂ ਲੱਭ ਕੇ ਲਿਆਂਦੀ। ਮੁੰਡਾ ਬੀਬਾ ਸੀ। ਪਹਿਲਾਂ ਭਰਾ ਨੇ ਮਸਟੰਡਿਆਂ ਨਾਲ ਰਲ ਕੇ ਕੁੱਟਿਆ, ਫਿਰ ਥਾਣੇ ਫ਼ਸਾ’ਤਾ। ਅਸੀਂ ਕਹਿ-ਸੁਣ ਕੇ ਰਾਜ਼ੀਨਾਮਾ ਕਰਾਇਆ ਕਿ ਕੁੜੀ ਠੀਕ ਨ੍ਹੀਂ; ਇਹਦੇ ਹੱਥ ਪੀਲੇ ਕਰ ਦਿਓ। ਇਨ੍ਹਾਂ ਨੇ ਗੱਲ ਫਿਰ ਨ੍ਹੀਂ ਗੌਲੀ, ਤੇ ਫਿਰ ਇਹ ਨਾਲ ਦੇ ਪਿੰਡ ਦੇ ਨਸ਼ੱਈ ਜਿਹੇ ਨਾਲ ਚਲੇ ਗਈ। ਫਿਰ ਲੈ ਤਾਂ ਆਂਦੀ ਉਹਦੇ ਕੋਲੋਂ ਵੀ, ਪਰ ਪੇ ਸ਼ਰਮ ਦਾ ਮਾਰਾ ਈ ਮਰ ਗਿਆ ਛਾਲ ਮਾਰ ਕੇ।’
‘ਨਾ ਹੁਣ ਦਿਆਲਿਆ, ਇਸ ਜੁਆਈ ਨਾਲ ਕੀ ਰੌਲਾ?’
‘ਇਹਦੀ ਤਾਂ ਗੱਲ ਤੈਨੂੰ ਦੱਸਣ ਲੱਗਾ। ਇਹ ਦੇਵ ਤੇ ਪਿੱਛੇ ਚੁੜੇਲ ਲੱਗੀ ਹੋਈ ਆ। ‘ਕੱਲਾ ਮਾਪਿਆਂ ਦਾ ਪੁੱਤ ਆ। ਜਿੱਦਣ ਵਿਆਹ ਕੀਤਾ, ਮਾਂ ਤਾਂ ਸੀਗੀ ਪਰ ਉਹ ਵੀ ਵਿਗੜੀ ਨੂੰਹ ਹੱਥੋਂ ਦੁਖੀ ਛੇਤੀ ਚਲੀ ਗਈ। ਇਹ ਸਰਬਣ ਪਹਿਲਾਂ ਤਾਂ ਦੁਬਈ ਗਿਆ ਹੋਇਆ ਸੀ। ਮਿਹਨਤੀ ਸੀ ਵਿਚਾਰਾ। ਰਾਜ ਮਿਸਤਰੀ ਸੀ, ਕਮਾਈ ਠੀਕ ਕਰਦਾ ਸੀ। ਸਾਰਾ ਕੁਝ ਇਹਦੇ ਨਾਂ ‘ਤੇ ਭੇਜਦਾ ਰਿਹਾ। ਪਿੱਛੇ ਜਿਹੇ ਜਦੋਂ ਇਥੋਂ ਪੰਚਾਇਤ ਗਈ ਤਾਂ ਪਿੰਡ ਆਲੇ ਦੱਸਣ, ਪਈ ਇਹ ਜਨਾਨੀ ਤਾਂ ਸਵੇਰੇ ਪੌਡਰ ਸੁਰਖੀ ਲਾ ਕੇ, ਬਾਂਹ ਵਿਚ ਪਾਉਂਦੀ ਐ ਪਰਸ, ਤੇ ਅੱਡੇ ਜਾ ਖੜ੍ਹਦੀ ਐ। ਜਿਧਰ ਨੂੰ ਦਿਲ ਕਰਦੈ, ਲਾਰੀ ਫੜ ਲੈਂਦੀ ਆ। ਦੋ ਜੁਆਕ ਨੇ ਇਹਦੇ, ਦੋਵੇਂ ਲੜਕੇ ਆ। ਗੁਆਂਢੀ ਦੱਸਣ ਵਿਚਾਰੇæææਦੋਵੇਂ ਬੂਹੇ ਵਿਚ ਬਹਿ ਕੇ ਦੇਖਦੇ ਰਹਿੰਦੇ ਆ ਕਿ ਕਦੋਂ ਘਰੇ ਆਊ ਸਿਰੀ ਦੇਵੀ।’
‘ਯਾਰ ਕਮਾਲ ਦਾ ਬੰਦੈ ਸਰਬਣ! ਅੱਗ ਲੱਗੇ ਇੱਦਾਂ ਦੀ ਕਮਾਈ ਨੂੰ। ਉਹਨੇ ਕਿਤੇ ਫੌਜ ਵਿਚੋਂ ਨਾਵਾਂ ਕਟਾਉਣੈ? ਪਈ ਤੂੰ ਟਿਕਟ ਲੈ, ਇਥੇ ਕਰ ਲੈਂਦਾ ਘਰੇ ਆ ਕੇ ਦਿਹਾੜੀ ਦੱਪਾ?’
