ਭਾਜਪਾ ਹਕੂਮਤਾਂ ਵਾਲੇ ਸੂਬਿਆਂ ਵਿਚ ਚੁਣੌਤੀ ਬਣਨ ਲੱਗਾ ਕਿਸਾਨੀ ਸੰਘਰਸ਼

ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਮਘ ਰਹੇ ਕਿਸਾਨੀ ਸੰਘਰਸ਼ ਦੇ ਜ਼ੋਰ ਫੜਨ ਨਾਲ ਭਾਜਪਾ ਦੀਆਂ ਸਿਆਸੀ ਮੁਸ਼ਕਲਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਵੱਖ-ਵੱਖ ਰਾਜਾਂ ਵਿਚ ਵਿਚਰ ਰਹੀਆਂ ਖੇਤਰੀ ਪਾਰਟੀਆਂ ਤੇ ਆਜ਼ਾਦ ਵਿਧਾਇਕਾਂ ਉਪਰ ਕਿਸਾਨ ਸੰਘਰਸ਼ ਦਾ ਦਬਾਅ ਵਧਣ ਬਾਅਦ ਅਜਿਹੀਆਂ ਪਾਰਟੀਆਂ ਤੇ ਆਜ਼ਾਦ ਵਿਧਾਇਕ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਤੋਂ ਕਿਨਾਰਾ ਕਰਨ ਲੱਗੇ ਹਨ।

ਇਸ ਰੁਝਾਨ ਨਾਲ ਪੰਜਾਬ ਤੋਂ ਬਾਅਦ ਹਰਿਆਣਾ, ਰਾਜਸਥਾਨ ਤੇ ਕੁਝ ਹੋਰ ਰਾਜਾਂ ‘ਚ ਭਾਜਪਾ ਦੀਆਂ ਪਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ। ਖੇਤੀ ਕਾਨੂੰਨਾਂ ਵਿਰੁੱਧ ਚੱਲੇ ਕਿਸਾਨ ਸੰਘਰਸ਼ ਕਾਰਨ ਸਭ ਤੋਂ ਪਹਿਲਾਂ ਭਾਜਪਾ ਦੇ ਪੁਰਾਣੇ ਭਾਈਵਾਲ ਅਕਾਲੀ ਦਲ ਨੇ ਸਾਥ ਛੱਡ ਦਿੱਤਾ। ਹੁਣ ਜਦ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਆ ਕੇ ਮੋਦੀ ਸਰਕਾਰ ਨੂੰ ਲਲਕਾਰ ਦਿੱਤੀ ਤਾਂ ਦਿੱਲੀ ਜਾਂਦੇ ਕਿਸਾਨਾਂ ਵਿਰੁੱਧ ਖੱਟਰ ਸਰਕਾਰ ਵਲੋਂ ਆਪਣੇ ਅਣਮਨੁੱਖੀ ਤੇ ਜ਼ੁਲਮੀ ਵਤੀਰੇ ਨੇ ਹਰਿਆਣਾ ਦੇ ਕਿਸਾਨਾਂ ਨੂੰ ਵੀ ਇੰਨਾ ਵੱਡਾ ਹਲੂਣਾ ਦਿੱਤਾ ਹੈ ਕਿ ਹਰਿਆਣਾ ਦੀਆਂ 100 ਦੇ ਕਰੀਬ ਖਾਪ ਪੰਚਾਇਤਾਂ ਨੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਨਾਲ ਆਵਾਜ਼ ਮਿਲਾਉਣ ਦਾ ਫੈਸਲਾ ਕਰਦਿਆਂ ਦਿੱਲੀ ਸਰਹੱਦ ਉਪਰ ਜਾ ਡੇਰਾ ਲਗਾਇਆ ਹੈ। ਹਰਿਆਣਾ ਦੀ ਗੱਠਜੋੜ ਸਰਕਾਰ ‘ਚ ਭਾਈਵਾਲ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਬਾਰੇ ਮਿਲ ਰਹੀਆਂ ਨਸੀਹਤਾਂ ਤੇ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਵੱਲੋਂ ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਮਗਰੋਂ ਹਰਿਆਣਾ ਵਿਚ ਭਾਜਪਾ ਇਕੱਲੀ ਪੈਣ ਲੱਗੀ ਹੈ। ਜੇ.