‘ਹਰ ਬੰਦੇ ਲਈ ਖਾਲੀ ਹੈ ਜੰਗ ਦਾ ਮੈਦਾਨ’

ਬੀਬੀ ਅਰੁੰਧਤੀ ਰਾਏ ਸਾਡੇ ਸਮਿਆਂ ਦੀ ਐਸੀ ਵਿਰਲੀ ਲੇਖਕਾ ਹੈ ਜੋ ਸਰਕਾਰੀ ਜਬਰ, ਅਨਿਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਖ਼ਿਲਾਫ਼ ਨਿਡਰਤਾ ਅਤੇ ਬੇਬਾਕੀ ਨਾਲ ਲਗਾਤਾਰ ਆਪਣੀ ਕਲਮ ਚਲਾ ਰਹੀ ਹੈ। ਉਹ ਸਮਾਜ ਦੇ ਸਭ ਤੋਂ ਵਾਂਝੇ, ਲੁੱਟੇ-ਪੁੱਟੇ ਅਤੇ ਹਾਸ਼ੀਏ ‘ਤੇ ਖੜ੍ਹੇ ਲੋਕਾਂ ਨਾਲ ਧੜੱਲੇ ਨਾਲ ਖੜ੍ਹਦੀ ਹੈ। ਨਰੈਨ ਸਿੰਘ ਰਾਵ ਨਾਲ ਆਪਣੀ ਇਸ ਇੰਟਰਵਿਊ ਵਿਚ ਉਸ ਨੇ ਸਰਮਾਏਦਾਰੀ, ਮਾਰਕਸਵਾਦ, ਭਾਰਤ ਦੀ ਖੱਬੀ ਧਿਰ, ਭਾਰਤੀ ਸਿਆਸਤ ਅਤੇ ਸਮਾਜ ਨਾਲ ਜੁੜੇ ਵੱਖੋ-ਵੱਖਰੇ ਮੁੱਦਿਆਂ ਉਪਰ ਠੋਕ-ਵਜਾ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਸ ਇੰਟਰਵਿਊ ਦਾ ਅਨੁਵਾਦ ‘ਪੰਜਾਬ ਟਾਈਮਜ਼’ ਨਾਲ ਜੁੜੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਇਸ ਇੰਟਰਵਿਊ ਵਿਚ ਵਿਚਾਰਾਂ ਦੇ ਚੰਗਿਆੜੇ ਫੁੱਟਦੇ ਦਿਸਦੇ ਹਨ ਜਿਹੜੇ ਅਰੁੰਧਤੀ ਦੀਆਂ ਲਿਖਤਾਂ ਵਿਚ ਬਹੁਤ ਸਹਿਜ ਨਾਲ ਸਜਾਏ ਹੁੰਦੇ ਹਨ। ਇਸ ਇੰਟਰਵਿਊ ਦਾ ਪਹਿਲਾ ਹਿੱਸਾ ਪਿਛਲੇ ਅੰਕ ਵਿਚ ਛਾਪਿਆ ਜਾ ਚੁੱਕਾ ਹੈ। -ਸੰਪਾਦਕ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸਵਾਲ: ਕੀ ਤੁਸੀਂ ਮੰਨਦੇ ਹੋ ਕਿ ਨਵ-ਉਦਾਰਵਾਦੀ ਨੀਤੀਆਂ ਭਾਰਤੀ ਸਟੇਟ ਦੇ ਮੂਲ ਕਿਰਦਾਰ ਨੂੰ ਜੱਗ ਜ਼ਾਹਰ ਕਰਦੀਆਂ ਹਨ?
ਅਰੁੰਧਤੀ: ਦੇਖੋ, ਭਾਰਤੀ ਸਟੇਟ ਦੇ ਨਹੀਂ, ਸਗੋਂ ਸਮਾਜ ਦੇ ਕਿਰਦਾਰ ਨੂੰ। ਇਹ ਨਵ-ਉਦਾਰਵਾਦੀ ਨੀਤੀਆਂ ਜਗੀਰੂ ਅਤੇ ਜਾਤ ਆਧਾਰਤ ਸਮਾਜ ਲਈ ਬਿਲਕੁਲ ਮੁਆਫ਼ਕ ਹਨ, ਪਰ ਯਕੀਨਨ ਹੀ ਇਹ ਕਿਸੇ ਪਿੰਡ ‘ਚ ਘਿਰੇ ਦਲਿਤ ਲਈ ਖੁਸ਼ਗਵਾਰ ਨਹੀਂ ਹਨ। ਇਹ ਸਭ ਨਾ-ਬਰਾਬਰੀਆਂ ਨੂੰ ਮਜ਼ਬੂਤ ਕਰਦੀਆਂ ਹਨ, ਕਿਉਂਕਿ ਇਹ ਨਿਸ਼ਚਿਤ ਤੌਰ ‘ਤੇ ਤਕੜੇ ਨੂੰ ਹੋਰ ਤਕੜਾ ਬਣਾਉਂਦੀਆਂ ਹਨ। ਇਹੀ ਤਾਂ ਕਾਰਪੋਰੇਟ ਸਰਮਾਏਦਾਰੀ ਹੈ। ਹੋ ਸਕਦਾ ਹੈ ਕਿ ਇਹ ਟਕਸਾਲੀ ਸਰਮਾਏਦਾਰੀ ਵਰਗੀ ਨਾ ਹੋਵੇ, ਕਿਉਂਕਿ ਟਕਸਾਲੀ ਸਰਮਾਏਦਾਰੀ ਅਸੂਲਾਂ ‘ਤੇ ਚਲਦੀ ਹੋਵੇਗੀ ਅਤੇ ਉਥੇ ‘ਚੈੱਕ ਐਂਡ ਬੈਲੈਂਸ’ ਦਾ ਪ੍ਰਬੰਧ ਹੋਵੇਗਾ; ਪਰ ਸਾਡੇ ਇਥੇ ਇਸ ਵਿਚ ਅਜਿਹਾ ਕੁਝ ਨਹੀਂ ਹੁੰਦਾ। ਯਕੀਨਨ ਇਸ ਨਾਲ ਤਕੜਾ ਲਗਾਤਾਰ ਤਕੜਾ ਬਣਦਾ ਜਾਂਦਾ ਹੈ। ਅਤੇ ਇਹੀ ਲੋਕ ਤਾਂ ਬਾਣੀਏ ਹਨ। ਇਹ ਸਭ ਤੋਂ ਅਹਿਮ ਗੱਲ ਹੈ ਜਿਸ ਦੇ ਬਾਰੇ ਕੋਈ ਕਦੇ ਗੱਲ ਨਹੀਂ ਕਰਦਾ-ਭਾਰਤੀ ਬਾਣੀਆਂ ਦੀ ਸਿਆਸਤ ਬਾਰੇ। ਇਨ੍ਹਾਂ ਨੇ ਪੂਰੇ ਮੁਲਕ ਵਿਚ ਕੀ ਕੀਤਾ ਹੈ? ਰਿਲਾਇੰਸ ਇਕ ਬਾਣੀਆ ਹੈ। ਉਹ ਬਤੌਰ ਬਾਣੀਆ ਜਾਤ ਦ੍ਰਿਸ਼ ਤੋਂ ਪੂਰੀ ਤਰ੍ਹਾਂ ਬਾਹਰ ਰਹਿੰਦੇ ਹਨ, ਪਰ ਉਹ ਬਹੁਤ ਹੀ ਅਹਿਮ ਕਿਰਦਾਰ ਨਿਭਾਉਂਦੇ ਹਨ। ਇਹ ਉਨ੍ਹਾਂ ਨੂੰ ਬਹੁਤ ਮਜ਼ਬੂਤ ਬਣਾਉਂਦਾ ਹੈ। ਇਹੀ ਵਜਾ੍ਹ ਹੈ ਕਿ ਪ੍ਰਚੂਨ ਵਿਚ ਵਿਦੇਸ਼ੀ ਸਿੱਧੇ ਪੂੰਜੀ ਨਿਵੇਸ਼ ਦੇ ਮਾਮਲੇ ‘ਚ ਭਾਜਪਾ ਸਭ ਤੋਂ ਵੱਧ ਗੁੱਸੇ ‘ਚ ਆਈ, ਕਿਉਂਕਿ ‘ਉਨ੍ਹਾਂ ਦੇ ਛੋਟੇ ਬਾਣੀਆਂ’ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ ਕਿਉਂਕਿ ਉਹ ਜਾਤ (ਬਾਣੀਆ) ਉਨ੍ਹਾਂ (ਭਾਜਪਾ) ਦਾ ਆਧਾਰ ਹੈ।
ਦੂਜੇ ਪਾਸੇ, ਤੁਸੀਂ ਪਿੰਡਾਂ ਦੇ ਲੋਕਾਂ, ਆਦਿਵਾਸੀਆਂ ਅਤੇ ਦਲਿਤਾਂ ਨਾਲ ਕੁਝ ਵੀ ਕਰ ਦਿਉ, ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਸਵਾਲ: ਭਾਰਤ ਦੇ ਖੱਬੇ ਪੱਖੀਆਂ ਦਾ ਦਾਇਰਾ ਬਹੁਤ ਸੀਮਤ ਦਿਖਾਈ ਦਿੰਦਾ ਹੈ। ਤੁਸੀਂ ਇਸ ਦਾ ਕੀ ਕਾਰਨ ਸਮਝਦੇ ਹੋ ਅਤੇ ਇਸ ਦੇ ਲਈ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ?