‘ਜਤਿੰਦਰ, ਇਹ ਜਿਹੜਾ ਸ਼ਿੰਦੀ ਦਾ ਭਰਾ ਆ ਕੈਲਾæææਇਹ ਪੂਰਾ ਬਦਮਾਸ਼ ਨਿਕਲਿਆ। ਜਦੋਂ ਪੇ ਮਰ ਗਿਆ, ਇਹਨੇ ਮਾਂ ਨੂੰ ਜ਼ੁਬਾਨ ਨ੍ਹੀਂ ਕੱਢਣ ਦਿੱਤੀ। ਪਹਿਲਾਂ ਭੁੱਕੀ ਵੇਚਦਾ ਸੀ, ਪਰ ਹੁਣ ਤਾਂ ਕਹਿੰਦੇ ਆ ਸਾਲਾ ਸਮੈਕੀਆæææਪੀਂਦਾ ਵੀ ਤੇ ਵੇਚਦਾ ਵੀ। ਸਰਬਣ ਇਹਨੇ ਦੋ ਕੁ ਵਾਰ ਖੜਕਾ ਵੀ ਦਿੱਤਾ। ਊਂ ਸਰਬਣ ਵੀ ਥੋੜ੍ਹਾ ਗਲ਼ਤ ਸੀ। ਉਹ ਵੀ ਦੁਬਈ ਛੱਡ ਕੇ ਉਦੋਂ ਆਇਆ ਜਦੋਂ ਨੱਕ ਦੀ ਚੋਅ ਕੇ ਮੂੰਹ ਵਿਚ ਪੈ ਗਈ।’
‘ਉਹ ਕਿੱਦਾਂ?’
‘ਇਹ ਸ਼ਿੰਦੀ ਸ਼ਹਿਰ ਵਿਚ ਪੁਲਿਸ ਆਲਿਆਂ ਨੇ ਫੜ ਲਈ। ਹੋਰ ਜਨਾਨੀਆਂ ਨਾਲ ਰਲ ਕੇ ਕੰਜਰਖਾਨਾ ਚਲਾਉਂਦੀ ਸੀ। ਜਦੋਂ ਅੰਦਰ ਰਹੀ ਪੰਦਰਾਂ ਦਿਨ, ਤੇ ਨਿਆਣੇ ਰੁਲਣ ਲੱਗੇ; ਤਾਂ ਆਇਆ ਜਾ ਕੇ ਦੁਬਈ ਤੋਂ।’
‘ਇਹਦੀ ਲੱਤ ਨ੍ਹੀਂ ਵੱਢੀ ਫਿਰ?’
‘ਜਤਿੰਦਰਾ, ਤੈਨੂੰ ਚਿਰ ਹੋ ਗਿਆ ਮੁਲਕ ਛੱਡੇ ਨੂੰ। ਇਹ ਜਿਹੜੇ ਵਿਗੜਿਓ ਸਿਆਲਾਂ ਨੂੰ ਬਾਹਰੋਂ ਆਉਂਦੇ ਆ, ਇਹ ਤੀਵੀਆਂ ਉਨ੍ਹਾਂ ਨੇ ਵਿਗਾੜੀਆਂ ਹੋਈਆਂ, ਡਾਲਰ ਦਿਖਾ ਦਿਖਾ ਕੇ। ਕੁਰਾਹੇ ਪਈ ਔਰਤ ਇਥੇ ਸਿੱਧੇ ਰਾਹ ਪੈਂਦੀ ਆ ਮੁੜ ਕੇ? ਨਾਲੇ ਜਿਹੜੀ ਥਾਣੇ ਜਾ ਆਵੇ!’