ਜੇ.ਪੀ ਦੇ 10 ਵਿਧਾਇਕਾਂ ਵਿਚੋਂ 4 ਵਿਧਾਇਕ ਕਿਸਾਨਾਂ ਦੇ ਪੱਖ ਵਿਚ ਖੜ੍ਹ ਗਏ ਹਨ। ਇਸ ਤਰ੍ਹਾਂ ਹਰਿਆਣਾ ਵਿਧਾਨ ਸਭਾ ਵਿਚ 40 ਮੈਂਬਰੀ ਘੱਟਗਿਣਤੀ ਵਿਧਾਇਕਾਂ ਵਾਲੀ ਖੱਟਰ ਸਰਕਾਰ ਲਈ ਖਤਰੇ ਦੀ ਘੰਟੀ ਵੱਜ ਰਹੀ ਹੈ।
ਹਰਿਆਣਾ ‘ਚ ਉਭਰੀ ਵੱਡੀ ਕਿਸਾਨ ਹਮਾਇਤ ਨੇ ਦਿੱਲੀ ਨੂੰ ਘੇਰਾ ਘੱਤੀ ਬੈਠੇ ਪੰਜਾਬ ਦੇ ਕਿਸਾਨਾਂ ਨੂੰ ਵੀ ਵੱਡੀ ਹਲਾਸ਼ੇਰੀ ਦਿੱਤੀ ਹੈ ਤੇ ਭਾਜਪਾ ਨੇਤਾਵਾਂ ਤੇ ਮੋਦੀ ਸਰਕਾਰ ਵਲੋਂ ਕਿਸਾਨ ਸੰਘਰਸ਼ ਨੂੰ ਸਿਰਫ ਪੰਜਾਬ ਤੱਕ ਹੀ ਸੀਮਤ ਦੱਸਣ ਦੇ ਦਾਅਵਿਆਂ ਨੂੰ ਰੋਲ ਕੇ ਰੱਖ ਦਿੱਤਾ ਹੈ। ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਰੁਕਾਵਟਾਂ ਖੜ੍ਹੀਆਂ ਕਰਨ ਵਾਲੀ ਖੱਟਰ ਸਰਕਾਰ ਨੂੰ ਹੀ ਉਲਟਾ ਸਗੋਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਦੀ ਚੁਣੌਤੀ ਖੜ੍ਹੀ ਹੋ ਗਈ ਹੈ। ਆਜ਼ਾਦ ਵਿਧਾਇਕ ਤੇ ਪਸ਼ੂ ਧਨ ਬੋਰਡ ਦਾ ਚੇਅਰਮੈਨ ਤੇ ਇਕ ਖਾਪ ਦਾ ਮੁੱਖੀ ਸੋਮਵੀਰ ਸਾਗਵਾਨ ਨੇ ਅਹੁਦੇ ਤੋਂ ਅਸਤੀਫਾ ਦੇ ਕੇ ਤੇ ਐਨ.ਡੀ.ਏ. ਨਾਲੋਂ ਨਾਤਾ ਤੋੜ ਕੇ ਦਿੱਲੀ ਘਿਰਾਓ ‘ਚ ਸ਼ਾਮਲ ਹੋ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਵਿਧਾਇਕ ਬਲਰਾਜ ਕੁੰਡੂ ਵੀ ਐਨ.ਡੀ.ਏ. ਤੋਂ ਕਿਨਾਰਾ ਕਰਕੇ ਕਿਸਾਨਾਂ ਦੇ ਹੱਕ ‘ਚ ਜਾ ਖੜ੍ਹਾ ਹੋਇਆ ਹੈ। ਭਾਜਪਾ ਦੀ ਹਮਾਇਤੀ ਰਾਜਸਥਾਨ ਲੋਕਤੰਤਰੀ ਪਾਰਟੀ ਨੇ ਵੀ ਕਿਸਾਨ ਸੰਘਰਸ਼ ਨੂੰ ਲੈ ਕੇ ਭਾਜਪਾ ਤੋਂ ਦੂਰੀ ਬਣਾ ਲਈ ਹੈ। ਉਤਰ ਪ੍ਰਦੇਸ਼ ਦੇ ਮਜ਼ਬੂਤ ਕਿਸਾਨ ਆਗੂ ਰਕੇਸ਼ ਟਿਕੈਤ ਇਸ ਵੇਲੇ ਭਾਰੀ ਗਿਣਤੀ ‘ਚ ਕਿਸਾਨਾਂ ਨੂੰ ਲੈ ਕੇ ਦਿੱਲੀ ਦਾ ਗਾਜ਼ੀਪੁਰ ਬਾਰਡਰ ਘੇਰੀ ਬੈਠੇ ਹਨ।