ਅਰੁੰਧਤੀ: ਮੈਨੂੰ ਲੱਗਦਾ ਹੈ ਕਿ ਇਸ ਵਿਚ ਜਾਤ ਬਹੁਤ ਵੱਡਾ ਕਾਰਨ ਹੈ। ਜੇ ਤੁਸੀਂ ਸੀæਪੀæਐੱਮæ ਨੂੰ ਦੇਖੋ ਤਾਂ ਉਸ ਵਿਚ ਉੱਪਰ ਬੈਠੇ ਸਾਰੇ ਲੋਕ ਬ੍ਰਾਹਮਣ ਹਨ। ਕੇਰਲ ਵਿਚ ਵੀ ਸਾਰੇ ਨਾਇਰ ਅਤੇ ਬ੍ਰਾਹਮਣ ਹਨ। ਉਨ੍ਹਾਂ ਨੇ ਕਦੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮਾਰਕਸਵਾਦੀ ਵਿਚਾਰ ਦਾ ਉਥੇ ਬਿਹਤਰੀਨ ਇਸਤੇਮਾਲ ਕਿਵੇਂ ਕੀਤਾ ਜਾਵੇ, ਜਿਥੇ ਲੋਕਾਂ ਨਾਲ ਸਿਲਸਿਲੇਵਾਰ ਤਰੀਕੇ ਨਾਲ ਭੇਦਭਾਵ ਕੀਤਾ ਜਾਂਦਾ ਹੈ? ਅਕਸਰ ਹੀ ਜਦੋਂ ਤੁਸੀਂ ਉੱਚੀ ਜਾਤ ਵਿਚੋਂ ਆਉਂਦੇ ਹੋ ਤਾਂ ਮਸਲਿਆਂ ਨੂੰ ਨਹੀਂ ਦੇਖ ਸਕਦੇ; ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬੁਰੇ ਆਦਮੀ ਹੋ। ਬੱਸ ਗੱਲ ਐਨੀ ਕੁ ਹੈ ਕਿ ਤੁਸੀਂ ਇਸ ਨੂੰ ਦੇਖ ਨਹੀਂ ਪਾਉਂਦੇ। ਮੈਂ ਇਕ ਵਾਰ ਕਾਂਚਾ ਇਲੱਈਆ ਨਾਲ ਗੱਲ ਕਰ ਰਹੀ ਸੀ ਜੋ ਕਿਸੇ ਸਮੇਂ ਪੀਪਲਜ਼ ਵਾਰ ਗਰੁੱਪ ਨਾਲ ਜੁੜਿਆ ਹੋਇਆ ਸੀ। ਉਹ ਇਕੱਲਾ ਅਜਿਹਾ ਆਦਮੀ ਹੈ ਜੋ ਆਪਣੇ ਭਾਈਚਾਰੇ ਵਿਚ ਪੜ੍ਹਿਆ-ਲਿਖਿਆ ਬੰਦਾ ਸੀ। ਉਸ ਦੇ ਭਾਈ ਨੇ ਬਹੁਤ ਕੋਸ਼ਿਸ਼ ਕੀਤੀ, ਉਸ ਨੂੰ ਪੜ੍ਹਿਆ-ਲਿਖਿਆ ਦੇਖਣ ਦੀ; ਜਦਕਿ ਉਸ ਦੀ ਪਾਰਟੀ ਚਾਹੁੰਦੀ ਸੀ ਕਿ ਉਹ ਰੂਪੋਸ਼ ਹੋ ਜਾਵੇ। ਇਹ ਉਸ ਤਰ੍ਹਾਂ ਨਹੀਂ ਹੈ ਜਿਵੇਂ ਕਿਸੇ ਬ੍ਰਾਹਮਣ ਨੂੰ ਰੂਪੋਸ਼ ਹੋ ਜਾਣ ਲਈ ਕਹਿ ਦਿੱਤਾ ਜਾਵੇ, ਕਿਉਂਕਿ ਉਨ੍ਹਾਂ (ਬ੍ਰਾਹਮਣਾਂ) ਦੇ ਟੱਬਰ ਵਿਚ ਬਾਕੀ ਜੀਅ ਪੜ੍ਹ-ਲਿਖ ਸਕਦੇ ਹਨ। ਇਸ ਮਾਮਲੇ ਨੂੰ ਤੁਹਾਨੂੰ ਉੱਕਾ ਹੀ ਵੱਖਰੇ ਢੰਗ ਨਾਲ ਸਮਝਣਾ ਹੋਵੇਗਾ।
ਮੇਰੀ ਸਮਝ ਵਿਚ ਦੂਜਾ ਕਾਰਨ ਇਹ ਹੈ ਕਿ ਤੁਸੀਂ ਇਸ ਗ਼ਲਤਫਹਿਮੀ ਵਿਚ ਰਹੇ ਕਿ ਚੋਣਾਂ ਲੜ ਕੇ ਰਾਜ ਕਰ ਸਕਦੇ ਹੋ। ਅਤੇ ਫਿਰ ਤੁਸੀਂ ਇਕ ਹੀ ਸਮੇਂ ਰਾਜਾ ਵੀ ਬਣੇ ਰਹੋ ਅਤੇ ਇਨਕਲਾਬੀ ਵੀ ਬਣੇ ਰਹੋ। ਇਹ ਕਿਵੇਂ ਹੋ ਸਕਦਾ ਹੈ? ਇਹ ਤਾਂ ਇਕ ਤਰ੍ਹਾਂ ਦਾ ਫਰੇਬ ਹੈ।
ਸਵਾਲ: ਭਾਰਤ ਵਿਚ ਮਾਓਵਾਦੀ ਅੰਦੋਲਨ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਨੂੰ ਤੁਸੀਂ ਕਿਵੇਂ ਦੇਖਦੋ ਹੋ?