‘ਹੁਣ ਕੀ ਸਰਬਣ ਕਹਿੰਦਾ ਮੈਂ ਰੱਖਣੀ ਨ੍ਹੀਂ?’
‘ਕਾਹਨੂੰ; ਉਹ ਤਾਂ ਸ਼ਰੀਫ਼ ਲੈਣ ਆਇਆ ਰੁੱਸ ਕੇ ਆਈ ਨੂੰ।’
‘ਯਾਰ ਬੰਦਾ ਕਿ ਅਲਾਦੀਨ?’
‘ਨਿੱਕੇ ਨਿੱਕੇ ਨਿਆਣੇ ਆ, ਉਨ੍ਹਾਂ ਨੂੰ ਸੰਭਾਲੇ ਕਿ ਕੰਮ ਕਰੇ।’
‘ਨਾ ਇਹ ਸਾਲਾ ਭਰਾ ਮਰਿਆ ਹੋਇਐ। ਸਮਝਾ ਨ੍ਹੀਂ ਸਕਦਾ ਭੈਣ ਨੂੰ? ਨਹੀਂ ਤਾਂ ਕਰੇ ਇਹਦੇ ਚਾਰ ਟੁਕੜੇæææਲਾਵੇ ਅੱਗ।’
‘ਉਹਦੀ ਹੋਰ ਸੁਣ ਲੈæææਉਹ ਕੰਜਰ ਦਾ ਆਪ ਤੀਵੀਂ ਪਤਾ ਨਹੀਂ ਕਿਥੋਂ ਲਿਆਇਆ ਹੋਇਐ। ਦੋ ਸਾਲ ਹੋ ਗਏ ਆ। ਕੋਈ ਨਾ ਉਹਦਾ ਵਾਲੀਵਾਰਸ ਪਿੱਛਾ ਕਰਨ ਆਇਆ। ਪਿੰਡ ਆਲੇ ਤਾਂ ਆਂਹਦੇ ਆ, ਇਹ ਸ਼ਿੰਦੀ ਤੋਂ ਵੀ ਉਪਰ ਦੀ ਐæææਪਹਿਲਾਂ ਅੱਖਾਂ ਨਾਲ ਤਾਂ ਮਿਰਚਾਂ ਭੋਰਦੇ ਸੁਣੇ ਆ, ਇਹ ਤਾਂ ਸੁਣਦੇ ਆਂ ਭਰਵੱਟਿਆਂ ਨਾਲ ਮਿਰਚਾਂ ਰਗੜਦੀ ਐ।’
‘ਜਾਣੀ ਕਿ ਭੱਠਾ ਨ੍ਹੀਂ ਬੈਠਿਆ, ਆਵਾ ਊਤਿਆ ਪੂਰਾ।’
‘ਮਸਲਾ ਹੱਲ ਹੋ ਜੂ ਕਿ ਨਹੀਂ?’
