ਸਿਆਸੀ ਮੰਚ ‘ਤੇ ਵੱਡੇ ਪੱਧਰ ਉਤੇ ਹਿਲਜੁਲ

ਸਿਆਸੀ ਮੰਚ ‘ਤੇ ਵੱਡੇ ਪੱਧਰ ਉਤੇ ਹਿਲਜੁਲ ਹੋ ਰਹੀ ਹੈ। ਭਾਜਪਾ ਦਾ ਪੁਰਾਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਤੋੜ-ਵਿਛੋੜਾ ਹੋ ਚੁੱਕਾ ਹੈ। ਰਾਸ਼ਟਰੀ ਸਵੈਮਸੇਵਕ ਸੰਘ ਨਾਲ ਸਬੰਧਤ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਸੰਘ ਦੇ ਆਗੂ ਵੀ ਭਾਜਪਾ ਦੇ ਸਿਆਸੀ ਆਗੂਆਂ ਦੇ ਵਿਰੁੱਧ ਆਵਾਜ਼ ਉਠਾ ਰਹੇ ਹਨ।

ਹਰਿਆਣੇ ਵਿਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਉਸ ਦੀ ਜਨਨਾਇਕ ਜਨਤਾ ਪਾਰਟੀ ‘ਤੇ ਵੀ ਵੱਡਾ ਸਮਾਜਿਕ ਦਬਾਅ ਬਣਿਆ ਹੋਇਆ ਹੈ। ਹਰਿਆਣਾ ਦੀਆਂ ਖਾਪ ਪੰਚਾਇਤਾਂ ਵੱਲੋਂ ਖੱਟਰ ਸਰਕਾਰ ਖਿਲਾਫ ਵੱਡੇ ਪੱਧਰ ਉਤੇ ਲਾਮਬੰਦੀ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਹਰਿਆਣਾ ਸਰਕਾਰ ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਨੂੰ ਵੰਗਾਰਿਆ ਜਾ ਰਿਹਾ ਹੈ ਤੇ ਉਨ੍ਹਾਂ ਦਾ ਹੁੱਕਾ ਪਾਣੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਦੀਆਂ ਵਿਰੋਧੀ ਧਿਰਾਂ ਸਰਕਾਰ ਡੇਗਣ ਲਈ ਸਰਗਰਮ ਹੋ ਗਈਆਂ ਹਨ।
ਉਧਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨੈਸ਼ਨਲ ਕਾਂਗਰਸ ਪਾਰਟੀ, ਸ਼ਿਵ ਸੈਨਾ ਤੇ ਹੋਰ ਖੇਤਰੀ ਪਾਰਟੀਆਂ ਨਾਲ ਰਾਬਤਾ ਕਰ ਕੇ ਫੈਡਰਲਿਜ਼ਮ ਦੇ ਮੁੱਦੇ ਮੁੜ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵੇਂ ਇਹ ਪਹਿਲਕਦਮੀ ਕਰਨ ਵਿਚ ਦਲ ਨੇ ਬਹੁਤ ਦੇਰੀ ਕਰ ਦਿੱਤੀ ਹੈ। ਕਾਂਗਰਸ, ਤ੍ਰਿਣਮੂਲ ਕਾਂਗਰਸ, ਰਾਸ਼ਟਰੀ ਜਨਤਾ ਦਲ, ਡੀæਐਮæਕੇ, ਟੀæਆਰæਸੀ, ਕਮਿਊਨਿਸਟ ਪਾਰਟੀਆਂ ਅਤੇ ਕੁਝ ਹੋਰ ਸਿਆਸੀ ਦਲਾਂ ਨੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਕੇ ਆਪਣਾ ਸਮਰਥਨ ਦਿੱਤਾ ਹੈ।