ਅਰੁੰਧਤੀ: ਮਾਓਵਾਦੀ ਲਹਿਰ ਲਈ ਉਥੇ ਬਹੁਤ ਮੌਕੇ ਹਨ ਜਿਥੇ ਉਹ ਬਹੁਤ ਮਜ਼ਬੂਤ ਹਨ। ਪਰ ਹੁਣ ਇਥੇ ਬਹੁਤ ਵੱਡਾ ਹਮਲਾ ਹੋਣ ਵਾਲਾ ਹੈ। ਫ਼ੌਜ, ਹਵਾਈ ਫ਼ੌਜ ਸਾਰੇ ਪੂਰੀ ਤਿਆਰੀ ‘ਚ ਲੱਗੇ ਹੋਏ ਹਨ। ਸ਼ਾਇਦ ਇਹ ਹਮਲਾ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਿੱਛੋਂ ਹੋਵੇਗਾ ਤੇ ਇਹ ਮਾਓਵਾਦੀ ਲਹਿਰ ਲਈ ਬਹੁਤ ਵੱਡੀ ਚੁਣੌਤੀ ਹੈ; ਪਰ ਦੂਜੇ ਪਾਸੇ ਮਾਓਵਾਦੀਆਂ ਨੇ ਸੀæਆਰæਪੀæਐੱਫ਼ ਦੇ ਜਵਾਨ ਨਾਲ ਜੋ ਕੁਝ ਕੀਤਾ (ਮ੍ਰਿਤਕ ਜਵਾਨ ਦੇ ਢਿੱਡ ਵਿਚ ਬੰਬ ਫਿੱਟ ਕਰ ਦਿੱਤਾ), ਉਹ ਬਹੁਤ ਹੀ ਵਾਹਯਾਤ ਕਾਰਵਾਈ ਹੈ। ਅਸੀਂ ਉਨ੍ਹਾਂ ਦੀ ਇਨ੍ਹਾਂ ਕਾਰਨਾਂ ਲਈ ਹਮਾਇਤ ਨਹੀਂ ਕਰਦੇ। ਮੈਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਦੀ ਕਾਰਵਾਈ ਕਿਵੇਂ ਹੋ ਜਾਂਦੀ ਹੈ? ਮੈਨੂੰ ਲੱਗਦਾ ਹੈ ਕਿ ਜਾਂ ਤਾਂ ਉਨ੍ਹਾਂ ਦੇ ਕਮਾਂਡ ਸਿਸਟਮ ਵਿਚ ਸਮੱਸਿਆ ਆ ਗਈ ਹੈ, ਜਾਂ ਉਨ੍ਹਾਂ ਨਾਲ ਲੁੰਪਨ ਲੋਕ ਰਲ ਗਏ ਹਨ। ਮੈਂ ਇਸ ਬਾਰੇ ਜ਼ਿਆਦਾ ਨਹੀਂ ਜਾਣਦੀ, ਖ਼ਾਸ ਤੌਰ ‘ਤੇ ਝਾਰਖੰਡ ਬਾਰੇ; ਪਰ ਇਸ ਹਮਲੇ ਵਿਚ ਜੇ ਉਨ੍ਹਾਂ ਦਾ ਜ਼ਾਬਤਾ ਟੁੱਟਦਾ ਹੈ ਤਾਂ ਉਨ੍ਹਾਂ ਲਈ ਬਹੁਤ ਹੀ ਮੁਸ਼ਕਿਲ ਖੜ੍ਹੀ ਹੋ ਜਾਵੇਗੀ, ਕਿਉਂਕਿ ਇਕ ਵਕਤ ਅਜਿਹਾ ਸੀ ਜਦੋਂ ਉਨ੍ਹਾਂ ਦੇ ਹੱਕ ਵਿਚ ਬਹੁਤ ਜ਼ਿਆਦਾ ਬੌਧਿਕ ਅਤੇ ਇਖ਼ਲਾਕੀ ਹਮਾਇਤ ਸੀ, ਜੋ ਹੁਣ ਵੀ ਹੈ; ਪਰ ਜੇ ਉਹ ਅਜਿਹੀਆਂ ਕਾਰਵਾਈਆਂ ਕਰਦੇ ਰਹਿਣਗੇ ਤਾਂ ਇਹ ਹਮਾਇਤ ਬੰਦ ਹੋ ਜਾਵੇਗੀ। ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ ਜੰਗਲ ਤੋਂ ਬਾਹਰ ਕਿਵੇਂ ਕੰਮ ਕਰਨਗੇ। ਜੇ ਉਹ ਜੰਗਲ ਤੋਂ ਬਾਹਰ ਨਹੀਂ ਆ ਸਕਦੇ ਤਾਂ ਅਸੀਂ ਸੋਚਾਂਗੇ ਕਿ ਇਹ ਮਹਿਜ਼ ਇਕ ਖੇਤਰੀ ਟਾਕਰਾ ਹੈ, ਅਸੀਂ ਚਾਹੇ ਜਿਸ ਕਿਸੇ ਦੀ ਵੀ ਹਮਾਇਤ ਕਰੀਏ। ਗੱਲ ਇਹ ਹੈ ਕਿ ਜੰਗਲ ਤੋਂ ਬਾਹਰ ਜੋ ਐਨੀ ਵੱਡੀ ਗ਼ਰੀਬੀ ਪੈਦਾ ਕੀਤੀ ਗਈ ਹੈ, ਉਸ ਨੂੰ ਤੁਸੀਂ ਸਿਆਸੀ ਕਿਵੇਂ ਬਣਾਓਗੇ? ਕਿਉਂਕਿ ਲੋਕਾਂ ਕੋਲ ਵਕਤ ਨਹੀਂ ਹੈ, ਜਗਾ੍ਹ ਨਹੀਂ ਹੈ ਅਤੇ ਇਹ ਜੰਗਲ ਤੋਂ ਬਾਹਰ ਕਿਵੇਂ ਕੰਮ ਕਰਨਗੇ, ਇਹ ਬਹੁਤ ਵੱਡਾ ਸਵਾਲ ਹੈ।
ਸਵਾਲ : ਕੀ ਇਹ ਹੋ ਸਕਦਾ ਹੈ ਕਿ ਉਹ ਹਿੰਸਾ ਛੱਡ ਕੇ ਚੋਣ ਸਿਆਸਤ ‘ਚ ਆ ਜਾਣ?