_______________________________________________
ਹਰਿਆਣਵੀ ਖਾਪਾਂ ਵੱਲੋਂ ਦਿੱਲੀ ਦੀਆਂ ਹੱਦਾਂ ਉਤੇ ਮੋਰਚੇ
ਨਵੀਂ ਦਿੱਲੀ: ਦਿੱਲੀ ਵਿਚ ਟਿਕਰੀ ਅਤੇ ਸਿੰਘੂ ਬਾਰਡਰ ਉਪਰ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿਚ ਹਰਿਆਣਾ ਦੀਆਂ ਵੱਖ-ਵੱਖ ਖਾਪ ਪੰਚਾਇਤਾਂ ਨੇ ਮੋਰਚੇ ਗੱਡ ਦਿੱਤੇ ਹਨ। ਖਾਪ ਪੰਚਾਇਤਾਂ ਨੇ ਐਲਾਨ ਕੀਤਾ ਕਿ ਉਹ ਤਿੰਨ ਖੇਤੀ ਕਾਨੂੰਨਾਂ ਤੇ ਬਿਜਲੀ ਐਕਟ ਨੂੰ ਮਨਸੂਖ ਕਰਨ ਅਤੇ ਹੋਰ ਮੰਗਾਂ ਪੂਰੀਆਂ ਹੋਣ ਤੱਕ ਵਾਪਸ ਨਹੀਂ ਜਾਣਗੇ।
ਟਿਕਰੀ ਸਰਹੱਦ ਉਤੇ ਬੈਠੀ 24 ਪਿੰਡਾਂ ਦੀ ਖਾਪ ਪੰਚਾਇਤ ‘ਨੋਗਾਮਾ ਖਾਪ’ ਦੇ ਮੁਖੀ ਰਾਮਫਲ ਕੰਡੇਲਾ, 12 ਪਿੰਡਾਂ ਦੀ ਖਾਪ ਪੰਚਾਇਤ ‘ਛਿੱਲਰ ਚਿਕਾਰਾ ਖੱਤਰੀ ਖਾਪ’ ਦੇ ਆਗੂ ਰਾਜਿੰਦਰ ਚਿਕਾਰਾ ਅਤੇ 7 ਪਿੰਡਾਂ ਦੀ ਖਾਪ ‘ਸਾਤ ਬਾਸ ਜੜੀਆ ਖਾਪ’ ਦੇ ਮੁਖੀ ਰਾਜੇਸ਼ ਕੁਮਾਰ ਮਲਿਕ ਨੇ ਕਿਹਾ ਕਿ ਮੋਦੀ ਨੇ ਕਿਸਾਨਾਂ ਲਈ ਮੌਤ ਦੇ ਵਾਰੰਟ ਜਾਰੀ ਕੀਤੇ ਹਨ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨੀ ਸੜਕਾਂ ਉਤੇ ਆ ਜਾਵੇਗੀ। ਮੋਦੀ ਇਸ ਭੁਲੇਖੇ ਵਿਚ ਹੈ ਕਿ ਉਹ ਇਸ ਸੰਘਰਸ਼ ਨੂੰ ਦਬਾ ਲਵੇਗਾ, ਪਰ ਕਿਸਾਨ ਉਸ ਦਾ ਇਹ ਭੁਲੇਖਾ ਦੂਰ ਕਰ ਦੇਣਗੇ। ਉਹ ਕਿਸੇ ਸੋਧ ਉਤੇ ਨਹੀਂ ਮੰਨਣਗੇ, ਉਹ ਕਾਨੂੰਨ ਵਾਪਸ ਕਰਵਾ ਕੇ ਹੀ ਘਰ ਜਾਣਗੇ। ਉਨ੍ਹਾਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਜੇਕਰ ਉਹ ਕਿਸਾਨਾਂ ਦੇ ਨਾਲ ਹੈ ਤਾਂ ਉਹ ਭਾਜਪਾ ਸਰਕਾਰ ਤੋਂ ਹਮਾਇਤ ਵਾਪਸ ਲਵੇ, ਨਹੀਂ ਤਾਂ ਉਹ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦਾ ਪਿੰਡਾਂ ਵਿਚ ਜ਼ੋਰਦਾਰ ਵਿਰੋਧ ਕਰਨਗੇ।