‘ਲਗਦਾ ਨ੍ਹੀਂ। ਝਗੜਾ ਕਸ਼ਮੀਰ ਤੋਂ ਵੀ ਉਪਰ ਆਲਾ ਐ। ਵਿਚਾਰੇ ਸਰਬਣ ਕੋਲ ਹੈਗੀ ਆ ਦੋ ਕਨਾਲ ਨਿਆਈਂ ਦੀ ਜ਼ਮੀਨ। ਹੋਊ ਕੋਈ ਪੰਦਰਾਂ-ਵੀਹ ਲੱਖ ਦੀ। ਇਹ ਸਮੈਕੀਆ ਹੋਇਆ ਫਿਰਦਾ ਤਿਆਰ ਤੇਰੇ ਵਾਲੇ ਮੁਲਕ ਜਾਣ ਨੂੰ। ਸ਼ਿੰਦੀ ਆਂਹਦੀ ਆ ਸਰਬਣ ਨੂੰ, ਜ਼ਮੀਨ ਵੇਚ। ਉਹ ਵਿਚਾਰਾ ਤਰਲੇ ਕਰਦੈ, ਕਿ ਦਸ ਕੁ ਮਰਲੇ ਮੈਂ ਵੇਚ ਦਿੰਨਾਂ ਇਹਦੇ ਲਈ; ਬਾਕੀ ਮੈਂ ਵੀ ਆਪਣੇ ਦੋ ਜੁਆਕਾਂ ਵੱਲ ਦੇਖਣੈ। ਇਹ ਤਿੰਨ ਦਿਨ ਦੀ ਉਥੇ ਕਲੇਸ਼ ਪਾ ਕੇ ਬੈਠੀ ਸੀ। ਪਰਸੋਂ ਸਮੈਕੀਆ ਗਿਆæææਨਾਲੇ ਉਹਨੂੰ ਗਾਲ੍ਹਾਂ ਕੱਢ ਕੇ ਆਇਆ, ਨਾਲੇ ਇਹਨੂੰ ਸਵਿੱਤਰੀ ਸ਼ਿੰਦੀ ਨੂੰ ਨਾਲ ਲੈ ਆਇਆ।’
‘ਨਾ ਇਹਨੂੰ ਸ਼ਿੰਦੀ ਨੂੰ ਆਪਣਾ ਘਰ ਨ੍ਹੀਂ ਦੀਹਦਾ?’
‘ਯਾਰ! ਬਾਹਰ ਜਾ ਕੇ ਵੀ ਭੋਲੇ ਦਾ ਭੋਲਾ ਈ ਆਂ। ਇਹ ਜਿਹੜੀਆਂ ਤੀਵੀਆਂ ਘਰੋਂ ਬਾਹਰ ਪੈਰ ਪੁੱਟਣ ਲੱਗ ਪੈਣ, ਇਹ ਆਪ ਤਾਂ ਭਾਵੇਂ ਘਰ ਮੁੜ ਆਉਣ, ਪਰ ਇੱਜ਼ਤ ਨਾਲ ਲੈ ਕੇ ਆਉਣ ਦੀ ਗਲ਼ਤੀ ਨਹੀਂ ਕਰਦੀਆਂ। ਤੇਰੀ ਭਰਜਾਈ ਕੱਲ੍ਹ ਦੱਸਦੀ ਸੀ, ਪਈ ਸ਼ਿੰਦੀ ਕਿਸੇ ਕੋਲ ਆਂਹਦੀ, ਜਿੱਦਣ ਭਰਾ ਬਾਹਰ ਚਲਾ ਗਿਆ, ਨਿਆਣੇ ਲੈ ਕੇ ਪੇਕੇ ਆ ਜਾਣੈ।’
‘ਕਿਉਂ?’
‘ਨਣਾਨ ਭਰਜਾਈ ਇਕੋ ਪੀਂਘ ਨੂੰ ਵਾਰੋ-ਵਾਰੀ ਹੁਲਾਰੇ ਦੇਣਗੀਆਂ।’
‘ਫ਼ਿਰ ਲਾਹਣਤ ਇਨ੍ਹਾਂ ਦੇæææਪੰਚਾਇਤ ਨੇ ਫ਼ਿਰ ਕੀ ਕੀਤਾ?’