ਅਰੁੰਧਤੀ: ਹਿੰਸਾ ਕੀ ਹੁੰਦੀ ਹੈ? ਜੇ ਛੱਤੀਸਗੜ੍ਹ ਦੇ ਕਿਸੇ ਪਿੰਡ ਵਿਚ ਸੀæਆਰæ ਪੀæਐਫ਼ ਦੇ ਇਕ ਹਜ਼ਾਰ ਜਵਾਨ ਆ ਕੇ ਪਿੰਡ ਫੂਕਦੇ ਹਨ, ਔਰਤਾਂ ਨੂੰ ਮਾਰਦੇ ਹਨ ਅਤੇ ਜਬਰ ਜਨਾਹ ਕਰਦੇ ਹਨ ਤਾਂ ਅਜਿਹੇ ਹਾਲਾਤ ‘ਚ ਤੁਸੀਂ ਕੀ ਕਰੋਗੇ? ਭੁੱਖ ਹੜਤਾਲ ਤਾਂ ਕਰ ਨਹੀਂ ਸਕਦੇæææਮੈਂ ਹਮੇਸ਼ਾ ਇਹੀ ਕਹਿੰਦੀ ਆਈ ਹਾਂ ਕਿ ਜਿਸ ਨੂੰ ਬੁੱਧੀਜੀਵੀ, ਅਕਾਦਮਿਕ ਲੋਕ, ਪੱਤਰਕਾਰ ਅਤੇ ਸਿਧਾਂਤਕਾਰ ਵਗੈਰਾ ਇਕ ਵਿਚਾਰਧਾਰਕ ਤਰਕ ਕਹਿੰਦੇ ਹਨ, ਉਹ ਮੈਨੂੰ ਦਾਅ-ਪੇਚਕ ਲਗਦਾ ਹੈ। ਇਹ ਸਾਰਾ ਕੁਝ ਭੂਗੋਲਿਕ ਹਾਲਤ ਉੱਪਰ ਮੁਨੱਸਰ ਕਰਦਾ ਹੈ। ਤੁਸੀਂ ਛੱਤੀਸਗੜ੍ਹ ਵਿਚ ਐਨ ਉਵੇਂ ਨਹੀਂ ਲੜ ਸਕਦੇ, ਜਿਵੇਂ ਤੁਸੀਂ ਮੁੰਬਈ ਜਾਂ ਦਿੱਲੀ ਵਿਚ ਲੜਦੇ ਹੋ ਅਤੇ ਮੁੰਬਈ-ਦਿੱਲੀ ਵਿਚ ਐਨ ਉਵੇਂ ਨਹੀਂ ਲੜ ਸਕਦੇ ਜਿਵੇਂ ਤੁਸੀਂ ਛੱਤੀਸਗੜ੍ਹ ਵਿਚ ਲੜਦੇ ਹੋ। ਇਸ ਵਿਚ ਕੋਈ ਦਵੰਦ ਨਹੀਂ ਹੈ। ਤੁਸੀਂ ਸੜਕਾਂ ਉੱਪਰ ਗਾਂਧੀਵਾਦੀ ਬਣ ਸਕਦੇ ਹੋ ਅਤੇ ਜੰਗਲਾਂ ਵਿਚ ਮਾਓਵਾਦੀ ਬਣ ਕੇ ਕੰਮ ਕਰ ਸਕਦੇ ਹੋ। ਗਾਂਧੀਵਾਦੀ ਹੋਣ ਲਈ ਤੁਹਾਡੇ ਆਲੇ-ਦੁਆਲੇ ਟੀæਵੀæ ਕੈਮਰਾ ਅਤੇ ਰਿਪੋਰਟਰ ਹੋਣਾ ਜ਼ਰੂਰੀ ਹੈ, ਜੇ ਅਜਿਹਾ ਨਹੀਂ ਹੈ ਤਾਂ ਇਹ ਸਭ ਬੇਕਾਰ ਹੈ। ਟਾਕਰੇ ਦੀ ਵੰਨ-ਸੁਵੰਨਤਾ ਬਹੁਤ ਜ਼ਰੂਰੀ ਹੈ। ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਹਰ ਕੰਮ ਕਰਨਾ ਮਾਓਵਾਦੀਆਂ ਦੀ ਹੀ ਜ਼ਿੰਮੇਵਾਰੀ ਨਹੀਂ ਹੈ। ਦੂਜੀ ਤਰ੍ਹਾਂ ਦੇ ਲੋਕ ਦੂਜੇ ਕੰਮ ਕਰ ਸਕਦੇ ਹਨ। ਜਿਵੇਂ ਲੋਕ ਮੈਨੂੰ ਕਹਿੰਦੇ ਹਨ ਕਿ ਉਥੇ ਡੈਮ ਬਣ ਰਿਹਾ ਹੈ, ਇਥੇ ਇਹ ਹੋ ਰਿਹਾ ਹੈæææਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਯਾਰ! ਤੁਸੀਂ ਵੀ ਤਾਂ ਕੁਝ ਕਰੋ। ਮੈਂ ਤਾਂ ਕਦੇ ਨਹੀਂ ਕਿਹਾ ਕਿ ਮੈਂ ਤੁਹਾਡੀ ਆਗੂ ਹਾਂ। ਮੈਂ ਉਹ ਕਰ ਰਹੀ ਹਾਂ ਜੋ ਮੈਂ ਕਰ ਸਕਦੀ ਹਾਂ। ਅਤੇ ਤੁਸੀਂ ਉਹ ਕਰੋ ਜੋ ਤੁਸੀਂ ਕਰ ਸਕਦੇ ਹੋ। ਸਵੈ-ਵਡੱਤਣ ਦੀ ਪਹੁੰਚ ਨਹੀਂ ਹੋਣੀ ਚਾਹੀਦੀ ਕਿ ਹਰ ਕੰਮ ਇਕ ਹੀ ਪਾਰਟੀ ਜਾਂ ਇਕ ਹੀ ਬੰਦਾ ਜਾਂ ਇਕ ਵੱਡਾ ਆਗੂ ਹੀ ਕਰੇਗਾ। ਬਾਕੀ ਲੋਕ ਕੁਝ ਕਿਉਂ ਨਹੀਂ ਕਰਦੇ? ਇਕ ਉੱਪਰ ਹੀ ਕਿਉਂ ਨਿਰਭਰ ਰਹਿਣਾ ਚਾਹੁੰਦੇ ਹਨ? ਮਾਓਵਾਦੀ ਲੋਕ ਗ਼ਲਤੀਆਂ ਕਰ ਰਹੇ ਹਨ, ਪਰ ਬਹੁਤ ਬਹਾਦਰੀ ਨਾਲ ਲੜ ਰਹੇ ਹਨ ਅਤੇ ਅਸੀਂ ਲੋਕ ਸਿਰਫ਼ ਬੈਠੇ ਹੀ ਗੱਲਾਂ ਮਾਰੀ ਜਾ ਰਹੇ ਹਾਂ ਕਿ ਉਹ ਲੋਕ ਐਸੇ ਹਨ, ਉਹ ਵੈਸੇ ਹਨ। ਅਰੇ ਯਾਰ, ਤੁਸੀਂ ਵੀ ਤਾਂ ਕੁਝ ਕਰੋ; ਜੇ ਵਾਕਈ ਕੁਝ ਕਰਨਾ ਚਾਹੁੰਦੇ ਹੋ।
ਸਵਾਲ: ਸਾਡੇ ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ, ਫਿਲਮਕਾਰਾਂ, ਰੰਗ ਨਿਰਦੇਸ਼ਕਾਂ ਦੇ ਕੰਮ ਕੀ ਭਾਰਤੀ ਹਕੀਕਤ ਨੂੰ ਪ੍ਰਗਟਾਉਂਦੇ ਹਨ?
