ਦਿੱਲੀ ਕੂਚ ਨੇ ਇਤਿਹਾਸ ਸਿਰਜਿਆ, ਸਿੰਘੂ ਬਾਰਡਰ ਬਣਿਆ ਮਿਨੀ ਪੰਜਾਬ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਸਿੰਘੂ ਬਾਰਡਰ ਉਤੇ ਚੱਲ ਰਿਹਾ ਕਿਸਾਨਾਂ ਦਾ ਸੰਘਰਸ਼ ਇਤਿਹਾਸ ਸਿਰਜ ਰਿਹਾ ਹੈ। ਇਥੇ ਵੱਡੀ ਗਿਣਤੀ ‘ਚ ਲੋਕਾਂ ਦੇ ਪਹੁੰਚਣ ਕਾਰਨ ਸਿੰਘੂ ਬਾਰਡਰ ‘ਮਿਨੀ ਪੰਜਾਬ’ ਬਣਿਆ ਜਾਪ ਰਿਹਾ ਹੈ। ਮੋਰਚੇ ‘ਚ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਇਥੇ ਇੰਨੇ ਕੁ ਲੰਗਰ ਚਲਾਏ ਜਾ ਰਹੇ ਹਨ ਕਿ ਕੋਈ ਵੀ ਭੁੱਖਾ ਨਹੀਂ ਰਹਿ ਰਿਹਾ। ਦਾਲ-ਫੁਲਕੇ ਦੇ ਲੰਗਰ ਤੋਂ ਇਲਾਵਾ ਲੋਕਾਂ ਨੂੰ ਖਾਣ ਲਈ ਸੁੱਕੇ ਮੇਵੇ ਵੀ ਵੰਡੇ ਜਾ ਰਹੇ ਹਨ। ਡੀ.ਐਸ਼ਜੀ.ਐਮ.ਸੀ., ਯੁਨਾਈਟਿਡ ਸਿੱਖ, ਖਾਲਸਾ ਏਡ ਵਰਗੀਆਂ ਜਥੇਬੰਦੀਆਂ ਵੱਲੋਂ ਲੰਗਰ ਚਲਾਏ ਜਾ ਰਹੇ ਹਨ।

ਦਿੱਲੀ ਦੀਆਂ ਸਰਹੱਦਾਂ ਉਪਰ ਡਟੇ ਕਿਸਾਨਾਂ ਨਾਲ ਹਰ ਵਰਗ ਆ ਖੜ੍ਹਾ ਹੋਇਆ ਹੈ। ਵਪਾਰੀਆਂ ਤੋਂ ਲੈ ਕੇ ਖਿਡਾਰੀਆਂ ਤੱਕ, ਧਾਰਮਿਕ ਬਾਬਿਆਂ ਤੋਂ ਲੈ ਕੇ ਅਧਿਆਪਕਾਂ ਤੱਕ, ਪਾੜ੍ਹਿਆਂ, ਦਲਿਤਾਂ, ਲਿਖਾਰੀਆਂ, ਵਕੀਲਾਂ ਤੇ ਸਮਾਜ ਦਾ ਹਰ ਵਰਗ ਕਿਸਾਨਾਂ ਦੇ ਹੱਕ ਨਿੱਤਰਿਆ ਹੈ। ਨਾਮੀ ਖਿਡਾਰੀਆਂ ਤੋਂ ਲੈ ਕੇ ਕੋਚਾਂ ਤੇ ਕੌਮਾਂਤਰੀ ਸਾਖ ਵਾਲੇ ਪਹਿਲਵਾਨਾਂ, ਲੇਖਕ ਤੇ ਬੁੱਧੀਜੀਵੀਆਂ ਨੇ ਆਪਣੇ ਕੌਮੀ ਐਵਾਰਡ ਵਾਪਸ ਕਰਕੇ ਰੋਸ ਦਰਜ ਕਰਵਾਇਆ ਹੈ। ਵਕੀਲਾਂ ਦੀ ਸਭ ਤੋਂ ਉਚੀ ਸੰਸਥਾ ‘ਪੰਜਾਬ ਤੇ ਹਰਿਆਣਾ ਬਾਰ ਕੌਂਸਲ’ ਦੀ 25 ਮੈਂਬਰੀ ਟੀਮ ਸਭ ਵਖਰੇਵੇਂ ਲਾਹ ਕੇ ਕਿਸਾਨਾਂ ਨਾਲ ਇਕਜੁੱਟਤਾ ਦਿਖਾਉਣ ਲਈ ਦਿੱਲੀ ਬਾਰਡਰ ਉਪਰ ਜਾ ਬੈਠੀ ਹੈ। ਪੰਜਾਬ ਦੇ ਆੜ੍ਹਤੀਏ ਤੇ ਖਰੀਦ ਪ੍ਰਕ੍ਰਿਆ ਨਾਲ ਜੁੜੇ ਵੱਡੀ ਗਿਣਤੀ ਹੋਰ ਕਾਮੇ ਵੀ ਕਿਸਾਨੀ ਨਾਲ ਸਾਂਝ ਪਾਈ ਬੈਠੇ ਹਨ। ਟਰੱਕਾਂ ਤੇ ਟੈਕਸੀਆਂ ਵਾਲੇ ਕਿਸਾਨਾਂ ਦੇ ਹੱਕ ‘ਚ ਨਿੱਤਰਨ ਲਈ ਪੱਬਾਂ ਭਾਰ ਹੋਏ ਬੈਠੇ ਹਨ। ਮੁਸਲਿਮ ਭਾਈਚਾਰੇ ਦੇ ਲੋਕ ਲੰਗਰ ਚਲਾ ਰਹੇ ਹਨ। ਦਲਿਤ ਜਥੇਬੰਦੀਆਂ ਵੀ ਸੰਘਰਸ਼ ‘ਚ ਸ਼ਾਮਲ ਹੋ ਰਹੀਆਂ ਹਨ। ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਤਾਂ ਦਿੱਲੀ ਮੋਰਚੇ ‘ਚ ਡਟੇ ਹੋਏ ਹਨ। ਇਥੋਂ ਤੱਕ ਕਿ ਦੇਸ਼ ਦੀ ਸਰਬਉਚ ਕਾਨੂੰਨੀ ਸੰਸਥਾ ‘ਸੁਪਰੀਮ ਕੋਰਟ ਦੀ ਬਾਰ ਕੌਂਸਲ’ ਮਤਾ ਪਾਸ ਕਰਕੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਅ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨ ਸੰਘਰਸ਼ ਲਈ ਹਮਾਇਤ ਦੇ ਦਰ ਖੋਲ੍ਹ ਦਿੱਤੇ ਹਨ। ਡਾਕਟਰੀ ਸੰਸਥਾਵਾਂ ਨੇ ਕਿਸਾਨਾਂ ਦੀ ਦਵਾ-ਦਾਰੂ ਕਰਨ ਲਈ ਦਰਜਨਾਂ ਮੈਡੀਕਲ ਕੈਂਪ ਲਗਾ ਰੱਖੇ ਹਨ ਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਦੇ ਕਿਸਾਨ ਰਸਦ ਪਾਣੀ ਦਾ ਤਾਂ ਖੁੱਲ੍ਹਾ ਪ੍ਰਬੰਧ ਕਰ ਕੇ ਦਿੱਲੀ ਨੂੰ ਚੱਲੇ ਸਨ ਪਰ ਆਮ ਲੋਕਾਂ ਨੇ ਕਿਸਾਨਾਂ ਦੀ ਇੰਨੀ ਮਦਦ ਕੀਤੀ ਕਿ ਖਾਣ-ਪੀਣ ਤੋਂ ਲੈ ਕੇ ਹਰ ਤਰ੍ਹਾਂ ਦੀ ਸਹੂਲਤ ਦੇਣ ਵਾਲਿਆਂ ਦੀਆਂ ਕਤਾਰਾਂ ਹੀ ਲੱਗ ਗਈਆਂ। ਸ਼ਹਿਰਾਂ ਦੇ ਆੜ੍ਹਤੀਏ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਬੇਸ਼ੁਮਾਰ ਫਲ ਵੰਡੇ ਜਾ ਰਹੇ ਹਨ, ਜਿਥੇ ਮੋਰਚਿਆਂ ਉਪਰ ਬੈਠੇ ਕਿਸਾਨ ਆਪਣੀ ਹਿੰਮਤ ਤੇ ਕੁਰਬਾਨੀ ਦੀਆਂ ਮਿਸਾਲਾਂ ਕਾਇਮ ਕਰ ਰਹੇ ਹਨ, ਉਥੇ ਉਨ੍ਹਾਂ ਦੀ ਹਰ ਲੋੜ ਪੂਰੀ ਕਰਨ ਤੇ ਪਿੱਛੇ ਹੱਲਾਸ਼ੇਰੀ ਦੇਣ ‘ਚ ਪੰਜਾਬ ਦਾ ਕੋਈ ਵਰਗ ਪਿੱਛੇ ਨਹੀਂ ਰਹਿ ਰਿਹਾ।
ਸਮਾਂ ਬੀਤਣ ਦੇ ਨਾਲ-ਨਾਲ ਕਿਸਾਨ ਅੰਦੋਲਨ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਸ ਸੰਘਰਸ਼ ਵਿਚ ਸ਼ਾਮਲ ਹੋਣ ਲਈ ਵੱਖ-ਵੱਖ ਸੂਬਿਆਂ ਤੋਂ ਵੱਡੀ ਤਦਾਦ ਵਿਚ ਲੋਕ ਪੁਖਤਾ ਪ੍ਰਬੰਧਾਂ ਸਮੇਤ ਕਿਸਾਨਾਂ ਦੇ ਹੱਕ ਵਿਚ ਭੁਗਤਣ ਲਈ ਪਹੁੰਚ ਰਹੇ ਹਨ ਅਤੇ ਇਕੋ ਮੰਗ ਦ੍ਰਿੜ੍ਹਤਾ ਨਾਲ ਦੁਹਰਾਈ ਜਾ ਰਹੀ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਫੈਸਲਾ ਮਨਜ਼ੂਰ ਨਹੀਂ ਕਰਨਗੇ। ਜਾਣਕਾਰੀ ਮੁਤਾਬਕ ਸਰਹੱਦ ਦੇ ਬਾਹਰ ਤੋਂ ਇਲਾਵਾ ਹੁਣ ਦਿੱਲੀ ਵਾਲੇ ਪਾਸਿਆਂ ਤੋਂ ਵੀ ਸੰਘਰਸ਼ ਪ੍ਰਚੰਡ ਹੋਣਾ ਸ਼ੁਰੂ ਹੋ ਗਿਆ ਹੈ ਭਾਵੇਂ ਕਿ ਦਿੱਲੀ ਆਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵਲੋਂ 6-6 ਮਹੀਨਿਆਂ ਦਾ ਰਾਸ਼ਨ ਨਾਲ ਲਿਆਂਦਾ ਗਿਆ ਸੀ ਪਰ ਦਿੱਲੀ, ਹਰਿਆਣਾ ਤੇ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਵਸਨੀਕਾਂ ਵਲੋਂ ਲੰਗਰਾਂ ਲਈ ਰਸਦਾਂ ਤੇ ਹੋਰ ਲੋੜੀਂਦੀਆਂ ਵਸਤੂਆਂ ਦੀ ਕੋਈ ਕਮੀ ਨਹੀਂ ਛੱਡੀ ਜਾ ਰਹੀ।
ਕਈ ਮੈਡੀਕਲ ਜਾਂਚ ਕੈਂਪ ਲਗਾ ਕੇ ਕਿਸਾਨਾਂ ਤੇ ਰੋਸ ਮੁਜ਼ਾਹਰੇ ‘ਚ ਆਉਣ ਵਾਲੇ ਹੋਰਨਾਂ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ਹਾਲਾਂਕਿ ਮੁਜ਼ਾਹਰਾਕਾਰੀਆਂ ਨੇ ਟਰੈਕਟਰ-ਟਰਾਲੀਆਂ ਨੂੰ ਆਰਜ਼ੀ ਬਸੇਰੇ ਬਣਾ ਰੱਖਿਆ ਹੈ ਪਰ ਵੱਖ-ਵੱਖ ਗਰੁੱਪਾਂ ਵੱਲੋਂ ਉਨ੍ਹਾਂ ਨੂੰ ਜ਼ਰੂਰਤ ਦੀ ਹਰ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ। ਲੰਗਰ ਤੋਂ ਇਲਾਵਾ ਮੁਜ਼ਾਹਰਾਕਾਰੀਆਂ ਤੇ ਧਰਨੇ ਵਿਚ ਸ਼ਮੂਲੀਅਤ ਕਰਨ ਵਾਲੇ ਲੋਕਾਂ ਨੂੰ ਸੁੱਕੇ ਮੇਵੇ, ਗਰਮ ਦੁੱਧ, ਫਰੂਟ ਚਾਟ ਤੇ ਹੋਰ ਬਹੁਤ ਸਾਰੀਆਂ ਵੰਨ-ਸੁਵੰਨੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਵਰਤਾਈਆਂ ਜਾ ਰਹੀਆਂ ਹਨ।
___________________________________________
‘ਪੰਜਾਬ-ਹਰਿਆਣਾ ਭਾਈ ਭਾਈ’ ਦੇ ਨਾਅਰੇ ਗੂੰਜੇ
ਨਵੀਂ ਦਿੱਲੀ: ਕਿਸਾਨ ਧਰਨੇ ਦੌਰਾਨ ‘ਪੰਜਾਬ-ਹਰਿਆਣਾ ਭਾਈ ਭਾਈ’ ਦੇ ਨਾਅਰੇ ਗੂੰਜੇ ਤੇ ਕਿਸਾਨਾਂ ਨੇ ਹਰਿਆਣਾ ਸਰਕਾਰ ਨੂੰ ਚੇਤਾਉਣ ਲਈ ਧਰਨੇ ਦੇ ਮੰਚ ਨੇੜੇ ਰੋਸ ਪ੍ਰਦਰਸ਼ਨ ਵੀ ਕੀਤਾ। ਪੰਜਾਬ ਤੇ ਹਰਿਆਣਾ ਦੇ ਕਿਸਾਨ ਆਗੂਆਂ ਨੇ ਭਾਜਪਾ ਆਗੂਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੇ ਹੱਕਾਂ ਲਈ ਸ਼ਾਂਤਮਈ ਅੰਦੋਲਨ ਕਰਨ ਵਾਲਿਆਂ ਖਿਲਾਫ ਹਾਕਮਾਂ ਵੱਲੋਂ ਕੋਝੇ ਹੱਥਕੰਡੇ ਅਪਣਾਏ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੰਡ ਪਾਊ ਜੁਗਤਾਂ ਨਾਕਾਮ ਰਹੀਆਂ ਹਨ ਤੇ ਕਿਸਾਨਾਂ ਦੇ ਏਕੇ ਨੇ ਠੰਢ ਵਿਚ ਵੀ ਕੇਂਦਰ ਸਰਕਾਰ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ।
________________________________________________
ਮੁਸਲਿਮ ਭਾਈਚਾਰੇ ਦੇ ਦਲ ਨੇ ਕਿਸਾਨਾਂ ਲਈ ਲੰਗਰ ਲਗਾਇਆ
ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ 25 ਮੈਂਬਰੀ ਮੁਸਲਿਮ ਟੀਮ ਲੰਗਰ ਚਲਾ ਰਹੀ ਹੈ। ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੀ ਇਸ ਟੀਮ ਦੇ ਮੁਖੀ ਫਾਰੂਕੀ ਮੁਬੀਨ ਹਨ। ਟੀਮ ਦਾ ਕਹਿਣਾ ਹੈ ਕਿ ਉਹ ਹਰ ਕਿਸੇ ਨੂੰ ਰੋਟੀ ਦੇਣ ਵਾਲੇ ਕਿਸਾਨਾਂ ਦੀ ਸੇਵਾ ਲਈ ਸਿੰਘੂ ਬਾਰਡਰ ਉਤੇ ਆਏ ਹਨ। ਮੁਬੀਨ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਉਦੋਂ ਤੱਕ ਲੰਗਰ ਦੀ ਸੇਵਾ 24 ਘੰਟੇ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਲਈ ਬਹੁਤ ਕੁਝ ਕਰਦੇ ਹਨ। ਹੁਣ ਕਿਸਾਨਾਂ ਲਈ ਕੁਝ ਕਰਨ ਦੀ ਉਨ੍ਹਾਂ ਦੀ ਵਾਰੀ ਹੈ।