‘ਸਵੇਰੇ ਹੋਊ ਕੁਝ।’
ਤੇ ਦੋਹਾਂ ਮਿੱਤਰਾਂ ਦੀ ਇਸੇ ਹੀ ਵਾਰਤਾਲਾਪ ਵਿਚ ਅੱਖ ਲੱਗ ਗਈ।
ਸਵੇਰੇ ਨੌਂ ਵੱਜਦੇ ਨੂੰ ਦੋਵੇਂ ਜਣੇ ਉਠੇ। ਜਤਿੰਦਰ ਦੀ ਕਾਰ ਲੈ ਕੇ ਡਰਾਇਵਰ ਪੁੱਜ ਗਿਆ ਸੀ। ਦਿਆਲ ਨੇ ਸਕੂਲੋਂ ਛੁੱਟੀ ਲੈ ਲਈ ਸੀ।
ਨਹਾ-ਧੋ ਕੇ ਦੋਵੇਂ ਜਣੇ ਫ਼ੁਲਕਾ ਛਕ, ਕਾਰ ਵਿਚ ਬੈਠ ਗਏ। ਹਾਲੇ ਵਸੀਵੇਂ ‘ਤੇ ਪੁੱਜੇ ਸਨ ਕਿ ਖੇਤਾਂ ਵਿਚ ਲੱਗੇ ਬਿਜਲੀ ਦੇ ਖੰਭੇ ਨਾਲ ਬੰਨ੍ਹਿਆ ਸਰਬਣ ਸ਼ਾਂਤ ਸੀ, ਪਰ ਸ਼ਿੰਦੀ ਹਾਲੇ ਵੀ ਉਲਰ ਉਲਰ ਕੇ ਉਹਦੇ ਸਿਰ ਵਿਚ ਆਪਣੀ ਉਚੀ ਅੱਡੀ ਦੇ ਸੈਂਡਲ ਮਾਰ ਰਹੀ ਸੀ।
ਦਿਆਲ ਨੇ ਕਿਹਾ-‘ਜਤਿੰਦਰਾ ਗੱਡੀ ਰੋਕ। ਅੱਗੇ ਤਾਂ ਸੁਣਦੇ ਸੀ ਕਿ ਲੰਕਾ ਭਵੀਸ਼ਨ ਨੇ ਉਜਾੜੀ ਸੀ, ਪਰ ਅੱਜ ਲੱਗ ਰਿਹੈ, ਰਾਵਣ ਹੀ ਹੱਥੀਂ ਫੂਕ ਰਿਹੈ।’
ਦੋਵੇਂ ਜਣੇ ਜਦੋਂ ਲਾਗੇ ਪਹੁੰਚੇ ਤਾਂ ਸ਼ਿੰਦੀ ਨੇ ਵਾਲਾਂ ਤੋਂ ਫੜ ਕੇ ਸਰਬਣ ਦਾ ਸਿਰ ਖੰਭੇ ਵਿਚ ਪੂਰੇ ਜ਼ੋਰ ਨਾਲ ਮਾਰਦਿਆਂ ਕਿਹਾ-‘ਲੈ ਕਰ’ਤਾ ਇੰਤਕਾਲ ਤੇਰੇ ਨਾਲ ਦੋ ਕਨਾਲਾਂ ਦਾ।’
ਪਿੰਡ ਸਾਰਾ ਵਾਹੋ-ਦਾਹੀ ਭੱਜਾ ਆ ਰਿਹਾ ਸੀ, ਪਰ ਭੈਣ-ਭਰਾ ਕਲਯੁੱਗ ਦੇ ਗਧੇ ‘ਤੇ ਬੈਠ ਕੇ ਖਿਸਕ ਗਏ ਸਨ।
ਜਤਿੰਦਰ ਨੇ ਮੱਥੇ ‘ਤੇ ਹੱਥ ਮਾਰਦਿਆਂ ਦਿਆਲ ਨੂੰ ਕਿਹਾ-‘ਮਿੱਤਰਾ, ਤੇਰਾ ਪਿੰਡ ਇਤਿਹਾਸਕ ਬਣ ਗਿਐ?’
‘ਹੈ! ਉਹ ਕਿੱਦਾਂ?’ ਸਿੱਲ੍ਹੀਆਂ ਅੱਖਾਂ ਨਾਲ ਦਿਆਲ ਨੇ ਜਿਵੇਂ ਸਵਾਲ ਕੀਤਾ ਹੋਵੇ।
ਭਰਾਵਾਂ ਤੋਂ ਤਾਂ ਮਰਵਾਉਣ ਦੀ ਕਹਾਣੀ ਸੁਣੀ ਸੀ, ਪਰ ਸਾਹਿਬਾਂ ਪਹਿਲੀ ਵਾਰ ਮਿਰਜ਼ਾ ਕਤਲ ਕਰਦੀ ਦੇਖੀ ਐ।’
ਸੂਰਜ ਦੀ ਹਾਲਤ ਵੀ ਲਗਦੈ, ਤਰਸਯੋਗ ਹੋ ਗਈ ਸੀ।
Leave a Reply