ਅਰੁੰਧਤੀ: ਮੈਂ ਪੁੱਛਦੀ ਹਾਂ ਕਿ ਭਾਰਤੀ ਹਕੀਕਤ ਹੈ ਕੀ? ਮੈਂ ਹਮੇਸ਼ਾ ਸੋਚਦੀ ਆਈ ਹਾਂ ਕਿ ਬਾਲੀਵੁੱਡ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਥੀਮ ਕੀ ਹੈ? ਸਭ ਤੋਂ ਵੱਡਾ ਥੀਮ ਤਾਂ ਮੁਹੱਬਤ ਹੈ। ਮੁੰਡਾ ਕੁੜੀ ਨੂੰ ਮਿਲਦਾ ਹੈ ਅਤੇ ਉਹ ਭੱਜ ਜਾਂਦੇ ਹਨæææ æææਪਰ ਸਾਡੇ ਸਮਾਜ ਵਿਚ ਤਾਂ ਇਹ ਬਿਲਕੁਲ ਨਹੀਂ ਹੁੰਦਾ। ਸਿਰਫ਼ ਦਹੇਜ, ਜਾਤ, ਯੇ ਵੋਹ ਅਤੇ ਸਿਰਫ਼ ਗਿਣਤੀਆਂ-ਮਿਣਤੀਆਂ ਹੀ ਹਨ। ਤੇ ਜੋ ਚੀਜ਼ ਸਮਾਜ ਵਿਚ ਹੈ ਹੀ ਨਹੀਂ, ਉਸ ਨੂੰ ਅਸੀਂ ਫਿਲਮ ਵਿਚ ਜਾ ਕੇ ਦੇਖਦੇ ਹਾਂ। ਸਾਡਾ ਪੂਰਾ ਸਮਾਜ ਜਾਤ ਦੇ ਆਲੇ-ਦੁਆਲੇ ਘੁੰਮਣ ਵਾਲਾ ਨਿੱਕੀ ਸੋਚ ਵਾਲਾ ਜੋੜ-ਤੋੜ ਕਰਨ ਵਾਲਾ ਹੈ। ਅਸੀਂ ਬਸ ਲੋਕਾਂ ਨੂੰ ਸਿਨੇਮਾ ਦੇ ਪਰਦੇ ਉੱਪਰ ਨੱਚਦੇ-ਗਾਉਂਦੇ ਦੇਖ ਕੇ ਖੁਸ਼ ਹੁੰਦੇ ਹਾਂ। ਸਾਡੇ ਸਾਹਿਤ ਦਾ ਹਕੀਕਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਮਾਮਲੇ ਵਿਚ ਇਹ ਬਿਲਕੁਲ ਨਿਰਾਰਥਕ ਹੈ। ਹਾਲਾਂਕਿ, ਇਸ ਵਿਚ ਕੁਝ ਅੱਪਵਾਦ ਜ਼ਰੂਰ ਹੋ ਸਕਦੇ ਹਨ। ਅੱਜਕੱਲ੍ਹ ਸਾਹਿਤ ਅਤੇ ਸਿਨੇਮਾ ਵਿਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਮੈਂ ‘ਜਮਾਤੀ ਪੋਰਨੋਗ੍ਰਾਫ਼ੀ’ ਕਹਾਂਗੀ; ਜਿਸ ਵਿਚ ਲੋਕ ਗ਼ਰੀਬੀ ਨੂੰ ਦੇਖਦੇ ਹਨ ਅਤੇ ਕਹਿੰਦੇ ਹਨ ਕਿ ਇਹ ਲੋਕ ਤਾਂ ਐਸੇ ਹੁੰਦੇ ਹਨ, ਵੈਸੇ ਹੁੰਦੇ ਹਨ, ਗਾਲਾਂ ਦਿੰਦੇ ਹਨ, ਗਰੋਹ ਯੁੱਧ ਕਰਦੇ ਹਨ। ਮਤਲਬ, ਖ਼ੁਦ ਨੂੰ ਬਾਹਰ ਰੱਖ ਕੇ ਇਹ ਚੀਜ਼ਾਂ ਨੂੰ ਇੰਞ ਦੇਖਦੇ ਹਨ ਜਿਵੇਂ ਉਨ੍ਹਾਂ ਦਾ ਇਨ੍ਹਾਂ ਨਾਲ ਕੋਈ ਲੈਣਾ-ਦੇਣਾ ਨਾ ਹੋਵੇ। ਇਹ ਉਵੇਂ ਹੀ ਹੈ ਜਿਵੇਂ ਗ਼ਰੀਬ ਲੜਾਕਿਆਂ ਦੀ ਲੜਾਈ ਦੇਖਣਾ ਅਤੇ ਫਿਰ ਇਹ ਕਹਿਣਾ ਕਿ ਇਹ ਕਿੰਨੇ ਹਿੰਸਕ ਹਨ! ਇਹ ਇਕ ਤਰ੍ਹਾਂ ਦਾ ਮਾਨਵ ਵਿਗਿਆਨ ਹੈ, ਜਿਥੇ ਤੁਸੀਂ ਯੁੱਧ ਨੂੰ ਬਾਹਰੋਂ ਇਕ ਤਮਾਸ਼ੇ ਵਾਂਗ ਦੇਖਦੇ ਹੋ ਅਤੇ ਮਜ਼ਾ ਲੈਂਦੇ ਹੋ। ਫਿਰ ਇਕ ਹੋਰ ਤਰ੍ਹਾਂ ਨਾਲ ਚੀਜ਼ਾਂ ਨੂੰ ਤੁੱਛ ਕਹਿੰਦੇ ਹੋ। ਇਹ ਐਨਾ ‘ਤੁੱਛ’ ਹੁੰਦਾ ਹੈ ਕਿ ਤੁਹਾਡੇ ਕੰਨਾਂ ‘ਤੇ ਜੂੰਅ ਵੀ ਨਹੀਂ ਸਰਕਦੀ।
ਸਵਾਲ: ਆਲਮੀ ਪੱਧਰ ‘ਤੇ ਸਰਮਾਏਦਾਰੀ ਨੇ ਨਿਤਾਣੇ ਭਾਈਚਾਰਿਆਂ ਨੂੰ ਹੋਰ ਵੀ ਵੱਧ ਹਾਸ਼ੀਏ ‘ਤੇ ਧੱਕ ਦਿੱਤਾ ਹੈ। ਇਨ੍ਹਾਂ ਹਾਲਾਤ ਵਿਚ ਕਿਸ ਤਰ੍ਹਾਂ ਦੇ ਸਿਆਸੀ ਬਦਲ ਉਭਰ ਸਕਦੇ ਹਨ?
ਅਰੁੰਧਤੀ: ਦੇਖੋ, ਮੈਨੂੰ ਲੱਗਦਾ ਹੈ ਕਿ ਇਸ ਦਾ ਕੋਈ ਵੀ ਸੱਭਿਆ ਬਦਲ ਨਹੀਂ ਹੈ। ਗੱਲ ਮਹਿਜ਼ ਇੰਨੀ ਕੁ ਨਹੀਂ ਹੈ ਕਿ ਸੱਤਾ ਦੇ ਕੋਲ ਸਿਰਫ਼ ਪੁਲਿਸ, ਫ਼ੌਜ ਅਤੇ ਮੀਡੀਆ ਹੀ ਹੈ, ਸਗੋਂ ਅਦਾਲਤਾਂ ਵੀ ਉਨ੍ਹਾਂ ਦੀਆਂ ਹਨ। ਹੁਣ ਇਨ੍ਹਾਂ ਦੇ ਆਪਸ ਵਿਚ ਵੀ ‘ਲੋਕ ਅੰਦੋਲਨ’ ਹੋਣ ਲੱਗੇ ਹਨ। ਅਤੇ ਉਨ੍ਹਾਂ ਦਾ ਆਪਣਾ ਇਕ ਮਹਿਫੂਜ਼ ਸੰਸਾਰ ਹੈ। ਇਸ ਸਭ ਕਾਸੇ ‘ਚ ਕਿਸੇ ਸੱਭਿਆ ਤਰੀਕੇ ਨਾਲ ਮਘੋਰਾ ਨਹੀਂ ਕੀਤਾ ਜਾ ਸਕਦਾ। ਕੋਈ ਸੱਭਿਆ ਤਰੀਕੇ ਨਾਲ ਆ ਕੇ ਕਹੇ ਕਿ ਮੈਂ ਬਹੁਤ ਚੰਗਾ ਹਾਂ, ਮੈਨੂੰ ਵੋਟ ਦਿਓ, ਤਾਂ ਐਸਾ ਹੋ ਨਹੀਂ ਸਕਦਾ। ਦਰਅਸਲ ਉਨ੍ਹਾਂ ਦਾ ਆਪਣਾ ਇਕ ਤਰਕ ਹੈ। ਇਹੀ ਤਰਕ ਖ਼ਤਰਨਾਕ ਹਿੰਸਾ ਅਤੇ ਨਿਰਾਸ਼ਾ ਪੈਦਾ ਕਰ ਦੇਵੇਗਾ। ਅਤੇ ਇਹ ਗੁੱਸਾ ਏਨਾ ਜ਼ਿਆਦਾ ਹੋਵੇਗਾ ਕਿ ਇਹ ਲੋਕ ਬਚ ਨਹੀਂ ਸਕਣਗੇ। ਆਪਣੇ ਇਸ ਵਿਸ਼ੇਸ਼ ਅਧਿਕਾਰ ਦੇ ਖੋਲ ਵਿਚ ਇਹ ਜ਼ਿਆਦਾ ਦਿਨ ਮਹਿਫੂਜ਼ ਨਹੀਂ ਰਹਿ ਸਕਣਗੇ। ਹੁਣ ਚੰਗੇ ਬਣਨ ‘ਚ ਕੋਈ ਸਮਝਦਾਰੀ ਨਹੀਂ ਹੈ। ਇਸ ਪ੍ਰਸੰਗ ‘ਚ ਮੈਂ ਸੱਭਿਆ ਨਹੀਂ ਹਾਂ। ਮੈਂ ਹੈਂਡਲੂਮ ਸਾੜੀ ਪਹਿਨ ਕੇ ਇਹ ਨਹੀਂ ਕਹਾਂਗੀ ਕਿ ਮੈਂ ਵੀ ਗ਼ਰੀਬ ਹਾਂ! ਮੈਂ ਬਿਲਕੁਲ ਨਹੀਂ ਹਾਂ। ਮੈਂ ਵੀ ਇਸੇ ਪੱਖਪਾਤੀ ਪ੍ਰਬੰਧ ਦਾ ਹਿੱਸਾ ਹਾਂ। ਮੈਂ ਉਹ ਗੱਲ ਕਰਦੀ ਹਾਂ ਜੋ ਮੈਂ ਕਰ ਸਕਦੀ ਹਾਂ, ਪਰ ਮੈਂ ਇਹ ਨਹੀਂ ਮੰਨਦੀ ਕਿ ਬਦਲਾਅ ਇਕ ਬਹੁਤ ਹੀ ਖ਼ੂਬਸੂਰਤ ਅਤੇ ਸ਼ਾਂਤ ਢੰਗ ਨਾਲ ਆਉਣ ਵਾਲਾ ਹੈ। ਜੋ ਕੁਝ ਚੱਲ ਰਿਹਾ ਹੈ, ਉਸ ਨੂੰ ਨਜ਼ਰਅੰਦਾਜ਼ ਕਰ ਕੇ ਹੁਣ ਇਹ ਲੋਕ ਆਪਣੇ ਲਈ ਹੀ ਇਕ ਖ਼ਤਰਨਾਕ ਹਾਲਤ ਪੈਦਾ ਕਰਨ ਵਾਲੇ ਹਨ। ਮੈਂ ਨਹੀਂ ਮੰਨਦੀ ਕਿ ਅਸੀਂ ਇਸ ਬਦਲਾਅ ਦੇ ਬਾਰੇ ਕੋਈ ਭਵਿੱਖਬਾਣੀ ਕਰ ਸਕਦੇ ਕਿ ਇਹ ਕਿਵੇਂ ਹੋਣਾ ਹੈ ਜਾਂ ਕਿਥੋਂ ਹੋਣ ਵਾਲਾ ਹੈ। ਇਹ ਤੈਅ ਹੈ ਕਿ ਇਹ ਬਦਲਾਅ ਬਹੁਤ ਹੀ ਖ਼ਤਰਨਾਕ ਹੋਵੇਗਾ। ਇਸ ਪ੍ਰਬੰਧ ਨੇ ਢਹਿ-ਢੇਰੀ ਹੋਣਾ ਹੀ ਹੈ। ਜਿਸ ਨੇ ਬਹੁਤ ਵੱਡੇ ਪੱਧਰ ‘ਤੇ ਅਨਿਆਂ, ਫਾਸ਼ੀਵਾਦ, ਹਿੰਸਾ, ਤੁਅੱਸਬਾਂ ਅਤੇ ਕਾਮ-ਉਤੇਜਨਾਵਾਦ ਨੂੰ ਢਾਂਚਾਗਤ ਤੌਰ ‘ਤੇ ਪੈਦਾ ਕਰ ਦਿੱਤਾ ਹੈ।
ਸਵਾਲ: ਜੋ ਭਾਰਤੀ ਕਮਿਊਨਿਸਟ ਪਾਰਟੀਆਂ ਸੰਸਦੀ ਸਿਆਸਤ ਵਿਚ ਹਨ, ਉਨ੍ਹਾਂ ਬਾਰੇ ਤੁਸੀਂ ਕੀ ਸੋਚਦੇ ਹੋ? ਖ਼ਾਸ ਤੌਰ ‘ਤੇ ਜੇ ਸੀæਪੀæਆਈæ, ਸੀæਪੀæਐੱਮæ ਅਤੇ ਸੀæਪੀæਆਈæ (ਐੱਮæਐੱਲ਼) ਵਰਗੀਆਂ ਕਮਿਊਨਿਸਟ ਪਾਰਟੀਆਂ ਦੇ ਪ੍ਰਸੰਗ ‘ਚ ਗੱਲ ਕਰੀਏ।
ਅਰੁੰਧਤੀ: ਦੇਖੋ, ਜਦੋਂ ਪਾਰਟੀਆਂ ਛੋਟੀਆਂ ਹੁੰਦੀਆਂ ਹਨ, ਜਿਵੇਂ ਕਿ ਸੀæਪੀæ ਆਈæ (ਐਮæਐਲ਼) ਅਤੇ ਸੀæਪੀæ ਆਈæ, ਤਾਂ ਤੁਹਾਡੇ ਕੋਲ ਨੇਕਨੀਤੀ ਹੁੰਦੀ ਹੈ। ਤੁਸੀਂ ਚੰਗੀਆਂ ਪੁਜੀਸ਼ਨ ਅਤੇ ਉੱਚ ਨੈਤਿਕ ਆਧਾਰ ਅਪਣਾ ਸਕਦੇ ਹੋ। ਕਿਉਂਕਿ ਤੁਸੀਂ ਇੰਨੇ ਨਿੱਕੇ ਹੁੰਦੇ ਹੋ ਕਿ ਇਸ ਨਾਲ ਤੁਹਾਨੂੰ ਕੋਈ ਫ਼ਰਕ ਨਹੀਂ ਪੈਂਦਾ; ਪਰ ਜੇ ਤੁਸੀਂ ਸੀæਪੀæਐੱਮæ ਵਰਗੀ ਵੱਡੀ ਪਾਰਟੀ ਹੋ, ਤਾਂ ਹਾਲਤ ਹੋਰ ਹੁੰਦੀ ਹੈ। ਜੇ ਅਸੀਂ ਕੇਰਲ ਅਤੇ ਬੰਗਾਲ ਦੇ ਪ੍ਰਸੰਗ ‘ਚ ਸੀæਪੀæਐੱਮæ ਦੀ ਗੱਲ ਕਰੀਏ ਤਾਂ ਦੋਵੇਂ ਥਾਈਂ ਇਸ ਦੇ ਵੱਖੋ-ਵੱਖਰੇ ਇਤਿਹਾਸ ਰਹੇ ਹਨ। ਬੰਗਾਲ ਵਿਚ ਸੀæਪੀæਐੱਮæ ਬਿਲਕੁਲ ਪਿਛਾਖੜੀਆਂ ਵਰਗੀ ਹੋ ਗਈ ਸੀ। ਉਹ ਹਿੰਸਾ ‘ਚ, ਗਲੀਆਂ ਦੇ ਨੁੱਕੜਾਂ ਉੱਪਰ ਕਬਜ਼ੇ ਕਰਨ, ਸਿਗਰਟ ਵਾਲਿਆਂ ਦੀਆਂ ਫੜ੍ਹੀਆਂ ਉੱਪਰ ਕਬਜ਼ੇ ਕਰਨ ‘ਚ ਬਿਲਕੁਲ ਪਿਛਾਖੜੀਆਂ ਵਰਗੇ ਸਨ। ਇਹ ਬਹੁਤ ਚੰਗਾ ਹੋਇਆ ਕਿ ਜਨਤਾ ਨੇ ਉਨ੍ਹਾਂ ਦਾ ਤਖ਼ਤ ਮੂਧਾ ਮਾਰ ਦਿੱਤਾ। ਹਾਲਾਂਕਿ ਮੈਂ ਪੱਕ ਨਾਲ ਕਹਿ ਸਕਦੀ ਹਾਂ ਕਿ ਮਮਤਾ ਬੈਨਰਜੀ ਦੇ ਰਾਜ ਦਾ ਦੌਰ ਛੇਤੀ ਖ਼ਤਮ ਹੋ ਜਾਵੇਗਾ। ਦੂਜੇ ਪਾਸੇ ਕੇਰਲ ਵਿਚ ਹਾਲਤ ਵੱਖਰੀ ਸੀ, ਕਿਉਂਕਿ ਉਹ ਸੱਤਾ ਤੋਂ ਲਾਹੇ ਜਾਂਦੇ ਰਹੇ ਹਨ ਜੋ ਚੰਗੀ ਚੀਜ਼ ਹੈ। ਉੱਥੇ ਉਹ ਕੁਝ ਚੰਗੀਆਂ ਚੀਜ਼ਾਂ ਕਰਨ ‘ਚ ਵੀ ਕਾਮਯਾਬ ਹੋਏ, ਪਰ ਇਸ ਦਾ ਸਿਹਰਾ ਪਾਰਟੀ ਨੂੰ ਬਿਲਕੁਲ ਨਹੀਂ ਦਿੱਤਾ ਜਾ ਸਕਦਾ, ਸਗੋਂ ਇਹ ਇਸ ਲਈ ਸੀ ਕਿ ਕਿਉਂਕਿ ਉੱਥੇ ਸੱਤਾ ਦਾ ਤਵਾਜ਼ਨ ਬਣਿਆ ਰਿਹਾ। ਤੁਸੀਂ ਦੇਖੋਗੇ, ਉਨ੍ਹਾਂ ਦੀ ਹਿੰਸਾ ਅਸਮਰੱਥ ਹੈ। ਦੂਜੇ ਪਾਸੇ ਜਿਵੇਂ ਮਲਿਆਲੀ ਸਮਾਜ ਅ-ਪਰਵਾਸੀ ਮਜ਼ਦੂਰਾਂ ਦਾ ਸੋਸ਼ਣ ਕਰ ਰਿਹਾ ਹੈ, ਉਹ ਬਹੁਤ ਸ਼ਰਮਨਾਕ ਹੈ। ਅਜਿਹੀ ਹਾਲਤ ‘ਚ ਤੁਸੀਂ ਹੀ ਦੱਸੋ, ਸੀæਪੀæਐੱਮæ ਖ਼ੁਦ ਨੂੰ ਕਮਿਊਨਿਸਟ ਪਾਰਟੀ ਕਿਵੇਂ ਕਹਾ ਸਕਦੀ ਹੈ? ਜਿਸ ਪਾਰਟੀ ਨੇ ਟਰੇਡ ਯੂਨੀਅਨਾਂ ਬਰਬਾਦ ਕਰ ਦਿੱਤੀਆਂ ਅਤੇ ਪੱਛਮੀ ਬੰਗਾਲ ਵਿਚ ਨਵ-ਉਦਾਰਵਾਦ ਦੇ ਕਦਮਾਂ ਨਾਲ ਕਦਮ ਮਿਲਾ ਕੇ ਚਲਦੀ ਰਹੀ। ਉਹ ਅਕਸਰ ਇਹ ਦਲੀਲ ਦਿੰਦੇ ਹਨ ਕਿ ਜੇ ਅਸੀਂ ਸੱਤਾ ਵਿਚ ਨਹੀਂ ਰਹਾਂਗੇ ਤਾਂ ਫਿਰਕਾਪ੍ਰਸਤ ਸੱਤਾ ਹਥਿਆ ਲੈਣਗੇ; ਪਰ ਤੁਸੀਂ ਮੈਨੂੰ ਇਹ ਦੱਸੋ ਕਿ ਕੀ ਸੀæਪੀæਐਮæ ਦੇ ਲੋਕ ਹਿੰਮਤ ਕਰ ਕੇ ਗੁਜਰਾਤ ਗਏ ਜਿਥੇ ਸ਼ਰ੍ਹੇਆਮ ਇੰਨੀ ਮਾਰ-ਵੱਢ ਚਲ ਰਹੀ ਸੀ? ਉਹ ਦੁਬਕ ਕੇ ਬੈਠੇ ਰਹੇ! ਜਦੋਂ ਨੰਦੀਗ੍ਰਾਮ ਵਿਚ ਲੋਕਾਂ ਨੂੰ ਬੇਘਰ ਕਰ ਕੇ ਉਜਾੜਿਆ ਗਿਆ ਤਾਂ ਉਹ ਮਹਾਂਰਾਸ਼ਟਰ ਵਿਚ ਆਦਿਵਾਸੀਆਂ ਨਾਲ ਜਾ ਕੇ ਬੈਠ ਗਏ। ਮਤਲਬ ਜਨਤਾ ਐਨੀ ਵੀ ਬੇਵਕੂਫ ਨਹੀਂ ਹੈ ਕਿ ਇੰਨੀਆਂ ਨਿੱਕੀਆਂ ਗੱਲਾਂ ਨੂੰ ਵੀ ਨਾ ਸਮਝ ਸਕਦੀ ਹੋਵੇ। ਇਹ ਵਾਕਈ ਬਹੁਤ ਤਰਸਯੋਗ ਹੈ ਕਿ ਖੱਬੀ ਧਿਰ ਨੇ ਖ਼ੁਦ ਨੂੰ ਐਨਾ ਹੇਠਾਂ ਡੇਗ ਲਿਆ ਹੈ। ਇਥੋਂ ਤਕ ਕਿ ਉਹ ਸੰਸਦੀ ਸਿਆਸਤ ਵਿਚ ਵੀ ਖ਼ੁਦ ਨੂੰ ਬਚਾ ਨਹੀਂ ਸਕੇ ਅਤੇ ਜਿਨ੍ਹਾਂ ਮੁੱਦਿਆਂ ਉੱਪਰ ਖੱਬੇਪੱਖੀ ਸਟੈਂਡ ਲੈਣਾ ਚਾਹੀਦਾ ਸੀ, ਇਹ ਉਹ ਵੀ ਨਹੀਂ ਲੈ ਸਕੇ। ਇਸ ਸਭ ਕਾਸੇ ਲਈ ਉਹ ਖ਼ੁਦ ਹੀ ਜ਼ਿੰਮੇਵਾਰ ਹਨ ਅਤੇ ਇਨ੍ਹਾਂ ਨਾਲ ਇਹੀ ਹੋਣਾ ਚਾਹੀਦਾ ਸੀ। ਇੰਨੇ ਸਾਲਾਂ ‘ਚ ਇਹ ਲੋਕ ਕਦੇ ਪਾਰਟੀ ਨੂੰ ਉੱਚ ਜਾਤਾਂ ਦੇ ਗ਼ਲਬੇ ਤੋਂ ਮੁਕਤ ਨਹੀਂ ਕਰਾ ਸਕੇ। ਅਤੇ ਅੱਜ ਵੀ ਤੁਸੀਂ ਦੇਖ ਲਵੋ ਕਿ ਪੋਲਿਟ ਬਿਊਰੋ ਵਿਚ ਇਹੀ ਲੋਕ ਭਰੇ ਪਏ ਹਨ।
ਜੇ ਖੱਬੀ ਧਿਰ ਨੇ ਜਾਤ ਦੇ ਮੁੱਦੇ ਨੂੰ ਸੁਲਝਾਇਆ ਹੁੰਦਾ, ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ, ਇਨ੍ਹਾਂ ਕੋਲ ਦਲਿਤ ਆਗੂ ਅਤੇ ਬੁੱਧੀਜੀਵੀ ਹੁੰਦੇ ਅਤੇ ਜੇ ਇਹ ਸਰਮਾਏਦਾਰੀ ਦੀ ਥਾਂ ਖੱਬੀ ਧਿਰ ਵਾਲੀ ਗੱਲ ਕਰਦੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਮੁਲਕ ਵਿਚ ਅੱਜ ਖੱਬੀ ਧਿਰ ਕਿੰਨੀ ਮਜ਼ਬੂਤ ਹੁੰਦੀ? ਇਹ ਲੋਕ ਆਪਣੀ ਜਾਤਪਾਤੀ ਪਛਾਣ ਨੂੰ ਕਦੇ ਨਹੀਂ ਛੱਡ ਸਕੇ। ਅਤੇ ਇਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਹੀ ਮੇਰਾ ਨਾਵਲ ‘ਦਿ ਗਾਡ ਆਫ ਸਮਾਲ ਥਿੰਗਜ਼’ ਹੈ।
ਸਵਾਲ: ਮØੌਜੂਦਾ ਹਾਲਾਤ ‘ਚ ਕਮਿਊਨਿਸਟ ਪਾਰਟੀਆਂ ਦਾ ਭਵਿੱਖ ਕੀ ਹੈ?
ਅਰੁੰਧਤੀ: ਦੇਖੋ, ਮੈਂ ਕਦੇ ਕਦੇ ਮੈਨੂੰ ਸੀæਪੀæਆਈæ(ਐੱਮæਐੱਲ਼)-ਲਿਬਰੇਸ਼ਨ, ਆਇਸਾ ਦੀ ਗੱਲ ਠੀਕ ਲਗਦੀ ਹੈ। ਇਹ ਲੋਕ ਸ਼ਹਿਰੀ ਗ਼ਰੀਬਾਂ ਵਿਚ ਕੰਮ ਕਰਦੇ ਹਨ। ਬਿਹਾਰ ਵਿਚ ਇਹ ਜਾਤ ਦੇ ਸਵਾਲ ਨੂੰ ਹੱਲ ਕਰਨ ਦਾ ਯਤਨ ਕਰ ਰਹੇ ਹਨ; ਪਰ ਇਹ ਕਾਮਯਾਬ ਨਹੀਂ ਹੋ ਰਹੇ ਹਨ ਕਿਉਂਕਿ ਜਿਵੇਂ ਮੈਂ ਕਿਹਾ ਕਿ ਇਨ੍ਹਾਂ ਦੀ ਤਾਕਤ ਬਹੁਤ ਸੀਮਤ ਹੈ ਅਤੇ ਇਹ ਹਾਸ਼ੀਏ ਉੱਪਰ ਹਨ; ਪਰ ਬਹੁਤ ਸਾਰੀਆਂ ਗੱਲਾਂ ਜੋ ਇਹ ਕਹਿੰਦੇ ਹਨ, ਮੈਂ ਉਨ੍ਹਾਂ ਦਾ ਸਤਿਕਾਰ ਕਰਦੀ ਹਾਂ। ਮੈਂ ਇਹ ਬਿਲਕੁਲ ਨਹੀਂ ਸਮਝ ਪਾ ਰਹੀ ਕਿ ਇਹ ਐਨਾ ਹਾਸ਼ੀਏ ਉੱਪਰ ਕਿਵੇਂ ਰਹਿ ਗਏ ਅਤੇ ਖ਼ੁਦ ਨੂੰ ਇਨ੍ਹਾਂ ਨੇ ਗ਼ੇਰ-ਪ੍ਰਸੰਗਿਕ ਕਿਵੇਂ ਬਣਾ ਲਿਆ। ਮੈਨੂੰ ਮਾਓਵਾਦੀਆਂ ਅਤੇ ਲਿਬਰੇਸ਼ਨ ਵਿਚਕਾਰ ਵਿਚਾਰਧਾਰਕ ਜੰਗਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਇਨ੍ਹਾਂ ਲੋਕਾਂ ਨੇ ਦਾਅ-ਪੇਚਾਂ ਨੂੰ ਵਿਚਾਰਧਾਰਾ ਨਾਲ ਜੋੜ ਕੇ ਭੁਲੇਖਾ ਪੈਦਾ ਕੀਤਾ ਹੋਇਆ ਹੈ। ਸੀæਪੀæਆਈæ (ਐਮæਐਲ਼)-ਲਿਬਰੇਸ਼ਨ ਦੇ ਲੋਕ ਜੰਗਲ ਤੋਂ ਬਾਹਰ ਰਹਿ ਕੇ ਕੰਮ ਕਰਦੇ ਹਨ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਉਹ ਹਥਿਆਰਾਂ ਨਾਲ ਹੀ ਕੰਮ ਕਰਨ, ਪਰ ਸੀæਪੀæਆਈæ(ਐਮæਐਲ਼)-ਲਿਬਰੇਸ਼ਨ ਦੀ ਸਿਆਸਤ ਛੱਤੀਸਗੜ੍ਹ ਵਿਚ ਨਹੀਂ ਚੱਲ ਸਕਦੀ। ਤੁਸੀਂ ਦੇਖੋਗੇ ਕਿ ਆਪਣੇ ਹੱਥੀਂ ਹੀ ਇਨ੍ਹਾਂ ਨੇ ਖ਼ੁਦ ਨੂੰ ਹਾਸ਼ੀਏ ‘ਤੇ ਧੱਕ ਲਿਆ ਹੈ। ਇਹ ਛੱਤੀਸਗੜ੍ਹ ਵਿਚ ਮਾਓਵਾਦੀਆਂ ਨਾਲ ਗੱਠਜੋੜ ਕਰ ਸਕਦੇ ਸਨ, ਪਰ ਇਹ ਸਟੇਟ ਨਾਲ ਨਫ਼ਰਤ ਕਰਨ ਦੀ ਬਜਾਏ ਇਕ ਦੂਜੇ ਨਾਲ ਨਫ਼ਰਤ ਜ਼ਿਆਦਾ ਕਰਦੇ ਹਨ ਅਤੇ ਆਪਣਾ ਵਕਤ ਗੁਆ ਰਹੇ ਹਨ।
ਸਵਾਲ: ਤੇ ਸੀæਪੀæਐਮæ ਕਿਸ ਪਾਸੇ ਜਾ ਰਹੀ ਹੈ?
ਅਰੁੰਧਤੀ: ਸੀæਪੀæਐਮæ ਬਾਕੀ ਸੰਸਦੀ ਪਾਰਟੀਆਂ ਵਰਗੀ ਹੀ ਹੈ ਜਿਸ ਨੂੰ ਦੇਖ ਕੇ ਇਹ ਬਿਲਕੁਲ ਨਹੀਂ ਲੱਗਦਾ ਕਿ ਇਹ ਕਿਸੇ ਵੀ ਪੱਖੋਂ ਕਮਿਊਨਿਸਟ ਪਾਰਟੀ ਹੈ।
(ਸਮਾਪਤ)

Be the first to comment

Leave a Reply

Your email address will not be published.